ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਰੁੂਪ ਬਸੰਤ



ਰੂਪ ਬਸੰਤ

ਰੂਪ ਬਸੰਤ ਦੀ ਲੋਕ ਗਾਥਾ ਸਦੀਆਂ ਪੁਰਾਣੀ ਏ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ਼ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ਼ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇਕ ਘੁਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ- ਰੂਪ ਬਸੰਤ ਦੇ ਪਿਤਾ ਰਾਜਾ ਖੜਗ ਸੈਨ ਦੀ ਰਾਜਧਾਨੀ।
ਰਾਜਾ ਖੜਗ ਸੈਨ ਇਕ ਨੇਕ ਦਿਲ, ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸੀ। ਉਸ ਦੇ ਰਾਜ ਵਿਚ ਪਰਜਾ ਬਹੁਤ ਸੁਖੀ ਸੀ। ਸਾਰੇ ਉਸ ਨੂੰ ਬੜਾ ਆਦਰ ਮਾਣ ਦੇਂਦੇ ਸਨ। ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ- ਔਲਾਦ ਵਲੋਂ ਵੀ ਉਹ ਸੰਤੁਸ਼ਟ ਸੀ। ਉਸ ਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ, ਜਿਨ੍ਹਾਂ ਨੂੰ ਵੇਖਿਆਂ ਭੁੱਖ ਲਹਿੰਦੀ ਸੀ- ਅੱਖੀਆਂ ਰੱਜ ਰੱਜ ਜਾਂਦੀਆਂ ਸਨ। ਰੂਪ ਵੱਡਾ ਸੀ ਪੰਦਰਾਂ ਵਰ੍ਹਿਆਂ ਦਾ ਤੇ ਬਸੰਤ ਰੂਪ ਤੋਂ ਦੋ ਸਾਲ ਛੋਟਾ ਸੀ ਪਰੰਤੂ ਖੜਗ ਸੈਨ ਆਪਣੀ ਪਿਆਰੀ ਰਾਣੀ ਰੂਪਵਤੀ ਵਲੋਂ ਫ਼ਿਕਰਮੰਦ ਸੀ। ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ। ਰਾਜ ਦੇ ਹਕੀਮਾਂ ਨੇ ਉਹਦਾ ਬਹੁਤੇਰਾ ਇਲਾਜ ਕੀਤਾ ਪਰੰਤੂ ਉਹ ਅਜਿਹੀ ਮੰਜੇ 'ਤੇ ਪਈ ਕਿ ਉਠ ਨਾ ਸਕੀ। ਉਹ ਮੰਜੇ 'ਤੇ ਪਈ ਸੋਚਾਂ 'ਚ ਡੁੱਬੀ ਹੋਈ ਸੀ ਕਿ ਅਚਾਨਕ ਉਹਦੀ ਨਿਗਾਹ ਕਮਰੇ ਦੀ ਛੱਤ ਦੀਆਂ ਕੁੜੀਆਂ 'ਤੇ ਜਾ ਪਈ ਜਿੱਥੇ ਇਕ ਚਿੜਾ-ਚਿੜੀ ਆਪਣੇ ਆਲ੍ਹਣੇ ਵਿਚ ਪਏ ਦੋ ਨਿੱਕੇ-ਨਿੱਕੇ ਬੋਟਾਂ ਨੂੰ ਚੋਗਾ ਖਲ਼ਾ ਰਹੇ ਸਨ- ਦੋਨੋਂ ਵਾਰੀ-ਵਾਰੀ ਜਾਂਦੇ ਬਾਹਰੋਂ ਆਪਣੀ ਚੁੰਝ ਵਿਚ ਚੋਗਾ ਲਿਆ ਕੇ ਆਪਣੇ ਬੱਚਿਆਂ ਦੇ ਮੂੰਹਾਂ 'ਚ ਪਾ ਦੇਂਦੇ। ਰਾਣੀ ਕਈ ਦਿਨ ਲਗਾਤਾਰ ਚਿੜੀ-ਚਿੜੇ ਦੀ ਖੇਡ ਵੇਖਦੀ ਰਹੀ।
ਇਕ ਦਿਨ ਕੀ ਹੋਇਆ ਰਾਣੀ ਦੇ ਵੇਂਹਦਿਆਂ-ਵੇਂਹਦਿਆਂ ਚਿੜੀ ਇਕ ਦਮ ਫ਼ਰਸ਼ 'ਤੇ ਡਿੱਗ ਪਈ ਤੇ ਡਿਗਦੇ ਸਾਰ ਹੀ ਉਹਦੀ ਮੌਤ ਹੋ ਗਈ। ਰਾਣੀ ਨੂੰ ਚਿੜੀ ਦੀ ਮੌਤ ਨੇ ਸੋਚਾਂ 'ਚ ਡੁਬੋ ਦਿੱਤਾ... ਨਿੱਕੇ-ਨਿੱਕੇ ਬੋਟ ਭਲਾ ਮਾਂ ਦੇ ਨਿੱਘ ਤੋਂ ਬਿਨਾਂ ਕਿਵੇਂ ਪਲਣਗੇ। ਰਾਣੀ ਦੀਆਂ ਅੱਖਾਂ 'ਚੋਂ ਹੰਝੂ ਟਪਕ ਪਏ ਤੇ ਉਹਨੇ ਠੰਢਾ ਹੌਕਾ ਭਰਿਆ। ਉਹਦੀ ਸੁਰਤ ਹੁਣ ਹਰ ਪਲ ਆਲ੍ਹਣੇ 'ਤੇ ਹੀ ਟਿਕੀ ਹੋਈ ਸੀ। ਉਹਨੇ ਵੇਖਿਆ ਚਿੜੇ ਨਾਲ਼ ਇਕ ਹੋਰ ਚਿੜੀ ਆ ਕੇ ਰਹਿਣ ਲੱਗ ਪਈ ਹੈ... ਜਦੋਂ ਚਿੜਾ ਬਾਹਰ ਜਾਂਦਾ ਤਾਂ ਉਹ ਬੱਚਿਆਂ ਨੂੰ ਆਪਣੀ ਚੁੰਝ ਨਾਲ਼ ਮਾਰਨ ਲਗਦੀ ਅਤੇ ਭੋਜਨ ਦੀ ਥਾਂ ਭਖੜਾ ਅਤੇ ਪੱਥਰ ਦੇ ਬਰੀਕ ਟੋਟੇ ਉਨ੍ਹਾਂ ਦੇ ਮੂੰਹ ਵਿਚ ਪਾ ਦੇਂਦੀ- ਭੋਖੜੇ ਦੇ ਕਾਰਨ ਦੋਨੋਂ ਬੱਚੇ ਦਿਨਾਂ ਵਿਚ ਹੀ ਮਰ ਗਏ... ਇਸ ਘਟਨਾ ਨੇ ਰਾਣੀ ਨੂੰ ਸਿਰ ਤੋਂ ਪੈਰਾਂ ਤਕ ਝੰਜੋੜ ਕੇ ਰੱਖ ਦਿੱਤਾ।
ਇਕ ਸ਼ਾਮ ਰਾਜਾ ਖੜਗ ਸੈਨ ਜਦੋਂ ਮਹਿਲੀਂ ਆਇਆ ਤਾਂ ਰੂਪਵਤੀ ਦੇ ਮੁਰਝਾਏ ਚਿਹਰੇ ਨੂੰ ਵੇਖ ਕੇ ਘਬਰਾ ਗਿਆ। ਉਸ ਨੇ ਉਸ ਨੂੰ ਸੁਨੇਹ ਭਰੀਆਂ ਨਜ਼ਰਾਂ ਨਾਲ਼ ਵੇਖਿਆ ਤੇ ਬੋਲਿਆ, "ਰਾਣੀ ਕਿਉਂ ਹੌਸਲਾ ਹਾਰ ਰਹੀ ਏਂ? ਤਕੜੀ ਹੋ- ਸੁਖ ਨਾਲ਼ ਆਪਣੇ ਰੂਪ ਬਸੰਤ ਜਵਾਨ ਹੋ ਰਹੇ ਨੇ- ਆਪਾਂ ਇਨ੍ਹਾਂ ਦੇ ਵਿਆਹ ਵੀ ਕਰਨੇ ਨੇ।"
"ਰਾਜਨ! ਹੁਣ ਮੈਂ ਨਹੀਂ ਬਚਣਾ। ਕੁਝ ਦਿਨਾਂ ਦੀ ਹੀ ਪ੍ਰਾਹੁਣੀ ਆਂ। ਮੇਰੀ ਇਕ ਮੰਗ ਐ..." ਰੂਪਵਤੀ ਨੇ ਲੇਲੜ੍ਹੀ ਕੱਢਦਿਆਂ ਆਖਿਆ।

ਖੜਗ ਸੈਨ ਦੀਆਂ ਅੱਖਾਂ ਨਮ ਹੋ ਗਈਆਂ। ਉਹਦਾ ਗਲ਼ਾ ਭਰ ਆਇਆ ਪਰੰਤੂ ਉਸ ਰੂਪਵਤੀ ਨੂੰ ਆਪਣੀ ਬੁੱਕਲ 'ਚ ਲੈ ਕੇ ਹੌਸਲਾ ਦਿੱਤਾ, "ਹੈ ਕਮਲ਼ੀ! ਕਿਧਰੇ ਨੀ ਤੈਨੂੰ ਜਾਣ ਦੇਂਦੇ ਅਸੀਂ... ਤੇਰੇ ਹੱਥੀਂ ਕਾਜ ਕਰਾਉਣੇ ਨੇ ... ਇਕ ਮੰਗ ਕੀ ਸੈਆਂ ਮੰਗਾਂ ਪੂਰੀਆਂ ਕਰਾਂਗਾ!"
