ਛੱਬੀ ਆਦਮੀ ਅਤੇ ਇੱਕ ਕੁੜੀ
ਅਸੀਂ ਗਿਣਤੀ ਵਿੱਚ ਛੱਬੀ ਸਾਂ। ਛੱਬੀ ਜਿਉਂਦੀਆਂ ਮਸ਼ੀਨਾਂ ਇੱਕ ਮਕਾਨ ਵਿੱਚ ਕੈਦ ਜਿਥੇ ਅਸੀਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬਿਸਕੁਟਾਂ ਦੇ ਲਈ ਮੈਦਾ ਤਿਆਰ ਕਰਦੇ। ਸਾਡੀ ਜੇਲ ਨੁਮਾ ਕੋਠੜੀ ਦੀ ਖਿੜਕੀ ਇੱਟਾਂ ਅਤੇ ਕੂੜਾ ਕਰਕਟ ਨਾਲ ਭਰੀ ਹੋਈ ਖਾਈ ਵੱਲ ਖੁਲਦੀ ਸੀ। ਖਿੜਕੀ ਨੂੰ ਲੋਹੇ ਦੀਆਂ ਸਲਾਖਾਂ ਲੱਗੀਆਂ ਹੋਈਆਂ ਸਨ ਅਤੇ ਸ਼ੀਸ਼ੇ ਮਿੱਟੀ ਘੱਟੇ ਨਾਲ ਅੱਟੇ ਹੋਏ ਸਨ ਇਸ ਲਈ ਸੂਰਜ ਦੀ ਰੌਸ਼ਨੀ ਸਾਡੇ ਤੱਕ ਨਾ ਪਹੁੰਚ ਸਕਦੀ। ਸਾਡੇ ਮਾਲਕ ਨੇ ਖਿੜਕੀ ਦਾ ਸਾਹਮਣੇ ਵਾਲਾ ਹਿੱਸਾ ਇਸ ਲਈ ਬੰਦ ਕਰਵਾ ਦਿੱਤਾ ਸੀ ਕਿ ਸਾਡੇ ਹੱਥ ਉਸ ਦੀ ਰੋਟੀ ਵਿੱਚੋਂ ਇੱਕ ਬੁਰਕੀ ਵੀ ਗ਼ਰੀਬਾਂ ਨੂੰ ਦੇਣ ਦੇ ਲਈ ਬਾਹਰ ਨਾ ਨਿਕਲ ਸਕਣ ਜਾਂ ਅਸੀਂ ਉਨ੍ਹਾਂ ਭਾਈਆਂ ਦੀ ਮਦਦ ਨਾ ਕਰ ਸਕੀਏ ਜੋ ਕੰਮ ਦੀ ਕਿੱਲਤ ਦੀ ਵਜ੍ਹਾ ਨਾਲ ਫ਼ਾਕਾਕਸ਼ੀ ਵਿੱਚੋਂ ਗੁਜਰ ਰਹੇ ਸਨ। ਸਾਡਾ ਮਾਲਿਕ ਸਾਨੂੰ ਬਦਮਾਸ ਗੁੰਡੇ .. ਵਗੈਰਾ ਸ਼ਬਦਾਂ ਨਾਲ ਪੁਕਾਰਦਾ ਅਤੇ ਖਾਣ ਦੇ ਲਈ ਗੋਸ਼ਤ ਦੀ ਬਜਾਏ ਅੰਤੜੀਆਂ ਦਿੰਦਾ।
ਉਸ ਭਾਰੀ ਜੇਲ ਦੀ ਛੱਤ ਥੱਲੇ ਜੋ ਧੂੰਏਂ ਦੀ ਸਿਆਹੀ ਅਤੇ ਮਕੜੀਆਂ ਦੇ ਜਾਲੇ ਨਾਲ ਭਰੀ ਪਈ ਸੀ ਅਸੀਂ ਬੇਹੱਦ ਤਕਲੀਫ਼ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਾਂ।ਉਸ ਚਾਰ ਦੀਵਾਰੀ ਵਿੱਚ ਜੋ ਚਿੱਕੜ ਅਤੇ ਮੈਦੇ ਦੇ ਖ਼ਮੀਰ ਨਾਲ ਅੱਟੀ ਹੋਈ ਸੀ ਸਾਡੀ ਜ਼ਿੰਦਗੀ ਗ਼ਮ ਤੇ ਫਿਕਰ ਨਾਲ ਭਰੀ ਜ਼ਿੰਦਗੀ ਸੀ…. ਪੂਰੀ ਨੀਂਦ ਅਤੇ ਆਰਾਮ ਕੀਤੇ ਬਗ਼ੈਰ ਅਸੀਂ ਹਰ ਦਿਨ ਸਵੇਰੇ ਪੰਜ ਬਜੇ ਜਾਗ ਸੁਤ ਨੀਂਦਰੇ ਦੀ ਹਾਲਤ ਵਿੱਚ ਹੀ ਉਸ ਮੈਦੇ ਨਾਲ ਬਿਸਕੁਟ ਤਿਆਰ ਕਰਨ ਲੱਗ ਜਾਂਦੇ ਜੋ ਸਾਡੇ ਸੌਣ ਵਕਤ ਤਿਆਰ ਕੀਤਾ ਗਿਆ ਹੁੰਦਾ।ਇਸ ਤਰ੍ਹਾਂ ਸਵੇਰੇ ਤੋਂ ਲੈ ਕੇ ਰਾਤ ਦੇ ਦਸ ਬਜੇ ਤੱਕ ਸਾਡੇ ਵਿੱਚੋਂ ਕੁਛ ਤਾਂ ਬਿਸਕੁਟਾਂ ਦੇ ਲਈ ਖ਼ਮੀਰ ਤਿਆਰ ਕਰਦੇ ਅਤੇ ਕੁਛ ਮੈਦਾ ਗੁੰਨ੍ਹਦੇ। ਸਾਰਾ ਦਿਨ ਹੀ ਉਬਲਦੇ ਹੋਏ ਪਾਣੀ ਦੀ ਆਵਾਜ਼ ਅਤੇ ਭੱਠੀ ਵਿੱਚ ਨਾਨਬਾਈ ਦੇ ਖੁਰਚਨੇ ਦਾ ਸ਼ੋਰ ਸਾਡੇ ਕੰਨਾਂ ਵਿੱਚ ਗੂੰਜਦਾ ਰਹਿੰਦਾ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਭੱਠੀ ਅਗਨ ਕੁੰਡ ਦੀ ਤਰ੍ਹਾਂ ਦਹਿਕਦੀ ਰਹਿੰਦੀ ਜਿਸ ਦੀ ਸੁਰਖ਼ ਰੌਸ਼ਨੀ ਦਾ ਅਕਸ ਦੀਵਾਰ ਤੇ ਇਸ ਤਰ੍ਹਾਂ ਨਾਚ ਕਰਦਾ ਲੱਗਦਾ ਜਿਵੇਂ ਉਹ ਸਾਨੂੰ ਬਦ ਨਸੀਬਾਂ ਨੂੰ ਦੇਖ ਕੇ ਮੂਕ ਹਾਸੀ ਹੱਸ ਰਿਹਾ ਹੋਵੇ। ਉਹ ਬੜੀ ਭੱਠੀ ਕਿਸੇ ਦਿਉ ਦੇ ਬਦਸੂਰਤ ਸਿਰ ਦੇ ਸਮਰੂਪ ਸੀ ਜੋ ਆਪਣੇ ਬੜੇ ਹਲ਼ਕ ਵਿੱਚੋਂ ਅੱਗ ਉਗਲ ਰਿਹਾ ਹੋਵੇ; ਸਾਡੇ ਤੇ ਜਹੰਨਮ ਦੀ ਝੁਲਸਾ ਦੇਣ ਵਾਲੀ ਗਰਮੀ ਭਰੇ ਸਾਹ ਛੱਡ ਰਿਹਾ ਹੋਵੇ ਅਤੇ ਸਾਡੇ ਅਮੁੱਕ ਕੰਮ ਦਾ ਆਪਣੀਆਂ ਦੋ ਸਿਆਹ ਨਾਸਾਂ ਰਾਹੀਂ ਅਧਿਅਨ ਕਰ ਰਿਹਾ ਹੋਵੇ। ਇਹ ਦੋ ਡੂੰਘੇ ਸੁਰਾਖ਼ ਅੱਖਾਂ ਦੇ ਸਮਰੂਪ ਸਨ…. ਅੱਖਾਂ ਜੋ ਕਿਸੇ ਦਿਓ ਦੀਆਂ ਅੱਖਾਂ ਦੀ ਤਰ੍ਹਾਂ ਹਮਦਰਦੀ ਅਤੇ ਰਹਿਮ ਦਿਲੀ ਦੇ ਜਜ਼ਬੇ ਤੋਂ ਖਾਲੀ ਹੋਣ। ਇਹ ਸਾਨੂੰ ਹਮੇਸ਼ਾ ਰੁੱਖੀਆਂ ਨਜ਼ਰਾਂ ਨਾਲ ਦੇਖਦੀਆਂ, ਜਿਵੇਂ ਉਹ ਆਪਣੇ ਗੁਲਾਮਾਂ ਨੂੰ ਦੇਖਦੇ ਦੇਖਦੇ ਤੰਗ ਆ ਗਈਆਂ ਹੋਣ ਅਤੇ ਇਸ ਗੱਲ ਦੀ ਤਵੱਕੋ ਛੱਡ ਦਿੱਤੀ ਹੋਵੇ ਕਿ ਉਹ ਵੀ ਆਦਮ ਜਾਤ ਵਿੱਚੋਂ ਹਨ। ਅਸੀਂ ਹਰ ਦਿਨ ਬਰਦਾਸ਼ਤ ਤੋਂ ਪਰੇ ਮਿੱਟੀ ਘੱਟੇ ਅਤੇ ਝੁਲਸਾ ਦੇਣ ਵਾਲੀ ਭਾਫ ਦੇ ਦਰਮਿਆਨ ਸਾਡੇ ਆਪਣੇ ਪਸੀਨੇ ਨਾਲ ਤਰ ਹੁੰਦਾ ਰਹਿੰਦਾ ਮੈਦਾ ਵੇਲਦੇ ਅਤੇ ਬਿਸਕੁਟ ਤਿਆਰ ਕਰਦੇ। ਸਾਨੂੰ ਉਸ ਕੰਮ ਨਾਲ ਸਖ਼ਤ ਨਫ਼ਰਤ ਸੀ ਅਤੇ ਇਹੀ ਵਜ੍ਹਾ ਸੀ ਕਿ ਅਸੀਂ ਤਿਆਰ ਕੀਤੇ ਬਿਸਕੁਟਾਂ ਨਾਲੋਂ ਸਿਆਹ ਕਾਲੀ ਰੋਟੀ ਨੂੰ ਤਰਜੀਹ ਦਿੰਦੇ ਸਾਂ। ਅਸੀਂ ਇੱਕ ਲੰਮੇ ਮੇਜ ਦੇ ਆਹਮੋ ਸਾਹਮਣੇ ਬੈਠੇ ਹੁੰਦੇ ਅਤੇ ਦਿਨਭਰ ਦੇ ਕੰਮ ਨਾਲ ਸਾਡੇ ਅੰਗ ਮਸ਼ੀਨਾਂ ਦੀ ਤਰ੍ਹਾਂ ਖ਼ੁਦ ਬਖ਼ੁਦ ਕੰਮ ਕਰਨ ਦੇ ਆਦੀ ਹੋ ਗਏ ਸਨ ਅਤੇ ਅਖੀਰ ਉਨ੍ਹਾਂ ਦੀ ਹਰਕਤ ਦਿਲੋ ਦਿਮਾਗ਼ ਲਈ ਬੇਗਾਨੀ ਹੋ ਗਈ ਸੀ। ਕੰਮ ਦੇ ਦੌਰਾਨ ਅਸੀਂ ਇੱਕ ਦੂਸਰੇ ਨਾਲ ਬਿਲਕੁਲ ਹਮ ਕਲਾਮ ਨਾ ਹੁੰਦੇ ਕਿਉਂਕਿ ਸਾਡੇ ਪਾਸ ਚਰਚਾ ਦੇ ਲਈ ਕੋਈ ਵਿਸ਼ਾ ਹੀ ਨਹੀਂ ਸੀ। ਬਸ ਅਸੀਂ ਇੱਕ ਦੂਜੇ ਨੂੰ ਦੇਖਦੇ ਰਹਿੰਦੇ ਤੇ ਅਸੀਂ ਇੱਕ ਦੂਜੇ ਦੀ ਇੱਕ ਇੱਕ ਝੁਰੜੀ ਦੇ ਵਾਕਫ ਹੋ ਗਏ ਸਾਂ। ਇਸ ਤਰ੍ਹਾਂ ਸਾਡਾ ਸਾਰਾ ਵਕਤ ਚੁੱਪ ਵਿੱਚ ਗੁਜ਼ਰਦਾ, ਬਸ਼ਰਤੇ ਕਿ ਸਾਡੇ ਵਿੱਚੋਂ ਕੋਈ ਕਿਸੇ ਨਾਲ ਲੜ ਨਾ ਪੈਂਦਾ। ਪਰ ਲੜਨ ਦਾ ਬਹੁਤ ਘੱਟ ਮੌਕਾ ਆਉਂਦਾ। ਅਤੇ ਆਉਂਦਾ ਵੀ ਕਿਵੇਂ ਸਾਥੀ ਹੀ ਤਾਂ ਸੀ?ਇੱਕ ਦੂਜੇ ਦੇ ਨੁਕਸ ਵੀ ਨਹੀਂ ਕਢਦੇ ਸੀ।ਸਾਡੀ ਏਨੀ ਹੈਸੀਅਤ ਹੀ ਕਿਥੇ ਸੀ। ਜਦੋਂ ਕਿ ਇਨਸਾਨ ਇਨਸਾਨ ਨਾ ਹੋ ਕੇ ਅਰਧ ਮੁਰਦਾ ਹੋਣ, ਬੁੱਤ ਦੀ ਭਾਂਤੀ। ਜਿਵੇਂ ਦਿਨ ਦੀ ਅਮੁੱਕ ਮਿਹਨਤ ਨਾਲ ਉਹ ਕੁੰਦ ਅਤੇ ਮੁਰਦਾ ਕਰ ਦਿੱਤੇ ਗਏ ਹੋਣ। ਚੁੱਪ ਉਨ੍ਹਾਂ ਬੰਦਿਆਂ ਦੇ ਲਈ ਜੋ ਸਭ ਕੁਛ ਕਹਿ ਚੁੱਕੇ ਹੋਣ ਅਤੇ ਕੁਛ ਕਹਿਣ ਦੇ ਲਈ ਬਾਕੀ ਨਾ ਰਖਦੇ ਹੋਣ, ਖ਼ੌਫ਼ਨਾਕ ਅਤੇ ਡਰਾਉਣੀ ਹੈ…। ਪਰ ਉਨ੍ਹਾਂ ਦੇ ਲਈ ਜੋ ਅਜੇ ਆਪਣੀ ਆਵਾਜ਼ ਤੋਂ ਹੀ ਅਜਨਬੀ ਹੋਣ, ਅਜੇ ਗੱਲਬਾਤ ਸ਼ੁਰੂ ਹੀ ਨਾ ਹੋਈ ਹੋਵੇ ਚੁੱਪ ਬਜਾਏ ਤਕਲੀਫ਼ ਦੇਹ ਹੋਣ ਦੇ ਆਸਾਨ ਅਤੇ ਰਾਹਤ ਭਰੀ ਹੁੰਦੀ ਹੈ। ਇਸ ਚੁੱਪ ਨੂੰ ਕਦੇ ਕਦਾਈਂ ਸਾਡਾ ਰਾਗ ਤੋੜ ਦਿੰਦਾ…। ਉਹ ਰਾਗ ਇਸ ਤਰ੍ਹਾਂ ਪ੍ਰਗਟ ਹੁੰਦਾ … ਸਾਡੇ ਵਿੱਚੋਂ ਕਦੇ ਕਦੇ ਕੋਈ ਜਣਾ ਥੱਕੇ ਹੋਏ ਘੋੜੇ ਦੇ ਹਿਣਕਣ ਦੀ ਤਰ੍ਹਾਂ ਕੋਈ ਐਸਾ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ ਜੋ ਆਮ ਤੌਰ ਤੇ ਐਸੇ ਮੌਕਿਆਂ ਤੇ ਰੂਹ ਦੇ ਬੋਝ ਨੂੰ ਹਲ਼ਕਾ ਕਰਨ ਵਿੱਚ ਮਦਦ ਦਿੰਦਾ ਹੈ। ਪਹਿਲੇ ਪਹਿਲ ਤਾਂ ਉਸ ਉਦਾਸ ਰਾਗ ਵਿੱਚ ਕੋਈ ਸ਼ਾਮਿਲ ਨਾ ਹੁੰਦਾ। ਅਤੇ ਉਹ ਰਾਗ ਸਾਡੀ ਜੇਲ ਨੁਮਾ ਕੋਠੜੀ ਦੀ ਛੱਤ ਦੇ ਥੱਲੇ ਸਹਿਜੇ ਸਹਿਜੇ ਬੁਝ ਜਾਂਦਾ ਜਿਵੇਂ ਸਟੈਪੀ ਵਿੱਚ ਇੱਕ ਗਿੱਲੀ ਸਰਦ ਰਾਤ ਨੂੰ ਕੋਈ ਛੋਟੀ ਜਿਹੀ ਧੂਣੀ ਬੁਝ ਜਾਂਦੀ ਹੈ ਜਦੋਂ ਧਰਤੀ ਦੇ ਉਤੇ ਆਕਾਸ਼ ਦਾ ਭਾਰੀ ਪੁੰਜ ਲਟਕ ਰਿਹਾ ਹੁੰਦਾ ਹੈ। ਪਰ ਥੋੜੀ ਦੇਰ ਦੇ ਬਾਦ ਉਸ ਗਾਉਣ ਵਾਲੇ ਦੇ ਨਾਲ ਸਾਡੇ ਵਿੱਚੋਂ ਕੋਈ ਹੋਰ ਸ਼ਾਮਿਲ ਹੋ ਜਾਂਦਾ…. ਹੁਣ ਦੋ ਹੋਰ ਗ਼ਮਗ਼ੀਨ ਕੋਮਲ ਆਵਾਜਾਂ ਸਾਡੀ ਕਬਰ ਨੁਮਾ ਕੋਠੜੀ ਦੇ ਤੰਗ ਮਾਹੌਲ ਵਿੱਚ ਤੈਰਦੀਆਂ ਨਜ਼ਰ ਆਉਂਦੀਆਂ…। ਥੋੜੀ ਦੇਰ ਬਾਦ ਅਸੀਂ ਸਭ ਉਸ ਰਾਗ ਵਿੱਚ ਸ਼ਾਮਿਲ ਹੋ ਜਾਂਦੇ। ਹੁਣ ਬਹੁਤ ਸਾਰੀਆਂ ਆਵਾਜਾਂ ਜਮ੍ਹਾਂ ਹੋ ਕੇ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਭਾਰੀ ਪਿੰਜਰੇ ਦੀਆਂ ਕਾਲੀਆਂ ਦੀਵਾਰਾਂ ਨਾਲ ਟਕਰਾ ਟਕਰਾ ਕੇ ਗੂੰਜਣਾ ਸ਼ੁਰੂ ਕਰ ਦਿੰਦੀਆਂ। ਇਸ ਤਰ੍ਹਾਂ ਅਸੀਂ ਸਭ ਆਪਣਾ ਰਾਗ ਅਲਾਪਣ ਵਿੱਚ ਮਸਤ ਹੋ ਜਾਂਦੇ। ਸਾਡੇ ਬੁਲੰਦ ਰਾਗ ਦੇ ਸੁਰ ਜੋ ਕੋਠੜੀ ਵਿੱਚ ਆਜ਼ਾਦਾਨਾ ਤੌਰ ਤੇ ਸਮਾ ਨਹੀਂ ਸਕਦੇ ਸਨ ਪੱਥਰ ਦੀਆਂ ਕਾਲੀਆਂ ਦੀਵਾਰਾਂ ਦੇ ਨਾਲ ਟਕਰਾ ਟਕਰਾ ਕੇ ਆਹੋ ਜ਼ਾਰੀ, ਚੀਖ ਪੁਕਾਰ ਕਰਦੇ ਅਤੇ ਸਾਡੇ ਬੇਹਿਸ ਦਿਲਾਂ ਵਿੱਚ ਇੱਕ ਜਾਨ, ਇੱਕ ਮਿਠਾ ਜਿਹਾ ਦਰਦ ਪੈਦਾ ਕਰ ਦਿੰਦੇ ਜੋ ਪੁਰਾਣੇ ਜ਼ਖ਼ਮਾਂ ਨੂੰ ਫਿਰ ਹਰਾ ਕਰ ਦਿੰਦਾ ਅਤੇ ਇੱਕ ਨਵੀਂ ਚਾਹਤ ਦੇ ਲਈ ਸੁਚੇਤ ਕਰ ਦਿੰਦਾ। ਆਮ ਤੌਰ ਤੇ ਗਾਉਣ ਵਾਲਾ ਸਰਦ ਆਹ ਭਰਦੇ ਹੋਏ ਆਪ ਗਾਉਣਾ ਬੰਦ ਕਰ ਦਿੰਦਾ ਅਤੇ ਅੱਖਾਂ ਮੀਚ ਆਪਣੇ ਸਾਥੀਆਂ ਦੇ ਰਾਗ ਨੂੰ ਚੁੱਪ ਚਾਪ ਸੁਣਦਾ। ਪਰ ਥੋੜੀ ਦੇਰ ਦੇ ਬਾਦ ਉਹ ਫਿਰ ਉਨ੍ਹਾਂ ਨਾਲ ਸ਼ਾਮਿਲ ਹੋ ਜਾਂਦਾ। ਉਸ ਦੀਆਂ ਨਿਗਾਹਾਂ ਵਿੱਚ ਰਾਗ ਦੀ ਉਭਰਦੀ ਹੋਈ ਲਹਿਰ ਇੱਕ ਦੂਰ ਜਾਂਦੀ ਸੜਕ ਸੀ। ਦੂਰ ਬਹੁਤ ਦੂਰ ਇੱਕ ਖੁਲ੍ਹੀ ਚੌੜੀ ਸੜਕ ਸੂਰਜ ਦੀ ਰੌਸ਼ਨੀ ਨਾਲ ਚਮਕਦੀ ਜਿਸ ਤੇ ਉਹ ਆਪਣੇ ਖਿਆਲਾਂ ਵਿੱਚ ਜਾ ਰਿਹਾ ਹੁੰਦਾ …. ਇਸੇ ਦੌਰਾਨ ਅੱਗ ਦੇ ਸ਼ੋਅਲੇ, ਭੱਠੀ ਵਿੱਚੋਂ ਲਾਲ ਜੀਭਾਂ ਕੱਢ ਰਹੇ ਹੁੰਦੇ। ਨਾਨਬਾਈ ਦੀ ਲੋਹੇ ਦੀ ਸਲਾਖ਼ ਭੱਠੀ ਦੀਆਂ ਜ਼ਰਦ ਇੱਟਾਂ ਤੇ ਤੇਜ਼ ਆਵਾਜ਼ ਵਿੱਚ ਖੇਲ ਰਹੀ ਹੁੰਦੀ। ਉਬਲਦੇ ਹੋਏ ਪਾਣੀ ਦਾ ਸ਼ੋਰ ਨਿਰੰਤਰ ਜਾਰੀ ਰਹਿੰਦਾ ਅਤੇ ਸ਼ੋਹਲਿਆਂ ਦਾ ਅਕਸ ਦੀਵਾਰ ਤੇ ਨਚਦਾ ਮੂਕ ਹਾਸੀ ਹੱਸ ਰਿਹਾ ਹੁੰਦਾ। ਅਤੇ ਅਸੀਂ ਕਿਸੇ ਗ਼ੈਰ ਦੇ ਲਫ਼ਜ਼ਾਂ ਵਿੱਚ ਉਨ੍ਹਾਂ ਇਨਸਾਨਾਂ ਦਾ ਦੁੱਖ ਦਰਦ ਬਿਆਨ ਕਰਨ ਵਿੱਚ ਰੁਝੇ ਹੁੰਦੇ ਜਿਨ੍ਹਾਂ ਕੋਲੋਂ ਸੂਰਜ ਦੀ ਰੌਸ਼ਨੀ ਖੋਹ ਲਈ ਗਈ ਹੋਵੇ, ਜੋ ਗ਼ੁਲਾਮ ਹੋਣ। ਇਹ ਸੀ ਸਾਡੀ ਜ਼ਿੰਦਗੀ…. ਛੱਬੀ ਗੁਲਾਮਾਂ ਦੀ ਜ਼ਿੰਦਗੀ ਉਸ ਪਿੰਜਰੇ ਵਿੱਚ ਜਿਸ ਵਿੱਚ ਜ਼ਿੰਦਗੀ ਇਸ ਤਰ੍ਹਾਂ ਤਲਖ਼ ਬੀਤ ਰਹੀ ਸੀ ਕਿ ਲੱਗ ਰਿਹਾ ਸੀ ਜਿਵੇਂ ਇਸ ਵੱਡੀ ਇਮਾਰਤ ਦੀਆਂ ਤਿੰਨ ਮੰਜ਼ਲਾਂ ਸਾਡੇ ਮੌਰਾਂ ਤੇ ਉਸਾਰੀਆਂ ਗਈਆਂ ਹਨ। ਗਾਉਣ ਦੇ ਇਲਾਵਾ ਸਾਡੇ ਪਾਸ ਇੱਕ ਹੋਰ ਰੁਝੇਵਾਂ ਸੀ ਜਿਸ ਦੀ ਸਾਡੀ ਨਜ਼ਰਾਂ ਵਿੱਚ ਵੈਸੀ ਹੀ ਕਦਰ ਸੀ ਜਿਵੇਂ ਸੂਰਜ ਦੀ ਦਿਲਫ਼ਰੇਬ ਧੁੱਪ ਦੀ। ਸਾਡੇ ਮਕਾਨ ਦੀ ਦੂਸਰੀ ਮੰਜ਼ਿਲ ਵਿੱਚ ਜ਼ਰੀ ਦਾ ਕਾਰਖ਼ਾਨਾ ਸੀ ਜਿਸ ਵਿੱਚ ਬਹੁਤ ਲੜਕੀਆਂ ਮੁਲਾਜ਼ਮ ਸਨ। ਉਨ੍ਹਾਂ ਲੜਕੀਆਂ ਵਿੱਚ ਇੱਕ ਸੋਲ੍ਹਾਂ ਬਰਸ ਦੀ ਕੁੜੀ ਤਾਨੀਆ ਸੀ ਜੋ ਸਾਡੇ ਸਾਹਮਣੇ ਵਾਲੀ ਦੀਵਾਰ ਦੀ ਛੋਟੀ ਖਿੜਕੀ ਦੇ ਪਾਸ ਹਰ ਰੋਜ ਆਉਂਦੀ ਅਤੇ ਸਲਾਖਾਂ ਦੇ ਨਾਲ ਆਪਣਾ ਗੁਲਾਬ ਵਰਗਾ ਚਿਹਰਾ ਲਗਾ ਕੇ ਸੁਰੀਲੀ ਆਵਾਜ਼ ਵਿੱਚ ਪੁਕਾਰਦੀ: "ਮਜ਼ਲੂਮ ਕੈਦੀਓ! ਮੈਨੂੰ ਥੋੜੇ ਜਿਹੇ ਬਿਸਕੁਟ ਦਿਉਗੇ।" ਉਸ ਆਵਾਜ਼ ਨੂੰ ਸੁਣਦੇ ਹੀ ਅਸੀਂ ਸਭ ਖਿੜਕੀ ਦੇ ਪਾਸ ਦੌੜੇ ਚਲੇ ਜਾਂਦੇ ਅਤੇ ਉਸ ਖ਼ੂਬਸੂਰਤ ਅਤੇ ਮਾਸੂਮ ਚਿਹਰੇ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ। ਉਸ ਦੀ ਆਮਦ ਸਾਡੇ ਲਈ ਖ਼ੁਸ਼ਗਵਾਰ ਹੁੰਦੀ। ਉਸ ਦੀ ਤਿੱਖੀ ਨੱਕ ਨੂੰ ਖਿੜਕੀ ਦੇ ਸ਼ੀਸ਼ੇ ਦੇ ਨਾਲ ਚਿਮਟੇ ਹੋਏ ਅਤੇ ਅਧ ਮੀਟੇ ਮੁਸਕਰਾਉਂਦੇ ਸੁਰਖ਼ ਹੋਠਾਂ ਵਿੱਚ ਚਮਕਦੇ ਸਫੈਦ ਦੰਦਾਂ ਨੂੰ ਦੇਖਣ ਨਾਲ ਸਾਡੇ ਦਿਲ ਨੂੰ ਰਾਹਤ ਪਹੁੰਚਦੀ ਸੀ ਉਸ ਨੂੰ ਖਿੜਕੀ ਦੇ ਪਾਸ ਦੇਖ ਕੇ ਅਸੀਂ ਸਭ ਦਰਵਾਜ਼ੇ ਵੱਲ ਵਧਦੇ ਅਤੇ ਇੱਕ ਦੂਸਰੇ ਨੂੰ ਰੇਲਦੇ ਹੋਏ ਦਰਵਾਜ਼ਾ ਖੋਲ੍ਹ ਦਿੰਦੇ, ਦਰਵਾਜ਼ਾ ਖੁਲ੍ਹਣ ਤੇ ਉਹ ਅੰਦਰ ਆ ਜਾਂਦੀ। ਹਮੇਸ਼ਾ ਇਸੇ ਅੰਦਾਜ਼ ਨਾਲ ਮੁਸਕਰਾਉਂਦੀ ਹੋਈ, ਆਪਣਾ ਖ਼ੂਬਸੂਰਤ ਸਿਰ ਇੱਕ ਤਰਫ਼ ਲਟਕਾਈਂ ਜਿਸ ਨਾਲ ਭੂਰੇ ਵਾਲਾਂ ਦੀਆਂ ਖ਼ੂਬਸੂਰਤ ਮੀਢੀਆਂ ਅਜਬ ਦਿਲਕਸ਼ ਅੰਦਾਜ਼ ਵਿੱਚ ਉਸ ਦੀਆਂ ਛਾਤੀਆਂ ਤੇ ਲਟਕ ਰਹੀਆਂ ਹੁੰਦੀਆਂ। ਅਸੀਂ ਗ਼ਲੀਜ਼, ਭੱਦੇ ਅਤੇ ਹਿਰਸੀ ਭਿਖਾਰੀਆਂ ਦੀ ਤਰ੍ਹਾਂ ਖੜੇ ਉਸ ਦੀ ਸ਼ਕਲ ਵੱਲ ਦੇਖਿਆ ਕਰਦੇ ਜੋ ਦਰਵਾਜ਼ੇ ਦੀ ਦਹਿਲੀਜ਼ ਤੇ ਖੜੀ ਹਲਕੇ ਹਲਕੇ ਮੁਸਕਰਾ ਰਹੀ ਹੁੰਦੀ। ਅਸੀਂ ਸਭ ਉਸ ਨੂੰ ਸ਼ੁਭ ਸਵੇਰ ਕਹਿੰਦੇ ਅਤੇ ਉਸ ਦੇ ਨਾਲ ਗੱਲਬਾਤ ਕਰਦੇ ਵਕਤ ਖ਼ਾਸ ਸ਼ਬਦ ਵਰਤਦੇ। ਉਹ ਸ਼ਬਦ ਸਾਡੀ ਜ਼ਬਾਨ ਤੋਂ ਖ਼ਾਸ ਉਸੇ ਲਈ ਨਿਕਲਦੇ…. ਖ਼ਾਸ ਉਸੇ ਲਈ। ਜਦੋਂ ਅਸੀਂ ਉਸ ਨਾਲ ਗੱਲ ਕਰਦੇ ਹੁੰਦੇ ਤਾਂ ਸਾਡੀ ਆਵਾਜ਼ ਆਮ ਦੇ ਉਲਟ ਮੁਲਾਇਮ ਅਤੇ ਨਰਮ ਹੁੰਦੀ ਅਤੇ ਸਾਡੀ ਬਦ ਸਲੂਕੀ ਉਸ ਵਕਤ ਬਿਲਕੁਲ ਗ਼ਾਇਬ ਹੋ ਜਾਂਦੀ…. ਇਹ ਮਾਣ ਸਤਿਕਾਰ ਸਿਰਫ਼ ਉਸੇ ਦੇ ਲਈ ਰਾਖਵੇਂ ਸਨ।ਨਾਨਬਾਈ ਸੁਰਖ਼ ਅਤੇ ਖ਼ਸਤਾ ਬਿਸਕੁਟ ਕੱਢ ਕੇ ਉਸ ਦੀ ਝੋਲ਼ੀ ਵਿੱਚ ਅਜਬ ਫੁਰਤੀ ਨਾਲ ਸੁੱਟ ਦਿਆ ਕਰਦਾ। "ਦੇਖ! ਦੌੜ ਜਾ ਹੁਣ,ਖ਼ਿਆਲ ਰਹੇ। ਕਿਤੇ ਮਾਲਕ ਦੇ ਹਥ ਨਾ ਆ ਜਾਈਂ।" ਅਸੀਂ ਹਮੇਸ਼ਾ ਉਸ ਨੂੰ ਇਸ ਖ਼ਤਰੇ ਤੋਂ ਸੁਚੇਤ ਕਰਦੇ ਰਹਿੰਦੇ। ਇਸ ਤੇ ਉਹ ਦਿਲਕਸ਼ ਹਾਸੀ ਹੱਸਦੀ ਹੋਈ ਇਹ ਜਵਾਬ ਦਿੰਦੀ, "ਰੱਬ ਰਾਖਾ, ਮੇਰੇ ਨੰਨ੍ਹੇ ਕੈਦੀਓ!" _ਅਤੇ ਇਹ ਕਹਿੰਦੇ ਹੀ ਉਹ ਸਾਡੀਆਂ ਨਜ਼ਰਾਂ ਤੋਂ ਓਹਲੇ ਹੋ ਜਾਇਆ ਕਰਦੀ। ਉਸ ਦੀ ਰਵਾਨਗੀ ਦੇ ਬਾਦ ਅਸੀਂ ਦੇਰ ਤੱਕ ਉਸ ਬਾਰੇ ਗੱਲਬਾਤ ਕਰਦੇ …. ਸਾਡੇ ਖ਼ਿਆਲ ਹਮੇਸ਼ਾ ਇੱਕ ਹੀ ਹੁੰਦੇ ਕਿਉਂਕਿ ਉਹ, ਅਸੀਂ ਅਤੇ ਸਾਡੇ ਹਾਲਾਤ ਹਮੇਸ਼ਾ ਉਹੀ ਹੁੰਦੇ ਕੱਲ੍ਹ ਵਾਲੇ. ਉਸ ਇਨਸਾਨ ਦੇ ਲਈ ਜ਼ਿੰਦਗੀ ਇੱਕ ਅਜ਼ਾਬ ਹੈ ਜਿਸ ਦਾ ਮਾਹੌਲ ਉਹੀ ਰਹੇ। ਜਿਤਨਾ ਸਮਾਂ ਉਹ ਉਸ ਮਾਹੌਲ ਵਿੱਚ ਬਤੀਤ ਕਰੇਗਾ, ਉਸੇ ਨਿਸਬਤ ਉਸ ਮਾਹੌਲ ਦਾ ਸੁੱਖ ਉਸ ਲਈ ਨਾਕਾਬਲੇ ਬਰਦਾਸ਼ਤ ਹੁੰਦਾ ਜਾਏਗਾ। ਅਸੀਂ ਔਰਤਾਂ ਬਾਰੇ ਐਸੀ ਭਾਸ਼ਾ ਵਿੱਚ ਗੱਲਬਾਤ ਕਰਿਆ ਕਰਦੇ ਕਿ ਕਈ ਵਾਰ ਅਸੀਂ ਖੁਦ ਆਪ ਉਸ ਗੱਲਬਾਤ ਦੀ ਲਚਰਤਾ ਤੋਂ ਕਣਤਾ ਜਾਂਦੇ …. ਇਸ ਤੋਂ ਇਹ ਨਤੀਜਾ ਨਾ ਕਢ ਲਿਆ ਜਾਵੇ ਕਿ ਔਰਤਾਂ ਬਾਰੇ ਸਾਡੇ ਖ਼ਿਆਲ ਬਹੁਤ ਬੁਰੇ ਸਨ। ਉਹ ਕਿਸਮ ਜਿਸ ਬਾਰੇ ਅਸੀਂ ਖ਼ਿਆਲ ਪ੍ਰਗਟ ਕਰਿਆ ਕਰਦੇ ਸਾਂ,ਔਰਤ ਕਹਿਲਾਏ ਜਾਣ ਦੀ ਹੱਕਦਾਰ ਹੀ ਨਹੀਂ। ਤਾਨੀਆ ਦੀ ਸ਼ਾਨ ਵਿੱਚ ਸਾਡੇ ਮੂੰਹੋਂ ਕੋਈ ਗੁਸਤਾਖ਼ ਗੱਲ ਨਾ ਨਿਕਲ ਸਕਦੀ …. ਸ਼ਾਇਦ ਉਸ ਦੀ ਵਜ੍ਹਾ ਇਹ ਹੋਵੇ ਕਿ ਉਹ ਸਾਡੇ ਪਾਸ ਬਹੁਤ ਘੱਟ ਸਮਾਂ ਠਹਿਰਦੀ ਸੀ…. ਉਹ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਕਾਸ਼ ਤੋਂ ਟੁੱਟਦੇ ਹੋਏ ਤਾਰੇ ਦੀ ਤਰ੍ਹਾਂ ਰੌਸ਼ਨੀ ਦੀ ਝਲਕ ਦਿਖਾ ਕੇ ਫਿਰ ਓਝਲ ਹੋ ਜਾਂਦੀ। ਅਤੇ ਜਾਂ ਉਸ ਦੀ ਵਜ੍ਹਾ ਉਸ ਦਾ ਸੁਹਪਣ ਹੋਵੇ ਕਿਉਂਕਿ ਹਰ ਸੁਹਣੀ ਚੀਜ਼ ਇਨਸਾਨ ਦੇ ਦਿਲ ਵਿੱਚ ਆਪਣੀ ਵੁੱਕਤ ਅਤੇ ਇੱਜ਼ਤ ਪੈਦਾ ਕਰ ਦਿੰਦੀ ਹੈ…. ਚਾਹੇ ਉਹ ਇਨਸਾਨ ਤਰਬੀਅਤ ਜਾਫ਼ਤਾ ਨਾ ਵੀ ਹੋਵੇ। ਇਸ ਦੇ ਇਲਾਵਾ ਇੱਕ ਹੋਰ ਵਜ੍ਹਾ ਵੀ ਸੀ। ਚਾਹੇ ਜੇਲ ਦੀ ਮੁਸ਼ੱਕਤ ਨੇ ਸਾਨੂੰ ਸਭ ਨੂੰ ਵਹਿਸ਼ੀ ਦਰਿੰਦਿਆਂ ਨਾਲੋਂ ਵੀ ਬਦਤਰ ਬਣਾ ਦਿਤਾ ਸੀ, ਪਰ ਅਸੀਂ ਫਿਰ ਵੀ ਇਨਸਾਨ ਸਾਂ ਅਤੇ ਸਭਨਾਂ ਇਨਸਾਨਾਂ ਦੀ ਤਰ੍ਹਾਂ ਅਸੀਂ ਵੀ ਬਗ਼ੈਰ ਕਿਸੇ ਦੀ ਪੂਜਾ ਕੀਤੇ ਜ਼ਿੰਦਾ ਨਹੀਂ ਰਹਿ ਸਕਦੇ ਸਾਂ। ਸਾਡੇ ਲਈ ਉਸ ਦੀ ਜ਼ਾਤ ਨਾਲੋਂ ਵਧ ਕੇ ਦੁਨੀਆਂ ਵਿੱਚ ਕੋਈ ਹੋਰ ਸ਼ੈ ਨਹੀਂ ਸੀ। ਇਸ ਲਈ ਕਿ ਦਰਜਨਾਂ ਇਨਸਾਨਾਂ ਵਿੱਚੋਂ ਜੋ ਉਸ ਇਮਾਰਤ ਵਿੱਚ ਰਹਿੰਦੇ ਸਨ, ਇੱਕ ਸਿਰਫ਼ ਉਹੀ ਸੀ ਜੋ ਸਾਡੀ ਪ੍ਰਵਾਹ ਕਰਿਆ ਕਰਦੀ ਸੀ…. ਸਭ ਤੋਂ ਬੜੀ ਵਜ੍ਹਾ ਇਹੀ ਸੀ। ਹਰ ਦਿਨ ਉਸ ਦੇ ਲਈ ਬਿਸਕੁਟ ਮੁਹਈਆ ਕਰਨਾ ਅਸੀਂ ਆਪਣਾ ਫ਼ਰਜ਼ ਸਮਝਦੇ ਸਾਂ। ਇਹ ਨਜ਼ਰਾਨਾ ਹੁੰਦਾ ਜੋ ਅਸੀਂ ਹਰ ਦਿਨ ਆਪਣੇ ਦੇਵਤੇ ਨੂੰ ਪੇਸ਼ ਕਰਿਆ ਕਰਦੇ ਸਾਂ। ਆਹਿਸਤਾ ਆਹਿਸਤਾ ਇਹ ਰਸਮ ਇੱਕ ਪਵਿੱਤਰ ਫ਼ਰਜ਼ ਵਿੱਚ ਤਬਦੀਲ ਹੋ ਗਈ। ਸਾਡਾ ਅਤੇ ਉਸ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ। ਬਿਸਕੁਟਾਂ ਦੇ ਇਲਾਵਾ ਅਸੀਂ ਤਾਨੀਆ ਨੂੰ ਨਸੀਹਤਾਂ ਵੀ ਕਰਿਆ ਕਰਦੇ, ਇਹੀ ਕਿ ਉਹ ਏਨੀ ਸਰਦੀ ਵਿੱਚ ਗਰਮ ਕੱਪੜੇ ਪਹਿਨਿਆ ਕਰੇ ਅਤੇ ਪੌੜੀਆਂ ਆਰਾਮ ਨਾਲ ਉਤਰਿਆ ਕਰੇ। ਸਾਡੀਆਂ ਉਨ੍ਹਾਂ ਨਸੀਹਤਾਂ ਉਹ ਮੁਸਕਰਾਉਂਦੀ ਹੋਈ ਸੁਣਿਆ ਕਰਦੀ ਅਤੇ ਉਨ੍ਹਾਂ ਤੇ ਕਦੇ ਅਮਲ ਨਾ ਕਰਦੀ। ਉਸ ਦਾ ਇਹ ਤਰਜ਼ੇ ਅਮਲ ਸਾਨੂੰ ਕਦੇ ਕਿਰਕਰਾ ਨਾ ਲਗਦਾ ਕਿਉਂਕਿ ਨਸੀਹਤਾਂ ਦੇ ਪਿਛੇ ਲੁਕੀ ਸਾਡੀ ਸਿਰਫ਼ ਇਹੀ ਖ਼ਾਹਿਸ਼ ਹੁੰਦੀ ਸੀ ਕਿ ਉਸ ਨੂੰ ਇਸ ਗੱਲ ਦਾ ਪਤਾ ਚੱਲ ਜਾਏ ਕਿ ਅਸੀਂ ਉਸ ਦੀ ਹਿਫ਼ਾਜ਼ਤ ਕਰ ਰਹੇ ਹਾਂ। ਅਕਸਰ ਉਹ ਸਾਨੂੰ ਕੁਛ ਕੰਮ ਕਰਨ (ਸਟੋਰ ਦਾ ਭਾਰੀ ਦਰਵਾਜਾ ਖੋਲ੍ਹਣ ਜਾਂ ਫਿਰ ਲਕੜਾਂ ਪਾੜਨ) ਦੇ ਲਈ ਕਹਿੰਦੀ ਜਿਸ ਨੂੰ ਅਸੀਂ ਖ਼ੁਸ਼ੀ ਹੀ ਨਹੀਂ ਬਲਕਿ ਫ਼ਖ਼ਰ ਦੇ ਨਾਲ ਕਰਿਆ ਕਰਦੇ। ਐਪਰ ਜਦੋਂ ਇੱਕ ਦਫ਼ਾ ਸਾਡੇ ਵਿੱਚੋਂ ਇੱਕ ਜਣੇ ਨੇ ਆਪਣੀ ਕਮੀਜ਼ ਦੇ ਕੁਝ ਤੋਪੇ ਲਗਾਉਣ ਲਈ ਉਸ ਨੂੰ ਕਿਹਾ ਤਾਂ ਉਸ ਨੇ ਨੱਕ ਭਵਾਂ ਚੜ੍ਹਾਉਂਦੇ ਹੋਏ ਜਵਾਬ ਦਿੱਤਾ, "ਕੀ ਨਗੋੜਾ ਇਹੀ ਕੰਮ ਰਹਿ ਗਿਆ ਹੈ ਮੇਰੇ ਲਈ। ਮੈਂ ਹੋਰ ਬਹੁਤ ਕੰਮ ਕਰਨੇ ਨੇ।"
ਅਸੀਂ ਆਪਣੇ ਬੇਵਕੂਫ਼ ਸਾਥੀ ਦੀ ਉਸ ਹਰਕਤ ਤੇ ਖ਼ੂਬ ਹੱਸੇ ਅਤੇ ਫਿਰ ਉਸ ਨੂੰ ਕਿਸੇ ਨੇ ਕਦੇ ਕੁਝ ਕਰਨ ਨੂੰ ਨਾ ਕਿਹਾ। ਸਾਨੂੰ ਉਸ ਨਾਲ ਮੁਹੱਬਤ ਸੀ। ਅਗਰ ਮੁਹੱਬਤ ਕਿਹਾ ਜਾਏ ਤਾਂ ਸਮਝ ਲਉ ਕਿ ਕੁੱਲ ਜਜ਼ਬਾਤ ਇਸੇ ਲਫ਼ਜ਼ ਵਿੱਚ ਆ ਗਏ ਹਨ। ਇਨਸਾਨ ਦੀ ਹਮੇਸ਼ਾ ਇਹੀ ਖ਼ਾਹਿਸ਼ ਰਹੀ ਹੈ ਕਿ ਉਹ ਕਿਸੇ ਨਾ ਕਿਸੇ ਨੂੰ ਆਪਣੀ ਮੁਹੱਬਤ ਦਾ ਕੇਂਦਰ ਬਣਾਏ। ਚਾਹੇ ਉਸ ਦਾ ਮਹਿਬੂਬ ਉਸ ਦੀ ਮੁਹੱਬਤ ਦੇ ਬੋਝ ਥੱਲੇ ਪਿਸ ਹੀ ਕਿਉਂ ਨਾ ਜਾਏ। ਉਸਦੀ ਕੁੱਲ ਵਜ੍ਹਾ ਇਹ ਹੈ ਕਿ ਮੁਹੱਬਤ ਕਰਦੇ ਵਕਤ ਉਹ ਆਪਣੇ ਮਹਿਬੂਬ ਦਾ ਸਤਿਕਾਰ ਨਹੀਂ ਕਰਦਾ। ਅਸੀਂ ਅਗਰ ਤਾਨੀਆ ਨੂੰ ਮੁਹੱਬਤ ਕਰਦੇ ਸਾਂ ਤਾਂ ਮਜਬੂਰੀ ਨਾਲ, ਇਸ ਲਈ ਕਿ ਸਾਡੇ ਪਾਸ ਕੋਈ ਹੋਰ ਸ਼ੈ ਮੌਜੂਦ ਨਹੀਂ ਸੀ ਜਿਸ ਨਾਲ ਅਸੀਂ ਮੁਹੱਬਤ ਕਰ ਸਕਦੇ। ਕਦੇ ਕਦੇ ਸਾਡੇ ਵਿੱਚੋਂ ਕੋਈ ਇਹ ਸੋਚਣ ਲੱਗ ਜਾਂਦਾ ਕਿ ਅਸੀਂ ਸਭ ਉਸ ਲੜਕੀ ਦੇ ਬਾਰੇ ਬੇਫ਼ਾਇਦਾ ਸਿਰ ਖਪਾਈ ਕਿਉਂ ਕਰ ਰਹੇ ਹਾਂ? ਉਸ ਛੋਕਰੀ ਦੀ ਮੁਹੱਬਤ ਵਿੱਚ ਆਖ਼ਿਰ ਸਾਨੂੰ ਕੀ ਮਿਲੇਗਾ? ਉਸ ਸ਼ਖ਼ਸ ਦੀ ਜੋ ਤਾਨੀਆ ਦੀ ਸ਼ਾਨ ਵਿੱਚ ਅਜਿਹੀ ਘਟੀਆ ਗੱਲ ਕਹਿਣ ਦੀ ਜੁਰਅਤ ਕਰਦਾ, ਉਹਨੂੰ ਤੁਰਤ ਧਰ ਲਿਆ ਜਾਂਦਾ ਅਤੇ ਬਹੁਤ ਬੁਰੀ ਹਾਲਤ ਕੀਤੀ ਜਾਂਦੀ। ਅਸੀਂ ਚਾਹੰਦੇ ਸਾਂ ਕਿ ਕਿਸੇ ਨਾਲ ਮੁਹੱਬਤ ਕਰੀਏ ਅਤੇ ਹੁਣ ਕਿਉਂਜੋ ਸਾਨੂੰ ਉਹ ਚੀਜ਼ ਜਿਸ ਦੇ ਅਸੀਂ ਅਭਿਲਾਸ਼ੀ ਸਾਂ ਮਿਲ ਗਈ ਸੀ ਇਸ ਲਈ ਅਸੀਂ ਉਸ ਨਾਲ ਮੁਹੱਬਤ ਕਰਦੇ। ਅਤੇ ਉਹ ਚੀਜ਼ ਜਿਸ ਨੂੰ ਅਸੀਂ ਛੱਬੀ ਸ਼ਖ਼ਸ ਮੁਹੱਬਤ ਦੀਆਂ ਨਿਗਾਹਾਂ ਨਾਲ ਦੇਖਦੇ ਸਾਂ, ਲਾਜ਼ਮੀ ਸੀ ਕਿ ਦੂਸਰੇ ਉਸ ਦਾ ਸਤਿਕਾਰ ਕਰਨ। ਇਸ ਲਈ ਕਿ ਉਹ ਸਾਡੀ ਪਵਿੱਤਰ ਇਬਾਦਤ ਗਾਹ ਸੀ ਅਤੇ ਅਗਰ ਕੋਈ ਸ਼ਖ਼ਸ ਸਾਡੇ ਨਜ਼ਰੀਏ ਦੇ ਖ਼ਿਲਾਫ਼ ਚਲਦਾ ਤਾਂ ਉਹ ਸਾਡਾ ਦੁਸ਼ਮਣ ਸੀ। ਇਸ ਵਿੱਚ ਕੋਈ ਸ਼ੱਕ ਨਹੀਂ, ਲੋਕ ਅਕਸਰ ਉਸ ਚੀਜ਼ ਨਾਲ ਮੁਹੱਬਤ ਕਰਦੇ ਹਨ ਜੋ ਹਕੀਕਤ ਵਿੱਚ ਮੁਹੱਬਤ ਕੀਤੇ ਜਾਣ ਦੇ ਕਾਬਲ ਨਹੀਂ ਹੁੰਦੀ…. ਪਰ ਇੱਥੇ ਅਸੀਂ ਛੱਬੀ ਸ਼ਖ਼ਸ ਇੱਕ ਹੀ ਕਸ਼ਤੀ ਵਿੱਚ ਸਵਾਰ ਸਾਂ। ਇਸ ਲਈ ਅਸੀਂ ਚਾਹੰਦੇ ਸਾਂ ਕਿ ਉਸ ਚੀਜ਼ ਨੂੰ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਦੂਸਰੇ ਪਵਿੱਤਰ ਖ਼ਿਆਲ ਕਰਨ। ਸਾਡੀ ਮੁਹੱਬਤ ਸਾਡੀ ਨਫਰਤ ਨਾਲੋਂ ਘੱਟ ਜਹਿਮਤ ਨਹੀਂ ਹੁੰਦੀ। ਹੋ ਸਕਦਾ ਹੈ ਇਹੀ ਕਾਰਨ ਹੋਵੇ ਕਿ ਕੁਝ ਮਾਣਮੱਤੀਆਂ ਰੂਹਾਂ ਮੁਹੱਬਤ ਨਾਲੋਂ ਆਪਣੀਆਂ ਨਫਰਤਾਂ ਤੇ ਜਿਆਦਾ ਗੁਮਾਨ ਕਰਦੀਆਂ ਹਨ।ਪਰ ਜੇ ਇਹ ਗੱਲ ਹੈ ਤਾਂ ਉਹ ਸਾਥੋਂ ਦੂਰ ਕਿਉਂ ਨਹੀਂ ਭੱਜ ਜਾਂਦੀਆਂ। ਬਿਸਕੁਟ ਦੇ ਕਾਰਖ਼ਾਨੇ ਦੇ ਇਲਾਵਾ ਸਾਡਾ ਮਾਲਕ ਇੱਕ ਕੇਕ ਬਣਾਉਣ ਵਾਲੀ ਫ਼ੈਕਟਰੀ ਦਾ ਮਾਲਿਕ ਸੀ ਜੋ ਇਸੇ ਇਮਾਰਤ ਵਿੱਚ ਸਥਿੱਤ ਸੀ। ਸਾਡੀ ਕਬਰ ਨੁਮਾ ਕੋਠੜੀ ਨੂੰ ਉਸ ਨਾਲੋਂ ਵੱਖ ਕਰਨ ਲਈ ਸਿਰਫ਼ ਇੱਕ ਦੀਵਾਰ ਸੀ।