ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਸੋਹਣਾ ਜ਼ੈਨੀ

ਸੋਹਣਾ ਜ਼ੈਨੀ

ਸੋਹਣਾ ਜ਼ੈਨੀ ਪੱਛਮੀ ਪੰਜਾਬ ਦੇ ਨੀਲੀ ਬਾਰ ਦੇ ਇਲਾਕੇ ਗੁਜਰਾਤ ਵਿਚ ਚੌਧਵੀਂ ਸਦੀ ਵਿਚ ਵਾਪਰੀ ਅਜਿਹੀ ਮਨਮੋਹਕ ਲੋਕ ਗਾਥਾ ਹੈ ਜੋ ਸਦੀਆਂ ਤੋਂ ਪੰਜਾਬ ਦੀ ਲੋਕ ਆਤਮਾ ਨੂੰ ਟੁੰਭਦੀ ਆ ਰਹੀ ਹੈ। ਇਸ ਲੋਕ ਗਾਥਾ ਨੂੰ ਬੱਲੂ ਰਾਮ ਬਾਜ਼ੀਗਰ ਨੇ ਬਾਰ ਦੀ ਲੋਕ ਬੋਲੀ ਅਤੇ ਠੇਠ ਲੋਕ ਮੁਹਾਵਰੇ ਵਿਚ ਲੋਕ ਕਾਵਿ ਰੂਪ ਢੋਲੇ ਦੇ ਰੂਪ ਵਿਚ ਰਚਿਆ ਹੈ। ਇਸ ਤੋਂ ਇਲਾਵਾ ਇਸ ਨੂੰ ਖਾਹਸ਼ ਅਲੀ ਅਤੇ ਕਵੀ ਜਲਾਲ ਨੇ ਆਪਣੇ ਕਿੱਸਿਆਂ ਵਿਚ ਬੜੇ ਪਿਆਰੇ ਅੰਦਾਜ਼ ਵਿਚ ਬਿਆਨ ਕੀਤਾ ਹੈ।
ਜ਼ਿਲ੍ਹਾ ਗੁਜਰਾਤ ਦੇ ਚੱਕ ਅਬਦੁੱਲਾ ਨਾਮੀ ਪਿੰਡ ਵਿਚ ਉਸੇ ਪਿੰਡ ਦਾ ਮਾਲਕ ਅਬਦੁੱਲਾ ਰਹਿ ਰਿਹਾ ਸੀ। ਬੰਦਾ ਬੜਾ ਸਖੀ ਸੀ। ਘਰ ਵਿਚ ਕਿਸੇ ਚੀਜ਼ ਦੀ ਤੋਟ ਨਹੀਂ ਸੀ, ਜੇ ਤੋਟ ਸੀ ਤਾਂ ਔਲਾਦ ਦੀ। ਉਸ ਬੜੇ ਪੁੰਨ-ਦਾਨ ਕੀਤੇ, ਮੰਨਤਾਂ ਮੰਨੀਆਂ। ਸੱਚੇ ਦਿਲੋਂ ਕੀਤੀ ਉਸ ਦੀ ਦੁਆ ਖ਼ੁਦਾ ਦੇ ਦਰ ਕਬੂਲ ਹੋ ਗਈ। ਰਹਿਮਤਾਂ ਵਰ੍ਹ ਪਈਆਂ। ਉਸ ਨੂੰ ਸੱਚੇ ਰਸੂਲ ਦੇ ਦਰੋਂ ਤਿੰਨ ਪੁੱਤਰਾਂ ਦੀ ਦਾਤ ਮਿਲ ਗਈ। ਸੋਹਣਾ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ।
ਸਮਾਂ ਪਾ ਕੇ ਸੋਹਣਾ ਜਵਾਨ ਹੋ ਗਿਆ! ਉਹਦੇ ਅਲਬੇਲੇ ਸ਼ੌਕ ਸਨ। ਇਕ ਦਿਨ ਉਹ ਸ਼ਿਕਾਰ ਖੇਡਦਾ-ਖੇਡਦਾ ਆਪਣੇ ਖੂਹ 'ਤੇ ਪੁੱਜ ਗਿਆ। ਉਸ ਵੇਖਿਆ ਖੂਹ ਦੇ ਨੇੜੇ ਹੀ ਖੇਤਾਂ ਵਿਚ ਬੰਗਾਲੇ-ਜੋਗੀਆਂ ਦਾ ਡੇਰਾ ਉਤਰਿਆ ਹੋਇਆ ਸੀ। ਉਸ ਡੇਰੇ ਦੇ ਨੰਬਰਦਾਰ ਸਮਰ ਨਾਥ ਦੀ ਅਲਬੇਲੀ ਧੀ ਜ਼ੈਨੀ ਆਪਣੀ ਸਹੇਲੀ ਚੰਦਾ ਨਾਲ਼ ਖੂਹ 'ਤੋਂ ਪਾਣੀ ਪਈ ਭਰੇਂਦੀ ਸੀ। ਜ਼ੈਨੀ ਦਾ ਰੂਪ ਬਣ ਬਣ ਪੈ ਰਿਹਾ ਸੀ:

ਸੋਹਣੀ ਸੂਰਤ ਬਦਨ ਦੀ ਪਿਆਰੀ
ਜਿਉਂ ਮੱਖਣ ਦਾ ਪੇੜਾ
ਚਸ਼ਮ ਉਘਾੜ ਤੱਕੇ ਉਹ ਜਿਤ ਵਲ
ਉੜਨੇ ਵਾਲ਼ਾ ਕਹਿੜਾ
ਪਲਕਾਂ ਤੀਰ ਲੱਗਣ ਵਿਚ ਸੀਨੇ
ਅੱਬਰੂ ਸਖ਼ਤ ਕਮਾਨਾਂ
ਇਕ ਨਜ਼ਰ ਥੀਂ ਘਾਇਲ ਹੋਵਨ

ਲੱਖ ਕਰੋੜਾਂ ਜਾਨਾਂ
ਜ਼ੁਲਫ਼ਾਂ ਰਾਤ ਹਨੇਰੀ ਵਾਂਗੂੰ
ਤੇ ਮੁਖ ਰੋਜ਼ ਉਜਾਲਾ
ਦਿਲ ਤੇ ਰਾਤ ਇਕੱਠੇ ਕੀਤੇ
ਕੁਦਰਤ ਰੱਬ ਤਾਅਲਾ(ਕਵੀ ਜਲਾਲ)

ਜ਼ੈਨੀ ਦੇ ਹੁਸਨ ਨਾਲ਼ ਸੋਹਣਾ ਕੀਲਿਆ ਗਿਆ:


ਹੁਸਨ ਜ਼ੈਨੀ ਦਾ ਤੇਜ ਸ਼ਮਾਦਾਨ ਤੋਂ
ਨੈਣ ਮਰੇਂਦੇ ਨੇ ਬਿਜਲੀ ਵਾਂਗ ਚਮਕ ਨੂੰ
ਟੁਰੇ ਮੋਰ ਚਕੋਰ ਦੇ ਵਾਂਗ ਜ਼ੈਨੀ
ਛੱਲੇ ਮੁੰਦਰੀਆਂ ਪਏ ਸੋਂਹਦੇ ਨੇ ਹੱਥ ਨੂੰ
ਮੱਥਾ ਜ਼ੈਨੀ ਦਾ ਚੰਦ ਮੁਤਾਬ ਜਿਹਾ
ਧਾਰ ਕੱਜਲ ਦੀ ਸੋਂਹਦੀ ਅੱਖ ਨੂੰ
ਹਾਈ ਹੁਸਨ ਦੇ ਵਿਚ ਭਰਪੂਰ ਜ਼ੈਨੀ
ਜਿਸ ਬਾਝ ਕਲਮੇਂ ਕੀਲਿਆ ਹੈ ਜੱਟ ਨੂੰ(ਵੱਲੂ ਰਾਮ ਬਾਜ਼ੀਗਰ)

ਸੋਹਣਾ ਜ਼ੈਨੀ ਦੇ ਹੁਸਨ ਦੀ ਤਾਬ ਨਾ ਝੱਲ ਸਕਿਆ। ਉਹ ਉਹਦੇ ਧੁਰ ਅੰਦਰ ਤਕ ਲਹਿ ਗਈ। ਉਹ ਜ਼ੈਨੀ ਦਾ ਹੋ ਕੇ ਰਹਿ ਗਿਆ:

ਸੋਹਣਾ ਤਰਫ਼ ਜੈਨੀ ਦੇ ਵੇਖੇ
ਦੂਰੋਂ ਲਾ ਨਜ਼ੀਰਾਂ
ਇਸ਼ਕ ਰਚੇ ਜਦ ਹੱਡਾਂ ਅੰਦਰ
ਚਲਦੀਆਂ ਨਹੀਂ ਤਦਬੀਰਾਂ
ਆਸ਼ਕ ਹੋਇਆ ਜ਼ੈਨੀ ਉੱਪਰ
ਸੋਹਣਾ ਦਿਲੋਂ ਜ਼ਬਾਨੋਂ
ਹੁਸਨ ਜ਼ੈਨੀ ਦਾ ਦਿਲ ਵਿਚ ਪੁੜਿਆ
ਛੁੱਟਾ ਤੀਰ ਕਮਾਨੋਂ(ਖਾਹਸ਼ ਅਲੀ)

