ਕਲਾਮ ਸੁਲਤਾਨ ਬਾਹੂ
 ਸੁਲਤਾਨ ਬਾਹੂ
691ਕਲਾਮ ਸੁਲਤਾਨ ਬਾਹੂਸੁਲਤਾਨ ਬਾਹੂ

ਹਜ਼ਰਤ ਸੁਲਤਾਨ ਬਾਹੂ ਦਾ ਪੂਰਾ ਪੰਜਾਬੀ ਕਲਾਮ
1. ਅਲਿਫ਼-ਅੱਲਾ ਚੰਬੇ ਦੀ ਬੂਟੀ

ਅਲਿਫ਼-ਅੱਲਾ ਚੰਬੇ ਦੀ ਬੂਟੀ,
ਮੁਰਸ਼ਦ ਮਨ ਵਿਚ ਲਾਈ ਹੂ ।
ਨਫੀ ਅਸਬਾਤ ਦਾ ਪਾਣੀ ਮਿਲਿਆ,
ਹਰ ਰਗੇ ਹਰ ਜਾਈ ਹੂ ।
ਅੰਦਰ ਬੂਟੀ ਮੁਸ਼ਕ ਮਚਾਇਆ,
ਜਾਂ ਫੁੱਲਣ ਤੇ ਆਈ ਹੂ ।
ਜੀਵੇ ਮੁਰਸ਼ਦ ਕਾਮਿਲ ਬਾਹੂ ,
ਜੈਂ ਇਹ ਬੂਟੀ ਲਾਈ ਹੂ ।

(ਮੁਰਸ਼ਦ=ਪੀਰ,ਗੁਰੂ, ਨਫੀ=ਬਦੀ,
ਅਸਬਾਤ=ਨੇਕੀ, ਜੈਂ=ਜਿਸ ਨੇ)


2. ਅਲਿਫ਼-ਅੱਲਾ ਚੰਬੇ ਦੀ ਬੂਟੀ

ਅਲਿਫ਼-ਅੱਲਾ ਚੰਬੇ ਦੀ ਬੂਟੀ,
ਮੁਰਸ਼ਦ ਮਨ ਵਿਚ ਲਾਂਦਾ ਹੂ ।
ਜਿਸ ਗਤ ਉਤੇ ਸੋਹਣਾ ਰਾਜੀ,
ਉਹੋ ਗਤ ਸਿਖਾਂਦਾ ਹੂ ।
ਹਰ ਦਮ ਯਾਦ ਰੱਖੀਂ ਹਰ ਵੇਲੇ,
ਸੋਹਣਾ ਉਠਦਾ ਬਾਂਹਦਾ ਹੂ ।
ਆਪੇ ਸਮਝ ਸਮਝੇਂਦਾ ਬਾਹੂ,
ਓਹ ਆਪ ਆਪੇ ਬਣ ਜਾਂਦਾ ਹੂ ।

3. ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ

ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ,
ਨ ਗਇਆ ਹਿਜਾਬਂੋ ਪਰਦਾ ਹੂ ।
ਪੜ੍ਹ ਪੜ੍ਹ ਆਲਿਮ ਫਾਜ਼ਿਲ ਹੋਇਓਂ,
ਅਜੇ ਭੀ ਤਾਲਿਬ ਜ਼ਰ ਦਾ ਹੂ ।
ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ,
ਪਰ ਜ਼ਾਲਿਮ ਨਫ਼ਸ ਨਾ ਮਰਦਾ ਹੂ ।
ਬਾਝ ਫ਼ਕੀਰਾਂ ਕਿਸੇ ਨਾ ਮਾਰਿਆ,
ਬਾਹੂ ਏਹੋ ਚੋਰ ਅੰਦਰ ਦਾ ਹੂ ।

(ਹਾਫਿਜ਼=ਜ਼ਬਾਨੀ ਯਾਦ ਕਰਨ ਵਾਲਾ,
ਤਾਲਿਬ=ਚਾਹਵਾਨ, ਜ਼ਰ=ਧਨ-ਦੌਲਤ)


4. ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ

ਅਲਿਫ਼-ਅਹਦ ਦਿੱਤੀ ਜਾਂ ਆਣ ਵਿਖਾਲੀ,
ਅਜ਼ ਖੁਦ ਹੋਇਆ ਫ਼ਾਨੀ ਹੂ ।
ਕੁਰਬ ਵਿਸਾਲ ਮਕਾਮ ਨਾ ਮੰਜ਼ਿਲ,
ਓਥੇ ਜਿਸਮ ਨਾ ਜਾਨੀ ਹੂ ।
ਨਾ ਓਥੇ ਇਸ਼ਕ ਮੁਹੱਬਤ ਕਾਈ,
ਨਾ ਓਥੇ ਕੌਨ-ਮਕਾਨੀ ਹੂ ।
ਐਨੋ ਐਨ ਥੀਓਸੇ ਬਾਹੂ,
ਸਦ ਵਹਦਤ ਸੁਬਹਾਨੀ ਹੂ ।

(ਅਹਦ=ਇਕੋ ਰੱਬ, ਵਿਸਾਲ=ਮਿਲਾਪ,
ਕੌਨ-ਮਕਾਨੀ=ਦੁਨੀਆਂ ਤੇ ਉੱਥੇ ਰਹਿਣ
ਵਾਲੇ, ਐਨੋ ਐਨ=ਇਕ ਮਿਕ ਹੋਣਾ,
ਸੁਬਹਾਨੀ=ਰੱਬੀ)


5. ਅਲਿਫ਼-ਅਜ਼ਲ ਅਬਦ ਨੂੰ ਸਹੀ ਕੀਤੋਸੁ

ਅਲਿਫ਼-ਅਜ਼ਲ ਅਬਦ ਨੂੰ ਸਹੀ ਕੀਤੋਸੁ,
ਵੇਖ ਤਮਾਸ਼ੇ ਗੁਜ਼ਰੇ ਹੂ ।
ਚੌਦਾਂ ਤਬਕ ਦਿਲੇ ਦੇ ਅੰਦਰ,
ਆਤਸ਼ ਲਾਏ ਹੁਜਰੇ ਹੂ ।
ਜਿਨ੍ਹਾਂ ਹੱਕ ਨਾ ਹਾਸਲ ਕੀਤਾ,
ਓਹ ਦੋਹੀਂ ਜਹਾਨੀ ਉਜੜੇ ਹੂ ।
ਆਸ਼ਕ ਗਰਕ ਹੋਵੇ ਵਿਚ ਵਹਦਤ,
ਬਾਹੂ ਵੇਖ ਤਿਨ੍ਹਾਂ ਦੇ ਮੁਜਰੇ ਹੂ ।

6. ਅਲਿਫ਼-ਅੰਦਰ ਹੂ ਤੇ ਬਾਹਰ ਹੂ

ਅਲਿਫ਼-ਅੰਦਰ ਹੂ ਤੇ ਬਾਹਰ ਹੂ,
ਵਤ ਬਾਹਰ ਕਿਥੇ ਲਭੈਂਦਾ ਹੂ ।
ਜਿਥੇ ਹੂ ਕਰੇ ਰੁਸ਼ਨਾਈ,
ਓਥੋਂ ਤੋੜ ਹਨੇਰਾ ਵੈਂਦਾ ਹੂ ।
ਹੂ ਦਾ ਦਾਗ ਮੁਹੱਬਤ ਵਾਲਾ,
ਦਮ ਦਮ ਨਾਲ ਸੜੇਂਦਾ ਹੂ ।
ਦੋਵੇਂ ਜੱਗ ਗੁਲਾਮ ਉਸ ਬਾਹੂ,
ਜੋ ਹੂ ਸਹੀ ਕਰੇਂਦਾ ਹੂ ।

(ਵੈਂਦਾ=ਚਲਿਆ ਜਾਣਾ)


7. ਅਲਿਫ਼-ਅਲਸਤ ਸੁਣਿਆ ਦਿਲ ਮੇਰੇ

ਅਲਿਫ਼-ਅਲਸਤ ਸੁਣਿਆ ਦਿਲ ਮੇਰੇ,
ਜਿੰਦ ਬਲਾ ਕੂਕੇਂਦੀ ਹੂ ।
ਹੁਬ ਵਤਨ ਦੀ ਗਾਲਿਬ ਹੋਈ,
ਹਿੱਕ ਪਲ ਸੌਣ ਨ ਦੇਂਦੀ ਹੂ ।
ਕਹਿਰ ਪਵੇ ਇਹ ਰਹਜ਼ਨ ਦੁਨੀਆਂ,
ਹੱਕ ਦਾ ਰਾਹ ਮਰੇਂਦੀ ਹੂ ।
ਆਸ਼ਿਕ ਮੂਲ ਕਬੂਲ ਨ ਬਾਹੂ,
ਜ਼ਾਰੋ ਜ਼ਾਰ ਰੋਵੇਂਦੀ ਹੂ ।

(ਅਲਸਤ=ਕੀ ਮੈਂ ਤੁਹਾਡਾ ਰੱਬ ਨਹੀਂ,
ਬਲਾ=ਕਿਉਂ ਨਹੀਂ)


8. ਅਲਿਫ਼-ਅੰਦਰ ਭੀ ਹੂ ਬਾਹਰ ਭੀ ਹੂ

ਅਲਿਫ਼-ਅੰਦਰ ਭੀ ਹੂ ਬਾਹਰ ਭੀ ਹੂ,
ਬਾਹੂ ਕਿੱਥਾਂ ਲਭੀਵੇ ਹੂ ।
ਸੈ ਰਿਆਜ਼ਤਾਂ ਕਰ ਕਰਾਹਾਂ,
ਖ਼ੂਨ ਜਿਗਰ ਦਾ ਪੀਵੇ ਹੂ ।
ਲੱਖ ਹਜ਼ਾਰ ਕਿਤਾਬਾਂ ਪੜ੍ਹ ਕੇ,
ਦਾਨਿਸ਼ਮੰਦ ਸਦੀਵੇ ਹੂ ।
ਨਾਮ ਫ਼ਕੀਰ ਤਹੈਂ ਦਾ ਬਾਹੂ,
ਕਬਰ ਜਿਨ੍ਹਾਂ ਦੀ ਜੀਵੇ ਹੂ ।

9. ਅਲਿਫ਼-ਅੱਧੀ ਲਾਅਨਤ ਦੁਨੀਆਂ ਤਾਈਂ

ਅਲਿਫ਼-ਅੱਧੀ ਲਾਅਨਤ ਦੁਨੀਆਂ ਤਾਈਂ,
ਸਾਰੀ ਦੁਨੀਆਂ ਦਾਰਾਂ ਹੂ ।
ਜੇ ਰਾਹ ਸਾਹਿਬ ਦੇ ਖਰਚ ਨਾ ਕੀਤੀ,
ਪੈਣ ਗਜ਼ਬ ਦੀਆਂ ਮਾਰਾਂ ਹੂ ।
ਪਿਉਆਂ ਕੋਲੋਂ ਪੁੱਤ ਕੁਹਾਵੇ,
ਭਠ ਦੁਨੀਆਂ ਮੱਕਾਰਾਂ ਹੂ ।
ਜਿਨ੍ਹਾਂ ਛੋੜੀ ਦੁਨੀਆਂ ਬਾਹੂ,
ਲੈਸਣ ਬਾਗ਼ ਬਹਾਰਾਂ ਹੂ ।

10. ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ

ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ,
ਹਰਗਿਜ਼ ਪਾਕ ਨ ਥੀਵੇ ਹੂ ।
ਜੇ ਫ਼ਕਰ ਘਰ ਦੁਨੀਆਂ ਹੋਵੇ,
ਲਾਅਨਤ ਤਿਸ ਦੇ ਜੀਵੇ ਹੂ ।
ਹੁੱਬ ਦੁਨੀਆਵੀ ਰੱਬ ਥੀਂ ਮੋੜੇ,
ਵੇਲੇ ਫ਼ਕਰ ਕਚੀਵੇ ਹੂ ।
ਏਹ ਦੁਨੀਆਂ ਨੂੰ ਤਿੰਨ ਤਲਾਕਾਂ,
ਜੇ ਬਾਹੂ ਸੱਚ ਪੁਛੀਵੇ ਹੂ ।

(ਜ਼ਨ ਹੈਜ਼ ਪਲੀਤੀ=ਗੰਦੇ ਲਹੂ ਨਾਲ ਲਿਬੜੀ)


11. ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ

ਅਲਿਫ਼-ਇਹ ਦੁਨੀਆਂ ਜ਼ਨ ਹੈਜ਼ ਪਲੀਤੀ,
ਕੇਤੀ ਮਲ ਮਲ ਧੋਂਦੇ ਹੂ ।
ਦੁਨੀਆਂ ਕਾਰਨ ਆਲਿਮ ਫਾਜ਼ਿਲ,
ਗੋਸ਼ੇ ਬਹਿ ਬਹਿ ਰੋਂਦੇ ਹੂ ।
ਦੁਨੀਆਂ ਕਾਰਨ ਖਲਕਤ ਸਾਰੀ,
ਹਿਕ ਪਲ ਸੁਖ ਨ ਸੌਂਦੇ ਹੂ ।
ਜਿਨ੍ਹਾਂ ਛੱਡੀ ਦੁਨੀਆਂ ਬਾਹੂ,
ਉਹ ਕੰਧੀ ਚੜ੍ਹ ਖਲੋਂਦੇ ਹੂ ।

(ਜ਼ਨ ਹੈਜ਼ ਪਲੀਤੀ=ਗੰਦੇ ਲਹੂ ਨਾਲ ਲਿਬੜੀ)


12. ਅਲਿਫ਼-ਈਮਾਨ ਸਲਾਮਤ ਹਰ ਕੋਈ ਮੰਗੇ

ਅਲਿਫ਼-ਈਮਾਨ ਸਲਾਮਤ ਹਰ ਕੋਈ ਮੰਗੇ,
ਇਸ਼ਕ ਸਲਾਮਤ ਕੋਈ ਹੂ ।
ਜਿਸ ਮੰਜ਼ਲ ਨੂੰ ਇਸ਼ਕ ਪੁਚਾਵੇ ,
ਈਮਾਨੇ ਖ਼ਬਰ ਨ ਕੋਈ ਹੂ ।
ਮੰਗਣ ਈਮਾਨ ਸ਼ਰਮਾਵਣ ਇਸ਼ਕੋਂ,
ਦਿਲ ਨੂੰ ਗੈਰਤ ਹੋਈ ਹੂ ।
ਇਸ਼ਕ ਸਲਾਮਤ ਰੱਖੀਂ ਬਾਹੂ,
ਦਿਆਂ ਈਮਾਨ ਧਰੋਈ ਹੂ ।

13. ਅਲਿਫ਼-ਅੰਦਰ ਵਿਚ ਨਮਾਜ਼ ਅਸਾਡੀ

ਅਲਿਫ਼-ਅੰਦਰ ਵਿਚ ਨਮਾਜ਼ ਅਸਾਡੀ,
ਹਿਕਸੇ ਜਾ ਨਤੀਵੇ ਹੂ ।
ਨਾਲ ਕਿਆਮ ਰਕੂਅ ਸਜੂਦੇ,
ਕਰ ਤਕਰਾਰ ਪੜ੍ਹੀਵੇ ਹੂ ।
ਇਹ ਦਿਲ ਹਿਜ਼ਰ ਫ਼ਰਾਕੋਂ ਸੜਦਾ,
ਇਹ ਦਮ ਮਰੇ ਨ ਜੀਵੇ ਹੂ ।
ਸੱਚਾ ਰਾਹ ਮੁਹੰਮਦ ਵਾਲਾ ਬਾਹੂ,
ਜੈਂ ਵਿਚ ਰੱਬ ਲਭੀਵੇ ਹੂ ।

(ਨਤੀਵੇ=ਨੀਯਤ ਨਾਲ)


14. ਅਲਿਫ਼-ਇਹ ਤਨ ਮੇਰਾ ਚਸ਼ਮਾਂ ਹੋਵੇ

ਅਲਿਫ਼-ਇਹ ਤਨ ਮੇਰਾ ਚਸ਼ਮਾਂ ਹੋਵੇ,
ਮੈਂ ਮੁਰਸ਼ਦ ਵੇਖ ਨ ਰੱਜਾਂ ਹੂ ।
ਲੂੰ ਲੂੰ ਦੇ ਮੁਢ ਲੱਖ ਲੱਖ ਚਸ਼ਮਾਂ,
ਹਿੱਕ ਖੋਲ੍ਹਾਂ ਹਿੱਕ ਕੱਜਾਂ ਹੂ ।
ਇਤਨਾ ਡਿੱਠਿਆਂ ਸਬਰ ਨ ਮੈਂ ਦਿਲ,
ਹੋਰ ਕਿਤੇ ਵਲ ਭੱਜਾਂ ਹੂ ।
ਮੁਰਸ਼ਦ ਦਾ ਦੀਦਾਰ ਜੋ ਬਾਹੂ,
ਮੈਨੂੰ ਲੱਖ ਕਰੋੜਾਂ ਹੱਜਾਂ ਹੂ ।

(ਚਸ਼ਮਾਂ=ਅੱਖਾਂ)


15. ਅਲਿਫ਼-ਅੱਲਾ ਸਹੀ ਕੀਤੋਸੁ

ਅਲਿਫ਼-ਅੱਲਾ ਸਹੀ ਕੀਤੋਸੁ,
ਜਦ ਚਮਕਿਆ ਇਸ਼ਕ ਅਗੂਹਾਂ ਹੂ ।
ਰਾਤ ਦਿਹਾਂ ਦੇ ਤਾਅ ਤਿਖੇਰੇ,
ਨਿਤ ਕਰੇ ਅਗੋਹਾਂ ਸੂਹਾਂ ਹੂ ।
ਅੰਦਰ ਭਾਹੀਂ ਅੰਦਰ ਬਾਲਣ,
ਅੰਦਰ ਦੇ ਵਿਚ ਧੂੰਆਂ ਹੂ ।
ਬਾਹੂ ਸ਼ਾਹਰਗ ਥੀਂ ਰਬ ਨੇੜੇ ਲੱਧਾ,
ਜਦੋਂ ਇਸ਼ਕ ਕੀਤਾ ਸੀ ਸੂੰਹਾਂ ਹੂ ।

(ਅਗੂਹਾਂ=ਅੱਗੇ ਲਿਜਾਣ ਵਾਲਾ)


16. ਅਲਫ਼-ਅੱਖੀਂ ਸੁਰਖ ਮੂੰਹ ਪਰ ਜ਼ਰਦੀ

ਅਲਫ਼-ਅੱਖੀਂ ਸੁਰਖ ਮੂੰਹ ਪਰ ਜ਼ਰਦੀ,
ਹਰ ਵਲੋਂ ਦਿਲ ਆਹੀਂ ਹੂ ।
ਮਹਾਂ ਮੁਹਾੜ ਖ਼ੁਸ਼ਬੋਈ ਵਾਲਾ,
ਪਹੁੰਤਾ ਵੰਜ ਕਿਦਾਹੀਂ ਹੂ ।
ਇਸ਼ਕ ਮੁਸ਼ਕ ਨਾ ਛੁਪੇ ਰਹਿੰਦੇ,
ਜ਼ਾਹਰ ਥੀਣ ਉਥਾਹੀਂ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਜਿਨ੍ਹਾਂ ਲਾਮਕਾਨੀ ਜਾਹੀਂ ਹੂ ।

(ਲਾਮਕਾਨੀ=ਮਕਾਨ ਬਿਨਾ)


17. ਅਲਿਫ਼-ਅੰਦਰ ਕਲਮਾਂ ਕਲਕਲ ਕਰਦਾ

ਅਲਿਫ਼-ਅੰਦਰ ਕਲਮਾਂ ਕਲਕਲ ਕਰਦਾ,
ਇਸ਼ਕ ਸਿਖਾਇਆ ਕਲਮਾਂ ਹੂ ।
ਚੌਦਾਂ ਤਬਕ ਕਲਮੇ ਦੇ ਅੰਦਰ,
ਛੱਡ ਕਿਤਾਬਾਂ ਇਲਮਾਂ ਹੂ ।
ਕਾਨੇ ਕੱਪ ਕੱਪ ਕਲਮ ਬਨਾਵਣ,
ਲਿਖ ਨਾ ਸਕਣ ਕਲਮਾਂ ਹੂ ।
ਬਾਹੂ ਕਲਮਾ ਮੈਨੂੰ ਪੀਰ ਪੜ੍ਹਾਇਆ,
ਜ਼ਰਾ ਨਾ ਰਹੀਆਂ ਅਲਮਾਂ ਹੂ ।

(ਕਲਕਲ=ਕਲਮੇ ਦੀ ਆਵਾਜ਼,
ਚੌਦਾਂ ਤਬਕ=ਸੱਤ ਆਕਾਸ਼ ਤੇ
ਸੱਤ ਪਤਾਲ)


18. ਅਲਿਫ਼-ਇਕ ਦਮ ਸਜਣ ਤੇ ਲਖ ਦਮ ਵੈਰੀ

ਅਲਿਫ਼-ਇਕ ਦਮ ਸਜਣ ਤੇ ਲਖ ਦਮ ਵੈਰੀ,
ਇਕ ਦਮ ਦੇ ਮਾਰੇ ਮਰਦੇ ਹੂ ।
ਇਕ ਦਮ ਪਿਛੇ ਜਨਮ ਗਵਾਇਆ,
ਚੋਰ ਬਣੇ ਘਰ ਘਰ ਦੇ ਹੂ ।
ਲਾਈਆਂ ਦੀ ਉਹ ਕਦਰ ਕੀ ਜਾਨਣ,
ਜੇਹੜੇ ਮਹਰਮ ਨਾਹੀਂ ਸਿਰ ਦੇ ਹੂ ।
ਸੋ ਕਿਉਂ ਧੱਕੇ ਖਾਵਣ ਬਾਹੂ,
ਜੇਹੜੇ ਤਾਲਿਬ ਸੱਚੇ ਦਰ ਦੇ ਹੂ ।

19. ਅਲਿਫ਼-ਇਹ ਤਨ ਰੱਬ ਸੱਚੇ ਦਾ ਹੁਜਰਾ

ਅਲਿਫ਼-ਇਹ ਤਨ ਰੱਬ ਸੱਚੇ ਦਾ ਹੁਜਰਾ,
ਖਿੜੀਆਂ ਬਾਗ਼ ਬਹਾਰਾਂ ਹੂ ।
ਵਿਚੇ ਕੂਜੇ ਵਿਚੇ ਮੁਸੱਲੇ,
ਵਿਚੇ ਸਿਜਦੇ ਦਿਆਂ ਹਜ਼ਾਰਾਂ ਹੂ ।
ਵਿਚੇ ਕਾਅਬਾ ਵਿਚੇ ਕਿਬਲਾ,
ਵਿਚੇ ਇਲ ਲਿੱਲਾ ਪੁਕਾਰਾਂ ਹੂ ।
ਕਾਮਲ ਮੁਰਸ਼ਦ ਮਿਲਿਆ ਬਾਹੂ,
ਓਹ ਆਪੇ ਲੈਸੀ ਸਾਰਾਂ ਹੂ ।

20. ਅਲਫ਼-ਇਹ ਤਨ ਰੱਬ ਸੱਚੇ ਦਾ ਹੁਜਰਾ

ਅਲਫ਼-ਇਹ ਤਨ ਰੱਬ ਸੱਚੇ ਦਾ ਹੁਜਰਾ,
ਵਿਚ ਪਾ ਫ਼ਕੀਰਾਂ ਝਾਤੀ ਹੂ ।
ਨਾ ਕਰ ਮਿਨਤ ਖਵਾਜ਼ਾ ਖਿਜ਼ਰ ਦੀ,
ਤੈਂੇ ਅੰਦਰ ਆਬਹਯਾਤੀ ਹੂ ।
ਸ਼ੌਕ ਦਾ ਦੀਵਾ ਬਾਲ ਅੰਧੇਰੇ,
ਮਤਾਂ ਲਭੇ ਵਸਤ ਖੜਾਤੀ ਹੂ ।
ਮਰਨ ਥੀਂ ਮਰ ਰਹੇ ਅੱਗੇ ਬਾਹੂ,
ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ ਹੂ ।

(ਖਵਾਜ਼ਾ ਖਿਜ਼ਰ=ਪਾਣੀ ਦਾ ਫਰਿਸ਼ਤਾ)


21. ਅਲਿਫ਼-ਔਝੜ ਝਲ ਤੇ ਮਾਰੂ ਬੇਲੇ

ਅਲਿਫ਼-ਔਝੜ ਝਲ ਤੇ ਮਾਰੂ ਬੇਲੇ,
ਜਿਥੇ ਜਾਲਣ ਆਈ ਹੂ ।
ਜਿਸ ਕੰਧੀ ਨੂੰ ਢਾਹ ਹਮੇਸ਼ਾ,
ਅਜ ਢਠੀ ਕਲ ਢਾਈ ਹੂ ।
ਨੈਂ ਜਿਨ੍ਹਾਂ ਦੀ ਵਹੇ ਸਿਰ੍ਹਾਂਦੀ,
ਉਹ ਸੁਖ ਨ ਸੌਂਦੇ ਰਾਹੀ ਹੂ ।
ਰੇਤ ਪਾਣੀ ਜਿੱਥੇ ਹੋਣ ਇਕੱਠੇ ਬਾਹੂ,
ਉੱਥੇ ਬੰਨੀ ਨ ਬਝਦੀ ਕਾਈ ਹੂ ।

22. ਅਲਿਫ਼-ਆਪ ਨ ਤਾਲਿਬ ਹੈਨ ਕਹੀਂ ਦੇ

ਅਲਿਫ਼-ਆਪ ਨ ਤਾਲਿਬ ਹੈਨ ਕਹੀਂ ਦੇ,
ਲੋਕਾਂ ਤਾਲਿਬ ਕਰਦੇ ਹੂ ।
ਚਾਵਣ ਖੇਪਾਂ ਕਰਦੇ ਸੇਪਾਂ,
ਨ ਰੱਬ ਦੇ ਕਹਿਰੋਂ ਡਰਦੇ ਹੂ ।
ਇਸ਼ਕ ਮਜਾਜ਼ੀ ਤਿਲਕਣ ਬਾਜ਼ੀ,
ਪੈਰ ਅਵੱਲੇ ਧਰਦੇ ਹੂ ।
ਉਹ ਸ਼ਰਮਿੰਦੇ ਹੋਸਨ ਬਾਹੂ,
ਅੰਦਰ ਰੋਜ਼ ਹਸ਼ਰ ਦੇ ਹੂ ।

(ਖੇਪਾਂ=ਪੈਸੇ ਜਾਂ ਸਮਾਨ ਚੁਕਣ
ਵਾਲੇ, ਸੇਪਾਂ=ਸੇਪੀ ਕਰਨ ਵਾਲੇ)


23. ਅਲਿਫ਼-ਓਹੋ ਨਫਸ ਅਸਾਡਾ ਬੇਲੀ

ਅਲਿਫ਼-ਓਹੋ ਨਫਸ ਅਸਾਡਾ ਬੇਲੀ,
ਜੋ ਨਾਲ ਅਸਾਡੇ ਸਿੱਧਾ ਹੂ ।
ਜੋ ਕੋਈ ਉਸ ਦੀ ਕਰੇ ਸਵਾਰੀ,
ਉਸ ਨਾਮ ਅੱਲਾ ਦਾ ਲੱਧਾ ਹੂ ।
ਇਹ ਜ਼ਾਹਿਦ ਆਬਿਦ ਚਾ ਨਿਵਾਏ,
ਜਿਥੇ ਟੁਕੜਾ ਵੇਖੇ ਥਿੰਧਾ ਹੂ ।
ਰਾਹ ਫ਼ਕਰ ਦਾ ਮੁਸ਼ਕਲ ਬਾਹੂ,
ਘਰ ਮਾਂ ਨਾ ਸੀਰਾ ਰਿੱਧਾ ਹੂ ।

(ਜ਼ਾਹਿਦ=ਪ੍ਰਹੇਜ਼ਗਾਰ, ਆਬਿਦ=
ਇਬਾਦਤ ਕਰਨ ਵਾਲਾ, ਸੀਰਾ=
ਪਤਲਾ ਹਲਵਾ)


24. ਐਨ-ਇਲਮੇ ਬਾਝੋਂ ਫਕਰ ਕਮਾਵੇ

ਐਨ-ਇਲਮੇ ਬਾਝੋਂ ਫਕਰ ਕਮਾਵੇ,
ਕਾਫ਼ਰ ਮਰੇ ਦੀਵਾਨਾ ਹੂ ।
ਸੈ ਵਰ੍ਹਿਆਂ ਦੀ ਕਰੇ ਇਬਾਦਤ,
ਅੱਲਾ ਥੀਂ ਬੇਗਾਨਾ ਹੂ ।
ਗ਼ਫ਼ਲਤ ਥੀਂ ਨ ਖੁਲਸਨ ਪੜਦੇ,
ਦਿਲ ਜਾਹਿਲ ਬੁਤਖਾਨਾ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਮਿਲਿਆ ਯਾਰ ਯਗਾਨਾ ਹੂ ।

(ਯਗਾਨਾ=ਬੇਮਿਸਾਲ)


25. ਐਨ-ਆਸ਼ਕ ਹੋਵੇਂ ਤੇ ਇਸ਼ਕ ਕਮਾਵੇਂ

ਐਨ-ਆਸ਼ਕ ਹੋਵੇਂ ਤੇ ਇਸ਼ਕ ਕਮਾਵੇਂ,
ਦਿਲ ਰਖੇਂ ਵਾਂਗ ਪਹਾੜਾਂ ਹੂ ।
ਲੱਖ ਲੱਖ ਤਾਅਨੇ ਝੱਲੇਂ ਸਿਰ ਤੇ,
ਤੇ ਲੈਵੇਂ ਬਾਗ਼ ਬਹਾਰਾਂ ਹੂ ।
ਮਨਸੂਰ ਜੇਹੇ ਚਾ ਸੂਲੀ ਦਿੱਤੇ,
ਜੇੜ੍ਹੇ ਵਾਕਫ ਕੁੱਲ ਅਸਰਾਰਾਂ ਹੂ ।
ਸਜਦੋਂ ਸਿਰ ਨਾ ਚਾਏ ਬਾਹੂ,
ਤੋੜੇ ਕਾਫ਼ਰ ਕਹਿਣ ਹਜ਼ਾਰਾਂ ਹੂ ।

