ਗਿਰਗਟ
ਪੁਲਿਸ ਸੁਪਰਡੈਂਟ ਓਚੁਮੀਲੋਵ ਨਵਾਂ ਓਵਰਕੋਟ ਪਾ ਕੇ, ਕੱਛ ਵਿੱਚ ਇੱਕ ਬੰਡਲ ਦਬਾਈ ਬਾਜ਼ਾਰ ਦੇ ਚੌਂਕ ਤੋਂ ਲੰਘ ਰਿਹਾ ਸੀ। ਉਸਦੇ ਪਿੱਛੇ ਪਿੱਛੇ ਲਾਲ ਵਾਲਾਂ ਵਾਲਾ ਪੁਲਿਸ ਦਾ ਇੱਕ ਸਿਪਾਹੀ ਹੱਥ ਵਿੱਚ ਇੱਕ ਟੋਕਰੀ ਲਈ ਤੇਜ਼ ਤੇਜ਼ ਤੁਰਿਆ ਆ ਰਿਹਾ ਸੀ। ਟੋਕਰੀ ਜ਼ਬਤ ਕੀਤੇ ਬੇਰਾਂ ਨਾਲ਼ ਪੂਰੀ ਭਰੀ ਹੋਈ ਸੀ। ਚਾਰੇ ਪਾਸੇ ਖ਼ਾਮੋਸ਼ੀ ਸੀ। . . . ਚੌਕ ਵਿੱਚ ਇੱਕ ਵੀ ਆਦਮੀ ਨਹੀਂ ਸੀ। . . . . ਭੁੱਖੇ ਲੋਕਾਂ ਦੀ ਤਰ੍ਹਾਂ ਦੁਕਾਨਾਂ ਅਤੇ ਸ਼ਰਾਬਖਾਨਿਆਂ ਦੇ ਖੁੱਲੇ ਦਰਵਾਜੇ ਰੱਬ ਦੀ ਸ੍ਰਿਸ਼ਟੀ ਨੂੰ ਉਦਾਸ ਨਿਗਾਹਾਂ ਨਾਲ ਵੇਖ ਰਹੇ ਸਨ, ਇੱਥੇ ਤੱਕ ਕਿ ਕੋਈ ਮੰਗਤਾ ਵੀ ਆਸ ਪਾਸ ਵਿਖਾਈ ਨਹੀਂ ਦਿੰਦਾ ਸੀ।
“ਅੱਛਾ ! ਤਾਂ ਤੂੰ ਵਢੇਂਗਾ ? ਸ਼ੈਤਾਨ ਕਿਸੇ ਥਾਂ ਦਾ !” ਓਚੁਮੀਲੋਵ ਦੇ ਕੰਨਾਂ ਵਿੱਚ ਅਚਾਨਕ ਇਹ ਅਵਾਜ ਆਈ। “ਫੜ ਲਓ, ਮੁੰਡਿਓ ! ਜਾਵੇ ਨਾ! ਹੁਣ ਤਾਂ ਵਢਣਾ ਵਰਜਿਤ ਕਰ ਦਿੱਤਾ ਗਿਆ ਹੈ ! ਫੜ ਲਓ ! ਆ . . . ਆਹ!”
