ਖੰਡ ਮਿਸ਼ਰੀ ਦੀਆਂ ਡਲ਼ੀਆਂ/ਨੈਣਾਂ ਦਾ ਵਣਜਾਰਾ



ਨੈਣਾਂ ਦਾ ਵਣਜਾਰਾ


ਉਹ ਮਨੋ-ਵੇਦਨਾਵਾਂ ਵਾਲੇ ਗੂੜ੍ਹੇ-ਸੂਹੇ ਡੋਰਿਆਂ ਵਾਲੇ
ਮਦ-ਮਤੇ ਹਿਰਨੋਟੜੇ ਨੈਣਾਂ ਦਾ ਵਣਜਾਰਾ ਹੈ,
ਲੋਕ ਮਾਨਸਿਕਤਾ ਦਾ ਮਤਵਾਲਾ ਖੋਜੀ।
ਭਾਵਨਾਵਾਂ ਦੇ ਖੂਹਾਂ ਵਿੱਚ ਉੱਤਰ ਕੇ
ਵੇਦਨੀਂ-ਸੰਵੇਦਨੀਂ ਸਿੱਪੀਆਂ, ਘੋਗੇ ਤੇ ਮਣਕੇ
ਲੱਭ ਲਿਆਉਣ ਵਾਲਾ ਭਾਸ਼ਾਈ ਗੋਤਾ-ਖ਼ੋਰ!
ਉਹ ਉਹਨਾਂ ਮਧਰਿਆਂ ਵਿਚੋਂ ਹੈ
ਜਿਨ੍ਹਾਂ ਵਿੱਚ ਕੁਝ ਕਰ ਗੁਜ਼ਰਨ ਤੇ ਕਰਦੇ ਰਹਿਣ ਦੀ
ਅਣਥੱਕ ਤੇ ਅਮੋੜ ਤੌਫ਼ੀਕ ਤੇ ਰੀਝ ਹੁੰਦੀ ਹੈ।
ਜੋ ਲੋਕ-ਵਿਲੱਖਣਤਾ ਨੂੰ ਪਛਾਣਦੇ
ਤੇ ਫੁਰਨਿਆਂ ਦੀ ਡਗਰ ਤੇ ਤੁਰਦੇ
ਪ੍ਰਾਪਤੀਆਂ ਦੀ ਜੂਹ ਵਿੱਚ ਜਾ ਪੁਜਦੇ ਹਨ।
ਪ੍ਰਤਿਭਾ ਕੋਇਲੇ ਦੀ ਅਮੁੱਲਵੀਂ ਖਾਣ ਵਿੱਚ ਪਈਆਂ
ਹੀਰਕ ਵੱਟੀਆਂ ਵਰਗੀ ਹੁੰਦੀ ਹੈ,
ਜਿਨ੍ਹਾਂ ਨੂੰ ਤਰਾਸ਼ਕੇ ਸਾਧਨਾਂਂ ਅਨਮੋਲ ਮਾਣਕ ਬਣਾ ਲੈਂਦੀ ਹੈ।
ਉਹ ਇੱਕੀਆਂ ਹੀ ਸਾਲਾਂ ਦਾ ਸੀ ਜਦ 1956 ਵਿੱਚ
ਉਸ ਦੀ ਪਹਿਲੀ ਭਰਪੂਰ ਪੁਸਤਕ ‘ਲੋਕ ਬੁਝਾਰਤਾਂ
ਸ. ਜੀਵਨ ਸਿੰਘ ਲਾਹੌਰ ਬੁੱਕ ਸ਼ਾਪ ਨੇ ਛਾਪੀ।
ਤੇ ਫੇਰ ਜੀਵਨ ਸਿੰਘ ਦੀ ਉਸ ਨਾਲ
ਉਹੀ ਸਾਂਝ ਹੋ ਗਈ ਜੋ ਉਸ ਦੀ
ਸੰਤ ਸਿੰਘ ਸੇਖੋਂ ਨਾਲ ਸੀ
ਜੋ ਕੁਝ ਇਹ ਦੋਨੋਂ ਵਿਦਵਾਨ ਲਿਖਦੇ ਰਹੇ ਹਨ