ਉਸ ਫ਼ੈਕਟਰੀ ਦੇ ਮੁਲਾਜ਼ਮ-ਚਾਰ ਜਣੇ — ਆਪਣੇ ਕੰਮ ਨੂੰ ਸਾਡੇ ਕੰਮ ਨਾਲੋਂ ਬਹੁਤ ਵਧੀਆ ਖ਼ਿਆਲ ਕਰਦੇ। ਸਾਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਦੇ ਅਤੇ ਇਹੀ ਵਜ੍ਹਾ ਸੀ ਕਿ ਸਾਨੂੰ ਬਹੁਤ ਘੱਟ ਮਿਲਣ ਦੀ ਕੋਸ਼ਿਸ਼ ਕਰਦੇ ਬਲਕਿ ਜਦੋਂ ਕਦੇ ਉਨ੍ਹਾਂ ਨੂੰ ਵਿਹੜੇ ਵਿੱਚ ਸਾਡੇ ਨਾਲ ਦੋ ਚਾਰ ਹੋਣ ਦਾ ਇਤਫ਼ਾਕ ਹੁੰਦਾ ਤਾਂ ਉਹ ਸਾਨੂੰ ਦੇਖ ਕੇ ਹੱਸਿਆ ਕਰਦੇ ਸਨ। ਸਾਨੂੰ ਉਨ੍ਹਾਂ ਦੇ ਕਾਰਖ਼ਾਨੇ ਵਿੱਚ ਦਾਖ਼ਲ ਹੋਣ ਦੀ ਇਜ਼ਾਜ਼ਤ ਨਹੀਂ ਸੀ ਸਿਰਫ਼ ਇਸ ਲਈ ਕਿ ਸਾਡੇ ਮਾਲਕ ਨੂੰ ਸ਼ੱਕ ਸੀ ਕਿ ਅਸੀਂ ਉੱਥੋਂ ਮੱਖਣ ਦੇ ਕੇਕ ਚੁਰਾ ਲਵਾਂਗੇ। ਸਾਨੂੰ ਵੀ ਉਨ੍ਹਾਂ ਨਾਲ ਨਫ਼ਰਤ ਸੀ, ਰਸ਼ਕ ਸੀ ਇਸ ਲਈ ਕਿ ਉਨ੍ਹਾਂ ਦਾ ਕੰਮ ਮੁਕਾਬਲਤਨ ਘੱਟ ਅਤੇ ਮਜ਼ਦੂਰੀ ਕਿਤੇ ਜਿਆਦਾ ਸੀ। ਉਨ੍ਹਾਂ ਦੇ ਲਈ ਖਾਣ ਪੀਣ ਦਾ ਸਾਮਾਨ ਸਾਡੇ ਤੋਂ ਬੇਹੱਦ ਅੱਛਾ ਸੀ। ਉਨ੍ਹਾਂ ਦੇ ਕੰਮ ਕਰਨ ਦੀ ਜਗ੍ਹਾ ਰੌਸ਼ਨ ਤੇ ਸਾਫ਼ ਅਤੇ ਉਹ ਸਾਡੇ ਉਲਟ ਤੰਦਰੁਸਤ ਅਤੇ ਸਾਫ਼ ਸੁਥਰੇ ਸਨ। ਉਨ੍ਹਾਂ ਦੇ ਮੁਕਾਬਲੇ ਵਿੱਚ ਅਸੀਂ ਸਭ ਜ਼ਰਦ ਅਤੇ ਲਿਬੜੇ ਸਾਂ। ਸਾਡੇ ਵਿੱਚੋਂ ਤਿੰਨ ਜਣਿਆਂ ਨੂੰ ਸਿਫ਼ਲਿਸ ਦੀ ਨਾਮੁਰਾਦ ਬਿਮਾਰੀ ਸੀ ਅਤੇ ਕਈਆਂ ਨੂੰ ਚਰਮ ਰੋਗ ਦੀ ਸਿਕਾਇਤ ਸੀ।ਸਾਡੇ ਵਿੱਚੋਂ ਇੱਕ ਬੇਚਾਰਾ ਤਾਂ ਗਠੀਏ ਨਾਲ ਕਰੀਬ ਕਰੀਬ ਅਪਾਹਜ ਹੋ ਰਿਹਾ ਸੀ। ਵਿਹਲ ਦੇ ਦਿਨਾਂ ਵਿੱਚ ਉਹ ਖ਼ੂਬਸੂਰਤ ਲਿਬਾਸ ਅਤੇ ਨਵੇਂ ਲਿਸ਼ਕਾਏ ਬੂਟ ਪਹਿਨ ਕੇ ਬਾਗ਼ ਵਿੱਚ ਚਹਿਲਕਦਮੀ ਲਈ ਨਿਕਲਦੇ ਅਤੇ ਅਸੀਂ ਚੀਥੜਿਆਂ ਨਾਲ ਫੱਟੇ ਹੋਏ ਬੂਟ ਪਹਿਨ ਬਾਗ਼ ਵੱਲ ਜਾਂਦੇ ਪਰ ਪੁਲਿਸ ਸਾਨੂੰ ਅੰਦਰ ਦਾਖ਼ਲ ਹੋਣ ਦੀ ਇਜ਼ਾਜ਼ਤ ਨਾ ਦਿੰਦੀ। ਇਨ੍ਹਾਂ ਹਾਲਤਾਂ ਦੀ ਮੌਜੂਦਗੀ ਵਿੱਚ ਇਹ ਕਦੋਂ ਮੁਮਕਿਨ ਹੋ ਸਕਦਾ ਸੀ ਕਿ ਅਸੀਂ ਉਨ੍ਹਾਂ ਕੇਕ ਬਣਾਉਣ ਵਾਲਿਆਂ ਨੂੰ ਮੁਹੱਬਤ ਦੀਆਂ ਨਜ਼ਰਾਂ ਨਾਲ ਦੇਖਦੇ?
ਕੁਝ ਦਿਨ ਹੋਏ ਅਸੀਂ ਇਹ ਅਫ਼ਵਾਹ ਸੁਣੀ ਕਿ ਉਨ੍ਹਾਂ ਦਾ ਚੀਫ਼ ਬੇਕਰ ਸ਼ਰਾਬ ਨੋਸ਼ੀ ਦੀ ਵਜ੍ਹਾ ਨਾਲ ਕੱਢ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਇੱਕ ਹੋਰ ਸ਼ਖ਼ਸ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ ਹਨ ਜੋ ਕਿਸੇ ਜ਼ਮਾਨੇ ਵਿੱਚ ਫੌਜੀ ਰਹਿ ਚੁੱਕਿਆ ਸੀ। ਉਸ ਫੌਜੀ ਬਾਰੇ ਰਵਾਇਤ ਸੀ ਕਿ ਉਹ ਸ਼ੋਖ਼ ਰੰਗ ਦੀ ਵਾਸਕਟ ਪਹਿਨ ਇੱਕ ਵੱਡੀ ਜਿਹੀ ਸੁਨਿਹਿਰੀ ਜ਼ੰਜ਼ੀਰ ਲਟਕਾਈਂ ਵਿਹੜੇ ਵਿੱਚ ਘੁੰਮਿਆ ਕਰਦਾ ਹੈ। ਅਸੀਂ ਉਸ ਨਵੇਂ ਚੀਫ਼ ਬੇਕਰ ਨੂੰ ਦੇਖਣ ਦੇ ਬਹੁਤ ਇੱਛਕ ਸਾਂ ਅਤੇ ਉਸ ਨਾਲ ਮੁਲਾਕਾਤ ਦੀ ਉਮੀਦ ਵਿੱਚ ਅਸੀਂ ਸਭ ਨੇ ਬਾਰੀ ਬਾਰੀ ਵਿਹੜੇ ਵਿੱਚ ਚੱਕਰ ਕੱਟੇ ਪਰ ਬੇ ਫਾਇਦਾ। ਇੱਕ ਦਿਨ ਉਹ ਖ਼ੁਦ ਹੀ ਸਾਡੇ ਕਾਰਖ਼ਾਨੇ ਵਿੱਚ ਚਲਾ ਆਇਆ। ਬੂਟ ਦੀ ਠੋਹਕਰ ਨਾਲ ਦਰਵਾਜ਼ੇ ਨੂੰ ਖੋਲ੍ਹ ਕੇ ਉਹ ਦਹਿਲੀਜ਼ ਤੇ ਖੜ੍ਹਾ ਹੋ ਗਿਆ ਅਤੇ ਮੁਸਕਰਾਉਂਦੇ ਹੋਏ ਕਹਿਣ ਲੱਗਾ। "ਖ਼ੁਦਾ ਤੁਹਾਡੇ ਅੰਗ ਸੰਗ ਹੋਵੇ। ਮੇਰੇ ਸਾਥੀਓ, ਗੁਡ ਮਾਰਨਿੰਗ!" ਭੱਠੀ ਦਾ ਧੂੰਆਂ ਸਿਆਹ ਬੱਦਲਾਂ ਦੀ ਤਰ੍ਹਾਂ ਚੱਕਰ ਲਗਾਉਂਦਾ ਹੋਇਆ ਦਰਵਾਜ਼ੇ ਵਿੱਚੀਂ ਗੁਜ਼ਰ ਰਿਹਾ ਸੀ ਜਿਥੇ ਫੌਜੀ ਰੋਬੀਲੇ ਅੰਦਾਜ਼ ਵਿੱਚ ਖੜ੍ਹਾ ਸਾਡੇ ਵੱਲ ਦੇਖ ਰਿਹਾ ਸੀ। ਉਸ ਨੇ ਆਪਣੀਆਂ ਮੁੱਛਾਂ ਨੂੰ ਕਮਾਲ ਸਫ਼ਾਈ ਨਾਲ ਤਾਉ ਦੇ ਰੱਖਿਆ ਸੀ ਜਿਸ ਵਿੱਚੋਂ ਜ਼ਰਦ ਦੰਦਾਂ ਦੀਆਂ ਲੜੀਆਂ ਜ਼ਾਹਰ ਹੋ ਰਹੀਆਂ ਸਨ। ਉਹ ਅੱਜ ਨੀਲੇ ਰੰਗ ਦੀ ਇੱਕ ਭੜਕੀਲੀ ਵਾਸਕਟ ਪਹਿਨੀ ਹੋਈ ਸੀ ਜਿਸ ਤੇ ਸੁਨਿਹਿਰੀ ਬਟਨ ਥਾਂ ਥਾਂ ਚਮਕ ਰਹੇ ਸਨ…. ਸੋਨੇ ਦੀ ਉਹ ਜ਼ੰਜ਼ੀਰ ਜਿਸ ਬਾਰੇ ਅਸੀਂ ਸੁਣਿਆ ਸੀ ਬਿਲ਼ਾ ਸ਼ੱਕ ਸ਼ੁਬ੍ਹਾ ਆਪਣੀ ਜਗ੍ਹਾ ਮੌਜੂਦ ਸੀ। ਇਹ ਫੌਜੀ ਮਜ਼ਬੂਤ, ਲੰਮਾ ਕੱਦ ਅਤੇ ਖ਼ੂਬਸੂਰਤ ਸੀ…. ਉਸ ਦੀਆਂ ਬੜੀਆਂ ਬੜੀਆਂ ਅਤੇ ਰੌਸ਼ਨ ਅੱਖਾਂ ਵਿੱਚ ਤੰਦਰੁਸਤੀ ਦੀ ਝਲਕ ਉਘੜਵੇਂ ਤੌਰ ਤੇ ਦਿਖਾਈ ਦੇ ਰਹੀ ਸੀ। ਇੱਕ ਮਾਵਾ ਲੱਗੀ ਸਫੈਦ ਟੋਪੀ ਉਸ ਦੇ ਸਿਰ ਤੇ ਜਚੀ ਹੋਈ ਸੀ ਅਤੇ ਉਸ ਦੇ ਪਾਜਾਮੇ ਦੇ ਪਹੁੰਚਿਆਂ ਦੇ ਥੱਲੇ ਤਾਜ਼ਾ ਪਾਲਿਸ਼ ਕੀਤੇ ਬੂਟ ਚਮਕ ਰਹੇ ਸਨ। ਸਾਡੇ ਨਾਨਬਾਈ ਨੇ ਉਸ ਨੂੰ ਨਰਮਾਈ ਨਾਲ ਬੇਨਤੀ ਕੀਤੀ ਕਿ ਉਹ ਦਰਵਾਜ਼ਾ ਬੰਦ ਕਰ ਦੇਵੇ। ਦਰਵਾਜ਼ਾ ਬੰਦ ਕਰਨ ਦੇ ਬਾਦ ਉਸ ਨੇ ਮਾਲਕ ਬਾਰੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ। ਅਸੀਂ ਉਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਸ ਨੂੰ ਦੱਸਿਆ ਕਿ ਸਾਡਾ ਮਾਲਕ ਖੂਨ ਚੂਸਣ ਵਾਲਾ ਚਿੱਚੜ, ਗੁਲਾਮਾਂ ਦਾ ਤਾਜਰ, ਇਨਸਾਨੀ ਮਾਲ ਫ਼ਰੋਖ਼ਤ ਕਰਨ ਵਾਲਾ ਗੁਮਾਸ਼ਤਾ ਅਤੇ ਗੁੰਡਾ ਬਦਮਾਸ ਹੈ…. ਅਸੀਂ ਇਨ੍ਹਾਂ ਖ਼ਿਆਲਾਂ ਦਾ ਖੁੱਲ੍ਹ ਕੇ ਜਿਕਰ ਵੀ ਕੀਤਾ, ਪਰ ਉਨ੍ਹਾਂ ਨੂੰ ਇਥੇ ਲਿਖਤ ਤੇ ਲਿਆਉਣਾ ਨਾ ਮੁਮਕਿਨ ਹੈ। ਫੌਜੀ ਆਪਣੇ ਸਵਾਲਾਂ ਦਾ ਜਵਾਬ ਬੜੇ ਗ਼ੌਰ ਨਾਲ ਸੁਣਦਾ ਰਿਹਾ। ਪਰ ਇਕ ਲਖ਼ਤ ਜਿਵੇਂ ਉਹ ਕਿਸੇ ਗਹਿਰੇ ਖ਼ਾਬ ਵਿੱਚੋਂ ਚੌਂਕ ਪਿਆ ਹੋਵੇ, ਕਹਿਣ ਲੱਗਾ ਤੁਸੀਂ ਲੋਕਾਂ ਦੇ ਪਾਸ ਛੋਕਰੀਆਂ ਤਾਂ ਬਹੁਤ ਹੋਣਗੀਆਂ। ਇਸ ਤੇ ਸਾਡੇ ਵਿੱਚੋਂ ਕੁਝ ਹੱਸ ਪਏ ਅਤੇ ਕੁਝ ਨੇ ਗੰਭੀਰ ਮੂੰਹ ਬਣਾ ਲਿਆ ਆਖ਼ਰਕਾਰ ਸਾਡੇ ਵਿੱਚੋਂ ਇੱਕ ਨੇ ਫੌਜੀ ਨੂੰ ਸਾਫ਼ ਕਰ ਦਿੱਤਾ ਕਿ ਸਾਡੇ ਆਸ ਪਾਸ ਨੌਂ ਛੋਕਰੀਆਂ ਜ਼ਰੂਰ ਮੌਜੂਦ ਸਨ….! ਉਸ ਤੇ ਫੌਜੀ ਨੇ ਅੱਖਾਂ ਝਪਕਦੇ ਹੋਏ ਪੁਛਿਆ ਕਿ ਕੀ ਉਨ੍ਹਾਂ ਨਾਲ ਤਫ਼ਰੀਹ ਵੀ ਹੋਇਆ ਕਰਦੀ ਹੈ?_ ਅਸੀਂ ਫਿਰ ਹੱਸ ਪਏ…. ਸਾਡੇ ਵਿੱਚੋਂ ਬਹੁਤੇ ਚਾਹੁੰਦੇ ਸਨ ਕਿ ਫੌਜੀ ਨੂੰ ਸਪਸ਼ਟ ਕਰ ਦੇਣ ਕਿ ਉਹ ਛੋਕਰੀਆਂ ਜਿਨ੍ਹਾਂ ਬਾਰੇ ਉਹ ਇਸ ਕਿਸਮ ਦੀ ਗੱਲਬਾਤ ਕਰ ਰਿਹਾ ਹੈ ਉਹ ਉਸੇ ਵਾਂਗ ਤੇਜ਼ ਤਰਾਰ ਹਨ …. ਪਰ ਇਹ ਗੱਲ ਕਹਿਣ ਦੀ ਸਾਡੇ ਵਿੱਚੋਂ ਕਿਸੇ ਕੋਲ ਜੁਰਅਤ ਨਹੀਂ ਸੀ। ਫਿਰ ਵੀ ਸਾਡੇ ਵਿੱਚੋਂ ਇੱਕ ਨੇ ਦੱਬੀ ਜ਼ਬਾਨ ਵਿੱਚ ਇਹ ਕਹਿ ਹੀ ਦਿੱਤਾ: "ਇਸ ਹਾਲਤ ਵਿੱਚ ਜਿਸ ਵਿੱਚ ਅਸੀਂ ਹਾਂ ਇਸ ਕਿਸਮ ਦੀ ਕੋਈ ਗੱਲ ਸਾਡੇ ਜੀਵਨ ਵਿੱਚ ਨਹੀਂ ….!" "ਦਰੁਸਤ ਹੈ! ਇਸ ਹਾਲਤ ਵਿੱਚ ਉਸ ਕਿਸਮ ਦੀ ਤਫ਼ਰੀਹ ਤੁਹਾਡੇ ਲਈ ਨਾ ਮੁਮਕਿਨ ਹੈ, ਦਰਅਸਲ ਤੁਹਾਡੀ ਇਸ ਮੌਜੂਦਾ ਸਥਿਤੀ ਵਿੱਚ ਕਮੀਆਂ ਹਨ। ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਤੁਹਾਡੀ ਸ਼ਕਲ ਭੈੜੀ ਹੈ…. ਮੇਰਾ ਮਤਲਬ ਸਮਝਦੇ ਹੋ ਨਾ?…. ਅਤੇ ਔਰਤਾਂ! ਤੁਸੀਂ ਜਾਣਦੇ ਹੋ ਉਸ ਮਰਦ ਨੂੰ ਪਸੰਦ ਕਰਦੀਆਂ ਹਨ ਜੋ ਰੋਹਬ ਦਾਬ ਵਾਲਾ, ਜਵਾਨ ਅਤੇ ਖ਼ੂਬਸੂਰਤ ਹੋਵੇ। ਉਸ ਦੇ ਇਲਾਵਾ ਮਰਦ ਵਿੱਚ ਤਾਕਤ ਅਤੇ ਕੁੱਵਤ ਦੀ ਵੀ ਇੱਜ਼ਤ ਕਰਦੀਆਂ ਹਨ…. ਇਸ ਬਾਹ ਬਾਰੇ ਤੁਹਾਡਾ ਕੀ ਖ਼ਿਆਲ ਹੈ।" ਫੌਜੀ ਨੇ ਕਮੀਜ਼ ਦੀ ਬਾਂਹ ਚੜ੍ਹਾ ਕੇ ਕੂਹਣੀ ਤੱਕ ਨੰਗਾ ਕਰਦੇ ਹੋਏ ਕਿਹਾ। ਬਾਂਹ ਮਜ਼ਬੂਤ ਅਤੇ ਸਫੈਦ ਰੰਗ ਦੀ ਸੀ ਜਿਸ ਤੇ ਸੁਨਿਹਿਰੀ ਵਾਲ ਚਮਕ ਰਹੇ ਸਨ। "ਟੰਗਾਂ ਅਤੇ ਛਾਤੀ ਸਭ ਕੁਝ ਇਸੇ ਤਰ੍ਹਾਂ ਮਜ਼ਬੂਤ ਹੈ…. ਮਾਸ ਨਾਲ ਭਰਿਆ ਹੋਇਆ ….ਹੁਣ ਤਾਕਤ ਦੇ ਇਲਾਵਾ ਮਰਦ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਬਿਹਤਰੀਨ ਲਿਬਾਸ ਪਹਿਨ ਬਣ ਠਣ ਕੇ ਰਹੇ ….ਮੇਰੀ ਤਰਫ਼ ਦੇਖੋ। ਸਭ ਔਰਤਾਂ ਮੇਰੇ ਨਾਲ ਮੁਹੱਬਤ ਕਰਦੀਆਂ ਹਨ ਹਾਲਾਂਕਿ ਮੈਂ ਉਨ੍ਹਾਂ ਵਾਸਤੇ ਕਦੇ ਕੋਸ਼ਿਸ਼ ਕੀਤੀ ਹੀ ਨਹੀਂ…. ਐਸੀਆਂ ਦਰਜਨਾਂ ਹਨ।" ਇਹ ਕਹਿ ਕੇ ਉਹ ਇੱਕ ਟੋਕਰੀ ਤੇ ਬੈਠ ਗਿਆ ਅਤੇ ਸਾਨੂੰ ਇਹ ਸੁਣਾਉਣਾ ਸ਼ੁਰੂ ਕੀਤਾ ਕਿ ਔਰਤਾਂ ਉਸ ਦੀ ਮੁਹੱਬਤ ਵਿੱਚ ਕਿਸ ਤਰ੍ਹਾਂ ਗ੍ਰਿਫ਼ਤਾਰ ਹੁੰਦੀਆਂ ਹਨ ਅਤੇ ਉਹ ਉਨ੍ਹਾਂ ਦੇ ਨਾਲ ਕਿਸ ਕਿਸਮ ਦਾ ਸਲੂਕ ਕਰਦਾ ਹੈ। ਉਸ ਦੀ ਰਵਾਨਗੀ ਦੇ ਬਾਦ ਅਸੀਂ ਕਾਫੀ ਅਰਸੇ ਤੱਕ ਚੁੱਪ ਰਹੇ ਅਤੇ ਉਸ ਅਰਸੇ ਦੌਰਾਨ ਉਸ ਦੇ ਇਸ਼ਕ ਦੇ ਅਫ਼ਸਾਨਿਆਂ ਬਾਬਤ ਸੋਚਦੇ ਰਹੇ। ਉਸ ਚੁੱਪ ਦੇ ਬਾਦ ਅਚਾਨਕ ਅਸੀਂ ਗੱਲਬਾਤ ਵਿੱਚ ਮਗਨ ਹੋ ਗਏ ਜਿਸ ਵਿੱਚ ਇੱਕ ਰਾਏ ਨਾਲ ਫੌਜੀ ਨੂੰ ਖ਼ੁਸ਼ ਤਬੀਅਤ ਅਤੇ ਮਿਲਣਸਾਰ ਕਰਾਰ ਦਿੱਤਾ ਗਿਆ। ਉਹ ਬਹੁਤ ਹਲੀਮ ਅਤੇ ਖ਼ੁਸ਼ ਤਬੀਅਤ ਸੀ ਜਦੋਂ ਕਿ ਉਸ ਨੇ ਸਾਡੇ ਨਾਲ ਇਸ ਤਰ੍ਹਾਂ ਗੱਲਬਾਤ ਕੀਤੀ ਜਿਵੇਂ ਉਹ ਸਾਡੇ ਵਰਗਾ ਹੋਵੇ …. ਸਾਡੇ ਪਾਸ ਅੱਜ ਤੱਕ ਕੋਈ ਐਸਾ ਸ਼ਖ਼ਸ ਨਹੀਂ ਆਇਆ ਸੀ ਜਿਸ ਨੇ ਸਾਡੇ ਨਾਲ ਇਸ ਕਿਸਮ ਦੀ ਦੋਸਤਾਨਾ ਗੱਲਬਾਤ ਕੀਤੀ ਹੋਵੇ। ਅਸੀਂ ਲੰਮੇ ਅਰਸੇ ਤੱਕ ਉਸ ਦੀਆਂ ਕਰੀਬੀ ਭਵਿੱਖ ਵਿੱਚ ਉਨ੍ਹਾਂ ਕਾਮਯਾਬੀਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ ਜੋ ਉਸ ਨੂੰ ਫ਼ੈਕਟਰੀ ਵਿੱਚ ਲੜਕੀਆਂ ਦੀ ਮੁਹੱਬਤ ਜਿੱਤਣ ਵਿੱਚ ਹਾਸਲ ਹੋਣੀਆਂ ਸਨ …. ਉਨ੍ਹਾਂ ਲੜਕੀਆਂ ਦੀ ਮੁਹੱਬਤ ਜੋ ਸਾਡੀ ਤਰਫ਼ ਦੇਖ ਕੇ ਨਫ਼ਰਤ ਨਾਲ ਮੂੰਹ ਫੇਰ ਲੈਂਦੀਆਂ ਜਿਵੇਂ ਉਨ੍ਹਾਂ ਨੂੰ ਸਾਡੇ ਨਾਲ ਕੋਈ ਗ਼ਰਜ਼ ਹੀ ਨਾ ਹੋਵੇ, ਅਤੇ ਜਾਂ ਜਿਨ੍ਹਾਂ ਨੂੰ ਅਸੀਂ ਲਲਚਾਈਆਂ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਜਦੋਂ ਕਿ ਉਹ ਵਿਹੜੇ ਵਿੱਚ ਭਾਂਤ ਭਾਂਤ ਦੇ ਖ਼ੂਬਸੂਰਤ ਲਿਬਾਸ ਪਹਿਨ ਕੇ ਗੁਜ਼ਰ ਰਹੀਆਂ ਹੁੰਦੀਆਂ। ਤਾਨੀਆ ਬਾਰੇ ਤੁਹਾਡਾ ਕੀ ਖਿਆਲ ਹੈ! ਕਿਤੇ ਉਹ ਫੌਜੀ ਦੀ ਗ੍ਰਿਫ਼ਤ ਵਿੱਚ ਨਾ ਆ ਜਾਏ। ਨਾਨਬਾਈ ਨੇ ਅਚਾਨਕ ਦਿਲਗੀਰ ਆਵਾਜ਼ ਵਿੱਚ ਕਿਹਾ। ਇਨ੍ਹਾਂ ਸ਼ਬਦਾਂ ਨੇ ਸਾਡੇ ਤੇ ਬਹੁਤ ਅਸਰ ਕੀਤਾ। ਇਸ ਲਈ ਅਸੀਂ ਚੁੱਪ ਰਹੇ। ਤਾਨੀਆ ਦਾ ਖ਼ਿਆਲ ਸਾਡੇ ਦਿਮਾਗ਼ਾਂ ਵਿੱਚੋਂ ਤਕਰੀਬਨ ਤਕਰੀਬਨ ਨਿਕਲ ਚੁੱਕਾ ਸੀ…. ਫੌਜੀ ਦੇ ਖ਼ੂਬਸੂਰਤ ਅਤੇ ਮਜ਼ਬੂਤ ਜਿਸਮ ਨੇ ਜਿਵੇਂ ਸਾਡੀਆਂ ਨਜ਼ਰਾਂ ਤੋਂ ਓਹਲੇ ਕਰ ਦਿੱਤਾ ਸੀ। ਥੋੜੇ ਵਕਫ਼ੇ ਦੇ ਬਾਦ ਬਹਿਸ ਸ਼ੁਰੂ ਹੋ ਗਈ…. ਸਾਡੇ ਵਿੱਚੋਂ ਕੁਝ ਨੂੰ ਯਕੀਨ ਸੀ ਕਿ ਤਾਨੀਆ ਇੱਕ ਮਾਮੂਲੀ ਫੌਜੀ ਦੀ ਖ਼ਾਤਿਰ ਆਪਣੀ ਇੱਜਤ ਨੂੰ ਹਰਗਿਜ਼ ਹੱਥੋਂ ਜਾਣ ਨਹੀਂ ਦੇਵੇਗੀ। ਪਰ ਕੁਝ ਦਾ ਇਹ ਖ਼ਿਆਲ ਸੀ ਕਿ ਉਹ ਫੌਜੀ ਦੇ ਹਥ ਕੰਡਿਆਂ ਦਾ ਮੁਕਾਬਲਾ ਨਹੀਂ ਕਰ ਸਕੇਗੀ। ਸਾਡੇ ਵਿੱਚੋਂ ਕੁਝ ਇੱਕ ਨੇ ਰਾਏ ਦਿੱਤੀ ਕਿ ਅਗਰ ਫੌਜੀ ਆਪਣੀਆਂ ਖ਼ਾਹਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਪਸਲੀਆਂ ਤੋੜ ਦਿੱਤੀਆਂ ਜਾਣ। ਉਸ ਬਹਿਸ ਦੇ ਅੰਤ ਤੇ ਇਹ ਫ਼ੈਸਲਾ ਹੋਇਆ ਕਿ ਅਸੀਂ ਸਭ ਤਾਨੀਆ ਦੀ ਹਿਫ਼ਾਜ਼ਤ ਕਰੀਏ ਅਤੇ ਉਸ ਨੂੰ ਆਉਣ ਵਾਲੇ ਖ਼ਤਰੇ ਤੋਂ ਖਬਰਦਾਰ ਕਰ ਦੇਈਏ, ਇੱਕ ਮਹੀਨਾ ਗੁਜ਼ਰ ਗਿਆ। ਫੌਜੀ ਆਮ ਵਾਂਗ ਆਪਣੇ ਕੰਮ ਵਿੱਚ ਮਗਨ ਰਿਹਾ। ਇਸ ਦੌਰਾਨ ਉਹ ਸਾਡੇ ਕਾਰਖ਼ਾਨੇ ਵਿੱਚ ਕਈ ਦਫ਼ਾ ਆਇਆ। ਪਰ ਛੋਕਰੀਆਂ ਤੇ ਫ਼ਤਿਹ ਪਾਉਣ ਦੇ ਕਿਸਿਆਂ ਦੀ ਬਾਬਤ ਇੱਕ ਹਰਫ਼ ਤੱਕ ਜ਼ਬਾਨ ਤੇ ਨਾ ਲਿਆਇਆ।ਬਸ ਮੁੱਛਾਂ ਨੂੰ ਵੱਟ ਦਿੰਦਾ ਰਹਿੰਦਾ ਅਤੇ ਕਾਮੁਕ ਅੰਦਾਜ ਵਿੱਚ ਆਪਣੇ ਬੁੱਲਾਂ ਤੇ ਜੀਭ ਫੇਰਦਾ ਰਹਿੰਦਾ। ਤਾਨੀਆ ਵੀ ਹਰ ਦਿਨ ਸਵੇਰੇ ਆਪਣੇ ਬਿਸਕੁਟਾਂ ਦੀ ਖ਼ਾਤਿਰ ਆਉਂਦੀ।ਉਸ ਦਾ ਰਵਈਆ ਵੀ ਹਮੇਸ਼ਾ ਵਾਂਗ ਵੈਸਾ ਹੀ ਦੋਸਤਾਨਾ ਸੀ। ਅਸੀਂ ਉਸ ਨੂੰ ਫੌਜੀ ਬਾਰੇ ਸੁਚੇਤ ਕਰਨਾ ਚਾਹਿਆ, ਪਰ ਉਨ੍ਹਾਂ ਨਾਮਾਂ ਨਾਲ ਜਿਸ ਨਾਲ ਉਹ ਉਸ ਨੂੰ ਪੁਕਾਰਦੀ ਸਾਨੂੰ ਯਕੀਨ ਹੋ ਗਿਆ ਕਿ ਉਹ ਉਸ ਦੇ ਹੱਥ ਨਹੀਂ ਚੜ੍ਹ ਸਕਦੀ। ਸਾਨੂੰ ਆਪਣੀ ਨੰਨ੍ਹੀ ਲੜਕੀ ਤਾਨੀਆ ਤੇ ਨਾਜ਼ ਸੀ ਜਦੋਂ ਕਿ ਅਸੀਂ ਹਰ ਦਿਨ ਫੌਜੀ ਦੇ ਨਾਲ ਕੋਈ ਨਾ ਕੋਈ ਲੜਕੀ ਦੇਖਦੇ ਸਾਂ। ਤਾਨੀਆ ਦੇ ਉਸ ਬਾਵਕਾਰ ਰਵਈਏ ਨੇ ਸਾਡਾ ਹੌਸਲਾ ਵਧਾ ਦਿੱਤਾ ਹੁਣ ਅਸੀਂ …. ਉਸ ਦੀ ਇੱਜਤ ਦੇ ਰਖਵਾਲੇ, ਫੌਜੀ ਨੂੰ ਹਿਕਾਰਤ ਦੀਆਂ ਨਜ਼ਰਾਂ ਨਾਲ ਦੇਖਣ ਲੱਗੇ। ਉਸ ਦੇ ਉਲਟ ਉਸ ਦੀ ਅਜ਼ਮਤ ਸਾਡੇ ਦਿਲਾਂ ਵਿੱਚ ਦਿਨ ਬ ਦਿਨ ਵਧਦੀ ਗਈ। ਇੱਕ ਦਿਨ ਫੌਜੀ ਸ਼ਰਾਬ ਵਿੱਚ ਮਖ਼ਮੂਰ, ਹੱਸਦਾ ਹੋਇਆ ਸਾਡੇ ਕਮਰੇ ਵਿੱਚ ਦਾਖ਼ਲ ਹੋਇਆ ਜਦੋਂ ਅਸੀਂ ਉਸ ਦੇ ਹੱਸਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਜਵਾਬ ਦਿਤਾ। ਦੋ ਛੋਕਰੀਆਂ ਮੇਰੇ ਲਈ ਆਪਸ ਵਿੱਚ ਲੜ ਰਹੀਆਂ ਹਨ…. ਉਨ੍ਹਾਂ ਨੇ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਜ਼ਲੀਲ ਕੀਤਾ। ਹਾ ਹਾ ਹਾ…. ਇੱਕ ਦੂਸਰੀ ਦੇ ਵਾਲ ਫੜ ਕੇ ਉਹ ਜ਼ਮੀਨ ਤੇ ਗਿਰ ਪਈਆਂ…. ਹਾ ਹਾ ਹਾ…. ਅਤੇ ਦਿਵਾਨਿਆਂ ਦੀ ਤਰ੍ਹਾਂ ਨਚਣਾ ਸ਼ੁਰੂ ਕਰ ਦਿੱਤਾ…. ਅਤੇ ਮੇਰਾ ਹਾਸੀ ਦੇ ਮਾਰੇ ਬੁਰਾ ਹਾਲ ਹੋਇਆ ਜਾ ਰਿਹਾ ਸੀ…. ਮੈਨੂੰ ਹੈਰਾਨੀ ਹੈ ਕਿ ਔਰਤਾਂ ਸਾਫ਼ ਲੜਾਈ ਨਹੀਂ ਲੜਦੀਆਂ…. ਘਰੂਟਾਂ ਨਾਲ ਨੋਚਣ ਦਾ ਫ਼ਾਇਦਾ? ਮੈਂ ਉਸ ਮਾਮਲੇ ਨੂੰ ਹੱਲ ਕਰਨ ਵਿੱਚ ਨਾਕਾਮ ਹਾਂ …. ਖ਼ੁਦਾ ਜਾਣੇ ਔਰਤਾਂ ਮੇਰੇ ਤੇ ਕਿਉਂ ਮਰਦੀਆਂ ਹਨ …. ਬੱਸ ਅੱਖ ਝਪਕਣ ਦੀ ਦੇਰ ਹੈ ਅਤੇ…._ ਇਹ ਕਹਿੰਦੇ ਹੋਏ ਫੌਜੀ ਆਪਣੀਆਂ ਗੋਰੀਆਂ ਬਾਹਾਂ ਹਵਾ ਵਿੱਚ ਲਹਿਰਾ ਰਿਹਾ ਸੀ ਅਤੇ ਸਾਡੀ ਤਰਫ਼ ਦੋਸਤਾਨਾ ਨਿਗਾਹਾਂ ਨਾਲ ਦੇਖ ਰਿਹਾ ਸੀ। ਨਿੱਕੇ ਪੌਦਿਆਂ ਨੂੰ ਉਖਾੜ ਲੈਣਾ ਕੋਈ ਜਵਾਂ ਮਰਦੀ ਨਹੀਂ, ਮਜ਼ਾ ਤਾਂ ਤਦ ਹੈ ਕਿ ਕਿਸੇ ਮਜ਼ਬੂਤ ਦਰਖ਼ਤ ਨੂੰ ਗਿਰਾਇਆ ਜਾਏ। ਸਾਡੇ ਨਾਨਬਾਈ ਨੇ ਗ਼ੁੱਸੇ ਦੀ ਵਜ੍ਹਾ ਨਾਲ ਲੋਹੇ ਦੀ ਸਲਾਖ਼ ਨੂੰ ਭੱਠੀ ਵਿੱਚ ਤੇਜ਼ੀ ਨਾਲ ਹਿਲਾਉਂਦੇ ਹੋਏ ਕਿਹਾ: "ਤਾਂ ਮੈਨੂੰ ਮੁਖ਼ਾਤਿਬ ਹੈਂ ਕੀ?" ਫੌਜੀ ਨੇ ਦਰਿਆਫ਼ਤ ਕੀਤੀ। "ਹਾਂ! ਤੈਨੂੰ ਹੀ ਮੁਖ਼ਾਤਿਬ ਹਾਂ।" "ਇਸ ਤੋਂ ਤੇਰਾ ਮਤਲਬ?" "ਕੁਛ ਵੀ ਨਹੀਂ…. ਕੁਛ ਵੀ ਨਹੀਂ"। "ਠਹਿਰ, ਠਹਿਰ। ਉਹ ਕਿਹੜਾ ਮਜ਼ਬੂਤ ਦਰਖ਼ਤ ਹੈ ਜਿਸ ਦਾ ਤੂੰ ਜ਼ਿਕਰ ਕਰ ਰਿਹਾ ਹੈ।" ਨਾਨਬਾਈ ਨੇ ਉਸ ਦਾ ਜਵਾਬ ਨਹੀਂ ਦਿੱਤਾ ਅਤੇ ਭੱਠੀ ਵਿੱਚੋਂ ਪੱਕੇ ਹੋਏ ਬਿਸਕੁਟ ਕਢਣ ਵਿੱਚ ਮਗਨ ਰਿਹਾ। ਉਸ ਤੋਂ ਲੱਗ ਰਿਹਾ ਸੀ ਕਿ ਉਹ ਫੌਜੀ ਅਤੇ ਉਸ ਦੀ ਗੱਲਬਾਤ ਨੂੰ ਬਿਲਕੁਲ ਭੁੱਲ ਚੁੱਕਾ ਹੈ ਪਰ ਫੌਜੀ ਬਹੁਤ ਬੇਚੈਨ ਹੋਇਆ ਅਤੇ ਆਪਣੀਆਂ ਜਗ੍ਹਾ ਤੋਂ ਉਠ ਕੇ ਭੱਠੀ ਦੇ ਕਰੀਬ ਆਇਆ ਅਤੇ ਕਿਹਾ: "ਦੱਸ ਤਾਂ ਸਹੀ!…. ਕਿਸ ਔਰਤ ਦਾ ਜ਼ਿਕਰ ਕਰ ਰਿਹਾ ਸੀ?….ਤੂੰ ਤਾਂ ਮੇਰੀ ਹੱਤਕ ਕੀਤੀ ਹੈ। ਕੋਈ ਔਰਤ ਮੇਰੇ ਅੱਗੇ ਅੜ ਨਹੀਂ ਸਕਦੀ।"" ਉਸ ਦੀ ਗੱਲਬਾਤ ਤੋਂ ਲੱਗ ਰਿਹਾ ਸੀ ਕਿ ਉਹ ਨਾਨਬਾਈ ਦੀ ਗੱਲਬਾਤ ਤੋਂ ਸਖ਼ਤ ਨਾਰਾਜ਼ ਹੋ ਗਿਆ ਹੈ। ਗ਼ਾਲਿਬਨ ਉਸ ਨੂੰ ਇਸ ਗੱਲ ਤੇ ਬਹੁਤ ਫ਼ਖ਼ਰ ਸੀ ਕਿ ਉਸ ਵਿੱਚ ਔਰਤਾਂ ਨੂੰ ਚਿੱਤ ਕਰਨ ਦਾ ਹੁਨਰ ਮੌਜੂਦ ਹੈ। ਵਰਨਾ ਹਕੀਕਤ ਵਿੱਚ ਸਿਵਾਏ ਉਸ ਹੁਨਰ ਦੇ ਉਸ ਸ਼ਖ਼ਸ ਵਿੱਚ ਜ਼ਿੰਦਗੀ ਬਾਰੇ ਕੋਈ ਚੀਜ਼ ਵੀ ਮੌਜੂਦ ਨਹੀਂ ਸੀ। ਇਸ ਇੱਕੋ ਰਹੇ ਸਹੇ ਹੁਨਰ ਦੀ ਬਦੌਲਤ ਤਾਂ ਉਹ ਆਪਣੇ ਆਪ ਨੂੰ ਜ਼ਿੰਦਾ ਇਨਸਾਨ ਕਹਾਉਣ ਦਾ ਹੱਕਦਾਰ ਹੋ ਸਕਦਾ ਸੀ। ਦੁਨੀਆਂ ਵਿੱਚ ਐਸੇ ਵਿਅਕਤੀ ਮੌਜੂਦ ਹਨ ਜੋ ਬਿਮਾਰੀ ਨੂੰ ਚਾਹੇ ਉਹ ਰੂਹਾਨੀ ਹੋਵੇ ਜਾਂ ਜਿਸਮਾਨੀ ਜ਼ਿੰਦਗੀ ਦਾ ਇੱਕ ਬੇਸ਼ ਕੀਮਤ ਜ਼ੁਜ਼ ਸਮਝਦੇ ਹੋਏ ਉਸ ਦੀ ਜ਼ਿੰਦਗੀ ਭਰ ਪਰਵਰਿਸ਼ ਕਰਦੇ ਰਹਿੰਦੇ ਹਨ ਅਤੇ ਇਸੇ ਵਿੱਚ ਆਪਣੀ ਜ਼ਿੰਦਗੀ ਦਾ ਰਾਜ਼ ਸਮਝਦੇ ਹਨ। ਹਾਲਾਂਕਿ ਐਸੀ ਜ਼ਿੰਦਗੀ ਆਮ ਤੌਰ ਤੇ ਤਕਲੀਫ਼ਦੇਹ ਹੁੰਦੀ ਹੈ ਪਰ ਉਹ ਉਸ ਜ਼ਿੰਦਗੀ ਦੇ ਸਹਾਰੇ ਬਾਰੇ ਦੂਸਰਿਆਂ ਕੋਲ ਸ਼ਿਕਾਇਤ ਜ਼ਰੂਰ ਕਰਦੇ ਹਨ। ਸਿਰਫ਼ ਇਸ ਲਈ ਕਿ ਆਪਣੇ ਹਮਸਾਇਆ ਇਨਸਾਨਾਂ ਦਾ ਧਿਆਨ ਆਪਣੀ ਤਰਫ਼ ਖਿਚ ਸਕਣ ਅਤੇ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਤਰਸ ਭਰੀਆਂ ਨਿਗਾਹਾਂ ਨਾਲ ਦੇਖਣ। ਅਗਰ ਐਸੇ ਵਿਅਕਤੀਆਂ ਤੋਂ ਇਹ ਬੇਚੈਨੀ, ਪੀੜ ਅਤੇ ਤਕਲੀਫ਼ ਖੋਹ ਲਈ ਜਾਏ ਉਨ੍ਹਾਂ ਦੇ ਦਰਦ ਦੀ ਦਵਾ ਕਰ ਦਿੱਤੀ ਜਾਏ ਤਾਂ ਉਹ ਪਹਿਲੇ ਦੀ ਤਰ੍ਹਾਂ ਖੁਸ਼ ਨਹੀਂ ਰਹਿਣਗੇ ਇਸ ਲਈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਸਹਾਰਾ ਉਨ੍ਹਾਂ ਤੋਂ ਜੁਦਾ ਕਰ ਦਿੱਤਾ ਗਿਆ ਹੈ। ਹੁਣ ਉਹ ਖੋਖਲੇ ਬਰਤਨ ਵਾਂਗ ਹੋਣਗੇ। ਕਈ ਵਾਰ ਇੱਕ ਇਨਸਾਨ ਦੀ ਜ਼ਿੰਦਗੀ ਇਸ ਕਦਰ ਤੰਗ ਅਤੇ ਗ਼ੁਰਬਤ ਮਾਰੀ ਹੁੰਦੀ ਹੈ ਕਿ ਉਹ ਸੁਭਾਵਿਕ ਹੀ ਕਿਸੇ ਭੈੜੀ ਚੀਜ਼ ਨੂੰ ਮੁਹੱਬਤ ਕਰਨ ਲੱਗ ਜਾਂਦਾ ਹੈ ਅਤੇ ਉਸੇ ਤੇ ਜ਼ਿੰਦਾ ਰਹਿਣਾ ਚਾਹੁੰਦਾ ਹੈ। ਸਾਫ਼ ਲਫ਼ਜ਼ਾਂ ਵਿੱਚ ਅਕਸਰ ਲੋਕ ਸਿਰਫ਼ ਦਿਮਾਗ਼ੀ ਬੇਕਾਰੀ ਦੀ ਵਜ੍ਹਾ ਗੁਨਾਹ ਕਰਨ ਵੱਲ ਚਲੇ ਜਾਂਦੇ ਹਨ। ਫੌਜੀ ਸਖ਼ਤ ਨਾਰਾਜ਼ ਹੋ ਗਿਆ ਸੀ।ਉਹ ਨਾਨਬਾਈ ਵੱਲ ਲਪਕਿਆ ਅਤੇ ਕੁਰੱਖ਼ਤ ਲਹਿਜੇ ਵਿੱਚ ਬੋਲਿਆ, " ਮੈਂ ਜੋ ਬਾਰ ਬਾਰ ਕਹਿ ਰਿਹਾ ਹਾਂ ਕਿ ਬੋਲ …. ਕਿਸ ਲੜਕੀ ਦੀ ਬਾਬਤ ਜ਼ਿਕਰ ਕਰ ਰਿਹਾ ਹੈਂ "। "ਕਹਾਂ .. ਫਿਰ।" ਨਾਨਬਾਈ ਨੇ ਫੌਜੀ ਵੱਲ ਅਚਾਨਕ ਮੁੜਦੇ ਹੋਏ ਕਿਹਾ। "ਹਾਂ, ਹਾਂ।" "ਕੀ ਤੁਸੀਂ ਤਾਨੀਆ ਨੂੰ ਜਾਣਦੇ ਹੋ?" "ਕਿਉਂ?" "ਬੱਸ ਉਹੀ ਲੜਕੀ ਹੈ…. ਕਾਬੂ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ"। "ਮੈਂ?" "ਹਾਂ, ਹਾਂ! ਤੁਸੀਂ।" "ਇਹ ਤਾਂ ਬਿਲਕੁਲ ਮਾਮੂਲੀ ਗੱਲ ਹੈ"। "ਅਸੀਂ ਵੀ ਦੇਖੀਏ ਕਿਵੇਂ?" "ਤਾਂ ਫਿਰ ਦੇਖ ਲੈਣਾ ….ਹਾ ਹਾ ਹਾ!" "ਉਹ ਤੁਹਾਡੀ ਤਰਫ਼ ਅੱਖ ਉਠਾ ਕੇ ਨਹੀਂ ਦੇਖੇਗੀ।" "ਸਿਰਫ਼ ਇੱਕ ਮਹੀਨੇ ਦੀ ਮੋਹਲਤ ਚਾਹੁੰਦਾ ਹਾਂ।" "ਸ਼ੇਖ਼ ਚਿਲੀ ਮੱਤ ਬਣ…. ਮੀਆਂ ਫੌਜੀ।" "ਅੱਛਾ ਚੌਦਾਂ ਦਿਨ ਸਹੀ…. ਉਸ ਦੇ ਬਾਦ ਤੁਸੀਂ ਦੇਖ ਲੈਣਾ…. ਕੀ ਨਾਮ ਲਿਆ ਸੀ ਤੁਸੀਂ?…. ਤਾਨੀਆ?" "ਹੁਣ ਜਾਓ…. ਤੁਹਾਡੇ ਕੰਮ ਦਾ ਹਰਜਾ ਹੋ ਰਿਹਾ ਹੈ"। "ਬੱਸ ਚੌਦਾਂ ਦਿਨ…. ਅਤੇ ਉਹ ਮੇਰੇ ਕਾਬੂ ਵਿੱਚ ਹੋਵੇਗੀ….ਤੁਹਾਡੀ ਕਿਸਮਤ!!" "ਮੈਂ ਕਹਿੰਦਾ ਹਾਂ ਇੱਥੋਂ ਦੂਰ ਹੋ ਜਾ।" ਇਹ ਕਹਿ ਕੇ ਨਾਨਬਾਈ ਵਹਿਸ਼ੀਆਂ ਦੀ ਤਰ੍ਹਾਂ ਗ਼ਜ਼ਬਨਾਕ ਹੋ ਗਿਆ।ਇਹ ਦੇਖ ਕੇ ਫੌਜੀ ਸਖ਼ਤ ਹੈਰਾਨ ਹੋਇਆ ਅਤੇ ਚੁੱਪ ਨਾਲ ਇਹ ਕਹਿੰਦਾ ਹੋਇਆ ਉੱਥੋਂ ਚਲਾ ਗਿਆ,"ਬਹੁਤ ਅੱਛਾ।" ਉਸ ਬਹਿਸ ਦੇ ਦੌਰਾਨ ਅਸੀਂ ਸਭ ਚੁੱਪ ਰਹੇ। ਇਸ ਲਈ ਕਿ ਅਸੀਂ ਉਨ੍ਹਾਂ ਦੀ ਆਪਸੀ ਗੱਲਬਾਤ ਨੂੰ ਬਹੁਤ ਗ਼ੌਰ ਨਾਲ ਸੁਣ ਰਹੇ ਸਾਂ ਐਪਰ ਜਿਉਂ ਹੀ ਫੌਜੀ ਰੁਖ਼ਸਤ ਹੋਇਆ ਸਾਡੇ ਦਰਮਿਆਨ ਗੱਲਬਾਤ ਦਾ ਇੱਕ ਹੰਗਾਮਾ ਜਿਹਾ ਬਰਪਾ ਹੋ ਗਿਆ। ਸਾਡੇ ਵਿੱਚੋਂ ਇੱਕ ਨੇ ਨਾਨਬਾਈ ਨੂੰ ਚਿਲਾਉਂਦੇ ਹੋਏ ਕਿਹਾ,"ਤੈਨੂੰ ਕੀ ਸ਼ਰਾਰਤ ਸੁਝੀ ਹੈ"। "ਕੰਮ ਕਰੀ ਜਾਓ ਆਪਣਾ…. ਸੁਣਿਆ ਹੈ ਜਾਂ ਨਹੀਂ।" ਨਾਨਬਾਈ ਨੇ ਖੂੰਖਾਰ ਲਹਿਜੇ ਵਿੱਚ ਜਵਾਬ ਦਿੱਤਾ। ਸਾਨੂੰ ਦਰਅਸਲ ਉਸ ਦੀ ਫ਼ਿਕਰ ਹੋ ਰਹੀ ਸੀ ਕਿਉਂਜੋ ਫੱਟੜ ਫੌਜੀ ਆਪਣੇ ਸ਼ਬਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਇਸ ਲਈ ਤਾਨੀਆ ਦੀ ਇੱਜਤ ਖ਼ਤਰੇ ਵਿੱਚ ਸੀ। ਪਰ ਬਾਵਜੂਦ ਇਸ ਦੇ ਅਸੀਂ ਉਸ ਬਹਿਸ ਦਾ ਨਤੀਜਾ ਦੇਖਣ ਦੇ ਲਈ ਸਖ਼ਤ ਬੇਕਰਾਰ ਸਾਂ…. ਉਸ ਬਹਿਸ ਦਾ ਨਤੀਜਾ ਜੋ ਕਿਸੇ ਹਾਲਤ ਵਿੱਚ ਵੀ ਖ਼ੁਸ਼ਗਵਾਰ ਨਹੀਂ ਸੀ। ਕੀ ਤਾਨੀਆ ਫੌਜੀ ਦੀ ਤਾਬ ਝੱਲ ਸਕੇਗੀ?