ਕੁੱਤੇ ਦੀ ਬਊਂ –ਬਊਂ ਦੀ ਅਵਾਜ਼ ਸੁਣਾਈ ਦਿੱਤੀ। ਓਚੁਮੀਲੋਵ ਨੇ ਮੁੜ ਕੇ ਵੇਖਿਆ ਕਿ ਵਪਾਰੀ ਪਿਚੂਗਿਨ ਦੀ ਲੱਕੜੀ ਦੀ ਟਾਲ ਵਿੱਚੋਂ ਇੱਕ ਕੁੱਤਾ ਤਿੰਨ ਟੰਗਾਂ ਨਾਲ ਭੱਜਿਆ ਆ ਰਿਹਾ ਸੀ। ਮਾਵਾ ਲੱਗੀ ਸੂਤੀ ਕਮੀਜ ਪਹਿਨੀ, ਵਾਸਕਟ ਦੇ ਖੁੱਲ੍ਹੇ ਬਟਨਾਂ ਵਾਲ਼ਾ ਇੱਕ ਆਦਮੀ ਉਸਦਾ ਪਿੱਛਾ ਕਰ ਰਿਹਾ ਸੀ। ਉਹ ਕੁੱਤੇ ਦੇ ਪਿੱਛੇ ਝਪਟਿਆ ਅਤੇ ਡਿੱਗਦੇ ਡਿੱਗਦੇ ਵੀ ਕੁੱਤੇ ਦੀਆਂ ਪਿੱਛਲੀਆਂ ਟੰਗਾਂ ਫੜ ਲਈਆਂ। ਕੁੱਤੇ ਦੀ ਬਊਂ –ਬਊਂ ਅਤੇ ਉਹੀ ਲਲਕਾਰਾ, “ਜਾਵੇ ਨਾ !” ਦੁਬਾਰਾ ਸੁਣਾਈ ਦਿੱਤੀ। ਊਂਘਦੇ ਹੋਏ ਲੋਕ ਦੁਕਾਨਾਂ ਤੋਂ ਬਾਹਰ ਗਰਦਨਾਂ ਕੱਢਕੇ ਦੇਖਣ ਲੱਗੇ, ਅਤੇ ਵੇਖਦੇ ਵੇਖਦੇ ਟਾਲ ਦੇ ਕੋਲ ਭੀੜ ਜਮ੍ਹਾਂ ਹੋ ਗਈ, ਜਿਵੇਂ ਇਹ ਜ਼ਮੀਨ ਪਾੜ ਕੇ ਨਿਕਲ ਆਈ ਹੋਵੇ।
“ਹਜ਼ੂਰ ! ਲੱਗਦਾ ਹੈ ਕਿ ਕੋਈ ਦੰਗਾ- ਫਸਾਦ ਹੋ ਰਿਹਾ ਹੈ !” ਸਿਪਾਹੀ ਬੋਲਿਆ।
