ਡਿਉਢਾਂ ਹਾਸ਼ਮ ਸ਼ਾਹ

ਡਿਉਢਾਂ ਹਾਸ਼ਮ ਸ਼ਾਹ
ਹਾਸ਼ਮ ਸ਼ਾਹ

1. ਕਾਮਲ ਸ਼ੌਕ ਮਾਹੀ ਦਾ ਮੈਨੂੰ

ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,
ਲੂੰ ਲੂੰ ਰਸਦਾ।
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,
ਉਠ ਉਠ ਨਸਦਾ।
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵਲ ਹਸਦਾ,
ਜ਼ਰਾ ਨਾ ਖਸਦਾ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ।
2. ਗਰਦਣ ਮਾਰ ਜਹਾਨੀਂ ਗਰਜ਼ਾਂ

ਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ;
ਤਾਲਬ ਖਾਸਾ।
ਸਿਰ ਸਿਰ ਖੇਡ ਮਚਾਓ ਦੀਵਾਨੇ ! ਤੇ ਢਾਲ ਇਸ਼ਕ ਦਾ ਪਾਸਾ;
ਦੇਖ ਤਮਾਸ਼ਾ।
ਲਾਡ ਗੁਮਾਨ ਨ ਕਰ ਤੂੰ ਮੂਲੋਂ, ਜੋ ਨਾਲ ਬੇਗਰਜ਼ਾਂ ਵਾਸਾ;
ਜਾਣ ਨ ਹਾਸਾ।
ਦੁਨੀਆਂ ਵਹਿਣ ਨਦੀ ਦਾ ਹਾਸ਼ਮ, ਅਤੇ ਤੂੰ ਹੈਂ ਵਿਚ ਪਤਾਸਾ;
ਪਲ ਛਲ ਵਾਸਾ।
3. ਮਾਹੀ ਵਾਂਙੂ ਫਾਹੀ ਮਾਹੀ

ਮਾਹੀ ਵਾਂਙੂ ਫਾਹੀ ਮਾਹੀ, ਹੁਣ ਨਜ਼ਰ ਨਾ ਆਵੇ ਮਾਹੀ;
ਬੇਪਰਵਾਹੀ।
ਗਾਹੀ ਦਰਦ ਵਿਛੋੜੇ ਮਾਏ ! ਮੈਂ ਜੰਗਲ ਜੂਹ ਸਭ ਗਾਹੀ;
ਬੇਲੇ ਕਾਹੀਂ।
ਰਾਹੀ ਮਿਲੇ ਨ ਮੈਨੂੰ ਕਾਈ, ਮੈਂ ਜਾਨ ਹੋਈ ਹੁਣ ਰਾਹੀ;
ਖੜੀ ਤੁਸਾਂਹੀ।
ਫਾਹੀ ਸ਼ੌਕ ਮਾਹੀ ਦਾ ਹਾਸ਼ਮ, ਮੈਂ ਖੜੀ ਦੁਖਾਂ ਵਿਚ ਫਾਹੀ;
ਖ਼ਬਰ ਨ ਆਹੀ।

4. ਮਾਹੀ ਯਾਰ ਆਰਾਮ ਨ ਮੈਨੂੰ

ਮਾਹੀ ਯਾਰ ਆਰਾਮ ਨ ਮੈਨੂੰ, ਮੈਂ ਮੁੱਠੀ ਤੇਗ ਨਜ਼ਰ ਦੀ;
ਤਰਲੇ ਕਰਦੀ।
ਸੋਹਣੀ ਖ਼ੁਆਰ ਹੋਈ ਜਗ ਸਾਰੇ, ਜੋ ਰਾਤ ਸਮੇਂ ਨੈਂ ਤਰਦੀ;
ਜ਼ਰਾ ਨ ਡਰਦੀ।
ਮਾਏ ! ਬਣੀ ਲਾਚਾਰ ਸੋਹਣੀ ਨੂੰ, ਮੈਂ ਫਿਰਾਂ ਬਹਾਨੇ ਕਰਦੀ;
ਘਾਟ ਨ ਤਰਦੀ।
ਹਾਸ਼ਮ ਸਿਦਕ ਸੋਹਣੀ ਦਾ ਦੇਖੋ, ਅਤੇ ਹਿਕਮਤ ਜਾਦੂਗਰ ਦੀ;
ਪਰਖ ਮਿਤ੍ਰ ਦੀ।