_ ਇਸ ਸਵਾਲ ਤੇ ਅਸੀਂ ਇੱਕ ਜ਼ਬਾਨ ਚਿਲਾ ਉਠੇ। ਜਿਵੇਂ ਸਾਨੂੰ ਤਾਨੀਆ ਤੇ ਪੂਰੀ ਤਰ੍ਹਾਂ ਭਰੋਸਾ ਹੋਵੇ। "ਨੰਨ੍ਹੀ ਤਾਨੀਆ ਜ਼ਰੂਰ ਸਾਬਤ ਕਦਮ ਰਹੇਗੀ।" ਸਾਨੂੰ ਆਪਣੀ ਨੰਨ੍ਹੀ ਦੇਵੀ ਦੀ ਸਾਬਤ ਕਦਮੀ ਅਤੇ ਸ਼ਕਤੀ ਦਾ ਇਮਤਿਹਾਨ ਲੈਣ ਦੀ ਅਰਸੇ ਤੋਂ ਖ਼ਹਿਸ਼ ਸੀ ਐਪਰ ਹੁਣ ਅਸੀਂ ਆਪਸ ਵਿੱਚ ਇਹ ਸਾਬਤ ਕਰ ਦਿੱਤਾ ਕਿ ਤਾਨੀਆ ਉਸ ਇਮਤਿਹਾਨ ਵਿੱਚ ਜ਼ਰੂਰ ਸੁਰਖ਼ਰੂ ਹੋਵੇਗੀ। ਉਸ ਦਿਨ ਤੋਂ ਸਾਡੀ ਜ਼ਿੰਦਗੀ ਇੱਕ ਅਜਬ ਕਿਸਮ ਦੀ ਜ਼ਿੰਦਗੀ ਹੋ ਗਈ ਜਿਸ ਤੋਂ ਅਸੀਂ ਬਿਲਕੁਲ ਅਨਜਾਣ ਸਾਂ। ਅਸੀਂ ਆਪਸ ਵਿੱਚ ਘੰਟਿਆਂ ਬਹਿਸ ਕਰਦੇ ਰਹਿੰਦੇ ਸਾਂ, ਜਿਵੇਂ ਅਸੀਂ ਪਹਿਲੇ ਦੀ ਨਿਸਬਤ ਜਿਆਦਾ ਅਕਲਮੰਦ ਅਤੇ ਤੇਜ ਤਰਾਰ ਬਣ ਗਏ ਹੋਈਏ ਅਤੇ ਸਾਡੀ ਗੱਲਬਾਤ ਕੁਛ ਮਾਅਨੇ ਰੱਖਦੀ ਹੋਵੇ। ਹੁਣ ਸਾਨੂੰ ਐਸਾ ਲੱਗ ਰਿਹਾ ਸੀ ਕਿ ਅਸੀਂ ਸ਼ੈਤਾਨ ਨਾਲ ਬਾਜ਼ੀ ਲਗਾ ਰਹੇ ਹਾਂ ਅਤੇ ਤਾਨੀਆ ਦੀ ਇੱਜਤ ਸਾਡੇ ਵਲੋਂ ਦਾਓ ਤੇ ਹੈ। ਜਦੋਂ ਅਸੀਂ ਕੇਕ ਬਣਾਉਣ ਵਾਲੇ ਨਾਨਬਾਈ ਤੋਂ ਇਹ ਖ਼ਬਰ ਸੁਣੀ ਕਿ ਫੌਜੀ ਨੇ ਤਾਨੀਆ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਤਾਂ ਸਾਨੂੰ ਸਖ਼ਤ ਰੰਜ ਪਹੁੰਚਿਆ ਅਤੇ ਅਸੀਂ ਉਸ ਰੰਜ ਨੂੰ ਮਿਟਾਉਣ ਦੇ ਲਈ ਇਸ ਕਦਰ ਮਗਨ ਸਾਂ ਕਿ ਸਾਨੂੰ ਇਹ ਮਲੂਮ ਹੀ ਨਾ ਹੋਇਆ ਕਿ ਮਾਲਕ ਨੇ ਸਾਡੀ ਬੇਚੈਨੀ ਅਤੇ ਮਸਤੀ ਦਾ ਫ਼ਾਇਦਾ ਉਠਾਉਂਦੇ ਹੋਏ ਮੈਦੇ ਵਿੱਚ ਚੌਦਾਂ ਪੌਂਡ ਦਾ ਇਜ਼ਾਫ਼ਾ ਕਰ ਦਿੱਤਾ। ਇਸ ਭਿਆਨਕ ਮਸਤੀ ਦੇ ਦੌਰਾਨ ਕੰਮ ਕਰਦੇ ਹੋਏ ਤਾਨੀਆ ਦਾ ਨਾਮ ਹਰ ਵਕਤ ਸਾਡੀ ਜ਼ਬਾਨ ਤੇ ਹੁੰਦਾ ਅਤੇ ਅਸੀਂ ਹਰ ਦਿਨ ਸਵੇਰੇ ਉਸ ਦਾ ਇੰਤਜ਼ਾਰ ਕਰਿਆ ਕਰਦੇ…. ਗ਼ੈਰ ਮਾਮੂਲੀ ਬੇਸਬਰੀ ਦੇ ਨਾਲ। ਉਹ ਹਰ ਦਿਨ ਸਾਡੇ ਪਾਸ ਆਉਂਦੀ। ਪਰ ਅਸੀਂ ਫੌਜੀ ਨਾਲ ਹੋਏ ਤਕਰਾਰ ਦਾ ਉਸ ਦੇ ਨਾਲ ਜ਼ਿਕਰ ਤੱਕ ਨਾ ਕੀਤਾ ਅਤੇ ਨਾ ਹੀ ਉਸ ਨੇ ਕਿਸੇ ਕਿਸਮ ਦੇ ਸਵਾਲ ਕੀਤੇ ਬਲਕਿ ਆਮ ਵਾਂਗ ਪਿਆਰ ਦੇ ਜਜ਼ਬੇ ਨਾਲ ਮਿਲਦੇ ਰਹੇ। ਪਰ ਉਸ ਪਿਆਰ ਦੇ ਜਜ਼ਬੇ ਵਿੱਚ ਕਿਸੇ ਨਵੀਂ ਚੀਜ਼ ਦੀ ਝਲਕ ਸੀ…. ਡੂੰਘੀ ਉਤਸੁਕਤਾ ਦੀ ਝਲਕ…. ਖ਼ੰਜਰ ਦੇ ਫਲ ਦੀ ਮਾਨਿੰਦ ਤੇਜ਼ ਅਤੇ ਸਰਦ। "ਦੋਸਤੋ! ਮਿਆਦ ਦਾ ਵਕਤ ਅੱਜ ਦੇ ਦਿਨ ਖਤਮ ਹੋ ਜਾਏਗਾ।" ਨਾਨਬਾਈ ਨੇ ਸਵੇਰੇ ਦੇ ਵਕਤ ਕੰਮ ਸ਼ੁਰੂ ਕਰਦੇ ਹੋਏ ਕਿਹਾ। ਸਾਨੂੰ ਚੇਤਾ ਕਰਾਉਣ ਤੋਂ ਪਹਿਲਾਂ ਹੀ ਸਾਨੂੰ ਇਸ ਗੱਲ ਦਾ ਇਲਮ ਸੀ। ਪਰ ਫਿਰ ਵੀ ਇਹ ਸੁਣ ਕੇ ਅਸੀਂ ਸਿਰ ਤੋਂ ਪੈਰਾਂ ਤੱਕ ਕੰਬ ਗਏ। "ਉਹ ਅੱਜ ਆਏਗੀ…. ਜ਼ਰਾ ਗ਼ੌਰ ਨਾਲ ਦੇਖਣਾ ਉਸ ਨੂੰ।" ਨਾਨਬਾਈ ਨੇ ਗੱਲਬਾਤ ਜਾਰੀ ਰਖਦੇ ਹੋਏ ਕਿਹਾ। "ਜਿਵੇਂ…. ਅੱਖਾਂ ਕੁਛ ਦੱਸ ਸਕਣਗੀਆਂ।" ਸਾਡੇ ਵਿੱਚੋਂ ਇੱਕ ਨੇ ਪੁਰ ਸੋਜ਼ ਲਹਿਜੇ ਵਿੱਚ ਕਿਹਾ। ਇਸ ਤੇ ਬਹਿਸ ਛਿੜ ਪਈ।ਅੱਜ ਦੇ ਦਿਨ ਸਾਨੂੰ ਮਲੂਮ ਹੋ ਜਾਣ ਵਾਲਾ ਸੀ ਕਿ ਉਹ ਬਰਤਨ ਜਿਸ ਵਿੱਚ ਅਸੀਂ ਸਭ ਨੇ ਆਪਣੇ ਦਿਲ ਰੱਖੇ ਹੋਏ ਹਨ, ਕਿਤਨਾ ਸਾਫ਼ ਤੇ ਬੇਦਾਗ ਹੈ। ਸਿਰਫ਼ ਅੱਜ ਸਵੇਰੇ ਸਾਨੂੰ ਐਸਾ ਪਤਾ ਲੱਗਿਆ ਹੋਵੇ ਕਿ ਜਿਵੇਂ ਅਸੀਂ ਕੋਈ ਬੜਾ ਖੇਲ ਖੇਲ ਰਹੇ ਹੋਈਏ ਜਿਸ ਵਿੱਚ ਸਾਨੂੰ ਆਪਣੀ ਦੇਵੀ ਦੇ ਖੋ ਜਾਣ ਦਾ ਅੰਦੇਸ਼ਾ ਹੋਵੇ। ਬੀਤੇ ਕੁਝ ਦਿਨਾਂ ਤੋਂ ਅਸੀਂ ਸੁਣ ਰਹੇ ਸਾਂ ਕਿ ਫੌਜੀ ਤਾਨੀਆ ਦੇ ਪਿੱਛੇ ਸਾਏ ਦੀ ਤਰ੍ਹਾਂ ਲੱਗਾ ਹੋਇਆ ਹੈ। ਤਾਨੀਆ ਆਮ ਵਾਂਗ ਬਿਸਕੁਟਾਂ ਦੇ ਲਈ ਹਰ ਦਿਨ ਆਉਂਦੀ। ਪਰ ਅਸੀਂ ਉਸ ਨਾਲ ਫੌਜੀ ਬਾਰੇ ਕਿਸੇ ਕਿਸਮ ਦਾ ਜ਼ਿਕਰ ਨਾ ਕਰਦੇ। ਅਸੀਂ ਖ਼ੁਦ ਹੈਰਾਨ ਸਾਂ ਕਿ ਕਿਉਂ? ਅੱਜ ਦੇ ਦਿਨ ਵੀ ਅਸੀਂ ਜਿਵੇਂ ਹੀ ਉਸਨੂੰ ਇਹ ਕਹਿੰਦੇ ਹੋਏ ਸੁਣਿਆ "ਨੰਨ੍ਹੇ ਕੈਦੀਓ_…. ਮੈਂ ਆ ਗਈ ਹਾਂ …". ਅਸੀਂ ਦਰਵਾਜਾ ਖੋਲ੍ਹ ਦਿੱਤਾ ਅਤੇ ਜਦੋਂ ਉਹ ਅੰਦਰ ਆ ਗਈ, ਤਾਂ ਅਸੀਂ ਆਮ ਦੇ ਉਲਟ ਜਿਵੇਂ ਚੁੱਪ ਨਾਲ ਮਿਲੇ। ਚਾਹੇ ਸਾਡੀਆਂ ਅੱਖਾਂ ਉਸ ਤੇ ਜੰਮੀਆਂ ਹੋਈਆਂ ਸਨ ਪਰ ਸਾਨੂੰ ਪਤਾ ਨਹੀਂ ਸੀ ਕਿ ਗੱਲਬਾਤ ਦਾ ਸਿਲਸਿਲਾ ਕਿਵੇਂ ਸ਼ੁਰੂ ਕਰੀਏ …. ਅਸੀਂ ਖ਼ਾਮੋਸ਼ ਅਤੇ ਹੈਰਤ ਦੀ ਤਸਵੀਰ ਬਣੇ ਉਸ ਦੇ ਸਾਹਮਣੇ ਖੜੇ ਸਾਂ। ਸਾਡੇ ਅਜੀਬ ਅਤੇ ਆਮ ਦੇ ਉਲਟ ਸਵਾਗਤ ਨੂੰ ਦੇਖ ਕੇ ਉਹ ਸਖ਼ਤ ਹੈਰਾਨ ਹੋ ਗਈ…. ਅਚਾਨਕ ਉਸ ਦੇ ਚਿਹਰੇ ਦਾ ਰੰਗ ਜ਼ਰਦ ਪੈ ਗਿਆ। ਬੇਚੈਨ ਅਤੇ ਘੁੱਟਵੀਂ ਜਿਹੀ ਆਵਾਜ਼ ਵਿੱਚ ਕਹਿਣ ਲੱਗੀ: "ਤੁਹਾਨੂੰ ਅੱਜ ਕੀ ਹੋ ਗਿਆ ਹੈ?" "ਤੇ ਤੈਨੂੰ ..।" ਨਾਨਬਾਈ ਨੇ ਦਰਦ ਭਰੇ ਲਹਿਜੇ ਵਿੱਚ ਕਿਹਾ। "ਮੈਨੂੰ?….ਕੀ ਮਤਲਬ ਹੈ ਤੇਰਾ?" " ਕੁਛ ਵੀ ਨਹੀਂ…. ਕੁਛ ਵੀ ਨਹੀਂ"। "ਤਾਂ ਚਲੋ ਮੈਨੂੰ ਬਿਸਕੁਟ ਦਿਓ…. ਜ਼ਰਾ ਜਲਦੀ ਕਰੋ।" ਇਸ ਤੋਂ ਪਹਿਲਾਂ ਉਸ ਨੇ ਅੱਜ ਤੱਕ ਏਨੀ ਫੁਰਤੀ ਕਦੇ ਨਹੀਂ ਦਿਖਾਈ ਸੀ। "ਤੂੰ ਜਲਦੀ ਕਰ ਰਹੀ ਹੈਂ।" ਨਾਨਬਾਈ ਨੇ ਤਾਨੀਆ ਤੋਂ ਅੱਖਾਂ ਅਲਗ ਨਾ ਕਰਦੇ ਹੋਏ ਕਿਹਾ। ਉਹ ਅਚਾਨਕ ਮੁੜੀ ਅਤੇ ਦਰਵਾਜ਼ੇ ਤੋਂ ਬਾਹਰ ਭੱਜ ਗਈ। ਨਾਨਬਾਈ ਨੇ ਆਪਣੀ ਸਲਾਖ਼ ਫ਼ੜੀ ਅਤੇ ਭੱਠੀ ਵੱਲ ਜਾਂਦੇ ਹੋਏ ਦੱਬੀ ਜ਼ਬਾਨ ਵਿੱਚ ਕਹਿਣ ਲੱਗਾ: "ਇਸ ਦਾ ਮਤਲਬ ਹੈ…. ਕਿ ਇਹ ਹੁਣ ਉਸ ਦੀ ਹੈ….