ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਸੱਸੀ-ਪੁੰਨੂੰ

ਸੱਸੀ-ਪੁੰਨੂੰ

'ਸੱਸੀ ਪੁੰਨੂੰ' ਦੀ ਲੋਕ ਗਾਥਾ ਇਕ ਅਜਿਹੀ ਗਾਥਾ ਹੈ ਜਿਸ ਨੇ ਪੰਜਾਬੀਆਂ ਦੀ ਮਾਨਸਿਕਤਾ 'ਤੇ ਸਦੀਵੀ ਪ੍ਰਭਾਵ ਪਾਇਆ ਹੋਇਆ ਹੈ। ਸਦੀਆਂ ਬੀਤਣ ਬਾਅਦ ਵੀ ਪੰਜਾਬ ਦੀ ਮੁਟਿਆਰ ਇਸ ਕਹਾਣੀ ਵਿਚਲੇ ਦਰਦ ਨੂੰ ਸਹਿਲਾਅ ਨਹੀਂ ਸਕੀ। ਉਸ ਨੇ ਸੈਆਂ ਲੋਕ-ਗੀਤਾਂ ਰਾਹੀਂ ਆਪਣੀ ਵੇਦਨਾ ਦਾ ਇਜ਼ਹਾਰ ਬੜੇ ਦਰਦੀਲੇ ਬੋਲਾਂ ਵਿਚ ਕੀਤਾ ਹੈ:

ਆਪਣੇ ਕੋਠੇ ਮੈਂ ਖੜ੍ਹੀ
ਪੁੰਨੂੰ ਖੜ੍ਹਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।

ਉਠ ਨੀ ਮਾਏਂ ਸੁੱਤੀਏ
ਚੁੱਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।

ਉੱਠ ਨੀ ਭਾਬੋ ਸੁੱਤੀਏ
ਦੁੱਧ ਮਧਾਣੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ

ਮੱਖਣ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।

ਉਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਚੁਣਾ
ਵਿਚ ਵਿਚ ਰੱਖ ਦੇ ਮੋਰੀਆਂ
ਦੇਖਾਂ ਪੁੰਨੂੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।

ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਵਾਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਤੈਨੂੰ ਦੇਵਾਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।

ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਈਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਮੈਥੋਂ ਛੋਟੀ ਨੂੰ ਲਈਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।

