ਖੰਡ ਮਿਸ਼ਰੀ ਦੀਆਂ ਡਲ਼ੀਆਂ/ਪ੍ਰੀਤਾਂ ਦੇ ਵਣਜਾਰੇ

ਪ੍ਰੀਤਾਂ ਦੇ ਵਣਜਾਰੇ
425
ਨਾਭੇ ਕੰਨੀ ਤੋਂ ਆਗੀ ਬੱਦਲੀ
ਚਾਰ ਕੁ ਸਿੱਟਗੀ ਕਣੀਆਂ
ਕੁੜਤੀ ਭਿੱਜ ਕੇ ਲੱਗ ਗੀ ਕਾਲਜੇ
ਸੁਰਮਾਂ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਅੱਜ ਜਿੰਦੜੀ ਨੂੰ ਬਣੀਆਂ
426
ਰਾਮ ਰਾਮ ਨੂੰ ਫਿਰੇ ਭਾਲਦੀ
ਜਿਊਂ ਪਾਣੀ ਨੂੰ ਮੱਛੀਆਂ
ਕਹਿ ਕੇ ਮੁਕਰਨਾਂ ਕੰਮ ਕੱਚੀਆਂ ਦਾ
ਤੋੜ ਨਭਾਉਂਦੀਆਂ ਪੱਕੀਆਂ
ਸੁਰਗਾਪੁਰੀ ਨੂੰ ਸੋਈ ਜਾਂਦੀਆਂ
ਜਿਹੜੀਆਂ ਰਹਿਣ ਜ਼ਬਾਨੋਂ ਸੱਚੀਆਂ
ਜਾਂਦੀ ਵਾਰ ਦੀਆਂ-
ਪਾ ਲੈ ਪਟੋਲਿਆ ਜੱਫੀਆਂ
427
ਦਾੜ੍ਹੀ ਨਾਲੋਂ ਮੁੱਛਾਂ ਵਧੀਆਂ
ਮੱਕੀ ਨਾਲੋਂ ਡੀਲਾ
ਮੱਝ ਤੇਰੀ ਨੇ ਮੁੰਨੀ ਪੁਟਾ ਲੀ
ਕੱਟਾ ਪੁਟਾ ਗਿਆ ਕੀਲਾ
ਮੈਂ ਤਾਂ ਤੇਰੇ ਫਿਕਰ ’ਚ ਕੁੜੀਏ
ਸੁਕ ਕੇ ਹੋ ਗਿਆ ਤੀਲਾ
ਭਲਕੇ ਉਠ ਜੇਂ ਗੀ-
ਕਰ ਮਿੱਤਰਾਂ ਦਾ ਹੀਲਾ

428
ਭੀੜੀ ਗਲ਼ੀ ਵਿੱਚ ਹੋ ਗੇ ਟਾਕਰੇ
ਖੜ੍ਹ ਗਿਆ ਬਾਹੋਂ ਫੜ ਕੇ
ਤੂੰ ਬਿਗਾਨੀ ਧੀ ਵੈਰਨੇ
ਮੇਰਾ ਕਾਲਜਾ ਧੜਕੇ
ਮਾਪਿਆਂ ਤੇਰਿਆਂ ਨੂੰ ਖ਼ਬਰ ਜੇ ਹੋਗੀ
ਆਉਣਗੇ ਡਾਂਗਾਂ ਫੜ ਕੇ
ਅੱਖੀਆਂ ਪੂੰਜੇਂਗੀ-
ਲੜ ਸਾਫੇ ਦਾ ਫੜ ਕੇ
429
ਮਾਪਿਆਂ ਦੇ ਘਰ ਪਲੀ ਲਾਡਲੀ
ਖਾਂਦੀ ਦੁਧ ਮਲਾਈਆਂ
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇ ਨਾਲ ਸਜਾਈਆਂ
ਪਿੰਡ ਦੇ ਮੁੰਡੇ ਨਾਲ ਪੈ ਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂੰ ਤਰਜੇਂਗੀ-
ਹਾਣ ਦੇ ਮੁੰਡੇ ਨਾਲ ਲਾਈਆਂ
430
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਟਾਹਣੇ ਨੂੰ ਹੱਥ ਪਾ ਕੇ
ਪੱਤੇ ਤਾਂ ਤੈਥੋਂ ਟੁਟਣੋਂ ਰਹਿਗੇ
ਬਹਿਗੀ ਟੰਗ ਤੁੜਾ ਕੇ
ਅੱਖਾਂ ਤਾਂ ਤੇਰੀਆਂ ਗੋਲ ਬੈਂਗਣੀ
ਮੂੰੰਹ ਤੇ ਪਾਈਆਂ ਛਾਹੀਆਂ
ਰੂਪ ਗੁਆ ਲਿਆ ਨੀ-
ਪਿੰਡ ਦੇ ਮੁੰਡੇ ਨਾਲ ਲਾਈਆਂ

431
ਢਾਈਆਂ ਢਾਈਆਂ ਢਾਈਆਂ
ਮਾਪਿਆਂ ਕੰਜਰਾਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਛੁੱਟੀ ਆਈਆਂ ਅੱਠ ਦਿਨ ਦੀ
ਧੋਣ ਕੱਪੜੇ ਨਹਿਰ ਤੇ ਆਈਆਂ
ਬਾਬੂਆਂ ਕੰਜਰਾਂ ਨੇ
ਸੀਟੀ ਮਾਰ ਬੁਲਾਈਆਂ
ਹੁਣ ਕਿਉਂ ਰੋਨੀ ਏਂ-
ਹਾਣ ਦੇ ਮੁੰਡੇ ਨਾਲ ਲਾਈਆਂ
432
ਢਾਈਆਂ ਢਾਈਆਂ ਢਾਈਆਂ
ਮੂਰਖ ਲੋਕਾਂ ਨੇ
ਕੁੜੀਆਂ ਪੜ੍ਹਨ ਬਠਾਈਆਂ
ਠਾਰਾਂ ਠਾਰਾਂ ਸਾਲ ਦੀਆਂ
ਨਾ ਮੰਗੀਆਂ ਨਾ ਵਿਆਹੀਆਂ
ਅੱਠਵੇਂ ਦਿਨ ਦੀ ਛੁੱਟੀ ਆਉਂਦੀਆਂ
ਕਪੜੇ ਧੋਣ ਨਹਿਰ ਤੇ ਆਈਆਂ
ਗੋਹਾ ਕੂੜਾ ਕੀ ਕਰਨਾ
ਉਹਨਾਂ ਭੀੜੀਆਂ ਜਾਕਟਾਂ ਪਾਈਆਂ
ਟੁੱਟੀਆਂ ਦੋਸਤੀਆਂ-
ਰਾਸ ਕਦੇ ਨਾ ਆਈਆਂ
433
ਮੁੰਡਿਆਂ ਵਿਚੋਂ ਮੁੰਡਾ ਛਾਂਟਿਆ
ਮੁੰਡਾ ਛਾਂਟਿਆ ਪਾਲੀ
ਪਹਿਲਾਂ ਉਹਨੇ ਕਿੱਕਰ ਬੇਚਲੀ
ਮਗਰੋਂ ਬੇਚਲੀ ਟਾਹਲੀ
ਸਾਰੇ ਘਰ ਦੇ ਦਾਣੇ ਬੇਚਲੇ
ਹੋ ਗੀ ਗਵਾਰੀ ਖਾਲੀ
ਲਾ ਕੇ ਦੋਸਤੀਆਂ-
ਉਡਗੀ ਬੁਲ੍ਹਾਂ ਦੀ ਲਾਲੀ
434
ਧਾਵੇ ਧਾਵੇ ਧਾਵੇ
ਝਿੜਕਿਆ ਮਾਪਿਆਂ ਦਾ

ਮੇਰਾ ਯਾਰ ਰੋਟੀ ਨਾ ਖਾਵੇ
ਰੋਟੀ ਖਾ ਯਾਰਾ
ਤੇਰੇ ਲਾਹਦੂੰ ਉਲਾਂਭੇ ਸਾਰੇ
ਬਾਹੀਆਂ ਸਾਲ ਦੀਆਂ
ਲਾਲ ਚੰਨਣ ਦੇ ਪਾਵੇ
ਅੱਜ ਯਾਰ ਲੇਟ ਹੋ ਗਿਆ-
ਮੈਨੂੰ ਨੀਂਦ ਮੂਲ ਨਾ ਆਵੇ
435
ਕਾਲਾ ਕੁੜਤਾ ਸਜੇ ਜੰਜੀਰੀ
ਮੇਰੇ ਯਾਰ ਦਾ ਬਾਣਾ
ਗੋਭੀ ਦੀ ਮੈਂ ਦਾਲ ਬਣਾਵਾਂ
ਮੇਰੇ ਯਾਰ ਦਾ ਖਾਣਾ
ਕੋਠੇ ਉੱਤੇ ਸੇਜ ਬਛਾਵਾਂ
ਜੂੜੇ ਹੇਠ ਸਰਾਹਣਾ
ਪਿਆਰ ਵੰਡਾ ਲੈ ਵੇ-
ਮੈਂ ਪਿਓਕਿਆਂ ਨੂੰ ਜਾਣਾ
436
ਝਾਵਾਂ ਝਾਵਾਂ ਝਾਵਾਂ
ਛੱਡ ਕੇ ਨਮਾਰ ਦਾ ਮੰਜਾ
ਤੇਰੇ ਮੁੰਜ ਦੇ ਮੰਜੇ ਤੇ ਆਵਾਂ
ਸਾਰੀ ਰਾਤ ਰਹਾਂ ਸੇਜ ਤੇ
ਤੇਰੇ ਪਸੰਦ ਨਾ ਆਵਾਂ
ਹੋਵਾਂ ਸੁਰਮਾਂ ਰਮਜਾਂ ਅੱਖਾਂ ਵਿੱਚ
ਦੂਣੀ ਆਬ ਚੜ੍ਹਾਵਾਂ
ਮਰਜਾਂ ਵਿਉਹ ਖਾ ਕੇ-
ਤੇਰੇ ਪਸੰਦ ਨਾ ਆਵਾਂ
437
ਪਹਿਨ ਪਚਰ ਕੇ ਚੜ੍ਹੀ ਪੀਂਘ ਤੇ
ਡਿਗੀ ਹੁਲਾਰਾ ਖਾ ਕੇ
ਯਾਰਾਂ ਉਹਦਿਆਂ ਨੂੰ ਖ਼ਬਰਾਂ ਹੋਈਆਂ
ਬਹਿਗੇ ਢੇਰੀਆਂ ਢਾਹ ਕੇ
ਟੁਟੱਗੀ ਯਾਰੀ ਤੋਂ
ਹੁਣ ਲੰਘਦੀ ਅੱਖ ਬਚਾ ਕੇ

