ਦੋਹੜੇ ਖ਼ਵਾਜਾ ਗ਼ੁਲਾਮ ਫ਼ਰੀਦ

ਦੋਹੜੇ ਖ਼ਵਾਜਾ ਗ਼ੁਲਾਮ ਫ਼ਰੀਦ
ਖ਼ਵਾਜਾ ਗ਼ੁਲਾਮ ਫ਼ਰੀਦ



ਵੱਡੜੇ ਵੇਲੇ ਉਠੀ ਕੇ ਸਈਆਂ ਸਾਜ਼ ਵਜ਼ੂ ਬੈਠੀਆਂ ਘਬਕਾਵਨ ਸੈਂ ਠਹਾਵਨ।
ਤੇ ਜੜ ਜੜ ਲਾਂਵਨ ਮੈਲ ਮਖ਼ਨ ਪੈਂਡੀਆਂ ਡੋਲੇ ਡੇਨ ਸੁਗ਼ਾਤ ਚਲਾਵਨ।
ਮੈਂ ਜੇਹੀਆਂ ਬਦਕਾਰ ਨਿਕੱਮੀਆਂ ਯਾਰ ਫ਼ਰੀਦ ਓਦੀਆਂ ਦਰ ਦਰ ਨੋਟ ਭਨਵਾਵਨ।
ਅਜ਼ਲੋਂ ਭਾਗ ਤਿਨ੍ਹਾਂ ਦੇ ਮੱਥੇ ਜੇਹੜੀਆਂ ਸੇਜ ਤੇ ਯਾਰ ਮਨਾਵਨ।



ਉੱਡ ਵੇ ਕਾਗਾ ਕਾਲਿਆ ਤੂੰ ਤਾਂ ਛੱਡ ਅਸਾਡੀ ਬੇਰ।
ਤੂੰ ਤਾਂ ਬੈਠਾਂ ਕਰਦਾ ਹੈ ਬਾਤੀਆਂ ਮੈਂਡੇ ਅੰਲੜੇ ਜ਼ਖਮ ਨ ਛੇੜ।
ਤੈਨੂੰ ਕੁੱਟ ਕੁੱਟ ਘਤਸਾਂ ਚੂਰੀਆਂ ਤੂੰ ਤਾਂ ਮੰਗੀ ਦੁਆਈਂ ਢੇਰ।
ਫ਼ਰੀਦਾ ਉੱਡੀਨਾ ਰੱਬ ਕਰੇ ਚਲੇ ਵੰਜੋ ਮਦੀਨੇ ਦੀ ਸੈਰ।



ਸਾਵਣ ਮਾਹ ਸੁਹੇਲਾ ਆਇਆ ਤੇ ਵਣਜਾਰੇ ਘੁੱਮੇ ਪਏ ਡੇਵਨ ਮਸਾਗ ਦੇ ਹੋਕੇ।
ਉਹ ਮਸਾਗ ਖ਼ਰੀਦ ਕਰਨ ਜਿਨ੍ਹਾਂ ਦੇ ਪੱਲੇ ਰਕਮ ਰੋਕੇ।
ਉਹ ਕੀ ਮਲਣ ਮਸਾਗ ਕਰਮਾਂ ਦੀਆਂ ਮਾਰੀਆਂ ਜਿਹੜੀਆਂ ਸੇਜ ਤੇ ਸੁੱਤੀਆਂ ਰੋ ਕੇ।
ਯਾਰ ਫ਼ਰੀਦਾ ਚਲ ਵਤਨ ਚਲਾਹੀਂ ਕਿਉਂ ਲਾਈ ਪਰਦੇਸ ਵਿੱਚ ਝੋਕੇ।



ਯਾਰ ਰੁਝਾਵਨ ਸਿਖ ਵੇ ਮੁਲਾਂ ਬਿਆਂ ਸੱਟ ਘਤ ਸਬ ਦਲੀਲਾਂ।
ਇਸ਼ਕ ਮਜ਼ਾਜ਼ੀ ਤੇ ਮੁਸ਼ਕਲ ਬਾਜ਼ੀ ਕੰਮ ਨਹੀਂ ਬਖ਼ੀਲਾਂ।
ਸਿਰ ਤੇ ਭੜਕੇ ਢਾਂਡ ਹਿਜਰ ਦਾ ਓ ਵੀ ਸਮਝੀ ਠੰਡੀਆਂ ਹੀਨਾਂ।
ਯਾਰ ਫ਼ਰੀਦ ਜਥਾਂ ਅੱਖੀਆਂ ਲਗੀਆਂ ਅਥ ਹਾਜਤ ਨਹੀਂ ਵਕੀਲਾਂ।



ਮੁਫ਼ਤ ਖ਼ਰੀਦ ਕਰੇ ਕੋਈ ਅਸਾ ਕੂੰ ਤੇ ਹਾਲ ਡੇਵੇ ਸਜਣਾਂ ਦਾ।
ਜੈ ਡਿਹਾੜੇ ਦੇ ਸਜਣ ਲੱਡ ਸਿਧਾਏ ਵੈਂਦਾ ਜ਼ੋਫ਼ ਅੰਦਰ ਕੂੰ ਖਾਂਦਾ।
ਸੈ ਮਲਮਾਂ ਪੱਟੀਆਂ ਬੰਨ੍ਹ ਬੰਨ੍ਹ ਹੱਟੀਆਂ ਤੇ ਜ਼ਖਮ ਖੜਾ ਚਚਲਾਂਦਾ।
ਬਾਝੋਂ ਪੀਰ ਫ਼ਰੀਦਨ ਯਾਰ ਦੇ ਸਾਡੀ ਅਦਨ ਕੋਈ ਨਹੀਂ ਲਾਂਹਦਾ।



ਇਸ਼ਕ ਤੈਂਡੇ ਦੀ ਨਹਰ ਵਗੇ ਕਈ ਤਰੀਆਂ ਕਰਮਾਂ ਵਾਲੜੀਆਂ।
ਕਈ ਕੋਝੀਆਂ ਲੰਘ ਪਾਰ ਗਈਆਂ ਤੇ ਰੋਵਣ ਸ਼ਕਲਾਂ ਵਾਲੜੀਆਂ।
ਸ਼ਕਲਾਂ ਡੇਖ ਨ ਭੁਲੀਂ ਬਾਹਰੋਂ ਚਿੱਟੀਆਂ ਤੇ ਅੰਦਰੋਂ ਕਾਲੜੀਆਂ।
ਯਾਰ ਫ਼ਰੀਦ ਚਾ ਭਾਲ ਭਾਲੇ ਐਬਾਂ ਵਾਲੀਆਂ ਦੇ ਮੱਥੇ ਲਾਲੜੀਆਂ।



ਅਜ਼ਲੋਂ ਡਾਜ ਢਿਆਵਨ ਅੱਮੜੀ ਅਖੀਂ ਨੀਰਾਂ ਨੀਰਾਂ।
ਜ਼ੀਰਾ ਪਾਰ ਲਵੀਰਾ ਕੀਤਾ ਇਨ੍ਹਾਂ ਕੋਟ ਮਿੱਠਨ ਦਿਆਂ ਤੀਰਾਂ।
ਲੋਕ ਆਖਨ ਹੀਰ ਰਾਂਝਣ ਦੀ ਮੈ ਪੀਰ ਫ਼ਰੀਦ ਦੀ ਹੀਰਾਂ।
ਬਾਝੋਂ ਪੀਰ ਫ਼ਰੀਦਨ ਯਾਰ ਦੇ ਮੈਂਡੀਆਂ ਕੌਣ ਲਹਮ ਦਿਲ ਧੀਰਾਂ।



ਚਾਚੜ ਵਾਂਗ ਮਦੀਨਾ ਜਾਤਮ ਅਤੇ ਕੋਟ ਮਿੱਠਨ ਬੇਤ ਅੱਲਾ।
ਰੰਗ ਬਿਨਾ ਬੇਰੰਗੀ ਆਇਆ ਕੀਤਮ ਰੂਪ ਤਜੱਲਾ।
ਜ਼ਾਹਰ ਦੇ ਵਿੱਚ ਮੁਰਸ਼ਦ ਹਾਦੀ ਬਾਤਨ ਦੇ ਵਿੱਚ ਅੱਲਾ।
ਨਾਜ਼ਕ ਮੁੱਖੜਾ ਪੀਰ ਫ਼ਰੀਦ ਦਾ ਸਾਨੂੰ ਡਿਸਦਾ ਵਜਾ ਅੱਲਾ।