"ਰਾਜਨ! ਮੇਰੀ ਇਕੋ ਮੰਗ ਐ- ਬਚਨ ਦੇਵੋ ਕਿ ਤੁਸੀਂ ਮੇਰੀ ਮੌਤ ਤੋਂ ਮਗਰੋਂ ਦੁਜੀ ਸ਼ਾਦੀ ਨਹੀਂ ਕਰਵਾਓਗੇ- ਮੇਰੇ ਬੱਚਿਆਂ ਨੂੰ ਮਤਰੇਈ ਮਾਂ ਦੇ ਵਸ ਨਹੀਂ ਪਾਓਗੇ।"
"ਮੇਰੀ ਰਾਣੀ ਅਜਿਹਾ ਨਹੀਂ ਹੋਵੇਗਾ, ਬਚਨ ਰਿਹਾ। ਇਸ ਗੱਲੋਂ ਨਿਸਚਿੰਤ ਹੋ ਜਾ!"
ਰਾਜੇ ਪਾਸੋਂ ਬਚਨ ਲੈ ਕੇ ਰੂਪਵਤੀ ਚਿੰਤਾਮੁਕਤ ਹੋ ਗਈ ਤੇ ਮੰਜੇ 'ਤੇ ਘੂਕ ਸੌਂ ਗਈ!
ਸ਼ਾਹੀ ਹਕੀਮ ਵਲੋਂ ਉਸ ਦਾ ਇਲਾਜ ਚਲਦਾ ਰਿਹਾ ਪਰੰਤੂ ਉਹ ਕੁਝ ਦਿਨਾਂ ਮਗਰੋਂ ਸਵਰਗ ਸਿਧਾਰ ਗਈ।
ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿਚ ਸੋਗ ਦੀ ਲਹਿਰ ਦੌੜ ਗਈ। ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਵਿਚ ਬਹੁਤ ਰੁੰਨੇ... ਉਨ੍ਹਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ। ਖੜਗ ਸੈਨ ਆਪ ਹਾਲੋਂ ਬੇਹਾਲ ਹੋਇਆ ਪਿਆ ਸੀ। ਉਸ ਨੂੰ ਸੁਝ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ 'ਤੇ ਕਾਬੂ ਪਾਵੇ। ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਨ੍ਹਾਂ ਦੇ ਗ਼ਮ ਨੂੰ ਭੁਲਾਉਣ ਲਈ ਸੈਆਂ ਦਿਲਬਰੀਆਂ ਦਿੱਤੀਆਂ ਤੇ ਢਾਰਸਾਂ ਬੰਨ੍ਹਾਈਆਂ।
ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਰੂਪ ਬਸੰਤ ਜਵਾਨੀ ਦੀਆਂ ਬਰੂਹਾਂ 'ਤੇ ਪੁਜ ਚੁੱਕੇ ਸਨ... ਉਨ੍ਹਾਂ ਦੇ ਆਪਣੇ ਸ਼ੌਕ ਸਨ- ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਤੇ ਬਸੰਤ ਕਬੂਤਰ ਉਡਾਣ ਦਾ ਸ਼ੌਕੀ ਸੀ। ਅੱਲੜ੍ਹ ਜਵਾਨੀ ਆਪਣੇ ਸ਼ੌਕਾਂ 'ਚ ਮਸਤ ਸੀ। ਖੜਗ ਸੈਨ ਨੂੰ ਰਾਜ ਦਰਬਾਰ ਦੇ ਕੰਮਾਂ-ਕਾਜਾਂ ਤੋਂ ਵਿਹਲ ਨਹੀਂ ਸੀ ਮਿਲਦੀ। ਇਨ੍ਹਾਂ ਰੁਝੇਵਿਆਂ ਕਰਕੇ ਉਹ ਰਾਣੀ ਦੇ ਵਿਯੋਗ ਨੂੰ ਭੁੱਲਣ ਲੱਗੇ।
ਖੜਗ ਸੈਨ ਨੂੰ ਆਪਣੀ ਰਾਣੀ ਰੂਪਵਤੀ ਨਾਲ਼ ਬਹੁਤ ਮੁਹੱਬਤ ਸੀ। ਉਹਦੇ ਵਿਛੋੜੇ ਦਾ ਉਹਦੇ ਮਨ ਅਤੇ ਸਰੀਰ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ। ਖੜਗ ਸੈਨ ਰਾਜ ਦਰਬਾਰ ਵਿਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਉਹਨੂੰ ਡੋਬੂ ਪੈਣ ਲੱਗ ਜਾਂਦੇ- ਰਾਣੀ ਬਿਨਾਂ ਸੁੰਨਾ ਮਹਿਲ ਵੱਢ ਖਾਣ ਨੂੰ ਆਉਂਦਾ। ਦੋ ਢਾਈ ਵਰ੍ਹੇ ਇਸੇ ਅਵਸਥਾ ਵਿਚ ਲੰਘ ਗਏ। ਆਖ਼ਰ ਉਹਦੇ ਅਮੀਰਾਂ-ਵਜ਼ੀਰਾਂ ਨੇ ਉਹਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ। ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਾਟਾ! ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰ ਸੈਨ ਨੇ ਆਪਣੀ ਸੋਲਾਂ ਸਤਾਰਾਂ ਵਰ੍ਹੇ ਦੀ ਪਰੀਆਂ ਵਰਗੀ ਮਲੂਕ ਧੀ ਚੰਦਰਵਤੀ ਅਧਖੜ ਉਮਰ ਦੇ ਰਾਜਾ ਖੜਗ ਸੈਨ ਨਾਲ਼ ਵਿਆਹ ਦਿੱਤੀ! ਮਹਿਲਾਂ ਵਿਚ ਮੁੜ ਰੌਣਕਾਂ ਆ ਗਈਆਂ।
ਚੰਦਰਵਤੀ ਦੀ ਮਹਿਕਾਂ ਭਰੀ ਜਵਾਨੀ ਨੇ ਅਧਖੜ ਉਮਰ ਦੇ ਖੜਗ ਸੈਨ ਨੂੰ ਕੀਲ ਲਿਆ... ਮਾਂਗਵੀਂ ਜਵਾਨੀ ਨੂੰ ਉਹ ਭਲਾ ਕਿੰਨਾ ਕੁ ਸਮਾਂ ਹੰਢਾਉਂਦਾ। ਚੰਦਰਵਤੀ ਦੀ ਜਵਾਨੀ ਉਹਦੇ ਮਖ਼ਮਲੀ ਤੇ ਰੇਸ਼ਮੀ ਕਪੜਿਆਂ ਵਿਚ ਮਿਆਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅਧਖੜ ਉਮਰ ਦਾ ਪਤੀ ਉਹਦੀਆਂ ਅੰਦਰੂਨੀ ਭਾਵਿਕ ਤੇ ਕਾਮੁਕ ਭਾਵਨਾਵਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਸੀ... ਹੀਰੇ ਜਵਾਹਰਾਤ ਤੇ ਹਾਰ ਸ਼ਿੰਗਾਰ ਉਹਦੀ ਭਾਵੁਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰ ਰਹੇ। ਜਦੋਂ ਕਦੀ ਉਹ ਆਪਣੇ ਸੌਂਕਣ ਦੇ ਪੁੱਤਰਾਂ ਰੂਪ ਤੇ ਬਸੰਤ ਵਲ ਵੇਖਦੀ ਤਾਂ ਇਕ ਅਗੰਮੀ ਖੁਸ਼ੀ ਉਹਦੇ ਅੰਦਰ ਝਰਨਾਟਾਂ ਛੇੜ ਦੇਂਦੀ.. ਰੂਪ ਤੇ ਬਸੰਤ ਲੋਹੜੇ ਦੇ ਹੁਸੀਨ ਸਨ ਤੇ ਅਜੇ ਜਵਾਨੀ ਦੀਆਂ ਬਰੂਹਾਂ 'ਤੇ ਕਦਮ ਰੱਖ ਰਹੇ ਸਨ... ਉਹਦਾ ਦਿਲ ਕਰਦਾ ਉਹ ਉਨ੍ਹਾਂ ਨਾਲ਼ ਹੱਸੇ, ਖੇਡੇ, ਅਠਖੇਲੀਆਂ ਕਰੇ ... ਉਹਦੇ ਅੰਦਰ ਇਕ ਖਾਹਸ਼ ਬੜੀ ਤੀਬਰਤਾ ਨਾਲ਼ ਮਚਲ ਰਹੀ ਸੀ ਜਿਹੜੀ ਉਸ ਨੂੰ ਸਦੀਵੀਂ ਖ਼ੁਸ਼ੀ ਤੇ ਸੰਤੁਸ਼ਟਤਾ ਪ੍ਰਦਾਨ ਕਰ ਸਕਦੀ ਸੀ।
ਇਕ ਦਿਨ ਕੀ ਹੋਇਆ ਖੜਗ ਸੈਨ ਆਪਣੇ ਰਾਜ ਦਰਬਾਰ ਵਿਚ ਗਿਆ ਹੋਇਆ ਸੀ ਤੇ ਚੰਦਰਵਤੀ ਕੱਲਮ ਕੱਲੀ ਆਪਣੇ ਮਹਿਲ ਦੀ ਖਿੜਕੀ ਵਿਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਣ ਰਹੀ ਸੀ। ਬਸੰਤ ਆਪਣੇ ਕਬੂਤਰਾਂ ਨਾਲ਼ ਖੇਡ ਰਿਹਾ ਸੀ ਕਿ ਇਕ ਚੀਨਾ ਕਬੂਤਰ ਉਡ ਕੇ ਚੰਦਰਵਤੀ ਦੀ ਬਾਰੀ ਵਿਚ ਆਣ ਵੜਿਆ ਜਿਸ ਨੂੰ ਉਸ ਨੇ ਮਲਕੜੇ ਜਿਹੇ ਫੜ ਕੇ ਇਕ ਟੋਕਰੀ ਥੱਲੇ ਲਕੋ ਦਿੱਤਾ।
ਬਸੰਤ ਮਹਿਲ ਵਿਚ ਆਇਆ। ਉਸ ਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਹ ਉਹਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿਚ ਲੈ ਗਈ ਤੇ ਆਪਣੇ ਕੋਲ਼ ਪਲੰਘ 'ਤੇ ਬਿਠਾ ਲਿਆ ਅਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਸ਼ਹਿਦ ਭਰੇ ਮਿੱਠੇ ਬੋਲ ਬੋਲਦਿਆਂ ਬੋਲੀ, "ਵੇ ਬਸੰਤ ਤੈਨੂੰ ਕਬੂਤਰਾਂ ਨਾਲ਼ ਖੇਡਣ ਦਾ ਸ਼ੌਕ ਐ। ਤੂੰ ਕਿੰਨਾ ਖ਼ੂਬਸੂਰਤ ਏਂ ਸੁਹਣਿਆਂ! ਮੈਂ ਤੇਰੇ 'ਤੇ ਵਾਰੀ ਜਾਨੀ ਆਂ। ਜਦ ਮੈਂ ਤੈਨੂੰ ਵੇਖਦੀ ਆਂ, ਮੇਰੀ ਜਾਨ ਈ ਕੱਢ ਲੈਨੈਂ! ਆਪਾਂ ਦੋਨੋਂ ਹਾਣ ਪਰਵਾਨ ਦੇ ਆਂ... ਮੈਨੂੰ ਆਪਣੀ ਕਬੂਤਰੀ ਬਣਾ ਲੈ ਸੁਹਣਿਆਂ! ਸਾਰੀ ਜ਼ਿੰਦਗੀ ਤੇਰੀ ਬਣ ਕੇ ਰਹਾਂਗੀ!"