ਲੱਗੀਆਂ ਸਿਆਲ ਦੀਆਂ-
ਟੁੱਟੀਆਂ ਪਿੜਾਂ ਵਿੱਚ ਆ ਕੇ
438
ਚੰਦ ਵਰ੍ਹੇ ਵਿੱਚ ਬਾਰਾਂ ਚੜ੍ਹਦੇ
ਹਰ ਦਮ ਚੜ੍ਹਦੇ ਤਾਰੇ
ਅੱਗੇ ਦੋਸਤੀ ਹਸ ਹਸ ਲਾਵੇਂ
ਹੁਣ ਕਿਉਂ ਲਾਵੇਂ ਲਾਰੇ
ਸਬਰ ਗ਼ਰੀਬਾਂ ਦਾ-
ਤੈਨੂੰ ਪਟ੍ਹੋਲਿਆ ਮਾਰੇ
439
ਤਾਇਆ ਤਾਇਆ ਤਾਇਆ
ਕੁੱਤੀਆਂ ਭੌਂਂਕਦੀਆਂ
ਜਦ ਯਾਰ ਬਨੇਰੇ ਆਇਆ
ਕੁੱਤੀਓ ਨਾ ਭੌਂਕੇ
ਅਸੀਂ ਆਪਣਾ ਮਾਲ ਜਗਾਇਆ
ਟੁੱਟ ਜਾਣੇ ਰਾਜਾਂ ਨੇ
ਮੇਰੀ ਹਿੱਕ ਤੇ ਚੁਬਾਰਾ ਪਾਇਆ
ਚੀਨੇ ਕਬੂਤਰ ਨੇ
ਮੇਰੀ ਗੁੱਤ ਤੇ ਆਹਲਣਾ ਪਾਇਆ
ਚੁਬਾਰੇ ਵਿੱਚ ਮੈਂ ਵਸਦੀ
ਕਿਸੇ ਭੇਤੀ ਨੇ ਰੋੜ ਚਲਾਇਆ
ਪਿੰਡ ਵਿੱਚ ਇਕ ਜੁਗਤੀ-
ਸਾਰਾ ਪਿੰਡ ਜੁਗਤੀ ਕਹਾਇਆ
440
ਸਾਉਣ ਮਹੀਨੇ ਲੱਗਣ ਝੜੀਆਂ
ਭਾਦੋਂ ਵਿੱਚ ਅੜਾਕੇ
ਵੱਡਿਆਂ ਘਰਾਂ ਨੇ ਕੀਤੇ ਤਿਹੌਲੇ
ਖੰਡ ਘਿਓ ਖੂਬ ਰਲਾ ਕੇ
ਮਾੜਿਆਂ ਘਰਾਂ ਨੇ ਕੀਤੀ ਗੋਈ
ਗੁੜ ਦੀ ਰੋੜੀ ਪਾ ਕੇ
ਤੇਲ ਬਾਝ ਨਾ ਪੱਕਣ ਗੁਲਗਲੇ
ਦੇਖ ਰਹੀ ਪਰਤਿਆ ਕੇ
ਆ ਜਾ ਵੇ ਮਿੱਤਰਾ-
ਦੇ ਜਾ ਤੇਲ ਲਿਆ ਕੇ

441
ਤਾਵੇ ਤਾਵੇ ਤਾਵੇ
ਕੁੱਤੀਆਂ ਭੌਕਦੀਆਂ
ਜਦ ਯਾਰ ਬਨੇਰੇ ਆਵੇ
ਕੁੱਤੀਓ ਨਾ ਭੌਂਕੋ
ਯਾਰ ਆਪਣਾ ਮਾਲ ਜਗਾਵੇ
ਟੁੱਟ ਜਾਣੇ ਰਾਜਾਂ ਨੇ
ਨੀਵੀਂ ਢਾ ਕੇ ਚੁਬਾਰਾ ਪਾਇਆ
ਟੁੱਟ ਜਾਣੇ ਤੋਤੇ ਨੇ
ਮੇਰੀ ਗੁੱਤ ਤੇ ਆਹਲਣਾ ਪਾਇਆ
ਚੁਬਾਰੇ ਵਿੱਚ ਮੈਂ ਕੱਤਦੀ
ਕਿਸੇ ਜੁਗਤੀ ਨੇ ਰੋੜ ਚਲਾਇਆ
ਵਿੱਚ ਕਲਛੇਤਰ ਦੇ-
ਮੈਨੂੰ ਸੁਪਨਾ ਯਾਰ ਦਾ ਆਇਆ
442
ਤੇਰੀ ਮੇਰੀ ਲੱਗੀ ਦੋਸਤੀ
ਜਿਊਂ ਟੱਲੀ ਵਿੱਚ ਰੌਣਾ
ਅੱਧੀ ਰਾਤੀਂ ਆਜੀਂ ਮਿੱਤਰਾ
ਆਪਾਂ ਇਕੋਂ ਮੰਜੇ ਤੇ ਸੌਣਾਂ
ਏਸ ਜੁਆਨੀ ਨੇ-
ਮੁੜ ਕੇ ਫੇਰ ਨੀ ਆਉਣਾ
443
ਤੇਰੀ ਮੇਰੀ ਲੱਗੀ ਦੋਸਤੀ
ਓਸ ਬਿੜੇ ਦੇ ਓਹਲੇ
ਤੇਰੇ ਹੱਥ ਵਿੱਚ ਗੁੱਲੀ ਡੰਡਾ
ਮੇਰੇ ਹੱਥ ਪਟੋਲੇ
ਟੁੱਟੀ ਯਾਰੀ ਤੋਂ-
ਬਿਨਾਂ ਗਾਲ਼ ਨਾ ਬੋਲੇ
444
ਤੇਰੀ ਮੇਰੀ ਲੱਗੀਂ ਹਾਣੀਆਂ
ਲੱਗੀ ਪਹਿਰ ਦੇ ਤੜਕੇ
ਭੀੜੀ ਗਲ਼ੀ ਵਿੱਚ ਮੇਲ ਹੋ ਗਿਆ
ਖੜ੍ਹ ਗਿਆ ਬਾਹੋਂ ਫੜਕੇ