ਵਕਤ ਜਨਾਜ਼ੇ ਮੀਆਂ ਰਾਂਝਾ ਮੈਂਡੀਆਂ ਆਪ ਪੜ੍ਹਾਈਂ ਤਕਬੀਰਾਂ।
ਇਸ ਵੇਲੇ ਮੈਂ ਜੈਂਦੀ ਹੋਸਾਂ ਕਰਕੇ ਕਫ਼ਨ ਲਵੀਰਾਂ।
ਲੀਰਾਂ ਦੀ ਬਹਿ ਕਫ਼ਨੀ ਸੀਵਾਂ ਰੁਲਾਂ ਹਾਲ ਫਕੀਰਾਂ।
ਹਿਸਾਬ ਕਿਤਾਬ ਮੈਂਡਾ ਰਾਂਝਾ ਲੈਸੀ ਕੁਝ ਹਾਜਤ ਨਹੀਂ ਨਕੀਰਾਂ।

੧੦

ਖ਼ੁਦਾ ਖ਼ੁਦਾ ਭੀ ਸੁਨਦੇ ਹਾ ਸੇ ਡੇਖਣ ਦੇ ਵਿੱਚ ਆਇਆ।
ਇਨੀ ਤੇ ਮਨ ਇਨੀ ਬਣ ਆਪ ਨਬੀ ਫ਼ੁਰਮਾਇਆ।
ਰਾਂਝੜੇ ਰਾਜ ਅਨੋਖੇ ਸਾਨੂੰ ਮਾਹੀ ਹੈ ਸਮਝਾਇਆ।
ਨਾਜ਼ਕ ਵੀ ਦਿਲ ਲੁੱਟਣ ਕਾਰਨ ਬਣ ਪੀਰ ਫ਼ਰੀਦ ਨ ਆਇਆ।

੧੧

ਘਰ ਘਰ ਦੇ ਵਿੱਚ ਧੁੱਮਾਂ ਪਈਆਂ ਹੁਸਨ ਰੰਝੇਟੇ ਯਾਰ ਦੀਆਂ।
ਕਈ ਹੀਰਾਂ ਵਿੱਚ ਝੰਗ ਕੁਰਲਾਵਨ ਜਿਹੜੀਆਂ ਹੋਣੋ ਤਨ ਵਾਰ ਦੀਆਂ।
ਕਈ ਸੱਸੀਆਂ ਰੁਲੀਆਂ ਵਿੱਚ ਥਲਾਂ ਦੇ ਜਿਹੜੀਆਂ ਤਾਲਬ ਹੁਣ ਦੀਦਾਰ ਦੀਆਂ।
ਕਈ ਸੋਹਣੀਆਂ ਡੁੱਬੀਆਂ ਵਿੱਚ ਨੈ ਚੰਚਲ ਦੇ ਮਹੀਂਵਾਲ ਦਾ ਨਾਂ ਪੁਕਾਰ ਦੀਆਂ।

੧੨

ਰੋਜ਼ ਅਜ਼ਲ ਦੀ ਦਰ ਦਿਲਬਰ ਦੀ ਕੀਮਤ ਇਸ਼ਕ ਗ਼ੁਲਾਮੇ।
ਤਾਂਗ ਤੰਗੇਦੀ ਕਾਂਗ ਉਡੇਂਦੀ ਰੋਵਾਂ ਸੁਬਹ ਵ ਸ਼ਾਮੇ।
ਨ ਕੋਈ ਖ਼ਤ ਦਿਲਦਾਰ ਦਾ ਆਇਆ ਨ ਕਾਸਦ ਪੈਗਾਮੇ।
ਆਖ਼ ਫ਼ਰੀਦ ਦਿਲ ਦਰਦੋਂ ਮਾਂਦੀ ਹੁਣ ਮੁੱਠੜੀ ਬੇਆਰਾਮੇ।

੧੩

ਇਸ਼ਕ ਮਜ਼ਾਜੀ ਨੂਰ ਹਜਾਜ਼ੀ ਬੋਸ ਕਨਾਰ ਦੇ ਤਮੀਂ ਬਿਆ ਕਿਆ ਕਮ ਏ।
ਧੂਆਂ ਲਾਊਂ ਯਾਰ ਦੇ ਦਰ ਤੇ ਗਾਲੜਾਂ ਹੱਡ ਤੇ ਚੰਮੀਂ ਬਿਆ ਕਿਆ ਕਮ ਏ।
ਦਿਲ ਵਿੱਚ ਸੋਜ਼ ਹਜ਼ਾਰ ਦੁਖਾਂ ਦੇ ਮਾਰ ਮੁਕਾਇਆ ਗ਼ਮੀਂ ਬਿਆ ਕਿਆ ਕਮ ਏ।
ਆਖ ਫ਼ਰੀਦ ਮੈਂ ਜੋਗਨ ਬਣ ਤੇ ਫਿਰਸਾਂ ਉਭੇ ਲੰਮੀਂ ਬਿਆ ਕਿਆ ਕਮ ਏ।

੧੪

ਸੁੰਜੜੀ ਕਿਸਮਤ ਨ ਯਾਰ ਆਇਆ ਤੇ ਪਈਆਂ ਖ਼ਬਰਾਂ ਦਿਲ ਦੀਆਂ।
ਅੱਖੀਆਂ ਨੀਰ ਬਰਸਾਤ ਸਾਵਨ ਦੀ ਜਿਵੇਂ ਨਹਿਰਾਂ ਚਲਦੀਆਂ।
ਦਰਦ ਫ਼ਰਾਕ ਤੇ ਸੋਜ਼ ਹਿਜਰ ਦੇ ਪਈ ਵਿੱਚ ਕੁਠਾਲੇ ਗਲਦੀਆਂ।
ਆਖ ਫ਼ਰੀਦ ਰੱਬ ਖੁਸ਼ੀਆਂ ਡੇਵੇ ਅਜਾਂ ਮੁੰਝਾਂ ਨ ਪਈਆਂ ਟਲਦੀਆਂ।

੧੫

ਸੁਰਖ਼ੀ ਕੱਜਲਾ ਨਾਜ਼ ਨਹੋੜੇ ਸਾਕੋ ਵਲ ਵਲ ਖੂਨ ਕਰੇਂਦੇ।
ਕੀਤਾ ਕੈਦ ਮੁਹੱਬਤ ਸਾਕੋਂ ਚਾ ਦਿਲਬਰ ਮੂੰਹ ਲੋਕੇਂਦੇ।
ਸੋਜ਼ੋਂ ਸੋਜ਼ ਤੇ ਦਰਦ ਪੁਕਾਰਾਂ ਨ ਦਿਲਬਰ ਗਲ ਲੈਂਦੇ।
ਆਖ ਫ਼ਰੀਦ ਹੁਣ ਮੈਂ ਮੁੱਠੜੀ ਕੂੰ ਕਿਉਂ ਡੇਸ ਪ੍ਰਦੇਸ ਰੁਲੇਂਦੇ।

੧੬

ਹਰ ਵੇਲੇ ਤਾਂਘ ਦਿਲਬਰ ਦੀ ਰੋ ਰੋ ਕਾਗ ਉਡਾਰਾਂ।
ਫਾਲਾਂ ਪਾਵਾਂ ਕਾਸਦ ਭੇਜਾਂ ਥੀ ਗਿਆ ਹਾਲ ਬੀਮਾਰਾਂ।
ਯਾਰ ਬਾਝੋਂ ਹੁਣ ਜੀਵਨ ਕੂੜੇ ਅੰਦਰ ਦਰਦ ਹਜ਼ਾਰਾਂ।
ਗ਼ੁਲਾਮ ਫ਼ਰੀਦ ਮੈਂ ਰੋਵਾਂ ਏਵੇਂ ਜਿਵੇਂ ਵਿੱਛੜੀ ਕੂੰਜ ਕਤਾਰਾਂ।

੧੭

ਹਿੱਕ ਹਿੱਕ ਨਾਜ਼ ਦਿਲਬਰ ਦੇ ਸਾਕੋਂ ਕੀਤਾ ਚਾ ਖ਼ਰੀਦੇ।
ਰੁਖ ਦਿਲਬਰ ਦਾ ਸਾਡੇ ਵਾਸਤੇ ਚਾਂਦ ਮੁਬਾਰਕ ਈਦੇ।
ਦਿਲਬਰ ਕੋਲ ਆਖੇਂਦੇ ਵਸਮ ਫਰਹਤ ਮਹਜ ਮਜ਼ੀਦੇ।
ਬਾਂਦਾ ਬਰਦਾ ਤੈਂ ਦਿਲਬਰ ਦਾ ਹਰਦਮ ਗੁਲਾਮ ਫ਼ਰੀਦੇ।

