ਟੱਪਰੀਵਾਸ ਕੁੜੀ  (1945) 
ਵਿਕਟਰ ਹਿਊਗੋ, ਅਨੁਵਾਦਕ ਪਿਆਰਾ ਸਿੰਘ ਭੌਰ

ਟੱਪਰੀਵਾਸ ਕੁੜੀ





ਫ਼ਰਾਂਸੀਸੀ ਲਿਖਾਰੀ ਵਿਕਟਰ ਹਿਊਗੋ ਦੇ
ਸੰਸਾਰ-ਪ੍ਰਸਿਧ ਨਾਵਲ
Hunchback of Notre-Dame
ਦਾ ਖੁਲ੍ਹਾ ਅਨੁਵਾਦ

——————ਅਨੁਵਾਦਿਕ——————
ਪਿਆਰਾ ਸਿੰਘ ‘ਭੌਰ’
ਬੀ. ਏ., ਗਿਆਨੀ
ਸਿਖ ਨੈਸ਼ਨਲ ਕਾਲਜ, ਲਾਹੌਰ


ਲਾਹੌਰ
ਪ੍ਰੀਤ ਨਗਰ ਸ਼ਾਪ
੩੦, ਨਿਸਬਤ ਰੋਡ


ਪੰਜਾਬੀ ਮਾਤਾ ਦੇ ਸਾਹਿੱਤਕ ਭੰਡਾਰ ਵਿਚ ਵਾਧਾ ਕਰਨ ਲਈ,

ਮੈਂ ਇਕ ਬਦੇਸ਼ੀ ਸ਼ਾਹਕਾਰ ਨੂੰ

ਆਪਣੀ ਬੋਲੀ ਵਿਚ ਢਾਲ ਕੇ ਪੇਸ਼ ਕਰ ਰਿਹਾ ਹਾਂ।



ਮੁਖ-ਸ਼ਬਦ

‘ਟੱਪਰੀਵਾਸ ਕੁੜੀ’ ਜਿਹੜਾ ਕਿ ਵਿਕਟਰ ਹਿਊਗੋ ਫ਼੍ਰਾਂਸੀਸੀ ਨਾਵਲਿਸਟ ਦੇ ਜਗਤ ਪ੍ਰਸਿਧ ਨਾਵਲ ਦਾ, ਜਿਸਦਾ ਅੰਗਰੇਜ਼ੀ ਅਨੁਵਾਦ ਵਿਚ ਨਾਂ “Hunchback of Notre Dame” ਹੈ, ਪੰਜਾਬੀ ਵਿਚ ਉਲਥਾ ਹੈ। ਉਲਥਾ ਹੋਣ ਦੀ ਹੈਸੀਅਤ ਵਿਚ ਇਹ ਪੁਸਤਕ ਬਹੁਤ ਸਫਲ ਹੈ ਤੇ ਇਸ ਦੇ ਇਕ ਇਕ ਪਤਰੇ ਤੋਂ ਉਲਥਾਕਾਰ ਦੀ ਸੁਘੜਤਾ, ਮਿਹਨਤ ਤੇ ਬੋਲੀ ਦਿਆਂ ਗੁਝਿਆਂ ਭੇਦਾਂ ਤੇ ਵਿਸ਼ੇਸ਼ ਲਛਣਾਂ ਦੀ ਸੋਝੀ ਦਾ ਪਤਾ ਲਗਦਾ ਹੈ। ਉਲਥਾਕਾਰੀ ਲਿਖਣ-ਹੁਨਰ ਵਿਚ ਇਕ ਬਹੁਤ ਔਖਾ ਕੰਮ ਹੈ ਤੇ ਆਮ ਖ਼ਿਆਲ ਤੋਂ ਵਿਰੁਧ ਬਹੁਤ ਚੇਤੰਨ ਤੇ ਤੀਬਰ ਰਚਨਕਾਰੀ ਦੀ ਸੋਝੀ ਦੀ ਮੰਗ ਕਰਦਾ ਹੈ। ਉੱਚੇ ਦਰਜੇ ਦੀ ਉਲਥਾ-ਰਚਨਾ ਵਿਚ ਅਸਲੀ ਰਚਨਾਂ ਦੀ ਅੰਤ੍ਰੀਵ ਸਪਿਰਿਟ, ਉਸਦੇ ਸੁਹਜ ਦੀ ਵਿਸ਼ੇਸ਼ ਸੁਗੰਧੀ ਤੇ ਨਾਲ ਹੀ ਉਸ ਦੇ ਅਰਥ-ਭਾਵਾਂ ਨੂੰ ਠੀਕ ਠੀਕ ਨਿਬਾਹੁਣਾ, ਇਹ ਸਭ ਗੁਣ ਉੱਕਰੇ ਜਾਂਦੇ ਹਨ ਅਤੇ ਉਲਥਾ-ਕਾਰ ਦਾ ਭਾਵ ਸੰਖੇਪ ਇਹ ਹੁੰਦਾ ਹੈ ਕਿ ਅਸਲ ਰਚਨਾ ਦਾ ਦਰਸ਼ਨ ਜਿਥੋਂ ਤਕ ਕਿ ਇਕ ਓਪਰੀ ਬੋਲੀ ਦੀ ਰਚਨਾ ਨੂੰ ਦੂਜੀ ਵਿਚ, ਇਕ ਕਲਾ ਦੀ ਰਚਨਾ ਵਜੋਂ ਦਰਸਾਇਆ ਜਾ ਸਕਦਾ ਹੈ, ਦਰਸਾਉਣ ਦਾ ਯਤਨ ਕੀਤਾ ਜਾਵੇ। ਸਾਹਿੱਤਕ ਰਚਨਾ ਵਿਚ ਜਿਹਾ ਕਿ ਹਰ ਇਕ ਸੋਝੀਵਾਨ ਪਾਠਕ ਅੰਦਾਜ਼ਾ ਲਾ ਸਕਦਾ ਹੈ, ਜਿਹੜੀ ਔਕੜ ਰਚਨਹਾਰ ਨੂੰ ਦਰਪੇਸ਼ ਹੁੰਦੀ ਹੈ ਅਤੇ ਜਿਸ ਗੁੰਝਲ ਨੂੰ ਖੋਹਲਣ ਦੀ ਜਾਚ ਦੀ ਉਸ ਪਾਸੋਂ ਹੁਨਰ ਮੰਗ ਕਰਦਾ ਹੈ, ਉਹ ਇਹ ਹੈ ਕਿ ਅਨ-ਗਿਣਤ ਕਿਸਮਾਂ ਦੀਆਂ ਚੀਜ਼ਾਂ ਦੇ ਉਸ ਨੂੰ ਨਾਂ ਲੱਭਣੇ ਪੈਂਦੇ ਹਨ, ਅਤੇ ਅੰਤ੍ਰੀਵ ਤਜਰਬੇ ਨੂੰ ਸ਼ਬਦਾਂ ਵਿਚ ਢਾਲ ਕੇ ਉਹਨਾਂ ਨੂੰ ਸੁੰਦਰ ਰੂਪ ਤੇ ਆਕਾਰ ਦੇਣਾ ਹੁੰਦਾ ਹੈ ਜਿਹੜਾ ਉਸ ਦੀ ਕਵਿਤਾ ਯਾ ਵਾਰਤਕ ਦੀ ਚਾਲ ਅਤੇ ਰੂਪ-ਰੇਖਾ ਵਿਚ ਦਿਸੀਂਦਾ ਹੈ। ਇਸ ਰਚਨਾ ਦੇ ਦੌਰਾਨ ਵਿਚ ਉਸ ਨੂੰ ਨਵੇਂ ਨਵੇਂ ਅਤੇ ਅਦਿੱਖ ਤਜਰਬਿਆਂ, ਵੇਦਨਾਂ, ਘਟਨਾਵਾਂ ਅਤੇ ਸੂਖਮ ਭੇਦ ਰਖਣ ਵਾਲੀਆਂ, ਭਿੰਨ ਭਿੰਨ ਮਾਨਸਕ ਹਾਲਤਾਂ ਲਈ ਨਾਂ ਲੱਭਣੇ ਪੈਂਦੇ ਹਨ, ਅਤੇ ਸਾਰਿਆਂ ਨੂੰ ਜੋੜ ਕੇ ਇਕ ਅਜਿਹਾ ਗੰਢ-ਪਸਾਰਾ ਸਾਜਣਾ ਹੁੰਦਾ ਹੈ ਜਿਸ ਤੋਂ ਪੜ੍ਹਨ ਵਾਲੇ ਨੂੰ ਵਧੀਕ ਤੋਂ ਵਧੀਕ ਵਾਸ੍ਤਵਿਕਤਾ ਨਾਲ ਉਸ ‘ਤਜਰਬੇ ਯਾ ਦਸ਼ਾ, ਉਸ ਦ੍ਰਿਸ਼ ਯਾ ਕ੍ਰਮ ਦਾ ਦਰਸ਼ਨ ਹੋ ਜਾਵੇ ਜਿਸ ਨੂੰ ਕਰਤਾ ਨੇ ਦਰਸਾਉਣਾ ਲੋੜਿਆ ਹੈ। ਇਹ ਕੁਝ ਇਸ਼ਾਰੇ ਵਜੋਂ ਬਿਆਨ ਹੈ,ਰਚਣਹਾਰ ਸਾਹਿਤਕਾਰ ਦੀਆਂ ਔਖਾਂ ਦਾ।

ਉਲਥਾਕਾਰ ਨੂੰ ਵੀ ਇਹਨਾਂ ਵਿਚੋਂ ਬਹੁਤ ਸਾਰੀਆਂ ਔਖਾਂ ਨੂੰ ਉਲੰਘਣਾਂ ਪੈਂਦਾ ਹੈ ਅਤੇ ਇਨਾਂ ਗੁੰਝਲਾਂ ਨੂੰ ਖੋਹਲਣਾਂ ਪੈਂਦਾ ਹੈ, ਤਦ ਜਾ ਕੇ ਉਸ ਨੂੰ ਅਸਲ ਕਰਤਾ ਦੇ ਪ੍ਰਗਟਾਏ ਹੋਏ ਭਾਵ ਨੂੰ ਆਪਣੀ ਬੋਲੀ ਰਾਹੀਂ ਪ੍ਰਗਟਾਉਣ ਵਿਚ ਸਫਲਤਾ ਹੁੰਦੀ ਹੈ। ਖ਼ਾਸ ਕਰਕੇ ਜਦੋਂ ਉਲਥਾਕਾਰ ਦੇ ਸਾਹਮਣੇ ਇਕ ਅਜਿਹੀ ਪੁਸਤਕ ਹੋਵੇ ਜਿਹੜੀ ਇਕ ਨਿਪਟ ਹੀ ਅੱਡਰੀ ਬੋਲੀ ਵਿਚੋਂ ਅਨੁਵਾਦਣੀ ਹੋਵੇ, ਜਿਸ ਵਿਚ ਕਹਾਣੀ ਇਕ ਦੂਰ ਪੁਰਾਣੇ ਸਮੇਂ ਦੀ ਵੱਖਰੀ ਮਰ ਚੁਕੀ ਹੋਈ ਸਭਿਅਤਾ ਦੀ ਤੇ ਇਕ ਅਣਜਾਣੇ ਸਥਾਨਕ ਤੇ ਸਮਾਜਕ ਵਾਯੂਮੰਡਲ ਦੀ ਹੋਵੇ, ਉਦੋਂ ਕਹਾਣੀ ਨੂੰ ਨਵੀਂ ਬੋਲੀ ਵਿਚ ਕਰਕੇ ਤੇ ਪਾਠਕਾਂ ਵਿਚ ਉਸ ਦਿਆਂ ਪਾਤਰਾਂ ਤੇ ਉਸਦੀਆਂ ਘਟਨਾਵਾਂ ਲਈ ਦਿਲਚਸਪੀ ਪੈਦਾ ਕਰਨਾ ਬਹੁਤ ਕਠਿਨ ਕੰਮ ਹੋ ਜਾਂਦਾ ਹੈ, ਅਤੇ ਇਸ ਕੰਮ ਨੂੰ ਸਫ਼ਲਤਾ ਨਾਲ ਕਰ ਲੈਣਾ ਕਾਫੀ ਸ਼ਲਾਘਾ ਦਾ ਹੱਕਦਾਰ ਅਨੁਵਾਦਕ ਨੂੰ ਬਣਾ ਦਿੰਦਾ ਹੈ। "Hunch-back of Notre Dame" ਦਾ ਅਨੁਵਾਦ ਕਰਨ ਵਿਚ ਅਨੁਵਾਦਕ ਨੂੰ ਇਹਨਾਂ ਸਾਰੀਆਂ ਔਕੜਾਂ ਉਪਰ ਕਾਬੂ ਪਾ ਕੇ ਕੰਮ ਕਰਨਾ ਪਿਆ ਹੈ। ਕਹਾਣੀ ਬਹੁਤ ਲੰਮੀ ਸੀ, ਜਿਸ ਵਿਚ ਫ਼ਰਾਂਸ ਦੀਆਂ ਇਤਿਹਾਸਕ ਸਥਾਨਾਂ, ਰਸਮਾਂ ਰਿਵਾਜ਼ਾਂ ਅਤੇ ਪਾਤਰਾਂ ਦੇ ਬਹੁਤ ਲੰਮੇ ਲੰਮੇ ਬਿਆਨ ਹਨ ਜਿਹੜੇ ਅਸਲ ਕਰਤਾ ਵਿਕਟਰ ਹਿਊਗੋ ਦੀ ਵਿਦਵਤਾ ਤੇ ਬਿਆਨ ਦੇ ਦਰਸਾਉਣ ਦਾ ਪਤਾ ਦਿੰਦੇ ਹਨ, ਪਰ ਆਮ ਪੰਜਾਬੀ ਪਾਠਕ ਉਹਨਾਂ ਤੋਂ ਜ਼ਰੂਰ ਉਕਤਾ ਜਾਂਦਾ। ਇਸ ਲਈ ਪਹਿਲਾ ਕੰਮ ਉਲਥਕਾਰ ਦੇ ਸਾਹਮਣੇ ਕਾਂਟ ਛਾਂਟ ਦਾ ਸੀ। ਇਸ ਅਨਵਾਦ ਵਿਚ ਯਤਨ ਇਹ ਕੀਤਾ ਗਿਆ ਹੈ ਕਿ ਉਹਨਾਂ ਸਭ ਬਿਆਨਾਂ ਅਤੇ ਨਿੱਕਿਆਂ ਨਿੱਕਿਆ,ਇਕ ਗੱਠੇ ਪਿਆਂ ਗ਼ੈਰ-ਜ਼ਰੂਰੀ ਪਾਤਰਾਂ ਅਤੇ ਬਿਆਨਾਂ ਨੂੰ ਕੱਢ ਦਿਤਾ ਗਿਆ ਹੈ ਅਤੇ ਕਹਾਣੀ ਦੀ ਅਸਲੀ ਮੁਢਲੀ ਗੋਂਦ ਯਾ ਪਲਾਟ ਅਤੇ ਉਸ ਪਲਾਟ ਦਿਆਂ ਪਾਤਰਾਂ ਉਪਰ ਹੀ ਸੰਕੋਚ ਕੇ ਪਾਠਕ ਦੇ ਧਿਆਨ ਨੂੰ ਜੋੜਿਆ ਗਿਆ ਹੈ। ਮੇਰੇ ਵਿਚਾਰ ਵਿਚ ਇਹ ਕਾਂਟ ਛਾਂਟ ਚੰਗੀ ਕਹਾਣੀ-ਸਆਦ ਤੇ ਪਰਖ ਦਾ ਫਲ ਹੈ ਤੇ ਇਸ ਨਾਲ ਕਹਾਣੀ ਆਮ ਪੰਜਾਬੀ ਪਾਠਕ ਦੀ ਪਸੰਦ ਦੇ ਵਧੇਰੇ ਨੇੜੇ ਆ ਗਈ ਹੈ।