ਚੁਗਲਖੋਰ ਨੇ ਚੁਗਲੀ ਕੀਤੀ
ਬੋਲ ਕਾਲਜੇ ਰੜਕੇ
ਪੱਕੇ ਪੁਲਾਂ ਤੇ ਹੋਏ ਟਾਕਰੇ
ਟਕੂਏ ਤੇ ਟਕੂਆ ਖੜਕੇ
ਅੱਖੀਆਂ ਪੂੰਝੇਂਂਗੀ-
ਲੜ ਸਾਫੇ ਦਾ ਫੜ ਕੇ
445
ਆਉਣ ਜਾਣ ਨੂੰ ਨੌ ਦਰਵਾਜ਼ੇ
ਖਿਸਕ ਜਾਣ ਨੂੰ ਮੋਰੀ
ਕੱਢ੍ਹ ਕਾਲਜਾ ਤੈਨੂੰ ਦਿੱਤਾ
ਮਾਈ ਬਾਪ ਤੋਂ ਚੋਰੀ
ਚੂਪ ਚਾਪ ਕੇ ਇਉਂ ਸੁੱਟ ਦਿੱਤਾ
ਜਿਉਂ ਗੰਨੇ ਦੀ ਪੋਰੀ
ਟੁੱਟੀ ਯਾਰੀ ਤੋਂ ਸਬਰ ਕਰ ਲਈਏ
ਗਲ ਮੁਕਾਈਏ ਕੋਰੀ
ਰੋਂਦੀ ਚੁੱਪ ਨਾ ਕਰੇ-
ਸਿਖਰ ਦੁਪਹਿਰੇ ਤੋਰੀ
446
ਚਕ ਕੇ ਚਰਖਾ ਰੱਖਿਆ ਢਾਕ ਤੇ
ਕਰ ਲੀ ਕੱਤਣ ਦੀ ਤਿਆਰੀ
ਠੁਮਕ ਠੁਮਕ ਚੱਕਦੀ ਪੱਬਾਂ ਨੂੰ
ਲਗਦੀ ਜਾਨ ਤੋਂ ਪਿਆਰੀ
ਬਗਲੇ ਦੇ ਖੰਭ ਬੱਗੇ ਸੁਣੀਂਂਦੇ
ਕੋਲ ਸੁਣੀਂਦੀ ਕਾਲ਼ੀ
ਸਿੰਘ ਜੀ ਦੇ ਗੜਵੇ ਦਾ
ਸ਼ਰਬਤ ਵਰਗਾ ਪਾਣੀ
ਮਿੱਤਰਾਂ ਦੀ ਨੂਣ ਦੀ ਡਲ਼ੀ
ਮਿਸ਼ਰੀ ਕਰਕੇ ਜਾਣੀ
ਸੁਰਮਾਂ ਨੌਂ ਰੱਤੀਆਂ
ਵਿੱਚ ਸੁਰਮੇ ਦੀ ਧਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ
447
ਤੇਰੇ ਤੇ ਮੈਂ ਐਵੇਂ ਭਰਮ ਗਿਆ
ਨੰਗੀਆਂ ਦੇਖ ਕੇ ਵੱਖੀਆਂ

ਜੇ ਮੈਂ ਜਾਣਦਾ ਝਗੜੇ ਪੈਣ ਗੇ
ਕਾਹਤੋਂ ਲਾਉਂਦਾ ਅੱਖੀਆਂ
ਖੋਹਲ ਸੁਣਾ ਦੇ ਨੀ-
ਕਾਹਤੇ ਦਿਲਾਂ ਵਿੱਚ ਰੱਖੀਆਂ
448
ਤੇਰੀ ਮੇਰੀ ਲਗ ਗੀ ਦੋਸਤੀ
ਕਿਊਂ ਲੋਕੀ ਨੇ ਸੜਦੇ
ਗੱਭਲੀ ਗਲ਼ੀ ਵਿੱਚ ਹੋਣ ਟਾਕਰੇ
ਡਾਂਗ ਦੜਾ ਦੜ ਖੜਕੇ
ਅੱਖੀਆਂ ਪੂੰਜੇਂਗੀ-
ਲੜ ਸਾਫੇ ਦਾ ਫੜਕੇ
449
ਨੰਦੀ ਚੰਦੀ ਦੋਨੋਂ ਭੈਣਾਂ
ਜ਼ੈਲਦਾਰ ਦੇ ਵਿਆਹੀਆਂ
ਰੋਟੀ ਲੈ ਕੇ ਚੱਲੀਆਂ ਦਿਓਰ ਦੀ
ਓਥੇ ਮਰਨ ਤਿਹਾਈਆਂ
ਰੋਹੀ ਦੇ ਵਿੱਚ ਖੁਹ ਸੁਣੀਂਦਾ
ਓਥੇ ਤੁਰ ਕੇ ਆਈਆਂ
ਗੜਵੀ ਲਿਆ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ
450
ਤੇਰੀ ਮੇਰੀ ਲਗ ਗੀ ਚੋਬਰਾ
ਹੁਣ ਨਾ ਵਿਚਾਲਿਓਂ ਤੋੜੀਂ
ਰਸ ਜੁਆਨੀ ਵਾਲਾ ਚੋਂ ਚੋ ਪੈਂਦਾ
ਜਿਉਂ ਗੰਨੇ ਦੀ ਪੋਰੀ
ਦੁੱਖ ਹਜ਼ਾਰਾਂ ਪੈਂਦੇ ਆਸ਼ਕਾਂ ਤੇ
ਤੂੰ ਮੁਖੜਾ ਨਾ ਮੋੜੀਂ
ਮਗਰੇ ਆ ਮਿੱਤਰਾ-
ਖਾਲੀ ਗੱਡੀ ਨਾ ਤੋਰੀਂ
451
ਘਰ ਜਿਨ੍ਹਾਂ ਦੇ ਲਾਗੋ ਲਾਗੀ
ਖੇਤ ਉਹਨਾਂ ਦੇ ਨਿਆਈਆਂ
ਲਾਗੋ ਲਾਗੀ ਮਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ

ਲੈ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ
ਚਿੜੀਆਂ ਖੂਬ ਉਡਾਈਆਂ
ਬੰਗਾਂ ਕੰਚ ਦੀਆਂ
ਨਰਮ ਪੱਠੇ ਦੇ ਪਾਈਆਂ
ਆਹ ਲੈ ਫੜ ਮਿੱਤਰਾ-
ਬਾਂਕਾਂ ਮੇਚ ਨਾ ਆਈਆਂ
452
ਆ ਵੇ ਯਾਰਾ ਜਾ ਵੇ ਯਾਰਾ
ਲੱਗੇਂਂ ਕੰਤ ਨਾਲੋਂ ਪਿਆਰਾ
ਕੰਤ ਮੇਰੇ ਨੇ ਕੁਝ ਨਾ ਦੇਖਿਆ
ਤੈਂ ਰਸ ਲੈ ਲਿਆ ਸਾਰਾ
ਹੋਠਾਂ ਠੋਡੀ ਦੇ
ਦਿਨ ਕਟਦਾ ਤਵੀਤ ਵਿਚਾਰਾ
ਕਾਕੋ ਮੋਰਨੀਏਂਂ-
ਛੋਟਾ ਦਿਓਰ ਕੁਆਰਾ
453
ਧਾਵੇ ਧਾਵੇ ਧਾਵੇ
ਡੰਡੀਆਂ ਕਰਾ ਦੇ ਮਿੱਤਰਾ
ਜੀਹਦੇ ਵਿਚੀਂ ਮੁਲਕ ਲੰਘ ਜਾਵੇ
ਸੋਨੇ ਦਾ ਭਾਅ ਸੁਣ ਕੇ
ਮੁੰਡਾ ਚਿੱਤੜ ਝਾੜਦਾ ਆਵੇ
ਜੰਨ ਘੁਮਿਆਰਾਂ ਦੀ
ਵਿੱਚ ਗਧਾ ਹਿਣਕਦਾ ਆਵੇ
ਗਧੇ ਤੋਂ ਘੁਮਾਰੀ ਡਿੱਗ ਪੀ
ਮੇਰਾ ਹਾਸਾ ਨਿਕਲਦਾ ਜਾਵੇ
ਭਾਬੀ ਦਿਓਰ ਬਿਨਾਂ-
ਫੁੱਲ ਵਾਂਗੂੰ ਕੁਮਲਾਵੇ
454
ਸਪ ਵਰਗੀ ਤੇਰੀ ਤੋਰ ਸ਼ੁਕੀਨਾ
ਸਿਓ ਵਰਗਾ ਰੰਗ ਤੇਰਾ
ਆਣ ਜਾਣ ਤੇ ਕਿਉਂ ਹੱਟ ਜਾਂਦਾ
ਕਿਉਂ ਨੀ ਦਿੰਦਾ ਦਲੇਰਾ
ਮੈਂ ਤੈਨੂੰ ਆਖ ਰਹੀ-
ਮਾਰ ਸ਼ੁਕੀਨਾ ਗੇੜਾ

455
ਕਾਨਾ ਕਾਨਾ ਕਾਨਾ
ਭਾਗੀ ਦੇ ਬਾਪੂ ਨੇ
ਬੋਤਾ ਬੀਕਾਂਨੇਰ ਤੋਂ ਲਿਆਂਦਾ
ਜਦ ਭਾਗੀ ਉੱਤੇ ਬਹਿ ਗਿਆ
ਬੋਤਾ ਰੇਲ ਬਰਾਬਰ ਜਾਂਦਾ
ਭਾਗੀ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਦੇ ਵਿੱਚ ਮਾਰੀ
ਜਾਗਟ ਮਿੱਤਰਾਂ ਦੀ-
ਪੱਚੀਆਂ ਗਦਾਮਾਂ ਵਾਲੀ
456
ਤੇਰੀ ਮੇਰੀ ਲਗ ਗੀ ਦੋਸਤੀ
ਨੰਗੀਆਂ ਦੇਖ ਕੇ ਬੱਖੀਆਂ
ਬਹਿ ਦਰਵਾਜੇ ਗੱਲਾਂ ਕਰਦੇ
ਹੱਥ ਵਿੱਚ ਫੜ ਕੇ ਪੱਖੀਆਂ
ਟੁੱਟ ਪੈਣੀਆਂ ਘਰ ਜਾ ਦਸਦੀਆਂ
ਯਾਰੀ ਲਾਉਂਦੀਆਂ ਕੱਚੀਆਂ
ਸੁਰਗਾਪੁਰੀ ਨੂੰ ਸੋਈ ਜਾਣਗੀਆਂ
ਜਿਹੜੀਆਂ ਜਬਾਨੋਂ ਪੱਕੀਆਂ
ਖੋਲ੍ਹ ਸੁਣਾਦੇ ਨੀ-
ਕਾਹਨੂੰ ਦਿਲਾਂ ਵਿੱਚ ਰੱਖੀਆਂ
457
ਸੱਚ ਦੱਸ ਤੂੰ ਮਿੱਤਰਾ
ਲੱਡੂ ਕਿਹੜੇ ਦੇਸ਼ 'ਚੋਂ ਲਿਆਵਾਂ
ਪੁੱਛ ਲੈ ਬਾਣੀਏਂ ਨੂੰ
ਕੀ ਲੱਡੂਆਂ ਦਾ ਨਾਮਾ
ਚੱਕ ਲੈ ਲੱਡੂਆਂ ਨੂੰ
ਮੈਂ ਤੇਰਾ ਨਮਕ ਨਾ ਖਾਵਾਂ
ਮਿੱਤਰਾ ਗ਼ਮ ਨਾ ਕਰੀਂ-
ਮੈਂ ਸਹੁਰੀਂ ਕਦੇ ਨਾ ਜਾਵਾਂ
458
ਨੰਦ ਕੁਰ ਚੰਦ ਕੁਰ ਦੋਵੇਂ ਭੈਣਾਂ
ਹੌਲਦਾਰ ਨੂੰ ਵਿਆਹੀਆਂ