(ਅਸਰਾਰ=ਭੇਦ, ਤੋੜੇ=ਭਾਵੇਂ)


26. ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ

ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ,
ਕਦੀ ਨਾ ਥੀਂਦੇ ਵਾਂਦੇ ਹੂ ।
ਨੀਂਦ ਹਰਾਮ ਤਿਨ੍ਹਾਂ ਤੇ ਜਿਹੜੇ,
ਜ਼ਾਤੀ ਇਸਮ ਪਕਾਂਦੇ ਹੂ ।
ਹਿਕ ਪਲ ਮੂਲ ਆਰਾਮ ਨਾ ਆਵੇ,
ਦਿਨ ਰਾਤ ਫਿਰਨ ਕੁਰਲਾਂਦੇ ਹੂ ।
ਜਿਨ੍ਹਾਂ ਅਲਿਫ਼ ਸਹੀ ਕਰ ਪੜ੍ਹਿਆ ਬਾਹੂ,
ਵਾਹ ਨਸੀਬ ਤਿਨ੍ਹਾਂ ਦੇ ਹੂ ।

27. ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ

ਐਨ-ਆਸ਼ਕ ਰਾਜ਼ ਮਾਹੀ ਦੇ ਕੋਲੋਂ,
ਫਿਰਨ ਹਮੇਸ਼ਾ ਖੀਵੇ ਹੂ ।
ਜਿਨ੍ਹਾਂ ਜੀਂਦੇ ਜਾਨ ਮਾਹੀ ਨੂੰ ਡਿੱਤੀ,
ਦੋਹੀਂ ਜਹਾਨੀ ਜੀਵੇ ਹੂ ।
ਸ਼ਮ੍ਹਾਂ ਚਰਾਗ ਜਿਨ੍ਹਾਂ ਦਿਲ ਰੌਸ਼ਨ,
ਸੋ ਕਿਉਂ ਬਾਲਣ ਦੀਵੇ ਹੂ ।
ਅਕਲ ਫ਼ਿਕਰ ਦੀ ਪਹੁੰਚ ਨਾ ਬਾਹੂ,
ਓਥੇ ਫਾਨੀ ਫਹਿਮ ਕਚੀਵੇ ਹੂ ।

28. ਐਨ-ਆਸ਼ਕ ਸੋਈ ਹਕੀਕੀ ਜਿਹੜੇ

ਐਨ-ਆਸ਼ਕ ਸੋਈ ਹਕੀਕੀ ਜਿਹੜੇ,
ਕਤਲ ਮਾਸ਼ੂਕ ਦੇ ਮੰਨੇ ਹੂ ।
ਇਸ਼ਕ ਨ ਛੋੜੇ ਮੁੱਖ ਨ ਮੋੜੇ,
ਤੋੜੇ ਤਲਵਾਰਾਂ ਖੰਨੇ ਹੂ ।
ਜਿਤ ਵਲ ਵੇਖੇ ਰਾਜ਼ ਮਾਹੀ ਦਾ,
ਜਾਵੇ ਓਸੇ ਬੰਨੇ ਹੂ ।
ਸੱਚਾ ਇਸ਼ਕ ਹੁਸੈਨ ਦਾ ਬਾਹੂ,
ਸਿਰ ਦੇਵੇ ਰਾਜ਼ ਨ ਭੰਨੇ ਹੂ ।

(ਖੰਨੇ=ਖੰਡੇ)


29. ਐਨ-ਆਸ਼ਕਾਂ ਦਿਲ ਮੋਮ ਬਰਾਬਰ

ਐਨ-ਆਸ਼ਕਾਂ ਦਿਲ ਮੋਮ ਬਰਾਬਰ,
ਮਾਸ਼ੂਕਾਂ ਦਿਲ ਕਾਹਲੀ ਹੂ ।
ਤੁਅਮਾ ਦੇਖੇ ਤੁਰ ਤੁਰ ਤੱਕੇ,
ਜਿਓਂ ਬਾਜ਼ਾਂ ਦੇ ਚਾਲੀ ਹੂ ।
ਬਾਜ਼ ਵਿਚਾਰਾ ਕਿਉਂ ਕਰ ਉੱਡੇ,
ਪੈਰੀਂ ਪਇਓਸੁ ਦਵਾਲੀ ਹੂ ।
ਜੈਂ ਦਿਲ ਇਸ਼ਕ ਨ ਹੋਵੇ ਬਾਹੂ,
ਗਏ ਜਹਾਨੋਂ ਖ਼ਾਲੀ ਹੂ ।

(ਤੁਅਮਾ,ਤਾਮਾ=ਮਾਸ ਦਾ ਟੁਕੜਾ,
ਦਵਾਲੀ=ਦੋ ਵਲਾਂ ਵਾਲੀ ਰੱਸੀ)


30. ਐਨ-ਇਸ਼ਕ ਦੀ ਭਾਹ ਹੱਡਾਂ ਦਾ ਬਾਲਣ

ਐਨ-ਇਸ਼ਕ ਦੀ ਭਾਹ ਹੱਡਾਂ ਦਾ ਬਾਲਣ,
ਆਸ਼ਕ ਬਹਿ ਸਕੇਂਦੇ ਹੂ ।
ਘੱਤ ਕੇ ਜਾਨ ਜਿਗਰ ਵਿਚ ਆਰਾ,
ਵੇਖ ਕਬਾਬ ਤਲੇਂਦੇ ਹੂ ।
ਸਰਗਰਦਾਂ ਫਿਰਨ ਹਰ ਵੇਲੇ,
ਖ਼ੂਨ ਜਿਗਰ ਦਾ ਪੀਂਦੇ ਹੂ ।
ਹੋਏ ਹਜ਼ਾਰਾਂ ਆਸ਼ਕ ਬਾਹੂ,
ਇਸ਼ਕ ਨਸੀਬ ਕਹੀਂਦੇ ਹੂ ।

31. ਐਨ-ਇਸ਼ਕ ਦੀ ਬਾਜ਼ੀ ਹਰ ਜਾ ਖੇਡੀ

ਐਨ-ਇਸ਼ਕ ਦੀ ਬਾਜ਼ੀ ਹਰ ਜਾ ਖੇਡੀ,
ਸ਼ਾਹ ਗਦਾ ਸੁਲਤਾਨਾ ਹੂ ।
ਆਲਿਮ ਫਾਜ਼ਿਲ ਆਕਿਲ ਦਾਨਾ,
ਕਰਦਾ ਚਾ ਹੈਰਾਨਾ ਹੂ ।
ਤੰਬੂ ਠੋਕ ਬੈਠਾ ਵਿਚ ਦਿਲ ਦੇ,
ਲਾਇਓਸੁ ਖਲਵਤ-ਖਾਨਾ ਹੂ ।
ਇਸ਼ਕ ਫ਼ਕੀਰ ਮਨੇਂਦੇ ਬਾਹੂ,
ਮਾਨੇ ਕੌਣ ਬੇਗਾਨਾ ਹੂ ।

32. ਐਨ-ਇਸ਼ਕ ਹਕੀਕੀ ਪਾਇਆ

ਐਨ-ਇਸ਼ਕ ਹਕੀਕੀ ਪਾਇਆ,
ਮੂੰਹੋਂ ਨ ਕੁਝ ਅਲਾਵਣ ਹੂ ।
ਦਮ ਦਮ ਦੇ ਵਿਚ ਆਖਣ ਮੌਲਾ,
ਦਿਲ ਨੂੰ ਕੈਦ ਲਗਾਵਣ ਹੂ ।
ਸਰਵਰੀ ਕਾਦਰੀ ਹਨਫੀ ਅਖਫੀ,
ਸੱਰੀ ਜ਼ਿਕਰ ਕਮਾਵਣ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜੋ ਹਿਕ ਨਿਗ੍ਹਾ ਵਿਚ ਆਵਣ ਹੂ ।

33. ਐਨ-ਇਸ਼ਕ ਮੁਹੱਬਤ ਦਰਿਆ ਦੇ ਵਿਚ

ਐਨ-ਇਸ਼ਕ ਮੁਹੱਬਤ ਦਰਿਆ ਦੇ ਵਿਚ,
ਥੀ ਮਰਦਾਨਾ ਤਰੀਏ ਹੂ ।
ਜਿਥੇ ਪੌਣ ਗ਼ਜ਼ਬ ਦੀਆਂ ਲਹਿਰਾਂ,
ਕਦਮ ਉਥਾਈਂ ਧਰੀਏ ਹੂ ।
ਔਝੜ ਝੰਗ ਬਲਾਈਂ ਬੇਲੇ,
ਵੇਖ ਵੇਖ ਨਾ ਡਰੀਏ ਹੂ ।
ਨਾਮ ਫ਼ਕੀਰ ਤਦ ਥੀਂਦਾ ਬਾਹੂ,
ਜੇ ਵਿਚ ਤਲਬ ਦੇ ਮਰੀਏ ਹੂ ।

34. ਐਨ-ਆਸ਼ਕਾਂ ਹਿਕ ਵੁਜ਼ੂ ਜੋ ਕੀਤਾ

ਐਨ-ਆਸ਼ਕਾਂ ਹਿਕ ਵੁਜ਼ੂ ਜੋ ਕੀਤਾ,
ਰੋਜ਼ ਕਿਆਮਤ ਤਾਈਂ ਹੂ ।
ਵਿਚ ਨਮਾਜ਼, ਰਕੂਅ ਸਜੂਦੇ,
ਰਹਿੰਦੇ ਸੰਝ ਸਬਾਹੀਂ ਹੂ ।
ਏਥੇ ਓਥੇ ਦੋਹੀਂ ਜਹਾਨੀਂ,
ਸਭ ਫਕਰ ਦੀਆਂ ਜਾਈਂ ਹੂ ।
ਅਰਸ਼ਾਂ ਤੋਂ ਸੈ ਮੰਜ਼ਿਲ ਅੱਗੇ ਬਾਹੂ,
ਵੰਜ ਪਿਆ ਕੰਮ ਤਿਨਾਹੀਂ ਹੂ ।

35. ਐਨ-ਇਸ਼ਕ ਮਾਹੀ ਦੇ ਲਾਈਆਂ ਅੱਗੀਂ

ਐਨ-ਇਸ਼ਕ ਮਾਹੀ ਦੇ ਲਾਈਆਂ ਅੱਗੀਂ,
ਲੱਗੀਆਂ ਕੌਣ ਬੁਝਾਵੇ ਹੂ ।
ਮੈਂ ਕੀ ਜਾਣਾ ਜ਼ਾਤ ਇਸ਼ਕ ਦੀ,
ਜੋ ਦਰ ਦਰ ਜਾ ਝੁਕਾਵੇ ਹੂ ।
ਨਾ ਖੁਦ ਸੌਵੇਂ ਨਾ ਸੌਵਣ ਦੇਵੇ,
ਸੁਤਿਆਂ ਆਣ ਜਗਾਵੇ ਹੂ ।
ਮੈਂ ਕੁਰਬਾਨ ਤਿਨ੍ਹਾਂ ਦੇ ਬਾਹੂ,
ਜਿਹੜਾ ਵਿਛੜੇ ਯਾਰ ਮਿਲਾਵੇ ਹੂ ।

36. ਐਨ-ਇਸ਼ਕ ਦੀ ਗੱਲ ਅਵੱਲੀ

ਐਨ-ਇਸ਼ਕ ਦੀ ਗੱਲ ਅਵੱਲੀ,
ਜਿਹੜੀ ਸ਼ਰਾ ਥੀਂ ਦੂਰ ਹਟਾਵੇ ਹੂ ।
ਕਾਜ਼ੀ ਛੋੜ ਕਜ਼ਾਈ ਜਾਵਣ,
ਜਿਨ੍ਹਾਂ ਇਸ਼ਕ ਤਮਾਚਾ ਲਾਵੇ ਹੂ ।
ਲੋਕ ਅਯਾਣੇ ਮੱਤੀਂ ਦੇਵਣ,
ਆਸ਼ਕਾਂ ਮੱਤ ਨਾ ਭਾਵੇ ਹੂ ।
ਮੁੜਨ ਮੁਹਾਲ ਤਿਨ੍ਹਾਂ ਨੂੰ ਬਾਹੂ,
ਜਿਨ੍ਹਾਂ ਸਾਹਿਬ ਆਪ ਬੁਲਾਵੇ ਹੂ ।

37. ਐਨ-ਇਸ਼ਕ ਸ਼ਹੁ ਦੇ ਦਿਲ ਖੜਾਇਆ

ਐਨ-ਇਸ਼ਕ ਸ਼ਹੁ ਦੇ ਦਿਲ ਖੜਾਇਆ,
ਆਪ ਭੀ ਨਾਲੇ ਖੜਿਆ ਹੂ ।
ਖੜਿਆ ਖੜਿਆ ਵਲਿਆ ਨਾਹੀਂ,
ਸੰਗ ਮਹਿਬੂਬਾਂ ਰਲਿਆ ਹੂ ।
ਅਕਲ ਫ਼ਿਕਰ ਦੀਆਂ ਸਭ ਭੁੱਲ ਗਈਆਂ,
ਇਸ਼ਕੇ ਨਾਲ ਜਾਂ ਮਿਲਿਆ ਹੂ ।
ਮੈਂ ਕੁਰਬਾਨ ਤਿਨ੍ਹਾਂ ਥੋਂ ਬਾਹੂ,
ਜਿਨ੍ਹਾਂ ਇਸ਼ਕ ਜਵਾਨੀ ਚੜ੍ਹਿਆ ਹੂ ।

38. ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,
ਲੱਥਾ ਮੱਲ ਮੁਹਾੜੀ ਹੂ ।
ਨਾ ਸੌਵੇਂ ਨਾ ਸੌਵਣ ਦੇਵੇ,
ਜੀਵੇਂ ਬਾਲ ਰਿਹਾੜੀ ਹੂ ।
ਪੋਹ ਮਾਘੀਂ ਮੰਗੇ ਖਰਬੂਜ਼ੇ,
ਮੈਂ ਕਿੱਥੋਂ ਲੈਸਾਂ ਵਾੜੀ ਹੂ ।
ਅਕਲ ਫ਼ਿਕਰ ਦੀਆਂ ਸਭ ਭੁਲ ਗਈਆਂ ਬਾਹੂ,
ਜਦ ਇਸ਼ਕ ਵਜਾਈ ਤਾੜੀ ਹੂ ।

(ਮੁਹਾੜੀ=ਦਰਵਾਜ਼ਾ)


39. ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,
ਕਰ ਕਰ ਆਵੇ ਧਾਈ ਹੂ ।
ਜਿਤ ਵਲ ਵੇਖਾਂ ਇਸ਼ਕ ਦਿਸੀਵੇ,
ਖਾਲੀ ਜਾ ਨਾ ਕਾਈ ਹੂ ।
ਮੁਰਸ਼ਿਦ ਕਾਮਿਲ ਐਸਾ ਮਿਲਿਆ,
ਜਿਸ ਦਿਲ ਦੀ ਤਾਕੀ ਲਾਹੀ ਹੂ ।
ਮੈਂ ਕੁਰਬਾਨ ਮੁਰਸ਼ਦ ਤੋਂ ਬਾਹੂ,
ਜਿਸ ਦੱਸਿਆ ਭੇਤ ਇਲਾਹੀ ਹੂ ।

40. ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ

ਐਨ-ਇਸ਼ਕ ਅਸਾਂ ਨੂੰ ਲਿਸਿਆਂ ਜਾਤਾ,
ਬੈਠਾ ਮਾਰ ਪਥੱਲਾ ਹੂ ।
ਵਿਚ ਜਿਗਰ ਦੇ ਸੰਨ੍ਹ ਲਾਇਸੁ,
ਕੀਤੁਸੁ ਕੰਮ ਅਵੱਲਾ ਹੂ ।
ਜਾਂ ਅੰਦਰ ਵੜ ਝਾਤੀ ਪਾਈਸੁ,
ਡਿੱਠਾ ਯਾਰ ਇਕੱਲਾ ਹੂ ।
ਬਾਝੋਂ ਮੁਰਸ਼ਿਦ ਕਾਮਿਲ ਬਾਹੂ,
ਹੋਂਦੀ ਨਹੀਂ ਤਸੱਲਾ ਹੂ ।

41. ਐਨ-ਅਕਲ ਫ਼ਿਕਰ ਦੀ ਜਾ ਨਾ ਕਾਈ

ਐਨ-ਅਕਲ ਫ਼ਿਕਰ ਦੀ ਜਾ ਨਾ ਕਾਈ,
ਜਿਥੇ ਵਹਦਤ ਸਿਰ ਸੁਬਹਾਨੀ ਹੂ ।
ਨਾ ਓਥੇ ਮੁਲਾਂ ਪੰਡਤ ਜੋਸ਼ੀ,
ਨਾ ਓਥੇ ਇਲਮ ਕੁਰਾਨੀ ਹੂ ।
ਜਦ ਅਹਮਦ ਅਹਦ ਵਖਾਲੀ ਦਿੱਤੀ,
ਤਾਂ ਕੁਲ ਹੋਵੇ ਫਾਨੀ ਹੂ ।
ਇਲਮ ਤਮਾਮ ਕੀਤੋ ਨੇ ਹਾਸਿਲ ਬਾਹੂ,
ਕਿਤਾਬਾਂ ਨੱਪ ਅਸਮਾਨੀ ਹੂ ।

42. ਐਨ-ਇਸ਼ਕ ਚਲਾਇਆ ਵਲ ਅਸਮਾਨਾਂ

ਐਨ-ਇਸ਼ਕ ਚਲਾਇਆ ਵਲ ਅਸਮਾਨਾਂ,
ਫ਼ਰਸ਼ੋਂ ਅਰਸ਼ ਦਿਖਾਇਆ ਹੂ ।
ਰਹੁ ਨੀ ਦੁਨੀਆਂ ਠੱਗ ਨਾ ਸਾਨੂੰ,
ਸਾਡਾ ਅੱਗੇ ਜੀ ਘਬਰਾਇਆ ਹੂ ।
ਅਸੀਂ ਮੁਸਾਫਿਰ ਵਤਨ ਦੁਰਾਡਾ,
ਐਵੇਂ ਕੂੜਾ ਲਾਲਚ ਲਾਇਆ ਹੂ ।
ਬਾਹੂ ਮਰ ਗਏ ਜੋ ਮਰਨੇ ਥੀਂ ਪਹਿਲੇ,
ਤਿਨ੍ਹਾਂ ਰੱਬ ਨੂੰ ਪਾਇਆ ਹੂ ।

43. ਐਨ-ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ

ਐਨ-ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ,
ਰਹਿਣ ਉਹ ਚੁਪ ਚੁਪਾਤੇ ਹੂ ।
ਲੂੰ ਲੂੰ ਦੇ ਵਿਚ ਲੱਖ ਜ਼ਬਾਨਾਂ,
ਕਰਨ ਉਹ ਗੁੰਗੀ ਬਾਤੇਂ ਹੂ ।
ਕਰਦੇ ਵੁਜ਼ੂ ਇਸਮ ਆਜ਼ਮ ਦਾ,
ਜਿਹੜੇ ਦਰਿਆ ਵਹਦਤ ਨ੍ਹਾਤੇ ਹੂ ।
ਤਦ ਥੀਨ ਕਬੂਲ ਨਮਾਜ਼ਾਂ ਬਾਹੂ,
ਜਦ ਯਾਰਾਂ ਯਾਰ ਪਛਾਤੇ ਹੂ ।

44. ਐਨ-ਆਸ਼ਿਕ ਨੇਕ ਸਲਾਹੀਂ ਲਗਦੇ

ਐਨ-ਆਸ਼ਿਕ ਨੇਕ ਸਲਾਹੀਂ ਲਗਦੇ,
ਕਿਉਂ ਉਜਾੜਦੇ ਘਰ ਨੂੰ ਹੂ ।
ਬਾਲ ਮਵਾਤਾ ਬਿਰਹੁੰ ਵਾਲਾ,
ਨ ਲਾਂਦੇ ਜਾਨ ਜਿਗਰ ਨੂੰ ਹੂ ।
ਜਾਨ ਜਹਾਂ ਸਭ ਭੁਲ ਗਇਓ ਨੇ,
ਲੁੱਟੀ ਹੋਸ਼ ਸਬਰ ਨੂੰ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਖ਼ੂਨ ਦਿੱਤਾ ਦਿਲਬਰ ਨੂੰ ਹੂ ।

45. ਐਨ-ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ

ਐਨ-ਇਸ਼ਕ ਸਮੁੰਦਰ ਚੜ੍ਹ ਗਿਆ ਫ਼ਲਕੀਂ,
ਕਿਤ ਵਲ ਜਹਾਜ਼ ਘਤੀਵੇ ਹੂ ।
ਅਕਲ ਫ਼ਿਕਰ ਦੇ ਡੋਲੇ ਨੂੰ ਚਾ,
ਪਹਿਲੇ ਪੂਰ ਬੋਡੀਵੇ ਹੂ ।
ਕੜਕਣ ਕੱਪਰ ਪਵਣ ਲਹਿਰੀਂ,
ਜਦਾਂ ਵਹਦਤ ਵਿਚ ਵੜੀਵੇ ਹੂ ।
ਜਿਸ ਮਰਨੇ ਥੀਂ ਖਲਕਤ ਡਰਦੀ ਬਾਹੂ,
ਆਸ਼ਕ ਮਰ ਕੇ ਜੀਵੇ ਹੂ ।

(ਫ਼ਲਕੀਂ=ਅਸਮਾਨ)


46. ਐਨ-ਇਸ਼ਕ ਮੁਅੱਜ਼ਨ ਦਿੱਤੀਆਂ ਬਾਂਗਾਂ

ਐਨ-ਇਸ਼ਕ ਮੁਅੱਜ਼ਨ ਦਿੱਤੀਆਂ ਬਾਂਗਾਂ,
ਕੰਨੀਂ ਬੁਲੇਲ ਪਈਓਸੀ ਹੂ ।
ਖ਼ੂਨ ਜਿਗਰ ਦਾ ਕੱਢ ਕਰਾਹਾਂ,
ਕਰ ਵੁਜ਼ੂ ਸਾਫ਼ ਕੀਤੋਸੀ ਹੂ ।
ਸੁਣ ਤਕਬੀਰ ਫਨ੍ਹਾ ਫਿੱਲਾ ਦੀ,
ਮੁੜਨ ਮੁਹਾਲ ਥੀਓਸੀ ਹੂ ।
ਪੜ੍ਹ ਤਕਬੀਰ ਥੀਓਸੀ ਵਾਸਿਲ ਬਾਹੂ,
ਤਾਹੀਂ ਸ਼ੁਕਰ ਕੀਤੋਸੀ ਹੂ ।

(ਮੁਅਜ਼ਨ=ਬਾਂਗਾਂ ਦੇਣ ਵਾਲਾ,ਤਕਬੀਰ=
ਵਡਿਆਈ, ਫਨ੍ਹਾ ਫਿੱਲਾ=ਰੱਬ ਨਾਲ
ਇਕ ਮਿਕ ਹੋਣਾ)


47. ਐਨ-ਆਸ਼ਕ ਪੜ੍ਹਨ ਨਮਾਜ਼ ਪਰਮ ਦੀ

ਐਨ-ਆਸ਼ਕ ਪੜ੍ਹਨ ਨਮਾਜ਼ ਪਰਮ ਦੀ,
ਜੈਂ ਵਿਚ ਹਰਫ ਨ ਕੋਈ ਹੂ ।
ਜੇਹਾ ਕੇਹਾ ਨੀਤ ਨ ਸੱਕੇ,
ਓਥੇ ਦਰਦਮੰਦਾਂ ਦਿਲ ਢੋਈ ਹੂ ।
ਅਖੀਂ ਨੀਰ ਤੇ ਖ਼ੂਨ ਜਿਗਰ ਦਾ,
ਵੁਜ਼ੂ ਪਾਕ ਕੀਤੋਈ ਹੂ ।
ਜੀਭ ਤੇ ਹੋਠ ਨ ਹਿਲਣ ਬਾਹੂ,
ਖਾਸ ਨਮਾਜ਼ੀ ਸੋਈ ਹੂ ।

48. ਬੇ-ਬਾਹੂ ਬਾਗ਼ ਬਹਾਰਾਂ ਖਿੜੀਆਂ

ਬੇ-ਬਾਹੂ ਬਾਗ਼ ਬਹਾਰਾਂ ਖਿੜੀਆਂ,
ਨਰਗਿਸ ਨਾਜ਼ ਸ਼ਰਮ ਦਾ ਹੂ ।
ਦਿਲ ਵਿਚ ਕਾਅਬਾ ਸਹੀ ਕੀਤੋਸੁ,
ਪਾਕੋ ਪਾਕ ਹਰਮ ਦਾ ਹੂ ।
ਤਾਲਿਬ ਤਲਬ ਤੁਆਫ਼ ਤਮਾਮੀ,
ਹੁਬ ਹਜ਼ੂਰ ਹਰਮ ਦਾ ਹੂ,
ਗਿਆ ਹਜਾਬ ਤਮਾਮੀ ਬਾਹੂ,
ਬਖਸਿਓਸੁ ਰਾਹ ਕਰਮ ਦਾ ਹੂ ।

49. ਬੇ-ਬਗ਼ਦਾਦ ਸ਼ਹਿਰ ਦੀ ਕਿਆ ਨਿਸ਼ਾਨੀ

ਬੇ-ਬਗ਼ਦਾਦ ਸ਼ਹਿਰ ਦੀ ਕਿਆ ਨਿਸ਼ਾਨੀ,
ਉੱਚੀਆਂ ਲੰਮੀਆਂ ਚੀੜਾਂ ਹੂ ।
ਤਨ ਮਨ ਮੇਰਾ ਪੁਰਜ਼ੇ ਪੁਰਜ਼ੇ,
ਜਿਓਂ ਦਰਜ਼ੀ ਦੀਆਂ ਲੀਰਾਂ ਹੂ ।
ਲੀਰਾਂ ਦੀ ਗਲ ਕਫਨੀ ਪਾ ਕੇ,
ਰਲਸਾਂ ਸੰਗ ਫ਼ਕੀਰਾਂ ਹੂ ।
ਸ਼ਹਿਰ ਬਗ਼ਦਾਦ ਦੇ ਟੁਕੜੇ ਮੰਗਸਾਂ ਬਾਹੂ,
ਕਰਸਾਂ ਮੀਰਾਂ ਮੀਰਾਂ ਹੂ ।

50. ਬੇ-ਬੇ ਤੇ ਪੜ੍ਹ ਕੇ ਫਾਜ਼ਿਲ ਹੋਏ

ਬੇ-ਬੇ ਤੇ ਪੜ੍ਹ ਕੇ ਫਾਜ਼ਿਲ ਹੋਏ,
ਅਲਫ਼ ਨਾ ਪੜ੍ਹਿਆ ਕਿੱਸੇ ਹੂ ।
ਜੈਂ ਪੜ੍ਹਿਆ ਤੈਂ ਸ਼ਹੁ ਨ ਲੱਧਾ,
ਜਾਂ ਪੜ੍ਹਿਆ ਕੁਝ ਤਿੱਸੇ ਹੂ ।
ਚੌਦਾਂ ਤਬਕ ਕਰਨ ਰੁਸ਼ਨਾਈ,
ਅੰਨ੍ਹਿਆਂ ਕੁਝ ਨ ਦਿੱਸੇ ਹੂ ।
ਬਾਝ ਵਿਸਾਲ ਅੱਲਾ ਦੇ ਬਾਹੂ,
ਸਭ ਕਹਾਣੀ ਕਿੱਸੇ ਹੂ ।

51. ਬੇ-ਬੇਅਦਬਾਂ ਨ ਸਾਰ ਅਦਬ ਦੀ

ਬੇ-ਬੇਅਦਬਾਂ ਨ ਸਾਰ ਅਦਬ ਦੀ,
ਨਾਲ ਗ਼ੈਰਾਂ ਦੇ ਸਾਂਝੇ ਹੂ ।
ਜਿਹੜੇ ਹੋਣ ਮਿੱਟੀ ਦੇ ਭਾਂਡੇ,
ਕਦੀ ਨ ਥੀਵਣ ਕਾਂਜੇ ਹੂ ।
ਜਿਹੜੇ ਮੁਢ ਕਦੀਮ ਦੇ ਖੇੜੇ,
ਕਦੀ ਨ ਹੋਂਦੇ ਰਾਂਝੇ ਹੂ ।
ਜੈਂ ਹਜ਼ੂਰ ਨ ਮੰਗਿਆ ਬਾਹੂ,
ਦੋਹੀਂ ਜਹਾਨੀ ਵਾਂਝੇ ਹੂ ।

52. ਬੇ-ਬਜ਼ੁਰਗੀ ਨੂੰ ਵਹਿਣ ਲੁੜਾਈਏ

ਬੇ-ਬਜ਼ੁਰਗੀ ਨੂੰ ਵਹਿਣ ਲੁੜਾਈਏ,
ਕਰੀਏ ਰੱਜ ਮੁਕਾਲਾ ਹੂ ।
ਲਾ ਇੱਲਾ ਗਲ ਗਹਿਣਾ ਮੜ੍ਹਿਆ,
ਮਜ਼੍ਹਬ ਕੇਹ ਲਗਦਾ ਸਾਲਾ ਹੂ ।
ਇੱਲ ਅੱਲਾ ਘਰ ਮੇਰੇ ਆਇਆ,
ਆਣ ਲੁਹਾਇਆ ਪਾਲਾ ਹੂ,
ਅਸਾਂ ਪਿਆਲਾ ਖਿਜ਼ਰੋਂ ਪੀਤਾ ਬਾਹੂ,
ਆਬ-ਹਯਾਤੀ ਵਾਲਾ ਹੂ ।