ਕੋਈ ਸੱਤ ਕੁ ਸਦੀਆਂ ਪਹਿਲਾਂ ਦੀ ਗੱਲ ਏ। ਅਜੋਕੇ ਪਾਕਿਸਤਾਨ ਸਥਿਤ ਭੰਬੋਰ ਸ਼ਹਿਰ ਵਿਚ ਸਿੰਧ ਦਾ ਆਦਮ ਖ਼ਾਨ ਨਾਮੀਂ ਰਾਜਾ ਰਾਜ ਕਰਦਾ ਸੀ। ਰਾਜਾ ਬੜਾ ਦਾਨੀ ਸੀ। ਕਿਸੇ ਗੱਲ ਦੀ ਉਹਦੇ ਘਰ ਤੋਟ ਨਹੀਂ ਸੀ। ਜੇ ਤੋਟ ਸੀ ਤਾਂ ਇਕ ਔਲਾਦ ਦੀ। ਰਾਣੀ ਦੀ ਸੱਖਣੀ ਗੋਦ ਉਹਦੀ ਸਾਰੀ ਪਰਜਾ ਲਈ ਉਦਾਸੀ ਦਾ ਕਾਰਨ ਬਣੀ ਹੋਈ ਸੀ। ਰਾਜੇ ਨੇ ਪਰਜਾ ਸਮੇਤ ਸੱਚੇ ਰੱਬ ਅੱਗੇ ਅਰਦਾਸਾਂ ਕੀਤੀਆਂ, ਸੈਆਂ ਮੰਨਤਾਂ ਮੰਨੀਆਂ ਤੇ ਪੁੰਨ ਦਾਨ ਕੀਤੇ। ਰੱਬ ਤੁਰੱਠਿਆ। ਰਾਣੀ ਦੀ ਗੋਦ ਹਰੀ ਹੋ ਗਈ। ਉਹਦੇ ਘਰ ਪਿਆਰੀ ਬਾਲੜੀ ਨੇ ਜਨਮ ਲਿਆ। ਸਾਰੀ ਪਰਜਾ ਨੇ ਖ਼ੁਸ਼ੀਆਂ ਮਨਾਈਆਂ। ਭੰਬੋਰ ਸ਼ਹਿਰ ਜਗਮਗਾ ਉੱਠਿਆ। ਸਾਰੇ ਦੇ ਸਾਰੇ ਅਸਮਾਨੀ ਤਾਰੇ ਧਰਤ 'ਤੇ ਉਤਰ ਆਏ।
ਬਾਦਸ਼ਾਹ ਨੇ ਨੰਨ੍ਹੀ ਬਾਲੜੀ ਦੀ ਕਿਸਮਤ ਜਾਨਣ ਲਈ ਨਜੂਮੀ ਸੱਦ ਲਏ। ਉਨ੍ਹਾਂ ਆਪਣੀ ਜੋਤਿਸ਼ ਵਿਦਿਆ ਦੀ ਅੱਖ ਖੋਲ੍ਹੀ... ਤਾਰਿਆਂ ਜੜੀ ਰਾਤ 'ਤੇ ਕਿਸੇ ਕਾਲਖ਼ ਧੂੜ ਦਿੱਤੀ।
ਨਜੂਮੀਆਂ ਦੱਸਿਆ, "ਹੇ ਬਾਦਸ਼ਾਹ ਸਲਾਮਤ ਇਹ ਲੜਕੀ ਤੁਹਾਡੇ ਮੱਥੇ ਕਾਲਖ ਦਾ ਟਿੱਕਾ ਲਾਵੇਗੀ। ਜਦੋਂ ਬਾਲੜੀ ਮੁਟਿਆਰ ਹੋ ਜਾਵੇਗੀ ਤਦ ਇਹਦਾ ਪਿਆਰ ਇਕ ਵਿਦੇਸ਼ੀ ਗੱਭਰੂ ਨਾਲ਼ ਪੈ ਜਾਵੇਗਾ ਤੇ ਇਹ ਉਹਦੇ ਪਿੱਛੇ ਥਲਾਂ ਵਿਚ ਰੁਲ਼ ਮੋਏਗੀ।"
ਇਹ ਸੁਣ ਕੇ ਰਾਜੇ ਦਾ ਕੇਸੂ ਦੇ ਫੁੱਲ ਵਾਂਗ ਟਹਿਕਦਾ ਮੁਖੜਾਂ ਕੁਮਲਾ ਗਿਆ।
"ਇਹ ਮੇਰੇ ਮੱਥੇ ਕਾਲਖ ਦਾ ਟਿੱਕਾ ਲਾਵੇਗੀ, ਕਿਉਂ ਨਾ ਇਹਨੂੰ ਹੁਣੇ ਹੀ ਬਿਲੇ ਲਾ ਦਿੱਤਾ ਜਾਵੇ, "ਰਾਜੇ ਸੋਚਿਆ। ਅਮੀਰਾਂ ਵਜ਼ੀਰਾਂ ਹਾਂ ਵਿਚ ਹਾਂ ਮਿਲਾ ਦਿੱਤੀ।
ਰਾਜੇ ਨੇ ਬੇਟੀ ਨੂੰ ਮਰਵਾਉਣਾ ਚਾਹਿਆ, ਪਰੰਤੂ ਉਹਦੀ ਮਮਤਾ ਜਾਗ ਪਈ। ਉਹ ਆਪਣੇ ਦਿਲ ਦੇ ਟੁਕੜੇ ਨੂੰ ਕਿਵੇਂ ਮਰਵਾਂਦਾ। ਆਹ! ਉਹਨੇ ਇਕ ਅਤਿ ਸੁੰਦਰ ਸੰਦੁਕ ਬਣਵਾਇਆ ਤੇ ਨਿੱਕੀ ਜਿਹੀ ਜਿੰਦ ਉਸ ਵਿਚ ਬੰਦ ਕਰਕੇ ਠਾਠਾਂ ਮਾਰਦੇ ਸਿੰਧ ਦਰਿਆ ਵਿਚ ਰੋੜ੍ਹ ਦਿੱਤੀ।