ਉਸ ਤੇ ਪਹਿਲਾ ਹੱਕ ਜੀਵਨ ਸਿੰਘ ਦਾ ਹੀ ਹੁੰਦਾ ਸੀ।
‘ਲੋਕ ਬੁਝਾਰਤਾਂ' ਵਿੱਚ ਸੁਖਦੇਵ ਨੇ
ਲੋਕ-ਪ੍ਰਤਿਭਾ ਦੀ ਬਿਜਲਈ ਚੰਚਲਤਾ ਤੇ ਸੁਝ
ਦਾ ਛੱਜ ਭਰ ਕੇ ਪਰੋਸਿਆ

ਪ੍ਰੋ. ਪਿਆਰਾ ਸਿੰਘ ‘ਪਦਮ' ਨੇ ਇਸ ਦੀ ਭੂਮਿਕਾ ਲਿਖੀ ਸੀ
ਅਜਾਇਬ ਚਿੱਤਰਕਾਰ ਦਾ ਵਾਹਿਆ ਸਿਰ ਲੇਖੀ ਸਰਵਰਕ ਇਉਂ ਸੀ
ਜਿਵੇਂ 'ਲੋਕ ਬੁਝਾਰਤਾਂ' ਦੀ ਹੰਸਣੀ ਦੀ ਤਿੱਖੀ ਚੁੰਝ
ਅਕਲ ਦੇ ਮਾਣਕ ਲੱਭਣ ਦੇ ਉਤਾਰ ਹੋਵੇ।
ਤੇ ਇਉਂ ‘ਲੋਕ-ਬੁਝਾਰਤਾਂ’ ਪੁਸਤਕ ਬਾਲਕਾਂ-ਬਾਲਗਾਂ ਦੀ
ਮਨ-ਮਸਤਕੀ ਪਾਠ-ਪੁਸਤਕ ਬਣ ਗਈ।
ਲੋਕ-ਸਾਹਿਤ ਨੂੰ ਸੁਖਦੇਵ ਦਾ ਇਹ
ਪ੍ਰਥਮ ਲੋਕ ਪਰਵਾਨਿਆਂ ਢੋਆ ਸੀ।
ਮਗਰੋਂ ਪੰਜਾਬੀ ਯੂਨੀਵਰਸਿਟੀ ਨੇ
ਇਹਨਾਂ ਹੀ 'ਪੰਜਾਬੀ ਬੁਝਾਰਤਾਂ' ਦੇ ਦੋ
ਸੋਧੇ ਹੋਏ ਸੰਸਕਰਣ ਛਾਪੇ
ਤੇ ਉਨਾਸੀ ਵਿੱਚ ਭਾਸ਼ਾ ਵਿਭਾਗ ਨੇ ਉਸ ਨੂੰ
ਲੋਕ ਯਾਨੀ ਵਜੋਂ ਪੁਰਸਕਾਰਿਆ।
ਅਤੇ 1995 ’ਚ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ' ਵਜੋਂ
ਕਿਉਂਕਿ ਉਹ ਜਮਾਂਦਰੂ ਹੀ ਲੋਕ-ਮਾਨਸ ਦਾ ਹੁੰਘਾਰੇਬਾਜ਼ ਰਿਹੈ।
ਦਾਦੀ-ਨਾਨੀ, ਬਾਬਾ-ਨਾਨਾ, ਬੇਬੇ ਤੇ ਬਾਪੂ ਦਿਆ ਸਿੰਘ
ਉਸ ਦੇ ਲੋਕਯਾਨੀ ਅਧਿਆਪਕ ਸਨ।
ਉਸ ਵਿੱਚ ਬਚਪਨ ਵਿੱਚ ਹੀ ਕੁਰੇਦਵੀਆਂ ਗੱਲਾਂ
ਪੁੱਛਣ-ਘੋਖਣ ਦੀ ਜਗਿਆਸਾ ਸੀ
ਅਤੇ ਸੁਣੇ-ਚਿਤਵੇ ਸਭ ਕੁਝ ਨੂੰ ਯਾਦ ਰੱਖਣ ਦੀ ਬੇਪਨਾਹ ਸਮਰਥਾ।
ਏਸੇ ਲਈ ਗੱਭਰੂ ਹੁੰਦਿਆਂ ਹੀ ਉਸ ਨੇ
ਆਪਣੀਆਂ ਸਾਰੀਆਂ ਹੀ ਪੋਟਲੀਆਂ ਖੋਲ੍ਹ ਦਿੱਤੀਆਂ।
ਜੀਵਨ ਸਿੰਘ ਨੇ ਅਗਲੇ ਹੀ ਸਾਲ ਉਸ ਦਾ
‘ਜ਼ਰੀ ਦਾ ਟੋਟਾ' ਛਾਪ ਦਿੱਤਾ।
ਇਹ ਉਸਦਾ ਲੋਕ ਕਹਾਣੀਆਂ ਦਾ ਪਹਿਲਾ ਸੰਗ੍ਰਹਿ ਸੀ,
ਜਿਨ੍ਹਾਂ ਨੂੰ ਅਸੀਂ ‘ਬਾਤਾਂ' ਕਹਿੰਦੇ ਹਾਂ।
ਜੋ ਵਨਕੂਵਰ ਵਸ ਗਏ ਨਵਦੀਪ ਸਿੱਧੂ
ਦੀ ਡਾਕਟਰੇਟ ਦੇ ਉਪਰਾਲੇ ਦਾ ਵਿਸ਼ਾ ਬਣੀਆਂ।
ਉਹ ਬਾਤਾਂ ਜਿਨ੍ਹਾਂ ਨੂੰ ਨਿਪੁੰਨ ਗਾਲੜੀਆਂ ਤੋਂ
ਅਸੀਂ ਮਲਵਈ ਪੇਂਡੂ
ਭੱਠੀਆਂ ਤੇ ਸਿਆਲੂ ਧੂਣੀਆਂ ਦੇ ਦੁਆਲੇ ਬੈਠੇ
ਸਾਰੀ-ਸਾਰੀ ਰਾਤ ਸੁਣਦੇ ਰਹੇ ਹਾਂ।

ਉਹ ਲੈਰੀ ਜਿਹੀ ਉਮਰੇ ਹੀ ਇਸ ਲੋਕ-ਸਾਹਿਤ ਨੂੰ
ਪੁਸਤਕ ਦੇ ਪੰਨਿਆਂ ਉਤੇ ਲੈ ਆਇਆ।
ਅਗਲੇਰੇ ਸਾਲ ਮਹਿਤਾਬ ਸਿੰਘ ਜੌਲੀ ਨੇ ਉਸ ਦਾ
'ਗਾਉਂਦਾ ਪੰਜਾਬ' ਛਾਪਿਆ,
ਜਿਸ ਵਿੱਚ ਸੰਸਾਰ ਵਿਚਲੇ ਅਨੂਪਮ ਲੋਕ-ਕਾਵਿ ਦੇ
1011 ਮਲਵਈ ‘ਟੱਪੇ' ਸ਼ਾਮਿਲ ਹਨ।
ਇਹ ਪੁਸਤਕ ਡਾ. ਮੁਹਿੰਦਰ ਸਿੰਘ ਰੰਧਾਵਾ ਤੇ ਸਤਿਆਰਥੀ ਦੀ
ਪੁਸਤਕ 'ਪੰਜਾਬੀ ਲੋਕ-ਗੀਤ’ ਤੋਂ
ਇੱਕ ਸਾਲ ਪਹਿਲਾਂ ਛਪ ਗਈ ਤੇ ਅਸਲੋਂ ਮੌਲਿਕ ਯਤਨ ਸੀ।
ਸੰਸਾਰ ਕਾਵਿ ਵਿੱਚ ਛੋਟੀ ਅਨੂਪਮ ਤੇ ਸੰਪੂਰਨ ਕਵਿਤਾ ਦੇ ਪੰਜ ਰੂਪ ਹਨ:
ਗ਼ਜ਼ਲ ਦਾ ਸ਼ਿਅਰ, ਅੰਗਰੇਜ਼ੀ ਦਾ 'ਕਪਲਟ'
