ਕਾਫ਼ੀਆਂ ਪੀਰ ਗ਼ੁਲਾਮ ਜੀਲਾਨੀ
ਪੰਜਾਬੀ ਕਾਫ਼ੀਆਂ ਪੀਰ ਗ਼ੁਲਾਮ ਜੀਲਾਨੀ
1. ਜੋ ਕਲ ਕਰਨਾ ਕਰ ਅਜ ਕੁੜੇ
ਜੋ ਕਲ ਕਰਨਾ ਕਰ ਅਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।
ਸੁੱਮਨ ਬੁਕਮਨ ਉਮੱਯਨ ਰਹੀਏ,
ਦਿਲ ਆਪਣੇ ਵਲ ਮੂੰਹ ਕਰ ਬਹੀਏ,
ਫ਼ੈਦਾ ਕੀ ਹੈ ਪਾਹਿਆ ਗੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।
ਤੇਰੀ ਉਮਰ ਮੁਸਾਫ਼ਰਾਂ ਰੈਨ ਕੁੜੇ,
ਤੂੰ ਕਿਉਂ ਬੈਠੀ ਕਰਕੇ ਚੈਨ ਕੁੜੇ,
ਕੁਝ ਕਰ ਤਾਹੀ ਰਹਿਸੀ ਲਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।
ਘਰ ਵਿਚ ਵੇਖ ਪਿਆਰੇ ਤਾਈਂ,
ਜ਼ਾਹਰ ਬਾਤਨ ਜਿਹੜਾ ਸਾਈਂ,
ਕਰ ਕਰ ਦਰਸ਼ਨ ਰੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।
ਵਾਫ਼ੀਅਨਸੁਕੁਮ ਹੁਕਮ ਖ਼ੁਦਾ,
ਓਹ ਪਿਆਰਾ ਨ ਇਕ ਦਮ ਹੋਵੇ ਜੁਦਾ,
ਤੂੰ ਰਾਹ ਅਵੱਲੇ ਨਾ ਭੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।
ਲੈ ਗ਼ੁਲਾਮ ਜੀਲਾਨੀ ਤੋਂ ਮਤ ਕੁੜੇ,
ਨੀ ਤੂੰ ਘਰ ਬਹਿ ਆਪ ਕਤ ਕੁੜੇ,
ਤੇਰਾ ਦਮ ਦਮ ਹੋਵੇ ਹੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ ।
(ਸੁੱਮਨ ਬੁਕਮਨ ਉਮੱਯਨ=ਦੁਨੀਆਂ
ਤੋਂ ਬੋਲੇ ਗੁੰਗੇ ਤੇ ਅੰਨ੍ਹੇ ਰਹਿਣਾ,
ਜ਼ਾਹਰ ਬਾਤਨ=ਬਾਹਰੋਂ-ਅੰਦਰੋਂ,
ਵਾਫ਼ੀਅਨਸੁਕੁਮ=ਵ ਅਫ਼ੀ ਅਨਫਸ
ਕੁਮ,ਅਤੇ ਤੁਹਾਡੇ ਸ਼ਰੀਰਾਂ ਤੇ ਪ੍ਰਾਣਾਂ
ਵਿਚ)
2. ਵਾਹਵਾ ਦਿਲਬਰ ਨਖ਼ਰੇ ਬਾਜਾ
ਵਾਹਵਾ ਦਿਲਬਰ ਨਖ਼ਰੇ ਬਾਜਾ ਕਰ ਕਰ ਨਾਜ਼ ਪ੍ਰਸਤੀ ।
ਇਸ਼ਕ ਤੇਰੇ ਨੇ ਦਿਲ ਮੇਰੇ ਨੂੰ ਜ਼ੌਕ ਚੜ੍ਹਾਇਆ ਮਸਤੀ ।
ਮੋਹ ਲਏ ਆਸ਼ਕ ਬੇਕਸ ਆਜ਼ਜ਼, ਕਰ ਕਰ ਨਾਜ਼ ਨਿਹੋਰੇ ।
ਕਾਲੂ ਬਲਾ ਕਹਿ ਲਈ ਬਲਾ ਸਿਰ, ਮਨ ਫ਼ਰਮਾਨ ਅਲਸਤੀ ।
ਹਟ ਬੈਠੇ ਤਾਂ ਝਿੜਕਾਂ ਦੇਵੇਂ, ਦਰ ਆਇਆਂ ਰੁਸ ਜਾਵੇਂ ।
ਅਜਬ ਹਰਾਨੀ ਤੇਰੀ ਯਾਰੀ, ਜਾਨ ਪਈ ਵਿੱਚ ਫਸਤੀ ।
ਗ਼ੁਲਾਮ ਜੀਲਾਨੀ ਦਰ ਤੇਰੇ ਦਾ, ਆਦ ਕਦੀਮੀ ਬਰਦਾ ।
ਨਾ ਦੇ ਝਿੜਕਾਂ ਆਜ਼ਜ਼ ਤਾਈਂ, ਆ ਡਿਗਿਆ ਵਿੱਚ ਬਸਤੀ ।
(ਬੇਕਸ=ਬੇਬਸ, ਬਰਦਾ=ਗ਼ੁਲਾਮ)