ਓਚੁਮੀਲੋਵ ਖੱਬੇ ਵੱਲ ਮੁੜਿਆ ਅਤੇ ਭੀੜ ਵੱਲ ਚੱਲ ਪਿਆ। ਉਸਨੇ ਵੇਖਿਆ ਕਿ ਟਾਲ ਦੇ ਫਾਟਕ ਉੱਤੇ ਉਹੀ ਆਦਮੀ ਖੜਾ ਹੈ ਜਿਸ ਦੀ ਵਾਸਕਟ ਦੇ ਬਟਨ ਖੁੱਲ੍ਹੇ ਹੋਏ ਸਨ। ਉਹ ਆਪਣਾ ਸੱਜਾ ਹੱਥ ਉੱਪਰ ਚੁੱਕ ਕੇ ਭੀੜ ਨੂੰ ਆਪਣੀ ਲਹੂ ਲੁਹਾਨ ਉਂਗਲ ਵਿਖਾ ਰਿਹਾ ਸੀ। ਲੱਗਦਾ ਸੀ ਕਿ ਉਸਦੇ ਨੀਮ-ਸ਼ਰਾਬੀ ਚਿਹਰੇ ਉੱਤੇ ਸਾਫ਼ ਲਿਖਿਆ ਹੈ “ਓਏ ਬਦਮਾਸ਼- ਹੁਣ ਮੈਂ ਤੈਨੂੰ ਮਜ਼ਾ ਚਖਾਊਂਗਾ!” ਅਤੇ ਉਸਦੀ ਉਂਗਲ ਜਿੱਤ ਦਾ ਝੰਡਾ ਜਾਪਦੀ ਸੀ। ਓਚੁਮੀਲੋਵ ਨੇ ਇਸ ਵਿਅਕਤੀ ਨੂੰ ਪਛਾਣ ਲਿਆ। ਉਹ ਸੁਨਿਆਰ ਖਰਿਊਕਿਨ ਸੀ। ਭੀੜ ਦੇ ਵਿਚਾਲੇ ਅਗਲੀਆਂ ਟੰਗਾਂ ਪਸਾਰੀ ਅਪਰਾਧੀ, ਚਿੱਟਾ ਬਰਜ਼ਾਇਆ ਕਤੂਰਾ ਪਿਆ ਸੀ, ਅਤੇ ਆਰਪਾਰ ਕੰਬ ਰਿਹਾ ਸੀ। ਉਸਦੀ ਬੂਥੀ ਲਮੂਤਰੀ ਸੀ ਅਤੇ ਪਿੱਠ ਉੱਤੇ ਪੀਲਾ ਚਟਾਕ ਸੀ। ਉਸਦੀਆਂ ਸੇਜਲ ਅੱਖਾਂ ਵਿੱਚ ਮੁਸੀਬਤ ਅਤੇ ਡਰ ਦੀ ਝਲਕ ਸੀ।
“ਇਹ ਕੀ ਹੰਗਾਮਾ ਮਚਾ ਰੱਖਿਆ ਹੈ ਇੱਥੇ ?” ਓਚੁਮਲੋਵ ਨੇ ਮੋਢਿਆਂ ਨਾਲ ਭੀੜ ਨੂੰ ਚੀਰਦੇ ਹੋਏ ਸਵਾਲ ਕੀਤਾ। “ਇਹ ਉਂਗਲ ਕਿਉਂ ਉੱਪਰ ਚੁੱਕੀ ਹੈ? ਹੋਕਰੇ ਕੌਣ ਮਾਰ ਰਿਹਾ ਸੀ ?”
