ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਪ੍ਰਵੇਸ਼

ਪ੍ਰਵੇਸ਼

ਬਚਪਨ ਤੋਂ ਹੀ ਲੋਕ ਗਾਥਾਵਾਂ ਮੇਰੀ ਅੰਤਰ-ਆਤਮਾ ਵਿਚ ਰਮੀਆਂ ਹੋਈਆਂ ਹਨ। ਮੇਰਾ ਬਾਪੂ ਖੇਤੀ ਦਾ ਕੰਮ ਕਰਦਿਆਂ ਅਕਸਰ ਮਿਰਜ਼ੇ ਦੀਆਂ ਕਲੀਆਂ ਲਾਉਂਦਾ। ਕਦੀ-ਕਦੀ ਮੇਰੀ ਬੇਬੇ ਚਰਖਾ ਕੱਤਦੀ ਹੋਈ ਜੋਗੀ ਬਣੇ ਰਾਂਝੇ ਦੇ ਬਿਰਤਾਂਤ ਨੂੰ ਲਟਕਾਂ ਨਾਲ਼ ਗਾਉਂਦੀ। ਤਾਈ ਪੰਜਾਬੋ ਨੇ ਜਦੋਂ "ਹਾਏ ਵੇ ਪੁੰਨੂੰ ਜ਼ਾਲਮਾ, ਦਿਲਾਂ ਦਿਆ ਮਹਿਰਮਾਂ" ਸੱਸੀ ਦਾ ਗੀਤ ਦਰਦੀਲੇ ਬੋਲਾਂ ਨਾਲ਼ ਗਾਉਣਾ ਤਾਂ ਸੱਸੀ ਪੁੰਨੂੰ ਦੀ ਦਿਲ ਹੂਲਵੀਂ ਮੁਹੱਬਤ ਨੈਣਾਂ ਅੱਗੇ ਆ ਖੜੋਂਦੀ। ਵਿਆਹ ਸ਼ਾਦੀ ਦੇ ਅਵਸਰ 'ਤੇ ਜਦੋਂ ਸਾਡੇ ਪਿੰਡਾਂ ਵਿਚ ਬਰਾਤਾਂ ਤਿੰਨ-ਤਿੰਨ ਦਿਨ ਠਹਿਰਦੀਆਂ ਸਨ ਤਾਂ ਗੱਭਲੇ ਦਿਨ ਬਰਾਤ ਨਾਲ਼ ਆਏ ਢਾਡੀਆਂ ਅਤੇ ਕਵੀਸ਼ਰਾਂ ਨੇ ਅਖਾੜੇ ਲਾਉਣੇ। ਉਨ੍ਹਾਂ ਪਾਸੋਂ ਹੀਰ-ਰਾਂਝਾ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ ਦੀਆਂ ਪ੍ਰੀਤ ਗਾਥਾਵਾਂ ਤੋਂ ਇਲਾਵਾ ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਰਾਜਾ ਭਰਥਰੀ, ਸੁੱਚਾ ਸੂਰਮਾ ਅਤੇ ਜੀਊਣਾ ਮੌੜ ਵਰਗੇ ਸੂਰਮਿਆਂ ਦੀਆਂ ਵੀਰ ਰਸੀ ਗਾਥਾਵਾਂ ਸੁਣ ਕੇ ਅਨੂਠਾ ਆਨੰਦ ਮਾਣਨਾ। ਮੇਲਿਆਂ ਮਸਾਵਿਆਂ 'ਤੇ ਵੀ ਗਮੰਤਰੀ ਅਖਾੜੇ ਲਾਉਂਦੇ ਜਿਥੇ ਉਹ ਪੰਜਾਬੀ ਲੋਕ ਗਾਥਾਵਾਂ ਗਾ ਕੇ ਸਰੋਤਿਆਂ ਦਾ ਮਨੋਰੰਜਨ ਕਰਦੇ। ਲੋਕੀ ਹੁੰਮ ਹੁੰਮਾ ਕੇ ਉਨ੍ਹਾਂ ਨੂੰ ਸੁਣਨ ਜਾਂਦੇ ਸਨ। ਪੁਰਾਣੇ ਸਮੇਂ ਤੋਂ ਹੀ ਲੋਕ ਗਾਥਾਵਾਂ ਪੰਜਾਬੀ ਲੋਕ ਮਾਨਸ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਰਹੀਆਂ ਹਨ।