5. 'ਮੈਂ ਮੈਂ' ਕਰਨ ਸੋਹਣੇ ਬਕਰੋਟੇ

'ਮੈਂ ਮੈਂ' ਕਰਨ ਸੋਹਣੇ ਬਕਰੋਟੇ, ਤਾਂ ਆਣ ਕਸਾਈਆਂ ਘੇਰੇ;
ਮੈਂ ਵਿਚ ਤੇਰੇ।
ਇਹ ਗੱਲ ਵੇਖ ਗਈ 'ਮੈਂ' ਮੈਥੋਂ, ਤਾਂ ਬਣੀ ਲਚਾਰ ਵਧੇਰੇ;
ਦੁਖ ਦਰਦ ਚੁਫੇਰੇ।
ਸਾਬਤ ਰਹਾਂ ਸਹੀ, ਝੜ ਝੋਲੇ, ਤਾਂ ਜਾਤਾ ਜਾਤ ਸਵੇਰੇ;
ਮਤਲਬ ਡੇਰੇ।
ਹਾਸ਼ਮ ਧਿਆਨ ਡਿਠਾ ਕਰ ਅਕਲੋਂ, ਤਾਂ ਰਾਂਝਣ ਪਰੇ ਪਰੇਰੇ;
ਦਰਦ ਅਗੇਰੇ।

6. ਮਜਨੂੰ ਦਰ ਦੀਵਾਨਾ ਲੇਲੀ

ਮਜਨੂੰ ਦਰ ਦੀਵਾਨਾ ਲੇਲੀ, ਮੈਂ ਗਿਰਦ ਦੁਖਾਂ ਦਾ ਘੇਰਾ,
ਕੈਦ ਚੁਫੇਰਾ।
ਲਿਖਿਆ ਲੇਖ ਇਹੋ ਕੁਝ ਮੇਰਾ, ਇਹ ਵਸ ਨਹੀਂ ਕੁਝ ਮੇਰਾ,
ਦੋਸ਼ ਨਾ ਤੇਰਾ।
ਢੂੰਡਾਂ ਚਾਲ ਮਿਲਣ ਦੀ ਕੋਈ, ਤੇ ਲਾਵਾਂ ਜ਼ੋਰ ਬਥੇਰਾ,
ਮਿਲਣ ਔਖੇਰਾ।
ਹਾਸ਼ਮ ਰਾਤ ਪਈ ਸਿਰ ਮਜਨੂੰ, ਪਰ ਓੜਕ ਹੋਗੁ ਸਵੇਰਾ,
ਚਾਕ ਅੰਧੇਰਾ।
7. ਸੋਹਣੀ ਕਹਿਰ ਘੁੰਮੇਰੇ ਘੇਰੀ

ਸੋਹਣੀ ਕਹਿਰ ਘੁੰਮੇਰੇ ਘੇਰੀ, ਮੈਂ ਡੋਲੀ ਦੁਹੀਂ ਸਹਾਈਂ;
ਕਿਸੇ ਨ ਥਾਈਂ।
ਬੇੜੀ ਦਰਦਮੰਦਾਂ ਦੀ ਸਾਈਆਂ ! ਤੂੰ ਤਾਂਘ ਉਤੇ ਘਰ ਲਾਈਂ;
ਯਾਰ ਦਿਖਾਈਂ।
ਸੁਣ ਫ਼ਰਿਆਦ ਅਸਾਈਂ ਸਾਈਆਂ, ਮੈਨੂੰ ਸੂਰਤ ਯਾਰ ਦਿਖਾਈਂ;
(ਖੁਆਹ) ਦੋਜ਼ਖ ਪਾਈਂ।
ਹਾਸ਼ਮ ਸਿਦਕ ਸੋਹਣੀ ਨੂੰ ਆਖੇ, ਤੂੰ ਮੋਈਂ ਇਤ ਵਲ ਜਾਈਂ;
ਲਾਜ ਨ ਲਾਈਂ।