“ਹਜ਼ੂਰ ! ਮੈਂ ਚੁੱਪਚਾਪ ਆਪਣੇ ਰਸਤੇ ਜਾ ਰਿਹਾ ਸੀ, ਬਿਲਕੁਲ ਸਾਊਆਂ ਦੀ ਤਰ੍ਹਾਂ,” ਖਰਿਊਕਿਨ ਨੇ ਆਪਣੇ ਮੂੰਹ ਉੱਤੇ ਹੱਥ ਰੱਖਕੇ, ਖੰਘਦੇ ਹੋਏ ਕਹਿਣਾ ਸ਼ੁਰੂ ਕੀਤਾ, “ਮਿਤਰੀ ਮਿਤਰਿਚ ਨਾਲ ਮੈਂ ਲੱਕੜੀ ਬਾਰੇ ਕੁੱਝ ਗੱਲ ਕਰ ਰਿਹਾ ਸੀ ਜਦੋਂ ਇਸ ਬਦਮਾਸ਼ ਨੇ ਬਿਨਾ ਕਿਸੇ ਗੱਲੋਂ ਮੇਰੀ ਉਂਗਲ ਵੱਢ ਲਈ। ਹਜ਼ੂਰ ਮਾਫ ਕਰੋ, ਤੇ ਨਾਲੇ ਮੈਂ ਠਹਰਿਆ ਕੰਮਕਾਜੀ ਆਦਮੀ, . . . ਅਤੇ ਫਿਰ ਸਾਡਾ ਕੰਮ ਵੀ ਬਹੁਤ ਪੇਚੀਦਾ ਹੈ। ਇੱਕ ਹਫਤੇ ਤੱਕ ਸ਼ਾਇਦ ਮੇਰੀ ਉਂਗਲ ਕੰਮ ਦੇ ਲਾਇਕ ਨਹੀਂ ਹੋ ਸਕੇਗੀ। ਇਸ ਲਈ ਮੈਨੂੰ ਹਰਜਾਨਾ ਜਰੂਰ ਮਿਲਣਾ ਚਾਹੀਦਾ ਹੈ। ਤੇ ਹਜ਼ੂਰ, ਕਨੂੰਨ ਵਿੱਚ ਵੀ ਕਿਤੇ ਨਹੀਂ ਲਿਖਿਆ ਹੈ ਕਿ ਅਸੀਂ ਦਰਿੰਦਿਆਂ ਨੂੰ ਚੁਪਚਾਪ ਬਰਦਾਸ਼ਤ ਕਰਦੇ ਰਹੀਏ। . . ਜੇਕਰ ਸਾਰੇ ਇੰਜ ਹੀ ਵਢੇ ਜਾਣ ਲੱਗ ਪਏ, ਫੇਰ ਤਾਂ ਜੀਣਾ ਹਰਾਮ ਹੋ ਜਾਵੇਗਾ।”
“ਹੁੰਹ...ਅੱਛਾ . .” ਓਚੁਮੇਲਾਵ ਨੇ ਗਲਾ ਸਾਫ਼ ਕਰਕੇ, ਤਿਓੜੀਆਂ ਚੜਾਉਂਦੇ ਹੋਏ ਕਿਹਾ, “ਠੀਕ ਹੈ। . . . ਅੱਛਾ, ਇਹ ਕੁੱਤਾ ਹੈ ਕਿਸਦਾ ? ਮੈਂ ਇਸ ਮਾਮਲੇ ਨੂੰ ਇੱਥੇ ਹੀ ਨਹੀਂ ਛੱਡੂੰਗਾ ! ਕੁੱਤਿਆਂ ਨੂੰ ਖੁੱਲ੍ਹਾ ਛੱਡਣ ਦਾ ਮੈਂ ਇਹਨਾ ਲੋਕਾਂ ਨੂੰ ਮਜ਼ਾ ਚਖਾਊਂਗਾਂ! ਜੋ ਲੋਕ ਕਨੂੰਨ ਦੇ ਅਨੁਸਾਰ ਨਹੀਂ ਚਲਦੇ, ਉਨ੍ਹਾਂ ਦੇ ਨਾਲ ਹੁਣ ਸਖ਼ਤੀ ਨਾਲ ਪੇਸ਼ ਆਉਣਾ ਪਵੇਗਾ ! ਅਜਿਹਾ ਜੁਰਮਾਨਾ ਠੋਕੂੰਗਾ ਕਿ ਛਟੀ ਦਾ ਦੁੱਧ ਯਾਦ ਆ ਜਾਵੇਗਾ। ਬਦਮਾਸ਼ ਕਿਤੇ ਦੇ ! ਮੈਂ ਚੰਗੀ ਤਰ੍ਹਾਂ ਸਿਖਾ ਦੇਵਾਂਗਾ ਕਿ ਕੁੱਤਿਆਂ ਅਤੇ ਹਰ ਤਰ੍ਹਾਂ ਦੇ ਡੰਗਰ ਪਸ਼ੂਆਂ ਨੂੰ ਖੁੱਲ੍ਹਾ ਛੱਡਣ ਦਾ ਕੀ ਮਤਲਬ ਹੁੰਦਾ ਹੈ ! ਮੈਂ ਓਹਦੀ ਅਕਲ ਟਿਕਾਣੇ ਕਰ ਦੇਵਾਂਗਾ, ਯੇਲਦੀਰਿਨ !”
ਸਿਪਾਹੀ ਨੂੰ ਸੰਬੋਧਿਤ ਕਰਦਿਆਂ ਦਰੋਗਾ ਗਰਜਿਆ, “ਪਤਾ ਲਗਾਓ ਕਿ ਇਹ ਕੁੱਤਾ ਹੈ ਕਿਸਦਾ, ਅਤੇ ਰਿਪੋਰਟ ਤਿਆਰ ਕਰੋ ! ਕੁੱਤੇ ਨੂੰ ਝੱਟਪੱਟ ਮਰਵਾ ਦੋ ! ਕਿਤੇ ਇਹ ਹਲਕਿਆ ਨਾ ਹੋਵੇ। . . . . . ਮੈਂ ਪੁੱਛਦਾ ਹਾਂ, ਇਹ ਕੁੱਤਾ ਹੈ ਕਿਸਦਾ ?”