ਰੋਟੀ ਲੈ ਕੇ ਚੱਲੀਆਂ ਹੌਲਦਾਰ ਦੀ
ਰਾਹ ਵਿੱਚ ਮਰਨ ਤਿਹਾਈਆਂ
ਗੜਵੀ ਭਰ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ
459
ਜਾਣਹਾਰ ਹੁਣ ਪੱਟੀ ਜਾਂਦਾ
ਧੜੇ ਬਿਗਾਨੇ ਚੜ੍ਹ ਕੇ
ਭਾਈਆਂ ਉਹਦਿਆਂ ਨੂੰ ਹੋਗੀਆਂ ਖ਼ਬਰਾਂ
ਆ ਗੇ ਡਾਂਗਾਂ ਫੜ ਕੇ
ਯਾਰੀ ਵਾਲਿਆਂ ਦੇ-
ਸਿਰ ਤੇ ਗੰਡਾਸੀ ਖੜ ਕੇ
460
ਸੁਣ ਵੇ ਯਾਰਾ ਸੁਣ ਵੇ ਯਾਰਾ
ਤੈਨੂੰ ਰਖਦੀ ਕੰਤ ਨਾਲੋਂ ਪਿਆਰਾ
ਕੰਤ ਮੇਰੇ ਨੇ ਕੁਝ ਨੀ ਦੇਖਿਆ
ਤੂੰ ਰਸ ਲੈ ਲਿਆ ਸਾਰਾ
ਕੁੰਜ ਕੁਰਲਾਉਂਦੀ ਨੂੰ-
ਮਿਲਜਾ ਸੁਹਣਿਆਂ ਯਾਰਾ
461
ਬਾਹਮਣਾਂ ਦੇ ਘਰ ਕੰਨਿਆ ਕੁਮਾਰੀ
ਦਾਗ ਲੱਗਣ ਤੋਂ ਡਰਦੀ
ਉੱਚਾ ਚੁਬਾਰਾ ਸਰਦ ਪੌੜੀਆਂ
ਛਮ ਛਮ ਕਰਕੇ ਚੜ੍ਹਗੀ
ਸੁੱਤਾ ਪਿਆ ਉਹਨੇ ਯਾਰ ਜਗਾ ਲਿਆ
ਗੱਲਾਂ ਹਿਜ਼ਰ ਦੀਆਂ ਕਰਦੀ
ਅੱਖੀਆਂ ਜਾ ਲੱਗੀਆਂ-
ਜਿਹੜੀਆਂ ਗੱਲਾਂ ਤੋਂ ਡਰਦੀ
462
ਝਾਮਾਂ ਝਾਮਾਂ ਝਾਮਾਂ
ਬੇਰੀਆਂ ਦੇ ਬੇਰ ਮੁੱਕ ਗੇ
ਦੱਸ ਕਿਹੜੇ ਵੇ ਬਹਾਨੇ ਆਵਾਂ
ਮਿੱਤਰਾਂ ਦੇ ਫੁਲਕਿਆਂ ਨੂੰ
ਮੈਂ ਖੰਡ ਦਾ ਪਰੇਥਣ ਲਾਵਾਂ

ਮਿੱਤਰਾ ਅਲੋਪ ਹੋ ਗਿਐਂ
ਦੱਸ ਹੁਣ ਕੀ ਬਣਤ ਬਣਾਵਾਂ
ਵਿਛੜੇ ਮਿੱਤਰਾਂ ਦੇ-
ਬਹਿ ਕੇ ਕੀਰਨੇ ਪਾਵਾਂ
463
ਹੀਰ-ਰਾਂਝਾ
ਵਗਦੀ ਰਾਵੀ ਵਿੱਚ
ਦੁੰੰਬ ਜਵਾਰ ਦਾ
ਮੈਂ ਅੰਗਰੇਜਣ ਬੂਟੀ-
ਰਾਂਝਾ ਫੁੱਲ ਵੇ ਗੁਲਾਬ ਦਾ
464
ਰਾਂਝਾ ਸ਼ਾਮ ਕੁੜੀਓ
ਨੀ ਮੈਂ ਰਾਤ ਨੂੰ ਕੁੱਟੀ
ਮਰ ਜਾਣ ਜੋਬਨਾਂ
ਤੈਨੂੰ ਵੇ ਸਖਾਉਣ ਵਾਲੀਆਂ
ਦੁਗ ਜਿਊਣ ਜੋਗਣਾਂ
ਸਾਨੂੰ ਵੇ ਛੁਡਾਉਣ ਵਾਲੀਆਂ
465
ਜੇ ਬੱਦਲ ਚਮਕੇ ਬਿਜਲੀ
ਮੋਰਾਂ ਨੇ ਪੈਲਾਂ ਪਾਈਆਂ
ਹੀਰ ਨੇ ਰਾਂਝੇ ਨੂੰ-
ਦਿਲ ਦੀਆਂ ਖੋਲ੍ਹ ਸੁਣਾਈਆਂ
466
ਆਇਆ ਸਾਵਣ ਦਿਲ ਪ੍ਰਚਾਵਣ
ਝੜੀ ਲੱਗ ਗਈ ਭਾਰੀ
ਪੀਂਘ ਝੂਟਦੀ ਭਿੱਜੀ ਪੰਜਾਬੋ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜਗੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਕੁੜਤੀ ਭਿੱਜ ਗੀ
ਬਹੁਤੀ ਗੋਟੇ ਵਾਲੀ
ਸ਼ਾਮੋ ਨਾਰ ਦੀਆਂ ਭਿੱਜੀਆਂ ਮੀਢੀਆਂ
ਗਿਣਤੀ `ਚ ਪੂਰੀਆਂ ਚਾਲੀ

ਬੱਦਲਾ ਸੌਣ ਦਿਆ-
ਹੀਰ ਭਿਜਗੀ ਸਿਆਲਾਂ ਵਾਲੀ
467
ਰਾਂਝਾ ਜੱਟ ਚਾਰਦਾ ਮੱਝਾਂ
ਹੀਰ ਲਿਆਵੇ ਚੂਰੀ
ਨਾਲ ਸ਼ੌਂਕ ਦੇ ਢੋਂਦੀ ਭੱਤਾ
ਨਾ ਕਰਦੀ ਮਗਰੂਰੀ
ਕੱਚਾ ਮੱਖਣ ਦਹੀਂ ਦਾ ਛੰਨਾ
ਹਲਵੇ ਦੇ ਨਾਲ ਪੂਰੀ
ਕੱਠੇ ਰਲ ਮਿਲ ਖਾਣ ਬੈਠ ਕੇ
ਹੇਠ ਵਿਛਾ ਕੇ ਭੂਰੀ
ਰਾਂਝਾ ਚੰਦ ਵਰਗਾ-
ਹੀਰ ਜੱਟੀ ਕਸਤੂਰੀ
468
ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂੰ ਖ਼ਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲੇ
ਉਹਨੇ ਮਹਿੰਦੀ ਨਾ ਲਾਈ
ਸੁੱਤੀ ਪਈ ਦੇ ਲਾ ਤੀ ਮਹਿੰਦੀ
ਚੜ੍ਹ ਗਿਆ ਰੰਗ ਇਲਾਹੀ
ਮਹਿੰਦੀ ਸ਼ਗਨਾਂ ਦੀ-
ਚੜ੍ਹ ਗਈ ਦੂਣ ਸਵਾਈ
469
ਲੱਕ ਤਾਂ ਤੇਰੇ ਰੇਸ਼ਮੀ ਲਹਿੰਗਾ
ਉੱਤੇ ਜੜੀ ਕਿਨਾਰੀ
ਚੌਂਕ ਚੰਦ ਤੈਂ ਗੁੰਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹੱਥ ਤਾਂ ਤੇਰੇ ਮਹਿੰਦੀ ਰੰਗਲੇ
ਸਹੁਰੀਂ ਜਾਣ ਦੀ ਤਿਆਰੀ
ਨੀ ਹੀਰੇ ਚਾਕ ਦੀਏ-
ਹੁਣ ਬਚਨਾਂ ਤੋਂ ਹਾਰੀ
470
ਲੈ ਨੀ ਹੀਰੇ ਰੋਟੀ ਖਾ ਲੈ
ਮੈਂ ਨਹੀਂ ਸੱਸੇ ਖਾਂਦੀ