ਬਸੰਤ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ਼ ਇਸ ਤਰ੍ਹਾਂ ਦਾ ਵਰਤਾਓ ਕਰੇਗੀ!
"ਮਾਤਾ ਜੀ ਇਹ ਕਿਵੇਂ ਹੋ ਸਕਦੈ... ਮੈਂ ਤੁਹਾਡਾ ਪੁੱਤਰ ਆਂ। ਧਰਤ ਅਸਮਾਨ ਫਟ ਨੀ ਜਾਣਗੇ- ਪੁੱਤਰ ਮਾਂ ਦਾ ਰੂਪ ਹੰਢਾਵੇ।"
"ਸੁਹਣਿਆਂ ਨਾ ਮੈਂ ਤੈਨੂੰ ਜਨਮ ਦਿੱਤੈ ਤੇ ਨਾ ਗੋਦ ਖਿਡਾਇਐ। ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣ ਆਂ... ਮੇਰੀ ਜਵਾਨੀ ਵਲ ਵੇਖ ਕੇ ਮੈਨੂੰ ਆਪਣੀ ਬਣਾ ਲੈ ਮੇਰੇ ਦਿਲ ਜਾਨੀਆਂ। ਮੈਂ ਚਰੋਕਣੀ ਤੇਰੇ ਦੀਦਾਰ ਨੂੰ ਤਰਸਦੀ ਪਈ ਆਂ।"
"ਮਾਂ ਮੈਨੂੰ ਅਜਿਹੀਆਂ ਗੱਲਾਂ ਨਾਲ਼ ਭੁਚਲਾ ਨਾ... ਸਮਾਜਕ ਰਿਸ਼ਤੇ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿਧਰ ਲੈ ਤੁਰੇਗਾ?"
"ਮੇਰੀ ਰੂਹ ਦੇ ਹਾਣੀਆ- ਸਮਾਜ ਨੇ ਭਲਾ ਮੈਨੂੰ ਕੀ ਦਿੱਤੈ? ਕੱਚੀ ਕੈਲ ਨੂੰ ਅਧਖੜ ਬੁਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ਼ ਦਿੱਤੀ ਐ ... ਮੋਤੀ, ਹੀਰੇ, ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ... ਤੂੰ ਮੇਰੀ ਬਾਂਹ ਫੜ ਕੇ ਪਾਰ ਲੰਘਾ ਦੇ ਸੁਹਣਿਆਂ!"
"ਹੋਸ਼ ਤੋਂ ਕੰਮ ਲੈ ਮਾਤਾ ਮੇਰੀਏ!ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ।"
"ਅਜੇ ਵੀ ਸੋਚ ਲੈ... ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਸ ਦੇ ਮਾੜੇ ਨਤੀਜੇ ਭੁਗਤਣ ਲਈਂ ਤਿਆਰ ਹੋ ਜਾ!"
"ਮਾਤਾ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ! ਆਪਣੇ ਬਾਪ ਦੀ ਦਾਹੜੀ ਦੀ ਲਾਜ ਰੱਖਾਂਗਾ।"
ਐਨਾ ਆਖ ਬਸੰਤ ਇਕਦਮ ਮਹਿਲਾਂ ਤੋਂ ਬਾਹਰ ਹੋ ਗਿਆ।
ਚੰਦਰਵਤੀ ਪਲੰਘ 'ਤੇ ਪਈ ਬਿਨਾਂ ਪਾਣੀਓਂ-ਮੱਛੀ ਵਾਂਗ ਤੜਪਣ ਲੱਗੀ।
ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ! ਦੋਨੋਂ ਚਿੰਤਾ ਦੇ ਸਾਗਰ ਵਿਚ ਡੁੱਬ ਗਏ।
ਆਥਣ ਪਸਰੀ। ਹਨ੍ਹੇਰਾ ਗੂੜ੍ਹਾ ਹੋਇਆ। ਖੜਗ ਸੈਨ ਆਪਣੇ ਮਹਿਲਾਂ ਨੂੰ ਪਰਤਿਆ- ਸਾਰੇ ਸ਼ਮ੍ਹਾਦਾਨ ਗੁੱਲ- ਨਾ ਦੀਵਾ ਨਾ ਬੱਤੀ! ਉਹ ਅੰਦਰ ਵੜਿਆ- ਚੰਦਰਵਤੀ ਸਿਰ ਮੂੰਹ ਲਪੇਟੀ ਖਣਪੱਟੀ ਲਈ ਪਲੰਘ 'ਤੇ ਪਈ ਐ। ਕਮਰੇ ਦੀਆਂ ਵਸਤਾਂ ਐਧਰ ਓਧਰ ਖਿੰਡੀਆਂ ਪਈਆਂ... ਰਾਜਾ ਭਮੱਤਰ ਗਿਆ। ਉਹਨੇ ਰਾਣੀ ਦੇ ਮੂੰਹ ਤੋਂ ਪੱਲਾ ਖਿਚ ਕੇ ਪਰ੍ਹੇ ਕੀਤਾ- ਰਾਣੀ ਦੇ ਚਿਹਰੇ 'ਤੇ ਘਰੂਟਾਂ ਦੇ ਨਿਸ਼ਾਨ... ਸਿਰ ਦੇ ਵਾਲ਼ ਖਿੰਡੇ ਪੁੰਡੇ ਜਿਵੇਂ ਕਿਸੇ ਨਾਲ ਹੱਥੋਪਾਈ ਕੀਤੀ ਹੋਵੇ... ਰਾਣੀ ਨੇ ਉਠਦੇ ਸਾਰ ਹੀ ਹਟਕੋਰਿਆਂ ਅਤੇ ਹੰਝੂਆਂ ਦੀ ਝੜੀ ਲਾ ਦਿੱਤੀ।
"ਰਾਜਨ! ਕੀ ਦੱਸਾਂ ਕੀ ਨਾ ਦੱਸਾਂ। ਲੋਹੜਾ ਮਾਰਿਐ ਤੁਹਾਡੇ ਲਾਡਲੇ ਪੁੱਤਰ ਬਸੰਤ ਨੇ! ਅੱਜ ਮਹਿਲੀਂ ਆਇਆ ਸੀ। ਕੱਲੀ ਵੇਖ ਉਹਨੇ ਮੇਰੇ ਨਾਲ਼ ਹੱਥੋਪਾਈ ਕੀਤੀ ਐ... ਮੈਂ ਬੁਰਛੇ ਕੋਲ਼ੋਂ ਆਪਣੀ ਪੱਤ ਨੂੰ ਮਸੀਂ ਬਚਾਇਐ...?" ਚੰਦਰਵਤੀ ਨੇ ਤ੍ਰਿਆ ਚਲਿੱਤਰ ਦਾ ਅਜਿਹਾ ਬਾਣ ਚਲਾਇਆ ਕਿ ਖੜਗ ਸੈਨ ਸੋਚੀਂ ਪੈ ਗਿਆ।
"ਇਹ ਕਿਵੇਂ ਹੋ ਸਕਦੈ ਮੇਰੀ ਰਾਣੀਏਂ... ਬਸੰਤ ਅਜਿਹਾ ਨਹੀਂ ਕਰ ਸਕਦਾ... ਸੱਚੋ ਸੱਚ ਦੱਸ?"