“ਸ਼ਾਇਦ ਜਨਰਲ ਜਿਗਾਲੋਵ ਦਾ ਹੈ !” ਭੀੜ ਵਿੱਚੋਂ ਕਿਸੇ ਨੇ ਕਿਹਾ।
“ਜਨਰਲ ਜਿਗਾਲੋਵ ਦਾ ? ਹੁੰਹ . . . ਯੇਲਦੀਰਿਨ, ਜਰਾ ਮੇਰਾ ਕੋਟ ਤਾਂ ਉਤਾਰਨਾ। ਉਫ਼,ਕਿੰਨੀ ਗਰਮੀ ਹੈ। . . . ਲੱਗਦਾ ਹੈ ਕਿ ਮੀਂਹ ਪਵੇਗਾ। ਅੱਛਾ ! ਇੱਕ ਗੱਲ ਮੇਰੀ ਸਮਝ ਵਿੱਚ ਨਹੀ ਆਉਂਦੀ ਕਿ ਇਹਨੇ ਤੈਨੂੰ ਵਢਿਆ ਕਿਵੇਂ ?” ਓਚੁਮੀਲੋਵ ਖਰਿਊਕਿਨ ਦੇ ਵੱਲ ਮੁੜਿਆ, “ਇਹ ਤੇਰੀ ਉਗਲੀ ਤੱਕ ਪਹੁੰਚਿਆ ਕਿਵੇਂ ? ਇਹ ਠਹਰਿਆ ਛੋਟਾ ਜਿਹਾ ਅਤੇ ਤੂੰ ਹੈ ਪੂਰਾ ਲਮਢੀਂਗ। ਕਿਸੇ ਕਿੱਲ ਜਾਂ ਮੇਖ ਨਾਲ ਉਂਗਲ ਛਿੱਲ ਲਈ ਹੋਣੀ ਤੇ ਸੋਚਿਆ ਹੋਣਾ ਕਿ ਕੁੱਤੇ ਦੇ ਸਿਰ ਮੜ੍ਹ ਕੇ ਹਰਜਾਨਾ ਵਸੂਲ ਕਰ ਲਓ। ਮੈਂ ਖ਼ੂਬ ਸਮਝਦਾ ਹਾਂ ! ਤੇਰੇ ਜਿਹੇ ਬਦਮਾਸ਼ਾਂ ਦੀ ਤਾਂ ਮੈਂ ਰਗ ਰਗ ਤੋਂ ਵਾਕਫ਼ ਹਾਂ!”
“ਇਸਨੇ ਉਸਦੇ ਮੂੰਹ ਉੱਤੇ ਬਲ਼ਦੀ ਸਿਗਰਟ ਲਾ ਦਿੱਤੀ, ਹਜ਼ੂਰ !…. ਐਵੇਂ ਮਜ਼ਾਕ ਵਿੱਚ ਅਤੇ ਇਹ ਕੁੱਤਾ ਮੂਰਖ ਤਾਂ ਹੈ ਨਹੀਂ, ਕਿ ਇਸ ਨੂੰ ਵਢ ਲਵੇ। ਇਹ ਸ਼ਖ਼ਸ ਬਹੁਤ ਸ਼ੈਤਾਨ ਹੈ,ਹਜ਼ੂਰ !”
“ਤੂੰ ! ਝੂਠ ਕਿਉਂ ਬੋਲਦਾਂ ਹੈਂ ਟੀਰੇ ? ਜਦੋਂ ਤੂੰ ਵੇਖਿਆ ਨਹੀਂ, ਤਾਂ ਗੱਪ ਕਿਉਂ ਮਾਰਦਾ ਹੈ ? ਅਤੇ ਹਜ਼ੂਰ ਖ਼ੁਦ ਸਮਝਦਾਰ ਨੇ। ਉਹ ਆਪੇ ਦੇਖ ਲੈਣਗੇ ਕਿ ਕੌਣ ਝੂਠਾ ਹੈ ਅਤੇ ਕੌਣ ਸੱਚਾ। ਜੇਕਰ ਮੈਂ ਝੂਠ ਬੋਲਦਾ ਹਾਂ ਤਾਂ ਕਚਿਹਰੀ ਆਪ ਫੈਸਲਾ ਕਰੇਗੀ, ਹੁਣ ਤਾਂ ਅਸੀਂ ਸਭ ਬਰਾਬਰ ਹਾਂ...ਮੇਰਾ ਭਰਾ ਵੀ ਪੁਲਿਸ ਵਿੱਚ ਹੈ।... ਦੱਸ ਦਿੰਦਾ ਹਾਂ......”
“ਬੰਦ ਕਰ ਇਹ ਬਕਵਾਸ !”
“ਨਹੀਂ, ਇਹ ਜਨਰਲ ਸਾਹਿਬ ਦਾ ਕੁੱਤਾ ਨਹੀਂ ਹੈ," ਸਿਪਾਹੀ ਨੇ ਗੰਭੀਰਤਾ ਨਾਲ ਕਿਹਾ, “ਉਨ੍ਹਾਂ ਦੇ ਕੋਲ ਅਜਿਹਾ ਕੋਈ ਕੁੱਤਾ ਹੈ ਹੀ ਨਹੀਂ, ਉਨ੍ਹਾਂ ਦੇ ਤਾਂ ਸਾਰੇ ਕੁੱਤੇ ਸ਼ਿਕਾਰੀ ਹਨ।”
“ਤੈਨੂੰ ਪੱਕਾ ਪਤਾ ਹੈ?”