ਦੂਜਾ ਕੰਮ ਸੀ ਪਾਤਰਾਂ ਦੇ ਮੱਧ-ਸ਼ਤਾਬਦੀਆਂ ਦੇ ਕਲਾਸੀਕਲ ਫ਼ਰਾਂਸੀਸੀ ਨਾਵਾਂ ਨੂੰ ਸਾਦਾ ਤੇ ਸਰਲ ਆਕਾਰ ਦੇਣਾ ਜਿਸ ਨਾਲ ਲੰਮੇ ਤੇ ਓਚਾਰਣ ਵਿਚ ਔਖ ਲਿਆਉਣ ਵਾਲੇ ਨਾਂ ਚੇਤੇ ਰੱਖਣ ਯੋਗ ਬਣ ਜਾਣ। ਇਹ ਵੀ ਕਰ ਦਿਤਾ ਗਿਆ ਹੈ। ਮਿਸਾਲ ਵਜੋਂ ਨਾਵਲ ਦੀ ਨਾਇਕਾ ਨਾਚੀ ਮਿਸਰੀ ਕੁੜੀ, ਜਿਸਦਾ ਅਨੁਵਾਦ ਵਿਚ ਨਾਂ 'ਅਸਮਰ' ਹੈ, ਉਸ ਦਾ ਅਸਲ ਵਿਚ ਨਾਂ ‘ਲਾ ਐਸਐਰਾਲਡਾ’ ਹੈ। ਪਾਠਕ ਦੇਖ ਲੈਣਗੇ ਕਿ ਇਸ ਤਬਦੀਲੀ ਨਾਲ ਹੁਨਰੀ ਲਾਭ ਹੋਇਆ ਹੈ, ਤੇ ਜਿਵੇਂ ਨਾਂ ਹੁਣ ਹੈ ‘ਅਸਮਰ’ ਇਸ ਦੇ ਸ਼ਬਦਨਾਦ ਵਿਚ ਮਿਸਰੀ-ਪੁਣੇ ਦੀ ਭੀ ਅਚੇਤ ਹੀ ਇਕ ਝਲਕ ਜਿਹੀ ਆ ਜਾਂਦੀ ਹੈ ਜਿਸ ਨਾਲ ਕਿ ਰੁਮਾਂਟਿਕ ਵਾ-ਗੋਲ ਦੀ ਰਚਨਾ ਵਿਚ ਵਾਧਾ ਹੁੰਦਾ ਹੈ।