"ਰਾਜਨ ਬਸੰਤ ਤੁਹਾਡਾ ਪੁੱਤਰ ਐ ਨਾ ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ..." ਐਨਾ ਆਖ ਚੰਦਰਵਤੀ ਜ਼ਾਰੋ ਜ਼ਾਰ ਰੋਣ ਲੱਗ ਪਈ! ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ। ਉਹ ਧੁਰ ਅੰਦਰ ਤਕ ਤੜਪ ਉਠਿਆ। ਉਹਨੇ ਰਾਣੀ ਨੂੰ ਆਪਣੀ ਬੁੱਕਲ 'ਚ ਲੈਂਦਿਆਂ ਕਿਹਾ, "ਮੇਰੀਏ ਰਾਣੀਏਂ ਮੈਨੂੰ ਤੇਰੇ 'ਤੇ ਪੂਰਾ ਭਰੋਸੈ, ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ਼ ਕੀਤੈ ਉਹ ਮੁਆਫ਼ ਕਰਨ ਵਾਲ਼ਾ ਨਹੀਂ। ਉਸ ਨੂੰ ਅਜਿਹੀ ਸਜ਼ਾ ਦਿਆਂਗਾ ਕਿ ਲੋਕੀ ਰਹਿੰਦੀ ਦੁਨੀਆਂ ਤਕ ਯਾਦ ਰੱਖਣਗੇ।"
ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਦੇ ਧੁਰ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਰੁਝਾਉਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ।
ਅਗਲੀ ਸਵੇਰ ਖੜਗ ਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੁਣੇ ਬਗ਼ੈਰ ਹੀ ਉਹਨੂੰ ਦੇਸ ਨਿਕਾਲੇ ਦਾ ਹੁਕਮ ਸੁਣਾ ਦਿੱਤਾ।
ਸਾਰੇ ਦਰਬਾਰ ਵਿਚ ਸੱਨਾਟਾ ਛਾ ਗਿਆ। ਕਿਸੇ ਦੀ ਜੁਰੱਅਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ। ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰ ਏ... ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰੰਤੂ ਬਸੰਤ ਤਾਂ ਉਹਦੀਆਂ ਨਜ਼ਰਾਂ ਵਿਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ।
ਬਸੰਤ ਨੂੰ ਆਸ ਨਹੀਂ ਸੀ ਕਿ ਉਹਦਾ ਪਿਤਾ ਉਹਦਾ ਪੱਖ ਜਾਣੇ ਬਿਨਾਂ ਐਨੀ ਸਜ਼ਾ ਸੁਣਾ ਦੇਵੇਗਾ। ਉਹ ਆਪਣੇ ਦਿਲ 'ਤੇ ਪੱਥਰ ਰੱਖ ਕੇ ਬੈਠ ਗਿਆ। ਉਹਨੂੰ ਵਿਛੜੀ ਮਾਂ ਦੀ ਯਾਦ ਅਈ ਤੇ ਉਹਦਾ ਗੱਚ ਭਰ ਆਇਆ। ਉਹ ਭਰੇ ਨੈਣਾਂ ਨਾਲ਼ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ 'ਤੇ ਸਵਾਰ ਹੋ ਕੇ ਤੁਰ ਪਿਆ। ਅਜੇ ਉਹ ਕੁਝ ਕਦਮਾਂ 'ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ਼ ਜਾ ਰਲ਼ਿਆ ਤੇ ਬੋਲਿਆ, "ਵੀਰੇ ਮੈਂ ਤੇਰੇ ਬਗ਼ੈਰ ਕੱਲਾ ਕਿਵੇਂ ਰਹਿ ਸਕਦਾਂ... ਤੇਰੇ ਨਾਲ਼ ਹੀ ਚੱਲਾਂਗਾ।"
"ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਝੱਲਣੇ ਨੇ ਜੋ ਮੇਰੇ ਕਰਮਾਂ 'ਚ ਲਿਖਿਐ ਉਹ ਤਾਂ ਮੈਂ ਭੋਗਣੈ ਹੀ ਐ... ਜਾਹ, ਪਿਛਾਂਹ ਮੁੜ ਜਾ ਵੀਰੇ।"
ਤੇ ਰੂਪ ਜ਼ਿੱਦ ਕਰਕੇ ਬਸੰਤ ਦੇ ਨਾਲ਼ ਹੀ ਜੰਗਲ ਬੀਆ ਬਾਨਾਂ ਨੂੰ ਤੁਰ ਪਿਆ। ਉਨ੍ਹਾਂ ਆਪਣੇ ਦੇਸ ਦੀ ਹੱਦ ਪਾਰ ਕਰ ਲਈ ਤੇ ਗੁਆਂਢੀ ਰਾਜ ਦੇ ਜੰਗਲ ਬੇਲਿਆਂ ਵਿਚ ਜਾ ਵੜੇ, ਜੋ ਕੰਦ ਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ। ਰਾਤ ਨੂੰ ਕਿਸੇ ਦਰੱਖ਼ਤ ਥੱਲੇ ਟਿਕ ਜਾਂਦੇ। ਜੰਗਲੀ ਜੀਆ ਜੰਤ ਤੋਂ ਬਚਣ ਲਈ ਅੱਧੀ ਰਾਤ ਤਕ ਇਕ ਜਣਾ ਜਾਗਦਾ ਦੂਜਾ ਸੌਂਦਾ। ਇਸ ਤਰ੍ਹਾਂ ਵਾਰੋ ਵਾਰੀ ਜਾਗਦੇ ਸੌਂਦੇ! ਇਕ ਸਾਲ ਤੋਂ ਵੀ ਵਧ ਸਮਾਂ ਉਹ ਇਸੇ ਭਟਕਣਾ ਵਿਚ ਭਟਕਦੇ ਰਹੇ ਉਨ੍ਹਾਂ ਕਈ ਨਦੀਆਂ, ਦਰਿਆ, ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਕਈ ਰਾਜਾਂ 'ਚੋਂ ਵਿਚਰਦੇ ਹੋਏ ਮਿਸਰ ਦੀ ਧਰਤੀ 'ਤੇ ਪੁਜ ਗਏ। ਇਕ ਦਿਨ ਕੀ ਭਾਣਾ ਵਾਪਰਿਆ। ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਤੇ ਜਦੋਂ ਰੂਪ ਦੀ ਜਾਗ ਖੁਲ੍ਹੀ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਹੈ। ਉਹਨੇ ਉਹਨੂੰ ਹਿਲਾਇਆ ਜੁਲਾਇਆ ਵੀ ਪਰੰਤੁ ਬਸੰਤ ਟਸ ਤੋਂ ਮਸ ਨਾ ਹੋਇਆ... ਰੂਪ ਸੋਚੀਂ ਪੈ ਗਿਆ ਕਰੇ ਤਾਂ ਕੀ ਕਰੇ ... ਜੰਗਲ ਬੀਆਬਾਨ... ਪਰਾਇਆ ਦੇਸ ਕੋਈ ਮਦਦਗਾਰ ਨਹੀਂ... ਉਹ ਕੱਫਣ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਰੱਖ਼ਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ... ਤੁਰਦਿਆਂ-ਤੁਰਦਿਆਂ ਰੂਪ ਮਿਸਰ ਨਾਮੀਂ ਸ਼ਹਿਰ ਪੁਜ ਗਿਆ। ਸ਼ਹਿਰ ਦੇ ਆਲ਼ੇ-ਦੁਆਲ਼ੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇਕੋ ਇਕ ਦਰਵਾਜ਼ਾ ਸੀ... ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ। ਐਨੇ ਨੂੰ ਉਥੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ। ਉਨ੍ਹਾਂ ਰੂਪ ਨੂੰ ਕਿਹਾ, "ਹੇ ਪ੍ਰ੍ਦੇਸੀ ਨੌਜਵਾਨਾ ਕਲ੍ਹ ਸਾਡੇ ਦੇਸ ਦਾ ਰਾਜਾ ਸੁਰਗਵਾਸ ਹੋ ਗਿਐ। ਪਰੰਪਰਾਗਤ ਰੀਤ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਦਰਬਾਰੀਆਂ ਨੇ ਫ਼ੈਸਲਾ ਕੀਤੈ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿਚ ਵੜੇਗਾ ਉਹਨੂੰ ਰਾਜ ਸਿੰਘਾਸਣ 'ਤੇ ਬਿਠਾ ਦਿੱਤਾ ਜਾਵੇਗਾ। ਤੁਸੀਂ ਸ਼ਹਿਰ ਵਿਚ ਪ੍ਰਵੇਸ਼ ਕਰਨ ਵਾਲ਼ੇ ਪਹਿਲੇ ਪੁਰਸ਼ ਹੋ ਇਸ ਕਰਕੇ ਹੁਣ ਤੁਸੀਂ ਸਾਡੇ ਰਾਜਾ ਹੋ।" ਐਨਾ ਆਖ ਉਨ੍ਹਾਂ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਧੀਵਤ ਰਸਮਾਂ ਨਾਲ਼ ਰਾਜ ਸਿੰਘਾਸਣ 'ਤੇ ਬਿਰਾਜਮਾਨ ਕਰ ਦਿੱਤਾ। ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਐਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ। ਉਹ ਕੁਝ ਦਿਨਾਂ ਬਾਅਦ ਉਸ ਥਾਂ 'ਤੇ ਵੀ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ। ਉਸ ਦਰੱਖ਼ਤ ਥੱਲੇ ਲਾਸ਼ ਨਾ ਵੇਖ ਕੇ ਉਹਨੇ ਇਹ ਅਨੁਮਾਨ ਲਾ ਲਿਆ ਕਿ ਉਸ ਦੀ ਲਾਸ਼ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ। ਉਹ ਬਸੰਤ ਦੇ ਸ਼ਾਮ ਨੂੰ ਆਪਣੇ ਦਿਲ ਵਿਚ ਸਮੋ ਕੇ ਪਰਤ ਆਇਆ ਅਤੇ ਆਪਣੇ ਰਾਜ ਦੇ ਕੰਮਕਾਜ ਚਲਾਉਣ ਲੱਗਾ।