“ਜੀ ਹਜ਼ੂਰ।”
"ਮੈਂ ਵੀ ਜਾਣਦਾ ਹਾਂ। ਜਨਰਲ ਸਾਹਿਬ ਦੇ ਸਭ ਕੁੱਤੇ ਚੰਗੀ ਨਸਲ ਦੇ ਹਨ, ਇੱਕ – ਤੋਂ – ਇੱਕ ਕੀਮਤੀ ਕੁੱਤਾ ਹੈ ਉਨ੍ਹਾਂ ਦੇ ਕੋਲ। ਅਤੇ ਇਹ ਤਾਂ ਬਿਲਕੁਲ ਉਹੋ ਜਿਹਾ ਨਹੀ ਹੈ, ਵੇਖੋ ! ਬਿਲਕੁੱਲ ਮਰੀਅਲ ਜਿਹਾ ਹੈ। ਕੌਣ ਰੱਖੇਗਾ ਅਜਿਹਾ ਕੁੱਤਾ ? ਤੁਸੀਂ ਲੋਕਾਂ ਦਾ ਦਿਮਾਗ ਤਾਂ ਖ਼ਰਾਬ ਨਹੀਂ ਹੋਇਆ ? ਜੇਕਰ ਅਜਿਹਾ ਕੁੱਤਾ ਮਾਸਕੋ ਜਾਂ ਪੀਟਰਸਬਰਗ ਵਿੱਚ ਵਿਖਾਈ ਦੇਵੇ ਤਾਂ ਜਾਣਦੇ ਹੋ ਕੀ ਹੋਵੇ ? ਕਨੂੰਨ ਦੀ ਪਰਵਾਹ ਕੀਤੇ ਬਿਨਾਂ, ਇੱਕ ਮਿੰਟ ਵਿੱਚ ਉਸਤੋਂ ਛੁੱਟੀ ਪਾ ਲਈ ਜਾਵੇ ! ਖਰਿਊਕਿਨ ! ਤੇਰੇ ਜਖਮ ਹੋਇਆ ਹੈ। ਤੂੰ ਇਸ ਮਾਮਲੇ ਨੂੰ ਇੰਜ ਹੀ ਨਾ ਟਾਲ।... ਇਹਨਾਂ ਲੋਕਾਂ ਨੂੰ ਮਜ਼ਾ ਚਖਾਉਣਾ ਚਾਹੀਦਾ ਹੈ ! ਇਉਂ ਕੰਮ ਨਹੀਂ ਚੱਲੇਗਾ।”
“ਪਰ ਸੰਭਵ ਹੈ, ਇਹ ਜਨਰਲ ਸਾਹਿਬ ਦਾ ਹੀ ਹੋਵੇ ”, ਸਿਪਾਹੀ ਬੜਬੜਾਇਆ,”ਇਸਦੀ ਬੂਥੀ ਉੱਤੇ ਤਾਂ ਲਿਖਿਆ ਨਹੀਂ ਹੈ। ਜਨਰਲ ਸਾਹਿਬ ਦੇ ਵਿਹੜੇ ਵਿੱਚ ਮੈਂ ਕੱਲ੍ਹ ਐਨ ਅਜਿਹਾ ਹੀ ਕੁੱਤਾ ਵੇਖਿਆ ਸੀ।”
“ਹਾਂ – ਹਾਂ, ਜਨਰਲ ਸਾਹਿਬ ਦਾ ਹੀ ਹੈ !” ਭੀੜ ਵਿੱਚੋਂ ਕਿਸੇ ਦੀ ਅਵਾਜ਼ ਆਈ।