53. ਬੇ-ਬਿਸਮਿੱਲਾ ਇਸਮ ਅੱਲਾ ਦਾ

ਬੇ-ਬਿਸਮਿੱਲਾ ਇਸਮ ਅੱਲਾ ਦਾ,
ਇਹ ਭੀ ਗੈਹਨਾ ਭਾਰਾ ਹੂ ।
ਨਾਲ ਸਫਾਇਤ ਸਰਵਰ ਆਲਮ,
ਛੁਟਸੀ ਆਲਮ ਸਾਰਾ ਹੂ ।
ਹੱਦੋਂ ਬੇਹੱਦ ਦਰੂਦ ਨਬੀ ਨੂੰ,
ਜਿਸਦਾ ਐਡ ਪਸਾਰਾ ਹੂ ।
ਮੈਂ ਕੁਰਬਾਨ ਤਿਨ੍ਹਾਂ ਥੀਂ ਬਾਹੂ,
ਜਿਨ੍ਹਾਂ ਮਿਲਿਆ ਨਬੀ ਸਹਾਰਾ ਹੂ ।

54. ਬੇ-ਬੰਨ੍ਹ ਚਲਾਇਆ ਤਰਫ ਜ਼ਮੀਂ ਦੇ

ਬੇ-ਬੰਨ੍ਹ ਚਲਾਇਆ ਤਰਫ ਜ਼ਮੀਂ ਦੇ,
ਅਰਸ਼ੋਂ ਫ਼ਰਸ਼ ਟਿਕਾਇਆ ਹੂ ।
ਘਰ ਥੀਂ ਮਿਲਿਆ ਦੇਸ਼ ਨਿਕਾਲਾ,
ਲਿਖਿਆ ਝੋਲੀ ਪਾਇਆ ਹੂ ।
ਰਹੁ ਨੀ ਦੁਨੀਆਂ ਨ ਕਰ ਝੇੜਾ,
ਸਾਡਾ ਦਿਲ ਘਬਰਾਇਆ ਹੂ ।
ਅਸੀਂ ਪਰਦੇਸੀ ਵਤਨ ਦੁਰਾਡਾ ਬਾਹੂ,
ਦਮ-ਦਮ ਅਲਮ ਸਵਾਇਆ ਹੂ ।

55. ਬੇ-ਬਾਝ ਹਜ਼ੂਰੀ ਨਹੀਂ ਮੰਜ਼ੂਰੀ

ਬੇ-ਬਾਝ ਹਜ਼ੂਰੀ ਨਹੀਂ ਮੰਜ਼ੂਰੀ,
ਤੋੜੇ ਪੜ੍ਹਨ ਬਾਂਗ ਸਲਾਤਾਂ ਹੂ ।
ਰੋਜ਼ੇ ਨਫਲ ਨਮਾਜ਼ ਗੁਜ਼ਾਰਨ,
ਜਾਗਨ ਸਾਰੀਆਂ ਰਾਤਾਂ ਹੂ ।
ਬਾਝੋਂ ਕਲਬ ਹਜ਼ੂਰ ਨ ਹੋਵੇ,
ਕਢਣ ਸੈ ਜ਼ਕਾਤਾਂ ਹੂ ।
ਬਾਹੂ ਬਾਝ ਫਨਾ ਰੱਬ ਹਾਸਲ ਨਾਹੀਂ,
ਨ ਤਾਸੀਰ ਜਮਾਤਾਂ ਹੂ ।

56. ਬੇ-ਬਹੁਤੀ ਮੈਂ ਔਗੁਣਹਾਰੀ

ਬੇ-ਬਹੁਤੀ ਮੈਂ ਔਗੁਣਹਾਰੀ,
ਲਾਜ ਪਈ ਗਲ ਉਸਦੇ ਹੂ ।
ਪੜ੍ਹ ਪੜ੍ਹ ਇਲਮ ਕਰਨ ਤਕੱਬਰ,
ਸ਼ੈਤਾਨ ਜੇਹੇ ਉਥੇ ਮੁਸਦੇ ਹੂ ।
ਲੱਖਾਂ ਨੂੰ ਭੌ ਦੋਜ਼ਖ਼ ਵਾਲਾ,
ਹਿੱਕ ਬਹਿਸ਼ਤੋਂ ਰੁਸਦੇ ਹੂ ।
ਆਸ਼ਿਕਾਂ ਦੇ ਗਲ ਛੁਰੀ ਹਮੇਸ਼ਾ ਬਾਹੂ,
ਅੱਗੇ ਮਹਿਬੂਬਾਂ ਕੁਸਦੇ ਹੂ ।

57. ਬੇ-ਬਗ਼ਦਾਦ ਸ਼ਰੀਫ਼ੇ ਵੰਜ ਕਰਾਹਾਂ

ਬੇ-ਬਗ਼ਦਾਦ ਸ਼ਰੀਫ਼ੇ ਵੰਜ ਕਰਾਹਾਂ,
ਸੌਦਾ ਨੇਹੁੰ ਕੀਤੋਸੇ ਹੂ ।
ਰਤੀ ਅਕਲ ਦੀ ਕਰਾਹਾਂ,
ਭਾਰ ਗ਼ਮਾਂ ਦਾ ਘਿਦੋਸੇ ਹੂ ।
ਭਾਰ ਭਰੇਰਾ ਮੰਜ਼ਲ ਚੋਖੇਰੀ,
ਓੜਕ ਵੰਜ ਪਹੁੰਤਿਓਸੇ ਹੂ ।
ਜ਼ਾਤ ਸਿਫ਼ਾਤ ਸਹੀ ਕੀਤੋਸੇ ਬਾਹੂ,
ਤਾਂ ਜਮਾਲ ਲਧੋਸੇ ਹੂ ।

58. ਹੇ-ਹਿੱਕ ਹਿੱਕ ਪੀੜ ਤੋਂ ਆਲਮ ਕੂਕੇ

ਹੇ-ਹਿੱਕ ਹਿੱਕ ਪੀੜ ਤੋਂ ਆਲਮ ਕੂਕੇ,
ਲੱਖ ਆਸ਼ਿਕ ਪੀੜ ਸਹੇੜੀ ਹੂ ।
ਢਹਿਣ ਰੁੜ੍ਹਨ ਜਿੱਥੇ ਖ਼ਤਰਾ ਹੋਵੇ,
ਕੌਣ ਚੜ੍ਹੇ ਉਸ ਬੇੜੀ ਹੂ ।
ਆਸ਼ਕ ਚੜ੍ਹਦੇ ਨਾਲ ਖ਼ੁਸ਼ੀ ਦੇ,
ਤਾਰ ਕੱਪਰ ਵਿਚ ਭੇੜੀ ਹੂ ।
ਇਸ਼ਕ ਤੁਲੇਂਦਾ ਨਾਲ ਰੱਤੀ ਦੇ ਬਾਹੂ,
ਆਸ਼ਿਕ ਲਜ਼ਤ ਨਖੇੜੀ ਹੂ ।

59. ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ

ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ,
ਜ਼ਿਕਰ ਕਰੇਂਦੇ ਤਾਰੇ ਹੂ ।
ਗਲੀਆਂ ਦੇ ਵਿਚ ਫਿਰਨ ਨਿਮਾਣੇ,
ਲਾਲਾਂ ਦੇ ਵਣਜਾਰੇ ਹੂ ।
ਸ਼ਾਲਾ ਮੁਸਾਫ਼ਰ ਕੋਈ ਨ ਥੀਵੇ,
ਕੱਖ ਜਿਨ੍ਹਾਂ ਤੋਂ ਭਾਰੇ ਹੂ ।
ਤਾੜੀ ਮਾਰ ਉਡਾ ਨ ਬਾਹੂ,
ਅਸੀਂ ਆਪੇ ਉਡਣਹਾਰੇ ਹੂ ।

60. ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ

ਚੇ-ਚੜ੍ਹ ਚੰਨਾਂ ਤੇ ਕਰ ਰੁਸ਼ਨਾਈ,
ਤਾਰੇ ਜ਼ਿਕਰ ਕਰੇਂਦੇ ਤੇਰਾ ਹੂ ।
ਤੇਰੇ ਜਹੇ ਚੰਨ ਕਈ ਸੈ ਚੜ੍ਹਦੇ,
ਸਾਨੂੰ ਸਜਣਾਂ ਬਾਝ ਹਨੇਰਾ ਹੂ ।
ਜਿੱਥੇ ਚੰਨ ਅਸਾਡਾ ਚੜ੍ਹਦਾ,
ਉਥੇ ਕਦਰ ਨਹੀਂ ਕੁਝ ਤੇਰਾ ਹੂ ।
ਜਿਸ ਦੇ ਕਾਰਨ ਜਨਮ ਗੁਆਇਆ ਬਾਹੂ,
ਯਾਰ ਮਿਲੇ ਇਕ ਵੇਰਾ ਹੂ ।

61. ਚੇ-ਚਾਰ ਮੁਸੱਲੇ ਪੰਜ ਇਮਾਮ

ਚੇ-ਚਾਰ ਮੁਸੱਲੇ ਪੰਜ ਇਮਾਮ,
ਕਿਨੂੰ ਸਿਜਦਾ ਕਰੇ ਹੂ ।
ਚਾਰ ਮਹੱਲ ਤੇ ਪੰਜ ਬਹਾਰੀ,
ਕਿੰਨੂ ਹਾਸਲ ਭਰੇ ਹੂ ।
ਦੋਵੇਂ ਜਹਾਨ ਗ਼ੁਲਾਮ ਤਿਨ੍ਹਾਂ ਦੇ,
ਜੇਹੜੇ ਰੱਬ ਸਹੀ ਕਰੇ ਹੂ ।
ਚਾਰ ਪੀਰਾਂ ਚੌਦਾਂ ਖਨਵਾਦੀ ਬਾਹੂ,
ਕਿਸ ਵਲ ਦੇਵਾਂ ਸਰੇ ਹੂ ।

62. ਦਾਲ-ਦਰਦਮੰਦਾਂ ਦਾ ਖ਼ੂਨ ਜੋ ਪੀਂਦਾ

ਦਾਲ-ਦਰਦਮੰਦਾਂ ਦਾ ਖ਼ੂਨ ਜੋ ਪੀਂਦਾ,
ਬਿਰਹੋਂ ਬਾਜ਼ ਮਰੇਲਾ ਹੂ ।
ਛਾਤੀ ਦੇ ਵਿਚ ਕੀਤੋਸੁ ਡੇਰਾ,
ਸ਼ੇਰ ਬੈਠਾ ਮੱਲ ਬੇਲਾ ਹੂ ।
ਹਾਥੀ ਮਸਤ ਸੰਧੂਰੇ ਵਾਂਗੂੰ,
ਕਰਦਾ ਪੇਲਾ ਪੇਲਾ ਹੂ ।
ਪੇਲੇ ਦਾ ਵਿਸ਼ਵਾਸ ਨਾ ਬਾਹੂ,
ਪੇਲੇ ਬਾਝ ਨਾ ਮੇਲਾ ਹੂ ।

63. ਦਾਲ-ਦਿਲ ਦਰਿਆ ਸਮੁੰਦਰੋਂ ਡੂੰਘੇ

ਦਾਲ-ਦਿਲ ਦਰਿਆ ਸਮੁੰਦਰੋਂ ਡੂੰਘੇ,
ਕੌਣ ਦਿਲਾਂ ਦੀਆਂ ਜਾਣੇ ਹੂ ।
ਵਿਚੇ ਬੇੜੇ ਵਿਚੇ ਝੇੜੇ,
ਵਿਚੇ ਵੰਝ ਮੁਹਾਣੇ ਹੂ ।
ਚੌਦਾਂ ਤਬਕ ਦਿਲੇ ਦੇ ਅੰਦਰ,
ਤੰਬੂ ਵਾਂਗੂੰ ਤਾਣੇ ਹੂ ।
ਦਿਲ ਦਾ ਮਹਿਰਮ ਹੋਵੇ ਬਾਹੂ,
ਸੋਈ ਰੱਬ ਪਛਾਣੇ ਹੂ ।

64. ਦਾਲ-ਦਿਲੇ ਵਿਚ ਦਿਲ ਜੋ ਆਖੇਂ

ਦਾਲ-ਦਿਲੇ ਵਿਚ ਦਿਲ ਜੋ ਆਖੇਂ,
ਸੋ ਦਿਲ ਦੂਰ ਦਲੀਲੋਂ ਹੂ ।
ਦਿਲ ਦਾ ਦੂਰ ਅਗੋਹਾਂ ਕੀਚੇ,
ਕਸਰਤ ਕਰਨੋਂ ਕਲੀਲੋਂ ਹੂ ।
ਕਲਬ ਕਮਾਲ ਜਮਾਲੋਂ ਜਿਸਮੋਂ,
ਜੌਹਰ ਜਾਹ ਜਲੀਲੋਂ ਹੂ ।
ਕਿਬਲਾ ਕਲਬ ਮੁਨੱਵਰ ਬਾਹੂ,
ਖ਼ਲਵਤ ਖ਼ਾਸ ਖ਼ਲੀਲੋਂ ਹੂ ।

65. ਦਾਲ-ਦੀਨ ਤੇ ਦੁਨੀਆਂ ਸਕੀਆਂ ਭੈਣਾਂ

ਦਾਲ-ਦੀਨ ਤੇ ਦੁਨੀਆਂ ਸਕੀਆਂ ਭੈਣਾਂ,
ਅਕਲ ਨਹੀਂ ਸਮਝੈਂਦਾ ਹੂ ।
ਦੋਵੇਂ ਇਕਸ ਨਿਕਾਹ ਵਿਚ ਆਵਣ,
ਸ਼ਰ੍ਹਾ ਨਹੀਂ ਫਰਮੈਂਦਾ ਹੂ ।
ਜਿਵੇਂ ਅੱਗ ਤੇ ਪਾਣੀ ਥਾਂ ਇਕੋ ਵਿਚ,
ਵਾਸਾ ਨਹੀਂ ਕਰੇਂਦਾ ਹੂ ।
ਦੋਹੀਂ ਜਹਾਨੀ ਮੁੱਠੇ ਬਾਹੂ,
ਜਿਨ੍ਹਾਂ ਦਾਵਾ ਮੈਂ ਦਾ ਹੂ ।

66. ਦਾਲ-ਦੁਨੀਆਂ ਜ਼ਨ ਘਰ ਮੁਨਾਫਿਕ

ਦਾਲ-ਦੁਨੀਆਂ ਜ਼ਨ ਘਰ ਮੁਨਾਫਿਕ,
ਯਾ ਘਰ ਕਾਫ਼ਿਰ ਦੇ ਸੋਹੰਦੀ ਹੂ ।
ਨਕਸ਼ ਨਿਗਾਰ ਕਰੇ ਬਹੁਤੇਰੇ,
ਜ਼ਨ ਖ਼ੂਬਾਂ ਸਭ ਮੋਹੰਦੀ ਹੂ ।
ਬਿਜਲੀ ਵਾਂਗ ਕਰੇ ਲਿਸ਼ਕਾਰੇ,
ਸਿਰ ਦੇ ਉਤੋਂ ਛੁਹੰਦੀ ਹੂ ।
ਈਸਾ ਦੀ ਸਿਲ ਵਾਂਗੂੰ ਬਾਹੂ,
ਰਾਹ ਵੈਂਦਿਆਂ ਨੂੰ ਕੋਹੰਦੀ ਹੂ ।

67. ਦਾਲ-ਦਿਲ ਦਰਿਆ ਸਮੁੰਦਰੋਂ ਡੂੰਘਾ

ਦਾਲ-ਦਿਲ ਦਰਿਆ ਸਮੁੰਦਰੋਂ ਡੂੰਘਾ,
ਗੋਤਾ ਮਾਰ ਗਵਾਸੀ ਹੂ ।
ਜੈਂ ਦਰਿਆ ਵੰਜ ਨੋਸ਼ ਨ ਕੀਤਾ,
ਰਹਿਸੀ ਜਾਨ ਪਿਆਸੀ ਹੂ ।
ਹਰਦਮ ਨਾਲ ਅੱਲਾ ਦੇ ਰਖਣ,
ਜ਼ਿਕਰ ਫ਼ਿਕਰ ਕੀ ਆਸੀ ਹੂ ।
ਉਸ ਮੁਰਸ਼ਿਦ ਥੀਂ ਜ਼ਨ ਬੇਹਤਰ ਬਾਹੂ,
ਜੋ ਫੰਧ ਫਰੇਬ ਲਬਾਸੀ ਹੂ ।

68. ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ

ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ,
ਜੇ ਕੋਈ ਇਸਨੂੰ ਜਾਣੇ ਹੂ ।
ਮੂੰਹ ਕਾਲਾ ਦਿਲ ਅੱਛਾ ਹੋਵੇ,
ਤਾਂ ਦਿਲ ਯਾਰ ਪਛਾਣੇ ਹੂ ।
ਇਹ ਦਿਲ ਯਾਰ ਦੇ ਪਿੱਛੇ ਹੋਵੇ,
ਮਤਾਂ ਯਾਰ ਸਿੰਜਾਣੇ ਹੂ ।
ਸੈ ਆਲਮ ਛੋੜ ਮਸੀਤਾਂ ਨੱਠੇ ਬਾਹੂ,
ਜਦ ਲੱਗੇ ਦਿਲ ਟਿਕਾਣੇ ਹੂ ।

69. ਦਾਲ-ਦਿਲ ਤੇ ਦਫਤਰ ਵਹਦਤ ਵਾਲਾ

ਦਾਲ-ਦਿਲ ਤੇ ਦਫਤਰ ਵਹਦਤ ਵਾਲਾ,
ਦਾਇਮ ਕਰੇਂ ਮੁਤਾਲਿਆ ਹੂ ।
ਸਾਰੀ ਉਮਰਾ ਪੜ੍ਹਦਿਆਂ ਗੁਜ਼ਰੀ,
ਝੱਲਾਂ ਦੇ ਵਿਚ ਜਾਲਿਆ ਹੂ ।
ਇਕੋ ਇਸਮ ਅੱਲਾ ਦਾ ਰੱਖੀਂ,
ਏਹੋ ਸਬਕ ਕਮਾਲਿਆ ਹੂ ।
ਦੋਵੇਂ ਜਹਾਨ ਗ਼ੁਲਾਮ ਤਿਨ੍ਹਾਂ ਦੇ ਬਾਹੂ,
ਜੈਂ ਦਿਲ ਅੱਲਾ ਸੰਭਾਲਿਆ ਹੂ ।

70. ਦਾਲ-ਦਰਦਮੰਦਾਂ ਦੇ ਧੂੰਏਂ ਧੁਖਦੇ

ਦਾਲ-ਦਰਦਮੰਦਾਂ ਦੇ ਧੂੰਏਂ ਧੁਖਦੇ,
ਡਰਦਾ ਕੋਈ ਨਾ ਸੇਕੇ ਹੂ ।
ਇਨ੍ਹਾਂ ਧੂੰਇਆਂ ਦੇ ਤਾਅ ਤਿਖੇਰੇ,
ਮਹਿਰਮ ਹੋਵੇ ਤਾਂ ਸੇਕੇ ਹੂ ।
ਛਿੱਕ ਸ਼ਮਸ਼ੀਰ ਖੜਾ ਹੈ ਸਿਰ ਤੇ,
ਤਰਸ ਪਵਸ ਤਾਂ ਥੇਕੇ ਹੂ ।
ਸਰਪਰ ਸਹੁਰੇ ਵੰਞਣਾਂ ਬਾਹੂ,
ਸਦਾ ਨਾ ਰਹਿਣਾ ਪੇਕੇ ਹੂ ।

71. ਦਾਲ-ਦਰਦਮੰਦਾਂ ਦੀਆਂ ਆਹੀਂ ਕੋਲੋਂ

ਦਾਲ-ਦਰਦਮੰਦਾਂ ਦੀਆਂ ਆਹੀਂ ਕੋਲੋਂ,
ਪੱਥਰ ਪਹਾੜ ਦੇ ਝੜਦੇ ਹੂ ।
ਦਰਦਮੰਦਾਂ ਦੀਆਂ ਆਹੀਂ ਕੋਲੋਂ,
ਭੱਜ ਨਾਗ ਜ਼ਿਮੀਂ ਵਿਚ ਵੜਦੇ ਹੂ ।
ਦਰਦਮੰਦਾਂ ਦੀਆਂ ਆਹੀਂ ਕੋਲੋਂ,
ਅਸਮਾਨੋਂ ਤਾਰੇ ਝੜਦੇ ਹੂ ।
ਦਰਦਮੰਦਾਂ ਦੀਆਂ ਆਹੀਂ ਕੋਲੋਂ ਬਾਹੂ,
ਆਸ਼ਿਕ ਮੂਲ ਨਾ ਡਰਦੇ ਹੂ ।

72. ਦਾਲ-ਦੁਨੀਆਂ ਢੂੰਡਣ ਵਾਲੇ ਕੁੱਤੇ

ਦਾਲ-ਦੁਨੀਆਂ ਢੂੰਡਣ ਵਾਲੇ ਕੁੱਤੇ,
ਦਰ ਦਰ ਫਿਰਨ ਹੈਰਾਨੀ ਹੂ ।
ਹੱਡੀ ਉੱਤੇ ਹੋੜ ਤਿਨ੍ਹਾਂ ਦੀ,
ਲੜਦਿਆਂ ਉਮਰ ਵਿਹਾਣੀ ਹੂ ।
ਅਕਲ ਦੇ ਕੋਤਾਹ ਸਮਝ ਨਾ ਜਾਨਣ,
ਪੀਵਣ ਲੋੜਣ ਪਾਣੀ ਹੂ ।
ਬਾਝੋਂ ਜ਼ਿਕਰ ਰੱਬਾਨੇ ਬਾਹੂ,
ਕੂੜੀ ਰਾਮ ਕਹਾਣੀ ਹੂ ।

73. ਦਾਲ-ਦਿਲ ਦਰਿਆ ਖ਼ਵਾਜਾ ਦੀਆਂ ਲਹਿਰਾਂ

ਦਾਲ-ਦਿਲ ਦਰਿਆ ਖ਼ਵਾਜਾ ਦੀਆਂ ਲਹਿਰਾਂ,
ਘੁੰਮਣ ਘੇਰ ਹਜ਼ਾਰਾਂ ਹੂ ।
ਵਹਿਣ ਦਲੀਲਾਂ ਵਿਚ ਫ਼ਿਕਰ ਦੇ,
ਬੇਹੱਦ ਬੇਸ਼ੁਮਾਰਾਂ ਹੂ ।
ਹਿੱਕ ਪਰਦੇਸੀ ਦੂਜਾ ਨੇਹੁੰ ਲੱਗਾ,
ਤ੍ਰੀਯਾ ਬੇਸਮਝੀ ਦੀਆਂ ਹਾਰਾਂ ਹੂ ।
ਹੱਸਣ ਖੇਡਣ ਭੁਲਿਆ ਬਾਹੂ,
ਇਸ਼ਕ ਚੁੰਘਾਈਆਂ ਧਾਰਾਂ ਹੂ ।

74. ਦਾਲ-ਦਰਦ ਅੰਦਰ ਦਾ ਅੰਦਰ ਸਾੜੇ

ਦਾਲ-ਦਰਦ ਅੰਦਰ ਦਾ ਅੰਦਰ ਸਾੜੇ,
ਬਾਹਰ ਕਰਾਂ ਤਾਂ ਘਾਇਲ ਹੂ ।
ਹਾਲ ਅਸਾਡਾ ਕਿਵੇਂ ਉਹ ਜਾਨਣ,
ਜੋ ਦੁਨੀਆਂ ਤੇ ਮਾਇਲ ਹੂ ।
ਬਹਰ ਸਮੁੰਦਰ ਇਸ਼ਕੇ ਵਾਲਾ,
ਹਰਦਮ ਵਹਿੰਦਾ ਹਾਇਲ ਹੂ ।
ਪਹੁੰਚ ਹਜ਼ੂਰ ਅਸਾਂ ਨਾ ਬਾਹੂ,
ਨਾਮ ਤੇਰੇ ਦੇ ਸਾਇਲ ਹੂ ।

75. ਦਾਲ-ਦੁੱਧ ਦਹੀਂ ਤੇ ਹਰ ਕੋਈ ਰਿੜਕੇ

ਦਾਲ-ਦੁੱਧ ਦਹੀਂ ਤੇ ਹਰ ਕੋਈ ਰਿੜਕੇ,
ਆਸ਼ਕ ਭਾਹ ਰਿੜਕੇਂਦੇ ਹੂ ।
ਤਨ ਚਟੋਰਾ ਮਨ ਮੰਧਾਣੀ,
ਆਹੀਂ ਨਾਲ ਹਿਲੇਂਦੇ ਹੂ ।
ਦੁਖ ਦਾ ਨੇਤਰਾ ਕੱਢੇ ਲਿਸ਼ਕਾਰੇ,
ਹੰਝੂ ਪਾਣੀ ਪਵੇਂਦੇ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਹੱਡੋਂ ਮੱਖਣ ਕਢੇਂਦੇ ਹੂ ।

76. ਦਾਲ-ਦਲੀਲਾਂ ਛੋੜ ਵਜ਼ੂਦੋਂ

ਦਾਲ-ਦਲੀਲਾਂ ਛੋੜ ਵਜ਼ੂਦੋਂ,
ਹੋ ਹੁਸ਼ਿਆਰ ਫ਼ਕੀਰਾ ਹੂ ।
ਬੰਨ੍ਹ ਤਵੱਕਲ ਪੰਛੀ ਉਡਦੇ,
ਪੱਲੇ ਖਰਚ ਨਾ ਜ਼ੀਰਾ ਹੂ ।
ਰੋਜ਼ੀ ਰੋਜ਼ ਉਡ ਖਾਣ ਹਮੇਸ਼ਾ,
ਕਰਦੇ ਨਹੀਂ ਜ਼ਖੀਰਾ ਹੂ ।
ਮੌਲਾ ਰਿਜ਼ਕ ਪੁਚਾਵੇ ਬਾਹੂ,
ਜੋ ਪੱਥਰ ਵਿਚ ਕੀੜਾ ਹੂ ।

77. ਦਾਲ-ਦਿਲ ਬਾਜ਼ਾਰ ਤੇ ਮੂੰਹ ਦਰਵਾਜ਼ਾ

ਦਾਲ-ਦਿਲ ਬਾਜ਼ਾਰ ਤੇ ਮੂੰਹ ਦਰਵਾਜ਼ਾ,
ਸੀਨਾ ਸ਼ਹਿਰ ਡਸੇਂਦਾ ਹੂ ।
ਰੂਹ ਸੌਦਾਗਰ, ਨਫਸ ਹੈ ਰਾਹਜ਼ਨ,
ਹੱਕ ਦਾ ਰਾਹ ਮਰੇਂਦਾ ਹੂ ।
ਜਾਂ ਤੋੜੀਂ ਇਹ ਨਫਸ ਨਾ ਮਾਰੇਂ,
ਤਾਂ ਇਹ ਵਕਤ ਖੜੇਂਦਾ ਹੂ ।
ਕਰਦਾ ਜ਼ਾਇਆ ਵੇਲਾ ਬਾਹੂ,
ਜਾਂ ਜਾਂ ਤਾਕ ਮਰੇਂਦਾ ਹੂ ।

78. ਫੇ-ਫਜਰੀ ਵੇਲੇ ਵਕਤ ਸਵੇਲੇ

ਫੇ-ਫਜਰੀ ਵੇਲੇ ਵਕਤ ਸਵੇਲੇ,
ਆਣ ਕਰਨ ਮਜ਼ਦੂਰੀ ਹੂ ।
ਕਾਵਾਂ ਇੱਲ੍ਹਾਂ ਹਿਕਸੇ ਗੱਲਾਂ,
ਤਰੀਜੀ ਰਲੀ ਚੰਡੂਰੀ ਹੂ ।
ਮਾਰਨ ਚੁੰਝਾਂ ਕਰਨ ਮੁਸ਼ੱਕਤ,
ਪੁਟ ਪੁਟ ਕੱਢਣ ਅੰਗੂਰੀ ਹੂ ।
ਉਮਰ ਪੁਟੇਂਦਿਆਂ ਗੁਜ਼ਰੀ ਬਾਹੂ,
ਕਦੀ ਨਾ ਪਈਆ ਪੂਰੀ ਹੂ ।

79. ਫੇ-ਫ਼ਿਕਰ ਕੁਨੋ ਕਰ ਜ਼ਿਕਰ ਹਮੇਸ਼ਾ

ਫੇ-ਫ਼ਿਕਰ ਕੁਨੋ ਕਰ ਜ਼ਿਕਰ ਹਮੇਸ਼ਾ,
ਲਫਜ਼ ਤਿੱਖਾ ਤਲਵਾਰੋਂ ਹੂ ।
ਜ਼ਾਕਿਰ ਸੋ ਜੋ ਜ਼ਿਕਰ ਕਮਾਵਣ,
ਪਲਕ ਨਾ ਫਾਰਗ ਯਾਰੋਂ ਹੂ ।
ਇਸ਼ਕ ਦਾ ਪੁੱਟਿਆ ਕੋਈ ਨਾ ਛੁਟਿਆ,
ਪੁੱਟਿਆ ਮੁੱਢ ਪਹਾੜੋਂ ਹੂ ।
ਹੱਕ ਦਾ ਕਲਮਾ ਆਸ਼ਿਕ ਪੜ੍ਹਦੇ ਬਾਹੂ,
ਰਖੀਂ ਫਕਰ ਦੀ ਮਾਰੋਂ ਹੂ ।

80. ਗੈਨ-ਗੌਸ ਕੁਤਬ ਨੇ ਉਰੇ ਉਰੇਰੇ

ਗੈਨ-ਗੌਸ ਕੁਤਬ ਨੇ ਉਰੇ ਉਰੇਰੇ,
ਆਸ਼ਿਕ ਜਾਣ ਅਗੇਰੇ ਹੂ ।
ਜਿਹੜੀ ਮੰਜ਼ਿਲ ਆਸ਼ਿਕ ਪਹੁੰਚਣ,
ਗੌਸ ਨਾ ਪਾਵਣ ਫੇਰੇ ਹੂ ।
ਆਸ਼ਿਕ ਵਿਚ ਵਿਸਾਲ ਦੇ ਰਹਿੰਦੇ,
ਲਾਮਕਾਨੀ ਡੇਰੇ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਜ਼ਾਤੋ ਜ਼ਾਤ ਬਸੇਰੇ ਹੂ ।

81. ਗਾਫ-ਗੁਝੇ ਸਾਏ ਸਾਹਿਬ ਵਾਲੇ

ਗਾਫ-ਗੁਝੇ ਸਾਏ ਸਾਹਿਬ ਵਾਲੇ,
ਕੁਝ ਖਬਰ ਨਹੀਂ ਅਸਲ ਦੀ ਹੂ ।
ਗੰਦਮ ਦਾਣਾ ਬਹੁਤਾ ਚੁਗਿਆ,
ਗਲ ਪਈ ਡੋਰ ਅਜ਼ਲ ਦੀ ਹੂ ।
ਫਾਹੀ ਦੇ ਵਿਚ ਮੈਂ ਪਈ ਤੜਫਾਂ,
ਬੁਲਬੁਲ ਬਾਗ਼ ਮਿਸਲ ਦੀ ਹੂ ।
ਗ਼ੈਰ ਦਿਲੇ ਥੀਂ ਸੁੱਟ ਕੇ ਬਾਹੂ,
ਰੱਖ ਉਮੀਦ ਫਜ਼ਲ ਦੀ ਹੂ ।

82. ਗਾਫ-ਗੂੜ੍ਹ ਜ਼ੁਲਮਾਤ ਅੰਧੇਰ ਗੁਬਾਰਾਂ

ਗਾਫ-ਗੂੜ੍ਹ ਜ਼ੁਲਮਾਤ ਅੰਧੇਰ ਗੁਬਾਰਾਂ,
ਅੱਗੇ ਰਾਹ ਨੇ ਖੌਫ ਖਤਰ ਦੇ ਹੂ ।
ਲੱਖ ਆਬਹਯਾਤ ਮੁਨੱਵਰ ਚਸ਼ਮੇ,
ਸਾਏ ਜ਼ੁਲਫ ਅੰਬਰ ਦੇ ਹੂ ।
ਮੁਖ ਮਹਿਬੂਬ ਦਾ ਖ਼ਾਨਾ ਕਾਅਬਾ,
ਆਸ਼ਕ ਸਜਦਾ ਕਰਦੇ ਹੂ ।
ਦੋ ਜ਼ੁਲਫਾਂ ਵਿਚ ਨੈਣ ਮੁਸੱਲੇ,
ਚਾਰ ਮਜ਼੍ਹਬ ਜਿੱਥ ਮਿਲਦੇ ਹੂ ।
ਮਿਸਲ ਸਕੰਦਰ ਢੂੰਡਣ ਆਸ਼ਕ,
ਇਕ ਪਲਕ ਆਰਾਮ ਨਾ ਕਰਦੇ ਹੂ ।
ਖਿਜ਼ਰ ਨਸੀਬ ਜਿਨ੍ਹਾਂ ਦੇ ਬਾਹੂ,
ਉਹ ਜਾ ਘੁੱਟ ਓਥੇ ਭਰਦੇ ਹੂ ।

83. ਗਾਫ-ਗੋਦੜੀਆਂ ਵਿਚ ਲਾਲ ਜਿਨ੍ਹਾਂ ਦੀ

ਗਾਫ-ਗੋਦੜੀਆਂ ਵਿਚ ਲਾਲ ਜਿਨ੍ਹਾਂ ਦੀ,
ਰਾਤੀਂ ਜਾਗਣ ਅੱਧੀਆਂ ਹੂ ।
ਸਿੱਕ ਮਾਹੀ ਦੀ ਟਿਕਣ ਨਾ ਦੇਂਦੀ,
ਲੋਕ ਅੰਨ੍ਹੇ ਦੇਂਦੇ ਬਦੀਆਂ ਹੂ ।
ਅੰਦਰ ਮੇਰਾ ਹੱਕ ਤਪਾਇਆ,
ਖਲਿਆਂ ਰਾਤੀਂ ਕੱਢੀਆਂ ਹੂ ।
ਤਨ ਥੀਂ ਮਾਸ ਜੁਦਾ ਹੋਇਆ ਬਾਹੂ,
ਸੋਖ ਝੁਲਾਰੇ ਹੱਡੀਆਂ ਹੂ ।

84. ਗਾਫ-ਗਿਆ ਈਮਾਨ ਇਸ਼ਕੇ ਦੇ ਪਾਰੋਂ

ਗਾਫ-ਗਿਆ ਈਮਾਨ ਇਸ਼ਕੇ ਦੇ ਪਾਰੋਂ,
ਹੋ ਕੇ ਕਾਫਰ ਰਹੀਏ ਹੂ ।
ਘੱਤ ਜ਼ੁਨਾਰ ਕੁਫ਼ਰ ਦਾ ਗਲ ਵਿਚ,
ਬੁਤਖ਼ਾਨੇ ਵਿਚ ਬਹੀਏ ਹੂ ।
ਜਿਸ ਜਾ ਜਾਨੀ ਨਜ਼ਰ ਨ ਆਵੇ,
ਸਜਦਾ ਮੂਲ ਨ ਦਈਏ ਹੂ ।
ਜਾਨੀ ਨਜ਼ਰ ਨ ਆਵੇ ਬਾਹੂ,
ਕਲਮਾ ਮੂਲ ਨ ਕਹੀਏ ਹੂ ।

85. ਗਾਫ-ਘੜੀ ਘੜੀ ਵਿਚ ਹਾਜ਼ਰ ਕਰਦਾ

ਗਾਫ-ਘੜੀ ਘੜੀ ਵਿਚ ਹਾਜ਼ਰ ਕਰਦਾ,
ਪਲ ਪਲ ਦੇ ਵਿਚ ਦੇਰੀ ਹੂ ।
ਦਿਲ ਵਿਚ ਖੌਫ ਰਜ਼ਾ ਰੱਬੇ ਦਾ ਬਾਹੂ,
ਰੱਬ ਕਰੇ ਨਾ ਟੇਰੀ ਹੂ ।
ਖੌਫ ਰਜ਼ਾ ਵਿਚ ਦਿਲ ਦੇ ਕਰੀਏ,
ਰੱਬ ਵਿਚ ਮੇਰੀ ਹੂ ।
ਜਿਨ੍ਹਾਂ ਖੌਫ ਰੱਬੇ ਦਾ ਬਾਹੂ,
ਉਨ੍ਹਾਂ ਵਣਜ ਬਧੇ ਨੀ ਸੇਰੀ ਹੂ ।

86. ਹੇ-ਹਾਫਿਜ਼ ਪੜ੍ਹ ਪੜ੍ਹ ਕਰਨ ਤਕੱਬਰ

ਹੇ-ਹਾਫਿਜ਼ ਪੜ੍ਹ ਪੜ੍ਹ ਕਰਨ ਤਕੱਬਰ,
ਮੁੱਲਾਂ ਕਰਨ ਵਡਿਆਈ ਹੂ ।
ਸਾਵਣ ਮਾਹ ਦੇ ਬੱਦਲਾਂ ਵਾਂਗੂੰ,
ਫਿਰਨ ਕਿਤਾਬਾਂ ਚਾਈ ਹੂ ।
ਜਿਥੇ ਵੇਖਣ ਚੰਗਾ ਚੋਖਾ,
ਪੜ੍ਹਨ ਕਲਾਮ ਸਵਾਈ ਹੂ ।
ਦੋਹੀਂ ਜਹਾਨੀਂ ਮੁੱਠੇ ਬਾਹੂ,
ਜਿਨ੍ਹਾਂ ਖਾਧੀ ਵੇਚ ਕਮਾਈ ਹੂ ।

87. ਹੇ-ਹੂ ਦਾ ਜਾਮਾ ਪਹਿਨ ਕਰਾਹਾਂ

ਹੇ-ਹੂ ਦਾ ਜਾਮਾ ਪਹਿਨ ਕਰਾਹਾਂ,
ਇਸਮ ਕਮਾਵਣ ਜ਼ਾਤੀ ਹੂ ।
ਕੁਫ਼ਰ ਇਸਲਾਮ ਮੁਕਾਮ ਨ ਮੰਜ਼ਿਲ,
ਨ ਓਥੇ ਮੌਤ ਹਯਾਤੀ ਹੂ ।
ਨ ਓਥੇ ਮਸ਼ਰਿਕ ਨ ਓਥੇ ਮਗ਼ਰਿਬ,
ਨ ਓਥੇ ਦਿਨ ਤੇ ਰਾਤੀ ਹੂ ।
ਸ਼ਾਹ ਰਗ ਥੀਂ ਨਜ਼ਦੀਕ ਲਧੋਸੁ,
ਪਾ ਅੰਦਰੂਨੀ ਝਾਤੀ ਹੂ ।
ਉਹ ਅਸਾਂ ਵਿਚ ਅਸੀਂ ਉਨ੍ਹਾਂ ਵਿਚ,
ਦੂਰ ਰਹੀ ਕੁਰਬਾਤੀ ਹੂ ।

88. ਹੇ-ਹਾਦੀ ਸਾਨੂੰ ਸਬਕ ਪੜ੍ਹਾਇਆ

ਹੇ-ਹਾਦੀ ਸਾਨੂੰ ਸਬਕ ਪੜ੍ਹਾਇਆ,
ਬਿਨ ਪੜ੍ਹਿਆ ਪਿਆ ਪੜ੍ਹੀਵੇ ਹੂ ।
ਸਿਰ ਕੰਨਾਂ ਵਿਚ ਵਸ ਰਹਿਓ ਸੀ,
ਬਿਨ ਸੁਣਿਆ ਪਿਆ ਸੁਣੀਵੇ ਹੂ ।
ਨੈਣ ਨੈਣਾਂ ਵਲ ਤੁਰ ਤੁਰ ਤਕਣ,
ਬਿਨ ਡਿਠਿਆਂ ਪਿਆ ਦਿਸੀਵੇ ਹੂ ।
ਰੋਵਣ ਝਕਣ ਗਾਲੀ ਦੇਵਣ ਨਾਲ ਢੋਲ ਬਾਹੂ,
ਕੂੜੀ ਤਰ੍ਹਾਂ ਵਟੀਵੇ ਹੂ ।

89. ਹੇ-ਹਰਦਮ ਸ਼ਰਮ ਦੀ ਤੰਦ ਤਰੋੜੇ

ਹੇ-ਹਰਦਮ ਸ਼ਰਮ ਦੀ ਤੰਦ ਤਰੋੜੇ,
ਜਾਂ ਇਹ ਛੋਡ ਕਬੱਲੇ ਹੂ ।
ਕਿਚਰਕ ਬਾਲਾਂ ਅਕਲ ਦਾ ਦੀਵਾ,
ਬਿਰਹੋਂ ਹਨ੍ਹੇਰੀ ਝੁਲੇ ਹੂ ।
ਉਜੜ ਗਿਆਂ ਦੇ ਭੇਤ ਨਿਆਰੇ,
ਲਾਲ ਜਵਾਹਰ ਰੁੱਲੇ ਹੂ ।
ਬਾਹੂ ਧੋਤਿਆਂ ਦਾਗ ਨ ਲਹਿੰਦੇ,
ਜਿੱਥੇ ਰੰਗ ਮਜੀਠੀ ਡੁਲ੍ਹੇ ਹੂ ।

90. ਹੇ-ਹੱਸਣ ਦੇ ਕੇ ਰੋਵਣ ਲਿਓਈ

ਹੇ-ਹੱਸਣ ਦੇ ਕੇ ਰੋਵਣ ਲਿਓਈ,
ਦਿੱਤਾ ਕਿਸ ਦਿਲਾਸਾ ਹੂ ।
ਉਮਰ ਬੰਦੇ ਦੇ ਇਵੇਂ ਵਿਹਾਣੀ,
ਜਿਉਂ ਪਾਣੀ ਵਿਚ ਪਤਾਸਾ ਹੂ ।
ਸੌੜੀ ਸਾਮੀ ਸੁੱਟ ਘੱਤੀਸੁ,
ਪਲਟ ਨ ਸਕੇਂ ਪਾਸਾ ਹੂ ।
ਸਾਹਿਬ ਲੇਖਾ ਮੰਗਸੀ ਬਾਹੂ,
ਰੱਤੀ ਘੱਟ ਨ ਮਾਸਾ ਹੂ ।

91. ਹੇ-ਹੋਰ ਦਵਾ ਨ ਦਿਲ ਦੀ ਕਾਰੀ

ਹੇ-ਹੋਰ ਦਵਾ ਨ ਦਿਲ ਦੀ ਕਾਰੀ,
ਕਲਮਾ ਦਿਲ ਦੀ ਕਾਰੀ ਹੂ ।
ਕਲਮਾ ਦੂਰ ਜ਼ੰਗਾਰ ਕਰੇਂਦਾ,
ਕਲਮੇ ਮੈਲ ਉਤਾਰੀ ਹੂ ।
ਕਲਮਾ ਹੀਰੇ ਲਾਲ ਜਵਾਹਰ,
ਕਲਮਾ ਹੱਟ ਪਸਾਰੀ ਹੂ ।
ਏਥੇ ਓਥੇ ਦੋਹੀਂ ਜਹਾਨੀਂ ਬਾਹੂ,
ਕਲਮਾ ਦੌਲਤ ਸਾਰੀ ਹੂ ।

92. ਹੇ-ਹਿੱਕ ਜਾਗਣ ਹਿੱਕ ਜਾਗ ਨ ਜਾਨਣ

ਹੇ-ਹਿੱਕ ਜਾਗਣ ਹਿੱਕ ਜਾਗ ਨ ਜਾਨਣ,
ਹਿੱਕ ਜਾਗਦਿਆਂ ਹੀ ਸੁੱਤੇ ਹੂ ।
ਹਿੱਕ ਸੁਤਿਆਂ ਜਾ ਵਿਸਾਲ ਹੋਏ,
ਹਿੱਕ ਜਾਗਦਿਆਂ ਹੀ ਮੁੱਠੇ ਹੂ ।
ਕੀ ਹੋਇਆ ਜੇ ਘੁਗੂ ਜਾਗੇ,
ਜੋ ਲੈਂਦਾ ਸਾਹ ਅਪੁੱਠੇ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਖੂਹ ਪ੍ਰੇਮ ਦੇ ਜੁੱਤੇ ਹੂ ।

(ਵਿਸਾਲ=ਮਿਲਣਾ, ਘੁਗੂ=ਉੱਲੂ)


93. ਹੇ-ਹੂ ਸੌਦਾਗਰੀ ਸੌਦਾ ਏਹੋ

ਹੇ-ਹੂ ਸੌਦਾਗਰੀ ਸੌਦਾ ਏਹੋ
ਦੁਨੀਆਂ ਚਾਰ ਦਿਹਾੜੀ ਹੂ ।
ਜਾਂ ਜਾਂ ਦਿਲ ਵਿਚ ਮੌਜਾਂ ਮਾਣੇ,
ਮੌਤ ਮਰੇਂਦੀ ਤਾਰੀ ਹੂ ।
ਕਰ ਕੁਝ ਮਿਹਨਤ ਹਾਸਲ ਹੋਵੇ,
ਜੂੰ ਜੂੰ ਹੱਥ ਪਸਾਰੀ ਹੂ ।
ਰਲ ਚੋਰਾਂ ਨੇ ਪੁਰ ਚੜ੍ਹਾਇਆ,
ਰੱਬ ਸਹੀ ਸਲਾਮਤ ਜਾਰੀ ਹੂ ।
ਚਲ ਬਾਜ਼ਾਰ ਕੁਝ ਕਰੀਏ ਬਾਹੂ,
ਦੁਸ਼ਮਣ ਹੱਥ ਕਟਾਰੀ ਹੂ ।

94. ਜੀਮ-ਜੋ ਦਿਲ ਮੰਗੇ ਹੋਵੇ ਨਾਹੀਂ

ਜੀਮ-ਜੋ ਦਿਲ ਮੰਗੇ ਹੋਵੇ ਨਾਹੀਂ,
ਹੋਵਣ ਰਿਹਾ ਪਰੇਰੇ ਹੂ ।
ਦੋਸਤ ਨ ਦੇਵੇ ਦਿਲ ਦਾ ਦਾਰੂ,
ਇਸ਼ਕ ਨ ਵਾਗਾਂ ਫੇਰੇ ਹੂ ।
ਇਸ ਮੈਦਾਨ ਮੁਹੱਬਤ ਵਾਲੇ,
ਮਿਲਦੇ ਤਾਅ ਤਿਖੇਰੇ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਰਖਿਆ ਕਦਮ ਅਗੇਰੇ ਹੂ ।

95. ਜੀਮ-ਜੇ ਤੂੰ ਚਾਹੇਂ ਵਹਦਤ ਰੱਬ ਦੀ

ਜੀਮ-ਜੇ ਤੂੰ ਚਾਹੇਂ ਵਹਦਤ ਰੱਬ ਦੀ,
ਮਲ ਮੁਰਸ਼ਿਦ ਦੀਆਂ ਤਲੀਆਂ ਹੂ ।
ਮੁਰਸ਼ਿਦ ਲੁਤਫ਼ੋਂ ਕਰੇ ਨਜ਼ਾਰਾ,
ਗੁਲ ਥੀਵਣ ਸਭ ਕਲੀਆਂ ਹੂ ।
ਉਨ੍ਹਾਂ ਕਲੀਆਂ ਵਿਚ ਹਿਕ ਲਾਲਾ ਹੋਸੀ,
ਗੁਲ ਨਾਜ਼ੁਕ ਕੁਲ ਫਲੀਆਂ ਹੂ ।
ਦੋਹੀਂ ਜਹਾਨੀ ਮੁੱਠੇ ਬਾਹੂ,
ਜਿਨ੍ਹਾਂ ਸੰਗ ਕੀਤਾ ਦੋ ਵਲੀਆਂ ਹੂ ।

96. ਜੀਮ-ਜਿਨ੍ਹਾਂ ਅਲਿਫ਼ ਮੁਤਾਲਿਆ ਕੀਤਾ

ਜੀਮ-ਜਿਨ੍ਹਾਂ ਅਲਿਫ਼ ਮੁਤਾਲਿਆ ਕੀਤਾ,
ਬੇ ਦਾ ਬਾਬ ਨ ਪੜ੍ਹਦਾ ਹੂ ।
ਛੋੜ ਸਿਫ਼ਾਤੀ ਜਿਸ ਲਧਿਓਸੁ ਜ਼ਾਤੀ,
ਆਮੀ ਨਾਲ ਨ ਰਲਦਾ ਹੂ ।
ਨਫ਼ਸ ਅੱਮਾਰਾ ਕੁਤੜਾ ਜਾਣੇ,
ਨਾਜ਼ ਨਿਆਜ਼ ਨ ਧਰਦਾ ਹੂ ।
ਕਿਆ ਪਰਵਾਹ ਤਿਨ੍ਹਾਂ ਨੂੰ ਬਾਹੂ,
ਜਿਨ੍ਹਾਂ ਘਾੜੂ ਲੱਧਾ ਘਰਦਾ ਹੂ ।

(ਬਾਬ=ਦੂਜਾ ਪਾਠ, ਅੱਮਾਰਾ=ਬੁਰਾ,
ਘਾੜੂ=ਘੜਨ ਵਾਲਾ,ਗੁਰੂ)


97. ਜੀਮ-ਜਿਸ ਦਿਲ ਇਸ਼ਕ ਖਰੀਦ ਨ ਕੀਤਾ

ਜੀਮ-ਜਿਸ ਦਿਲ ਇਸ਼ਕ ਖਰੀਦ ਨ ਕੀਤਾ,
ਸੋ ਦਿਲ ਬਖ਼ਤ ਨਬਖ਼ਤੀ ਹੂ ।
ਉਸਤਾਦ ਅਜ਼ਲ ਦੇ ਸਬਕ ਪੜ੍ਹਾਇਆ,
ਹੱਥ ਦਿੱਤੁਸ ਦਿਲ ਤਖ਼ਤੀ ਹੂ ।
ਬਰਸਰ ਆਇਆ ਦੰਮ ਨ ਮਾਰੀਂ,
ਜਾਂ ਸਿਰ ਆਵੇ ਸਖ਼ਤੀ ਹੂ ।
ਪੜ੍ਹ ਤੌਹੀਦ ਹੋ ਵਾਸਿਲ ਬਾਹੂ,
ਸਬਕ ਪੜ੍ਹੀਵੇ ਵਕਤੀ ਹੂ ।

98. ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ

ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ,
ਸੋ ਦਿਲ ਦਰਦ ਨ ਜਾਣੇ ਹੂ ।
ਖੁਨਸੇ ਖੁਸਰੇ ਹਰ ਕੋਈ ਆਖੇ,
ਕੌਣ ਕਹੇ ਮਰਦਾਨੇ ਹੂ ।
ਗਲੀਆਂ ਵਿਚ ਫਿਰਨ ਹਰ ਵੇਲੇ,
ਜਿਵੇਂ ਜੰਗਲ ਢੋਰ ਦੀਵਾਨੇ ਹੂ ।
ਮਰਦ ਨਮਰਦ ਤਾਹੀਂ ਖੁਲਸਨ ਬਾਹੂ,
ਜਦ ਆਸ਼ਕ ਬੰਨ੍ਹਸਨ ਗਾਨੇ ਹੂ ।

99. ਜੀਮ-ਜਿੱਥੇ ਰੱਤੀ ਇਸ਼ਕ ਵਿਕਾਵੇ

ਜੀਮ-ਜਿੱਥੇ ਰੱਤੀ ਇਸ਼ਕ ਵਿਕਾਵੇ,
ਓਥੇ ਮੁਲ ਈਮਾਨ ਦੇਵੀਵੇ ਹੂ ।
ਕੁਤਬ ਕਿਤਾਬਾਂ ਵਿਰਦ ਵਜ਼ੀਫ਼ੇ,
ਇਹ ਭੀ ਉਤਰ ਕਚੀਵੇ ਹੂ ।
ਬਾਝੋਂ ਮੁਰਸ਼ਦ ਕੁਝ ਨ ਹਾਸਿਲ,
ਤੋੜੇ ਰਾਤੀਂ ਜਾਗ ਪੜ੍ਹੀਵੇ ਹੂ ।
ਮਰੀਏ ਮਰਨ ਥੀਂ ਅੱਗੇ ਬਾਹੂ,
ਤਾਂ ਰੱਬ ਹਾਸਿਲ ਥੀਵੇ ਹੂ ।

(ਤੋੜੇ=ਭਾਵੇਂ)


100. ਜੀਮ-ਜੰਗਲ ਦੇ ਵਿਚ ਸ਼ੇਰ ਮਰੇਲਾ

ਜੀਮ-ਜੰਗਲ ਦੇ ਵਿਚ ਸ਼ੇਰ ਮਰੇਲਾ,
ਬਾਜ਼ ਪਵੇ ਵਿਚ ਘਰ ਦੇ ਹੂ ।
ਇਸ਼ਕ ਜਿਹਾ ਅਸਰਾਫ ਨ ਕੋਈ,
ਕਜ ਨ ਛੋੜੇ ਜ਼ਰ ਦੇ ਹੂ ।
ਆਸ਼ਿਕਾਂ ਨੀਂਦਰ ਭੁੱਖ ਨ ਕੋਈ,
ਆਸ਼ਿਕ ਮੂਲ ਨ ਮਰਦੇ ਹੂ ।
ਆਸ਼ਿਕ ਜਿਉਂਦੇ ਤਦਾਂ ਬਾਹੂ,
ਜਦ ਰੱਬ ਅੱਗੇ ਸਿਰ ਧਰਦੇ ਹੂ ।

(ਕਜ=ਘਾਟ, ਜ਼ਰ=ਸੋਨਾ)


101. ਜੀਮ-ਜਿਨ੍ਹਾਂ ਇਸ਼ਕ ਹਕੀਕੀ ਪਾਇਆ

ਜੀਮ-ਜਿਨ੍ਹਾਂ ਇਸ਼ਕ ਹਕੀਕੀ ਪਾਇਆ,
ਮੂੰਹੋਂ ਨ ਕੁਝ ਅਲਾਵਨ ਹੂ ।
ਜ਼ਿਕਰ ਫ਼ਿਕਰ ਵਿਚ ਰਹਿਣ ਹਮੇਸ਼ਾ,
ਦਮ ਨੂੰ ਕੈਦ ਲਗਾਵਨ ਹੂ ।
ਨਫਸੀ ਕਲਬੀ ਰੂਹੀ ਸਿੱਰੀ,
ਅਖ਼ਫੀ ਖ਼ਫ਼ੀ ਕਮਾਵਨ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਹੜੇ ਹਿਕਸ ਨਿਗਾਹ ਜਗਾਵਣ ਹੂ ।

102. ਜੀਮ-ਜਿਉਂਦੇ ਕੀ ਜਾਨਣ ਸਾਰ ਮੋਇਆਂ ਦੀ

ਜੀਮ-ਜਿਉਂਦੇ ਕੀ ਜਾਨਣ ਸਾਰ ਮੋਇਆਂ ਦੀ,
ਸੋ ਜਾਣੇ ਜੋ ਮਰਦਾ ਹੂ ।
ਕਬਰਾਂ ਦੇ ਵਿਚ ਅੰਨ ਨ ਪਾਣੀ,
ਖਰਚ ਲੋੜੀਂਦਾ ਘਰ ਦਾ ਹੂ ।
ਇਕ ਵਿਛੋੜਾ ਮਾਂ ਪਿਉ ਭਾਈਆਂ,
ਬਿਆ ਅਜ਼ਾਬ ਕਬਰ ਦਾ ਹੂ ।
ਵਾਹ ਨਸੀਬ ਉਹੰਦਾ ਬਾਹੂ,
ਜੇਹੜਾ ਵਿਚ ਹਯਾਤੀ ਮਰਦਾ ਹੂ ।

(ਬਿਆ=ਦੂਜਾ, ਅਜ਼ਾਬ=ਦੁੱਖ)


103. ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ

ਜੀਮ-ਜੈਂ ਦਿਲ ਇਸ਼ਕ ਖਰੀਦ ਨ ਕੀਤਾ,
ਸੋ ਦਿਲ ਦਰਦ ਨਾ ਫੁੱਟੀ ਹੂ ।
ਉਸ ਦਿਲ ਥੀਂ ਸੰਗ ਪੱਥਰ ਚੰਗੇ,
ਜੋ ਦਿਲ ਗ਼ਫਲਤ ਅੱਟੀ ਹੂ ।
ਜੈਂ ਦਿਲ ਇਸ਼ਕ ਹਜ਼ੂਰ ਨਾ ਮੰਗਿਆ,
ਸੋ ਦਰਗਾਹੋਂ ਸੁੱਟੀ ਹੂ ।
ਮਿਲਿਆ ਦੋਸਤ ਨਾ ਬਾਹੂ ਜਿਨ੍ਹਾਂ,
ਚੌੜ ਨਾ ਕੀਤੀ ਤਰੱਟੀ ਹੂ ।

104. ਜੀਮ-ਜੋ ਪਾਕੀ ਬਿਨ ਪਾਕ ਮਾਹੀ ਦੇ

ਜੀਮ-ਜੋ ਪਾਕੀ ਬਿਨ ਪਾਕ ਮਾਹੀ ਦੇ,
ਸੋ ਪਾਕੀ ਜਾਣ ਪਲੀਤੀ ਹੂ ।
ਹਿੱਕ ਬੁਤਖ਼ਾਨੇ ਵਾਸਿਲ ਹੋਏ,
ਹਿੱਕ ਖਾਲੀ ਰਹੇ ਮਸੀਤੀ ਹੂ ।
ਇਸ਼ਕ ਦੀ ਬਾਜ਼ੀ ਲਾਈ ਜਿਨ੍ਹਾਂ,
ਸਿਰ ਦੇਂਦਿਆਂ ਢਿਲ ਨਾ ਕੀਤੀ ਹੂ ।
ਹਰਗਿਜ਼ ਦੋਸਤ ਨਾ ਮਿਲਦਾ ਬਾਹੂ,
ਜਿਨ੍ਹਾਂ ਤਰੱਟੀ ਚੌੜ ਨਾ ਕੀਤੀ ਹੂ ।

105. ਜੀਮ-ਜੈਂ ਡੇਂਹ ਦਾ ਮੈਂ ਦਰ ਤੈਂਡੇ ਤੇ

ਜੀਮ-ਜੈਂ ਡੇਂਹ ਦਾ ਮੈਂ ਦਰ ਤੈਂਡੇ ਤੇ,
ਸਿਜਦਾ ਸਹੀ ਵੰਜ ਕੀਤਾ ਹੂ ।
ਉਸ ਡੇਂਹ ਦਾ ਸਿਰ ਫ਼ਿਦਾ ਉਥਾਈਂ,
ਮੈਂ ਬਿਆ ਦਰਬਾਰ ਨਾ ਲੀਤਾ ਹੂ ।
ਸਿਰ ਦੇਵਣ ਸਿਰ ਆਖਣ ਨਾਹੀਂ,
ਸ਼ੌਕ ਪਿਆਲਾ ਪੀਤਾ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਇਸ਼ਕ ਸਲਾਮਤ ਕੀਤਾ ਹੂ ।

106. ਜੀਮ-ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ

ਜੀਮ-ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ,
ਫੋਲ ਕੁਰਾਨ ਨਾ ਪੜ੍ਹਦੇ ਹੂ ।
ਉਹ ਮਾਰਨ ਦਮ ਮੁਹੱਬਤ ਵਾਲਾ,
ਦੂਰ ਹੋਏ ਨੇ ਪਰਦੇ ਹੂ ।
ਦੋਜ਼ਖ ਬਹਿਸ਼ਤ ਗ਼ੁਲਾਮ ਤਿਨ੍ਹਾਂ ਦੇ,
ਚਾ ਕੀਤੋ ਨੇ ਬਰਦੇ ਹੂ ।
ਮੈਂ ਕੁਰਬਾਨ ਤਿਨ੍ਹਾਂ ਦੇ ਬਾਹੂ,
ਜੇਹੜੇ ਵਹਦਤ ਦੇ ਵਿਚ ਵੜਦੇ ਹੂ ।

(ਦੋਜ਼ਖ=ਨਰਕ, ਬਹਿਸ਼ਤ=ਸੁਰਗ,
ਬਰਦੇ=ਨੌਕਰ)


107. ਜੀਮ-ਜਬ ਲਗ ਖੁਦੀ ਕਰੇਂ ਖੁਦ ਨਫ਼ਸੋਂ

ਜੀਮ-ਜਬ ਲਗ ਖੁਦੀ ਕਰੇਂ ਖੁਦ ਨਫ਼ਸੋਂ,
ਤਬ ਲਗ ਰੱਬ ਨਾ ਪਾਵੇਂ ਹੂੰ ।
ਸ਼ਰਤ ਫਨ੍ਹਾ ਨੂੰ ਜਾਣੇਂ ਨਾਹੀਂ,
ਨਾਮ ਫ਼ਕੀਰ ਰਖਾਵੇਂ ਹੂੰ ।
ਮੋਏ ਬਾਝ ਨਾ ਸੋਹੰਦੀ ਅਲਫੀ,
ਐਵੇਂ ਗਲ ਵਿਚ ਪਾਵੇਂ ਹੂ ।
ਨਾਮ ਫ਼ਕੀਰ ਤਦਾਂ ਸੋਹੰਦਾ ਬਾਹੂ,
ਜੇ ਜਿਉਂਦਿਆਂ ਮਰ ਜਾਵੇਂ ਹੂ ।

108. ਜੀਮ-ਜੋ ਦਮ ਗਾਫ਼ਿਲ ਸੋ ਦਮ ਕਾਫ਼ਿਰ

ਜੀਮ-ਜੋ ਦਮ ਗਾਫ਼ਿਲ ਸੋ ਦਮ ਕਾਫ਼ਿਰ,
ਮੁਰਸ਼ਿਦ ਇਹ ਪੜ੍ਹਾਇਆ ਹੂ ।
ਸੁਣਿਆਂ ਸੁਖਨ ਗਈਆਂ ਖੁਲ੍ਹ ਅੱਖੀਂ,
ਚਿਤ ਮੌਲਾ ਵਲ ਲਾਇਆ ਹੂ ।
ਕੀਤੀ ਜਾਨ ਹਵਾਲੇ ਰੱਬ ਦੇ,
ਐਸਾ ਇਸ਼ਕ ਕਮਾਇਆ ਹੂ ।
ਮਰਨ ਥੀਂ ਅੱਗੇ ਮਰ ਗਏ ਬਾਹੂ,
ਤਾਂ ਮਤਲਬ ਨੂੰ ਪਾਇਆ ਹੂ ।

109. ਜੀਮ-ਜੀਵੰਦਿਆਂ ਮਰ ਰਹਿਣਾ ਹੋਵੇ

ਜੀਮ-ਜੀਵੰਦਿਆਂ ਮਰ ਰਹਿਣਾ ਹੋਵੇ,
ਤਾਂ ਵੇਸ ਫ਼ਕੀਰਾਂ ਬਹੀਏ ਹੂ ।
ਜੇ ਕੋਈ ਸੁੱਟੇ ਗੁਦੜ ਕੂੜਾ,
ਵਾਂਗ ਅਰੂੜੀ ਸਹੀਏ ਹੂ ।
ਜੇ ਕੋਈ ਦੇਵੇ ਗਾਲ੍ਹਾਂ ਮਿਹਣੇ,
ਉਸ ਨੂੰ ਜੀ ਜੀ ਕਹੀਏ ਹੂ ।
ਗਿਲਾ ਉਲ੍ਹਾਮਾਂ ਭੰਡੀ ਖਵਾਰੀ,
ਯਾਰ ਦੇ ਪਾਰੋਂ ਸਹੀਏ ਹੂ ।
ਕਾਦਰ ਦੇ ਹੱਥ ਡੋਰ ਅਸਾਡੀ ਬਾਹੂ,
ਜਿਉਂ ਰੱਖੇ ਤਿਉਂ ਰਹੀਏ ਹੂ ।
110. ਜੀਮ-ਜੇਕਰ ਦੀਨ ਇਲਮ ਵਿਚ ਹੋਂਦਾ

ਜੀਮ-ਜੇਕਰ ਦੀਨ ਇਲਮ ਵਿਚ ਹੋਂਦਾ,
ਸਿਰ ਨੇਜ਼ੇ ਕਿਉਂ ਚੜ੍ਹਦੇ ਹੂ ।
ਅਠਾਰਾਂ ਹਜ਼ਾਰ ਜੋ ਆਲਮ ਆਹਾ,
ਅੱਗੇ ਹੁਸੈਨ ਦੇ ਮਰਦੇ ਹੂ ।
ਜੇ ਮੁਲਾਹਜਾ ਸਰਵਰ ਕਰਦੇ,
ਖੈਮੇ ਤੰਬੂ ਕਿਉਂ ਸੜਦੇ ਹੂ ।
ਜੇਕਰ ਮੰਨਦੇ ਬੈਤ ਰਸੂਲੀ,
ਪਾਣੀ ਕਿਉਂ ਬੰਦ ਕਰਦੇ ਹੂ ।
ਸਾਦਕ ਦੀਨ ਤਿਨ੍ਹਾਂ ਦਾ ਬਾਹੂ,
ਜੋ ਸਿਰ ਕੁਰਬਾਨੀ ਕਰਦੇ ਹੂ ।

111. ਜੀਮ-ਜਦ ਦਾ ਮੁਰਸ਼ਦ ਕਾਸਾ ਦਿੱਤਾ

ਜੀਮ-ਜਦ ਦਾ ਮੁਰਸ਼ਦ ਕਾਸਾ ਦਿੱਤਾ,
ਤਦ ਦੀ ਬੇਪਰਵਾਹੀ ਹੂ ।
ਕੀ ਹੋਇਆ ਜੇ ਰਾਤੀਂ ਜਾਗੇ,
ਮੁਰਸ਼ਦ ਜਾਗ ਨਾ ਲਾਈ ਹੂ ।
ਰਾਤੀਂ ਜਾਗੇਂ ਕਰੇਂ ਇਬਾਦਤ,
ਦੇਂਹ ਨਿੰਦਿਆ ਕਰੇਂ ਪਰਾਈ ਹੂ ।
ਕੂੜਾ ਤਖਤ ਦੁਨੀਆਂ ਦਾ ਬਾਹੂ,
ਫ਼ੱਕਰ ਸੱਚੀ ਪਾਤਸ਼ਾਹੀ ਹੂ ।

112. ਜੀਮ-ਜੇ ਰੱਬ ਨ੍ਹਾਤਿਆਂ ਧੋਤਿਆਂ ਮਿਲਦਾ

ਜੀਮ-ਜੇ ਰੱਬ ਨ੍ਹਾਤਿਆਂ ਧੋਤਿਆਂ ਮਿਲਦਾ,
ਮਿਲਦਾ ਡੱਡੂਆਂ ਮੱਛੀਆਂ ਹੂ ।
ਜੇ ਰੱਬ ਮਿਲਦਾ ਮੋਨ ਮੁਨਾਇਆਂ,
ਮਿਲਦਾ ਭੇਡਾਂ ਸੱਸੀਆਂ ਹੂ ।
ਜੇ ਰੱਬ ਰਾਤੀਂ ਜਾਗਿਆਂ ਮਿਲਦਾ,
ਮਿਲਦਾ ਕਾਲ-ਕੜੱਛੀਆਂ ਹੂ ।
ਜੇ ਰੱਬ ਜਤੀਆਂ ਸਤੀਆਂ ਮਿਲਦਾ,
ਮਿਲਦਾ ਡਾਂਡਾਂ ਖੱਸੀਆਂ ਹੂ ।
ਰੱਬ ਉਨ੍ਹਾਂ ਨੂੰ ਮਿਲਦਾ ਬਾਹੂ,
ਨੀਤਾਂ ਜਿਨ੍ਹਾਂ ਅੱਛੀਆਂ ਹੂ ।

113. ਜੀਮ-ਜਾਲ ਜਲੇਂਦਿਆਂ ਜੰਗਲ ਭੌਂਦਿਆਂ

ਜੀਮ-ਜਾਲ ਜਲੇਂਦਿਆਂ ਜੰਗਲ ਭੌਂਦਿਆਂ,
ਹਿੱਕਾ ਗੱਲ ਨਾ ਪੱਕੀ ਹੂ ।
ਚਿੱਲੇ ਚੱਲੀਏ ਹੱਜ ਗੁਜ਼ਾਰਿਆਂ,
ਦਿਲ ਦੀ ਦੌੜ ਨਾ ਡੱਕੀ ਹੂ ।
ਤਰੀਹੇ ਰੋਜ਼ੇ ਪੰਜ ਨਮਾਜ਼ਾਂ,
ਇਹ ਭੀ ਪੜ੍ਹ ਪੜ੍ਹ ਥੱਕੀ ਹੂ ।
ਸਭੇ ਮੁਰਾਦਾਂ ਹਾਸਲ ਬਾਹੂ,
ਜਾਂ ਨਜ਼ਰ ਮਿਹਰ ਦੀ ਤੱਕੀ ਹੂ ।

114. ਜੀਮ-ਜਾਂ ਜਾਂ ਜ਼ਾਤ ਨਾ ਥੀਵੇ ਬਾਹੂ

ਜੀਮ-ਜਾਂ ਜਾਂ ਜ਼ਾਤ ਨਾ ਥੀਵੇ ਬਾਹੂ,
ਤਾਂ ਕਮਜ਼ਾਤ ਸਦੀਵੇ ਹੂ ।
ਜ਼ਾਤੀ ਨਾਲ ਸਿਫਾਤੀ ਨਾਹੀਂ,
ਤਾਂ ਤਾਂ ਹੱਕ ਲਭੀਵੇ ਹੂ ।
ਅੰਦਰ ਭੀ ਹੂ ਬਾਹਰ ਭੀ ਹੂ,
ਬਾਹੂ ਕਿੱਥ ਲਭੀਵੇ ਹੂ ।
ਜੈਂ ਅੰਦਰ ਹੁੱਬ ਦੁਨੀਆਂ ਬਾਹੂ,
ਉਹ ਮੂਲ ਫ਼ਕੀਰ ਨਾ ਥੀਵੇ ਹੂ ।

115. ਜੀਮ-ਜਿਸ ਦਿਲ ਇਸਮ ਅੱਲਾ ਦਾ ਚਮਕੇ

ਜੀਮ-ਜਿਸ ਦਿਲ ਇਸਮ ਅੱਲਾ ਦਾ ਚਮਕੇ,
ਇਸ਼ਕ ਭੀ ਕਰਦਾ ਹੱਲੇ ਹੂ ।
ਭਾਹ ਕਸਤੂਰੀ ਛੁਪਦੀ ਨਾਹੀਂ,
ਦੇ ਰੱਖੀਏ ਸੈ ਪੱਲੇ ਹੂ ।
ਉਂਗਲੀ ਪਿਛੇ ਦੇਂਹ ਨਾ ਛੁਪਦਾ,
ਦਰਿਆ ਨਾ ਰਹਿੰਦੇ ਠੱਲੇ ਹੂ ।
ਅਸੀਂ ਉਸ ਵਿਚ ਉਹ ਅਸਾਂ ਵਿਚ ਬਾਹੂ,
ਯਾਰਾਂ ਯਾਰ ਸਵੱਲੇ ਹੂ ।

116. ਕਾਫ-ਕਲਬ ਹਿਲਿਆ ਤਾਂ ਕਿਆ ਹੋਇਆ

ਕਾਫ-ਕਲਬ ਹਿਲਿਆ ਤਾਂ ਕਿਆ ਹੋਇਆ,
ਕਿਆ ਹੋਇਆ ਜ਼ਿਕਰ ਜ਼ਬਾਨੀ ਹੂ ।
ਰੂਹੀ ਕਲਬੀ ਮਖ਼ਫੀ ਸਿੱਰੀ,
ਸੱਭੇ ਰਾਹ ਹੈਰਾਨੀ ਹੂ ।
ਸ਼ਾਹ ਰਗ ਤੋਂ ਨਜ਼ਦੀਕ ਜੋ ਰਹਿੰਦਾ,
ਯਾਰ ਨਾ ਮਿਲਿਆ ਜਾਨੀ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਜਿਹੜੇ ਵਸਦੇ ਲਾਮਕਾਨੀ ਹੂ ।

117. ਕਾਫ-ਕਰ ਮੁਹੱਬਤ ਕੁਝ ਹਾਸਲ ਹੋਵੇ

ਕਾਫ-ਕਰ ਮੁਹੱਬਤ ਕੁਝ ਹਾਸਲ ਹੋਵੇ,
ਉਮਰ ਇਹ ਚਾਰ ਦਿਹਾੜੇ ਹੂ ।
ਥੀ ਸੌਦਾਗਰ ਕਰ ਲੈ ਸੌਦਾ,
ਜਾਂ ਜਾਂ ਹੱਟ ਨਾ ਤਾੜੇ ਹੂ ।
ਜੇ ਜਾਨੇ ਦਿਲ ਜ਼ੌਕ ਮਨੇਸੀ,
ਮੌਤ ਮਰੇਂਦੀ ਧਾੜੇ ਹੂ ।
ਚੋਰਾਂ ਸਾਧਾਂ ਪੂਰ ਭਰਾਇਆ ਬਾਹੂ,
ਰੱਬ ਯਾਰ ਸਲਾਮਤ ਚਾੜ੍ਹੇ ਹੂ ।

118. ਕਾਫ-ਕਲਮੇ ਦੀ ਕਲ ਤਦਾਂ ਪਿਓਸੇ

ਕਾਫ-ਕਲਮੇ ਦੀ ਕਲ ਤਦਾਂ ਪਿਓਸੇ,
ਜਦ ਕਲ ਕਲਮੇ ਵੰਜ ਖੋਲੀ ਹੂ ।
ਕਲਮਾ ਆਸ਼ਿਕ ਓਥੇ ਪੜ੍ਹਦੇ,
ਜਿੱਥੇ ਨੂਰ ਨਬੀ ਦੀ ਹੋਲੀ ਹੂ ।
ਚੌਦਾਂ ਤੱਬਕ ਕਲਮੇ ਦੇ ਅੰਦਰ,
ਕੀ ਜਾਣੇ ਖ਼ਲਕਤ ਭੋਲੀ ਹੂ ।
ਕਲਮਾ ਪੀਰ ਪੜ੍ਹਾਇਆ ਬਾਹੂ,
ਜਿੰਦ ਜਾਨ ਓਸੇ ਤੋਂ ਘੋਲੀ ਹੂ ।

(ਕਲ=ਸਮਝ, ਕਲ=ਜਿੰਦਾ)


119. ਕਾਫ-ਕਲਮੇ ਦੀ ਕਲ ਤਦਾਂ ਪਿਓਸੇ

ਕਾਫ-ਕਲਮੇ ਦੀ ਕਲ ਤਦਾਂ ਪਿਓਸੇ,
ਜਦ ਕਲਮੇ ਦਿਲ ਫੜਿਆ ਹੂ ।
ਬੇਦਰਦਾਂ ਨੂੰ ਖਬਰ ਨਾ ਕੋਈ,
ਦਰਦਮੰਦਾਂ ਗਲ ਮੜ੍ਹਿਆ ਹੂ ।
ਕੁਫਰ ਇਸਲਾਮ ਦਾ ਪਤਾ ਲੱਗਾ,
ਜਦ ਭੰਨ ਜਿਗਰ ਵਿਚ ਵੜਿਆ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਕਲਮਾ ਸਹੀ ਕਰ ਪੜ੍ਹਿਆ ਹੂ ।

120. ਕਾਫ-ਕੁਨ ਫਯਕੂਨ ਜਦੋਂ ਫੁਰਮਾਇਆਸੁ

ਕਾਫ-ਕੁਨ ਫਯਕੂਨ ਜਦੋਂ ਫੁਰਮਾਇਆਸੁ,
ਅਸਾਂ ਭੀ ਕੋਲੇ ਹਾਸੇ ਹੂ ।
ਹਿੱਕੇ ਜ਼ਾਤ ਸਿਫਾਤ ਰੱਬੇ ਦੀ,
ਹਿੱਕੇ ਜਗ ਢੂੰਡਿਆਸੇ ਹੂ ।
ਹਿੱਕੇ ਲਾਮਕਾਨ ਅਸਾਡਾ,
ਹਿੱਕੇ ਆਣ ਬੁੱਤਾਂ ਵਿਚ ਫਾਸੇ ਹੂ ।
ਨਫਸ ਪਲੀਤ ਪਲੀਤੀ ਬਾਹੂ,
ਅਸਲ ਪਲੀਤ ਤਾਂ ਨਾਸੇ ਹੂ ।

(ਕੁਨ ਫਯਕੂਨ=ਅੱਲ੍ਹਾ ਨੇ ਕਿਹਾ
'ਹੋ ਜਾ' ਤੇ ਸ੍ਰਿਸ਼ਟੀ ਹੋ ਗਈ)


121. ਕਾਫ-ਕਿਆ ਹੋਇਆ ਬੁੱਤ ਦੂਰ ਗਿਆ

ਕਾਫ-ਕਿਆ ਹੋਇਆ ਬੁੱਤ ਦੂਰ ਗਿਆ,
ਦਿਲ ਹਰਗਿਜ਼ ਦੂਰ ਨਾ ਥੀਵੇ ਹੂ ।
ਸੈਆਂ ਕੋਹਾਂ ਤੇ ਵਸਦਾ ਮੁਰਸ਼ਦ,
ਮੈਨੂੰ ਵਿਚ ਹਜ਼ੂਰ ਦਿਸੀਵੇ ਹੂ ।
ਜੈਂਦੇ ਅੰਦਰ ਇਸ਼ਕ ਦੀ ਰੱਤੀ,
ਉਹ ਬਿਨ ਸ਼ਰਾਬੋਂ ਖੀਵੇ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਕਬਰ ਜਿਨ੍ਹਾਂ ਦੀ ਜੀਵੇ ਹੂ ।

122. ਕਾਫ-ਕਰ ਇਬਾਦਤ ਪਛੋਤਾਸੇਂ

ਕਾਫ-ਕਰ ਇਬਾਦਤ ਪਛੋਤਾਸੇਂ,
ਤੈਂਡੀ ਜਾਇਆ ਗਈ ਜਵਾਨੀ ਹੂ ।
ਆਰਫ ਦੀ ਗੱਲ ਆਰਫ ਜਾਨੇ,
ਕਿਆ ਜਾਨੇ ਨਫ਼ਸਾਨੀ ਹੂ ।
ਰਾਤੀਂ ਰੱਤੀ ਨੀਂਦ ਨਾ ਆਵੇ,
ਦਿਹਾਂ ਫਿਰਾਂ ਹੈਰਾਨੀ ਹੂ ।
ਵਾਹ ਨਸੀਬ ਤਿਨ੍ਹਾਂ ਦੇ ਬਾਹੂ,
ਜਿਨ੍ਹਾਂ ਮਿਲਿਆ ਪੀਰ ਜੀਲਾਨੀ ਹੂ ।

123. ਕਾਫ-ਕੂਕ ਦਿਲਾ ਮੱਤ ਰੱਬ ਸੁਣੇ ਚਾ

ਕਾਫ-ਕੂਕ ਦਿਲਾ ਮੱਤ ਰੱਬ ਸੁਣੇ ਚਾ,
ਦਰਦਮੰਦਾਂ ਦੀਆਂ ਆਹੀਂ ਹੂ ।
ਸੀਨਾ ਮੇਰਾ ਦਰਦੀਂ ਭਰਿਆ,
ਅੰਦਰ ਭੜਕਣ ਭਾਹੀਂ ਹੂ ।
ਤੇਲਾਂ ਬਾਝ ਨਾ ਬਲਣ ਮਸਾਲਾਂ,
ਦਰਦਾਂ ਬਾਝ ਨਾ ਆਹੀਂ ਹੂ ।
ਆਤਸ਼ ਨਾਲ ਯਰਾਨਾ ਲਾ ਕੇ ਬਾਹੂ,
ਫਿਰ ਓਹ ਸੜਨ ਕਿ ਨਾਹੀਂ ਹੂ ।

124. ਕਾਫ-ਕਾਮਲ ਮੁਰਸ਼ਦ ਐਸਾ ਹੋਵੇ

ਕਾਫ-ਕਾਮਲ ਮੁਰਸ਼ਦ ਐਸਾ ਹੋਵੇ,
ਜਿਹੜਾ ਧੋਬੀ ਵਾਂਗੂੰ ਛੱਟੇ ਹੂ ।
ਨਾਲ ਨਿਗਾਹ ਦੇ ਪਾਕ ਕਰੇ,
ਸੱਜੀ ਸਾਬਣ ਨਾ ਘੱਤੇ ਹੂ ।
ਮੈਲਿਆਂ ਨੂੰ ਕਰ ਦੇਵੇ ਚਿੱਟਾ,
ਜ਼ਰਾ ਮੈਲ ਨਾ ਰੱਖੇ ਹੂ ।
ਐਸਾ ਮੁਰਸ਼ਦ ਹੋਵੇ ਬਾਹੂ,
ਲੂੰ ਲੂੰ ਦੇ ਵਿਚ ਵੱਸੇ ਹੂ ।

125. ਕਾਫ-ਕਲਮੇ ਦੀ ਕਲ ਤਦਾਂ ਪਿਓਸੇ

ਕਾਫ-ਕਲਮੇ ਦੀ ਕਲ ਤਦਾਂ ਪਿਓਸੇ,
ਜਦ ਮੁਰਸ਼ਦ ਕਲਮਾ ਦਸਿਆ ਹੂ ।
ਸਾਰੀ ਉਮਰ ਵਿਚ ਕੁਫ਼ਰ ਦੇ ਜਾਲੀ,
ਬਿਨ ਮੁਰਸ਼ਦ ਦੇ ਵਸਿਆ ਹੂ ।
ਸ਼ਾਹ ਅਲੀ ਸ਼ੇਰ ਬਹਾਦਰ ਵਾਂਗਣ,
ਵੱਢ ਕੁਫ਼ਰ ਨੂੰ ਸੁਟਿਆ ਹੂ ।
ਦਿਲ ਸਾਫੀ ਤਾਂ ਹੋਵੇ ਬਾਹੂ,
ਜਾਂ ਕਲਮਾਂ ਲੂੰ ਲੂੰ ਰਸਿਆ ਹੂ ।

126. ਕਾਫ-ਕਲਮੇ ਨਾਲ ਮੈਂ ਨ੍ਹਾਤੀ ਧੋਤੀ

ਕਾਫ-ਕਲਮੇ ਨਾਲ ਮੈਂ ਨ੍ਹਾਤੀ ਧੋਤੀ,
ਕਲਮੇ ਨਾਲ ਵਿਆਹੀ ਹੂ ।
ਕਲਮੇ ਮੇਰਾ ਪੜ੍ਹਿਆ ਜਨਾਜ਼ਾ,
ਕਲਮੇ ਗੋਰ ਸੁਹਾਈ ਹੂ ।
ਕਲਮੇ ਨਾਲ ਬਹਿਸ਼ਤੀ ਜਾਣਾ,
ਕਲਮਾ ਕਰੇ ਸਫਾਈ ਹੂ ।
ਮੁੜਨ ਮੁਹਾਲ ਤਿਨ੍ਹਾਂ ਨੂੰ ਬਾਹੂ,
ਜਿਨ੍ਹਾਂ ਸਾਹਿਬ ਆਪ ਬੁਲਾਈ ਹੂ ।

127. ਕਾਫ-ਕਲਮੇ ਲੱਖ ਕਰੋੜਾਂ ਤਾਰੇ

ਕਾਫ-ਕਲਮੇ ਲੱਖ ਕਰੋੜਾਂ ਤਾਰੇ,
ਵਲੀ ਕੀਤੇ ਸੈ ਰਾਹੀਂ ਹੂ ।
ਕਲਮੇ ਨਾਲ ਬੁਝਾਏ ਦੋਜ਼ਖ,
ਜਿੱਥੇ ਅੱਗ ਬਲੇ ਅਜ਼ਗਾਹੀਂ ਹੂ ।
ਕਲਮੇ ਨਾਲ ਬਹਿਸ਼ਤੀ ਜਾਣਾ,
ਜਿੱਥੇ ਨਿਆਮਤ ਸੰਝ ਸਬਾਹੀਂ ਹੂ ।
ਕਲਮੇ ਜੇਹੀ ਕੋਈ ਨਿਆਮਤ ਨਾ ਬਾਹੂ,
ਅੰਦਰ ਦੋਹੀਂ ਸਰਾਈਂ ਹੂ ।

(ਅਜ਼ਗਾਹੀਂ=ਬੇਅੰਤ)


128. ਕਾਫ-ਕੁਲ ਕਾਬਿਲ ਕਵੀਸ਼ਰ ਕਹਿੰਦੇ

ਕਾਫ-ਕੁਲ ਕਾਬਿਲ ਕਵੀਸ਼ਰ ਕਹਿੰਦੇ,
ਕਾਰਨ ਦਰਦ ਬਹਰ ਦੇ ਹੂ ।
ਸ਼ਸ਼ ਜ਼ਮੀਂ ਤੇ ਸ਼ਸ਼ ਫ਼ਲਕ ਤੇ,
ਸ਼ਸ਼ ਪਾਣੀ ਤੇ ਤਰਦੇ ਹੂ ।
ਛਿਆਂ ਹਰਫ਼ਾਂ ਵਿਚ ਸੁਖਨ ਅਠਾਰਾਂ,
ਦੋ ਦੋ ਮਾਨੀ ਧਰਦੇ ਹੂ ।
ਬਾਹੂ ਹੱਕ ਪਛਾਣਨ ਨਾਹੀਂ,
ਪਹਿਲੇ ਹਰਫ਼ ਸਤਰ ਦੇ ਹੂ ।

129. ਖ਼ੇ-ਖ਼ਾਮ ਕੀ ਜਾਨਣ ਸਾਰ ਫ਼ਕਰ ਦੀ

ਖ਼ੇ-ਖ਼ਾਮ ਕੀ ਜਾਨਣ ਸਾਰ ਫ਼ਕਰ ਦੀ,
ਮਹਿਰਮ ਨਾਹੀਂ ਦਿਲ ਦੇ ਹੂ ।
ਆਬ ਮਿੱਟੀ ਥੀਂ ਪੈਦਾ ਹੋਏ,
ਖ਼ਾਮੀ ਭਾਂਡੇ ਗਿੱਲ ਦੇ ਹੂ ।
ਕਦਰ ਕੀ ਜਾਨਣ ਲਾਲ ਜਵਾਹਰਾਂ,
ਜੋ ਸੌਦਾਗਰ ਬਿਲ ਦੇ ਹੂ ।
ਉਹ ਖੜ੍ਹਨ ਈਮਾਨ ਸਲਾਮਤ ਬਾਹੂ,
ਜੇਹੜੇ ਭੱਜ ਫ਼ਕੀਰਾਂ ਮਿਲਦੇ ਹੂ ।

(ਖ਼ਾਮ-ਕੱਚਾ, ਮਹਿਰਮ=ਭੇਤੀ,
ਗਿੱਲ=ਮਿੱਟੀ, ਬਿਲ=ਸ਼ੀਸ਼ਾ)


130. ਲਾਮ-ਲਾਯੂਹਤਾਜ ਜਿਨ੍ਹਾਂ ਨੂੰ ਹੋਇਆ

ਲਾਮ-ਲਾਯੂਹਤਾਜ ਜਿਨ੍ਹਾਂ ਨੂੰ ਹੋਇਆ,
ਫ਼ਿਕਰ ਤਿਨ੍ਹਾਂ ਨੂੰ ਸਾਰਾ ਹੂ ।
ਨਜ਼ਰ ਜਿਨ੍ਹਾਂ ਦੀ ਕੀਮੀਯਾ ਹੋਵੇ,
ਉਹ ਕਿਉਂ ਮਾਰਨ ਪਾਰਾ ਹੂ ।
ਦੋਸਤ ਜਿਨ੍ਹਾਂ ਦਾ ਹਾਜ਼ਿਰ ਹੋਵੇ,
ਦੁਸ਼ਮਣ ਲੈਣ ਨਾ ਵਾਰਾ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਮਿਲਿਆ ਨਬੀ ਸਹਾਰਾ ਹੂ ।

(ਲਾਯੂਹਤਾਜ=ਬੇਮੁਹਤਾਜੀ,ਸਬਰ,
ਵਾਰਾ=ਮੌਕਾ)


131. ਲਾਮ-ਲਿਖਣ ਸਿਖਿਓਂ ਲਿਖ ਨਾ ਜਾਤਾ

ਲਾਮ-ਲਿਖਣ ਸਿਖਿਓਂ ਲਿਖ ਨਾ ਜਾਤਾ,
ਕਾਗਜ਼ ਕੀਤੋਈ ਜ਼ਾਇਆ ਹੂ ।
ਕਤ ਕਲਮ ਨੂੰ ਮਾਰ ਨਾ ਜਾਣੇਂ,
ਕਾਤਿਬ ਨਾਮ ਧਰਾਇਆ ਹੂ ।
ਸਭ ਅਸਲਾਹ ਤੇਰੀ ਹੋਸੀ ਖੋਟੀ,
ਜਾਂ ਕਾਤਿਬ ਹੱਥ ਆਇਆ ਹੂ ।
ਸਹੀ ਸਲਾਹ ਤਿਨ੍ਹਾਂ ਦੀ ਬਾਹੂ,
ਜਿਨ੍ਹਾਂ ਅਲਿਫ਼ ਤੇ ਮੀਮ ਪਕਾਇਆ ਹੂ ।

(ਕਾਤਿਬ=ਖ਼ੁਸਖਤ ਲਿਖਣ ਵਾਲਾ)


132. ਲਾਮ-ਲਾਮ ਲਾਹ-ਹੋ ਗ਼ੈਰੀ ਧੰਦੇ

ਲਾਮ-ਲਾਮ ਲਾਹ-ਹੋ ਗ਼ੈਰੀ ਧੰਦੇ,
ਹਿੱਕ ਪਲ ਮੂਲ ਨਾ ਰਹਿੰਦੇ ਹੂ ।
ਇਸ਼ਕ ਨੇ ਪੁਟੇ ਰੁੱਖ ਜੜ੍ਹਾਂ ਥੀਂ,
ਹਿੱਕ ਦਮ ਹੌਲ ਨਾ ਸਹਿੰਦੇ ਹੂ ।
ਜੇਹੜੇ ਪੱਥਰ ਵਾਂਗ ਪਹਾੜਾਂ,
ਲੂਣ ਵਾਂਗ ਗਲ ਵਹਿੰਦੇ ਹੂ ।
ਜੇ ਇਸ਼ਕ ਸੁਖਾਲਾ ਹੁੰਦਾ ਬਾਹੂ,
ਸਭ ਆਸ਼ਿਕ ਬਣ ਬਹਿੰਦੇ ਹੂ ।