ਮਲੂਕ ਜਿੰਦ ਦੀ ਅਮੜੀ ਤੜਪਦੀ ਰਹੀ, ਬਾਦਸ਼ਾਹ ਹੰਝੂ ਕੇਰਦਾ ਰਿਹਾ। ਸੰਦੂਕ ਬਿਨਾਂ ਚੁਪੂੱਓਂ ਤੇ ਮਲਾਹੋਂ ਬੇੜੀ ਵਾਂਗ ਦਰਿਆ ਦੀਆਂ ਖੌਰੂ ਪਾਉਂਦੀਆਂ ਲਹਿਰਾਂ 'ਤੇ ਤੈਰਦਾ ਰਿਹਾ।
ਸ਼ਹਿਰੋਂ ਬਾਹਰ ਅੱਤਾ ਨਾਂ ਦਾ ਧੋਬੀ ਆਪਣੀ ਧੋਬਣ ਸਮੇਤ ਇਸੇ ਦਰਿਆ 'ਤੇ ਕੱਪੜੇ ਧੋ ਰਿਹਾ ਸੀ। ਉਹਦੀ ਨਜ਼ਰ ਸੂਰਜ ਵਿਚ ਚਮਕਦੇ ਰੁੜ੍ਹੇ ਆਉਂਦੇ ਸੰਦੂਕ 'ਤੇ ਜਾ ਪਈ। ਉਹਨੇ ਉਹ ਸੰਦੂਕ ਫੜ ਲਿਆ। ਉਸ ਸੰਦੂਕ ਦਾ ਢੱਕਣ ਚੁੱਕਿਆ। ਇਕ ਪਿਆਰਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਹੈਰਾਨੀ ਅਤੇ ਖ਼ੁਸ਼ੀ ਦੇ ਰਲ਼ੇ-ਮਿਲ਼ੇ ਭਾਵਾਂ ਦੇ ਪ੍ਰਭਾਵ ਸਦਕਾ ਅੱਤਾ ਅਹਿਲ ਖੜ੍ਹਾ ਰਿਹਾ। ਇਕ ਪਲ ਮਗਰੋਂ ਬੁੱਢੇ ਧੋਬੀ ਦੇ ਝੁਰੜਾਏ ਬੁੱਲਾਂ 'ਤੇ ਮੁਸਕਾਨ ਨੱਚੀ ਤੇ ਉਹਨੇ ਆਪਣੀ ਧੋਬਣ ਨੂੰ ਆਵਾਜ਼ ਮਾਰੀ, "ਨੱਸ ਕੇ ਆਈਂ ਉਰੇ। ਆਹ ਵੇਖ ਰੱਬ ਨੇ ਸਾਡੇ ਲਈ ਕੇਹੀ ਅਮੁੱਲੀ ਦਾਤ ਘੱਲੀ ਏ। ਸਾਡੀਆਂ ਵਰ੍ਹਿਆਂ ਦੀਆਂ ਸੁਖਣਾਂ ਅੱਜ ਪੂਰੀਆਂ ਹੋਈਆਂ ਨੇ।"
ਧੋਬਣ ਨੇ ਬਾਲੜੀ ਨੂੰ ਆਪਣੀ ਗੋਦ 'ਚ ਲੈ ਲਿਆ। ਖ਼ੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਵਿਚੋਂ ਮਮਤਾ ਦੇ ਅੱਥਰੂ ਵਗ ਤੁਰੇ।
ਮਹਿਲਾਂ ਦੀ ਦੌਲਤ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਉਹਦਾ ਨਾਂ ਉਨ੍ਹਾਂ ਸੱਸੀ ਪਾ ਲਿਆ।
ਸਿੰਧ ਦੇ ਪਾਣੀਆਂ ਨੇ ਮੁਟਿਆਰ ਸੱਸੀ 'ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਸੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਧੋਬੀਆਂ ਦੇ ਘਰ ਐਨਾ ਹੁਸਨ, ਲੋਕੀਂ ਹੈਰਾਨ ਹੁੰਦੇ। ਕਈ ਚੰਗਾ ਖਾਂਦੇ-ਪੀਂਦੇ ਧੋਬੀਆਂ ਨੇ ਸੱਸੀ ਦੇ ਸਾਕ ਦੀ ਖ਼ੈਰਾਤ ਮੰਗੀ, ਪਰੰਤੂ ਅੱਤੇ ਨੇ ਸਾਰੇ ਠੁਕਰਾ ਦਿੱਤੇ। ਉਹ ਸੱਸੀ ਦੀ ਰਜ਼ਾਮੰਦੀ ਲੈਣਾ ਚਾਹੁੰਦਾ ਸੀ। ਸੱਸੀ ਨੂੰ ਅਜੇ ਤੀਕਰ ਕੋਈ ਗੱਭਰੂ ਜਚਿਆ ਨਹੀਂ ਸੀ।