ਪਿੰਗਲ ਦਾ ਦੋਹਰਾ-ਸੋਰਠਾ ਮਾਲਵੇ ਦੇ ‘ਟੱਪੇ'
ਅਤੇ ਜਾਪਾਨੀ 'ਹਾਇਕੂ' ਕਵਿਤਾ,
ਇਹ ਮਲਵਈ ਟੱਪੇ ਆਪਣੀ ਕਾਵਿ ਸਮਗਰੀ ਦੀ ਅਨੂਪਮਤਾ ਕਾਰਨ
ਸੰਸਾਰ ਭਰ ਦੀ ਉੱਤਮ ਪੰਜਾਬੀ ਕਾਵਿ-ਪ੍ਰਾਪਤੀ ਹਨ।
ਸੁਖਦੇਵ ਨੇ ਇਸ ਵਿੱਚ ਮਲਵਈ ਸੱਭਿਆਚਾਰ ਦੇ
'ਫੁੱਲ ਪਤਾਸਿਆਂ' ਦਾ ਛਿੱਕੂ ਪਰੋਸਿਆ ਹੈ।
'ਪੇਕੇ ਘਰ’ ਦੀ ਲਾਜਵੰਤੀ ਮੁਹੱਬਤ ਤੇ ਸਿੱਕ ਦਰਸਾਈ ਹੈ
ਤੇ ‘ਸੁਹਰੇ ਘਰ’ ਦੇ ਵਸੇਬੇ ਦੀ ਮਖਿਆਲੀ ਮੁਹੱਬਤ,
ਕੰਡਿਆਰੀਆਂ ਤੇ ਖਲਜਗਣ ਉਜਿਆਰੇ ਹਨ।
ਇਹਨਾਂ ਟੱਪਿਆਂ ਵਿੱਚ ਖਟ-ਮਿੱਠੇ ਮਿਹਣੇ ਹਨ,
ਚੋਭਾਂ ਤੇ ਛੇੜ-ਖ਼ਾਨੀਆਂ ਹਨ:
‘ਤੇਰੇ ਨਾਲੋਂ ਮਿਤੱਰ ਚੰਗੇ, ਨੈਣਾਂ ਦੇਵੀ ਤੋਂ ਲਿਆਏ ਕੁੜਤੀ।'
‘ਬੱਕਰੀ ਦਾ ਦੁੱਧ ਗਰਮੀ, ਵੇ ਤੂੰ ਛੱਡ ਗੁਜਰੀ ਦੀ ਯਾਰੀ।'
'ਮੇਰੀ ਬੱਕਰੀ ਚਾਰ ਲਿਆ ਦਿਉਰਾ, ਮੈਂ ਨਾ ਤੇਰਾ ਹੱਕ ਰੱਖਦੀ।'
‘ਸੰਤੀ ਸੱਪ ਬਣ ਗਈ, ਪਾ ਕੇ ਰੇਬ ਪਜਾਮੀ।'
'ਮੁੰਡਾ ਛੱਡ ਗਿਆ ਗਲੀ ਦਾ ਖਹਿੜਾ, ਪੰਜਾਂ ਦੇ ਤਵੀਤ ਬਦਲੇ।'
-ਤਿੰਨ ਪੱਤ ਮਛਲੀ ਦੇ, ਜੱਟ ਚੱਬ ਗਿਆ ਸ਼ਰਾਬੀ ਹੋ ਕੇ।
-ਤੇਰੀ ਧੌਣ ਤੇ ਲਟਕਦਾ ਆਵਾਂ, ਲੋਗੜੀ ਦਾ ਫੁੱਲ ਬਣਕੇ।
-ਬਾਜ਼ੂਬੰਦ ਵੇ ਬਿਸ਼ਰਮੀ ਗਹਿਣਾ, ਜੱਫੀ ਪਾਇਆਂ ਛਣਕ ਪਵੇ।
-ਲੋਂਗ ਤੇਰੀਆਂ ਮੁੱਛਾਂ ਦੇ ਵਿੱਚ ਰੁਲਿਆ, ਟੋਲ ਕੇ ਫੜਾ ਦੇ ਮਿੱਤਰਾ।