੧੮

ਕੱਜਲੇ ਸੁਰਖ਼ੀ ਮਾਰ ਮੁਕਾਇਆ ਚਾ ਦਿਲਬਰ ਦਿੱਲੜੀ ਲੁੱਟੀ।
ਨੈਣ ਅਵੈੜੇ ਜਾਦੂਗਰ ਹਨ ਪਈ ਨਾਜ਼ਾਂ ਦੀ ਕੁੱਠੀ।
ਆਰਾਮ ਤਮਾਮ ਗਿਆ ਕਾਈ ਏਝੀਂ ਬਰਛੀ ਇਸ਼ਕ ਦੀ ਛੁੱਟੀ।
ਯਾਰ ਫ਼ਰੀਦ ਆ ਸੰਭਾਲੇ ਕਰੇ ਹਾਰ ਸੰਗਾਰ ਵਲ ਮੁੱਠੀ।

੧੯

ਅੱਖੀਂ ਸਾਡੀਆਂ ਕਦਮ ਤੁਸਾਡੇ
ਬੱਧੀ ਵਫ਼ਾ ਦੀ ਕਸਮ ਖ਼ੁਦਾ ਦੀ।
ਸੀਨਾ ਸਾਡਾ ਸੇਜ ਤੁਸਾਡੀ
ਲੇਟ ਸੋਹਣਾ ਦਿਲ ਆਹ ਦੀ ਕਸਮ ਖ਼ੁਦਾ ਦੀ।
ਜਿੰਦੜੀ ਜਾਨ ਹਵਾਲੇ ਕੀਤਮ
ਜਾਨੀ ਜੱਮਦੀਂ ਲਾਦੀ ਕਸਮ ਖ਼ੁਦਾ ਦੀ।
ਆਖ ਫ਼ਰੀਦ ਵਲ ਸਾਂਗੇ ਥੀਵਣ
ਹਾਸਲ ਫ਼ਰਹਤ ਜ਼ਿਆ ਦੀ ਕਸਮ ਖ਼ੁਦਾ ਦੀ।

੨੦

ਲੱਖ ਲੱਖ ਵਾਰੀ ਸਦਕੇ ਥੀਵਾਂ ਦਿਲਬਰ ਯੂਸਫ਼ ਸਾਨੀ।
ਦਿਲ ਦਾ ਮਹਰਮ ਰਾਜ਼ ਅਸਾਡਾ ਜ਼ਿੰਦ ਕਰਾਂ ਕੁਰਬਾਨੀ।
ਡੇ ਦੀਦਾਰ ਲਾਚਾਰ ਫਿਰਾਂ ਮੈਂ ਲਾਇਓ ਹਿਜਰ ਦੀ ਕਾਨੀ।
ਯਾਰ ਫ਼ਰੀਦ ਨੂੰ ਮਿਲ ਹਿੱਕ ਵਾਰੀਂ ਹੈਰਾਨ ਫਿਰਾਂ ਦਿਲ ਜਾਨੀ।

੨੧

ਉੱਡ ਵੰਜ ਕਾਂਗਾ ਦਰ ਸਜਨਾਂ ਤੇ ਅੱਜ ਦਿੱਲੜੀ ਮੂੰਝੀ ਮਾਂਦੀ।
ਫਾਲਾਂ ਪਾਵਾਂ ਨੀਰ ਵਹਾਵਾਂ ਕਈ ਦਿਲ ਦੀ ਖ਼ਬਰ ਨ ਆਂਦੀ।
ਇੰਤਜ਼ਾਰੀ ਬੇਕਰਾਰੀ ਦਿਲ ਜੁਦਾਈ ਨ ਸਹਿੰਦੀ।
ਯਾਰ ਫ਼ਰੀਦ ਆਵਮ ਹਿੱਕ ਵਾਰੀ ਵਤਾਂ ਕੂੰਜ ਵਾਂਗੇ ਕੀਰਨੇ ਕਰਦੀ।

੨੨

ਬੱਠ ਪਿਆ ਸੁਰਮਾ ਸੁਰਖੀ ਕੱਜਲਾ ਬੱਠ ਪਿਆ ਹਾਰ ਸੰਗਾਰੇ।
ਸੰਗੀਆਂ ਸੱਈਆਂ ਨਿੱਤ ਸਤਾਵਨ ਮਾ ਪਿਉ ਵੀਰਨ ਮਾਰੇ।
ਸੈ ਸੈ ਮਿੱਨਤਾਂ ਜ਼ਾਰੀਆਂ ਕੀਤਮ ਰਹਿੰਦਾ ਯਾਰ ਬੇਜ਼ਾਰੇ।
ਆਖ ਫ਼ਰੀਦ ਯਾਰ ਨੇ ਰੋਲਿਆ ਹੁਣ ਰੋਣੋਂ ਨਾਲ ਵਪਾਰੇ।

੨੩

ਦਿਲਬਰ ਆਵੇ ਚਾ ਗਲ ਲਾਵੇ ਮੁੱਠੀ ਹਰਦਮ ਮੰਗਦੀ ਦੁਆਈਂ।
ਕਿਸਮਤ ਭੈੜੀ ਡਿੱਤੜੇ ਰੋਲੇ ਨਿਕਲਣ ਦਰਦੋਂ ਆਹੀ।
ਕਹੀਂ ਘੜੀ ਆਰਾਮ ਨ ਆਵੇ ਰੋਂਦੀ ਸੰਜ ਸਬਾਹੀਂ।
ਆਖ ਫ਼ਰੀਦ ਨ ਕਹੀਂ ਦੇ ਸ਼ਾਲਾ ਨਿਖੜਨ ਯਾਰ ਕਡਾਹੀਂ।

੨੪

ਦਿਲਬਰ ਆਵੇ ਚਾ ਗਲ ਲਾਵੇ ਮੁੱਠੀ ਹਰਦਮ ਮੰਗਦੀ ਦੁਆਈਂ।
ਕਿਸਮਤ ਭੈੜੀ ਡਿੱਤੜੇ ਰੋਲੇ ਨਿਕਲਣ ਦਰਦੋਂ ਆਹੀ।
ਕਹੀਂ ਘੜੀ ਆਰਾਮ ਨ ਆਵੇ ਰੋਂਦੀ ਸੰਜ ਸਬਾਹੀਂ।
ਆਖ ਫ਼ਰੀਦ ਨ ਕਹੀਂ ਦੇ ਸ਼ਾਲਾ ਨਿਖੜਨ ਯਾਰ ਕਡਾਹੀਂ।

੨੫

ਕਸਮ ਖ਼ੁਦਾ ਦੀ ਦਰ ਦਿਲਬਰ ਦਾ ਹਰਗਿਜ਼ ਛੋੜ ਨ ਵੈਸੂੰ।
ਇਨਸ਼ਾਅਲਾ ਜੀਂਦੀਆਂ ਤਾਈਂ ਪੂਰੀ ਤੋੜ ਨਿਭੇਸੂੰ।
ਦਿਲੋਂ ਬਜਾਨੋ ਜਿੰਦੜੀ ਸਦਕੇ ਅਸਲੋਂ ਫ਼ਰਕ ਨ ਪੈਸੂੰ।
ਆਖ ਫ਼ਰੀਦ ਹਾਂ ਖ਼ਾਕ ਕਦਮਾਂ ਦੀ ਥੀ ਗ਼ੁਲਾਮ ਜਲੇਸੂੰ।

੨੬

ਦਰਦਾਂ ਮਾਰੀ ਰੋ ਰੋ ਹਾਰੀ ਨਹੀਂ ਪਏ ਆਂਦੇ ਦੋਸਤ ਦਿਲੇਂਦੇ।
ਜਿਵੇਂ ਦਿਲਬਰ ਮੈਂ ਨਾਲ ਕੀਤੀ ਇਵੇਂ ਦੁਸ਼ਮਣ ਨ ਕਰੇਂਦੇ।
ਸੁੰਜਰ ਥਲ, ਹਬਲ ਦੇ ਵਿੱਚ ਕਿਉਂ ਵਲ ਵਲ ਰੋਲੇ ਡੇਂਦੇ।
ਯਾਰ ਫ਼ਰੀਦਾ ਮੰਗਾਂ ਦੁਆਈਂ ਨ ਨਿਖੜਨ ਯਾਰ ਕਹੇਂਦੇ।

੨੭

ਮੌਸਮ ਸਾਵਨ ਰੋਹੀ ਵੁੱਠੜੀ ਟੋਭਾ ਤਾਰ ਮਤਾਰਾਂ।
ਮਾਲ ਮਵੈਸ਼ੀ ਬਕਰੀਆਂ ਗਾਈਂ ਛਿੜ ਦੀਆਂ ਥੀ ਕਤਾਰਾਂ।
ਘੁੰਡ ਸੁਹਾਵਨ ਦਿਲ ਕੂੰ ਭਾਵਨ ਨਿਕਲਨ ਸੋਜ਼ ਤਵਾਰਾਂ।
ਹਿਕ ਯਾਰ ਫ਼ਰੀਦ ਦਮ ਨਾਲ ਹੋਵੇ ਕਿਉਂ ਦਰਦੋਂ ਦਰਦ ਪੁਕਾਰਾਂ।