ਚੰਦਾ ਤੇ ਜ਼ੈਨੀ ਪਾਣੀ ਦੇ ਘੜੇ ਭਰ ਕੇ ਮਲਕੜੇ ਮਲਕੜੇ ਪੈਲਾਂ ਪਾਂਦੀਆਂ ਡੇਰੇ ਵਿਚ ਜਾ ਵੜੀਆਂ। ਸੋਹਣਾ ਜ਼ੈਨੀ ਦੀ ਮਿੱਠੀ ਤੇ ਨਿੱਘੀ ਨੁਹਾਰ ਦਾ ਰਾਂਗਲਾ ਸੁਪਨਾ ਅਪਣੇ ਮੱਧ ਭਰੇ ਨੈਣਾਂ ਵਿਚ ਸਮੋ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈ ਹੁਣ ਉਸ ਨੂੰ ਪਿਆਰੀ-ਪਿਆਰੀ ਖ਼ੁਸ਼-ਖ਼ੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜ਼ੈਨੀ ਪਈ ਨਜ਼ਰ ਆਉਂਦੀ ਸੀ।
ਸਾਰੀ ਰਾਤ ਸੋਹਣਾ ਸੁਨਹਿਰੀ ਸੁਪਨੇ ਉਣਦਾ ਰਿਹਾ। ਸਵੇਰ ਹੁੰਦਿਆਂ ਸਾਰ ਹੀ ਉਹ ਡੇਰੇ ਵਲ ਨਸ ਟੁਰਿਆ। ਖੂਹ 'ਤੇ ਪੁਜ ਕੇ ਕੀ ਵੇਖਦਾ ਹੈ... ਡੇਰੇ ਵਾਲ਼ੀ ਥਾਂ ਭਾਂ-ਭਾਂ ਪਈ ਕਰਦੀ ਹੈ। ਜੋਗੀ ਰਾਤੋ ਰਾਤ ਅਗਾਂਹ ਤੁਰ ਗਏ ਸਨ।
ਸੋਹਣੇ ਦੇ ਕਾਲਜੇ 'ਚੋਂ ਰੁਗ ਭਰਿਆ ਗਿਆ। ਜ਼ੈਨੀ ਤਾਂ ਉਹਦਾ ਸਭ ਕੁਝ ਖਸ ਕੇ ਲੈ ਗਈ ਸੀ। ਉਹ ਉਹਦੇ ਵਿਯੋਗ ਵਿਚ ਪਾਗ਼ਲ ਜਿਹਾ ਹੋ ਗਿਆ। ਪਿਆਰੇ ਦੇ ਦੀਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜ ਕੇ ਉਹ ਮਗਰੇ ਨਸ ਟੁਰਿਆ। ਹਰ ਆਉਂਦੇ ਰਾਹੀ ਪਾਸੋਂ ਉਹ ਡੇਰੇ ਦਾ ਪਤਾ ਪੁੱਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲੱਭ ਸਕਿਆ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਗਿਆ ਸੀ। ਪਿਆਰੇ ਨਾਲ਼ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ। ਅੰਤ ਤੀਜੇ ਦਿਨ ਘੁੱਲਾਪੁਰ ਪਿੰਡ ਦੀ ਜੂਹ ਵਿਚ ਡੇਰਾ ਲੱਭ ਪਿਆ। ਜ਼ੈਨੀ ਨੂੰ ਵੇਖ ਉਸ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ।
ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾ ਮੁਖੜਾ ਤੱਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜੈਨੀ ਨਾਲ਼ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ!
ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦੀਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ਼ ਆਪਣੀ ਭੁੱਜਦੀ ਹਿੱਕੜੀ ਦੀ ਤਪਸ਼ ਠਾਰਦਾ ਹੈ।
ਸੋਹਣੇ ਦੀ ਮਾਂ ਨੂੰ ਸੋਹਣੇ ਦਾ ਹਰ ਰੋਜ਼ ਜੋਗੀਆਂ ਦੇ ਡੇਰੇ ਜਾਣਾ ਸੁਖਾਂਦਾ ਨਹੀਂ ਸੀ! ਉਹਨੇ ਉਸ ਨੂੰ ਸਮਝਾਉਣ ਦਾ ਬਹੁਤੇਰਾ ਯਤਨ ਕੀਤਾ:

ਸੋਹਣੇ ਨੂੰ ਮਾਂ ਹਟਕੇਂਦੀ,
ਬੱਚਿਆ ਛੱਡ ਦੇ ਖ਼ਿਆਲ ਇਸ ਜੋਗਣ ਦਾ,
ਇਹ ਫ਼ਕੀਰ ਸੈਲਾਨੀ ਵੱਗ ਜਾਸਣ ਅਜ ਭਲਕ ਨੂੰ।
ਪੱਛੋਤਾਸੇਂ ਤੇ ਹਾਲ ਵੰਜਈਸੇਂ
ਇਨ੍ਹਾਂ ਹੱਥ ਨਹੀਂ ਆਵਣਾ ਵੱਤ ਨੂੰ
ਯਰਾਨਾ ਪੱਖੀ ਵਾਸ ਦਾ ਠੀਕ ਨਹੀਂ ਹੋਂਦਾ
ਓਏ ਤੂੰ ਸਮਝ ਲੈ ਮੇਰੀ ਮੱਤ ਨੂੰ।(ਵੱਲੂ ਰਾਮ ਬਾਜ਼ੀਗਰ)

ਪਰ ਸੋਹਣਾ ਪਿੱਛੇ ਹਟਣ ਵਾਲ਼ਾ ਕਿੱਥੇ ਸੀ। ਉਹਦਾ ਤਾਂ ਲੂੰ ਲੂੰ ਜ਼ੈਨੀ ਲਈ ਤੜਪ ਰਿਹਾ ਸੀ

ਮਗਰ ਜ਼ੈਨੀ ਦੇ ਜਾਸਾਂ
ਮੋੜਿਆਂ ਕਦੀ ਨਾ ਰਾਹਸ਼ਾਂ
ਭਾਵੇਂ ਪੀਵੇ ਨਚੋੜ ਬਦਨ ਦੀ ਰੱਤ ਨੂੰ
ਜਦੋਂ ਇਸ਼ਕ ਚਾ ਲਾਵੇ ਅੱਗ ਫਿਰਾਕ ਦੀ
ਬੁਝਾਇਆਂ ਨਹੀਂ ਬੁੱਝਦੀ
ਭਾਵੇਂ ਉੱਤੇ ਚਾ ਵਗਾਈਏ ਪਾਣੀ ਦੇ ਮੱਟ ਨੂੰ
(ਵੱਲੂ ਰਾਮ ਬਾਜ਼ੀਗਰ)


ਸੋਹਣੇ ਨੇ ਜ਼ੈਨੀ ਦੇ ਦੀਦਰ ਲਈ ਆਪਣੇ ਪਿੰਡ ਨੂੰ ਅਲਵਿਦਾ ਆਖ ਦਿੱਤੀ ਤੇ ਜੋਗੀਆਂ ਦੇ ਡੇਰੇ 'ਤੇ ਜਾ ਕੇ ਜ਼ੈਨੀ ਦੇ ਬਾਪ ਸਮਰ ਨਾਥ ਦੇ ਜਾ ਚਰਨੀਂ ਲੱਗਾ ਤੇ ਅਰਜ਼ ਗੁਜ਼ਾਰੀ, "ਮਾਈ ਬਾਪ ਤੁਸੀਂ ਹੀ ਮੇਰੇ ਸਭ ਕੁਝ ਹੋ। ਮੇਰਾ ਇਸ ਦੁਨੀਆਂ 'ਚ ਕੋਈ ਨਹੀਂ, ਨਾ ਮਾਂ ਨਾ ਬਾਪ ਨਾ ਕੋਈ ਘਰ ਘਾਟ! ਮੈਂ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਆਂ - ਮੈਂ ਤੁਹਾਡੀ ਹਰ ਖ਼ਿਦਮਤ ਕਰਨ ਲਈ ਤਿਆਰ ਹਾਂ...।"

