ਕਾਫ਼ੀਆਂ ਸ਼ਾਹ ਮੁਰਾਦ
1. ਲਗਾ ਨੇਹੁ ਰਹਿਆ ਹੁਣ ਮੈਂ ਥੀਂ
ਲਗਾ ਨੇਹੁ ਰਹਿਆ ਹੁਣ ਮੈਂ ਥੀਂ,
ਸੁਰਮਾ ਮਉਲੀ ਮਹਿੰਦੀ।੧।ਰਹਾਉ।
ਸਈਆਂ ਦੇਖ ਦਿਵਾਨੀ ਆਖਣ,
ਕੋਲ ਨ ਕਾਈ ਬਹਿੰਦੀ।੧।
ਲਖ ਬਦੀਆਂ ਤੇ ਸਉ ਤਾਨੇ,
ਸੁਣ ਸੁਣ ਸਿਰ ਤੇ ਸਹਿੰਦੀ।੨।
ਸ਼ਾਹ ਮੁਰਾਦ ਨੇਹੁ ਆਪੇ ਲਾਇਆ,
ਕੀਤਾ ਅਪਨਾ ਲਹਿੰਦੀ।੩।
(ਰਾਗ ਦੇਵ ਗੰਧਾਰੀ)
2. ਨੇਹੁੜਾ ਦਿਹਾੜਾ ਮਹੀਆਂ
ਨੇਹੁੜਾ ਦਿਹਾੜਾ ਮਹੀਆਂ,
ਅਗੈ ਭੀ ਕੇ ਲਾਇਆ ਕਹੀਆਂ,
ਕਾਹਿਲ ਕਿਉਂ ਕੀਤੀ ਸਈਆਂ
ਹੋਇਆ ਕਿਆ ਜਲੀਖਾਂ ਨੂੰ।੧।ਰਹਾਉ।
ਬੂਬਨਾ ਅਤੇ ਜਲਾਲੁ
ਸੋਹਨੀ ਅਤੇ ਮਹੀਵਾਲ,
ਹੀਰੇ ਨਾਲਿ ਰਾਂਝਨ ਪਿਆਰੁ,
ਹਿਤ ਪਿਆਰ ਪੂਰਾ ਆਹਾ,
ਸਸੀ ਨਾਲਿ ਪੁੰਨੂੰ ਨੂੰ।੧।
ਮੱਛੀ ਨਾਲਿ ਪਾਣੀ ਪਿਆਰੁ,
ਦੀਵੇ ਦਾ ਪਤੰਗ ਯਾਰ,
ਫੂਲੋਂ ਉਪਰਿ ਭਉਰ ਵਾਰ,
ਹਿਤ ਪਿਆਰੁ ਪੂਰਾ ਆਹਾ,
ਲੈਲਾਂ ਨਾਲਿ ਮਜਨੂੰ ਨੂੰ।੨।
ਆਖੇ ਹੁਣਿ ਮੁਰਾਦ ਸਾਹੁ,
ਅਗੇ ਭੀ ਤੇ ਏਹੋ ਰਾਹੁ,
ਨੇਹੁੜਾ ਚਰੋਕਾ ਲੋਕਾ,
ਖੋਲੋ ਦੇਖਿ ਕਿਤਾਬਾਂ ਨੂੰ।੩।
(ਰਾਗ ਜੈਜਾਵੰਤੀ)
3. ਅਉਗੁਣਆਰੀ ਨੂੰ ਕੋਇ ਗੁਣ ਨਾਹੀ
ਅਉਗੁਣਆਰੀ ਨੂੰ ਕੋਇ ਗੁਣ ਨਾਹੀ,
ਕੀ ਅਰਜ ਕਰਾਂ ਦੀਦਾਰ ਦੀ।੧।ਰਹਾਉ।
ਪਲਕ ਬਹਾਰੀ ਝਾੜੂ ਦੇਵੈ,
ਚੂਹੜੀ ਹਾਂ ਦਰਬਾਰ ਦੀ।੧।
ਆਪ ਘੋਲੀ ਸਭ ਪਾਰਾ ਘੋਲੀ,
ਸਿਰ ਘਰਿ ਤੈਥੋਂ ਵਾਰਦੀ।੨।
ਸ਼ਾਹ ਮੁਰਾਦ ਜੇ ਇਕ ਝਾਤੀ ਪਾਏਂ,
ਜਾਨ ਸ਼ਰੀਨੀ ਤਾਰਦੀ।੩।
(ਰਾਗ ਰਾਮਕਲੀ)
(ਪਾਰਾ=ਪਰਿਵਾਰ)
4. ਨਉ ਰੰਗ ਜੋਬਨ, ਨਈ ਬਹਾਰ
ਨਉ ਰੰਗ ਜੋਬਨ, ਨਈ ਬਹਾਰ,
ਬਿਨ ਪ੍ਰੀਤਮ ਹੋਤ ਛਾਰ।੧।ਰਹਾਉ।
ਉਡ ਰੇ ਭਉਰੇ ਜਾਇੰ ਬਿਦੇਸ,
ਮੇਰੇ ਪੀਆ ਕੋ ਕਹੀਅਉ ਸਤ ਸੰਦੇਸ।
ਮੋਕਉ ਬਿਰਹੁ ਸਤਾਵੈ ਬਾਰ ਬਾਰ,
ਮੋਹਿ ਨਿਮਾਣੀ ਕੀ ਕਰਹੁ ਸਾਰੁ।੧।
ਇਕ ਤੋ ਜਾਰੀ ਰੁਤਿ ਬਸੰਤੁ,
ਦੂਜੇ ਜਾਰੀ ਬਿਨ ਆਪਨੇ ਕੰਤੁ।
ਤੀਜੈ ਕੋਇਲ ਬੋਲੈ ਅੰਬ ਡਾਰ,
ਚਉਥੈ ਪਾਪੀ ਪਪੀਹਰਾ ਪੀਆ ਪੀਆ ਕਰੈ ਪੁਕਾਰ।੨।
ਮੁਰਾਦ ਪੁਕਾਰੇ ਪੀਉ ਪੀਉ,
ਜਿਨ ਡਿਠਿਆਂ ਠਰੇ ਮੇਰਾ ਜੀਉ।
ਮੇਰੀਆਂ ਰਗਾਂ ਪੁਕਾਰਨ ਤਾਰ ਤਾਰ,
ਮੇਰਾ ਹੀਅਰਾ ਪੁਕਾਰੇ ਯਾਰ ਯਾਰ।੩।
(ਰਾਗ ਬਸੰਤੁ)
(ਛਾਰ=ਸੁਆਹ,ਖ਼ਾਕ, ਜਾਰੀ=ਫੂਕੀ)