੨੮

ਰੋਹੀ ਵੁਠੜੀ ਤੱਤੜੀ ਮੁੱਠੜੀ ਟੁਰ ਪੋਸਾਂ ਪੈਰ ਪਿਆਦੀ।
ਉੱਚੜੇ ਟਿੱਬੜੇ ਹੁਣ ਕੋਹ ਤੂਰ ਤੇ ਦਿਲ ਕੂੰ ਫ਼ਰਹਤ ਜ਼ਿਆਦੀ।
ਵੰਜ ਦਿਲਬਰ ਦੇ ਕਦਮੀਂ ਢੈਸਾਂ ਤੇ ਬੱਧੀ ਪ੍ਰੀਤ ਵਫ਼ਾਦੀ।
ਗੱਠੜੀ ਇਜ਼ਜ ਨਿਆਜ਼ ਫ਼ਰੀਦਾ ਪ੍ਰੀਤਮ ਜੱਮਦੀ ਲਾਦੀ।

੨੯

ਵਕਤ ਤਹਜਦ ਕਈ ਸੁਹਾਗਣੀ ਮੱਟੀਆਂ ਬਹਿ ਘਬਕਾਵਨ।
ਲਾ ਇਲਾ ਇੱਲ ਲਿੱਲਾ ਡੇ ਜ਼ਰਬ ਮਖਨ ਕੂੰ ਚਾਵਨ।
ਪਕੜ ਦਾਮਨ ਪੀਰ ਮਨਾਂਦਾ ਖੀਰ ਦੀ ਜਾਗ ਜਗਾਵਨ।
ਗ਼ੁਲਾਮ ਫ਼ਰੀਦ ਪੀਰ ਕਾਮਲ ਬਾਝੋਂ ਵਿੱਚ ਗਫ਼ਲਤ ਡੁੱਧ ਪਠਾਵਨ।

੩੦

ਇਸ਼ਕ ਮਜਾਜ਼ੀ ਰਾਜ਼ ਦੀ ਬਾਜ਼ੀ ਇਹੋ ਇਸ਼ਕ ਆਲਾ ਨੂਰੇ।
ਬੱਠ ਪਈ ਦੁਨੀਆਂ ਦੌਲਤ ਸੌਕਤ ਸਾਕੂੰ ਇਸ਼ਕ ਮਨਜ਼ੂਰੇ।
ਹੁਸਨ ਪ੍ਰਸਤੀ ਮਹਜ਼ ਇਬਾਦਤ ਦਿਲ ਬੇ ਵੱਸ ਮਜਬੂਰੇ।
ਗ਼ੁਲਾਮ ਫ਼ਰੀਦਾ ਸਮਝਨ ਆਰਫ ਦਰਅਸਲ ਹਕੀਕਤ ਦੂਰੇ।

੩੧

ਸੁੰਜੜੀ ਰੋਹੀ ਦਿਲ ਨੂੰ ਮੋਹੀ ਫਿਰਦੀ ਕਮਲੀਆਂ ਵਾਂਗੇ।
ਯਾਰ ਮੁੱਠੀ ਦਾ ਨਜ਼ਰ ਨ ਆਦਾ ਡੇਖਾਂ ਹਾਲ ਦੇ ਲਾਂਘੇ।
ਨਜ਼ਰ ਮਿਹਰ ਦੀ ਦਿਲਬਰ ਭਾਲੇ ਰੋਹੀ ਪੰਧ ਅੜਾਂਗੇ।
ਗ਼ੁਲਾਮ ਫ਼ਰੀਦ ਯਾਰ ਮਿਲਮ ਹੁਣ ਰਬ ਜੋੜੇ ਚਾ ਸਾਂਗੇ।

੩੨

ਟੋਭੇ ਅਸਾਡੇ ਦਿਲ ਕੂੰ ਭਾਵਨ ਖਪ ਝੌਪੜ ਖੁਸ਼ ਜਾਈਂ।
ਲਾਨੜੀ ਫੋਗ ਕਰੜੇ ਕੰਡਾ ਬੋਈਂ ਕਤਰਨ ਇਤਰ ਹਵਾਈਂ।
ਰੋਹੀ ਗੁਲਜ਼ਾਰ ਡਸੀਜਮ ਦਿਲ ਕੂੰ ਲੱਖ ਲੱਖ ਚਾਈਂ।
ਆਖ ਫ਼ਰੀਦ ਦਿਲ ਦਿਲਬਰ ਲੁੱਟੜੀ ਨ ਥੀਸਾਂ ਦੂਰ ਕਡਾਹੀਂ।

੩੩

ਮੁੰਝ ਮਜ਼ੀਦ ਸ਼ਹੀਦ ਹਮੇਸ਼ਾ ਦਿਲਬਰ ਡਿੱਤੜੇ ਰੋਲੇ।
ਭੁੱਲ ਗਈ ਸੁਰਖ਼ੀ ਕੱਜਲਾ ਸਾਕੂੰ ਹਿਜਰ ਕਨੂੰ ਤਨ ਕੋਲੇ।
ਕੱਪੜੇ ਮੈਲੇ ਲੀਰ ਕਤੀਰਾਂ ਰੁਲ ਗਏ ਬੋਛਨ ਚੋਲੇ।
ਏ ਜਿੰਦੜੀ ਕੁਰਬਾਨ ਫ਼ਰੀਦਾ ਅਜੇ ਖ਼ਿਲ ਹੱਸ ਯਾਰ ਚਾ ਬੋਲੇ।

੩੪

ਬੱਠ ਪਈ ਸੁਰਖ਼ੀ ਬੱਠ ਪਿਆ ਕੱਜਲਾ ਬੱਠ ਪਿਆ ਹਾਰ ਸਿੰਗਾਰੇ।
ਕਿਆ ਧਾਵਾਂ ਤੇ ਫਲ ਪਾਵਾਂ ਦਿੱੜੀ ਦਰਦ ਪੂਕਾਰੇ।
ਸੈ ਜਤਨ ਸੈ ਹੀਲੇ ਕੀਤਮ ਨ ਮਿਲਿਮ ਸਾਂਵਲ ਯਾਰੇ।
ਯਾਰ ਫ਼ਰੀਦ ਕੂੰ ਕਹਿੰਦੀ ਮਰਸਾਂ ਜਗ ਡਿਸਦਾ ਧੂੰਆਂ ਅੰਧਾਰੇ।

੩੫

ਹਿੱਕੋ ਅਲਫ ਕਾਫ਼ੀ ਮੁਲਾਂ ਬੇ ਦੀ ਗਰਜ਼ ਨ ਕਾਈ।
ਅੱਵਲ ਆਖ਼ਰ ਜ਼ਾਹਰ ਬਾਤਨ ਨਾਲ ਅਲਫ਼ ਦੇ ਲਾਈ।
ਨ ਡੇ ਡਰ ਕੇ ਅਲਫ਼ ਕੂੰ ਫੜਕੇ ਰਮਜ਼ ਅਲਫ਼ ਸਮਝਾਈ।
ਗ਼ੁਲਾਮ ਫ਼ਰੀਦ ਦਿਲ ਅਲਫ਼ ਲੁਟੀ ਵਾਹ ਮੀਮ ਕੀਤੀ ਰੁਸ਼ਨਾਈ।

੩੬

ਇਸ਼ਕ ਮਜਾਜ਼ੀ ਰਾਜ਼ ਅਨੋਖੇ ਕਿਆ ਜਾਨੜਨ ਮੁਲਾਂ ਮਲਵਾਨੜੀਂ।
ਰਮਜ਼ ਹਕੀਕੀ ਆਰਫ਼ ਸਮਝਨ ਨਾਜ਼ ਦਿਲਬਰ ਦੇ ਭਾਨੜੀਂ।
ਹਾਂ ਮੈਂ ਕੁਤੜੀ ਯਾਰ ਦੇ ਦਰ ਦੀ ਜਾਨੜੀਂ ਯਾਰ ਨ ਜਾਨੜੀਂ।
ਆਖ ਫ਼ਰੀਦ ਮੈਡੀ ਲੂੰ ਲੂੰ ਵਿੱਚ ਚਾ ਕੀਤੇ ਇਸ਼ਕ ਟਿਕਾਨੜੀਂ।