-ਰੂਪ ਕੰਵਾਰੀ ਦਾ, ਖੰਡ-ਮਿਸ਼ਰੀ ਦੀਆਂ ਡਲ਼ੀਆਂ।
-ਗੋਰਾ ਰੰਗ ਟਿੱਬਿਆਂ ਦਾ ਰੇਤਾ, ਨ੍ਹੇਰੀ ਆਈ ਉਡ ਜੂ ਗਾ।

‘ਗਾਉਂਦਾ ਪੰਜਾਬ’ ਮਲਵਈ ਟੱਪਿਆਂ ਦੀ ਪਹਿਲੀ ਵੱਡੀ ਚੰਗੇਰ ਸੀ।
ਸੁਖਦੇਵ ਦੀ ਉਂਗਲੀ ਫੜ ਸਾਡੇ ਦੇ ਹੋਰ ਅਰਧ-ਪੁਆਧੀ
ਡਾ. ਸੰਤੋਖ ਸਿੰਘ ਸ਼ਹਿਰਯਾਰ ਤੇ ਡਾ. ਨਾਹਰ ਸਿੰਘ ਵਿਦਵਾਨਾਂ ਨੇ
ਪੁਆਧੀ ਲੋਕ-ਕਾਵਿ ਤੇ ਥੀਸਿਸ ਲਿਖੇ।
ਮੈਂ ਇਸ ਢਾਣੀ ਦੇ ਆਗੂ ਹੋਣ ਦਾ ਸ਼੍ਰੇਯ
ਸੁਖਦੇਵ ਮਾਦਪੁਰੀ ਨੂੰ ਦਿੰਦਾ ਹਾਂ।
ਅਤੇ ਮੈਂ ਆਪਣੇ ਗੰਥ ‘ਲੋਕਯਾਨਿਕ ਵਿਅੰਗਕਾਰੀ ਵਿੱਚ
ਲੋਕ ਤੇ ਵਸ਼ਿਸ਼ਟ ਵਿਧਾਰਤ ਨੂੰ ਨਿਰੂਪਿਆ ਹੈ।
ਜਦ ਪਿਉ ਦੀ ਵਰਾਸਤੀ ਜ਼ਮੀਨ 'ਚੋਂ ਧੀਆਂ ਦੇ ਹਿੱਸੇ ਦਾ
ਕਾਨੂੰਨ ਪਾਸ ਹੋਇਆ,
ਤਾਂ ਭੈਣਾਂ-ਭਰਾਵਾਂ ਦੇ ਭਰੱਪਣੀ-ਨਾਤੇ ਤਿੜਕ ਗਏ
ਤਦ ਸੁਖਦੇਵ ਦੇ ਨਾਟਕ ‘ਪਰਾਇਆ ਧਨ' ਦਾ
ਅਨੇਕ ਥਾਈਂ ਮੰਚਣ ਕੀਤਾ ਗਿਆ
ਸੁਖਦੇਵ ਦੀ ਤਦ ਤੱਕ ਪ੍ਰਾਪਤੀ ਛੜਿਆਈ ਹੀ ਸੀ
ਖੋਜ ਕਾਰਜ ਤਾਂ ਉਸ ਦੇ
ਮਹਿਮਾ ਸਿੰਘ ਵਾਲੇ ਦੀ ਮਲਾਇਆ ਦੀ ਜੰਮੀ
ਬਲਬੀਰ ਕੌਰ ਗਰੇਵਾਲ ਨਾਲ ਵਿਆਹੇ ਜਾਣ ਤੇ
ਸਗੋਂ ਹੋਰ ਤਿੱਖਾ ਹੋਇਆ।
ਸੰਨ ਬਾਹਠ ਵਿੱਚ ਜੀਵਨ ਸਿੰਘ ਨੇ ਉਸ ਦੀ
'ਨੈਣਾਂ ਦੇ ਵਣਜਾਰੇ’ ਛਾਪੀ।
ਰੇਡੀਉ ਲਈ ਲਿਖੀ ਇਸ ਲੜੀ ਵਿੱਚ ਉਸ ਨੇ