ਸਮਰ ਨਾਥ ਨੂੰ ਸੋਹਣੇ ਦੀ ਆਜਜ਼ੀ ਤੇ ਤਰਸ ਆ ਗਿਆ- ਉਹ ਆਪ ਨਰਮ ਹਿਰਦੇ ਵਾਲ਼ਾ ਪੁਰਸ਼ ਸੀ।
ਸੋਹਣੇ ਨੂੰ ਡੇਰੇ ਦੇ ਖੋਤੇ ਚਾਰਨ ਲਈ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।
ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪਰੰਤੂ ਜ਼ੈਨੀ ਅੱਗੇ ਉਹ ਆਪਣੇ ਮਨ ਦੀ ਘੁੰਡੀ ਨਾ ਖੋਹਲ ਸਕਿਆ।
ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜ਼ੈਨੀ ਕੱਲਮ ਕੱਲੀ ਜੰਗਲ ਵਿਚ ਪਾਣੀ ਲੈਣ ਵਾਸਤੇ ਆਈ। ਸੋਹਣਾ ਖੋਤੇ ਚਾਰਦਾ ਪਿਆ ਸੀ। ਉਹਨੇ ਜ਼ੈਨੀ ਵਲ ਵੇਖਿਆ ਤੇ ਹੌਸਲਾ ਕਰਕੇ ਪਾਣੀ ਭਰੇਂਦੀ ਜ਼ੈਨੀ ਪਾਸ ਜਾ ਕੇ ਬੋਲਿਆ, "ਜ਼ੈਨੀਏਂ!"
ਜ਼ੈਨੀ ਤ੍ਰੱਬਕ ਗਈ! ਉਸ ਵੇਖਿਆ ਸੋਹਣਾ ਉਹਦੇ ਵਲ ਇਕ ਟਿਕ ਵੇਖ ਰਿਹਾ ਸੀ।
"ਕੀ ਗੱਲ ਐ ਵੇ?"
"ਜ਼ੈਨੀਏ ਮੈਂ ਤੇਰੇ ਪਿੱਛੇ ਪਾਗ਼ਲ ਹੋ ਗਿਆ ਹਾਂ। ਮੈਂ ਆਪਣਾ ਘਰ ਬਾਰ ਛੱਡ ਕੇ ਤੇਰੇ ਅੱਗੇ ਖ਼ੈਰ ਮੰਗੀ ਏ। ਮੇਰੀ ਝੋਲ਼ੀ ਵਿਚ ਖ਼ੈਰ ਪਾ ਦੇ ਸੋਹਣੀਏਂ!" ਸੋਹਣੇ ਪੱਲਾ ਅੱਡਿਆ।
"ਵੇ ਮੂੰਹ ਸੰਭਾਲ ਕੇ ਗੱਲ ਕਰ।" ਜ਼ੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜੀ ਹੋ ਗਈ।
"ਜ਼ੈਨੀਏ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖ਼ਾਤਰ ਆਪਣਾ ਪਿਆਰਾ ਬਾਪ, ਮਾਂ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਤਿਆਗ ਕੇ ਫ਼ਕੀਰੀ ਧਾਰਨ ਕੀਤੀ ਏ। ਜ਼ੈਨੀਏਂ! ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ।" ਸੋਹਣਾ ਤਰਲੇ ਲੈ ਰਿਹਾ ਸੀ।
"ਨਮਕ ਹਰਾਮੀਆ! ਤੇਰੀ ਇਹ ਮਜਾਲ! ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ। ਅੱਜ ਡੇਰੇ ਚੱਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ ਮੁਰੱਮਤ ਵੱਡੇ ਆਸ਼ਕ ਦੀ।" ਇਹ ਆਖ ਜ਼ੈਨੀ ਡੇਰੇ ਨੂੰ ਤੁਰ ਪਈ।
ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿਚ ਉਪਾਸ਼ਕ ਲਈ ਅਜੇ ਥਾਂ ਨਹੀਂ ਸੀ ਬਣਿਆਂ। ਸੋਹਣਾ ਡਰਦਾ-ਡਰਦਾ ਕਾਫੀ ਹਨ੍ਹੇਰਾ ਹੋਏ 'ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ। ਜ਼ੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।
ਕਈ ਮਹੀਨੇ ਹੋਰ ਗੁਜ਼ਰ ਗਏ। ਸੋਹਣਾ ਜ਼ੈਨੀ ਦੇ ਫਿਰਾਕ ਵਿਚ ਤੜਪਦਾ ਰਿਹਾ। ਆਖ਼ਰ ਉਹਦੇ ਸਿਦਕ ਅਤੇ ਮੁਹੱਬਤ ਨੂੰ ਬੂਰ ਪਿਆ। ਇਕ ਦਿਨ ਫੇਰ ਜ਼ੈਨੀ ਸੋਹਣੇ ਨੂੰ ਜੰਗਲ ਵਿਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ-ਦਾਨੀ ਆਪ ਮੰਗਤਾ ਬਣ ਗਿਆ:

ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲ਼ਾ
ਜ਼ੈਨੀ ਦੇ ਵਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖ਼ਮ ਕੀਤਾ ਵਿਚ ਸੀਨੇ
ਨਿਕਲੀ ਆਹ ਜ਼ੈਨੀ ਦੇ ਦਿਲ ਥੀਂ
ਰੋਵਣ ਨੈਣ ਨਗ਼ੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖ਼ੁਮਾਰ ਸ਼ਰਾਬੋਂ ਵਧ ਕੇ



ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਜ਼ੈਨੀ ਕਮਲੀ ਹੋਈ
ਮਾਣ, ਗਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ(ਜਲਾਲ)