੩੭

ਜਮਦੀਂ ਲਾਦੀ ਇਸ਼ਕ ਦੀ ਗੱਠੜੀ ਸ਼ੌਕ ਪਿਆਲੇ ਪੀਤੇ।
ਜੀਂਦੀ ਮੋਈਂ ਹਿੱਕ ਯਾਰ ਦੇ ਰਹਿਸੋਂ ਸੱਚੀ ਪੀਤ ਪ੍ਰੀਤੇ।
ਦਰ ਦਿਲਬਰ ਦਾ ਛੋੜ ਨ ਵੈਸੂੰ ਇਸ਼ਕ ਸਿਖਾਈ ਰੀਤੇ।
ਆਖ ਫ਼ਰੀਦ ਦਿਲ ਦਿਲਬਰ ਲੁੱਟੜੀ ਵਿਸਰੇ ਚਾਚੜ ਸਦਕੇ ਕੀਤੇ।

੩੮

ਸਿੰਧੜੋਂ ਦਿੱਲੜੀ ਥਈ ਉਚਾਕੇ ਡੇਖਾਂ ਰੋਹੀ ਸੰਜਬਰ ਕੂੰ।
ਦਿਲਬਰ ਨਾਲ ਅੱਖ਼ੀਂ ਦੇ ਡੇਖਾਂ ਨਹੀਂ ਕਰਾਰ ਸਬਰ ਕੂੰ।
ਚਾਚੜ ਮਹਜ਼ ਨ ਭਾਂਦੇ ਦਿਲ ਕੂੰ ਰਹਿੰਦਾ ਸੋਜ਼ ਜਿਗਰ ਕੂੰ।
ਆਖ ਫ਼ਰੀਦ ਟੁਰ ਪੈਰ ਪਿਆਦੀ ਹੁਣ ਸੱਟ ਘਤ ਜਰੂਰ ਘਰ ਕੂੰ।

੩੯

ਮਰਵੇਸਾਂ ਕੁਰਲਾਂਦੀ ਮੁੱਠੜੀ ਅਖੀਂ ਸਾਵਨ ਬਰਸਾਤੇ।
ਸੇਜ ਸੂਲਾਂ ਦੀ ਲਗਨ ਕੰਡੜੇ ਸੋਜ ਹਿਜਰ ਡੇਂਹ ਰਾਤੇ।
ਜਿਹੜੇ ਤਾਅਨੇ ਸ਼ਹਿਰ ਖਵਾਰੀ ਡਿੱਤੜੇ ਇਸ਼ਕ ਬਰਾਤੇ।
ਫ਼ਰੀਦਾ ਜਮਦੀ ਮਰ ਵੰਜਾਂ ਹਾ ਇਹਾ ਜਿੰਦੜੀ ਸੂਲਾਂ ਵਾਤੇ।

੪੦

ਸੁਰਖ਼ੀ ਕੱਜਲਾ ਹਾਰ ਸ਼ਿੰਗਾਰ ਤੇ ਬੱਠ ਪਈ ਸੇਜ ਫੁਲਾਂ ਦੀ।
ਲਗਨ ਕੰਡੜੇ ਢੈ ਢੈ ਪਵਾਂ ਦਰਦ ਦੀ ਬਾਂਹ ਸਰਾਂਦੀ।
ਬਹਿਰ ਗ਼ਮਾਂ ਵਿੱਚ ਲੁੜ੍ਹਦੀ ਬੁਡ੍ਹਦੀ ਸੈ ਸੈ ਗੋਤੇ ਖਾਂਦੀ।
ਗ਼ੁਲਾਮ ਫ਼ਰੀਦਾ ਦਰਦ ਕੋਕੇਸਾਂ ਨ ਸਲ ਕਨੂੰ ਥੀਅਮ ਵਾਂਦੀ।

੪੧

ਨਾਜ਼ ਨਿਹੋੜੇ ਇਸ਼ਕ ਦੇ ਗ਼ਮਜ਼ੇ ਡੱਸ ਕੀਂ ਉਸਤਾਦ ਸਿਖਾਏ।
ਬੇ ਪਰਵਾਹੀ ਤਰੀੜ੍ਹੀ ਮੱਥੇ ਕੀ ਏ ਜੀਂਹ ਸਬਕ ਪੜ੍ਹਾਏ।
ਸੁਰਖ਼ੀ ਖ਼ੂਨ ਜਿਗਰ ਦਾ ਪੀਂਦੀ ਚਾ ਕੱਜਲਾ ਫ਼ੌਜ ਚੜ੍ਹਾਏ।
ਸਮਝ ਫ਼ਰੀਦ ਕੂੰ ਖ਼ਾਕ ਕਦਮਾਂ ਦੀ ਇਹਾ ਦਿੱਲੜੀ ਮਹਜ਼ ਫ਼ਿਦਾ ਏ।

੪੨

ਥੀਵਾਂ ਹਾਰ ਤੈਂਡੇ ਗਲ ਦਾ ਦਿਲਬਰ ਅਸਲੋਂ ਦੂਰ ਨ ਥੀਵਾਂ।
ਯਾ ਤੈਡੇ ਪੈਰਾਂ ਦੀ ਥੀਵਾਂ ਜੁੱਤੀ ਕਦਮਾਂ ਹੇਠ ਮੰਡੀਵਾਂ।
ਇਜਜ਼ ਨਿਆਜ਼ ਦੀ ਮਡੀ ਸਾਡੀ ਨਿੱਤ ਬਾਂਦੀ ਯਾਰ ਸਦੀਵਾਂ।
ਆਖ ਫ਼ਰੀਦ ਤੈਂ ਰੁਖ ਦਿਲਬਰ ਦਾ ਹਰ ਦਮ ਡੇਖ ਤੇ ਜੀਵਾਂ।

੪੩

ਮੇਂਘ ਮਲ੍ਹਾਰਾਂ ਬਾਰਸ ਬਾਰਾਂ ਰੋਹੀ ਰੱਬ ਵਸਾਈ।
ਬੂਟੇ ਬੂਟੇ ਘੁੰਡ ਸੁਹਾਵਣ ਸਬਜੀਆਂ ਖਤਗੀ ਚਾਈ।
ਫੋਗ ਬੂਟੀ ਤੇ ਲਾਨੜੀਂ ਖਪ ਵਾਹ ਨਾਜ਼ ਕਰੇਂਦੀ ਲਾਈ।
ਯਾਰ ਫ਼ਰੀਦ ਵਸਮ ਪੀਆ ਕੋਲੋਂ ਫਰਹਤ ਰੋਜ਼ ਸਵਾਈ।

੪੪

ਯਾਰ ਦੀਆਂ ਝੋਕਾਂ ਕਿਬਲਾ ਕਾਬਾ ਸਾਡਾ ਇਸ਼ਕ ਇਮਾਮੇ।
ਦਿਲ ਵਿੱਚ ਹਰਦਮ ਯਾਰ ਦੇ ਦੇਰੇ ਕਿਆ ਸੁਬਹ ਕਿਆ ਸ਼ਾਮੇ।
ਬਾਝ ਦੀਦਾਰ ਵਸਾਲ ਦਿਲਬਰ ਦੇ ਨੈਣਾ ਨੰਦਰ ਹਰਾਮੇ।
ਦਰ ਦਿਲਬਰ ਦੀ ਬਾਂਦੀ ਬਰਦੀ ਥੀਆ ਫ਼ਰੀਦ ਗੁਲਾਮੇ।

੪੫

ਸੋਹਣਿਆਂ ਦੇ ਵਿੱਚ ਨਾਜ਼ ਨਜ਼ਾਕਤ ਸੋਹਣੇ ਨਾਜ ਨਿਹੋੜੇ।
ਇਸ਼ਕ ਦੇ ਗਮਜ਼ੇ ਸੁਰਖ਼ੀ ਕੱਜਲਾ ਹੁਸਨ ਸ਼ਬਾਬ ਦਾ ਜ਼ੋਰੇ।
ਹਾਰ ਸਿੰਗਾਰ ਤੇ ਜ਼ੇਵਰ ਕੱਪੜੇ ਵਾਹ ! ਵਾਹ !! ਨਾਜ਼ਕ ਟੋਰੇ।
ਇਸ਼ਕ ਫ਼ਰੀਦਾ ਮਾਰ ਮੁਕਾਇਮ ਹੁਣ ਯਾਰ ਕਰਮ ਚਾ ਗੌਰੇ।

੪੬

ਮੈਂ ਰੁੱਸਾਂ ਤਾਂ ਕੈਂ ਦਰ ਵੱਸਾਂ ਜੇ ਯਾਰ ਰੁੱਠਾ ਮਰਵੇਸਾਂ।
ਕਸਮ ਖ਼ੁਦਾ ਦੀ ਜਿੰਦ ਦਿਲਬਰ ਵਿੱਚ ਮੈਂ ਕਦਮਾਂ ਵਿੱਚ ਜਲੇਸਾਂ।
ਰੁਸਨ ਮੂਲ ਨ ਡੇਸਾਂ ਹਰਗਿਜ਼ ਪੈਰ ਿਪੈ ਮਨੇਸਾਂ।
ਗ਼ੁਲਾਮ ਫ਼ਰੀਦਾ ਇਸ਼ਕ ਦਿਲਬਰ ਵਿੱਚ ਮੈਂ ਪੂਰੀ ਤੋੜ ਨਿਭੇਸਾਂ।

੪੭

ਸੋਹਣੀ ਲੁੜ੍ਹ ਪਈ ਬਹਿਰ ਗ਼ਮਾਂ ਵਿੱਚ ਲੁੜਦੀ ਬੁਡਦੀ ਵੈਂਦੀ।
ਸਿਕ ਮਹੀਂਵਾਲ ਬੇਹਾਲ ਕੀਤਸ ਤੇ ਸੈ ਸੈ ਬਾਨੜ ਮਰੈਦੀ।
ਗ਼ੋਤੇ ਖਾਵੇ ਬਾਂਹ ਉਲਾਰੇ ਆਖ਼ਰੀ ਵਿਦਾ ਕਰੇਂਦੀ।
ਯਾਰ ਫ਼ਰੀਦ ਮਹੀਂਵਾਲ ਦਾ ਕਲਮਾ ਪੜ੍ਹ ਜਿੰਦੜੀ ਪਈ ਮੁਕੇਂਦੀ।

੪੮

ਰਾਂਝਾ ਤਖਤ ਹਜ਼ਾਰੇ ਦਾ ਆਇਆ ਖ਼ਾਤਰ ਹੀਰ ਸਿਆਲੇ।
ਝੰਗ ਵਿੱਚ ਦੇਰੇ ਮਾਲ ਚਰਾਇਸ ਮੰਝੀ ਬਾਗ ਸਾਲੇ।
ਜੋਗੀ ਬਣ ਕੇ ਕੰਨ ਪੜਵਾਇਸ ਕੀਤਾ ਇਸ਼ਕ ਕਮਾਲੇ।
ਡੇਖ ਫ਼ਰਦਿ ਫ਼ਕੀਰ ਦੀ ਪਾਲੀਸ ਜੋ ਵਾਹ ਜੋਗੀ ਲਜ ਪਾਲੇ।

੪੯

ਕਿਬਲਾ ਖਵਾਜਾ ਨੂਰ ਮੁਹਮਦ ਸਾਹਿਬ ਸ਼ਹਿਰ ਮੁਹਾਰਾਂ।
ਹਿੰਦ ਸਿੰਧ ਪੰਜਾਬ ਦੇ ਵਿੱਚ ਚਾ ਕੀਤੋ ਫੈਜ਼ ਹਜ਼ਾਰਾਂ।
ਚਿਸ਼ਤ ਬਹਿਸ਼ਤ ਗੁਲਜ਼ਾਰ ਅਜਾਇਬ ਚਲਾਈਆਂ ਫੈਜ਼ ਦੀਆਂ ਨਹਿਰਾਂ।
ਗ਼ੁਲਾਮ ਫ਼ਰੀਦ ਹਮ ਦੋਸਤ ਦਿਲੇਂਦਾ ਸਰ ਸਦਕਾ ਜਿੰਦੜੀ ਵਾਰਾਂ।

੫੦

ਕਾਸਦਾ ਮੱਨ ਨਾਮ ਖ਼ੁਦਾ ਦਾ ਵੰਜ ਮੈਂਡੇ ਯਾਰ ਦੀ ਖਿਦਮਤ।
ਬੇ ਪਰਵਾਹ ਪੁਰ ਨਾਜ਼ ਦਿਲਬਰ ਹੈ ਵੰਜ ਮੈਂਡੇ ਦਿਲਦਾਰ ਦੀ ਖਿਦਮਤ।
ਇਜਜ਼ ਨਿਆਜ਼ ਤੇ ਹਾਲ ਹਕੀਕਤ ਡੇ ਗ਼ਮ ਧਵਾਰ ਦੀ ਖਿਦਮਤ।
ਰਹਾਂ ਗੁਲਾਮ ਫ਼ਰੀਦ ਦਿਲ ਚਾਂਹਦੀ ਗੁਲ ਰੁਖਸਾਰ ਦੀ ਖਿਦਮਤ।

੫੧

ਜੁਲਫਾਂ ਕਾਲੀਆਂ ਹੁਸਨ ਅਜਾਇਬ ਕੀਤਾ ਇਸ਼ਕ ਖ਼ਰੀਦੇ।
ਕਾਤਲ ਚਸ਼ਮਾਂ ਸੁਰਖ਼ੀ ਕੱਜਲਾ ਕੀਤਮ ਦੀਦ ਸਹੀਦੇ।
ਨਾਜ਼ਕ ਟੋਰੇ ਨਾਜ਼ ਨਹੋੜੇ ਲੁਟਰੀ ਦਿਲ ਫ਼ਰੀਦੇ।
ਬਾਂਦਾ ਬਰਦਾ ਤੈਂ ਦਿਲਬਰ ਦਾ ਥੀਆ ਗ਼ੁਲਾਮ ਫ਼ਰੀਦੇ।

੫੨

ਵੰਜਾਂ ਮੁੱਠੜੀ ਰੋਹੀ ਵੁੱਠੜੀ ਟੋਭਾ ਤਾਰ ਮਤਾਰਾਂ।
ਡੇਖਾਂ ਵੰਜ ਕਰ ਮਾਲ ਦੇ ਲਾਂਘੇ ਘੰਡ ਘੰਡ ਵਿੱਚ ਤਵਾਰਾਂ।
ਭੇਡਾਂ ਬਕਰੀਆਂ ਗਾਈਂ ਡੇਖਾਂ ਸਹਿਜੋਂ ਅੰਗਨ ਬਹਾਰਾਂ।
ਯਾਰ ਫ਼ਰੀਦ ਮਤਾਂ ਗਲ ਲਾਵਮ ਏਥੇ ਮੈਲੇ ਵੇਸ ਉਤਾਰਾਂ।

੫੩

ਅਲਸਤ ਕਨੂੰ ਦਿਲ ਮਸਤ ਹੋਇਮ ਜਾਂ ਸੁਣਿਅਮ ਅਲਸਤੀ ਕੌਲੇ।
'ਕਾਲੂ ਬਲਾ' ਇਕਰਾਰ ਅਸਾਡਾ ਬਾ ਸਿਦਕ ਸਫ਼ਾ ਰੂਹ ਬੋਲੇ।
ਅਹਦੋਂ ਅਹਿਮਦ ਬਣ ਕਰ ਆਇਆ ਹਿੱਕ ਮੀਮ ਖੜਾ ਵਿੱਚ ਓਲੇ।
ਗ਼ੁਲਾਮ ਫ਼ਰੀਦ ਦੀ ਦਿਲ ਚਾ ਲੁੱਟੜੀ ਓ ਸੋਹਣੇ ਅਰਬੀ ਢੋਲੇ।

੫੪

ਮਰਵੇਸਾਂ ਇਹ ਦਰਦ ਕੂਕੇਂਦੀ ਕਿਉਂ ਦਿਲਬਰ ਦਿੱਲੜੀ ਚਾਤੀ।
ਨੀਰ ਹਜ਼ਾਰਾਂ ਠੰਡੇ ਸਾਹ ਹੁਣ ਨਿੱਤ ਹਿਜਰ ਦੀ ਕਾਤੀ।
ਤੋੜੇ ਸੈ ਸੈ ਮਿਨਤਾਂ ਕੀਤਮ ਆ ਪਾਈ ਯਾਰ ਨ ਝਾਤੀ।
ਯਾਰ ਫ਼ਰੀਦ ਆਇਮ ਵੇੜੇ ਹੁਣ ਸਾਡੀ ਖ਼ਤਮ ਹਯਾਤੀ।

੫੫

ਵੰਜ ਵੇ ਕਾਸਦ ਯਾਰ ਦੀ ਖ਼ਿਦਮਤ ਸਾਡਾ ਰੋ ਰੋ ਹਾਲ ਸੁਣਾਵੀਂ।
ਸਾਡੀ ਕਹੀਂ ਕਸੂਰੇ ਮਾਣ ਭਰਿਆ ਆ ਰੋਂਦੀ ਕੂੰ ਗਲ ਲਾਂਵੀਂ।
ਕੋਝਾ ਹਾਲ ਅਸਾਡਾ ਤੈ ਬਿਨ ਚਾ ਕਦਮ ਮੁਬਾਰਕ ਪਾਂਵੀਂ।
ਗ਼ੁਲਾਮ ਫ਼ਰੀਦ ਮਤਾਂ ਮਰ ਵੰਜਾਂ ਚਾ ਦੀਦਾਰ ਡਖਾਵੀਂ।