ਉਲਥੇ ਵਿਚ ਬਿਆਨ ਅਤੇ ਪਾਤਰਾਂ ਦੀ ਗਲ ਬਾਤ ਦੀ ਬੋਲੀ, ਦੋਹਾਂ ਨੂੰ ਮੈਂ ਪੜ੍ਹਕੇ ਸਲਾਹਿਆ ਹੈ। ਖ਼ਾਸ ਕਰਕੇ ਗਲਬਾਤ ਦੀ ਬੋਲੀ ਬਹੁਤ ਹੀ ਚੰਗੀ ਹੈ। ਬਿਆਨ ਦੀ ਬੋਲੀ ਬਾਰੇ ਮੈਂ ਤੱਕਿਆ ਹੈ ਕਿ ਇਸ ਵਿਚ ਬਹੁਤ ਸੁਚਮਣ ਤੇ ਕਿਤਾਬੀ ਰੰਗਣ ਦੇਣ ਦਾ ਯਤਨ ਨਹੀਂ ਕੀਤਾ ਗਿਆ। ਭਾਵ ਇਹ ਕਿ ਉਲਥਾਕਾਰ ਨੇ ਬਹੁਤ ਵਿਦਵਤਾ ਨਹੀਂ ਦੱਸੀ। ਬੋਲੀ ਸਾਫ਼ ਤੇ ਸਰਲ ਹੈ। ਬਹੁਤੀਆਂ ਬਰੀਕੀਆਂ ਪੱਧਰੀਆਂ ਕਰ ਕੇ ਬਿਆਨੀਆਂ ਗਈਆਂ ਹਨ। ਪੰਜਾਬੀ ਦੇ ਬਿਆਨੀਆਂ ਵਾਰਤਕ ਵਿਚ ਇਹ ਇਕ ਚੰਗਾ ਤੇ ਜਾਇਜ਼ ਰੰਗ ਹੈ, ਭਾਵੇਂ ਇਹ ਵਾਰਤਕ ਉੱਚ ਦਰਜੇ ਦੀ ਨਹੀਂ, ਕਿਉਂਜੋ ਉੱਚ ਦਰਜੇ ਦੀ ਵਾਰਤਕ ਬਹੁਤ ਭਾਵੁਕ, ਸੂਖਮ ਤੇ ਭਰਪੂਰ ਬਹੁਲਤਾ ਦੀ ਪਾਤ੍ਰ ਹੁੰਦੀ ਹੈ, ਪਰ ਇਹ ਵਾਰਤਕ ਰਚਨਾਂ ਦੀਆਂ ਆਮ ਰੋਜ਼ਾਨਾ ਲੋੜਾਂ ਲਈ ਬਹੁਤ ਵਰਤਣੀਯ ਹੈ।