ਪੰਜਾਬੀ ਦੀਆਂ ਚਾਰ ਸ਼੍ਰੋਮਣੀਂਂ ਪ੍ਰੀਤਾਂ ਦੇ ਨਾਲ
ਕਾਕਾ ਪਰਤਪੀ, ਸੋਹਣਾ ਜ਼ੈਨੀ, ਇੰਦਰ ਬੇਗੋ ਤੇ ਰੋਡਾ ਜਲਾਲੀ
ਚਾਰ ਸਥਾਨਕ ਪ੍ਰਿਤਾ ਛਾਪੀਆਂ।
ਰੇਡੀਉ ਨੇ ਇਹਨਾਂ ਦਾ ਆਵਾਜ਼ ਮੰਚਣ ਕੀਤਾ
ਤੇ ਰੇਡਿਉ ਰਾਹੀਂ ਲੋਕਾਂ ਦੇ ਕੰਨਾਂ ਵਿੱਚ
ਮੂੰਹ ਜ਼ੋਰ ਮੁਹੱਬਤਾਂ ਦਾ ਅੰਮ੍ਰਿਤ ਘੋਲਿਆ।
ਭਾਵੇਂ ‘ਪੰਜਾਬ’ ਪੁਸਤਕੀ-ਗ੍ਰੰਥ ਵਿੱਚ
ਸੁਜਾਨ ਸਿੰਘ ਨੇ ਲੋਕ ਖੇਡਾਂ ਬਾਰੇ ਵਧੀਆ ਲਿਖਿਆ ਸੀ
ਪਰ 'ਪੰਜਾਬੀ ਲੋਕ ਖੇਡਾ’ ਦੀ ਪਹਿਲੀ
ਸਭ ਤੋਂ ਵੱਧ ਪ੍ਰਵਾਨੀ-ਪ੍ਰਕਾਸ਼ੀ ਗਈ ਪੁਸਤਕ
1975 ਵਿੱਚ ਜਰਨੈਲ ਸਿੰਘ ਰੰਗੀ ਦੀ ਪਰੇਰਨਾ ਨਾਲ
ਸੁਖਦੇਵ ਤੋਂ ਮੈਂ ਲਿਖਵਾਈ ਸੀ।

ਪੰਜਾਬੀ ਲੋਕ ਖੇਡਾਂ ਦੀ ਇਹ ਪ੍ਰਥਮ ਪਾਠ-ਪੁਸਤਕ ਹੈ।
ਜਿਸ ਨੂੰ ਪੰਜਾਬੀ ਪੱਤਰਾਂ ਨੇ ਦਰਜਨਾਂ ਵਾਰ ਛਾਪਿਆ।
ਡਾ. ਇਕਬਾਲ ਕੌਰ ਸੌਂਦ ਤੇ ਡਾ. ਬਲਜੀਤ ਸਿੰਘ ਪੂਨੀ ਦੀਆਂ
ਵਿਸਤ੍ਰਿਤ ਖੇਡਯਾਂਨੀ ਖੋਜਾਂ
ਸੁਖਦੇਵ ਮਾਦਪੁਰੀ ਉਪਰੰਤਲੇ ਅਕਾਦਮਿਕ ਕਾਰਜ ਹਨ।
ਪ੍ਰੋ. ਸਰਵਣ ਸਿੰਘ ਦੀ ਖੇਡ ਸ਼ਰੋਮਣੀ ਕਲਮ ਵਿੱਚ ਵੀ
ਸੁਖਦੇਵ ਦੀਆਂ ਲੋਕ ਖੇਡਾਂ ਦੀ ਸ਼ੱਕਰ ਭਿਜਦੀ ਦਿਸਦੀ ਹੈ।

ਜਸਮਾਲੋਂ ਦੇ ਖਾਲਸਾ ਸਕੂਲ ਦੇ ਹਰਨਾਮ ਸਿੰਘ
ਤੇ ਗਿਆਨੀ ਬਖਤਾਵਰ ਸਿੰਘ 'ਅਬਚਲ’ ਦਾ
ਚੰਡਿਆ-ਸੇਧਿਆ ਸੁਖਦੇਵ