੫੬

ਆ ਸਜਨ ਮਨ ਨਾਮ ਖੁਦਾ ਦਾ
ਖੁਲੀ ਮੌਸਮ ਚੇਤਰ ਬਹਾਰਾਂ।
ਸੰਗੀਆਂ ਸਈਆਂ ਦਰ ਗਲ ਲਾਏ
ਮੈਂ ਖੁਲ੍ਹੀ ਕਰਾਂ ਪੁਕਾਰਾਂ।
ਸੇਜ ਫੁਲਾਂ ਦੀ ਮੂਲ ਨ ਭਾਂਦੀ
ਨਿੱਤ ਗਾਂਦੀ ਸੋਜ਼ ਦੀਆਂ ਵਾਰਾਂ।
ਯਾਰ ਫ਼ਰੀਦ ਅੰਗਨ ਪਾਉਂ ਪਾਂਵੀਂ
ਤਾਂ ਮੈਂ ਭੀ ਸ਼ੁਕਰ ਗੁਜ਼ਾਰਾਂ।

੫੭

ਕੇਚੀ ਹੋਤ ਪੁੱਨਲ ਕੂੰ ਘਨ ਗਏ ਹਾਇ ਤੇਜ਼ ਰਫਤਾਰ ਉਠਾਂ ਦੀ।
ਥੀ ਬੇਦਾਰ ਸੱਸੀ ਸੱਡ ਮਾਰੇ ਵੰਜੇ ਕੂੰਜ ਵਾਂਗ ਕੁਰਲਾਂਦੀ।
ਡੇਖੇ ਪੈਰਿ ਪੌਵਨ ਘੇਰੇ ਤੱਤੀ ਜ਼ਾਲਮ ਰੇਤ ਥਲਾਂ ਦੀ।
ਆਖ ਫ਼ਰੀਦ ਸੱਸੀ ਮੋਈ ਥਲਾਂ ਵਿੱਚ ਕਫ਼ਨ ਬੋਛਨ ਬਾਹ ਸਰਾਂਦੀ।

੫੮

ਆਖਾਂ ਖਲੀ ਸਾਡੇ ਲਿੜੇ
ਆ ਰਾਂਝਣ ਮਾਲ ਚਰਾਂਈ ਹਾ।
ਕੱਟੀਆਂ ਤੈਂ ਬਿਨ ਬੈਠੀਆਂ ਰਹਿੰਦੀਆਂ
ਆ ਆਪਣੇ ਭਾਂੜ ਵਸਾਈ ਹਾ।
ਲਾ ਇਲਾ ਹਾ ਇੱਲ ਲਿੱਲਾ ਦੀ
ਵੰਜਲੀ ਆਨ ਸੁਣਾਈ ਹਾ।
ਆਖ਼ ਫ਼ਰੀਦ ਮੁਹਮਦ ਰਸੂਲ ਅੱਲਾ
ਸਾਡੀ ਤਨ ਮਨ ਜੋਤ ਜਗਾਈ ਹਾ।

੫੯

ਰਾਤ ਡੇਹਾਂ ਫ਼ਰਿਆਦ ਹਮੇਸ਼ਾ ਏਹਾ ਦਿੱਲੜੀ ਦਰਦ ਪੁਕਾਰੇ।
ਦਰਦ ਫ਼ਰਾਕ ਹਿਜਰ ਕਨੂੰ ਹੁਣ ਹਰ ਦਮ ਸੋਜ਼ ਦੇ ਨਾਅਰੇ।
ਸੇਜ ਸੂਲਾਂ ਦੀ ਨੰਦਰ ਨ ਆਂਦੀ ਰੱਬ ਡੇਵੇ ਸੁਖ ਦੇ ਵਾਰੇ।
ਯਾਰ ਗ਼ੁਲਾਮ ਫ਼ਰੀਦ ਬਾਝੋਂ ਜਗ ਡਿੱਸਦਾ ਧੂਆਂ ਅੰਧਾਰੇ।

੬੦

ਸੋਹਣਾ ਬੇਲਾ ਸਾਵੇ ਟਿੱਲੜੇ ਇਸ਼ਕ ਰਾਂਝਾ ਜਾਗੀਰੇ।
ਮੰਝੀਆਂ ਕੱਟੀਆਂ ਕੂੰ ਧਨਵਾਏ ਆ ਨਜ਼ਰ ਤੈਂਡੀ ਅਕਸੀਰੇ।
ਮੱਟੀਆਂ ਦੁਧ ਵਲੋੜਾਂ ਕਿਵੇਂ ਤੈਂ ਬਿਨ ਹੀਰ ਜ਼ਹੀਰੇ।
ਆਖ ਫ਼ਰੀਦ ਦਿਲ ਹਿਜਰ ਨ ਸਹਿੰਦੀ ਡੱਸ ਹੀਰ ਦੀ ਕਿਆ ਤਕਸੀਰੇ।

੬੧

ਅਰਬ ਸ਼ਰੀਫ ਦਾ ਮੁਲਕ ਅਜਾਇਬ ਜਥਾਂ ਅਰਬੀ ਢੋਲ ਪਿਆ ਵੱਸਦਾ।
ਦਿੱਲੜੀ ਅਰਬੀ ਯਾਰ ਪੁਕਾਰੇ ਜਿਵੇਂ ਆਵਾਜ਼ ਜਰਸ ਦਾ।
ਰਹਿੰਦਾ ਦਿਲਬਰ ਮੀਮ ਦੇ ਓਲੇ ਲੁਕ ਛੁਪ ਭੇਤ ਨ ਡੱਸਦਾ।
ਯਾਰ ਫ਼ਰੀਦਾ ਅਰਜ਼ ਮਨਜ਼ੂਰ ਕਰੇ ਚਾ ਈਂ ਆਜਜ਼ ਬੇਕਸਦਾ।

੬੨

ਸਾਵਣ ਮਦ ਸੁਹਾਗ ਦੀ ਸੋਹਣੀ ਆਰਫ਼ ਇਬਰਤ ਖਾਦੇ।
ਖਿਮਨ ਖ਼ਿਮਦੀ ਬਦਲ ਗਜ਼ਕਾਰਾਂ ਕਈ ਆਂਦੇ ਤੇ ਕਈ ਜਾਂਦੇ।
ਯਾਰ ਜਿਨ੍ਹਾਂ ਦੇ ਕੋਲ ਪਏ ਵੱਸਦੇ ਹਾਰ ਸਿੰਗਾਰ ਪੈ ਠਾਂਦੇ।
ਯਾਰ ਫ਼ਰੀਦ ਆ ਸੀਨੇ ਲਾਈਏ ਡੱਸ ਬਾਕੀ ਕਿਆ ਚਾਂਹਦੇ।

੬੩

ਸੁਰਖੀ ਕੱਜ਼ਲਾ ਡਿਤਮ ਮਥੇ ਕਪੜੇ ਮੈਲ ਕਚੇਲੇ।
ਕਿਆ ਧਾਂਵਾ ਕਿਆ ਜ਼ੇਵਰ ਕਪੜੇ ਕਿਆ ਲਾਉਂ ਤੇਲ ਫੁਲੇਲੇ।
ਯਾਰ ਬਾਝੋਂ ਹੁਣ ਜੀਵਨ ਕੂੜੇ ਮੌਤ ਮਾਰਮ ਚਾ ਪਹਲੇ।
ਆਬ ਹਯਾਤ ਹੈ ਰੁਖ ਦਿਲਬਰ ਦਾ ਫ਼ਰੀਦ ਕਰੇ ਰੱਬ ਮੇਲੇ।

੬੪

ਇਸ਼ਕ ਲੇਲਾ ਵਿੱਚ ਮਜਨੂੰ ਕਾਮਲ ਖੜਾ ਲੇਲਾ ਯਾਦ ਕਰੇਂਦਾ।
ਬਾਰਾਂ ਸਾਲ ਜੰਗਲ ਦੇ ਵਿੱਚ ਚੰਮ ਬਦਨ ਖੜਾ ਸੁਕੇਂਦਾ।
ਸਗ ਲੇਲਾ ਦਾ ਬਾਹਰ ਆਇਆ ਪਿਆ ਮਜਨੂੰ ਪੈਰ ਚੁੰਮੇਂਦਾ।
ਸਾਦਕ ਇਸ਼ਕ ਫ਼ਰੀਦ ਜਿਨ੍ਹਾਂ ਕੂੰ ਜੈਂਦੀਂ ਮੋਈਂ ਤੋੜ ਨਿਭੇਂਦਾ।