ਭੰਬੋਰ ਸ਼ਹਿਰ ਦੇ ਇਕ ਰਸੀਏ ਸੌਦਾਗਰ ਦੇ ਨਵੇਂ ਬਣੇ ਮਹਿਲ ਦੀ ਬੜੀ ਚਰਚਾ ਸੀ। ਇਸ ਮਹਿਲ ਵਿਚ ਸੰਸਾਰ ਭਰ ਦੇ ਸ਼ਹਿਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਆਪਣੀਆਂ ਸਹੇਲੀਆਂ ਨਾਲ਼ ਇਹ ਮਹਿਲ ਵੇਖਣ ਗਈ। ਉਹ ਬੜੀ ਰੀਝ ਨਾਲ਼ ਤਸਵੀਰਾਂ/ਚਿੱਤਰ ਵੇਖ ਰਹੀਆਂ ਸਨ ਪਰ ਇਕ ਤਸਵੀਰ ਨੇ ਤਾਂ ਜਾਣੋਂ ਸੱਸੀ ਨੂੰ ਕੀਲ ਹੀ ਦਿੱਤਾ। ਉਹ ਇਸ ਤਸਵੀਰ ਤੋਂ ਆਪਣੀ ਨਿਗਾਹ ਪਰੇ ਨਾ ਹਟਾ ਸਕੀ। ਉਹ ਆਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ।
ਕਿਸੇ ਦੱਸਿਆ, "ਇਹ ਕੀਚਮ ਦੇ ਸ਼ਹਿਜ਼ਾਦੇ ਪੁੰਨੂੰ ਦੀ ਤਸਵੀਰ ਏ।"
ਐਨਾ ਪਿਆਰਾ ਮੁਖੜਾ ਉਸ ਕਦੀ ਤੱਕਿਆ ਨਹੀਂ ਸੀ। "ਰੱਬ ਕਰੇ, ਪੁੰਨੂੰ ਮੈਨੂੰ ਮਿਲ ਜਾਵੇ।" ਸੱਸੀ ਨੇ ਦਿਲ ਫੜ ਕੇ ਠੰਢਾ ਹਾਉਕਾ ਭਰਿਆ। ਸੱਸੀ ਹੁਣ ਪੁੰਨੂੰ ਦੀ ਹੋ ਚੁੱਕੀ ਸੀ।
ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੌਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ਼ ਜਾ ਕੇ ਕਰਦੇ। ਉਥੋਂ ਦਾ ਸ਼ਹਿਜ਼ਾਦਾ ਪੁੰਨੂੰ ਹੁਸ਼ਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਅਲੀ ਹੋਤ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫ਼ਲੇ ਨਾਲ਼ ਭੰਬੋਰ ਪੁੱਜ ਗਿਆ।
ਸੱਸੀ ਪੁੰਨੂੰ ਇਕ-ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ।
"ਤੂੰ ਪੁੰਨੂੰ ਏਂ ਸੋਹਣਿਆ। ਕੀਚਮ ਦਾ ਸ਼ਹਿਜ਼ਾਦਾ?" ਸੱਸੀ ਦਾ ਚਿਹਰਾ ਮੁਸਕਰਾਇਆ।