ਆਹ! ਇਹ ਫੌਜੀ …. ਹਰਾਮਜ਼ਾਦਾ…. ਬਦਮਾਸ਼। " ਇਸ ਤੇ ਅਸੀਂ ਭੇਡਾਂ ਦੇ ਇੱਜੜ ਦੀ ਤਰ੍ਹਾਂ ਆਪਣੇ ਮੋਢੇ ਹਿਲਾਉਂਦੇ ਹੋਏ ਮੇਜ਼ ਵੱਲ ਵਧੇ ਅਤੇ ਖ਼ਾਮੋਸ਼ੀ ਨਾਲ ਆਪਣਾ ਕੰਮ ਕਰਨ ਲੱਗ ਗਏ। "ਪਰ ਕੀ ਇਹ ਸੰਭਵ ਹੋ ਸਕਦਾ ਹੈ….?" ਸਾਡੇ ਵਿੱਚੋਂ ਕਿਸੇ ਨੇ ਆਪਣੇ ਆਪ ਨੂੰ ਧਰਵਾਸ ਦਿੰਦੇ ਹੋਏ ਕਿਹਾ। "ਬੱਸ! ਬੱਸ…. ਬੋਲਣ ਦੀ ਕੋਈ ਲੋੜ ਨਹੀਂ।" ਨਾਨਬਾਈ ਨੇ ਚੀਖ਼ਦੇ ਹੋਏ ਜਵਾਬ ਦਿੱਤਾ। ਸਾਨੂੰ ਪਤਾ ਸੀ ਕਿ ਨਾਨਬਾਈ ਅਕਲਮੰਦ ਹੈ। ਸਾਡੇ ਨਾਲੋਂ ਕਿਤੇ ਜਿਆਦਾ ਅਕਲਮੰਦ। ਇਸ ਲਈ ਉਸ ਦੇ ਚਿਲਾਉਣ ਤੋਂ ਅਸੀਂ ਅੰਦਾਜ਼ਾ ਲਾ ਲਿਆ ਕਿ ਉਹ ਫੌਜੀ ਦੀ ਫ਼ਤਿਹ ਤੇ ਕਾਮਯਾਬੀ ਦਾ ਐਲਾਨ ਕਰ ਰਿਹਾ ਹੈ। ਇਹ ਖ਼ਿਆਲ ਕਰਦੇ ਹੋਏ ਅਸੀਂ ਦੁਖੀ ਅਤੇ ਬੇਚੈਨ ਹੋ ਗਏ। ਬਾਰਾਂ ਬਜੇ ਯਾਨੀ ਦੁਪਹਿਰ ਦੇ ਖਾਣੇ ਦੇ ਵਕਤ ਫੌਜੀ ਆਇਆ ਅਤੇ ਆਮ ਵਾਂਗ ਬਾਗੋ ਬਾਗ ਸਾਡੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ ਵੇਖਣ ਲੱਗਾ, " ਪਿਆਰੇ ਦੋਸਤੋ! ਅਗਰ ਚਾਹੁੰਦੇ ਹੋ ਕਿ ਮੈਂ ਤੈਨੂੰ ਅੱਜ ਆਪਣੀ ਕਾਮਯਾਬੀ ਦਾ ਨਮੂਨਾ ਦਿਖਾਵਾਂ …. ਤਾਂ ਵਿਹੜੇ ਨਾਲ ਜੁੜਦੇ ਕਮਰੇ ਵਿੱਚ ਜਾ ਕੇ ਖਿੜਕੀਆਂ ਵਿੱਚੋਂ ਝਾਕ ਕੇ ਦੇਖੋ। ਸਮਝ ਗਏ।" ਫੌਜੀ ਨੇ ਜੇਤੂ ਲਹਿਜੇ ਵਿੱਚ ਹੱਸਦੇ ਹੋਏ ਕਿਹਾ। ਫੌਜੀ ਦੇ ਕਹਿਣ ਤੇ ਅਸੀਂ ਵਿਹੜੇ ਨਾਲ ਜੁੜਦੇ ਕਮਰੇ ਵਿੱਚ ਚਲੇ ਗਏ ਅਤੇ ਆਪਣੇ ਚਿਹਰੇ ਖਿੜਕੀਆਂ ਦੀਆਂ ਝੀਥਾਂ ਦੇ ਨਾਲ ਜੋੜ ਦਿਤੇ।ਸਾਨੂੰ ਬਹੁਤ ਅਰਸੇ ਤੱਕ ਇੰਤਜ਼ਾਰ ਨਾ ਕਰਨਾ ਪਿਆ ਕਿਉਂਕਿ ਜਲਦੀ ਹੀ ਤਾਨੀਆ ਤੇਜ਼ ਕਦਮ ਉਠਾਉਂਦੀ ਹੋਈ ਵਿਹੜੇ ਦੇ ਛਪਰਾਂ ਦੇ ਕੋਲੋਂ ਜੋ ਚਿੱਕੜ ਅਤੇ ਬਰਫ਼ ਨਾਲ ਭਰੇ ਹੋਏ ਸਨ ਗੁਜ਼ਰੀ…. ਉਸ ਦੇ ਕੁਝ ਮਿੰਟਾਂ ਬਾਦ ਫੌਜੀ ਹਾਜਰ ਹੋਇਆ ਜਿਸ ਦਾ ਰੁਖ਼ ਤਾਨੀਆ ਵੱਲ ਸੀ। ਬੜੇ ਕੋਟ ਦੀਆਂ ਜੇਬਾਂ ਵਿੱਚ ਹੱਥ ਪਾਈ, ਸੀਟੀ ਮਾਰਦਾ ਹੋਇਆ ਉਹ ਵੀ ਤਾਨੀਆ ਦੀ ਤਰ੍ਹਾਂ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਿਆ…. ਇਸੇ ਅਰਸੇ ਵਿੱਚ ਬਾਰਿਸ਼ ਸ਼ੁਰੂ ਹੋ ਗਈ ਅਤੇ ਅਸੀਂ ਬਾਰਿਸ਼ ਦੀਆਂ ਬੂੰਦਾਂ ਨੂੰ ਜੋ ਛਪਰਾਂ ਤੇ ਗਿਰ ਕੇ ਅਜਬ ਸ਼ੋਰ ਪੈਦਾ ਕਰ ਰਹੀਆਂ ਸਨ, ਖ਼ਾਮੋਸ਼ੀ ਨਾਲ ਦੇਖਣ ਲੱਗੇ। ਬਾਰਿਸ਼ ਦੀ ਵਜ੍ਹਾ ਨਾਲ ਅੱਜ ਦਾ ਦਿਨ ਬਹੁਤ ਉਦਾਸ ਅਤੇ ਰੁੱਖਾ ਸੀ। ਇਮਾਰਤ ਦੀਆਂ ਛੱਤਾਂ ਤੇ ਬਰਫ਼ ਦੀ ਤੈਹਾਂ ਜੰਮੀਆਂ ਹੋਈਆਂ ਸਨ ਅਤੇ ਜ਼ਮੀਨ ਚਿੱਕੜ ਨਾਲ ਲੱਤ ਪਤ ਹੋ ਰਹੀ ਸੀ। ਕਣੀਆਂ ਸਿਸਕੀਆਂ ਭਰਦੀਆਂ ਜ਼ਮੀਨ ਤੇ ਗਿਰ ਰਹੀਆਂ ਸਨ। ਭਾਵੇਂ ਸਾਨੂੰ ਇਸ ਸਰਦੀ ਵਿੱਚ ਇਸ ਤਰ੍ਹਾਂ ਖੜੇ ਰਹਿਣਾ ਨਾਗਵਾਰ ਗੁਜ਼ਰ ਰਿਹਾ ਸੀ ਪਰ ਕਿਉਂਕਿ ਅਸੀਂ ਤਾਨੀਆ ਦੀ ਬੇਵਫ਼ਾਈ ਕਰਕੇ ਬੁਰੀ ਤਰ੍ਹਾਂ ਟੁੱਟੇ ਹੋਏ ਸਾਂ ਕਿ ਉਸ ਨੇ ਇੱਕ ਮਾਮੂਲੀ ਫੌਜੀ ਦੀ ਖ਼ਾਤਿਰ ਸਾਨੂੰ ਸਭ ਨੂੰ ਛੱਡ ਦਿੱਤਾ। ਇਸ ਲਈ ਅਸੀਂ ਜਲਾਦਾਂ ਵਰਗੀ ਹੌਲ਼ਨਾਕ ਖ਼ੁਸ਼ੀ ਨਾਲ ਉਸ ਦਾ ਇੰਤਜ਼ਾਰ ਕਰਨ ਲੱਗੇ। ਥੋੜੇ ਅਰਸੇ ਬਾਦ ਤਾਨੀਆ ਨਿਕਲੀ …. ਉਸ ਦੀਆਂ ਅੱਖਾਂ…. ਹਾਂ ਉਸ ਦੀਆਂ ਅੱਖਾਂ ਕਿਸੇ ਅਜੀਬ ਖ਼ੁਸ਼ੀ ਨਾਲ ਚਮਕ ਰਹੀਆਂ ਸਨ…. ਉਸ ਦੇ ਹੋਠ ਮੁਸਕਰਾ ਰਹੇ ਸਨ। ਉਹ ਝੂਲਦੀ ਚਲੀ ਆ ਰਹੀ ਸੀ - ਜਿਵੇਂ ਕਿਸੇ ਖ਼ਾਬ ਵਿੱਚ ਗੜੂੰਦ ਹੋਵੇ। ਅਸੀਂ ਇਹ ਦ੍ਰਿਸ਼ ਖ਼ਾਮੋਸ਼ੀ ਨਾਲ ਨਾ ਦੇਖ ਸਕੇ। ਇਸ ਲਈ ਦਰਵਾਜ਼ੇ ਵਿੱਚੋਂ ਨਿਕਲ ਕੇ ਵਿਹੜੇ ਵੱਲ ਦੀਵਾਨਿਆਂ ਵਾਰ ਭੱਜਦੇ ਹੋਏ ਗਏ ਅਤੇ ਉਸ ਤੇ ਤਾਅਨਿਆਂ ਦੀ ਬੋਛਾੜ ਕਰ ਦਿੱਤੀ। ਸਾਨੂੰ ਉਸ ਹਾਲਤ ਵਿੱਚ ਦੇਖ ਕੇ ਉਹ ਕੰਬੀ ਅਤੇ ਰੁਕ ਗਈ ਜਿਵੇਂ ਚਿੱਕੜ ਵਿੱਚ ਗੱਡੀ ਗਈ ਹੋਵੇ। ਅਸੀਂ ਸਭ ਉਸ ਦੁਆਲੇ ਜਮ੍ਹਾਂ ਹੋ ਗਏ ਅਤੇ ਨਿਰਲੱਜ ਹੋਕੇ ਜੀ ਭਰਵੀਂ ਲਾਹ ਪਾਹ ਕੀਤੀ ਅਤੇ ਗੰਦੀਆਂ ਤੋਂ ਗੰਦੀਆਂ ਗਾਲਾਂ ਸੁਣਾਈਆਂ। ਅਸੀਂ ਇਉਂ ਕਰਦੇ ਵਕਤ ਆਪਣੀਆਂ ਆਵਾਜ਼ਾਂ ਦਾ ਬਹੁਤਾ ਸ਼ੋਰ ਨਾ ਪੈਣ ਦਿੱਤਾ ਤੇ ਨਾ ਹੀ ਕਾਹਲੀ ਕੀਤੀ ਬਲਕਿ ਉਸ ਮੌਕੇ ਦਾ ਅੱਛੀ ਤਰ੍ਹਾਂ ਫ਼ਾਇਦਾ ਉਠਾਉਂਦੇ ਰਹੇ ਕਿਉਂਕਿ ਸਾਨੂੰ ਯਕੀਨ ਸੀ ਕਿ ਸਾਡੇ ਵਿੱਚ ਘਿਰੀ ਉਹ ਕਿਤੇ ਨਹੀਂ ਜਾ ਸਕਦੀ ਅਤੇ ਅਸੀਂ ਜਿਨਾ ਚਿਰ ਚਾਹੀਏ ਆਪਣੇ ਦਿਲ ਦਾ ਬੁਖ਼ਾਰ ਕੱਢ ਸਕਦੇ ਹਾਂ। ਅਗਰ ਹੈਰਾਨੀ ਹੈ ਤਾਂ ਇਸ ਗੱਲ ਦੀ ਕਿ ਅਸੀਂ ਉਸ ਨੂੰ ਕੁਟਾਪਾ ਕਿਉਂ ਨਾ ਚਾੜਿਆ। ਉਹ ਸਾਡੇ ਦਰਮਿਆਨ ਘਿਰੀ ਖ਼ਾਮੋਸ਼ੀ ਨਾਲ ਗਾਲਾਂ ਸੁਣ ਰਹੀ ਸੀ ਅਤੇ ਕਦੇ ਇਧਰ ਕਦੇ ਉਧਰ ਆਪਣਾ ਸਿਰ ਫੇਰਦੀ ਅਤੇ ਅਸੀਂ ਗਾਲਾਂ ਅਤੇ ਤਾਅਨਿਆਂ ਰਾਹੀਂ ਆਪਣੀ ਅੱਗ ਉਗਲ ਰਹੇ ਸਾਂ। ਥੋੜੀ ਦੇਰ ਬਾਦ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ…. ਉਸ ਦੀਆਂ ਨੀਲੀਆਂ ਅੱਖਾਂ ਜੋ ਕੁਛ ਸਮਾਂ ਪਹਿਲੇ ਮਜੇ ਨਾਲ ਚਮਕ ਰਹੀਆਂ ਸਨ, ਹੁਣ ਫਟੀਆਂ ਹੋਈਆਂ ਲੱਗ ਰਹੀਆਂ ਸਨ। ਉਸ ਦੀ ਛਾਤੀ ਬੜੇ ਜ਼ੋਰ ਨਾਲ ਧੜਕ ਰਹੀ ਸੀ ਅਤੇ ਉਸ ਦੇ ਹੋਠ ਥਰਥਰਾ ਰਹੇ ਸਨ…. ਅਤੇ ਅਸੀਂ ਉਸ ਦੇ ਗਿਰਦ ਘੇਰਾ ਬਣਾਈਂ ਆਪਣੀ ਬਦਲੇ ਦੀ ਅੱਗ ਬੁਝਾ ਰਹੇ ਸਾਂ। ਜਿਵੇਂ ਉਸ ਨੇ ਸਾਨੂੰ ਠੱਗ ਲਿਆ ਹੋਵੇ। ਉਹ ਸਾਡੀ ਸੀ ਕਿਉਂਜੋ ਅਸੀਂ ਉਸ ਦੀ ਖ਼ਿਦਮਤ ਵਿੱਚ ਆਪਣੇ ਆਪਣੇ ਦਿਲ ਪੇਸ਼ ਕੀਤੇ…. ਚਾਹੇ ਉਹ ਭਿਖਾਰੀ ਦੇ ਟੁਕੜਿਆਂ ਤੋਂ ਜਿਆਦਾ ਕੀਮਤੀ ਨਹੀਂ ਸੀ, ਪਰ ਉਸ ਨੇ ਛੱਬੀ ਦਿਲਾਂ ਨੂੰ ਇੱਕ ਫੌਜੀ ਦੀ ਖ਼ਾਤਰ ਠੁਕਰਾ ਦਿੱਤਾ। ਅਸੀਂ ਜਿਵੇਂ ਬੁਰਾ ਭਲਾ ਕਹਿ ਰਹੇ ਸਾਂ ਅਤੇ ਉਹ ਖ਼ਾਮੋਸ਼ …. ਹੱਕੀਆਂ ਬੱਕੀਆਂ ਤੇ ਫਟੀਆਂ ਅੱਖਾਂ ਨਾਲ ਸਾਡੀ ਤਰਫ਼ ਦੇਖ ਰਹੀ ਸੀ। ਇਸ ਮੌਕੇ ਤੇ ਹੋਰ ਲੋਕ ਵੀ ਜਮ੍ਹਾਂ ਹੋ ਗਏ। ਸਾਡੇ ਵਿੱਚੋਂ ਇੱਕ ਨੇ ਤਾਨੀਆ ਦੀ ਆਸਤੀਨ ਪਕੜ ਕੇ ਖਿਚ ਲਈ ਜਿਸ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਪੈਦਾ ਹੋ ਗਈ ਅਤੇ ਆਪਣੇ ਸਿਰ ਨੂੰ ਜ਼ਰਾ ਉਤੇ ਉੱਠਾ ਕੇ ਵਾਲਾਂ ਨੂੰ ਸੰਵਾਰਦੇ ਅਤੇ ਸਾਡੀ ਤਰਫ਼ ਘੂਰਦੇ ਹੋਏ ਅਚਾਨਕ ਬੋਲੀ। " ਆਹ! ਜੇਲ੍ਹ ਦੇ ਜ਼ਲੀਲ ਜਾਨਵਰ।" ਇਹ ਕਹਿੰਦੀ ਹੋਈ ਉਹ ਸਾਡੇ ਕੋਲੋਂ ਬਗ਼ੈਰ ਕਿਸੇ ਝਿਜਕ ਦੇ ਗੁਜ਼ਰ ਗਈ, ਜਿਵੇਂ ਅਸੀਂ ਉਸ ਦੇ ਰਸਤੇ ਵਿੱਚ ਹੈ ਹੀ ਨਹੀਂ ਸਾਂ …. ਉਸ ਦੀ ਏਸ ਦਲੇਰੀ ਨੇ ਸਾਨੂੰ ਜੁਰਅਤ ਨਾ ਕਰਨ ਦਿੱਤੀ ਕਿ ਅਸੀਂ ਉਸ ਨੂੰ ਰੋਕ ਲਈਏ। ਸਾਡੇ ਕੋਲੋਂ ਲੰਘਦੀ ਹੋਈ ਉਹ ਹਿਕਾਰਤ ਭਰੇ ਲਹਿਜੇ ਵਿੱਚ ਬੋਲੀ, "ਕਮੀਨੇ ਅਤੇ ਨਾਪਾਕ ਬੰਦੇ।" ਇਹ ਕਹਿੰਦੇ ਹੋਏ ਉਹ ਸਾਡੀਆਂ ਨਜ਼ਰਾਂ ਤੋਂ ਓਹਲੇ ਹੋ ਗਈ ਅਤੇ ਅਸੀਂ ਵਿਹੜੇ ਵਿੱਚ ਚਿੱਕੜ ਅਤੇ ਬਰਫ਼ ਦੇ ਤੋਦਿਆਂ ਦੇ ਦਰਮਿਆਨ, ਪੈਂਦੀ ਬਾਰਿਸ਼ ਵਿੱਚ, ਸੂਰਜ ਰਹਿਤ ਆਸਮਾਨ ਥੱਲੇ ਖੜੇ ਰਹੇ। ਥੋੜੀ ਦੇਰ ਦੇ ਬਾਦ ਅਸੀਂ ਖ਼ਾਮੋਸ਼ੀ ਨਾਲ ਆਪਣੇ ਸੰਗੀਨ ਕਫ਼ਸ ਵਿੱਚ ਚਲੇ ਆਏ। ਜਿਥੇ ਸੂਰਜ ਦੀ ਜਾਨ-ਬਖ਼ਸ਼ ਧੁੱਪ ਆਮ ਵਾਂਗ ਸਾਡੇ ਤੱਕ ਕਦੇ ਨਾ ਪਹੁੰਚੀ…. ਤਾਨੀਆ ਫਿਰ ਕਦੇ ਨਾ ਆਈ।