ਮੈਨੂੰ ਬਚਪਨ ਤੋਂ ਹੀ ਪੁਸਤਕਾਂ ਅਤੇ ਕਿੱਸੇ ਪੜ੍ਹਨ ਦਾ ਸ਼ੌਕ ਸੀ। ਏਸੇ ਸ਼ੌਕ ਨੇ ਮੈਨੂੰ ਲੋਕ ਗਾਥਾਵਾਂ ਨਾਲ਼ ਜੋੜਿਆ... ਜਿੱਥੋਂ ਕਿਤੋਂ ਵੀ ਕੋਈ ਕਿੱਸਾ ਮਿਲਣਾ ਲੈ ਆਉਣਾ... ਇੰਜ ਕਿੱਸਿਆਂ ਦਾ ਸੰਗ੍ਰਹਿ ਬਣ ਗਿਆ। ਸ਼ੌਕ ਵਜੋਂ ਇਕ ਕਾਪੀ ਉਤੇ ਲੋਕ ਗੀਤ ਵੀ ਲਿਖ ਲੈਂਦਾ। ਮੇਰੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਮੈਂ ਇਨ੍ਹਾਂ ਲੋਕ ਗਾਥਾਵਾਂ ਨੂੰ ਵਾਰਤਕ ਰੂਪ ਵਿਚ ਪਾਠਕਾਂ ਦੇ ਰੂਬਰੂ ਕਰ ਸਕਾਂਗਾ।

ਗੱਲ ਸਾਲ 1954 ਦੀ ਹੈ, ਓਦੋਂ ਮੈਂ ਦਸਵੀਂ ਪਾਸ ਕਰਨ ਉਪਰੰਤ ਜੇ.ਬੀ.ਟੀ. ਦਾ ਕੋਰਸ ਕਰਕੇ ਅਧਿਆਪਕ ਲੱਗ ਗਿਆ ਸਾਂ। ਸਕੂਲੀ ਦਿਨਾਂ ਵਿਚ ਡੰਗਰ-ਪਸ਼ੂ ਚਾਰਦੇ ਹੋਏ ਪਾਈਆਂ ਤੇ ਸੁਣੀਆਂ ਲੋਕ ਬੋਲੀਆਂ ‘ਨਾ ਮਾਰੀਂ ਵੇ ਦਲੇਲ ਗੁਜਰਾ, ਮੈਂ ਲੋਪੋਂ ਦੀ ਸੁਨਿਆਰੀ', 'ਗੱਡੀ ਜੋੜ ਕੇ ਰੁਪਾਲੋਂ ਬਾੜੀ, ਜ਼ੋਰ ਸਰਦਾਰੀ ਦੇ' ਅਤੇ 'ਬਾਰ ਬਟਨ ਨੇ ਟੋਲੇ, ਹੱਡ ਪਰਤਾਪੀ ਦੇ' ਮੇਰੀ ਅੰਤਰ ਆਤਮਾ ਨੂੰ ਝੰਜੋੜ ਰਹੀਆਂ ਸਨ ਜਿਸ ਸਦਕਾ ਮੈਂ ਮਨ ਬਣਾ ਲਿਆ ਕਿ ਇਨ੍ਹਾਂ ਲੋਕ ਬੋਲੀਆਂ ਦੇ ਪਿਛੋਕੜ ਬਾਰੇ ਜਾਣਕਾਰੀ ਪ੍ਰਾਪਤ ਕਰਾਂ। ਲੋਪੋਂ ਮੇਰੇ ਪਿੰਡ ਮਾਦਪੁਰ ਦਾ ਗੁਆਂਢੀ ਪਿੰਡ ਹੈ ਤੇ ਰੁਪਾਲੋਂ ਉਸ ਤੋਂ ਅਗਲੇਰਾ ਪਿੰਡ। ਮੇਰੇ ਗੁਆਂਢੀ ਪਿੰਡਾਂ ਵਿਚ ਉਨੀਵੀਂ ਸਦੀ ਦੇ ਸਤਵੇਂ ਦਹਾਕੇ ਵਿਚ ਵਾਪਰੀ 'ਕਾਕਾ ਪਰਤਾਪੀ' ਦੀ ਦਰਦਨਾਕ ਕਥਾ ਨੇ ਮੇਰੇ ਹੱਥ ਵਿਚ ਕਲਮ ਫੜਾ ਦਿੱਤੀ। ਮੈਂ ਲੋਪੋਂ, ਰੁਪਾਲੋਂ ਅਤੇ ਗੁਆਂਢੀ ਪਿੰਡਾਂ ਦੇ ਬਜ਼ੁਰਗਾਂ ਪਾਸੋਂ ਜਾ ਕੇ ਇਸ ਵਾਰਤਾ ਨੂੰ ਜਾਣਿਆਂ ਤੇ ਸੁਣਿਆਂ। ਇਸ ਤੋਂ ਬਿਨਾਂ 'ਕਾਕਾ ਪਰਤਾਪੀ' ਬਾਰੇ ਕਈ ਕਿੱਸੇ ਵੀ ਪ੍ਰਾਪਤ ਹੋ ਗਏ। ਇਸ ਆਧਾਰ 'ਤੇ ਮੈਂ ਇਕ ਲੇਖ 'ਕਾਕਾ ਪ੍ਰਤਾਪੀ ਦਾ ਕਿੱਸਾ' ਲਿਖਿਆ ਜਿਹੜਾ ਭਾਸ਼ਾ ਵਿਭਾਗ ਪੰਜਾਬ ਦੇ ਸਿਰਮੌਰ ਮਾਸਕ ਪੱਤਰ 'ਪੰਜਾਬੀ ਦੁਨੀਆਂ' ਦੇ ਨਵੰਬਰ-ਦਸੰਬਰ 1954 ਦੇ ਅੰਕ ਵਿਚ ਪ੍ਰਕਾਸ਼ਿਤ ਹੋ ਗਿਆ। ਓਦੋਂ ਮੇਰੀ ਉਮਰ ਸਾਢੇ 19 ਸਾਲ ਦੀ ਸੀ। ਆਪਣੀ ਪਹਿਲੀ ਰਚਨਾ ਦੇ ਉਸ ਸਮੇਂ ਦੇ ਪੰਜਾਬੀ ਦੇ ਸਿਰਮੌਰ ਮਾਸਕ ਪੱਤਰ ਵਿਚ ਛਪਣ ਨਾਲ਼ ਮੇਰਾ ਹੌਸਲਾ ਬੁਲੰਦ ਹੋ ਗਿਆ ਤੇ ਮੈਂ ਆਪਣੀ ਖੋਜ ਜਾਰੀ ਰਖਦਿਆਂ 'ਸੋਹਣਾ ਜ਼ੈਨੀ', 'ਇੰਦਰ ਬੇਗੋ' ਅਤੇ 'ਰੋਡਾ ਜਲਾਲੀ' ਵਰਗੀਆਂ ਮੂੰਹਜ਼ੋਰ ਮੁਹੱਬਤਾਂ ਨੂੰ ਕਿੱਸਿਆਂ 'ਤੇ ਅਧਾਰਤ ਲੇਖ ਲਿਖ ਕੇ 'ਪੰਜਾਬੀ ਦੁਨੀਆਂ', 'ਜਾਗ੍ਰਤੀ' ਅਤੇ 'ਪੰਜ ਦਰਿਆ' ਆਦਿ ਪ੍ਰਮੁੱਖ ਪੰਜਾਬੀ ਮਾਸਕ ਪੱਤਰਾਂ ਵਿਚ ਛਪਵਾ ਕੇ ਪਾਠਕਾਂ ਦੇ ਸਨਮੁਖ ਕੀਤਾ। ਇਨ੍ਹਾਂ ਰਚਨਾਵਾਂ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਸ. ਸਾਧੂ ਸਿੰਘ ਹਮਦਰਦ, ਜੋ ਉਸ ਸਮੇਂ ਦੇ ਪ੍ਰਮੁੱਖ ਪੰਜਾਬੀ ਅਖ਼ਬਾਰ 'ਅਜੀਤ' ਦੇ ਮੁੱਖ ਸੰਪਾਦਕ ਸਨ, ਨੇ ਮੈਨੂੰ 'ਅਜੀਤ' ਲਈ ਪੰਜਾਬ ਦੀਆਂ ਸਮੁੱਚੀਆਂ ਪ੍ਰੀਤ ਗਾਥਾਵਾਂ ਲਿਖਣ ਲਈ ਪ੍ਰੇਰਿਆ ਜਿਨ੍ਹਾਂ ਨੂੰ ਮੈਂ ਲੋਕ ਗੀਤਾਂ ਦੇ ਆਧਾਰ 'ਤੇ ਲਿਖਿਆ ਤੇ ਉਹ 'ਅਜੀਤ' ਦੇ ਸਪਤਾਹਿਕ ਅੰਕਾਂ ਵਿਚ ਲੜੀਵਾਰ ਪ੍ਰਕਾਸ਼ਿਤ ਹੋਈਆਂ। ਪੰਜਾਬੀ ਦੇ ਪ੍ਰਮੁੱਖ ਕਵੀ ਸੋਹਣ ਸਿੰਘ ਮੀਸ਼ਾ ਓਦੋਂ 'ਅਕਾਸ਼ ਬਾਣੀ' ਜਲੰਧਰ ਦੇ ਪੰਜਾਬੀ ਪ੍ਰੋਗਰਾਮ ਦੇ ਪ੍ਰੋਡਿਊਸਰ ਸਨ, ਉਨ੍ਹਾਂ ਨੇ ਇਨ੍ਹਾਂ ਪ੍ਰੀਤ ਗਾਥਾਵਾਂ ਨੂੰ 'ਦੇਸ ਪੰਜਾਬ' ਪ੍ਰੋਗਰਾਮ, ਜੋ ਵਿਸ਼ੇਸ਼ ਕਰਕੇ ਪਾਕਿਸਤਾਨੀ ਸਰੋਤਿਆਂ ਲਈ ਸੀ, ਵਿਚ 'ਜਿਨ੍ਹਾਂ ਵਣਜ ਦਿਲਾਂ ਦੇ ਕੀਤੇ' ਸਿਰਲੇਖ ਅਧੀਨ ਨਾਟਕੀ ਅੰਦਾਜ਼ ਵਿਚ ਲੜੀਵਾਰ ਪ੍ਰਸਾਰਤ ਕੀਤਾ।

ਸ. ਜੀਵਨ ਸਿੰਘ ਮਾਲਕ ਲਾਹੌਰ ਬੁੱਕ ਸ਼ਾਪ ਲੁਧਿਆਣਾ, ਜੋ ਸਾਹਿਤ ਦੇ ਪਾਰਖੂ ਵਿਅਕਤੀ ਸਨ, ਨੇ 1962 ਵਿਚ ਮੇਰੀ ਪੁਸਤਕ 'ਨੈਣਾਂ ਦੇ ਵਣਜਾਰੇ' ਪ੍ਰਕਾਸ਼ਿਤ ਕੀਤੀ ਜਿਸ ਵਿਚ ਹੀਰ-ਰਾਂਝਾ, ਸੱਸੀ-ਪੁੰਨੂੰ, ਮਿਰਜ਼ਾ-ਸਾਹਿਬਾਂ, ਸੋਹਣੀ-ਮਹੀਂਵਾਲ, ਕਾਕਾ-ਪਰਤਾਪੀ, ਸੋਹਣਾ-ਜ਼ੈਨੀ, ਇਦਰ-ਬੇਗੋ ਅਤੇ ਰੋਡਾ-ਜਲਾਲੀ ਪੰਜਾਬ ਦੀਆਂ ਪ੍ਰਮੁੱਖ ਪ੍ਰੀਤ ਗਾਥਾਵਾਂ ਸ਼ਾਮਲ ਕੀਤੀਆਂ ਗਈਆਂ। ਇਹ ਸਾਰੀਆਂ ਪ੍ਰੀਤ ਗਾਥਾਵਾਂ ਮੱਧਕਾਲ ਵਿਚ ਵਾਪਰੀਆਂ ਸਨ। ਪਹਿਲਾਂ ਇਹ ਲੋਕ ਮਾਨਸ ਦੇ ਚੇਤਿਆਂ ਵਿਚ ਸਾਂਭੀਆਂ ਹੋਈਆਂ ਸਨ। ਲੋਕ ਚੇਤਿਆਂ ਤੋਂ ਸੁਣ ਕੇ ਮੱਧਕਾਲ ਦੇ ਕਿੱਸਾਕਾਰਾਂ ਨੇ ਇਨ੍ਹਾਂ ਨੂੰ ਆਪਣੇ ਕਿੱਸਿਆਂ ਵਿਚ ਪੇਸ਼ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿਚ ਇਹ ਕਿੱਸੇ ਉਪਲਬਧ ਹਨ। ਵਾਰਸ ਦੀ ਹੀਰ, ਫ਼ਜ਼ਲ ਸ਼ਾਹ ਦੀ ਸੋਹਣੀ, ਪੀਲੂ ਦਾ ਮਿਰਜ਼ਾ ਅਤੇ ਹਾਸ਼ਮ ਦੀ ਸੱਸੀ ਪੰਜਾਬੀ ਕਿੱਸਾ-ਕਾਵਿ ਦੀਆਂ ਅਮਰ ਰਚਨਾਵਾਂ ਹਨ।