"ਹਾਂ ਮਨਮੋਹਣੀਏਂ ਸੱਸੀਏ, ਮੈਂ ਤੇਰੇ ਹੁਸਨ ਨੂੰ ਸਿਜਦਾ ਕਰਨ ਤੇਰੇ ਦੇਸ਼ ਆਇਆਂ।" ਦੋਵੇਂ ਪਿਆਰੇ ਇਕ ਦੂਜੇ ਵਿਚ ਲੀਨ ਹੋ ਗਏ। ਦੁਨੀਆਂ ਭਰ ਦੀਆਂ ਸਾਰੀਆਂ ਨਿਆਮਤਾਂ ਉਨ੍ਹਾਂ ਦੀ ਝੋਲੀ ਆਣ ਪਈਆਂ।
ਪੁੰਨੂੰ ਹੁਣ ਸੱਸੀ ਜੋਗਾ ਹੋ ਚੁੱਕਿਆ ਸੀ। ਪੁੰਨੂੰ ਦੇ ਨਾਲ਼ ਦੇ ਸੌਦਾਗਰ ਆਪਣੇ ਦੇਸ ਪਰਤ ਗਏ। ਉਨ੍ਹਾਂ ਪੁੰਨੂੰ ਦੇ ਪਿਤਾ ਅਲੀ ਹੋਤ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ।
ਉਹ ਕਈ ਦਿਨਾਂ ਦੀ ਮੰਜ਼ਲ ਮਾਰ ਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਪੁੰਨੂੰ ਦੇ ਭਰਾਵਾਂ ਦੀ ਖੂਬ ਖ਼ਾਤਰਦਾਰੀ ਕੀਤੀ। ਪੁੰਨੂੰ ਦੇ ਭਰਾ ਪੁੰਨੁੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ-ਭਰ ਪਿਆਂਦੇ ਰਹੇ। ਪੁੰਨੂੰ ਬੇਹੋਸ਼ ਹੋ ਗਿਆ।
ਰਾਤ ਰਾਣੀ ਨੇ ਸਤਾਰਿਆਂ ਜੜੀ ਕਾਲ਼ੀ ਚਾਦਰ ਆਪਣੇ ਦੁਆਲੇ ਵਲ੍ਹੇਟ ਲਈ। ਸੱਸੀ ਮਦਹੋਸ਼ ਹੋਏ ਪੁੰਨੂੰ ਦੇ ਗਲ਼ ਆਪਣੀ ਬਾਂਹ ਵਲੀ ਘੂਕ ਸੁੱਤੀ ਪਈ ਸੀ। ਪੁੰਨੂੰ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਹੇ ਸੱਸੀ ਦੀ ਬਾਂਹ ਪਰ੍ਹੇ ਹਟਾਈ ਤੇ ਪੁੰਨੂੰ ਨੂੰ ਇਕ ਊਠ ਉਤੇ ਲੱਦ ਲਿਆ। ਉਹ ਜਾਣਦੇ ਸਨ ਕਿ ਪੁੰਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲ਼ਾ ਨਹੀਂ। ਸੱਸੀ ਬੇਖ਼ਬਰ ਸੁੱਤੀ ਰਹੀ। ਉਹ ਬੇਹੋਸ਼ ਪੁੰਨੂੰ ਨੂੰ ਲੈ ਤੁਰੇ!
ਸੱਸੀ ਦੀ ਜਾਗ ਖੁੱਲ੍ਹੀ। ਪੁੰਨੂੰ ਉਹਦੇ ਕੋਲ਼ ਨਹੀਂ ਸੀ। ਪੁੰਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ, ਕੋਈ ਵੀ ਕਿਧਰੇ ਨਹੀਂ ਸੀ। ਉਸ ਆਲ਼ਾ ਦੁਆਲ਼ਾ ਛਾਣ ਮਾਰਿਆ! ਪਰੰਤੂ ਪੁੰਨੂੰ ਤਾਂ ਕਾਫੀ ਦੂਰ ਜਾ ਚੁੱਕਿਆ ਸੀ! ਸੱਸੀ ਕੁਰਲਾ ਰਹੀ ਸੀ:

ਮੈਂ ਪੁੰਨੂੰ ਦੀ ਪੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ, ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ।

ਉਹਦੀ ਧਰਮ ਮਾਂ ਨੇ ਉਹਨੂੰ ਬਹੁਤੇਰਾ ਸਮਝਾਇਆ:

ਨਾ ਰੋ ਧੀਏ ਸੱਜੀਏ
ਪੁੰਨੂੰ ਵਰਗੇ ਬਲੋਚ ਬਥੇਰੇ

ਪਰ ਸੱਸੀ ਦੀ ਜਿੰਦ ਤਾਂ ਪੁੰਨੂੰ ਦੇ ਹਵਾਲੇ ਹੋ ਚੁੱਕੀ ਸੀ:

ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਬੂਰੀ ਮੱਝ ਤੈਨੂੰ ਲੈ ਦਿਆਂ
ਧੀਏ ਮੱਖਣਾਂ ਨਾਲ਼ ਟੁਕ ਖਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬੱਗ ਨੀ ਰਲ਼ਾ
ਜਾਨ ਤਾਂ ਮੇਰੀ ਲੈ ਗਿਆ

ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਸੱਸੀ ਪੁੰਨੂੰ-ਪੁੰਨੂੰ ਕੂਕਦੀ ਡਾਚੀ ਦੇ ਖੁਰੇ ਮਗਰ ਨਸ ਟੁਰੀ। ਸੂਰਜ ਲੋਹੜੇ ਦੀ ਅੱਗ ਵਰ੍ਹਾ ਰਿਹਾ ਸੀ। ਸੱਸੀ ਦੇ ਫੁੱਲਾਂ ਜਹੇ ਪੈਰ ਤਪਦੀ ਰੇਤ 'ਤੇ ਭੁਜਦੇ ਪਏ ਸਨ ਪਰੰਤੂ ਉਹ ਪੁੰਨੂੰ-ਪੁੰਨੂੰ ਕਰੇਂਦੀ ਹਾਲੋਂ-ਬੇਹਾਲ ਹੋਈ ਨੱਸੀ ਜਾ ਰਹੀ ਸੀ:

ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ਼ ਸ਼ਿੰਗਾਰੇ
ਬਾਲੂ ਰੇਤ ਤਪੇ ਵਿਚ ਥਲ ਦੇ
ਜਿਉਂ ਜੌਂ ਭੁੰਨਣ ਭਠਿਆਰੇ
ਸੂਰਜ ਭੱਜ ਵੜਿਆ ਵਿਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।