“ਹੂੰਹ। . . . ਯੇਲਦੀਰਿਨ, ਜਰਾ ਮੈਨੂੰ ਕੋਟ ਤਾਂ ਪਵਾਈਂ। ਹੁਣੇ ਹਵਾ ਦਾ ਇੱਕ ਝੋਂਕਾ ਆਇਆ ਸੀ, ਮੈਨੂੰ ਸਰਦੀ ਲੱਗ ਰਹੀ ਹੈ। ਕੁੱਤੇ ਨੂੰ ਜਨਰਲ ਸਾਹਿਬ ਕੋਲ ਲੈ ਜਾਓ ਅਤੇ ਉੱਥੇ ਪਤਾ ਕਰੋ। ਕਹਿ ਦੇਣਾ ਕਿ ਮੈਂ ਇਸ ਨੂੰ ਸੜਕ ਉੱਤੇ ਵੇਖਿਆ ਸੀ ਅਤੇ ਵਾਪਸ ਭਿਜਵਾਇਆ ਹੈ। ਅਤੇ ਹਾਂ, ਵੇਖੋ, ਇਹ ਕਹਿ ਦੇਣਾ ਕਿ ਇਸਨੂੰ ਸੜਕ ਉੱਤੇ ਨਾ ਨਿਕਲਣ ਦਿਆ ਕਰਨ। ਪਤਾ ਨਹੀਂ, ਕਿੰਨਾ ਕੀਮਤੀ ਕੁੱਤਾ ਹੈ ਅਤੇ ਜੇਕਰ ਹਰ ਬਦਮਾਸ਼ ਇਸਦੇ ਨੱਕ ਵਿੱਚ ਸਿਗਰਟ ਘੁਸੇੜਦਾ ਰਿਹਾ ਤਾਂ ਕੁੱਤਾ ਬਹੁਤ ਜਲਦੀ ਤਬਾਹ ਹੋ ਜਾਵੇਗਾ। ਕੁੱਤਾ ਬਹੁਤ ਨਾਜੁਕ ਪ੍ਰਾਣੀ ਹੁੰਦਾ ਹੈ। ਤੇ ਤੂੰ ਹੱਥ ਨੀਵਾਂ ਕਰ, ਗਧਾ ਕਿਸੇ ਥਾਂ ਦਾ ! ਆਪਣੀ ਗੰਦੀ ਉਂਗਲ ਕਿਉਂ ਵਿਖਾ ਰਿਹਾ ਹੈ ? ਸਾਰਾ ਕੁਸੂਰ ਤੇਰਾ ਹੀ ਹੈ।”
“ਇਹ ਜਨਰਲ ਸਾਹਿਬ ਦਾ ਬਾਵਰਚੀ ਆ ਰਿਹਾ ਹੈ, ਉਸਤੋਂ ਪੁੱਛ ਲਿਆ ਜਾਵੇ। . . . ਐ ਪਰੋਖੋਰ ! ਜਰਾ ਏਧਰ ਆਵੀਂ, ਭਰਾ ! ਇਸ ਕੁੱਤੇ ਨੂੰ ਵੇਖੀਂ, ਤੁਹਾਡਾ ਤਾਂ ਨਹੀਂ ?”
“ਝੂਠ ! ਸਾਡੇ ਕੋਲ਼ ਕਦੇ ਵੀ ਅਜਿਹਾ ਕੁੱਤਾ ਨਹੀਂ ਸੀ !”
“ਇਸ ਵਿੱਚ ਪੁੱਛਣ ਦੀ ਕੀ ਗੱਲ ਸੀ ? ਬੇਕਾਰ ਵਕਤ ਖ਼ਰਾਬ ਕਰਨਾ ਹੈ,” ਓਚੁਮੀਲੋਵ ਨੇ ਕਿਹਾ,ਇਹ ਅਵਾਰਾ ਕੁੱਤਾ ਹੀ ਹੈ . ਇੱਥੇ ਖੜ੍ਹੇ ਖੜ੍ਹੇ ਇਸਦੇ ਬਾਰੇ ਗੱਲ ਕਰਨਾ ਸਮਾਂ ਬਰਬਾਦ ਕਰਨਾ ਹੈ। ਕਿਹਾ ਹੈ ਕਿ ਅਵਾਰਾ ਹੈ ਤਾਂ ਅਵਾਰਾ ਹੀ ਸਮਝੋ। ਖ਼ਤਮ ਕਰੋ ਅਤੇ ਛੁੱਟੀ ਪਾਓ ?”