ਸਨ ਅਠਤਰ ਤੱਕ ਸਕੂਲਾਂ ਵਿੱਚ ਰਿਹਾ
ਤੇ ਫੇਰ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ
‘ਪ੍ਰਾਇਮਰੀ ਸਿੱਖਿਆ' ਦਾ ਮੋਢੀ ਸੰਪਾਦਕ ਬਣਿਆਂ
ਸਕੂਲ ਅਧਿਆਪਕੀ ਨੇ ਉਸ ਨੂੰ ਬਾਲ ਮਨੋਵਿਗਿਆਨ ਦੀ ਸੋਝੀ ਦਿੱਤੀ
ਅਤੇ ਉਹ ਪੰਜਾਬੀ ਦਾ ਬਾਲ ਸਾਹਿਤਚਾਰੀਆ ਬਣ ਗਿਆ।
ਪ੍ਰਕਾਸ਼ਕ ਜੀਤ ਅਰੋੜੇ ਲਈ ਉਸ ਨੇ
‘ਜਾਦੂ ਦਾ ਸ਼ੀਸ਼ਾ’, ‘ਕੇਸੂ ਦੇ ਫੁੱਲ’ ਤੇ ‘ਸੋਨੇ ਦਾ ਬੱਕਰਾ’
ਬਾਲ-ਸਾਹਿਤ ਲਿਖਿਆ
ਤੇ ਜੀਵਨ ਸਿੰਘ ਲਈ 'ਫੁੱਲਾਂ ਭਰੀ ਚੰਗੇਰ' ਵਿੱਚ ਉਸ ਬੱਚਿਆਂ ਨੂੰ ਲੋੜੀਂਦਾ
ਗੀਤ, ਕਹਾਣੀਆਂ, ਬਾਤਾਂ, ਬੁਝਾਰਤਾਂ ਤੇ ਕਾਵਿ-ਖੇਡਾਂ
ਦਾ ਸਾਰਾ ਨਿੱਕੜ ਸੁੱਕੜ ਭਰ ਦਿੱਤਾ।
ਜੱਟ ਦਾ ਪੁੱਤ ਹੋਣ ਕਾਰਨ
ਉਸ ਨੂੰ ਕਿਰਸਾਣੀ ਕਾਰਜਾਂ ਤੇ ਭਾਵਨਾਵਾਂ ਦੀ
ਪੁਸ਼ਤੈਨੀ ਸੋਝੀ ਹੈ।
ਉਸ ਦਾ ‘ਕਿਸਾਨੀ ਲੋਕ-ਸਾਹਿਤ'
ਜੱਟ ਸਿਆਣਪਾਂ ਦਾ ਲੋਕ-ਵੇਦ ਹੈ।
ਅਤੇ 'ਪੰਜਾਬ ਦੇ ਮੇਲੇ ਤੇ ਤਿਉਹਾਰ'
ਪੰਜਾਬੀ ਲੋਕ ਮਜਲਸਾਂ ਦਾ ਚਿੱਤਰਨਾਮਾ।
ਬਤੌਰ ਸੰਪਾਦਕ ਉਸ ਦੀ ਦੇਣ
ਸੌ ਤੋਂ ਵੱਧ ਉਘੇ ਪੰਜਾਬੀ ਲੇਖਕਾਂ ਨੂੰ
ਬਾਲ-ਸਾਹਿਤ ਲਿਖਣ ਲਈ ਪਰੇਰਨਾ ਹੈ।

ਸੁਖਦੇਵ ਮਾਦਪੁਰੀ
ਪੰਜਾਬੀ ਲੋਕ ਬੁਝਾਰਤਾਂ ਦਾ ਸਾਕਾਰ ਉੱਤਰ ਹੈ।
ਉਹ ਆਪ ਹੀ ‘ਜ਼ਰੀ ਦਾ ਟੋਟਾ' ਹੈ