(ਹੌਲ=ਡਰ)


133. ਲਾਮ-ਲੋਕ ਕਬਰ ਦਾ ਕਰਸਨ ਚਾਰਾ

ਲਾਮ-ਲੋਕ ਕਬਰ ਦਾ ਕਰਸਨ ਚਾਰਾ,
ਲਹਿਦ ਬਣਾਵਨ ਡੇਰਾ ਹੂ ।
ਚੁਟਕੀ ਭਰ ਮਿੱਟੀ ਦੀ ਪਾਸਣ,
ਕਰਸਨ ਢੇਰ ਉਚੇਰਾ ਹੂ ।
ਦੇ ਦਰੂਦ ਘਰਾਂ ਨੂੰ ਵੰਜਣ,
ਕੂਕਣ ਸ਼ੇਰਾ ਸ਼ੇਰਾ ਹੂ ।
ਵਿਚ ਦਰਗਾਹ ਨ ਅਮਲਾਂ ਬਾਝੋਂ,
ਬਾਹੂ ਹੋਗ ਨਬੇੜਾ ਹੂ ।

(ਚਾਰਾ=ਤਿਆਰੀ, ਲਹਿਦ=ਕਬਰ,
ਦਰੂਦ=ਮੌਤ ਵੇਲੇ ਦਾ ਕਲਮਾ)


134. ਲਾਮ-ਲੋਹਾ ਹੋਵੇਂ ਪਿਆ ਕਟੀਵੇਂ

ਲਾਮ-ਲੋਹਾ ਹੋਵੇਂ ਪਿਆ ਕਟੀਵੇਂ,
ਤਾਂ ਤਲਵਾਰ ਸਦੀਵੇਂ ਹੂ ।
ਕੰਘੀ ਵਾਂਗੂੰ ਪਿਆ ਚਰੀਵੇਂ,
ਜ਼ੁਲਫ ਮਹਿਬੂਬ ਭਰੀਵੇਂ ਹੂ ।
ਮਹਿੰਦੀ ਵਾਂਗੂੰ ਪਿਆ ਘੁਟੀਵੇਂ,
ਤਲੀ ਮਹਿਬੂਬ ਰੰਗੀਵੇਂ ਹੂ ।
ਵਾਂਗ ਕਪਾਹ ਪਿਆ ਪਿੰਜੀਵੇਂ,
ਤਾਂ ਦਸਤਾਰ ਸਦੀਵੇਂ ਹੂ ।
ਆਸ਼ਿਕ ਸਾਦਿਕ ਹੋਵੇਂ ਬਾਹੂ,
ਤਾਂ ਰਸ ਪ੍ਰੇਮ ਦਾ ਪੀਵੇਂ ਹੂ ।

135. ਮੀਮ-ਮਾਲ ਜਾਨ ਸਭ ਖਰਚ ਕਰਾਹਾਂ

ਮੀਮ-ਮਾਲ ਜਾਨ ਸਭ ਖਰਚ ਕਰਾਹਾਂ,
ਕਰੀਏ ਖਰੀਦ ਫ਼ਕੀਰੀ ਹੂ ।
ਫ਼ਕਰ ਕਨੋ ਰੱਬ ਹਾਸਲ ਹੋਵੇ,
ਕਿਉਂ ਕੀਚੇ ਦਿਲਗੀਰੀ ਹੂ ।
ਦੁਨੀਆਂ ਕਾਰਣ ਦੀਨ ਵੰਜਾਵਣ,
ਕੂੜੀ ਸ਼ੇਖੀ ਪੀਰੀ ਹੂ ।
ਤਰਕ ਦੁਨੀਆਂ ਥੀਂ ਕੀਤੀ ਬਾਹੂ,
ਸ਼ਾਹ ਮੀਰਾਂ ਦੀ ਮੀਰੀ ਹੂ ।

(ਮੀਰੀ=ਬਾਦਸ਼ਾਹੀ)


136. ਮੀਮ-ਮੂਤੂ ਵਾਲੀ ਮੌਤ ਨਾ ਮਿਲਸੀ

ਮੀਮ-ਮੂਤੂ ਵਾਲੀ ਮੌਤ ਨਾ ਮਿਲਸੀ,
ਜੈਂ ਵਿਚ ਇਸ਼ਕ ਹਯਾਤੀ ਹੂ ।
ਮੌਤ ਵਿਸਾਲ ਥੀਓਸੇ ਹਿੱਕੋ,
ਜਦਾਂ ਇਸਮ ਪੜ੍ਹੀਵੇ ਜ਼ਾਤੀ ਹੂ ।
ਐਨ ਦੇ ਵਿਚ ਐਨ ਥੀਓਸੇ,
ਦੂਰ ਹੋਈ ਕੁਰਬਾਤੀ ਹੂ ।
ਹੂ ਜ਼ਿਕਰ ਹਮੇਸ਼ ਸੜੇਂਦਾ ਬਾਹੂ,
ਦੇਹਾਂ ਸੁਖ ਨਾ ਰਾਤੀ ਹੂ ।

(ਮੂਤੂ=ਮੌਤੋਂ ਪਹਿਲਾਂ ਮਰਨਾ)


137. ਮੀਮ-ਮੁਰਸ਼ਿਦ ਵਾਂਗ ਸੁਨਿਆਰੇ ਹੋਵੇ

ਮੀਮ-ਮੁਰਸ਼ਿਦ ਵਾਂਗ ਸੁਨਿਆਰੇ ਹੋਵੇ,
ਘੱਤ ਕੁਠਾਲੀ ਗਾਲੇ ਹੂ ।
ਜਾਂ ਕੁਠਾਲੀਓਂ ਬਾਹਰ ਕੱਢੇ,
ਬੁੰਦੇ ਘੜੇ ਜਾਂ ਵਾਲੇ ਹੂ ।
ਕੰਨੀਂ ਖ਼ੂਬਾਂ ਤਦੋਂ ਸੁਹਾਵਨ,
ਜਦਾਂ ਕੁੱਠੇ ਆ ਉਜਾਲੇ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਜੇੜ੍ਹਾ ਦਮਦਮ ਦੋਸਤ ਸੰਭਾਲੇ ਹੂ ।

138. ਮੀਮ-ਮੁਰਸ਼ਦ ਮੱਕਾ, ਤਾਲਿਬ ਹਾਜੀ

ਮੀਮ-ਮੁਰਸ਼ਦ ਮੱਕਾ, ਤਾਲਿਬ ਹਾਜੀ,
ਕਾਅਬਾ ਇਸ਼ਕ ਬਣਾਇਆ ਹੂ ।
ਵਿਚ ਹਜ਼ੂਰ ਸਦਾ ਹਰ ਵੇਲੇ,
ਕਰੀਏ ਹੱਜ ਸਵਾਇਆ ਹੂ ।
ਹਿੱਕ ਦਮ ਮੈਥੋਂ ਜੁਦਾ ਨਾ ਹੋਵੇ,
ਦਿਲ ਮਿਲਣੇ ਤੇ ਆਇਆ ਹੂ ।
ਮੁਰਸ਼ਦ ਐਨ ਹਯਾਤੀ ਬਾਹੂ,
ਲੂੰ ਲੂੰ ਵਿਚ ਸਮਾਇਆ ਹੂ ।

139. ਮੀਮ-ਮੁਰਸ਼ਦ ਉਹ ਸਹੇੜੀਏ

ਮੀਮ-ਮੁਰਸ਼ਦ ਉਹ ਸਹੇੜੀਏ,
ਜਿਹੜਾ ਦੋ ਜੱਗ ਖੁਸ਼ੀ ਵਿਖਾਵੇ ਹੂ ।
ਪਹਿਲੇ ਗ਼ਮ ਟੁਕੜੇ ਦਾ ਮੇਟੇ,
ਵੱਤ ਰੱਬ ਦਾ ਰਾਹ ਸੁਝਾਵੇ ਹੂ ।
ਕੱਲਰ ਵਾਲੀ ਕੰਧੀ ਨੂੰ ਚਾ,
ਚਾਂਦੀ ਖਾਸ ਬਣਾਵੇ ਹੂ ।
ਜੈਂ ਮੁਰਸ਼ਦ ਏਥੇ ਕੁਝ ਨਾ ਕੀਤਾ ਬਾਹੂ,
ਕੂੜੇ ਲਾਰੇ ਲਾਵੇ ਹੂ ।

140. ਮੀਮ-ਮੁਰਸ਼ਦ ਬਾਝੋਂ ਫ਼ਕਰ ਕਮਾਵੇ

ਮੀਮ-ਮੁਰਸ਼ਦ ਬਾਝੋਂ ਫ਼ਕਰ ਕਮਾਵੇ,
ਵਿਚ ਕੁਫ਼ਰ ਦੇ ਬੁੱਡੇ ਹੂ ।
ਸ਼ੇਖ ਮਸ਼ਾਇਖ ਹੋ ਬਹਿੰਦੇ ਹੁਜਰੇ,
ਗੌਸ ਕੁਤਬ ਬਣ ਵੱਡੇ ਹੂ ।
ਰਾਤ ਅੰਧਾਰੀ ਮੁਸ਼ਕਲ ਪੈਂਡਾ,
ਸੈ ਸੈ ਆਵਣ ਠੁੱਡੇ ਹੂ ।
ਤਸਬੀਹਾਂ ਨੱਪ ਬਹਿਣ ਮਸੀਤੀਂ ਬਾਹੂ,
ਜਿਵੇਂ ਮੂਸ਼ ਬਹੇ ਵੜ ਖੁੱਡੇ ਹੂ ।

(ਮੂਸ਼=ਚੂਹਾ)


141. ਮੀਮ-ਮੈਂ ਕੋਝੀ ਮੇਰਾ ਦਿਲਬਰ ਸੋਹਣਾ

ਮੀਮ-ਮੈਂ ਕੋਝੀ ਮੇਰਾ ਦਿਲਬਰ ਸੋਹਣਾ,
ਕਿਉਂ ਕਰ ਉਸ ਨੂੰ ਭਾਵਾਂ ਹੂ ।
ਵਿਹੜੇ ਸਾਡੇ ਵੜਦਾ ਨਾਹੀਂ,
ਲੱਖ ਵਸੀਲੇ ਪਾਵਾਂ ਹੂ ।
ਨਾ ਸੋਹਣੀ ਨਾ ਦੌਲਤ ਪੱਲੇ,
ਕਿਉਂ ਕਰ ਯਾਰ ਮਨਾਵਾਂ ਹੂ ।
ਇਹ ਦੁਖ ਹਮੇਸ਼ਾ ਰਹਸੀ ਬਾਹੂ,
ਰੋਂਦੜੀ ਹੀ ਮਰ ਜਾਵਾਂ ਹੂ ।

142. ਮੀਮ-ਮੁਰਸ਼ਦ ਮੈਨੂੰ ਹੱਜ ਮੱਕੇ ਦਾ

ਮੀਮ-ਮੁਰਸ਼ਦ ਮੈਨੂੰ ਹੱਜ ਮੱਕੇ ਦਾ,
ਰਹਿਮਤ ਦਾ ਦਰਵਾਜ਼ਾ ਹੂ ।
ਕਰਾਂ ਤਵਾਫ ਦੁਆਲੇ ਬਿਲੇ,
ਹੱਜ ਹੋਵੇ ਨਿਤ ਤਾਜ਼ਾ ਹੂ ।
ਕੁਨ ਫਯਕੂਨ ਜਦੋਂ ਦਾ ਸੁਣਿਆ,
ਡਿੱਠਾ ਅੱਲਾ ਦਾ ਦਰਵਾਜ਼ਾ ਹੂ ।
ਮੁਰਸ਼ਿਦ ਸਦਾ ਹਯਾਤੀ ਵਾਲਾ ਬਾਹੂ,
ਓਹੋ ਖਿਜ਼ਰ ਖੁਵਾਜ਼ਾ ਹੂ ।

143. ਮੀਮ-ਮੁਰਸ਼ਦ ਮੇਰਾ ਸ਼ਹਬਾਜ਼ ਇਲਾਹੀ

ਮੀਮ-ਮੁਰਸ਼ਦ ਮੇਰਾ ਸ਼ਹਬਾਜ਼ ਇਲਾਹੀ,
ਰਲਿਆ ਸੰਗ ਹਬੀਬਾਂ ਹੂ ।
ਤਕਦੀਰ ਇਲਾਹੀ ਛਿੱਕੀਆਂ ਡੋਰਾਂ,
ਮਿਲਸੀ ਨਾਲ ਨਸੀਬਾਂ ਹੂ ।
ਕੋਹੜਿਆਂ ਦੇ ਦੁਖ ਦੂਰ ਕਰੇਂਦਾ,
ਕਰੇ ਸ਼ਫਾ ਗਰੀਬਾਂ ਹੂ ।
ਹਰ ਮਰਜ਼ ਦਾ ਦਾਰੂ ਤੂੰ ਹੈਂ ਬਾਹੂ,
ਕਿਉਂ ਘੱਤਨਾ ਏਂ ਵੱਸ ਤਬੀਬਾਂ ਹੂ ।

144. ਮੀਮ-ਮੁਰਸ਼ਦ ਵੱਸੇ ਸੈ ਕੋਹਾਂ ਤੇ

ਮੀਮ-ਮੁਰਸ਼ਦ ਵੱਸੇ ਸੈ ਕੋਹਾਂ ਤੇ,
ਮੈਨੂੰ ਦਿੱਸੇ ਨੇੜੇ ਹੂ ।
ਕੀ ਹੋਇਆ ਬੁੱਤ ਓਹਲੇ ਹੋਇਆ,
ਉਹ ਵੱਸੇ ਵਿਚ ਮੇਰੇ ਹੂ ।
ਅਲਿਫ਼ ਦੀ ਜ਼ਾਤ ਸਹੀ ਜਿਸ ਕੀਤੀ,
ਉਹ ਰੱਖੇ ਕਦਮ ਅਗੇਰੇ ਹੂ ।
ਨਹਨੁ-ਅਕਰਬ ਲਭਿਓਸੁ ਬਾਹੂ,
ਝਗੜੇ ਕੁਲ ਨਿਬੇੜੇ ਹੂ ।

145. ਮੀਮ-ਮਜ਼੍ਹਬਾਂ ਦੇ ਦਰਵਾਜ਼ੇ ਉਚੇ

ਮੀਮ-ਮਜ਼੍ਹਬਾਂ ਦੇ ਦਰਵਾਜ਼ੇ ਉਚੇ,
ਰਾਹ ਰੱਬਾਨਾ ਮੇਰੀ ਹੂ ।
ਪੰਡਿਤ ਤੇ ਮੁਲਵਾਣਿਆਂ ਕੋਲੋਂ,
ਛੁਪ ਛੁਪ ਲੰਘੀਏ ਚੋਰੀ ਹੂ ।
ਅੱਡੀਆਂ ਮਾਰਨ ਕਰਨ ਬਖੇੜੇ,
ਦਰਦਮੰਦਾਂ ਦੇ ਖੋਰੀ ਹੂ ।
ਬਾਹੂ ਚਲ ਉਥਾਈਂ ਵੱਸੀਏ,
ਜਿੱਥੇ ਦਾਅਵਾ ਨਾ ਕਿਸੇ ਹੋਰੀ ਹੂ ।

146. ਮੀਮ-ਮੁਰਸ਼ਦ ਹਾਦੀ ਸਬਕ ਪੜ੍ਹਾਇਆ

ਮੀਮ-ਮੁਰਸ਼ਦ ਹਾਦੀ ਸਬਕ ਪੜ੍ਹਾਇਆ,
ਪੜ੍ਹਿਓਂ ਬਿਨਾਂ ਪੜ੍ਹੀਵੇ ਹੂ ।
ਉਂਗਲੀਆਂ ਕੰਨਾਂ ਵਿਚ ਦਿੱਤੀਆਂ,
ਸੁਣਿਓਂ ਬਿਨਾਂ ਸੁਣੀਵੇ ਹੂ ।
ਨੈਣ ਨੈਣਾਂ ਵਲ ਤੁਰ ਤੁਰ ਤਕਦੇ,
ਡਿਠਿਉਂ ਬਿਨਾਂ ਡਸੀਵੇ ਹੂ ।
ਹਰ ਖ਼ਾਨੇ ਵਿਚ ਜਾਨੀ ਬਾਹੂ,
ਕੂਨ ਸਿਰ ਉਹ ਰਖੀਵੇ ਹੂ ।

147. ਮੀਮ-ਮੈਂ ਸ਼ਾਹਬਾਜ਼ ਕਰਾਂ ਪਰਵਾਜ਼ਾਂ

ਮੀਮ-ਮੈਂ ਸ਼ਾਹਬਾਜ਼ ਕਰਾਂ ਪਰਵਾਜ਼ਾਂ,
ਵਿਚ ਅਫਲਾਕ ਕਰਮ ਦੇ ਹੂ ।
ਜ਼ਬਾਂ ਤਾਂ ਮੇਰੀ ਕੁੰਨ ਬਰਾਬਰ,
ਮੋੜਾਂ ਕੰਮ ਕਲਮ ਦੇ ਹੂ ।
ਅਫਲਾਤੂਨ ਅਰਸਤੂ ਵਰਗੇ,
ਮੈਂ ਅੱਗੇ ਕਿਸ ਕੰਮ ਦੇ ਹੂ ।
ਹਾਤਿਮ ਵਰਗੇ ਲੱਖ ਕਰੋੜਾਂ,
ਦਰ ਬਾਹੂ ਦੇ ਮੰਗਦੇ ਹੂ ।

148. ਨੂਨ-ਨਾਲ ਕੁਸੰਗੀ ਸੰਗ ਨਾ ਕਰੀਏ

ਨੂਨ-ਨਾਲ ਕੁਸੰਗੀ ਸੰਗ ਨਾ ਕਰੀਏ,
ਕੁਲ ਨੂੰ ਲਾਜ ਨਾ ਲਾਈਏ ਹੂ ।
ਤੁੰਮੇ ਮੂਲ ਤਰਬੂਜ਼ ਨਾ ਹੁੰਦੇ,
ਤੋੜ ਮੱਕੇ ਲੈ ਜਾਈਏ ਹੂ ।
ਕਾਂ ਦੇ ਬੱਚੇ ਹੰਸ ਨਾ ਥੀਂਦੇ,
ਪਏ ਮੋਤੀ ਚੋਗ ਚੁਗਾਈਏ ਹੂ ।
ਕੌੜੇ ਖੂਹ ਨਾ ਮਿੱਠੇ ਹੁੰਦੇ ਬਾਹੂ,
ਸੈ ਮਣਾਂ ਖੰਡ ਪਾਈਏ ਹੂ ।

149. ਨੂਨ-ਨਾ ਮੈਂ ਆਲਮ ਨਾ ਮੈਂ ਫਾਜ਼ਲ

ਨੂਨ-ਨਾ ਮੈਂ ਆਲਮ ਨਾ ਮੈਂ ਫਾਜ਼ਲ,
ਨਾ ਮੈਂ ਮੁਫਤੀ ਕਾਜ਼ੀ ਹੂ ।
ਨਾ ਮੇਰਾ ਦਿਲ ਦੋਜ਼ਖ ਮੰਗੇ,
ਨਾ ਸ਼ੌਕ ਬਹਿਸ਼ਤੀ ਰਾਜ਼ੀ ਹੂ ।
ਨਾ ਮੈਂ ਤ੍ਰੀਹੇ ਰੋਜ਼ੇ ਰੱਖੇ,
ਨਾ ਮੈਂ ਪਾਕ ਨਮਾਜ਼ੀ ਹੂ ।
ਬਾਝ ਵਸਾਲ ਅੱਲਾ ਦੇ ਬਾਹੂ,
ਦੁਨੀਆਂ ਕੂੜੀ ਬਾਜ਼ੀ ਹੂ ।

150. ਨੂਨ- ਨਾ ਉਹ ਹਿੰਦੂ ਨਾ ਉਹ ਮੋਮਨ

ਨੂਨ- ਨਾ ਉਹ ਹਿੰਦੂ ਨਾ ਉਹ ਮੋਮਨ,
ਨਾ ਸਿਜਦਾ ਦੇਣ ਮਸੀਤੀ ਹੂ ।
ਦਮ ਦਮ ਦੇ ਵਿਚ ਮੌਲਾ ਵੇਖਣ,
ਜਿਨ੍ਹਾਂ ਕਜ਼ਾ ਨਾ ਕੀਤੀ ਹੂ ।
ਆਹੇ ਦਾਨੇ ਬਣੇ ਦੀਵਾਨੇ,
ਜਿਨ੍ਹਾਂ ਜ਼ਾਤ ਸਹੀ ਵੰਜ ਕੀਤੀ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ,
ਜਿਨ੍ਹਾਂ ਇਸ਼ਕ ਬਾਜ਼ੀ ਚੁਣ ਲੀਤੀ ਹੂ ।

151. ਨੂਨ-ਨਿੱਤ ਅਸਾਡੇ ਖੱਲੇ ਖਾਂਦੀ

ਨੂਨ-ਨਿੱਤ ਅਸਾਡੇ ਖੱਲੇ ਖਾਂਦੀ,
ਏਹਾ ਦੁਨੀਆਂ ਜ਼ਿਸ਼ਤੀ ਹੂ ।
ਜੈਂ ਦੇ ਕਾਰਣ ਬਹਿ ਬਹਿ ਰੋਵਣ,
ਸ਼ੇਖ ਮਸ਼ਾਇਖ ਚਿਸ਼ਤੀ ਹੂ ।
ਜੈਂਦੇ ਦਿਲ ਵਿਚ ਹੁੱਬ ਦੁਨਿਆਵੀ,
ਗ਼ਰਕ ਤਿਨ੍ਹਾਂ ਦੀ ਕਿਸ਼ਤੀ ਹੂ ।
ਤਰਕ ਦੁਨੀਆਂ ਥੀਂ ਕਰ ਤੂੰ ਬਾਹੂ,
ਖਾਸਾ ਰਾਹ ਬਹਿਸ਼ਤੀ ਹੂ ।

152. ਨੂਨ-ਨਾ ਕੋਈ ਮੁਰਸ਼ਦ ਨਾ ਕੋਈ ਤਾਲਿਬ

ਨੂਨ-ਨਾ ਕੋਈ ਮੁਰਸ਼ਦ ਨਾ ਕੋਈ ਤਾਲਿਬ,
ਸਭ ਦਿਲਾਸੇ ਮੁੱਠੇ ਹੂ ।
ਰਾਹ ਫ਼ਕਰ ਦਾ ਪਰੇ ਪਰੇਰੇ,
ਹਿਰਸ ਦੁਨੀਆਂ ਦੀ ਕੁੱਠੇ ਹੂ ।
ਸ਼ੌਕ ਇਲਾਹੀ ਗ਼ਾਲਿਬ ਹੋਇਆ,
ਜਿੰਦ ਮਰਨ ਤੋਂ ਉੱਠੇ ਹੂ ।
ਜੈਂ ਤਨ ਭਾਹ ਬਿਰਹੋਂ ਦੀ ਬਾਹੂ,
ਮਰਨ ਤ੍ਰਿਹਾਏ ਭੁੱਖੇ ਹੂ ।

153. ਨੂਨ-ਨਾ ਰੱਬ ਅਰਸ਼ ਮੁਅੱਲਾ ਉਤੇ

ਨੂਨ-ਨਾ ਰੱਬ ਅਰਸ਼ ਮੁਅੱਲਾ ਉਤੇ,
ਨਾ ਰੱਬ ਖ਼ਾਨੇ ਕਾਅਬੇ ਹੂ ।
ਨਾ ਰੱਬ ਇਲਮ ਕਿਤਾਬੀ ਲੱਭਾ,
ਨਾ ਰੱਬ ਵਿਚ ਮਹਿਰਾਬੇ ਹੂ ।
ਗੰਗਾ ਤੀਰਥ ਮੂਲ ਨਾ ਮਿਲਿਆ,
ਪੈਂਡੇ ਬੇਹਿਸਾਬੇ ਹੂ ।
ਜਦ ਦਾ ਮੁਰਸ਼ਦ ਫੜਿਆ ਬਾਹੂ,
ਛੁੱਟੇ ਸਭ ਅਜਾਬੇ ਹੂ ।

154. ਨੂਨ-ਨਫਲ ਨਮਾਜ਼ਾਂ ਕੰਮ ਜ਼ਨਾਨਾਂ

ਨੂਨ-ਨਫਲ ਨਮਾਜ਼ਾਂ ਕੰਮ ਜ਼ਨਾਨਾਂ,
ਰੋਜ਼ੇ ਸਰਫਾ ਰੋਟੀ ਹੂ ।
ਮੱਕੇ ਦੇ ਵਲ ਸੋਈ ਜਾਂਦੇ,
ਘਰੋਂ ਜਿਨ੍ਹਾਂ ਤਰੋਟੀ ਹੂ ।
ਉਚੀਆਂ ਬਾਂਗਾਂ ਸੋਈ ਦੇਵਣ,
ਨੀਤ ਜਿਨ੍ਹਾਂ ਦੀ ਖੋਟੀ ਹੂ ।
ਕੀ ਪਰਵਾਹ ਤਿਨ੍ਹਾਂ ਨੂੰ ਬਾਹੂ,
ਜਿਨ੍ਹਾਂ ਘਰ ਵਿਚ ਲੱਧੀ ਬੂਟੀ ਹੂ ।

155. ਨੂਨ-ਨਾ ਮੈਂ ਜੋਗੀ ਨਾ ਮੈਂ ਜੰਗਮ

ਨੂਨ-ਨਾ ਮੈਂ ਜੋਗੀ ਨਾ ਮੈਂ ਜੰਗਮ,
ਨਾ ਮੈਂ ਚਿਲਾ ਕਮਾਇਆ ਹੂ ।
ਨਾ ਮੈਂ ਭੱਜ ਮਸੀਤੀਂ ਵੜਿਆ,
ਨਾ ਤਸਬਾ ਖੜਕਾਇਆ ਹੂ ।
ਜੋ ਦਮ ਗਾਫਿਲ ਸੋ ਦਮ ਕਾਫ਼ਿਰ,
ਮੁਰਸ਼ਦ ਇਹ ਫੁਰਮਾਇਆ ਹੂ ।
ਮੁਰਸ਼ਦ ਸੋਹਣੀ ਕੀਤੀ ਬਾਹੂ,
ਪਲ ਵਿਚ ਜਾ ਪਹੁੰਚਾਇਆ ਹੂ ।

156. ਨੂਨ-ਨਹੀਂ ਫ਼ਕੀਰੀ ਜੱਲੀਆਂ ਮਾਰਨ

ਨੂਨ-ਨਹੀਂ ਫ਼ਕੀਰੀ ਜੱਲੀਆਂ ਮਾਰਨ,
ਸੁਤਿਆਂ ਲੋਕ ਜਗਾਵਣ ਹੂ ।
ਨਹੀਂ ਫ਼ਕੀਰੀ ਵਹਿੰਦੀਆਂ ਨਦੀਆਂ,
ਸੁਕਿਆਂ ਪਰਾ ਲੰਘਾਵਣ ਹੂ ।
ਨਹੀਂ ਫ਼ਕੀਰੀ ਵਿਚ ਹਵਾ ਦੇ,
ਮਸੱਲਾ ਪਾ ਠਹਿਰਾਵਣ ਹੂ ।
ਨਾਮ ਫ਼ਕੀਰੀ ਤਿਨ੍ਹਾਂ ਦਾ ਬਾਹੂ,
ਦਿਲ ਵਿਚ ਦੋਸਤ ਟਿਕਾਵਣ ਹੂ ।

157. ਨੂਨ-ਨਾ ਮੈਂ ਸੁੰਨੀ ਨਾ ਮੈਂ ਸ਼ੀਆ

ਨੂਨ-ਨਾ ਮੈਂ ਸੁੰਨੀ ਨਾ ਮੈਂ ਸ਼ੀਆ,
ਦੋਹਾਂ ਤੋਂ ਦਿਲ ਸੜਿਆ ਹੂ ।
ਮੁਕ ਗਏ ਸਭ ਖੁਸ਼ਕੀ ਪੈਂਡੇ,
ਜਦ ਦਰਿਆ ਰਹਿਮਤ ਵੜਿਆ ਹੂ ।
ਕਈ ਮਨਤਾਰੇ ਤਰ ਤਰ ਹਾਰੇ,
ਕੋਈ ਕਿਨਾਰੇ ਚੜ੍ਹਿਆ ਹੂ ।
ਸਹੀ ਸਲਾਮਤ ਪਾਰ ਗਏ ਬਾਹੂ,
ਜਿਨ ਮੁਰਸ਼ਦ ਦਾ ਲੜ ਫੜਿਆ ਹੂ ।

158. ਨੂਨ-ਨਾ ਮੈਂ ਸੇਰ ਨਾ ਪਾਅ ਛਟਾਕੀ

ਨੂਨ-ਨਾ ਮੈਂ ਸੇਰ ਨਾ ਪਾਅ ਛਟਾਕੀ,
ਨ ਪੂਰੀ ਸਰਸਾਹੀ ਹੂ ।
ਨ ਮੈਂ ਤੋਲਾ ਨਾ ਮੈਂ ਮਾਸਾ,
ਗੱਲ ਰੱਤੀਆਂ ਤੇ ਆਈ ਹੂ ।
ਰੱਤੀ ਹੋਵਾਂ ਰੱਤੀਆਂ ਤੁੱਲਾਂ,
ਉਹ ਵੀ ਪੂਰੀ ਨਾਹੀਂ ਹੂ ।
ਤੋਲ ਪੂਰਾ ਵੰਜ ਹੋਸੀ ਬਾਹੂ,
ਹੋਸੀ ਫ਼ਜਲ ਇਲਾਹੀ ਹੂ ।