ਕਹਾਣੀ ਦਾ ਸਮੁਚਾ ਪ੍ਰਭਾਵ ਇਕ ਚੰਗੀ ਤਰ੍ਹਾਂ ਉਸਾਰੀ ਹੋਈ, ਗੋਂਦਵੀਂ ਤੇ ਰੁਚੀ ਨੂੰ ਖਿਚਣ ਵਾਲੀ ਵਾਰਤਾ ਦਾ ਹੈ, ਜਿਸ ਵਿਚ ਪਿਆਰ ਅਤੇ ਤੋੜ-ਨਿਭਾਉਣ ਦੇ ਜਜ਼ਬੇ, ਦੁਰਾਡੇ ਸਮੇਂ ਅਤੇ ਰਸਮਾਂ ਦੇ ਬਿਆਨ, ਹੈਰਾਨੀ, ਭੈ ਅਤੇ ਅਜੂਬਿਆਂ ਦੇ ਖਿਚਦਿਆਂ ਸੋਮਿਆਂ ਨੂੰ ਛੋਹ ਕੇ ਕਰਤਾ ਨੇ ਇਕ ਮਨ-ਖਿਚਵੀਂ ਕਹਾਣੀ ਸਾਜੀ ਹੈ। ਗੁਝੇ ਭੇਦ, ਅਚਨਚੇਤ ਘਟਨਾਵਾਂ, ਸਾਜ਼ਸ਼ ਤੇ ਦੂਤ-ਪੁਣੇ ਦੀਆਂ ਗੋਂਦਾਂ ਅਤੇ ਇਸ ਦੇ ਨਾਲ ਨਾਲ ਪਾਤਰਾਂ ਦੀ ਅੰਤ੍ਰੀਵ ਦਸ਼ਾਵਾਂ ਨੂੰ ਦਰਸਾਉਣ ਕਰਕੇ ਕਹਾਣੀ ਵਿਚ ਰੋਮਾਂਟਿਕ ਰੰਗਣ ਦੇ ਨਾਲ ਨਾਲ ਚੰਗੇ ਮਾਨਸਕ ਸਾਹਿਤ ਦੀ ਸਿਫ਼ਤ ਹੈ।

ਪੰਜਾਬੀ ਵਿਚ ਚੰਗੇ ਮੌਲਕ ਨਾਵਲਾਂ ਦੇ ਘਾਟੇ ਕਰਕੇ ਕਹਾਣੀ-ਕਲਾ ਦੀਆਂ ਪ੍ਰਸਿਧ ਤੇ ਚੰਗੀਆਂ ਰਚਨਾਂ ਦੇ ਅਨੁਵਾਦ ਹੋਣੇ ਜ਼ਰੂਰੀ ਤੇ ਲਾਭਦਾਇਕ ਗੱਲ ਹੈ। ਹੁਣ ਤੀਕ ਪੰਜਾਬੀ ਵਿਚ ਨਾਵਲਾਂ ਤੇ ਕਹਾਣੀਆਂ ਦੇ ਕਈ ਚੰਗੇ ਚੰਗੇ ਉਲਥੇ ਪਾਠਕਾਂ ਦੇ ਅੱਗੇ ਆ ਚੁੱਕੇ ਹਨ। ਆਸ ਹੈ ਕਿ ਪਾਠਕ ਹਰ ਇਕ ਅਜਿਹੇ ਚੰਗੇ ਅਨੁਵਾਦ ਲਈ ਅਨੁਵਾਦਕਾਰਾਂ ਦੇ ਧੰਨਵਾਦੀ ਹੋਣਗੇ।

ਸਿਖ ਨੈਸ਼ਨਲ ਕਾਲਜ,)

ਗੁਰਬਚਨ ਸਿੰਘ 'ਤਾਲਬ'

੩੦ ਜਨਵਰੀ, ੧੯੪੫)