ਏਧਰ ਬਸੰਤ ਦੀ ਹੋਣੀ ਵੇਖੋ... ਜਦੋਂ ਰੂਪ ਉਹਦੇ ਕੱਫਣ ਦੀ ਭਾਲ਼ ਵਿਚ ਉਹਨੂੰ ਛੱਡ ਕੇ ਗਿਆ ਸੀ ਉਹਦੇ ਜਾਣ ਬਾਅਦ ਹੀ ਮੰਗਲ ਨਾਥ ਨਾਂ ਦਾ ਜੋਗੀ ਕਿਧਰੋਂ ਤੁਰਦਾ ਫਿਰਦਾ ਉਸ ਦਰੱਖ਼ਤ ਕੋਲ਼ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ... ਜੋਗੀ ਨੇ ਉਹਨੂੰ ਹਿਲਾ ਜੁਲਾ ਕੇ ਵੇਖਿਆ- ਉਹਦੀ ਨਬਜ਼ ਵੇਖੀ- ਨਬਜ਼ ਚਲ ਰਹੀ ਸੀ- ਅਸਲ ਵਿਚ ਉਹ ਮਰਿਆ ਨਹੀਂ ਸੀ ਬੇਹੋਸ਼ ਸੀ, ਇਕ ਸਰਾਲ ਨੇ ਉਹਦਾ ਸਾਹ ਪੀ ਕੇ ਉਹਨੂੰ ਬੇਸੁਧ ਕਰ ਦਿੱਤਾ ਸੀ... ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿਚ ਲੈ ਆਂਦਾ। ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਜੋਗੀ ਉਸ ਨੂੰ ਆਪਣੀ ਕੁਟੀਆ ਵਿਚ ਲੈ ਆਇਆ ਤੇ ਆਪਣੇ ਕੋਲ਼ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿਚ ਲੀਨ ਹੋ ਗਿਆ। ਉਸ ਨੂੰ ਰੂਪ ਦੀ ਯਾਦ ਆਉਂਦੀ- ਸੋਚਦਾ ਪਤਾ ਨੀ ਉਸ ਨਾਲ਼ ਕੀ ਬਣੀ ਹੋਵੇਗੀ- ਖ਼ੌਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਐ। ਜੋਗੀ ਕੋਲ਼ ਰਹਿੰਦਿਆਂ ਬਸੰਤ ਨੇ ਸਤ ਵਰ੍ਹੇ ਲੰਘਾ ਦਿੱਤੇ।
ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ। ਜੋਗੀ ਨੇ ਉਸ ਦੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ। ਇਕ ਦਿਨ ਬਸੰਤ ਘੋੜੇ 'ਤੇ ਸਵਾਰ ਇਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨ੍ਹੇਰੀ-ਝੱਖੜ ਨੇ ਉਹਦਾ ਰਾਹ ਭੁਲਾ ਦਿੱਤਾ। ਹਨੇਰਾ ਹੋਣ ਕਰਕੇ ਉਹ ਪਿਛਾਂਹ ਜਾਣ ਜੋਗਾ ਵੀ ਨਹੀਂ ਸੀ। ਉਹਨੂੰ ਦੂਰ ਇਕ ਸ਼ਹਿਰ ਨਜ਼ਰ ਆਇਆ- ਇਹ ਰੂਪ ਵਾਲ਼ਾ ਹੀ ਸ਼ਹਿਰ ਸੀ ਜਿਥੋਂ ਦਾ ਉਹ ਰਾਜਾ ਸੀ। ਉਹ ਸ਼ਹਿਰ ਦੀ ਫ਼ਸੀਲ ਦੇ ਮੁਖ ਦਰਵਾਜ਼ੇ 'ਤੇ ਪੁਜ ਗਿਆ। ਦਰਵਾਜ਼ਾ ਬੰਦ ਸੀ। ਉਹਨੇ ਦਰਵਾਜ਼ਾ ਖੜਕਾਇਆ। ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ, "ਰਾਜੇ ਦਾ ਹੁਕਮ ਐ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੋਬਾਰਾ ਨਹੀਂ ਖੁਲ੍ਹ ਸਕਦਾ ਕਿਉਂਕਿ ਰਾਤ ਸਮੇਂ ਏਥੇ ਇਕ ਆਦਮ ਖ਼ੋਰ ਸ਼ੇਰ ਆਉਂਦੈ। ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ। ਚੰਗਾ ਇਹੀ ਐ ਤੂੰ ਕਿਧਰੇ ਹੋਰ ਚਲਿਆ ਜਾ- ਦਰਵਾਜ਼ਾ ਮੈਂ ਨਹੀਂ ਖੋਹਲਣਾ।" ਐਨਾ ਆਖ ਚੌਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ। ਬਸੰਤ ਹੁਣ ਕੀ ਕਰਦਾ। ਹਨ੍ਹੇਰਾ ਗੂੜ੍ਹਾ ਹੋ ਰਿਹਾ ਸੀ- ਕਾਲ਼ੀ ਬੋਲ਼ੀ ਡਰਾਉਣੀ ਰਾਤ... ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ। ਅੱਧੀ ਰਾਤ ਲੰਘੀ ਸੀ ਕਿ ਖੂੰਖਾਰ ਸ਼ੇਰ ਨੇ ਆ ਬੋਹੜ ਮਾਰੀ। ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ- ਉਹਨੇ ਸ਼ਸਤਰ ਸੰਭਾਲੇ ਹੀ ਸਨ ਕਿ ਸ਼ੇਰ ਨੇ ਉਹਦੇ 'ਤੇ ਹਮਲਾ ਕਰ ਦਿੱਤਾ ਪਰੰਤੂ ਬਸੰਤ ਨੇ ਬੜੀ ਫੁਰਤੀ ਨਾਲ਼ ਸ਼ੇਰ 'ਤੇ ਅਜਿਹਾ ਤਲਵਾਰ ਦਾ ਵਾਰ ਕੀਤਾ ਕਿ ਉਹ ਚੁਫ਼ਾਲ ਧਰਤੀ 'ਤੇ ਜਾ ਪਿਆ। ਸ਼ੇਰ ਨੂੰ ਮਾਰ ਮੁਕਾਣ ਉਪਰੰਤ ਬਸੰਤ ਥਕੇਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਹੀ ਘੂਕ ਸੌਂ ਗਿਆ।
ਸਵੇਰ ਹੋਈ ਚੌਕੀਦਾਰ ਨੇ ਸ਼ਹਿਰ ਦਾ ਮੁਖ ਦੁਆਰ ਖੋਹਲਿਆ- ਉਹਨੇ ਵੇਖਿਆ ਸ਼ੇਰ ਮਰਿਆ ਪਿਐ ਤੇ ਨਾਲ਼ ਹੀ ਸ਼ੇਰ ਨੂੰ ਮਾਰਨ ਵਾਲ਼ਾ ਵੀ ਘੂਕ ਸੁੱਤਾ ਪਿਆ ਹੈ। ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ। ਕੋਤਵਾਲ ਦੇ ਮਨ ਵਿਚ ਅਜਿਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵਲੋਂ ਮਾਰਨਾ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲੈਣ। ਉਨ੍ਹਾਂ ਨੇ ਮਤਾ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਟੁਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਓਥੋਂ ਚੁੱਕ ਕੇ ਖੈਤਾਨਾਂ ਵਿਚ ਸੁੱਟ ਆਏ।
ਆਦਮ ਖ਼ੌਰ ਸ਼ੇਰ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਰਾਜਾ ਰੂਪ ਬਹੁਤ ਖ਼ੁਸ਼ ਹੋਇਆ। ਉਹਨੇ ਚੌਕੀਦਾਰ ਅਤੇ ਕੋਤਵਾਲ ਨੂੰ ਉਨ੍ਹਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ। ਸਾਰੇ ਸ਼ਹਿਰ ਵਿਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ। ਓਧਰ ਸ਼ੇਰ ਨੂੰ ਮਾਰਨ ਵਾਲ਼ਾ ਬਸੰਤ ਖੈਤਾਨਾਂ ਵਿਚ ਪਿਆ ਕਰਾਹ ਰਿਹਾ ਸੀ! ਕਰਨੀ ਕੁਦਰਤ ਦੀ ਕੋਈ ਤੀਜੇ ਪਹਿਰ ਇਸੇ ਸ਼ਹਿਰ ਦਾ ਕਾਲੂ ਘੁਮਿਆਰ ਮਿੱਟੀ ਲੈਣ ਲਈ ਮਠਿਆਨਿਆਂ ਵਲ ਗਿਆ- ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇਕ ਨੌਜਵਾਨ ਖ਼ੈਤਾਨਾਂ ਵਿਚ ਵੱਢਿਆ ਟੁੱਕਿਆ ਕਰਾਰ ਰਿਹਾ ਹੈ। ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ 'ਤੇ ਲੱਦ ਕੇ ਘਰ ਲੈ ਆਇਆ ਤੇ ਉਹਦੀ ਤੀਮਾਰਦਾਰੀ ਕਰਨ ਲੱਗਾ। ਬਸੰਤ ਕੁਝ ਦਿਨਾਂ ਵਿਚ ਹੀ ਨੌ-ਬਰ-ਨੌ ਹੋ ਗਿਆ। ਘੁਮਾਰ ਤੇ ਘੁਮਾਰੀ ਕੱਲੇ ਹੀ ਘਰ 'ਚ ਰਹਿ ਰਹੇ ਸਨ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਉਨ੍ਹਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ। ਬਸੰਤ ਉਨ੍ਹਾਂ ਵਲੋਂ ਕੀਤੇ ਉਪਕਾਰ ਨੂੰ ਭੁੱਲਦਾ ਨਹੀਂ ਸੀ। ਉਹ ਵੀ ਸਕੇ ਪੁੱਤਰ ਵਾਂਗ ਉਨ੍ਹਾਂ ਦੇ ਕੰਮ-ਕਾਜ ਵਿਚ ਹੱਥ ਵਟਾਣਾ ਲੱਗਾ।
ਕਈ ਮਹੀਨੇ ਗੁਜ਼ਰ ਗਏ। ਇਕ ਦਿਨ ਬਸੰਤ ਬਜ਼ਾਰ ਵਿਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਉਤੇ ਕੋਤਵਾਲ ਦੀ ਨਜ਼ਰ ਜਾ ਪਈ। ਉਹਨੇ ਪਛਾਣ ਲਿਆ ਕਿ ਇਹ ਤਾਂ ਓਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸੀ। ਆਪਣੇ ਪਾਜ ਦੇ ਉਧੜਨ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿਚ ਉਲਝਾਉਣ ਦਾ ਮਨ ਬਣਾ ਲਿਆ। ਉਹਨੇ ਆਪਣੇ ਸ਼ਹਿਰ ਦੀ ਇਕ ਵੇਸਵਾ ਪਾਸੋਂ ਬਸੰਤ 'ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ। ਇਸ ਇਲਜ਼ਾਮ ਵਿਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿਚ ਬੰਦ ਕਰਵਾ ਦਿੱਤਾ।
ਦਿਨ ਬੀਤਦੇ ਗਏ। ਝੂਠੇ ਇਲਜ਼ਾਮ ਵਿਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ। ਬਸੰਤ ਦੇ ਧਰਮ ਮਾਤਾ-ਪਿਤਾ ਦੀ ਵੀ ਕਿਸੇ ਇਕ ਨਾ ਸੁਣੀ।
ਇਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿਚ ਇਕ ਸੁਦਾਗਰ ਨੇ ਆ ਅਰਜ਼ ਗੁਜ਼ਾਰੀ, "ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ! ਮੇਰਾ ਜਹਾਜ਼ ਸਮੁੰਦਰ ਵਿਚ ਫਸਿਆ ਖੜੈ। ਜੋਤਸ਼ੀਆਂ ਕਿਹੈ ਖਵਾਜਾ ਮਨੁੱਖ ਦੀ ਬਲੀ ਮੰਗਦੈ- ਬਲੀ ਦੇਣ 'ਤੇ ਚੱਲੇਗਾ। ਮੇਰੇ 'ਤੇ ਕਿਰਪਾ ਕਰੋ ਰਾਜਨ।"
ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੁਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ। ਕੋਤਵਾਲ ਨੂੰ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਲ੍ਹ ਖ਼ਾਨੇ ਵਿਚੋਂ ਕੱਢ ਕੇ ਸੁਦਾਗਰ ਦੇ ਨਾਲ਼ ਤੋਰ ਦਿੱਤਾ।
ਸੁਦਾਗਰ ਬਸੰਤ ਨੂੰ ਜਹਾਜ਼ 'ਤੇ ਲੈ ਆਇਆ। ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ਼ ਏਧਰ ਉਧਰ ਘੁਮਾਇਆ ਤੇ ਸੱਜੇ ਹੱਥ ਦੀ ਚੀਚੀ ਨੂੰ ਚੀਰਾ ਦੇ ਕੇ ਖ਼ੂਨ ਦੇ ਕੁਝ ਤੁਬਕੇ ਸਮੁੰਦਰ ਵਿਚ ਤਰੌਂਕ ਦਿੱਤੇ। ਜਹਾਜ਼ ਦੇ ਇੰਜਣ ਨੇ ਘੁਰਰ-ਘੁਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲ਼ੀ-ਹੌਲ਼ੀ ਰਫ਼ਤਾਰ ਫੜ ਲਈ। ਸੁਦਾਗਰ ਬਸੰਤ ਦੀ ਸਿਆਣਪ, ਸੂਝ ਅਤੇ ਸਰੀਰਕ ਦੱਖ 'ਤੇ ਐਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ਼ ਹੀ ਜਹਾਜ਼ 'ਤੇ ਰੱਖ ਲਿਆ। ਬਸੰਤ ਹੁਣ ਸੁਦਾਗਰ ਪੁੱਤਰ ਵਜੋਂ ਜਹਾਜ਼ 'ਤੇ ਵਿਚਰ ਰਿਹਾ ਸੀ ਤੇ ਉਸ ਲਈ ਸਮੁੰਦਰੀ ਸਫ਼ਰ ਦਾ ਆਪਣਾ ਆਨੰਦ ਸੀ।
ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ 'ਤੇ ਤੈਰਨ ਮਗਰੋਂ ਕਾਮ ਰੂਪ ਦੇ ਰਾਜ ਵਿਚ ਪੁਜ ਗਿਆ। ਬੰਦਰਗਾਹ 'ਤੇ ਲੰਗਰ ਸੁਟ ਕੇ ਸੁਦਾਗਰ ਨੇ ਸ਼ਹਿਰ ਦੇ ਇਕ ਬਾਗ਼ ਵਿਚ ਜਾ ਡੇਰੇ ਲਾਏ। ਬਸੰਤ ਬਹੁਤ ਹੀ ਖ਼ੂਬਸੂਰਤ ਤੇ ਛੈਲ ਛਬੀਲਾ ਗੱਭਰੂ ਸੀ। ਕਾਮ ਰੂਪ ਦੀਆਂ ਕਈ ਖ਼ੂਬਸੂਰਤ ਮੁਟਿਆਰਾਂ ਨੇ ਉਹਨੂੰ ਮੋਹ-ਭਿੰਨੀਆਂ ਨਿਗਾਹਾਂ ਨਾਲ਼ ਵੇਖਿਆ ਤੇ ਠੰਢੇ ਹੌਕੇ ਭਰੇ। ਇਕ ਦਿਨ ਸੈਰ ਕਰਦੀ ਕਾਮ ਰੂਪ ਦੀ ਸ਼ਹਿਜ਼ਾਦੀ ਚੰਦਰ ਬਦਨ ਆਪਣੀਆਂ ਸਹੇਲੀਆਂ ਨਾਲ਼ ਬਾਗ਼ 'ਚ ਪੁੱਜ ਗਈ। ਉਹਨੇ ਬਾਂਕੇ ਬਸੰਤ ਵੱਲ ਵੇਖਿਆ ਤੇ ਵੇਂਹਦਿਆਂ ਸਾਰ ਹੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਂ-ਬਾਪ ਨੂੰ ਆਖਿਆ, "ਮੈਂ ਤਾਂ ਵਿਆਹ ਹੀ ਸੁਦਾਗਰ ਦੇ ਮੁੰਡੇ ਨਾਲ਼ ਕਰਾਉਣੈ- ਨਹੀਂ ਤਾਂ ਸਾਰੀ ਉਮਰ ਕੁਆਰੀ ਰਹਾਂਗੀ।" ਉਹਦੇ ਮਾਂ ਬਾਪ ਆਪਣੀ ਧੀ ਦੀ ਜ਼ਿੱਦ ਅੱਗੇ ਠਹਿਰ ਨਾ ਸਕੇ ਤੇ ਉਨ੍ਹਾਂ ਨੇ ਸੁਦਾਗਰ ਨੂੰ ਬੁਲਾ ਕੇ ਚੰਦਰ ਬਦਨ ਦੀ ਸ਼ਾਦੀ ਬਸੰਤ ਨਾਲ਼ ਕਰ ਦਿੱਤੀ! ਐਨੀ ਖ਼ੂਬਸੂਰਤ ਮੁਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ। ਉਹਦੇ ਮਿਰਗਾਂ ਵਰਗੇ ਨੈਣਾਂ 'ਤੇ ਬਸੰਤ ਫ਼ਿਦਾ ਹੋ ਗਿਆ ਤੇ ਉਸ ਨੇ ਮਿਰਗ ਨੈਣੀਂ ਚੰਦਰ ਬਦਨ ਨੂੰ ਤਨੋ ਮਨੋਂ ਆਪਣਾ ਬਣਾ ਲਿਆ! ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਹਾਜ਼ 'ਤੇ ਆ ਗਏ ਤੇ ਚੰਦਰ ਬਦਨ ਆਪਣੇ ਮਾਂ ਬਾਪ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ 'ਤੇ ਰਵਾਨਾ ਹੋ ਗਈ। ਜਹਾਜ਼ ਹੁਣ ਵਾਪਸ ਮਿਸਰ ਵਲ ਨੂੰ ਪਰਤ ਰਿਹਾ ਸੀ। ਚੰਦਰ ਬਦਨ ਤੇ ਬਸੰਤ ਅਠਖੇਲੀਆਂ ਕਰਦੇ ਪਾਣੀ 'ਤੇ ਮੌਜ ਮਸਤੀ ਮਾਣਦੇ ਰਹੇ। ਇਕ ਦਿਨ ਸੁਦਾਗਰ ਨੇ ਵੇਖਿਆ ਚੰਦਰ ਬਦਨ ਕੱਲਮ ਕੱਲੀ ਮਸਤੁਲ ਕੋਲ਼ ਖੜੋਤੀ ਹੋਈ ਚੜ੍ਹਦੇ ਸੂਰਜ ਨੂੰ ਨਿਹਾਰ ਰਹੀ ਸੀ... ਚੜ੍ਹਦੇ ਸੂਰਜ ਦੀ ਲਾਲੀ 'ਚ ਭਿੱਜੀ ਚੰਦਰ ਬਦਨ ਉਹਨੂੰ ਘਾਇਲ ਕਰ ਗਈ। ਉਹ ਸੋਚਣ ਲੱਗਿਆ, "ਜੇ ਚੰਦਰ ਮੇਰੀ ਬਣ ਜਾਵੇ ਸਾਰੀ ਦੁਨੀਆਂ ਦੀ ਦੌਲਤ ਇਹਦੇ 'ਤੇ ਨਿਛਾਵਰ ਕਰ ਦਿਆਂ।" ਸੁਦਾਗਰ ਨੇ ਹਰ ਹੀਲੇ ਚੰਦਰ ਬਦਨ ਨੂੰ ਆਪਣੀ ਬਨਾਉਣ ਦਾ ਮਨੋ ਮਨੀ ਫੈਸਲਾ ਕਰ ਲਿਆ
ਚੰਦਰ ਬਦਨ ਤਾਂ ਸੁਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਣ ਕਰਦਾ ਸੀ।
ਜਦੋਂ ਮਨੁੱਖ ਦੇ ਅੰਦਰ ਬਦੀ ਉਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਣ ਭੁੱਲ ਜਾਂਦਾ ਹੈ। ਇਕ ਦਿਨ ਕੀ ਹੋਇਆ ਸੁਦਾਗਰ ਤੇ ਬਸੰਤ ਜਹਾਜ਼ ਦੇ ਤਖ਼ਤੇ 'ਤੇ ਖੜੋਤੇ ਹੋਏ ਸਨ ਕਿ ਸੁਮੰਦਰ ਵਿਚੋਂ ਪਾਣੀ ਦੀ ਛਲ ਆਈ ਤੇ ਸੁਦਾਗਰ ਨੇ ਇਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ਼ ਸਮੁੰਦਰ ਵਿਚ ਵਗਾਹ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿਚ ਡਿਗ ਕੇ ਡੁੱਬ ਗਿਆ ਹੈ ਤੇ ਨਾਲ਼ ਹੀ ਵਿਰਲਾਪ ਕਰਨ ਲੱਗਾ। ਚੰਦਰ ਬਦਨ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਤੇ ਉਹ ਬਸੰਤ ਦਾ ਨਾਂ ਲੈ ਲੈ ਕੇ ਬਹੁੜੀਆਂ ਪਾ ਰਹੀ ਸੀ। ਸੁਦਾਗਰ ਵੀ ਉਸ ਨੂੰ ਧਰਵਾਸਾ ਦੇਣ ਵਿਚ ਕੋਈ ਕਸਰ ਨਹੀਂ ਸੀ ਛੱਡ ਰਿਹਾ।
ਏਧਰ ਬਸੰਤ ਸੁਮੰਦਰ ਦੇ ਡੂੰਘੇ ਪਾਣੀਆਂ ਵਿਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇਕ ਅਜਿਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿਚ ਇਕ ਬੌਂਦਲਿਆ ਹੋਇਆ ਮਗਰਮੱਛ ਰੁੜ੍ਹਿਆ ਜਾ ਰਿਹਾ ਸੀ। ਬਸੰਤ ਨੇ ਹਿੰਮਤ ਕਰਕੇ ਉਸ ਬੌਂਦਲੇ ਹੋਏ ਮਗਰਮੱਛ ਨੂੰ ਜਾ ਜੱਫ਼ੀ ਪਾਈ ਤੇ ਮਜਬੂਤੀ ਨਾਲ਼ ਫੜ ਲਿਆ ਤੇ ਲਹਿਰਾਂ 'ਚ ਵਹਿੰਦਾ ਹੋਇਆ ਮਗਰਮੱਛ ਉਸ ਨੂੰ ਸਮੁੰਦਰ ਦੇ ਕੰਢੇ 'ਤੇ ਲੈ ਆਇਆ ਜਿੱਥੇ ਮਾਹੀਗੀਰ ਮੱਛੀਆਂ ਪਕੜ ਰਹੇ ਸਨ। ਉਨ੍ਹਾਂ ਨੇ ਬਸੰਤ ਨੂੰ ਸਮੁੰਦਰ 'ਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਕਈ ਓਹੜ ਪੋਹੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ। ਮਿਸਰ ਦਾ ਇਕ ਮਾਲੀ ਜੋ ਮਾਹੀਗੀਰਾਂ ਦਾ ਜਾਣੂੰ ਸੀ ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ। ਮਾਲੀ ਮਾਲਣ ਦੇ ਘਰ ਕੋਈ ਔਲਾਦ ਨਹੀਂ ਸੀ ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖ਼ੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ। ਉਹ ਹੁਣ ਉਨ੍ਹਾਂ ਦੇ ਘਰ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਲਣ ਨੂੰ ਉਸ ਨੇ ਸਾਰੀ ਹੋਈ ਬੀਤੀ ਸੁਣਾਈ। ਉਸ ਨੇ ਆਖਿਆ, "ਪਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰ ਬਦਨ ਉਸ ਨੂੰ ਜ਼ਰੂਰ ਮਿਲੇਗੀ!"