ਸੱਸੀ ਅੱਗੇ ਆਉਂਦੇ ਰਾਹੀਆਂ ਪਾਸੋਂ ਆਪਣੇ ਪੁੰਨੂੰ ਦਾ ਪਤਾ ਪੁੱਛਦੀ ਪਰੰਤੂ ਸਾਰੇ ਨਾਂਹ ਵਿਚ ਸਿਰ ਹਿਲਾ ਦੇਂਦੇ। ਉਸ ਥਲ ਅੱਗੇ ਵੀ ਵਾਸਤੇ ਪਾਏ:

ਦਸ ਦੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲ਼ੀ
ਜਿਥੇ ਮੇਰਾ ਪੁੰਨੂੰ ਮਿਲੇ
ਉਹ ਧਰਤ ਨਸੀਬਾਂ ਵਾਲ਼ੀ।

ਕੋਹਾਂ ਦੇ ਕੋਹ ਸੱਸੀ ਭੁਜਦੇ ਥਲਾਂ 'ਤੇ ਡਾਚੀ ਦਾ ਖੁਰਾ ਲੱਭਦੀ ਰਹੀ। ਅੰਤ ਸਿੰਧ ਦੇ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿੱਗ ਪਈ ਤੇ ਪੁੰਨੂੰ-ਪੁੰਨੂੰ ਕੂਕਦੀ ਨੇ ਪ੍ਰਾਣ ਤਿਆਗ ਦਿੱਤੇ।
ਦੂਜੇ ਬੰਨੇ, ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜਿੰਦ ਸੱਸੀ ਉਹਦੇ ਪਾਸ ਨਹੀਂ ਸੀ। ਨਾ ਹੀ ਕਿਧਰੇ ਭੰਬੋਰ ਸ਼ਹਿਰ ਸੀ- ਚਾਰੇ ਬੰਨੇ ਮਾਰੂ ਰੇਤ ਥਲ ਨਜ਼ਰੀਂ ਆ ਰਿਹਾ ਸੀ। ਉਸ ਵਾਪਸ ਪਰਤਣ ਦੀ ਜ਼ਿੱਦ ਕੀਤੀ। ਉਹਦੇ ਭਰਾਵਾਂ ਉਹਨੂੰ ਲੱਖ ਸਮਝਾਇਆ। ਉਹ ਉਨ੍ਹੀਂ ਰਾਹੀਂ ਆਪਣੀ ਡਾਚੀ ਸਮੇਤ ਮੁੜ ਪਿਆ। ਸੱਸੀ ਦਾ ਪਿਆਰਾ ਮੁਖੜਾ ਉਹਨੂੰ ਨਜ਼ਰੀਂ ਆਉਂਦਾ ਪਿਆ ਸੀ। ਡਾਚੀ ਤੇਜ਼ ਕਦਮੀਂ ਭੰਬੋਰ ਸ਼ਹਿਰ ਵੱਲ ਨੱਸੀ ਜਾ ਰਹੀ ਸੀ। ਰਾਹ ਵਿਚ ਪੁੰਨੂੰ ਨੂੰ ਆਵਾਜ਼ ਪਈ
"ਡਾਚੀ ਵਾਲ਼ਿਆ, ਇਕ ਪਲ ਰੁਕ ਜਾਵੀਂ। ਆ ਆਪਾਂ ਰਲ਼ ਕੇ ਇਕ ਰੱਬੀ ਜਿਊੜੇ ਦੀ ਕਬਰ ਪੁੱਟ ਦੇਵੀਏ।ਇਹ ਆਪਣੇ ਪਿਆਰੇ ਦੀ ਭਾਲ਼ ਵਿਚ ਪੂਰੀ ਹੋ ਗਈ ਏ।" ਪੁੰਨੂੰ ਨੇ ਪਰਤ ਕੇ ਵੇਖਿਆ ਇਕ ਆਜੜੀ ਕਬਰ ਪੁੱਟੀ ਜਾ ਰਿਹਾ ਸੀ। ਪੁੰਨੂੰ ਦਾ ਦਿਲ ਧੜਕਿਆ। ਉਹਨੇ ਡਾਚੀ ਖਲਿਆਰ ਲਈ ਤੇ ਉਸ ਦੇ ਪਾਸ ਜਾ ਕੇ ਬੋਲਿਆ, "ਕਿੱਥੇ ਹੈ ਉਹ ਸਿਦਕਣ ਮੁਟਿਆਰ?"