ਮੱਧਕਾਲੀਨ ਕਾਲ ਦੀਆਂ ਇਨ੍ਹਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ਼ ਟਾਕਰਾ ਕੀਤਾ ਹੈ- ਨਾ ਕੋਈ ਧਰਮ, ਨਾ ਜ਼ਾਤ, ਨਾ ਗੋਤ ਅਤੇ ਨਾ ਅਮੀਰੀ ਗ਼ਰੀਬੀ ਦਾ ਪਾੜਾ ਉਨ੍ਹਾਂ ਦੇ ਮਿਲਾਪ ਨੂੰ ਰੋਕ ਨਹੀਂ ਸਕਿਆ। ਉਨ੍ਹਾਂ ਨੇ ਸਮਾਜੀ ਬੰਦਸ਼ਾਂ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਅਸਲ ਵਿਚ ਉਨ੍ਹਾਂ ਨੇ ਆਪਣੇ ਤੌਰ 'ਤੇ ਸਖ਼ਸ਼ੀ ਆਜ਼ਾਦੀ ਦੀ ਲੜਾਈ ਲੜ ਕੇ ਇਤਿਹਾਸ ਸਿਰਜਿਆ ਹੈ। ਸੱਚਮੁਚ ਹੀ ਉਹ ਅਜਿਹੇ ਮਰਜੀਵੜੇ ਸਨ ਜਿਨ੍ਹਾਂ ਨੇ ਅਪਣੀ ਨਿੱਜੀ ਆਜ਼ਾਦੀ ਲਈ ਉਸ ਸਮੇਂ ਦੇ ਸਮਾਜ ਦਾ ਟਾਕਰਾ ਆਪਣੀਆਂ ਜਾਨਾਂ ਵਾਰ ਕੇ ਕੀਤਾ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਨੂੰ ਆਪਣੇ ਚੇਤਿਆਂ ਵਿਚ ਵਸਾਈ ਬੈਠਾ ਹੈ ਅਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ 'ਮਾਈ ਹੀਰ' ਤੇ ਰਾਂਝੇ ਨੂੰ 'ਮੀਆਂ ਰਾਂਝੇ' ਦੇ ਲਕਬ ਨਾਲ਼ ਯਾਦ ਕ਼ਰਦੇ ਹਨ।

ਪੁਰਾਣੇ ਸਮੇਂ ਤੋਂ ਹੀ ਪੰਜਾਬ ਬਦੇਸ਼ੀ ਹਮਲਾਵਰਾਂ ਦਾ ਮੁਖ ਦੁਆਰ ਹੋਣ ਕਰਕੇ ਪੰਜਾਬੀਆਂ ਨੂੰ ਬਦੇਸ਼ੀ ਹਮਲਾਵਰਾਂ ਨਾਲ਼ ਜੂਝਣਾ ਪਿਆ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖ਼ੂਨ ਵਿਚ ਸੂਰਮਗਤੀ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ। ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲ਼ੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਓਥੇ ਉਹ ਉਨ੍ਹਾਂ ਯੋਧਿਆਂ, ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲ਼ੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਨ੍ਹਾਂ ਨਾਇਕਾਂ ਦੇ ਜੀਵਨ ਵੇਰਵਿਆਂ ਨੂੰ ਅਪਣੇ ਕਿੱਸਿਆਂ ਰਾਹੀਂ ਮਨੋਹਰ ਅੰਦਾਜ਼ ਵਿਚ ਬਿਆਨ ਕਰਦੇ ਰਹੇ ਹਨ। ਕਾਫੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫ਼ਲਾਂ ਦਾ ਸ਼ਿੰਗਾਰ ਰਹੇ ਹਨ। ਪੂਰਨ ਭਗਤ, ਰਾਜਾ ਰਸਾਲੂ, ਭਰਥਰੀ ਹਰੀ, ਦੁੱਲਾ ਭੱਟੀ, ਸੁੱਚਾ ਸੂਰਮਾ, ਜੱਗਾ ਡਾਕੂ ਅਤੇ ਜੀਊਣਾ ਮੌੜ ਪੰਜਾਬੀਆਂ ਦੇ ਹਰਮਨ ਪਿਆਰੇ ਨਾਇਕ ਹਨ। ਇਨ੍ਹਾਂ ਸੂਰਬੀਰ ਯੋਧਿਆਂ ਨੂੰ ਮੈਂ ਆਪਣੀ 2005 ਵਿਚ ਪ੍ਰਕਾਸ਼ਿਤ ਹੋਈ ਪੁਸਤਕ 'ਪੰਜਾਬ ਦੇ ਲੋਕ ਨਾਇਕ' ਵਿਚ ਸ਼ਾਮਲ ਕੀਤਾ ਹੈ। ਨਵੰਬਰ 2010 ਵਿਚ ਮੈਂ 'ਪੰਜਾਬੀ ਟ੍ਰਿਬਿਊਨ' ਦੇ 'ਲੋਕ ਰੰਗ' ਅੰਕ ਲਈ ਲੜੀਵਾਰ ਕਾਲਮ 'ਲੋਕ ਗਾਥਾ' ਲਿਖਣਾ ਸ਼ੁਰੂ ਕੀਤਾ ਸੀ। ਮੇਰੀ ਵਿਉਂਤ 'ਕੀਮਾ ਮਲਕੀ', 'ਰਾਜਾ ਰਸਾਲੂ', 'ਪੂਰਨ ਭਗਤ', 'ਦੁੱਲਾ ਭੱਟੀ' ਅਤੇ 'ਜੀਊਣਾ ਮੌੜ' ਲੋਕ ਗਾਥਾਵਾਂ ਪ੍ਰਸਤੁਤ ਕਰਨ ਦੀ ਹੀ ਸੀ ਪਰੰਤੂ ਇਸ ਕਾਲਮ ਨੂੰ ਦੇਸ਼ ਬਦੇਸ਼ ਦੇ ਪਾਠਕਾਂ ਨੇ ਐਨਾ ਪਸੰਦ ਕੀਤਾ ਕਿ ਉਨ੍ਹਾਂ ਨੇ ਮੈਨੂੰ ਪੰਜਾਬ ਦੀਆਂ ਸਮੁੱਚੀਆਂ ਲੋਕ ਗਾਥਾਵਾਂ ਦਾ ਪੁਨਰ ਕਥਨ ਕਰਕੇ ਇਸੇ ਕਾਲਮ ਅਧੀਨ ਪ੍ਰਕਾਸ਼ਿਤ ਕਰਨ ਲਈ ਮਜਬੂਰ ਕਰ ਦਿੱਤਾ। ਪਾਠਕਾਂ ਦੀ ਪੁਰਜ਼ੋਰ ਮੰਗ ਅਤੇ ਮੁਹੱਬਤ ਸਦਕਾ ਮੈਂ ਉਹ ਸਾਰੀਆਂ ਲੋਕ ਗਾਥਾਵਾਂ ਜਿਨ੍ਹਾਂ ਨੂੰ ਪਹਿਲਾਂ ਕਿੱਸਿਆਂ ਅਤੇ ਲੋਕ ਗੀਤਾਂ ਦੇ ਆਧਾਰ 'ਤੇ ਲਿਖਿਆ ਸੀ, ਮੁੜ ਨਵੇਂ-ਸਿਰਿਉਂ ਸੋਧ ਕੇ ਲਿਖੀਆਂ ਅਤੇ ਇਨ੍ਹਾਂ ਤੋਂ ਇਲਾਵਾ ਦੋ ਚਰਚਿਤ ਲੋਕ ਗਾਥਾਵਾਂ ‘ਰੂਪ ਬਸੰਤ’ ਅਤੇ ‘ਭਰਥਰੀ ਹਰੀ' ਨੂੰ ਪਹਿਲੀ ਵਾਰ ਲਿਖਿਆ ਜਿਨ੍ਹਾਂ ਨੂੰ 'ਪੰਜਾਬੀ ਟ੍ਰਿਬਿਊਨ' ਨੇ ਸੁਚਿੱਤਰ ਕਰਕੇ ਪਾਠਕਾਂ ਦੇ ਰੂਬਰੂ ਕੀਤਾ ਹੈ। ਇਨ੍ਹਾਂ ਸਾਰੀਆਂ ਲੋਕ ਗਾਥਾਵਾਂ ਨੂੰ ਅੱਗੋਂ ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਆਸਟਰੇਲੀਆ ਵਿਚ ਛਪਦੇ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਨੇ ਮੁੜ ਪ੍ਰਕਾਸ਼ਿਤ ਕੀਤਾ ਹੈ।

ਲੋਕ ਗਾਥਾਵਾਂ ਪੰਜਾਬੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ, ਜਿਨ੍ਹਾਂ ਵਿਚ ਪੰਜਾਬ ਦੀ ਆਤਮਾ ਵਿਦਮਾਨ ਹੈ। ਇਹ ਚਸ਼ਮੇ ਦੇ ਪਾਣੀ ਵਾਂਗ ਅੱਜ ਵੀ ਸਜਰੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ/ ਸੁਣ ਕੇ ਪੰਜਾਬੀ ਮਨ ਆਤਮਕ ਅਤੇ ਬੋਧਕ ਆਨੰਦ ਪ੍ਰਾਪਤ ਕਰਦਾ ਹੈ।

-ਸੁਖਦੇਵ ਮਾਦਪੁਰੀ

ਮਿਤੀ 15.02.2012

ਸਮਾਧੀ ਰੋਡ, ਖੰਨਾ

ਜ਼ਿਲ੍ਹਾ ਲੁਧਿਆਣਾ