ਜ਼ੈਨੀ ਹੁਣ ਤਨੋਂ ਮਨੋਂ ਸੋਹਣੇ ਦੀ ਬਣ ਚੁੱਕੀ ਸੀ। ਉਹ ਹੁਣ ਉਹਦੀ ਖਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।
ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖ਼ਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿਚ ਛਿੜ ਪਈ। ਉਨ੍ਹਾਂ ਦੀ ਮੁਹੱਬਤ ਨੂੰ ਜੋਗੀਆਂ ਦੇ ਭਾਈਚਾਰੇ ਨੇ ਪ੍ਰਵਾਨ ਨਾ ਕੀਤਾ! ਜ਼ੈਨੀ ਦੀ ਮਾਂ ਨੇ ਵੀ ਉਸ ਨੂੰ ਬਹੁਤੇਰਾ ਸਮਝਾਇਆ ਪਰੰਤੂ ਉਹ ਤਾਂ ਹੁਣ ਸੋਹਣੇ ਲਈ ਜਾਨ ਹਥੇਲੀ 'ਤੇ ਰੱਖੀ ਫਿਰਦੀ ਸੀ:

ਜਮਣਾ ਤੇ ਮਰਨਾ,
ਮੌਤੂੰ ਕਦੇ ਨਾ ਡਰਨਾ,
ਅਸਾਂ ਚਿੱਤ ਜੀਵਨ ਨੂੰ ਚਾਏ।
ਮੈਨੂੰ ਤੇਰੇ ਸ਼ਰਮ ਦੀ ਲੋੜ ਨਾ ਕੋਈ
ਰੱਬ ਸੋਹਣੇ ਤੇ ਮੇਰੀਆਂ ਤੋੜ ਚੜ੍ਹਾਏ
ਮੈਨੂੰ ਯਾਰੀ ਨਾ ਯਾਰ ਦੀ ਭੁਲਦੀ ਏ
ਭਾਵੇਂ ਕੋਈ ਸੂਲੀ ਤੇ ਜਾਨ ਟਿਕਾਏ(ਵੱਲੂ ਰਾਮ ਬਾਜ਼ੀਗਰ)