ਟੂਮਾਂ ਛੱਲੇ ਤੇਰਾ ਘੜਤ ਬਥੇਰਾ
ਵਿੱਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾਂ ਹੀ ਨਹੀਂ ਲੱਗਦਾ
ਮੇਰੀ ਜਾਨ ਨਿਕਲਦੀ ਜਾਂਦੀ
ਧਰਤੀ ਖੜਿਆਂ ਦੀ-
ਹੀਰ ਨੂੰ ਵੱਢ ਵੱਢ ਖਾਂਦੀ
471
ਕਾਰੀਗਰ ਨੂੰ ਦੇ ਨੀ ਵਧਾਈ
ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਵਿੱਚ ਮੇਖਾਂ ਲਾਈਆਂ ਸੁਨਹਿਰੀ
ਹੀਰਿਆਂ ਜੜਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ
ਕੱਤ ਲੈ ਹੀਰੇ ਨੀ-
ਤੇਰਾ ਭਾਦੋਂ ਦਾ ਵਿਆਹ ਆਇਆ
472
ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਯਾਰੀ ਦੇਖੀ ਮੂਨ ਮਿਰਗ ਦੀ
ਰਲ ਕੇ ਰੋਹੀ ਉਜਾੜੀ
ਯਾਰੀ ਦੇਖੀ ਚਿੜੀ ਚਿੜੇ ਦੀ
ਰਲ ਕੇ ਛੱਤਣ ਪਾੜੀ
ਯਾਰੀ ਦੇਖੀ ਨਾਰੇ ਬੱਗੇ ਦੀ
ਰਲ ਮਿਲ ਖਿੱਚਣ ਪੰਜਾਲ਼ੀ
ਖਾਤਰ ਰਾਂਝੇ ਦੀ-
ਉਧਲੀ ਫਿਰੇ ਕੁਆਰੀ
473
ਬੇਰੀਏ ਨੀ ਤੈਨੂੰ ਬੇਰ ਲੱਗਣ ਗੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ-
ਦੂਰ ਖੜਾ ਦੁੱਖ ਪੁੱਛੇ
474
ਵਗਦੀ ਰਾਵੀ ਵਿੱਚ
ਰੇਤੇ ਦੀਆਂ ਢੇਰੀਆਂ

ਤੋਰਦੇ ਮਾਏਂ ਨੀ
ਰਾਂਝਾ ਪਾਂਦਾ ਫੇਰੀਆਂ
475
ਵਗਦੀ ਰਾਵੀ ਦੇ ਵਿੱਚ
ਦੋ ਜਣੇ ਨਹਾਉਂਦੇ
ਚੱਕਦੇ ਪੱਲਾ ਨੀ
ਤੇਰੇ ਪੈਰੀਂ ਹੱਥ ਲਾਉਂਦੇ
476
ਹੀਰਿਆਂ ਹਰਨਾ ਬਾਗੀਂ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲਾਂ ਲੰਘ ਗਿਆ ਰਾਂਝਣ ਮੀਆਂ
ਮਗਰੋਂ ਲੰਘ ਗਈ ਗੋਰੀ
ਲੁਕ ਲੁਕ ਰੋਂਦੀ ਹੀਰ ਨਿਮਾਣੀ
ਜਿੰਦ ਗਮਾਂ ਨੇ ਖੋਰੀ
ਕੂਕਾਂ ਪੈਣ ਗੀਆਂ-
ਨਹੁੰ ਨਾ ਲੱਗਦੇ ਜ਼ੋਰੀ
477
ਦੁਖਾਣਾ ਖੜੀ ਲਕੜੀ ਨੂੰ
ਘੁਣਾ ਲੱਗ ਗਿਆ
ਅੱਧੀ ਦੀ ਬਣਾਦੇ ਸਾਨਗੀ
ਅੱਧੀ ਦੀ ਬਣਾਦੇ ਢੱਡ
ਉਚੇ ਬਜਦੀ ਸਾਨਗੀ
ਨੀਵੇਂ ਬੱਜਦੀ ਢੱਡ
ਚੁਲ੍ਹੇ ਪਕਦੀਆਂ ਪੋਲੀਆਂ
ਹਾਰੇ ਰਿਝਦੀ ਖੀਰ
ਖਾਣੇ ਵਾਲੇ ਖਾ ਗਏ
ਰਹਿ ਗਏ ਰਾਂਝਾ ਹੀਰ
ਰਾਂਝੇ ਪੀਰ ਨੇ ਛੱਡੀਆ ਲਾਟਾਂ
ਜਲਗੇ ਜੰਡ ਕਰੀਰ
ਕੁੜਤੀ ਮਲਮਲ ਦੀ-
ਭਾਫਾਂ ਛੱਡੇ ਸਰੀਰ
478
ਯਾਰੀ ਦੇਖੀ ਚਿੜਾ ਚਿੜੀ ਦੀ
ਰਲ ਮਿਲ ਛੱਤਣ ਪਾੜੀ