‘ਕੇਸ ਦਾ ਫੁੱਲ’, ‘ਜਾਦੂ ਦਾ ਸ਼ੀਸ਼ਾ’ ਤੇ ‘ਨੈਣਾਂ ਦਾ ਵਣਜਾਰਾ ਵੀ
ਉਸ ਦੀ ਹਿੱਕ ‘ਫੁੱਲਾਂ ਨਾਲ ਭਰੀ ਚੰਗੇਰ’ ਹੈ।
ਲੋਕ-ਪ੍ਰਤਿਭਾ ਦੀ ਸੱਚਿਆਰਤਾ ਦਾ ਨਾਂ ਹੈ।
ਸੁਖਦੇਵ ਮਾਦਪੁਰੀ
ਨਸ਼ਈ ਮਖਿਆਲ਼ ਵਰਗੀ ਦੋਸਤੀ ਦਾ ਨਾਮ ਹੈ
ਸੁਖਦੇਵ ਮਾਦਪੁਰੀ
ਲੋਕ-ਅਲੋਕ ਦੇ ਵਣਜਾਰੇ ਦਾ ਨਾਂ ਹੈ-
ਸੁਖਦੇਵ ਮਾਦਪੁਰੀ

-ਡਾ. ਆਤਮ ਹਮਰਾਹੀ

ਭਾਗ ਪਹਿਲਾ
ਲੰਮੀਆਂ ਬੋਲੀਆਂ

ਪਾਓ ਬੋਲੀਆਂ ਕਰੋ ਚਿੱਤ ਰਾਜ਼ੀ
ਮੱਚਦਿਆਂ ਨੂੰ ਮਚਣ ਦਿਓ

ਦੇਸ਼ ਮੇਰੇ ਦੇ ਬਾਂਕੇ ਗੱਭਰੂ
ਮਸਤ ਅਲ੍ਹੱੜ ਮੁਟਿਆਰਾਂ
ਨੱਚਦੇ ਟੱਪਦੇ ਗਿੱਧਾ ਪਾਉਂਦੇ
ਗਾਉਂਦੇ ਰਹਿੰਦੇ ਵਾਰਾਂ
ਪ੍ਰੇਮ ਲੜੀ ਵਿੱਚ ਇੰਜ ਪਰੋਤੇ
ਜਿਉਂ ਕੂੰਜਾਂ ਦੀਆਂ ਡਾਰਾਂ
ਮੌਤ ਨਾਲ ਇਹ ਕਰਨ ਮਖੌਲਾਂ
ਮਸਤੇ ਵਿੱਚ ਪਿਆਰਾਂ
ਕੁਦਰਤ ਦੇ ਮੈਂ ਚਾਕਰ ਅੱਗੇ
ਇਹ ਅਰਜ ਗੁਜ਼ਾਰਾਂ
ਦੇਸ਼ ਪੰਜਾਬ ਦੀਆਂ.....
ਖਿੜੀਆਂ ਰਹਿਣ ਬਹਾਰਾਂ

• •

ਦੇਸ਼ ਪੰਜਾਬ ਦੇ ਮੁੰਡੇ ਸੁਣੀਂਦੇ
ਜਿਊਂ ਲੜੀਆਂ ਦੀਆਂ ਲੜੀਆਂ
ਕੱਠੇ ਹੋ ਕੇ ਪਾਉਣ ਬੋਲੀਆਂ
ਮੁੱਛਾਂ ਰੱਖਦੇ ਖੜ੍ਹੀਆਂ
ਰਲ ਮਿਲ ਕੇ ਫਿਰ ਪਾਉਣ ਭੰਗੜਾ
ਸਹਿੰਦੇ ਨਹੀਂ ਕਿਸੇ ਦੀਆਂ ਤੜੀਆਂ
ਐਰ ਗੈਰ ਨਾਲ ਗਲ ਨਹੀਂ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ
ਬੇਲਾਂ ਧਰਮ ਦੀਆਂ-
ਵਿੱਚ ਦਰਗਾਹ ਦੇ ਹਰੀਆਂ