੬੫

ਹੁਸਨ ਪਰਸਤੀ ਰਮਜ਼ ਅਜਾਇਬ
ਹਾਸਲ ਇਸ਼ਕ ਮਜਾਜ਼ੀ।
ਦਰ ਹਕੀਕਤ ਇਸ਼ਕ ਹਕੀਕੀ
ਦਰ ਪਰਦੇ ਕਸਰਤ ਸਾਜ਼ੀ।
ਆਸ਼ਕ ਸਾਦਕ ਵਾਸਲ ਬਿਲਾ
ਰਾਜ਼ ਰਮੂਜ਼ ਦੀ ਬਾਜ਼ੀ।
ਮਜ਼ਹਰ ਨੂਰ ਜਮਾਲ ਵਸਾਲ ਥੀਆ
ਯਾਰ ਫ਼ਰੀਦ ਤੇ ਰਾਜ਼ੀ।

੬੬

ਲੱਖ ਸ਼ੁਕਰਾਨਾ ਪੜ੍ਹਾਂ ਦੋਗਾਨਾ ਅਰਬੀ ਮੈਂ ਘਰ ਆਇਆ ਬਖ਼ਤ ਸਿਵਾਇਆ।
ਸਦਕੇ ਵੈਂਦੀ ਕਦਮ ਚੁੰਮੇਂਦੀ ਰੱਬ ਦੀਦਾਰ ਡਖਾਇਆ ਬਖ਼ਤ ਸਿਵਾਇਆ।
ਡੋਹੀਂ ਜਹਾਨ ਕੁਰਬਾਨ ਕਰਾਂ ਜੈ ਤਾਜ ਲੌਲਾਕੀ ਪਾਇਆ ਬਖ਼ਤ ਸਿਵਾਇਆ।
ਬੇਸ਼ਕ ਯਾਰ ਫ਼ਰੀਦ ਸੋਹਨਾ ਹੈ ਆਇਆ ਨਹੀਂ ਵਲਾਇਆ ਬਖ਼ਤ ਸਿਵਾਇਆ।

੬੭

ਕੋਟ ਮਿੱਠਨ ਹੈ ਕਿਬਲਾ ਕਾਬਾ ਜ਼ਾਹਰ ਨੂਰ ਇਰਫਾਨ ਆਇਆ।
ਕੁਤਬੀ ਗੌਸੀਆ ਖ਼ਾਸ ਮਦਾਰਜ ਮਾਰਫ਼ਤ ਦਾ ਸਾਮਾਨ ਆਇਆ।
ਚਿਸ਼ਤ ਬਹਿਸ਼ਤ ਹੈ ਨੂਰ ਮੁਹਮਦੀ ਅਜਬ ਮਜ਼ਹਰ ਜ਼ੀਸ਼ਾਂ ਆਇਆ।
ਗ਼ੁਲਾਮ ਫ਼ਰੀਦਾ ਦਿਲ ਲੁਟਨ ਕੀਤੇ ਬਣ ਕਰ ਫ਼ਖਰ ਜਹਾਂ ਆਇਆ।

੬੮

ਕੋਟ ਸ਼ਰੀਫ ਹੈ ਨੂਰ ਖੁਦਾਈ ਫ਼ਖਰ ਰੌਸ਼ਨ ਜਮੀਰੇ ਕਾਮਲ ਪੀਰੇ।
ਕਸਮ ਖੁਦਾ ਦੀ ਮੁਰਸ਼ਦ ਹਾਦੀ ਨਜ਼ਰ ਜੈਂਦੀ ਅਕੇਰੇ ਕਾਮਲ ਪੀਰੇ।
ਵਾਕਫ਼ ਰਾਜ ਰਮੂਜ਼ ਰਬਾਨੀ ਸਾਹਿਬ ਫ਼ੈਜ ਮੇਨਰੇ ਕਾਮਲ ਪੀਰੇ।
ਯਾਰ ਫ਼ਰੀਦ ਨ ਲਹਮ ਸੰਭਾਲ ਥੀਆ ਸਿਦਕੋਂ ਦਿਲਗੀਰੇ ਕਾਮਲ ਪੀਰੇ।

੬੯

ਫ਼ਖਰ ਨ ਕਰਵੇ ਐਡਾ ਬੰਦਿਆ ਫ਼ਖਰ ਕੀਤੇ ਕੀ ਕੰਮ ਆਵਨਾਈ।
ਤੈਂਡੇ ਨਾਲ ਦੇ ਸਾਨੀ ਲੱਡ ਸਿਧਾਏ ਉਦਰੇ ਤੂ ਵੀ ਲੱਡ ਸਧਾਵਨਾ ਈਂ।
ਕੁਝ ਮਸਲਮ ਨਹੀਂ ਬੰਦਿਆ ਨਾਲ ਤੈਂਡੇ ਵਕਤ ਗੁਜ਼ਾਰ ਕੇ ਪਛੋਤਾਵਨਾਈਂ।
ਪੜ੍ਹ ਕਲਮਾ ਤੇ ਆਖ ਫ਼ਰੀਦ ਬੰਦਿਆ ਔਖੇ ਸੌਖੇ ਵੇਲੇ ਕੰਮ ਆਵਨਾਈ।

੭੦

ਸ਼ਰਮ ਰਸੂਲ ਕਰੀਮ ਸਾਈਂ ਨੂੰ ਮੈਂਡਾ ਬੇੜਾ ਟਾਂਗ ਤੇ ਲਾਵਨਾਈ।
ਘੁਮਰ ਘੇਰ ਗੁਨਾਹ ਦਾ ਫੇਰ ਪੋਵਨ ਲਾਇਲਾ ਦਾ ਪੱਖ ਚੜ੍ਹਾਵਨਾਈ।
ਚਪੇ ਬਣ ਕੇ ਨੂਰ ਸ਼ਫਾਇਤ ਵਾਲੇ ਇਲ ਲਿੱਲਾ ਦਾ ਵੰਜ ਲਗਾਵਨਾਈ।
ਮੈਡਾ ਪੀਰ ਫ਼ਰੀਦ ਅਰਜ਼ ਕਰੇ ਸਾਰੀ ਉੱਮਤ ਨੂੰ ਪਾਰ ਲੰਘਾਵਨਾਈ।

੭੧

ਮੈਂ ਵਲ ਅੱਖੀਆਂ ਮੂਲ ਨ ਭਾਲੀਂ ਤੈਂਡੇ ਨੈਣ ਮਰੇਂਦੇ ਕਾਤੀ।
ਹਿਕ ਡੇਂਹ ਭੁਲ ਭੁਲੇਕੇ ਲਾਇਮ ਅਤੇ ਚੀਰ ਸੁਟਿਓ ਨੇ ਛਾਤੀ।
ਪੁੱਛਾਂ ਹਕੀਮ ਜੱਰਾਹ ਸਿਆਨੇ ਪੱਟੀਆਂ ਬੱਧਾਂ ਡੇਂਹ ਰਾਤੀ।
ਸਦਕਾ ਪੀਰ ਫ਼ਰੀਦ ਦਾ ਸਾਈਂ ਕਡਾਂ ਰਾਂਝਣ ਪੈਸੀ ਝਾਤੀ।

੭੨

ਬਾਗ ਤੈਡੇ ਦਾ ਸੰਗਤਰਾ ਹੋਵਾਂ ਮੈ ਤਾ ਸ਼ਾਖੋਂ ਤਰੋੜ ਕੇ ਨੀਵਾਂ।
ਆਵਾਂ ਹੱਥ ਮਾਸ਼ੂਕਾਂ ਦੇ ਮੈਂ ਤਾਂ ਡੱਲੀਆਂ ਡੱਲੀਆਂ ਥੀਵਾਂ।
ਚੋਪਨ ਚੋਪ ਕੇ ਸੱਟਨ ਵਿੱਚ ਗਲੀਆਂ ਮੈਂ ਤਾਂ ਪੈਰਾਂ ਹੇਠ ਮੰਡੀਵਾਂ।
ਡੇਵਨ ਬੁਹਾਰੀਆਂ ਸਾੜਨ ਮੈਕੂੰ ਤੂੰ ਸੇਕੀਂ ਤੇ ਮੈਂ ਜੀਵਾਂ।

੭੩

ਇਸ਼ਕ ਤੇ ਬਾਹਿ ਬਰੋਬਰ, ਇਸ਼ਕ ਦਾ ਤਾ ਤਖੇਰਾ।
ਬਾਹਿ ਸੜੇਂਦੀ ਕੱਖ ਕਾਨੇ ਨੂੰ ਇਸ਼ਕ ਸੜੇਂਦਾ ਜੇਅੜਾ।
ਬਾਹਿਰ ਸਾਮੇ ਨਾਲ ਪਾਣੀ ਦੇ,ਇਸ਼ਕ ਦਾ ਦਾਰੂ ਕਿਹੜਾ।
ਯਾਰ ਮੈਡੇ ਉੱਥੇ ਚਾਹਿ ਨਾ ਰੱਖੀਂ, ਜਿੱਥੇ ਇਸ਼ਕ ਲਾਇੰਦਾ ਡੇਰਾ।