“ਸਾਡਾ ਤਾਂ ਨਹੀਂ ਹੈ”, ਪਰੋਖੋਰ ਨੇ ਫਿਰ ਅੱਗੇ ਕਿਹਾ, “ਇਹ ਜਨਰਲ ਸਾਹਿਬ ਦੇ ਭਰਾ ਦਾ ਕੁੱਤਾ ਹੈ। ਸਾਡੇ ਜਨਰਲ ਸਾਹਿਬ ਨੂੰ ਕੁੱਤਿਆਂ ਦੀ ਇਸ ਨਸਲ ਵਿੱਚ ਕੋਈ ਦਿਲਚਸਪੀ ਨਹੀਂ ਹੈ, ਉਨ੍ਹਾਂ ਦੇ ਭਰਾ ਨੂੰ ਇਹ ਨਸਲ ਪਸੰਦ ਹੈ।”
“ਕੀ ? ਜਨਰਲ ਸਾਹਿਬ ਦੇ ਭਰਾ ਆਏ ਹਨ ? ਵਲਾਦੀਮੀਰ ਇਵਾਨਿਚ ?” ਹੈਰਾਨੀ ਨਾਲ ਓਚੁਮੀਲੋਵ ਬੋਲ ਉੱਠਿਆ, ਉਸਦਾ ਚਿਹਰਾ ਚਮਕ ਉੱਠਿਆ। “ਜ਼ਰਾ ਸੋਚੋ ਤਾਂ ! ਮੈਨੂੰ ਪਤਾ ਵੀ ਨਹੀਂ ! ਹੁਣ ਠਹਿਰਨਗੇ ਕੀ ?”
“ਹਾਂ।”
“ਵਾਹ ਜੀ ਵਾਹ ! ਉਹ ਆਪਣੇ ਭਰਾ ਨੂੰ ਮਿਲਣ ਆਏ ਅਤੇ ਮੈਨੂੰ ਪਤਾ ਵੀ ਨਹੀਂ ਕਿ ਉਹ ਆਏ ਨੇ ! ਤਾਂ ਇਹ ਉਨ੍ਹਾਂ ਦਾ ਕੁੱਤਾ ਹੈ ? ਬਹੁਤ ਖੁਸ਼ੀ ਦੀ ਗੱਲ ਹੈ। ਇਸਨੂੰ ਲੈ ਜਾਓ। ਕਿੰਨਾਂ ਪਿਆਰਾ ਜਿਹਾ,,,, ਨੰਨਾ-ਮੁੰਨਾ ਜਿਹਾ ਕੁੱਤਾ ਹੈ। ਇਸਦੀ ਉਂਗਲ ਉੱਤੇ ਝਪਟਿਆ ਸੀ ! ਬਸ – ਬਸ, ਹੁਣ ਕੰਬ ਨਾ। ਗੁੱਰ . . . ਗੁੱਰ . . . ਸ਼ੈਤਾਨ ਗ਼ੁੱਸੇ ਵਿੱਚ ਹੈ . .”
“ਕਿੰਨਾ ਵਧੀਆ ਕਤੂਰਾ ਹੈ !”
ਪ੍ਰੋਖੋਰ ਨੇ ਕੁੱਤੇ ਨੂੰ ਬੁਲਾਇਆ ਅਤੇ ਉਸਨੂੰ ਆਪਣੇ ਨਾਲ ਲੈ ਕੇ ਟਾਲ ਤੋਂ ਚਲਾ ਗਿਆ। ਭੀੜ ਖਰਿਊਕਿਨ ਉੱਤੇ ਹਸਣ ਲੱਗੀ।
“ਮੈਂ ਤੈਨੂੰ ਹੁਣੇ ਠੀਕ ਕਰ ਦੇਵਾਂਗਾ।” ਓਚੁਮੀਲੋਵ ਨੇ ਉਸਨੂੰ ਧਮਕਾਇਆ ਅਤੇ ਆਪਣਾ ਕੋਟ ਲਪੇਟਦਾ ਹੋਇਆ ਬਾਜ਼ਾਰ ਦੇ ਚੌਕ ਦੇ ਵਿੱਚ ਆਪਣੇ ਰਸਤੇ ਚਲਾ ਗਿਆ।