159. ਨੂਨ-ਨੇੜੇ ਵੱਸੇ ਦੂਰ ਦਿਸੀਵੇ

ਨੂਨ-ਨੇੜੇ ਵੱਸੇ ਦੂਰ ਦਿਸੀਵੇ,
ਵਿਹੜੇ ਨਾਹੀਂ ਵੜਦੇ ਹੂ ।
ਅੰਦਰੋਂ ਢੂੰਡਣ ਵੱਲ ਨਾ ਆਇਆ,
ਬਾਹਰ ਢੂੰਡਣ ਚੜ੍ਹਦੇ ਹੂ ।
ਦੂਰ ਗਿਆਂ ਕੁਝ ਹਾਸਿਲ ਨਾਹੀਂ,
ਸ਼ੌਹ ਲੱਭੇ ਵਿਚ ਘਰ ਦੇ ਹੂ ।
ਦਿਲ ਕਰ ਸ਼ੀਸ਼ੇ ਵਾਂਗੂੰ ਬਾਹੂ,
ਦੂਰ ਥੀਵਨ ਕੁੱਲ ਪਰਦੇ ਹੂ ।

160. ਪੇ-ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ

ਪੇ-ਪੜ੍ਹ ਪੜ੍ਹ ਇਲਮ ਮਲੂਕ ਰਿਝਾਵਨ,
ਕਿਆ ਹੋਇਆ ਇਸ ਪੜ੍ਹਿਆਂ ਹੂ ।
ਹਰਗਿਜ਼ ਮੱਖਣ ਮੂਲ ਨਾ ਆਵੇ,
ਫਿੱਟੇ ਦੁੱਧ ਦੇ ਕੜ੍ਹਿਆਂ ਹੂ ।
ਆਖ ਚੰਡੂਰਾ ਹੱਥ ਕੀ ਆਇਆ,
ਏਸ ਅੰਗੂਰੀ ਫੜਿਆਂ ਹੂ ।
ਦਿਲ ਖਸਤਾ ਰਾਜ਼ੀ ਰੱਖੀਂ ਬਾਹੂ,
ਲਈਂ ਇਬਾਦਤ ਵਰ੍ਹਿਆਂ ਹੂ ।

161. ਪੇ-ਪਾਕ ਪਲੀਤ ਨਾ ਹੁੰਦੇ ਹਰਗਿਜ਼

ਪੇ-ਪਾਕ ਪਲੀਤ ਨਾ ਹੁੰਦੇ ਹਰਗਿਜ਼,
ਜੋ ਰਹਿੰਦੇ ਵਿਚ ਪਲੀਤੀ ਹੂ ।
ਵਹਿਦਤ ਦੇ ਦਰਿਆ ਉਛੱਲੇ,
ਹਿੱਕ ਦਿਲ ਸਹੀ ਨਾ ਕੀਤੀ ਹੂ ।
ਹਿੱਕ ਬੁਤਖਾਨੇ ਵਾਸਲ ਹੋਏ,
ਹਿੱਕ ਪੜ੍ਹ ਪੜ੍ਹ ਰਹੇ ਮਸੀਤੀ ਹੂ ।
ਫਾਜ਼ਲ ਛੋਡ ਫਜ਼ੀਲਤ ਬੈਠੇ ਬਾਹੂ,
ਇਸ਼ਕ ਬਾਜ਼ੀ ਜਿਨ ਨੀਤੀ ਹੂ ।

162. ਪੇ-ਪੀਰ ਮਿਲਿਆਂ ਜੇ ਪੀੜ ਨਾ ਜਾਵੇ

ਪੇ-ਪੀਰ ਮਿਲਿਆਂ ਜੇ ਪੀੜ ਨਾ ਜਾਵੇ,
ਉਸ ਨੂੰ ਪੀਰ ਕੀ ਧਰਨਾ ਹੂ ।
ਮੁਰਸ਼ਦ ਮਿਲਿਆਂ ਅਰਸ਼ਾਦ ਨਾ ਮਨ ਨੂੰ,
ਉਹ ਮੁਰਸ਼ਦ ਕੀ ਕਰਨਾ ਹੂ ।
ਜਿਸ ਹਾਦੀ ਥੀਂ ਹਦਾਇਤ ਨਾਹੀਂ,
ਉਹ ਹਾਦੀ ਕੀ ਫੜਨਾ ਹੂ ।
ਸਿਰ ਦਿੱਤਿਆਂ ਹੱਕ ਰਾਜ਼ੀ ਹੋਵੇ ਬਾਹੂ,
ਮੌਤੋਂ ਮੂਲ ਨਾ ਡਰਨਾ ਹੂ ।

163. ਪੇ-ਪੜ੍ਹ ਪੜ੍ਹ ਆਲਮ ਕਰਨ ਤਕੱਬਰ

ਪੇ-ਪੜ੍ਹ ਪੜ੍ਹ ਆਲਮ ਕਰਨ ਤਕੱਬਰ,
ਮੁਲਾਂ ਕਰਨ ਵਡਿਆਈ ਹੂ ।
ਗਲੀਆਂ ਦੇ ਵਿਚ ਫਿਰਨ ਨਿਮਾਣੇ,
ਬਗ਼ਲ ਕਿਤਾਬਾਂ ਚਾਈ ਹੂ ।
ਜਿੱਥੇ ਵੇਖਣ ਚੰਗਾ ਚੋਖਾ,
ਪੜ੍ਹਨ ਕਲਾਮ ਸਵਾਈ ਹੂ ।
ਦੋਹੀਂ ਜਹਾਨੀ ਮੁੱਠੇ ਬਾਹੂ,
ਜਿਨ੍ਹਾਂ ਖਾਧੀ ਵੇਚ ਕਮਾਈ ਹੂ ।

164. ਪੇ-ਪੜ੍ਹ ਪੜ੍ਹ ਇਲਮ ਮਸ਼ਾਇਖ ਸਦਾਵਣ

ਪੇ-ਪੜ੍ਹ ਪੜ੍ਹ ਇਲਮ ਮਸ਼ਾਇਖ ਸਦਾਵਣ,
ਕਰਨ ਇਬਾਦਤ ਦੋਹਰੀ ਹੂ ।
ਅੰਦਰ ਝੁਗੀ ਪਈ ਲੁਟੀਵੇ,
ਤਨ ਮਨ ਖਬਰ ਨਾ ਮੋਰੀ ਹੂ ।
ਮੌਲਾ ਵਾਲੀ ਸਦਾ ਸੁਖਾਲੀ,
ਦਿਲ ਤੋਂ ਲਾਹ ਤਕੋਰੀ ਹੂ ।
ਰੱਬ ਤਿਨ੍ਹਾਂ ਨੂੰ ਹਾਸਲ ਬਾਹੂ,
ਜਿਨ੍ਹਾਂ ਜਗ ਨਾ ਕੀਤੀ ਚੋਰੀ ਹੂ ।

165. ਪੇ-ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ

ਪੇ-ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ,
ਆਲਮ ਹੋਏ ਭਾਰੇ ਹੂ ।
ਹਰਫ ਇਕ ਇਸ਼ਕ ਦਾ ਪੜ੍ਹ ਨਾ ਜਾਨਣ,
ਭੁਲੇ ਫਿਰਨ ਵਿਚਾਰੇ ਹੂ ।
ਇਕ ਨਿਗਾਹ ਜੇ ਆਸ਼ਕ ਵੇਖੇ,
ਲੱਖ ਹਜ਼ਾਰਾਂ ਤਾਰੇ ਹੂ ।
ਲੱਖ ਨਿਗਾਹ ਜੇ ਆਲਮ ਵੇਖੇ,
ਕਹੀਂ ਨਾ ਕਿਧਰੇ ਚਾੜ੍ਹੇ ਹੂ,
ਇਸ਼ਕ ਸ਼ਰ੍ਹਾ ਵਿਚ ਮੰਜਲ ਭਾਰੀ,
ਸੈਆਂ ਕੋਹਾਂ ਦੇ ਪਾੜੇ ਹੂ ।
ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਬਾਹੂ,
ਦੋਹੀਂ ਜਹਾਨੀ ਮਾਰੇ ਹੂ ।

166. ਪੇ-ਪੰਜ ਮਹਿਲ ਪੰਜਾਂ ਵਿਚ ਚਾਨਣ

ਪੇ-ਪੰਜ ਮਹਿਲ ਪੰਜਾਂ ਵਿਚ ਚਾਨਣ,
ਦੀਵਾ ਕਿਤ ਵਲ ਧਰੀਏ ਹੂ ।
ਪੰਜੇ ਮਹਿਰ ਪੰਜੇ ਪਟਵਾਰੀ,
ਹਾਸਲ ਕਿਤਵਲ ਭਰੀਏ ਹੂ ।
ਪੰਜ ਇਮਾਮ ਤੇ ਪੰਜੇ ਕਿਬਲੇ,
ਸਜਦਾ ਕਿਤਵਲ ਕਰੀਏ ਹੂ ।
ਜੇ ਸਾਹਿਬ ਸਿਰ ਮੰਗੇ ਬਾਹੂ,
ਹਰਗਿਜ਼ ਢਿੱਲ ਨਾ ਕਰੀਏ ਹੂ ।

167. ਪੇ-ਪੜ੍ਹਿਆ ਇਲਮ ਤੇ ਵਧੀ ਮਗ਼ਰੂਰੀ

ਪੇ-ਪੜ੍ਹਿਆ ਇਲਮ ਤੇ ਵਧੀ ਮਗ਼ਰੂਰੀ,
ਅਕਲ ਭੀ ਗਿਆ ਤਲੋਹਾਂ ਹੂ ।
ਭੁੱਲਾ ਰਾਹ ਹਦਾਇਤ ਵਾਲਾ,
ਨਫ਼ਾ ਨਾ ਕੀਤਾ ਦੋਹਾਂ ਹੂ ।
ਸਿਰ ਦਿੱਤਿਆਂ ਜੇ ਸਿਰ ਹੱਥ ਆਵੇ,
ਸੌਦਾ ਹਾਰ ਨਾ ਤੋਹਾਂ ਹੂ ।
ਵੜੀਂ ਬਾਜ਼ਾਰ ਮੁਹੱਬਤ ਬਾਹੂ,
ਰਹਿਬਰ ਲੈ ਕੇ ਸੂਹਾਂ ਹੂ ।

168. ਪੇ-ਪਾਟਾ ਦਾਮਨ ਹੋਇਆ ਪੁਰਾਣਾ

ਪੇ-ਪਾਟਾ ਦਾਮਨ ਹੋਇਆ ਪੁਰਾਣਾ,
ਕਿਚਰਕ ਸੀਵੇ ਦਰਜ਼ੀ ਹੂ ।
ਹਾਲ ਦਾ ਮਹਿਰਮ ਕੋਈ ਨਾ ਮਿਲਿਆ,
ਜੋ ਮਿਲਿਆ ਸੋ ਗਰਜ਼ੀ ਹੂ ।
ਬਾਝ ਮੁਰੱਬੀ ਕਿਸੇ ਨਾ ਲੱਧੀ,
ਗੁੱਝੀ ਰਮਜ਼ ਅੰਦਰ ਦੀ ਹੂ ।
ਓਸੇ ਰਾਹ ਵਲ ਜਾਈਏ ਬਾਹੂ,
ਜਿਸ ਥੀਂ ਖ਼ਲਕਤ ਡਰਦੀ ਹੂ ।

169. ਰੇ-ਰਾਹ ਫ਼ਕਰ ਦਾ ਪਰੇ ਪਰੇਰੇ

ਰੇ-ਰਾਹ ਫ਼ਕਰ ਦਾ ਪਰੇ ਪਰੇਰੇ,
ਓੜਕ ਕੋਈ ਨਾ ਦਿੱਸੇ ਹੂ ।
ਨਾ ਉਥੇ ਪੜ੍ਹਣ ਪੜ੍ਹਾਵਣ ਕੋਈ,
ਨਾ ਉਥੇ ਮਸਲੇ ਕਿੱਸੇ ਹੂ ।
ਇਹ ਦੁਨੀਆਂ ਹੈ ਬੁੱਤ-ਪ੍ਰਸਤੀ,
ਮਤ ਕੋਈ ਇਸ ਤੇ ਵਿੱਸੇ ਹੂ ।
ਮੌਤ ਫ਼ਕੀਰੀ ਜੈਂ ਸਿਰ ਬਾਹੂ,
ਮਾਅਲਮ ਥੀਵੇ ਤਿੱਸੇ ਹੂ ।

170. ਰੇ-ਰਾਤੀਂ ਖਾਬ ਨਾ ਉਨ੍ਹਾਂ

ਰੇ-ਰਾਤੀਂ ਖਾਬ ਨਾ ਉਨ੍ਹਾਂ,
ਜੇਹੜੇ ਅੱਲਾ ਵਾਲੇ ਹੂ ।
ਬਾਗ਼ਾਂ ਵਾਲੇ ਬੂਟੇ ਵਾਂਗੂੰ,
ਤਾਲਿਬ ਨਿੱਤ ਸੰਭਾਲੇ ਹੂ ।
ਨਾਲ ਨਜ਼ਾਰੇ ਰਹਿਮਤ ਵਾਲੇ,
ਖੜ੍ਹਾ ਹਜ਼ੂਰੋਂ ਪਾਲੇ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਜੋ ਖੜ੍ਹਾ ਹੇਠਾਂ ਯਾਰ ਵਖਾਲੇ ਹੂ ।

171. ਰੇ-ਰਾਤੀਂ ਰੱਤੀ ਨੀਂਦ ਨਾ ਆਵੇ

ਰੇ-ਰਾਤੀਂ ਰੱਤੀ ਨੀਂਦ ਨਾ ਆਵੇ,
ਦਿਹਾਂ ਰਹੇ ਹੈਰਾਨੀ ਹੂ ।
ਆਰਿਫ਼ ਦੀ ਗੱਲ ਆਰਿਫ਼ ਜਾਣੇ,
ਕਿਆ ਜਾਣੇ ਨਫ਼ਸਾਨੀ ਹੂ ।
ਕਰ ਇਬਾਦਤ ਪਛੋਤਾਸੇਂ,
ਜ਼ਾਇਆ ਗਈ ਜਵਾਨੀ ਹੂ ।
ਹੱਕ ਹਜ਼ੂਰ ਤਿਨ੍ਹਾਂ ਨੂੰ ਬਾਹੂ,
ਜਿਨ੍ਹਾਂ ਮਿਲਿਆ ਪੀਰ ਜਿਲਾਨੀ ਹੂ ।

172. ਰੇ-ਰੋਜ਼ੇ ਨਫਲ ਨਮਾਜ਼ਾਂ ਤਕਵਾ

ਰੇ-ਰੋਜ਼ੇ ਨਫਲ ਨਮਾਜ਼ਾਂ ਤਕਵਾ,
ਸੱਭੇ ਕੰਮ ਹੈਰਾਨੀ ਹੂ ।
ਏਨੀ ਗੱਲੀਂ ਰੱਬ ਹਾਸਿਲ ਨਾਹੀਂ,
ਖੁਦ ਖਵਾਨੀ ਖੁਦ ਦਾਨੀ ਹੂ ।
ਕਦੀਮ ਹਮੇਸ਼ ਜਲੇਂਦਾ ਮਿਲਿਓ,
ਮਿਲਿਓਸੁ ਯਾਰ ਨਾ ਜਾਨੀ ਹੂ ।
ਵਿਰਦ ਵਜੀਫੇ ਥੀਂ ਛੁੱਟ ਰਹਿਸੀ,
ਬਾਹੂ ਹੋਸੀ ਜਦ ਫਾਨੀ ਹੂ ।

173. ਰੇ-ਰਹਿਮਤ ਉਸ ਘਰ ਵਿਚ ਵੱਸੇ

ਰੇ-ਰਹਿਮਤ ਉਸ ਘਰ ਵਿਚ ਵੱਸੇ,
ਜਿਥੇ ਬਲਦੇ ਦੀਵੇ ਹੂ ।
ਇਸ਼ਕ ਹਵਾਈ ਚੜ੍ਹ ਗਈ ਫ਼ਲਕੀਂ,
ਕਿਥੇ ਜਹਾਜ਼ ਘਤੀਵੇ ਹੂ ।
ਅਕਲ ਫ਼ਿਕਰ ਦੀ ਬੇੜੀ ਨੂੰ ਚਾ,
ਪਹਿਲੇ ਪੂਰ ਬੁਡੀਵੇ ਹੂ ।
ਹਰ ਜਾ ਜਾਨੀ ਦਿੱਸੇ ਬਾਹੂ,
ਜਿਤ ਵਲ ਨਜ਼ਰ ਕਚੀਵੇ ਹੂ ।

174. ਰੇ-ਰਾਤੀਂ ਨੈਣ ਰੱਤ ਹੰਝੂ ਰੋਵਣ

ਰੇ-ਰਾਤੀਂ ਨੈਣ ਰੱਤ ਹੰਝੂ ਰੋਵਣ,
ਦੇਹਾਂ ਗ਼ਮਜ਼ਾ ਗ਼ਮ ਦਾ ਹੂ ।
ਪੜ੍ਹ ਤੌਹੀਦ ਵੜਿਆ ਤਨ ਅੰਦਰ,
ਸੁਖ ਆਰਾਮ ਨਾ ਦਮ ਦਾ ਹੂ ।
ਸਿਰ ਸੂਲੀ ਤੇ ਚਾ ਟੰਗਿਓ ਨੇ,
ਏਹੋ ਰਾਜ਼ ਪਰਮ ਦਾ ਹੂ ।
ਸਿੱਧਾ ਹੋ ਕੋਹੀਵੇ ਬਾਹੂ,
ਕਤਰਾ ਰਹੇ ਨਾ ਗ਼ਮ ਦਾ ਹੂ ।

175. ਰੇ-ਰਾਤ ਹਨੇਰੀ ਕਾਲੀ ਦੇ ਵਿਚ

ਰੇ-ਰਾਤ ਹਨੇਰੀ ਕਾਲੀ ਦੇ ਵਿਚ,
ਇਸ਼ਕ ਚਰਾਗ ਜਲਾਂਦਾ ਹੂ ।
ਜੈਂਦੀ ਸਿੱਕ ਕਨੋ ਦਿਲ ਨੀਵੇਂ,
ਨਹੀਂ ਆਵਾਜ਼ ਸੁਣਾਂਦਾ ਹੂ ।
ਔਝੜ ਝੱਲ ਤੇ ਮਾਰੂ ਬੇਲੇ,
ਦਮ ਦਮ ਖੌਫ ਸ਼ੀਹਾਂ ਦਾ ਹੂ ।
ਜਲ ਥਲ ਜੰਗਲ ਝਗੇਂਦੇ ਬਾਹੂ,
ਕਾਮਿਲ ਨੇਹੁੰ ਜਿਨ੍ਹਾਂ ਦਾ ਹੂ ।

176. ਰੇ-ਰਾਹ ਫ਼ਕਰ ਦਾ ਤਦ ਲਧੋਸੀ

ਰੇ-ਰਾਹ ਫ਼ਕਰ ਦਾ ਤਦ ਲਧੋਸੀ,
ਜਦ ਹੱਥ ਫੜਿਓਸੁ ਕਾਸਾ ਹੂ ।
ਤਰਕ ਦੁਨੀਆਂ ਤੋਂ ਤਦਾਂ ਥੀਵਸੇਂ,
ਜਦ ਫ਼ਕਰ ਮਿਲਿਓਸੁ ਖਾਸਾ ਹੂ ।
ਦਰਿਆ ਵਹਦਤ ਦਾ ਨੋਸ਼ ਕੀਤੋਸੁ,
ਅਜਾਂ ਭੀ ਜੀ ਪਿਆਸਾ ਹੂ ।
ਰਾਹ ਫ਼ਕੀਰੀ ਰੱਤ ਰੋਵਣ ਬਾਹੂ,
ਲੋਕਾਂ ਭਾਣੇ ਹਾਸਾ ਹੂ ।

177. ਸੇ-ਸਾਬਤ ਸਿਦਕ ਤੇ ਕਦਮ ਅਗਾਹਾਂ

ਸੇ-ਸਾਬਤ ਸਿਦਕ ਤੇ ਕਦਮ ਅਗਾਹਾਂ,
ਤਾਂਹੀ ਰੱਬ ਲਭੀਵੇ ਹੂ ।
ਲੂੰ ਲੂੰ ਦੇ ਵਿਚ ਜ਼ਿਕਰ ਅੱਲਾ ਦਾ,
ਹਰਦਮ ਪਿਆ ਪੜ੍ਹੀਵੇ ਹੂ ।
ਜਾਹਰ ਬਾਤਨ ਐਨ ਇਆਨੀ,
ਹੂ ਹੂ ਪਿਆ ਦਿਸੀਵੇ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਕਬਰ ਜਿਨ੍ਹਾਂ ਦੀ ਜੀਵੇ ਹੂ ।

178. ਸੇ-ਸਾਬਤ ਇਸ਼ਕ ਤਿਨ੍ਹਾਂ ਨੇ ਲੱਧਾ

ਸੇ-ਸਾਬਤ ਇਸ਼ਕ ਤਿਨ੍ਹਾਂ ਨੇ ਲੱਧਾ,
ਜਿਨ੍ਹਾਂ ਤਰੱਟੀ ਚੌੜ ਚਾ ਕੀਤੀ ਹੂ ।
ਨਾ ਓਹ ਸੂਫ਼ੀ ਨਾ ਓਹ ਭੰਗੀ,
ਨਾ ਸਜਦਾ ਕਰਨ ਮਸੀਤੀਂ ਹੂ ।
ਖਾਲਸ ਨੀਲ ਪੁਰਾਣੇ ਉਤੇ,
ਨਹੀਂ ਚੜ੍ਹਦਾ ਰੰਗ ਮਜੀਠੀ ਹੂ ।
ਕਾਜ਼ੀ ਆਣ ਸ਼ਰਹ ਵਲ ਬਾਹੂ,
ਕਦੇ ਇਸ਼ਕ ਨਮਾਜ਼ ਨਾ ਕੀਤੀ ਹੂ ।

179. ਸੀਨ-ਸੋਜ਼ ਕਨੋਂ ਤਨ ਸੜਿਆ ਸਾਰਾ

ਸੀਨ-ਸੋਜ਼ ਕਨੋਂ ਤਨ ਸੜਿਆ ਸਾਰਾ,
ਦੁਖਾਂ ਡੇਰੇ ਲਾਏ ਹੂ ।
ਕੋਇਲ ਵਾਂਗ ਕੂਕੇਂਦੀ ਵੱਤਾਂ,
ਮੌਲਾ ਮੀਂਹ ਵਸਾਏ ਹੂ ।
ਬੋਲ ਪਪੀਹਿਆ ਸਾਵਣ ਆਇਆ,
ਵੰਜੇ ਨਾ ਦਿਨ ਅਜਾਏਂ ਹੂ ।
ਸਾਬਤ ਸਿਦਕ ਤੇ ਕਦਮ ਅਗਾਹਾਂ ਬਾਹੂ,
ਇਹ ਗੱਲ ਯਾਰ ਮਿਲਾਏ ਹੂ ।

180. ਸੀਨ-ਸੈ ਰੋਜ਼ੇ ਸੈ ਨਫਲ ਨਮਾਜ਼ਾਂ

ਸੀਨ-ਸੈ ਰੋਜ਼ੇ ਸੈ ਨਫਲ ਨਮਾਜ਼ਾਂ,
ਸੈ ਸਿਜਦੇ ਕਰ ਥੱਕੇ ਹੂ ।
ਸੈ ਵਾਰੀ ਮੱਕੇ ਹੱਜ ਗੁਜ਼ਾਰਾਂ,
ਦਿਲ ਦੀ ਦੌੜ ਨਾ ਮੁੱਕੇ ਹੂ ।
ਚਿਲ੍ਹੇ ਚਲੀਏ ਜੰਗਲ ਭੌਣਾ,
ਗੱਲ ਨਾ ਇਸ ਥੀਂ ਪੱਕੇ ਹੂ ।
ਸੱਭ ਮਤਲਬ ਹਾਸਲ ਹੁੰਦੇ ਬਾਹੂ,
ਜਦ ਪੀਰ ਨਜ਼ਰ ਇਕ ਤੱਕੇ ਹੂ ।

181. ਸੀਨ-ਸਬਕ ਸਫ਼ਾਈ ਸੋਈ ਪੜ੍ਹਦੇ

ਸੀਨ-ਸਬਕ ਸਫ਼ਾਈ ਸੋਈ ਪੜ੍ਹਦੇ,
ਜੋ ਵਤ ਹੀਣੇ ਜ਼ਾਤੀ ਹੂ ।
ਇਲਮੋਂ ਇਲਮ ਉਨ੍ਹਾਂ ਨੂੰ ਹੋਇਆ,
ਅਸਲੀ ਤੇ ਅਸਬਾਤੀ ਹੂ ।
ਨਾਲ ਮੁਹੱਬਤ ਨਫਸ ਕੁਠੋ ਨੇ,
ਕੱਢ ਕਜ਼ਾ ਦੀ ਕਾਤੀ ਹੂ ।
ਬਹਰਾ ਖਾਸ ਉਨ੍ਹਾਂ ਨੂੰ ਬਾਹੂ,
ਜਿਨ੍ਹਾਂ ਲੱਧਾ ਆਬ-ਹਯਾਤੀ ਹੂ ।

182. ਸੀਨ-ਸਭ ਤਾਰੀਫਾਂ ਕੋਈ ਬਸ਼ਰ ਕਰਦੇ

ਸੀਨ-ਸਭ ਤਾਰੀਫਾਂ ਕੋਈ ਬਸ਼ਰ ਕਰਦੇ,
ਕਾਰਨ ਦਰਦ ਬਹਰ ਦੇ ਹੂ ।
ਸ਼ਸ਼ ਫ਼ਲਕ ਤੇ ਸ਼ਸ਼ ਜ਼ਮੀਨਾਂ,
ਸ਼ਸ਼ ਪਾਣੀ ਤੇ ਤਰਦੇ ਹੂ ।
ਛਿਆਂ ਹਰਫ਼ਾਂ ਦੇ ਸੁਖਨ ਅਠਾਰਾਂ,
ਉਥੇ ਰੋ ਰੋ ਮਾਅਨੇ ਧਰਦੇ ਹੂ ।
ਪਰ ਬਾਹੂ ਹੱਕ ਪਛਾਣਿਓ ਨਾਹੀਂ,
ਪਹਿਲੇ ਹਰਫ਼ ਸਤਰ ਦੇ ਹੂ ।

183. ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ

ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ,
ਮੈਂ ਆਖ ਸੁਣਾਵਾਂ ਕੈਨੂੰ ਹੂ ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ,
ਮੈਂ ਜੇਹੀਆਂ ਲੱਖ ਤੈਨੂੰ ਹੂ ।
ਫੋਲ ਨਾ ਕਾਗਜ਼ ਬਦੀਆਂ ਵਾਲੇ,
ਦਰ ਤੋਂ ਧੱਕ ਨਾ ਮੈਨੂੰ ਹੂ ।
ਮੈਂ ਵਿਚ ਐਡ ਗੁਨਾਹ ਨਾ ਹੁੰਦੇ ਬਾਹੂ,
ਤੂੰ ਬਖਸ਼ੈਂਦੋਂ ਕੈਨੂੰ ਹੂ ।

184. ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ

ਸੀਨ-ਸੁਣ ਫਰਿਆਦ ਪੀਰਾਂ ਦਿਆ ਪੀਰਾ,
ਅਰਜ਼ ਸੁਣੀਂ ਕੰਨ ਧਰਕੇ ਹੂ ।
ਬੇੜਾ ਅੜਿਆ ਵਿਚ ਕਪਰਾਂ ਦੇ,
ਜਿੱਥੇ ਮੱਛ ਨਾ ਬਹਿੰਦੇ ਡਰਕੇ ਹੂ ।
ਸ਼ਾਹ ਜਿਲਾਨੀ ਮਹਿਬੂਬ ਸੁਬ੍ਹਾਨੀ,
ਖਬਰ ਲਿਓ ਝੱਟ ਕਰਕੇ ਹੂ ।
ਪੀਰ ਜਿਨ੍ਹਾਂ ਦਾ ਮੀਰਾਂ ਬਾਹੂ,
ਸੋਈ ਕੰਧੀ ਲਗਦੇ ਤਰਕੇ ਹੂ ।

185. ਸੀਨ-ਸੈ ਹਜ਼ਾਰ ਤਿਨ੍ਹਾਂ ਤੋਂ ਸਦਕੇ

ਸੀਨ-ਸੈ ਹਜ਼ਾਰ ਤਿਨ੍ਹਾਂ ਤੋਂ ਸਦਕੇ,
ਜੋ ਨਾ ਬੋਲਣ ਫਿੱਕਾ ਹੂ ।
ਲੱਖ ਹਜ਼ਾਰ ਤਿਨ੍ਹਾਂ ਤੋਂ ਸਦਕੇ,
ਜੋ ਗੱਲ ਕਰਦੇ ਹਿੱਕਾ ਹੂ ।
ਲੱਖ ਕਰੋੜ ਤਿਨ੍ਹਾਂ ਤੋਂ ਸਦਕੇ,
ਨਫਸ ਰਖੇਂਦੇ ਝਿੱਕਾ ਹੂ ।
ਨੀਲ ਪਦਮ ਤਿਨ੍ਹਾਂ ਤੋਂ ਸਦਕੇ ਬਾਹੂ,
ਸੌਨ ਸਦਾਵਣ ਸਿੱਕਾ ਹੂ ।

186. ਸੀਨ-ਸੀਨੇ ਵਿਚ ਮੁਕਾਮ ਹੈ ਕੈਂਦਾ

ਸੀਨ-ਸੀਨੇ ਵਿਚ ਮੁਕਾਮ ਹੈ ਕੈਂਦਾ,
ਮੁਰਸ਼ਿਦ ਗੱਲ ਸਮਝਾਈ ਹੂ ।
ਏਹੋ ਸਾਹ ਜੋ ਆਵੇ ਜਾਵੇ,
ਹੋਰ ਨਹੀਂ ਸ਼ੈ ਕਾਈ ਹੂ ।
ਇਸਨੂੰ ਇਸਮ ਅਲ ਆਜ਼ਮ ਆਖਣ,
ਏਹੋ ਸਿਰ ਇਲਾਹੀ ਹੂ ।
ਏਹੋ ਮੌਤ ਹਯਾਤੀ ਬਾਹੂ,
ਏਹੋ ਭੇਤ ਇਲਾਹੀ ਹੂ ।