ਆਖ਼ਰ ਸਮਰ ਨਾਥ ਨੇ ਸੋਹਣੇ ਨੂੰ ਡੇਰੇ ਵਿਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ। ਜੋਗੀਆਂ ਉਹਨੂੰ ਬਹੁਤੇਰਾ ਆਖਿਆ ਕਿ ਉਹ ਓਥੋਂ ਚਲਿਆ ਜਾਵੇ ਪਰੰਤੂ ਉਹ ਆਪਣੇ ਹਠ 'ਤੇ ਅੜਿਆ ਰਿਹਾ।
ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਤਾਂ ਚੜ੍ਹਨਾਂ ਹੀ ਸੀ। ਉਹ ਉਸ ਨੂੰ ਜਾਨੋਂ ਮਾਰਨ ਲਈ ਦੌੜੇ ਪਰੰਤੂ ਡੇਰੇ ਦੇ ਬਜ਼ੁਰਗ ਸਮਰ ਨਾਥ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਸ ਆਖਿਆ, "ਮੂਰਖ ਨਾ ਬਣੋ, ਆਪਣੇ ਸਿਰ ਖ਼ੂਨ ਪਾ ਕੇ ਡੇਰੇ ਦੀ ਸ਼ਾਨ ਨੂੰ ਵੱਟਾ ਨਾ ਲਾਵੋ। ਇਹਨੂੰ ਜੰਗਲ ਵਿਚ ਕਿਸੇ ਦਰੱਖ਼ਤ ਨਾਲ਼ ਬੰਨ੍ਹ ਦੇਵੋ। ਡੇਰਾ ਚੁੱਕ ਲਵੋ। ਆਪੇ ਪਿੱਛਾ ਛੱਡੇਗਾ।" ਜੋਗੀ ਰਾਤ ਸਮੇਂ ਸੋਹਣੇ ਨੂੰ ਫੜ ਕੇ ਜੰਗਲ 'ਚ ਲੈ ਗਏ। ਪਹਿਲਾਂ ਤਾਂ ਉਹਦੀ ਖ਼ੂਬ ਕੁਟਾਈ ਕੀਤੀ ਤੇ ਮਗਰੋਂ ਉਹਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ। ਰਾਤੋ ਰਾਤ ਡੇਰਾ ਅਗਾਂਹ ਤੁਰ ਪਿਆ ਪਰੰਤੂ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖ਼ਤ ਨਾਲ਼ੋਂ ਖੋਲ੍ਹ ਦਿੱਤਾ ਤੇ ਉਹ ਡੇਰੇ ਦੀ ਭਾਲ਼ ਵਿਚ ਨੱਸ ਟੁਰਿਆ। ਕਈ ਦਿਨਾਂ ਦੀ ਭਟਕਣਾ ਮਗਰੋਂ ਉਹ ਭੁੱਖਾ ਭਾਣਾ ਡੇਰੇ ਵਿਚ ਜਾ ਪੁੱਜਾ ਤੇ ਆਪਣੀ ਪਿਆਰੀ ਜ਼ੈਨੀ ਨੂੰ ਜਾ ਸਿਜਦਾ ਕੀਤਾ। ਜ਼ੈਨੀ ਵੀ ਉਹਨੂੰ ਵੇਖ ਕੇ ਟਹਿਕ ਪਈ।
ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਸੋਹਣਾ ਜ਼ੈਨੀ ਦਾ ਪਿੱਛਾ ਛੱਡਣ ਵਾਲ਼ਾ ਨਹੀਂ। ਉਸ ਨੂੰ ਮਾਰਨ ਲਈ ਉਨ੍ਹਾਂ ਉਹਦੇ ਸੱਪ ਲੜਾਉਣ ਦੀ ਸਕੀਮ ਸੋਚੀ। ਇਸ ਬਾਰੇ ਚੰਦਾ ਨੇ ਜ਼ੈਨੀ ਨੂੰ ਸਭ ਕੁਝ ਦੱਸ ਦਿੱਤਾ। ਉਹਨੇ ਚੋਰੀ ਸੋਹਣੇ ਨੂੰ ਰੋਟੀ ਵਿਚ ਪਕਾ ਕੇ ਕੋਈ ਜੰਗਲੀ ਬੂਟੀ ਖਲ਼ਾ ਦਿੱਤੀ ਤੇ ਕੁਝ ਬੂਟੀ ਸਰੀਰ 'ਤੇ ਮਲ਼ਣ ਲਈ ਦੇ ਦਿੱਤੀ।
ਜੋਗੀ ਸੋਹਣੇ ਨੂੰ ਦੂਰ ਜੰਗਲ ਵਿਚ ਲੈ ਗਏ ਤੇ ਉਹਦੇ 'ਤੇ ਤੇਲੀਆ ਸੱਪ ਛੱਡ ਦਿੱਤਾ। ਪਰੰਤੂ ਉਸ ਜੰਗਲੀ ਬੂਟੀ ਦੀ ਖ਼ੁਸ਼ਬੋ ਹੀ ਅਜਿਹੀ ਸੀ ਕਿ ਸੱਪ ਉਸ ਦੇ ਨੇੜੇ ਨਾ ਢੁਕਿਆ। ਸੋਹਣੇ ਦੀ ਜਾਨ ਬਚ ਗਈ।
ਹੁਣ ਜੋਗੀ ਜ਼ਹਿਰੀਲੇ ਸੱਪ ਦੀ ਭਾਲ਼ ਵਿਚ ਨਿਕਲ ਤੁਰੇ। ਏਧਰ ਜ਼ੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ, ਪਰ ਸੋਹਣੇ ਨੂੰ ਆਪਣੇ ਸਿਦਕ 'ਤੇ ਮਾਣ ਸੀ, ਭਰੋਸਾ ਸੀ। ਉਹ ਡਰ ਨਹੀਂ ਸੀ ਰਿਹਾ।