ਯਾਰੀ ਦੇਖੀ ਚੰਦ ਸੂਰਜ ਦੀ
ਚੜ੍ਹਦੇ ਵਾਰੋ ਵਾਰੀ
ਯਾਰੀ ਦੇਖੀ ਹੀਰ ਰਾਂਝੇ ਦੀ
ਫਿਰਦੇ ਜੰਗਲ ਉਜਾੜੀ
ਤੇਰੇ ਮੇਰੇ ਕਰਮਾਂ ਦੀ-
ਲਗ ਗੀ ਪਟੋਲਿਆ ਯਾਰੀ
479
ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਆ ਬੜੀ ਪਟਿਆਲੇ
ਦਿੱਲੀ ਆਲੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲ਼ੇ
ਪਟਿਆਲੇ ਆਲੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲ਼ੇ
ਲੱਡੂ ਜਲੇਬੀ ਗਲੀਏਂ ਰੁਲਦੇ
ਗੱਠੇ ਨਾ ਮਿਲਦੇ ਭਾਲ਼ੇ
ਮੋਤੀ ਚੁੱਗ ਲੈ ਨੀ-
ਕੂੰਜ ਪਤਲੀਏ ਨਾਰੇ
480
ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕੇ
ਘਰ ਆਈ ਨੂੰ ਅੰਮਾਂ
ਵਿੱਚ ਕਚਹਿਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿਜਣਾਂ ਕੁੜੀਆਂ ਝਿੜਕਣ
ਵਿੱਚ ਗਲ਼ੀਆਂ ਦੇ ਰੰਨਾਂ
ਇਹਨੀਂ ਉਹਨੀਂ ਦੋਹੀਂ-ਜਹਾਨੀਂ
ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੋ ਜਾਣਾਂ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ
ਤੈਂ ਮੈਂ ਮੋਹ ਲਈ ਵੇ-
ਮਿੱਠੀਆਂ ਮਾਰ ਕੇ ਗੱਲਾਂ

481
ਸੋਹਣੀ ਮਹੀਂਵਾਲ
ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ ਟਕਾਇਆ
ਲੀੜੇ ਲਾਹ ਕੇ ਰੱਖੇ ਪੱਤਣ ਤੇ
ਜਾਲ ਚੁਫੇਰੇ ਲਾਇਆ
ਅੱਗੇ ਤਾਂ ਮੱਛਲੀ ਸੌ ਸੌ ਫੀਸਦੀ
ਅਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈ ਕੇ ਫੇਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਤਾਂ ਕੱਢ ਲਿਆ ਗੋਸ਼ਤ
ਵਿੱਚ ਥਾਲ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ
ਕੋਲ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ-
ਪੱਟ ਚੀਰ ਕਬਾਬ ਬਣਾਇਆ
482
ਹੱਸ ਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣਕੇ ਚਿੰਬੜਦਾ
ਨਿਹੁੰ ਜਿਨ੍ਹਾਂ ਨੂੰ ਛੇੜੇ
ਛੱਤੀ ਕੋਠੜੀਆਂ ਨੌ ਦਰਵਾਜ਼ੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ
ਕੀ ਹਾਲ ਆ ਗੱਭਰੂਆ ਤੇਰੇ
483
ਮਹੀਂਵਾਲ ਨੇ ਦੇਖੀ ਸੋਹਣੀ
ਖੜਾ ਕਰੇ ਤਦਬੀਰਾਂ
ਰੱਬਾ ਤੇਰਾ ਅੰਤ ਨਾ ਪਾਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ-
ਹੋ ਗਿਆ ਵਾਂਗ ਫਕੀਰਾਂ

484
ਨ੍ਹਾਵੇ ਧੋਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤਰ ਫਲੇਲ ਲਗਾਵੇ
ਗਿੱਧੇ ਵਿੱਚ ਉਹ ਹੱਸ ਹੱਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ-
ਮੱਛਲੀ ਹੁਲਾਰੇ ਖਾਵੇ
485
ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਵੱਜੇ ਢੋਲ ਨਿਗਾਰੇ
ਸੋਹਣੀਏਂ ਆ ਜਾ ਨੀ-
ਡੁਬਦਿਆਂ ਨੂੰ ਰੱਬ ਤਾਰੇ
486
ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉਠ ਖੜ੍ਹ ਸੋਹਣੀਏਂ ਨੀ-
ਮਹੀਂਵਾਲ ਹਾਕਾਂ ਮਾਰੇ
487
ਪੰਨੂੰ
ਲੱਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂਂ ਬਾਹਲੀਆਂ ਖਾਵੇ
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ-
ਮੇਰਾ ਚਿੱਤ ਪੁਨੂੰ ਵਲ ਧਾਵੇ
488
ਮਿਰਜ਼ਾ
ਪਿੰਡ ਨਾਨਕੀਂ ਰਹਿੰਦਾ ਮਿਰਜ਼ਾ
ਪੜ੍ਹਦਾ ਨਾਲ ਪਿਆਰਾਂ

ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ-
ਘਰ ਘਰ ਛਿੜੀਆਂ ਵਾਰਾਂ
489
ਦਾਨਾ ਬਾਦ ਸੀ ਪਿੰਡ ਦੋਸਤੋ
ਵਿੱਚ ਬਾਰ ਦੇ ਭਾਰਾ
ਮੁਸਲਮਾਨ ਸੀ ਕੌਮ ਓਸ ਦੀ
ਚੰਗਾ ਕਰੇ ਗੁਜ਼ਾਰਾ
ਪੰਜ ਪੁੱਤਰ ਘਰ ਸੋਹੇ ਬਿੰਝਲ ਦੇ
ਭਾਗ ਓਸਦਾ ਨਿਆਰਾ
ਮਾਂ ਮਿਰਜ਼ੇ ਦੀ ਨਾਮ ਨਸੀਬੋ
ਦੁਧ ਪੁੱਤ ਪਰਵਾਰਾ
ਮਿਰਜ਼ਾ ਮਾਪਿਆਂ ਨੂੰ-
ਸੌ ਪੁੱਤਰਾਂ ਤੋਂ ਪਿਆਰਾ