187. ਸ਼ੀਨ-ਸ਼ਹਿਰ ਤੇ ਰਹਿਮਤ ਵੱਸੇ

ਸ਼ੀਨ-ਸ਼ਹਿਰ ਤੇ ਰਹਿਮਤ ਵੱਸੇ,
ਜਿੱਥੇ ਬਾਹੂ ਦਿਨ ਜਾਲੇ ਹੂ ।
ਬਾਗਬਾਨ ਦੇ ਬੂਟੇ ਵਾਂਗੂੰ,
ਤਾਲਿਬ ਨਿਤ ਸੰਭਾਲੇ ਹੂ ।
ਨਾਲ ਨਜ਼ਾਰੇ ਰਹਿਮਤ ਵਾਲੇ,
ਖੜਾ ਹਜ਼ੂਰੋਂ ਪਾਲੇ ਹੂ ।
ਨਾਮ ਫ਼ਕੀਰ ਤਿਸੇ ਦਾ ਬਾਹੂ,
ਜੇੜ੍ਹਾ ਘਰ ਵਿਚ ਯਾਰ ਵਿਖਾਲੇ ਹੂ ।
188. ਸੁਆਦ-ਸਿਫਤ ਸਨਾਈਂ ਮੂਲ ਨਾ ਪੜ੍ਹਦੇ

ਸੁਆਦ-ਸਿਫਤ ਸਨਾਈਂ ਮੂਲ ਨਾ ਪੜ੍ਹਦੇ,
ਜੇੜ੍ਹੇ ਪਹੁਤੇ ਜ਼ਾਤੀ ਹੂ ।
ਇਲਮੋਂ ਅਮਲ ਉਨ੍ਹਾਂ ਵਿਚ ਹੋਵੇ,
ਅਸਲੀ ਤੇ ਅਸਬਾਤੀ ਹੂ ।
ਨਾਲ ਮੁਹੱਬਤ ਨਫਸ ਕੁਠੋ ਨੇ,
ਘਿਨ ਰਜ਼ਾ ਦੀ ਕਾਤੀ ਹੂ ।
ਚੌਦਾਂ ਤਬਕਾਂ ਦਿਲ ਵਿਚ ਬਾਹੂ,
ਪਾ ਅੰਦਰ ਦੀ ਝਾਤੀ ਹੂ ।

189. ਸੁਆਦ-ਸੂਰਤ ਨਫਸ ਅੰਮਾਰੇ ਦੀ

ਸੁਆਦ-ਸੂਰਤ ਨਫਸ ਅੰਮਾਰੇ ਦੀ,
ਕੋਈ ਕੁੱਤਾ ਗੁੱਲਰ ਕਾਲਾ ਹੂ ।
ਕੂਕੇ ਨੂਕੇ ਲਹੂ ਪੀਵੇ,
ਮੰਗੇ ਚਰਬ ਨਿਵਾਲਾ ਹੂ ।
ਖੱਬੇ ਪਾਸਿਓਂ ਅੰਦਰ ਬੈਠਾ,
ਦਿਲ ਦੇ ਨਾਲ ਸੰਭਾਲਾ ਹੂ ।
ਇਹ ਬਦ ਬਖ਼ਤ ਹੈ ਭੁੱਖਾ ਬਾਹੂ,
ਅੱਲਾ ਕਰਸੀ ਟਾਲਾ ਹੂ ।

190. ਤੇ-ਤਰਕ ਦੁਨੀਆਂ ਦੀ ਤਾਈਂ ਹੋਸੀ

ਤੇ-ਤਰਕ ਦੁਨੀਆਂ ਦੀ ਤਾਈਂ ਹੋਸੀ,
ਜਦ ਫ਼ਕਰ ਮਿਲੇਸੀ ਖਾਸਾ ਹੂ ।
ਤਾਰਕ ਦੁਨੀਆਂ ਤਾਈਂ ਹੋਹੀ,
ਜਦ ਹੱਥ ਪਕੜੇਸੀ ਕਾਸਾ ਹੂ ।
ਦਰਿਆ ਵਹਦਤ ਨੋਸ਼ ਕੀਤੋਸੇ,
ਅਜਾਂ ਭੀ ਜੀ ਪਿਆਸਾ ਹੂ ।
ਰਾਹ ਫ਼ਕਰ ਰੱਤ ਹੰਝੂ ਰੋਵਨ ਬਾਹੂ,
ਲੋਕਾਂ ਭਾਣੇ ਹਾਸਾ ਹੂ ।

191. ਤੇ-ਤੁਲ੍ਹਾ ਬੰਨ੍ਹ ਤਵੱਕਲ ਵਾਲਾ

ਤੇ-ਤੁਲ੍ਹਾ ਬੰਨ੍ਹ ਤਵੱਕਲ ਵਾਲਾ,
ਥੀ ਮਰਦਾਨਾ ਤਰੀਏ ਹੂ ।
ਜਿਸ ਦੁਖ ਥੀਂ ਸੁਖ ਹਾਸਲ ਹੋਵੇ,
ਉਸ ਦੁਖ ਥੀਂ ਨਾ ਡਰੀਏ ਹੂ ।
'ਇਨ ਮ 'ਅਲ' ਉਸਰ ਯਸਰਾ' ਆਇਆ,
ਚਿੱਤ ਓਸੇ ਵੱਲ ਧਰੀਏ ਹੂ ।
ਬੇਪਰਵਾਹ ਦਰਗਾਹ ਉਹ ਬਾਹੂ,
ਰੋ ਰੋ ਹਾਸਿਲ ਭਰੀਏ ਹੂ ।

(ਤਵੱਕਲ=ਯਕੀਨ, 'ਇਨ ਮ 'ਅਲ'
ਉਸਰ ਯਸਰਾ'(ਕੁਰਾਨ ਦੀ ਆਇਤ)=
ਦੁੱਖ ਉਠਾਣ ਵਿਚ ਹੀ ਸੁਖ ਤੇ ਆਰਾਮ
ਸ਼ਾਮਿਲ ਹਨ)


192. ਤੇ-ਤੋੜੇ ਤੰਗ ਪੁਰਾਣੇ ਹੋਵਣ

ਤੇ-ਤੋੜੇ ਤੰਗ ਪੁਰਾਣੇ ਹੋਵਣ,
ਗੁਝੇ ਰਹਿਣ ਨਾ ਤਾਜ਼ੀ ਹੂ ।
ਮਾਰ ਨਕਾਰਾ ਦਿਲ ਵਿਚ ਵੜਿਆ,
ਖੇਡ ਗਿਆ ਇਕ ਬਾਜ਼ੀ ਹੂ ।
ਮਾਰ ਦਿਲਾਂ ਨੂੰ ਜੋਲ ਦਿਤੋ ਨੇ,
ਜਦ ਤੱਕੇ ਨੈਣ ਨਿਆਜ਼ੀ ਹੂ ।
ਉਨ੍ਹਾਂ ਨਾਲ ਕੀ ਥੀਆ ਬਾਹੂ,
ਜਿਨ੍ਹਾਂ ਯਾਰ ਨਾ ਰੱਖਿਆ ਰਾਜ਼ੀ ਹੂ ।

(ਤੋੜੇ=ਭਾਵੇਂ, ਤਾਜ਼ੀ=ਘੋੜੇ)


193. ਤੇ-ਤਨ ਮੈਂ ਯਾਰ ਦਾ ਸ਼ਹਿਰ ਬਣਾਇਆ

ਤੇ-ਤਨ ਮੈਂ ਯਾਰ ਦਾ ਸ਼ਹਿਰ ਬਣਾਇਆ,
ਦਿਲ ਵਿਚ ਖਾਸ ਮਹੱਲਾ ਹੂ ।
ਆਣ ਅਲਿਫ਼ ਦਿਲ ਵਸੋਂ ਕੀਤੀ,
ਮੇਰੀ ਹੋਈ ਖ਼ੂਬ ਤਸੱਲਾ ਹੂ ।
ਸਭ ਕੁਝ ਮੈਨੂੰ ਪਿਆ ਸੁਣੀਵੇ,
ਜੋ ਬੋਲੇ ਸੋ ਅੱਲਾ ਹੂ ।
ਦਰਦਮੰਦਾਂ ਇਹ ਰਮਜ਼ ਪਛਾਤੀ ਬਾਹੂ,
ਬੇਦਰਦਾਂ ਸਿਰ ਖੱਲਾ ਹੂ ।

(ਖੱਲਾ=ਜੁੱਤੀ)


194. ਤੇ-ਤਸਬੀਹ ਦਾ ਤੂੰ ਕਸਬੀ ਹੋਇਓਂ

ਤੇ-ਤਸਬੀਹ ਦਾ ਤੂੰ ਕਸਬੀ ਹੋਇਓਂ,
ਮਾਰੇਂ ਦੰਮ ਵਲੀਆਂ ਹੂ ।
ਦਿਲ ਦਾ ਮਣਕਾ ਇਕ ਨਾ ਫੇਰੇਂ,
ਗਲ ਪਾਏ ਪੰਜ ਵੀਹਾਂ ਹੂ ।
ਦੇਣ ਗਿਆਂ ਗਲ ਘੋਟੂ ਆਵੇ,
ਲੈਣ ਗਿਆਂ ਝੁਟ ਸ਼ੀਹਾਂ ਹੂ ।
ਪੱਥਰ ਚਿੱਤ ਜਿਨ੍ਹਾਂ ਦੇ ਬਾਹੂ,
ਓਥੇ ਜ਼ਾਇਆ ਵਸਣਾ ਮੀਂਹਾਂ ਹੂ ।

195. ਤੇ-ਤੂੰ ਤਾਂ ਜਾਗ ਨਾ ਜਾਗ ਫ਼ਕੀਰਾ

ਤੇ-ਤੂੰ ਤਾਂ ਜਾਗ ਨਾ ਜਾਗ ਫ਼ਕੀਰਾ,
ਅੰਤ ਨੂੰ ਲੋੜ ਜਗਾਇਆ ਹੂ,
ਅਖੀਂ ਮੀਟਿਆਂ ਨਾ ਦਿਲ ਜਾਗੇ,
ਜਾਗੇ ਮਤਲਬ ਪਾਇਆ ਹੂ ।
ਇਹ ਨੁਕਤਾ ਜਦ ਪੁਖਤਾ ਕੀਤਾ,
ਜ਼ਾਹਰ ਆਖ ਸੁਣਾਇਆ ਹੂ ।
ਮੈਂ ਤਾਂ ਭੁੱਲੀ ਵੈਂਦੀ ਬਾਹੂ,
ਮੁਰਸ਼ਿਦ ਰਾਹ ਵਿਖਾਇਆ ਹੂ ।

196. ਤੇ-ਤਦੋਂ ਫ਼ਕੀਰ ਸ਼ਿਤਾਬੀ ਬਣਦਾ

ਤੇ-ਤਦੋਂ ਫ਼ਕੀਰ ਸ਼ਿਤਾਬੀ ਬਣਦਾ,
ਜਦ ਜਾਨ ਇਸ਼ਕ ਵਿਚ ਹਾਰੇ ਹੂ ।
ਆਸ਼ਿਕ ਸ਼ੀਸ਼ਾ ਤੇ ਨਫਸ ਮੁਰੱਬੀ,
ਜਾਨ ਜਾਨਾਂ ਤੋਂ ਵਾਰੇ ਹੂ ।
ਖ਼ੁਦ-ਨਫ਼ਸੀ ਛੱਡ ਹਸਤੀ ਝੇੜੇ,
ਲਾਹ ਸਿਰੋਂ ਸਭ ਭਾਰੇ ਹੂ ।
ਮੋਇਆਂ ਬਾਝ ਨਹੀਂ ਹਾਸਲ ਬਾਹੂ,
ਸੈ ਸੈ ਸਾਂਗ ਉਤਾਰੇ ਹੂ ।

197. ਤੇ-ਤਸਬੀਹ ਫੇਰੀ ਦਿਲ ਨਾ ਫਿਰਿਆ

ਤੇ-ਤਸਬੀਹ ਫੇਰੀ ਦਿਲ ਨਾ ਫਿਰਿਆ,
ਕੀ ਲੈਣਾ ਇਸ ਫੜ ਕੇ ਹੂ ।
ਪੜ੍ਹਿਆ ਇਲਮ ਅਦਬ ਨਾ ਸਿਖਿਆ,
ਕੀ ਲੈਣਾ ਇਸ ਪੜ੍ਹ ਕੇ ਹੂ ।
ਚਿੱਲਾ ਕੱਟਿਆ ਕੁਝ ਨਾ ਖੱਟਿਆ,
ਕੀ ਲਿਆ ਚਿੱਲੇ ਵੜ ਕੇ ਹੂ ।
ਜਾਗ ਬਿਨਾਂ ਦੁੱਧ ਜੰਮਦੇ ਨਾ ਬਾਹੂ,
ਲਾਲ ਹੋਵਣ ਕੜ੍ਹ ਕੜ੍ਹ ਕੇ ਹੂ ।

198. ਤੋਏ-ਤਾਲਿਬ ਗੌਸ ਅਲ ਆਜ਼ਮ ਵਾਲੇ

ਤੋਏ-ਤਾਲਿਬ ਗੌਸ ਅਲ ਆਜ਼ਮ ਵਾਲੇ,
ਕਦੇ ਨਾ ਹੋਵਣ ਮਾਂਦੇ ਹੂ ।
ਜੈਂਦੇ ਅੰਦਰ ਇਸ਼ਕ ਦੀ ਰੱਤੀ,
ਰਹਿਣ ਸਦਾ ਕੁਰਲਾਂਦੇ ਹੂ ।
ਜੈਨੂੰ ਸ਼ੌਕ ਮਿਲਣ ਦਾ ਹੋਵੇ,
ਲੈ ਖ਼ੁਸ਼ੀਆਂ ਨਿਤ ਆਂਦੇ ਹੂ ।
ਦੋਵੇਂ ਜੱਗ ਨਸੀਬ ਉਨ੍ਹਾਂ ਬਾਹੂ,
ਜਿਹੜੇ ਜ਼ਿਕਰ ਕਮਾਂਦੇ ਹੂ ।

199. ਤੋਏ-ਤਾਲਿਬ ਬਣ ਕੇ ਤਾਲਿਬ ਹੋਏਂ

ਤੋਏ-ਤਾਲਿਬ ਬਣ ਕੇ ਤਾਲਿਬ ਹੋਏਂ,
ਓਸੇ ਨੂੰ ਪਿਆ ਗਾਂਵੇਂ ਹੂ ।
ਲੜ ਸੱਚੇ ਹਾਦੀ ਦਾ ਫੜ ਕੇ,
ਓਹੋ ਤੂੰ ਹੋ ਜਾਵੇਂ ਹੂ,
ਕਲਮੇ ਦਾ ਤੂੰ ਜ਼ਿਕਰ ਕਮਾਵੇਂ,
ਕਲਮੇ ਨਾਲ ਨਹਾਵੇਂ ਹੂ ।
ਅੱਲਾ ਤੈਨੂੰ ਪਾਕ ਕਰੇਸੀ ਬਾਹੂ,
ਜੇ ਜ਼ਾਤੀ ਇਸਮ ਕਮਾਵੇਂ ਤੂੰ ।

200. ਵਾਉ-ਵਹਦਤ ਦੇ ਦਰਿਆ ਉਛੱਲੇ

ਵਾਉ-ਵਹਦਤ ਦੇ ਦਰਿਆ ਉਛੱਲੇ,
ਜਲ ਥਲ ਜੰਗਲ ਰੀਣੇ ਹੂ ।
ਇਸ਼ਕ ਦੀ ਜ਼ਾਤ ਮਨੇਂਦੀ ਨਾਹੀਂ,
ਸਾਂਗਾਂ ਝਲ ਪਤੀਣੇ ਹੂ ।
ਅੰਗ ਬਭੂਤ ਮਲੇਂਦੇ ਡਿੱਠੇ,
ਸੈ ਜੁਆਨ ਲਖੀਣੇ ਹੂ ।
ਮੈਂ ਕੁਰਬਾਨ ਤਿਨ੍ਹਾਂ ਥੋਂ ਬਾਹੂ,
ਜਿਹੜੇ ਹੋਂਦੀ ਹਿੰਮਤ ਹੀਣੇ ਹੂ ।

201. ਵਾਉ-ਵਹਦਤ ਦੇ ਦਰਿਆ ਉਛੱਲੇ

ਵਾਉ-ਵਹਦਤ ਦੇ ਦਰਿਆ ਉਛੱਲੇ,
ਹਿਕ ਦਿਲ ਸਹੀ ਨਾ ਕੀਤੀ ਹੂ ।
ਹਿੱਕ ਬੁੱਤਖਾਨੇ ਵਾਸਲ ਥੀਏ,
ਹਿੱਕ ਪੜ੍ਹ ਪੜ੍ਹ ਰਹੇ ਮਸੀਤੀ ਹੂ ।
ਫਾਜ਼ਲ ਛੱਡ ਫਜ਼ੀਲਤ ਬੈਠੇ,
ਇਸ਼ਕ ਬਾਜ਼ੀ ਜਿਨ ਲੀਤੀ ਹੂ ।
ਹਰਗਿਜ਼ ਰੱਬ ਨਾ ਮਿਲਦਾ ਬਾਹੂ,
ਜਿਨ੍ਹਾਂ ਤਰੱਟੀ ਚੌੜ ਨਾ ਕੀਤੀ ਹੂ ।

202. ਵਾਉ-ਵਹਦਤ ਦਾ ਦਰਿਆ ਇਲਾਹੀ

ਵਾਉ-ਵਹਦਤ ਦਾ ਦਰਿਆ ਇਲਾਹੀ,
ਆਸ਼ਿਕ ਲੈਂਦੇ ਤਾਰੀ ਹੂ ।
ਮਾਰਨ ਟੁਭੀਆਂ ਕੱਢਣ ਮੋਤੀ,
ਆਪੋ ਆਪਣੀ ਵਾਰੀ ਹੂ ।
ਦੁਰ ਯਤੀਮ ਲਏ ਲਿਸ਼ਕਾਰੇ,
ਜਿਉਂ ਚੰਨ ਲਾਟ ਮਾਰੀ ਹੂ ।
ਸੋ ਕਿਉਂ ਨਹੀਂ ਹਾਸਲ ਭਰਦੇ ਬਾਹੂ,
ਜਿਹੜੇ ਨੌਕਰ ਨੇ ਸਰਕਾਰੀ ਹੂ ।

203. ਵਾਉ-ਵਹਿ ਵਹਿ ਨਦੀਆਂ ਤਾਰੂ ਹੋਈਆਂ

ਵਾਉ-ਵਹਿ ਵਹਿ ਨਦੀਆਂ ਤਾਰੂ ਹੋਈਆਂ,
ਬੰਬਲ ਛੋੜੇ ਕਾਹਾਂ ਹੂ ।
ਯਾਰ ਅਸਾਡਾ ਰੰਗ ਮਹੱਲੀਂ,
ਦਰ ਤੇ ਖੜੇ ਸਿਕਾਹਾਂ ਹੂ ।
ਨਾ ਕੋਈ ਆਵੇ, ਨਾ ਕੋਈ ਜਾਵੇ,
ਕੈਂ ਹੱਥ ਲਿਖ ਮੁੰਜਾਹਾਂ ਹੂ ।
ਜੇ ਖਬਰ ਜਾਨੀ ਦੀ ਆਵੇ ਬਾਹੂ,
ਕਲੀਓਂ ਫੁੱਲ ਥੀਵਾਹਾਂ ਹੂ ।

(ਬੰਬਲ=ਸਿਟੇ, ਮੁੰਜਾਹਾਂ=ਸੁਨੇਹਾ)


204. ਵਾਉ-ਵੰਜਣ ਸਿਰ ਤੇ ਫਰਜ਼ ਹੈ ਮੈਨੂੰ

ਵਾਉ-ਵੰਜਣ ਸਿਰ ਤੇ ਫਰਜ਼ ਹੈ ਮੈਨੂੰ,
ਕੌਲ ਕਾਲੂ ਬਲਾ ਕਰਕੇ ਹੂ ।
ਲੋਕ ਜਾਣੇ ਮੁਤਫੱਕਰ ਹੋਈਆਂ,
ਵਿਚ ਵਹਦਤ ਦੇ ਵੜਕੇ ਹੂ ।
ਸ਼ੌਹ ਦੀਆਂ ਮਾਰਾਂ ਸ਼ੌਹ ਵੰਜ ਲਹਿਸਾਂ,
ਇਸ਼ਕ ਤੁੱਲਾ ਸਿਰ ਧਰਕੇ ਹੂ ।
ਜੀਂਵਦਿਆਂ ਸ਼ੌਹ ਕਿਸੇ ਨਾ ਪਾਇਆ ਬਾਹੂ,
ਜੈਂ ਲੱਧਾ ਤੈਂ ਮਰਕੇ ਹੂ ।

205. ਯੇ-ਯਾਰ ਯਗਾਨਾ ਮਿਲਸੀ ਤਾਂ

ਯੇ-ਯਾਰ ਯਗਾਨਾ ਮਿਲਸੀ ਤਾਂ,
ਜੇ ਸਿਰ ਦੀ ਬਾਜ਼ੀ ਲਾਏਂ ਹੂ ।
ਇਸ਼ਕ ਅੱਲਾ ਵਿਚ ਹੋ ਮਸਤਾਨਾ,
ਹੂ ਹੂ ਸਦਾ ਅਲਾਏਂ ਹੂ ।
ਨਾਲ ਤਸੱਵਰ ਇਸਮ ਅੱਲਾ ਦੇ,
ਦਮ ਨੂੰ ਕੈਦ ਲਗਾਏਂ ਹੂ ।
ਜ਼ਾਤੀ ਨਾਲ ਜੇ ਜ਼ਾਤੀ ਰਲਿਆ,
ਤਦ ਬਾਹੂ ਨਾਮ ਸਦਾਏਂ ਹੂ ।

(ਯਗਾਨਾ=ਬੇਮਿਸਾਲ)


206. ਜ਼ਾਲ-ਜ਼ਾਤੀ ਨਾਲ ਨਾ ਜ਼ਾਤੀ ਰਲਿਆ

ਜ਼ਾਲ-ਜ਼ਾਤੀ ਨਾਲ ਨਾ ਜ਼ਾਤੀ ਰਲਿਆ,
ਸੋ ਕਮਜ਼ਾਤ ਸਦੀਵੇ ਹੂ ।
ਨਫਸ ਕੁੱਤੇ ਨੂੰ ਬੰਨ੍ਹ ਕਰਾਹਾਂ,
ਕੀਮਾ ਕੀਮਾ ਕਚੀਵੇ ਹੂ ।
ਜ਼ਾਤ ਸਿਫਾਤੋਂ ਮਿਹਣਾ ਆਵੇ,
ਜ਼ਾਤੀ ਸ਼ੌਕ ਨਾ ਪੀਵੇ ਹੂ ।
ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,
ਕਬਰ ਜਿਨ੍ਹਾਂ ਦੀ ਜੀਵੇ ਹੂ ।

207. ਜ਼ਾਲ-ਜ਼ਿਕਰ ਫ਼ਿਕਰ ਸਭ ਉਰੇ aਰੇਰੇ

ਜ਼ਾਲ-ਜ਼ਿਕਰ ਫ਼ਿਕਰ ਸਭ ਉਰੇ aਰੇਰੇ,
ਜਾਂ ਜਾਨ ਫਿਦਾ ਨਾ ਫਾਨੀ ਹੂ ।
ਫ਼ਿਦਾ ਫਾਨੀ ਤਿਨ੍ਹਾਂ ਨੂੰ ਹਾਸਿਲ,
ਜੋ ਵਸਣ ਲਾਮਕਾਨੀ ਹੂ ।
ਫ਼ਿਦਾ ਫਾਨੀ ਹਨ ਓਹੀ ਜਿਨ੍ਹਾਂ,
ਚੱਖੀ ਇਸ਼ਕ ਦੀ ਕਾਨੀ ਹੂ ।
ਬਾਹੂ ਜ਼ਿਕਰ ਸੜੇਂਦਾ ਹਰਦਮ,
ਯਾਰ ਨਾ ਮਿਲਿਆ ਜਾਨੀ ਹੂ ।

208. ਜ਼ਾਲ-ਜ਼ਿਕਰ ਕਨੋਂ ਕਰ ਫ਼ਿਕਰ ਹਮੇਸ਼ਾ

ਜ਼ਾਲ-ਜ਼ਿਕਰ ਕਨੋਂ ਕਰ ਫ਼ਿਕਰ ਹਮੇਸ਼ਾ,
ਇਹ ਲਫਜ਼ ਤਿਖਾ ਤਲਵਾਰੋਂ ਹੂ ।
ਕੱਢਣ ਆਹੀਂ ਜਾਨ ਜਲਾਵਣ,
ਫ਼ਿਕਰ ਕਰਨ ਅਸਰਾਰੋਂ ਹੂ ।
ਫਿਕਰ ਦਾ ਫਟਿਆ ਕੋਈ ਨਾ ਜੀਵੇ,
ਪੁੱਟੇ ਮੁੱਢ ਪਹਾੜੋਂ ਹੂ ।
ਹੱਕ ਦਾ ਕਲਮਾ ਆਖੀਂ ਬਾਹੂ,
ਰੱਬ ਰੱਖੇ ਫਿਕਰ ਦੀ ਮਾਰੋਂ ਹੂ ।

209. ਜ਼ੇ-ਜ਼ਾਹਦ ਜ਼ੁਹਦ ਕਮਾਂਦੇ ਥੱਕੇ

ਜ਼ੇ-ਜ਼ਾਹਦ ਜ਼ੁਹਦ ਕਮਾਂਦੇ ਥੱਕੇ,
ਰੋਜ਼ੇ ਨਫਲ ਨਮਾਜ਼ਾਂ ਹੂ ।
ਆਸ਼ਿਕ ਗ਼ਰਕ ਹੋਏ ਵਿਚ ਵਹਦਤ,
ਨਾਲ ਮੁਹੱਬਤ ਰਾਜ਼ਾਂ ਹੂ ।
ਮੱਖੀ ਕੈਦ ਸ਼ਹਿਦ ਵਿਚ ਹੋਈ,
ਕੀ ਉਡਸੀ ਨਾਲ ਸ਼ਾਹਬਾਜ਼ਾਂ ਹੂ ।
ਜਿਨ੍ਹਾਂ ਮਜਲਸ ਨਾਲ ਨਬੀ ਦੇ ਬਾਹੂ,
ਉਹ ਸਾਹਿਬ ਨਾਜ਼ ਨਵਾਜ਼ਾਂ ਹੂ ।

210. ਜ਼ੇ-ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ

ਜ਼ੇ-ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ,
ਦਿਲ ਦਾ ਪੜ੍ਹਦਾ ਕੋਈ ਹੂ ।
ਜਿਨ੍ਹਾਂ ਕਲਮਾ ਦਿਲ ਦਾ ਪੜ੍ਹਿਆ,
ਤਿਨ੍ਹਾਂ ਨੂੰ ਮਿਲਦੀ ਢੋਈ ਹੂ ।
ਦਿਲ ਦਾ ਕਲਮਾ ਅਸ਼ਿਕ ਪੜ੍ਹਦੇ,
ਕੀ ਜਾਨਣ ਯਾਰ ਗਲੋਈ ਹੂ ।
ਮੈਨੂੰ ਕਲਮਾ ਪੀਰ ਪੜ੍ਹਾਇਆ ਬਾਹੂ,
ਸਦਾ ਸੋਹਾਗਣ ਹੋਈ ਹੂ ।

211. ਜ਼ੋਏ-ਜ਼ਾਹਰ ਵੇਖਾਂ ਜਾਨੀ ਤਾਈਂ

ਜ਼ੋਏ-ਜ਼ਾਹਰ ਵੇਖਾਂ ਜਾਨੀ ਤਾਈਂ,
ਨਾਲੇ ਅੰਦਰ ਸੀਨੇ ਹੂ ।
ਬਿਰਹੁੰ ਮਾਰੀ ਨਿੱਤ ਫਿਰਾਂ ਮੈਂ,
ਹੱਸਣ ਲੋਕ ਨਾਬੀਨੇ ਹੂ ।
ਮੈਂ ਦਿਲ ਵਿਚੋਂ ਹੈ ਸ਼ਹੁ ਪਾਇਆ,
ਜਾਵਣ ਲੋਕ ਮਦੀਨੇ ਹੂ ।
ਕਹੇ ਫ਼ਕੀਰ ਮੀਰਾਂ ਦਾ ਬਾਹੂ,
ਅੰਦਰ ਦਿਲਾਂ ਖ਼ਜੀਨੇ ਹੂ ।

(ਨਾਬੀਨੇ=ਅੰਨ੍ਹੇ)


212. ਜ਼ੁਆਦ-ਜ਼ਰੂਰੀ ਨਫ਼ਸ ਕੁੱਤੇ ਨੂੰ

ਜ਼ੁਆਦ-ਜ਼ਰੂਰੀ ਨਫ਼ਸ ਕੁੱਤੇ ਨੂੰ,
ਕੀਮਾ ਕੀਮਾ ਕਚੀਵੇ ਹੂ ।
ਨਾਲ ਮੁਹੱਬਤ ਜ਼ਿਕਰ ਅੱਲਾ ਦਾ,
ਦਮ ਦਮ ਪਿਆ ਪੜ੍ਹੀਵੇ ਹੂ ।
ਜ਼ਿਕਰ ਕਨੋਂ ਹੱਕ ਹਾਸਲ ਹੁੰਦਾ,
ਜ਼ਾਤੋ ਜ਼ਾਤ ਦਿਸੀਵੇ ਹੂ ।
ਦੋਵੇਂ ਜਹਾਨ ਗੁਲਾਮ ਉਨ੍ਹਾਂ ਦੇ ਬਾਹੂ,
ਜਿਨ੍ਹਾਂ ਜ਼ਾਤ ਲਭੀਵੇ ਹੂ ।