ਆਖ਼ਰ ਜੋਗੀ ਇਕ ਅਤਿ ਜ਼ਹਿਰੀਲਾ ਨਾਗ ਕੁਲਮਾਰ ਲੱਭ ਲਿਆਏ। ਹਨ੍ਹੇਰੇ ਗੂੜ੍ਹੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਜੰਗਲ ਬੀਆਬਾਨ ਵਿਚ ਲਿਜਾਇਆ ਗਿਆ। ਸਾਰਾ ਡੇਰਾ ਇਕੱਠਾ ਹੋਇਆ ਸੋਹਣੇ ਦੁਆਲੇ ਖਲੋਤਾ ਹੋਇਆ ਸੀ। ਸਿਰਫ਼ ਜ਼ੈਨੀ ਆਪਣੀ ਪੱਖੀ ਵਿਚ ਪਈ ਤੜਪ ਰਹੀ ਸੀ। ਉਹ ਆਪਣੇ ਸੋਹਣੇ ਦੀ ਜਾਨ ਦੀ ਸਲਾਮਤੀ ਲਈ ਸੁੱਖ ਮਨਾ ਰਹੀ ਸੀ।
ਬੀਨਾਂ ਵੱਜੀਆਂ! ਕੁਲਮਾਰ ਨਾਗ਼ ਸੋਹਣੇ 'ਤੇ ਝਪਟ ਕੇ ਪੈ ਗਿਆ, ਕਈਆਂ ਨੇ ਕਸੀਸਾਂ ਵੱਟੀਆਂ। ਨਾਗ਼ ਨੇ ਸੋਹਣੇ ਦੁਆਲ਼ੇ ਵਲ੍ਹੇਟ ਪਾ ਲਏ ਸਨ। ਚੰਦਾ ਵੇਖ ਨਾ ਸਕੀ। ਉਸ ਆਪਣਾ ਮੂੰਹ ਪਰ੍ਹੇ ਘੁਮਾ ਲਿਆ। ਨਾਗ਼ ਦੀ ਜ਼ਹਿਰ ਨਾਲ਼ ਸੋਹਣੇ ਦਾ ਸਰੀਰ ਕਾਲ਼ਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਨਿਢਾਲ ਪੈ ਗਿਆ! ਜੋਗੀਆਂ ਸਮਝਿਆ ਉਹ ਮਰ ਗਿਆ ਹੈ। ਇਸੇ ਖੁਸ਼ੀ ਵਿਚ ਉਹ ਡੇਰੇ 'ਤੇ ਆ ਕੇ ਨੱਚਣ ਗਾਉਣ ਲੱਗ ਪਏ।
ਰਾਤ ਕਾਫੀ ਲੰਘ ਚੁੱਕੀ ਸੀ। ਜ਼ੈਨੀ ਚੰਦਾ ਦੀ ਮਦਦ ਨਾਲ਼ ਅਧਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ 'ਤੇ ਮਲ਼ਦੀ ਰਹੀ।ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ-ਫੁਟਾਲੇ ਤਕ ਸੁਰਤ ਵਿਚ ਆ ਗਿਆ। ਉਸ ਆਪਣੇ ਆਪ ਨੂੰ ਜ਼ੈਨੀ ਦੀ ਗੋਦੀ ਵਿਚ ਵੇਖਿਆ ਤੇ ਬੋਲਿਆ, "ਜੈਨੀਏਂ! ਮੈਂ ਜੰਨਤ ਵਿਚ ਹਾਂ। ਕਿਧਰੇ ਮੈਂ ਸੁਪਨਾ ਤਾਂ ਨਹੀਂ ਵੇਖਦਾ ਪਿਆ!"
"ਸੋਹਣਿਆ ਸ਼ੁਕਰ ਏ ਖ਼ੁਦਾ ਦਾ, ਜਾਨ ਬਚ ਗਈ ਏ। ਵੇਲ਼ਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਤੁਰ ਚੱਲ ਕਿਧਰੇ ਵੈਰੀ ਨਾ ਆ ਜਾਣ।"
"ਜ਼ੈਨੀਏ ਜਾ ਪਿੱਛੇ ਮੁੜ ਜਾ, ਉਹ ਤੈਨੂੰ ਨਹੀਂ ਛੱਡਣਗੇ। ਜਾਹ ਰੱਬ ਦੇ ਵਾਸਤੇ ਡੇਰੇ ਨੂੰ ਮੁੜ ਜਾ।" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ।
"ਸੋਹਣਿਆ ਬਹੁਤ ਹੋ ਗਈ। ਉਹ ਤੇਰੀ ਰੱਤ ਦੇ ਪਿਆਸੇ ਹਨ, ਤੈਨੂੰ ਜਿਊਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਜੀ ਸਕਦੀ। ਚਲ ਮੈਨੂੰ ਆਪਣੇ ਦੇਸ ਲੈ ਚੱਲ।"
ਜੋਗੀਆਂ ਦੇ ਡੇਰੇ ਵਿਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖ਼ੁਸ਼ੀਆਂ ਭਰੇ ਗੀਤਾਂ ਦੇ ਬੋਲ ਹਵਾਵਾਂ ਵਿਚ ਸੁਗੰਧੀ ਬਖੇਰਦੇ ਪਏ ਸਨ। ਏਧਰ ਸੋਹਣਾ ਤੇ ਜ਼ੈਨੀ ਆਪਣੀਆਂ ਬਾਹਵਾਂ ਵਿਚ ਬਾਹਵਾਂ ਪਾਈ ਜ਼ਿੰਦਗੀ ਦੇ ਸਫ਼ਰ 'ਤੇ ਤੁਰੇ ਜਾ ਰਹੇ ਸਨ। ਊਸ਼ਾ ਉਨ੍ਹਾਂ ਦੇ ਸੁਆਗਤ ਵਿਚ ਸੁਨਹਿਰੀ ਕਿਰਨਾਂ ਦਾ ਮੀਂਹ ਵਰਸਾ ਰਹੀ ਸੀ।

.