ਆਜੜੀ ਪੁੰਨੂੰ ਨੂੰ ਦਰੱਖ਼ਤਾਂ ਦੇ ਇਕ ਝੁੰਡ ਕੋਲ਼ ਲੈ ਗਿਆ। ਆਜੜੀ ਨੇ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ- ਪੁੰਨੂੰ ਦੇ ਹੋਸ਼ ਉੱਡ ਗਏ।
"ਸੱਸੀ!" ਪੁੰਨੂੰ ਨੇ ਧਾਹ ਮਾਰੀ ਤੇ ਉਹਦੇ 'ਤੇ ਉਲਰ ਪਿਆ! ਪੁੰਨੂੰ ਵਿਰਲਾਪ ਕਰ ਰਿਹਾ ਸੀ ਤੇ ਉਹਦੇ ਕੋਸੇ ਹੰਝੂ ਸੱਸੀ ਦੇ ਕੁਮਲਾਏ ਚਿਹਰੇ ਨੂੰ ਧੋ ਰਹੇ ਸਨ। "ਸੱਸੀਏ ਵੇਖ ਤੇਰਾ ਪੁੰਨੂੰ ਤੇਰੇ ਕੋਲ਼ ਆ ਗਿਆ ਏ। ਸੱਸੀਏ! ਬੋਲ ਤਾਂ ਸਹੀ... ਤੇਰਾ ਪੁੰਨੂੰ ਸੱਸੀਏ... ਹਾਏ ਸੱਸੀਏ.." ਪੁੰਨੂੰ ਸੱਸੀ ਦੀ ਲਾਸ਼ 'ਤੇ ਢਹਿ ਪਿਆ ਤੇ ਉਹਨੂੰ ਮੁੜ ਕੇ ਹੋਸ਼ ਨਾ ਆਇਆ! ਆਜੜੀ ਦੀਆਂ ਅੱਖੀਆਂ ਵਿਚੋਂ ਹੰਝੂਆਂ ਦੇ ਦਰਿਆ ਵਗ ਟੁਰੇ। ਉਹਦੇ ਵੇਖਦੇ-ਵੇਖਦੇ ਦੋ ਜਿੰਦਾਂ ਇਕ-ਦੂਜੇ ਲਈ ਕੁਰਬਾਨ ਹੋ ਗਈਆਂ!
ਆਜੜੀ ਨੇ ਤਾਂ ਆਪਣੀ ਸਹਾਇਤਾ ਲਈ ਰਾਹੀ ਨੂੰ ਬੁਲਾਇਆ ਸੀ ਪਰੰਤੂ ਉਸ ਦੇ ਸਾਹਮਣੇ ਇਕ ਦੀ ਥਾਂ ਦੋ ਲੋਥਾਂ ਪਈਆਂ ਸਨ। ਖੌਰੇ ਕੋਈ ਹੋਰ ਉਸ ਦੀ ਮਦਦ ਲਈ ਆਵੇ ਜਾਂ ਨਾ ਆਵੇ। ਉਹਨੇ ਕੱਲਿਆਂ ਕਬਰ ਖੋਦੀ ਤੇ ਦੋਵੇਂ ਉਸ ਵਿਚ ਦਫ਼ਨਾ ਦਿੱਤੇ ਤੇ ਆਜੜੀ ਦੇ ਜੀਵਨ ਨੇ ਅਜਿਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ 'ਤੇ ਫ਼ਕੀਰ ਬਣ ਕੇ ਬੈਠ ਗਿਆ।

.