ਸੁਦਾਗਰ ਨੇ ਚੰਦਰ ਬਦਨ ਨੂੰ ਆਪਣੇ ਵਸ ਵਿਚ ਕਰਨ ਲਈ ਕਈ ਹੀਲੇ ਵਰਤੇ- ਡਰਾਇਆ ਧਮਕਾਇਆ ਵੀ- ਆਖਰ ਸੁਦਾਗਰ ਤੋਂ ਖਹਿੜਾ ਛੁਡਾਣ ਲਈ ਇਕ ਦਿਨ ਚੰਦਰ ਬਦਨ ਨੇ ਚਾਲ ਚੱਲੀ, "ਤੁਸੀਂ ਮੈਨੂੰ ਇਕ ਸਾਲ ਦਾ ਸਮਾਂ ਦੇਵੋ। ਇਸ ਸਮੇਂ ਦੌਰਾਨ ਜੇ ਬਸੰਤ ਜਿਊਂਦਾ ਮਿਲ਼ ਗਿਆ ਤਾਂ ਵਾਹ ਭਲੀ ਨਹੀਂ ਤੁਹਾਡੇ ਨਾਲ਼ ਰੀਤੀ ਅਨੁਸਾਰ ਸ਼ਾਦੀ ਕਰਵਾ ਲਵਾਂਗੀ।"
ਸੁਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ ਇਕ ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਤਿਆਰ ਸੀ।
ਜਹਾਜ਼ ਵਾਪਸੀ 'ਤੇ ਮਿਸਰ ਵਲ ਨੂੰ ਆ ਰਿਹਾ ਸੀ ਤੇ ਚੰਦਰ ਬਦਨ ਸੁਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸਚਿੰਤ ਹੋ ਕੇ ਬਸੰਤ ਦੀ ਯਾਦ 'ਚ ਖੋਈ ਸੁਪਨਮਈ ਸੰਸਾਰ ਵਿਚ ਖੋ ਗਈ ਸੀ ਤੇ ਓਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ।
ਆਖ਼ਰ ਜਹਾਜ਼ ਮਿਸਰ ਦੇ ਸਾਹਲ 'ਤੇ ਆਣ ਲੱਗਾ। ਬਸੰਤ ਤਾਂ ਚੰਦਰ ਦਾ ਹਾਲ ਜਾਨਣ ਲਈ ਬੇਤਾਬ ਸੀ। ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ 'ਤੇ ਪੁੱਜ ਗਈ ਤੇ ਚੰਦਰ ਬਦਨ ਦੇ ਗਲ਼ 'ਚ ਹਾਰ ਪਾਂਦਿਆਂ ਹੌਲ਼ੇ ਦੇਣੇ ਬੋਲੀ, "ਬੇਟਾ ਉਦਾਸ ਨਾ ਹੋ- ਤੇਰਾ ਸੁਹਾਗ ਜਿਊਂਦਾ ਹੈ- ਬਸੰਤ ਮੇਰੇ ਘਰ ਹੈ- ਉਸ ਨੇ ਸਾਰੀ ਹੱਡ ਬੀਤੀ ਸੁਣਾਈ ਐ- ਉਹ ਤੇਰੀ ਯਾਦ ਵਿਚ ਤੜਪ ਰਿਹੈ... ਮੈਂ ਕਲ੍ਹ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ...।"
ਐਨਾ ਆਖ ਮਾਲਣ ਜਹਾਜ਼ ਤੋਂ ਪਰਤ ਆਈ ਤੇ ਚੰਦਰ ਬਦਨ ਦੇ ਚਿਹਰੇ 'ਤੇ ਅਨੂਠੀ ਖ਼ੁਸ਼ੀ ਦੀਆਂ ਲਹਿਰਾਂ ਲਹਿ-ਲਹਾਉਣ ਲੱਗੀਆਂ ਤੇ ਉਸ ਦੇ ਮਨ ਦਾ ਮੋਰ ਪੈਲਾਂ ਪਾਉਣ ਲੱਗਾ।
ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰ ਬਦਨ ਦੇ ਪਤੀਬਰਤਾ ਧਰਮ 'ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ। ਉਸ ਤਕ ਪਹੁੰਚ ਕਰਨ ਅਤੇ ਚੰਦਰ ਬਦਨ ਨੂੰ ਸੁਦਾਗਰ ਦੇ ਚੁੰਗਲ ਚੋਂ ਬਚਾਉਣ ਲਈ ਉਹਨੇ ਇਕ ਵਿਉਂਤ ਬਣਾਈ। ਉਹਨੇ ਮਾਲਣ ਹੱਥ ਇਕ ਸੁਨੇਹਾ ਚੰਦਰ ਬਦਨ ਨੂੰ ਭੇਜਿਆ, "ਚੰਦਰ ਸ਼ੁਕਰ ਐ ਖ਼ੁਦਾ ਦਾ ਤੂੰ ਡੋਲੀ ਨਹੀਂ। ਸੁਦਾਗਰ ਨੂੰ ਆਖ ਕਿ ਉਹ ਤੇਰੇ ਨਾਲ਼ ਵਿਆਹ ਕਰਾਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ।"
ਮਾਲਣ ਗੁਲਦਸਤਾ ਭੇਂਟ ਕਰਨ ਦੇ ਪੱਜ ਬਸੰਤ ਦਾ ਸੁਨੇਹਾ ਚੰਦਰ ਬਦਨ ਨੂੰ ਦੇ ਆਈ! ਉਹਨੇ ਸੁਦਾਗਰ ਨੂੰ ਆਖਿਆ, "ਮਾਲਕ ਮੈਂ ਤੁਹਾਨੂੰ ਹੋਰ ਤੜਪਾਉਣਾ ਨਹੀਂ ਚਾਹੁੰਦੀ- ਵਿਆਹ ਕਰਾਣ ਲਈ ਹੁਣੇ ਤਿਆਰ ਹਾਂ- ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ। ਤਦ ਹੀ ਵਿਆਹ ਸੰਪੂਰਨ ਹੋਵੇਗਾ!"
"ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ- ਤੇਰੇ ਲਈ ਤਾਂ ਮੈਂ ਪਹਾੜ ਵੀ ਪੁਟ ਸਕਦਾ ਹਾਂ। ਅੱਜ ਹੀ ਰਾਜਾ ਰੂਪ ਦੇ ਦਰਬਾਰ 'ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ!"
ਸੁਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿਚ ਜਾ ਅਰਜ਼ ਗੁਜ਼ਾਰੀ। ਰੂਪ ਤਾਂ ਆਪ ਇਹ ਕਥਾ ਸੁਣਨ ਲਈ ਉਤਾਵਲਾ ਸੀ। ਉਹਨੇ ਸਾਰੇ ਰਾਜ ਵਿਚ ਡੌਂਡੀ ਪਿਟਵਾ ਦਿੱਤੀ ਕਿ ਜਿਹੜਾ ਵਯੱਕਤੀ ਰਾਜ ਦਰਬਾਰ ਵਿਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ।
ਅਗਲੀ ਭਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਅਰਜ਼ ਕੀਤੀ, "ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ। ਉਹਨੇ ਕਦੇ ਪਰਾਏ ਮਰਦ ਦਾ ਮੂੰਹ ਨਹੀਂ ਵੇਖਿਆ। ਮੇਰੇ ਘਰ ਤੋਂ ਸਾਰੇ ਰਾਹ ਵਿਚ ਕਨਾਤਾਂ ਲਗਵਾ ਦੇਵੋ- ਉਹ ਡੋਲੀ 'ਚ ਬੈਠ ਕੇ ਤੁਹਾਡੇ ਦਰਬਾਰ 'ਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ।"
ਬਸੰਤ ਨੂੰ ਡਰ ਸੀ ਕਿ ਪਹਿਲਾਂ ਵਾਂਗ ਕੋਤਵਾਲ ਉਹਨੂੰ ਪਛਾਣ ਨਾ ਲਵੇ। ਇਸ ਲਈ ਉਹਨੇ ਆਪਣਾ ਭੇਸ ਬਦਲ ਕੇ ਰਾਜ ਦਰਬਾਰ ਵਿਚ ਜਾਣ ਦੀ ਵਿਉਂਤ ਬਣਾਈ ਸੀ।
ਸਾਰੇ ਰਾਹ ਵਿਚ ਕਨਾਤਾਂ ਲੱਗ ਗਈਆਂ। ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇਕ ਖ਼ੂਬਸੂਰਤ ਮੁਟਿਆਰ ਦੇ ਰੂਪ ਵਿਚ ਸ਼ਿੰਗਾਰ ਦਿੱਤਾ ਤੇ ਕਹਾਰ ਉਸ ਨੂੰ ਡੋਲੀ ਵਿਚ ਬਹਾ ਕੇ ਰਾਜ ਦਰਬਾਰ ਵਿਚ ਲੈ ਆਏ।
ਰਾਜ ਦਰਬਾਰ ਵਿਚ ਖ਼ੂਬ ਰੌਣਕਾਂ ਸਨ। ਰਾਜਾ ਰੂਪ ਰਾਜ ਸਿੰਘਾਸਣ 'ਤੇ ਬਿਰਾਜਮਾਨ ਸੀ। ਸੌਦਾਗਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ਼ ਸੁਸ਼ੋਭਤ ਸਨ ਤੇ ਚੰਦਰ ਬਦਨ ਰਾਜ ਮਹਿਲ ਦੇ ਚਿਲਮਨ ਵਿਚ ਬੈਠੀ ਹੋਈ ਸੀ।
ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ ਪਾਸੋਂ ਆਗਿਆ ਮੰਗੀ, "ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ।" "ਆਗਿਆ ਹੈ! ਨਿਰਵਿਘਨ ਸੁਣਾਓ!" ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇ ਦਿੱਤੀ।
ਮਾਲਣ ਦੀ ਧੀ ਬਣੇ ਬਸੰਤ ਨੇ ਜਦੋਂ ਵੈਰਾਗਮਈ ਬੋਲਾਂ ਵਿਚ ਰੂਪ-ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿਚ ਸੱਨਾਟਾ ਛਾ ਗਿਆ। ਉਸ ਨੇ ਆਪਣੇ ਪਿੰਡੇ 'ਤੇ ਹੰਢਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿਚੋਂ ਵੈਰਾਗ ਦੇ ਅੱਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ। ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ ਕੋਤਵਾਲ, ਚੌਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਅਪਣਾਏ ਵਤੀਰੇ ਦਾ ਬ੍ਰਿਤਾਂਤ ਸੁਣਿਆਂ ਤਾਂ ਉਸ ਨੇ ਉਨ੍ਹਾਂ ਨੂੰ ਉਸੇ ਵਕਤ ਗ੍ਰਿਫ਼ਤਾਰ ਕਰਨ ਦਾ ਹੁਕਮ ਸੁਣਾ ਦਿੱਤਾ।
ਕਥਾ ਸੁਣ ਰਹੇ ਸੁਦਾਗਰ ਦੇ ਦਿਲ ਨੂੰ ਉਦੋਂ ਹੀ ਕਾਂਬਾ ਛਿੜ ਪਿਆ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੁਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸੁਦਾਗਰ ਵਲੋਂ ਚੰਦਰ ਬਦਨ ਨੂੰ ਆਪਣੀ ਬਣਾਨ ਖ਼ਾਤਰ ਬਸੰਤ ਨੂੰ ਸਮੁੰਦਰ ਵਿਚ ਸੁੱਟਣ ਦਾ ਬਿਰਤਾਂਤ ਸੁਣਿਆਂ ਤਾਂ ਉਹ ਇਕਦਮ ਅੱਗ ਬਗੂਲਾ ਹੋ ਗਿਆ ਤੇ ਤੁਰੰਤ ਹੀ ਸੁਦਾਗਰ ਨੂੰ ਹੱਥਕੜੀਆਂ ਲਾਣ ਦੇ ਆਦੇਸ਼ ਦੇ ਦਿੱਤੇ।
ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਉਹ ਭੁੱਬਾਂ ਮਾਰ-ਮਾਰ ਕੇ ਰੋ ਰਿਹਾ ਸੀ।
"ਦਿਲ ਥੋੜ੍ਹਾ ਨਾ ਕਰ ਰਾਜਨ! ਬਸੰਤ ਡੁੱਬਿਆ ਨਹੀਂ! ਜਿਊਂਦਾ ਹੈ।" ਮਾਲਣ ਦੀ ਧੀ ਨੇ ਕਥਾ ਅਗਾਂਹ ਤੋਰੀ, "ਰਾਜਨ ਕੁਦਰਤ ਦੇ ਰੰਗ ਨਿਆਰੇ ਨੇ, ਬਸੰਤ ਨੇ ਹਿੰਮਤ ਨਾ ਹਾਰੀ ਉਹ ਸਮੁੰਦਰ ਦੀਆਂ ਖ਼ੂਨੀ ਛੱਲਾਂ ਨਾਲ਼ ਘੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮੱਛੀਆਂ ਫੜ ਰਹੇ ਸਨ। ਉਨ੍ਹਾਂ ਨੇ ਬੇਸੁਧ ਬਸੰਤ ਨੂੰ ਹੋਸ਼ ਵਿਚ ਲੈ ਆਂਦਾ ਤੇ ਉਹ ਹੁਣ ਮਾਲਣ ਦੀ ਧੀ ਦੇ ਭੇਸ ਵਿਚ ਤੁਹਾਨੂੰ ਕਥਾ ਸੁਣਾ ਰਿਹਾ ਹੈ।"
ਕਥਾ ਦਾ ਆਖ਼ਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇਕਦਮ ਉੱਠ ਖੜ੍ਹਾ ਹੋਇਆ ਤੇ ਦੌੜ ਕੇ ਬਸੰਤ ਨੂੰ ਧਾ ਗਲਵਕੜੀ ਪਾਈ! ਦੋਨੋਂ ਕਾਫੀ ਸਮਾਂ ਹਾਉਕੇ ਤੇ ਸਿਸਕੀਆਂ ਭਰਦੇ ਰਹੇ... ਸਾਰੇ ਰਾਜ ਦਰਬਾਰੀਆਂ ਦੀਆਂ ਅੱਖੀਆਂ ਵੀ ਨਮ ਸਨ।
ਚੰਦਰ ਬਦਨ ਨੂੰ ਵੀ ਹਰਮ ਵਿਚੋਂ ਬੁਲਾ ਲਿਆ ਗਿਆ। ਦੋਨੋਂ ਬਸੰਤ ਤੇ ਚੰਦਰ ਬਦਨ ਆਪੋ ਵਿਚ ਮਿਲ ਕੇ ਸਰਸ਼ਾਰ ਹੋ ਗਏ।
ਖ਼ੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਸੀ। ਰਾਜਧਾਨੀ ਵਿਚ ਦੀਪ ਮਾਲ਼ਾ ਕੀਤੀ ਗਈ ਤੇ ਖੈਰਾਤਾਂ ਵੰਡੀਆਂ ਗਈਆਂ। ਰਾਜਾ ਰੂਪ ਦੇ ਹੁਕਮ 'ਤੇ ਬਸੰਤ ਦੇ ਧਰਮ ਮਾਤਾ-ਪਿਤਾ ਘੁਮਾਰ ਤੇ ਘੁਮਾਰੀ ਅਤੇ ਮਾਲੀ-ਪਾਲਣ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲ ਨਾਥ ਦੀ ਭਾਲ਼ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿਚ ਸ਼ਾਹੀ ਸਨਮਾਨ ਨਾਲ਼ ਨਿਵਾਜਿਆ ਗਿਆ। ਕੋਤਵਾਲ, ਚੌਕੀਦਾਰ, ਵੇਸਵਾ ਅਤੇ ਸੁਦਾਗਰ ਨੂੰ ਸਖ਼ਤ ਸਜ਼ਾਵਾਂ ਭੁਗਤਣ ਲਈ ਜੇਲ੍ਹ ਭੇਜ ਦਿੱਤਾ ਗਿਆ।
ਕੁਝ ਸਮਾਂ ਮਿਸਰ 'ਚ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾਦੀਪ ਆਏ। ਖੜਗ ਸੈਨ ਹੁਣ ਬੁੱਢਾ ਹੋ ਚੁੱਕਾ ਸੀ ਤੇ ਚੰਦਰਵਤੀ ਕਈ ਵਰ੍ਹੇ ਪਹਿਲਾਂ ਹੀ ਅੰਤਹਿਕਰਣ ਦੀ ਆਵਾਜ਼ ਸੁਣ ਦੇ ਪਸ਼ਚਾਤਾਪ ਵਿਚ ਮੋਹਰਾ ਚੱਟ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਸੀ। ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਗ ਸੈਨ ਦੇ ਝੁਰੜਾਏ ਚਿਹਰੇ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਨੇ ਬਸੰਤ ਨੂੰ ਸੰਗਲਾਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਣ-ਪ੍ਰੱਸਤ ਧਾਰਨ ਕਰ ਲਿਆ। ਕੁਝ ਦਿਨਾਂ ਮਗਰੋਂ ਰੂਪ ਮਿਸਰ ਦੀ ਰਾਜਧਾਨੀ ਨੂੰ ਪਰਤ ਆਇਆ...

.