ਇਸ਼ਕ ਸਿਰਾਂ ਦੀ ਬਾਜ਼ੀ/ਰੋਡਾ ਜਲਾਲੀ ਦੀ ਪ੍ਰੀਤ ਕਥਾ

ਰੋਡਾ ਜਲਾਲੀ ਦੀ ਪ੍ਰੀਤ ਕਥਾ

‘ਰੋਡਾ ਜਲਾਲੀ’ ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਲਾਲ ਸਿੰਙੀ ਵਿਖੇ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ਗਾਉਂਦੀਆਂ ਹਨ।

ਬਲਖ ਬੁਖ਼ਾਰੇ ਦਾ ਜੰਮਪਲ ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿੱਚ ਫ਼ਕੀਰ ਬਣਿਆਂ ਰੋਡਾ ਪਾਕਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ‘ਲਾਲ ਸਿੰਙੀ' ਆਣ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ 'ਤੇ ਪੂਰਬ ਵੱਲ ਦੇ ਪਾਸੋ ਸੁਹਾਂ ਨਦੀ ਦੇ ਕੰਢੇ ਇਕ ਸ਼ਾਨਦਾਰ ਬਾਗ਼ ਸੀ। ਉਸ ਬਾਗ਼ ਵਿੱਚ ਇਸ ਫ਼ਕੀਰ ਨੇ ਜਾ ਡੇਰੇ ਲਾਏ।

ਫ਼ਕੀਰ ਇੱਕੀ ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਹੇ ਦਗ਼-ਦਗ ਕਰਦੇ ਸਰੀਰ 'ਤੇ ਬਣ-ਬਣ ਪੈਂਦੇ ਸਨ। ਰੂਪ ਉਹਦਾ ਝੱਲਿਆ ਨਹੀਂ ਸੀ ਜਾਂਦਾ। ਇਕ ਅਨੋਖਾ ਜਲਾਲ ਉਹਦੇ ਮਸਤਕ `ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।

ਪਿੰਡ ਵਿੱਚ ਫ਼ਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ, ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ- ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜ੍ਹਿਆ, ਮੱਝ ਆਪਣੇ ਆਪ ਅਗਲੇ ਦੇ ਕੀਲੇ ਜਾ ਖੜੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਊ ਧਾਰੀ ਪੈ ਗਈ। ਕਿਸੇ ਦਾ ਜੁਆਕ ਢਿੱਲਾ ਮੱਠਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੌ-ਬਰ-ਨੌਂ। ਇਸ ਪ੍ਰਕਾਰ ਰੋਡੇ ਫ਼ਕੀਰ ਦੀ ਮਹਿਮਾ ਘਰ ਘਰ ਹੋਣ ਲੱਗ ਪਈ। ਪਿੰਡ ਦੇ ਲੋਕੀਂ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗੇ। ਮਾਈਆਂ ਬਣ ਸੇਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ। ਆਪਣੇ ਮਨ ਦੀਆਂ ਮੁਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ, ਆਪਣੇ ਦੁਖ-ਸੁਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ ਸੁਣਦਾ, ਸ਼ਹਿਦ ਜਿਹੇ ਮਿੱਠੇ ਬੋਲ ਬੋਲਦਾ, ਸਾਰਿਆਂ ਦੇ ਦਿਲ ਮੋਹੇ ਜਾਂਦੇ।

ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕ ਉਹਨੂੰ ਜਚਿਆ ਨਹੀਂ ਸੀ, ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਨਾਲ ਤੁਲਨਾ ਦੇਂਦੇ ਸਨ:

ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ

ਕੀ ਅਸਮਾਨੀ ਹੂਰ
ਸੁਹਣੀ ਦਿੱਸੇਂ ਫੁਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ
ਤਾਬ ਨਾ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੋ ਵੇਖੇ ਵਿੱਚ ਸੁਹਾਂ ਦੇ
ਤੇਰੀ ਵੀ ਲਹਿਜੇ ਭੁੱਖ

ਜਲਾਲੀ ਨੇ ਵੀ ਰੋਡੇ ਫ਼ਕੀਰ ਦੀ ਮਹਿਮਾ ਸੁਣੀ। ਉਹ ਇਕ ਦਿਨ ਆਪਣੀਆਂ ਸਹੇਲੀਆਂ ਨਾਲ ਬਾਗ਼ ਵਿੱਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ, ਬਸ ਮਸਤ ਰਿਹਾ।

ਜਲਾਲੀ ਸਿਮਰਨ ਕਰੈਂਦੇ ਰੋਡੇ ਵੱਲ ਤੱਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆਂ ਰੋਡਾ ਜਲਾਲੀ ਦੇ ਧੁਰ ਅੰਦਰ ਦਿਲ ਵਿੱਚ ਲਹਿ ਗਿਆ। ਜਲਾਲੀ ਆਪਣੇ ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ, ਸਾਹਮਣੇ ਜਲਾਲੀ ਹੱਥ ਜੋੜੀ ਖੜ੍ਹੀ ਸੀ।

ਗੁਲਾਬ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁੱਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ-ਸੁਆਦ ਹੋ ਗਿਆ। ਸਾਰੀ ਰਾਤ ਜਲਾਲੀ ਰੋਡੇ ਵਿੱਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ਼ ਵਿੱਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗਲ ਬਾਹੀਂ ਪਾ ਲਈਆਂ।

“ਰੋਡਿਆ ਤੂੰ ਮੇਰੇ 'ਤੇ ਕੀ ਜਾਦੁ ਧੂੜ ਦਿੱਤਾ ਹੈ, ਮੈਂ ਸਾਰੀ ਰਾਤ ਪਲ ਲਈ ਵੀ ਸੌਂ ਨਹੀਂ ਸਕੀ। ਤੇਰੇ ਖ਼ਿਆਲਾਂ ਵਿੱਚ ਮਗਨ ਰਹੀ ਆਂ।" ਹੁਸਨ ਮਚਲਿਆ।

“ਹੁਸਨ ਪਰੀਏ! ਧੰਨੇ ਨੇ ਪੱਥਰ ’ਚੋਂ ਪਾ ਲਿਆ ਏ, ਅੱਜ ਮੇਰੀ ਭਗਤੀ ਪੂਰੀ ਹੋ ਗਈ ਏ। ਤੇਰੇ ’ਚ ਮੈਨੂੰ ਦਾਤਾਰ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ ਮੈਨੂੰ ਚੈਨ ਨਹੀਂ ਆਇਆ। ਹੁਣ ਤੂੰ ਆ ਗਈ ਏਂ ਜਾਣੀ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿੱਚ ਨੇ।" ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ।

“ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ, ਤੂੰ ਪੂਰਾ ਉਤਰੀਂ ਕਿਧਰੇ ਮੇਰਾ ਕੱਚ ਜਿਹਾ ਦਿਲ ਤੋੜ ਕੇ ਅਗਾਂਹ ਨਾ ਟੁਰ ਜਾਵੀਂ।"

"ਜਲਾਲੀਏ ਇਹ ਕੀ ਆਂਹਦੀ ਏਂ ਤੂੰ। ਮੈਂ ਏਥੋਂ ਟੁਰ ਜਾਵਾਂਗਾ? ਇਕੋ-ਇਕ ਦਿਲ ਸੀ ਮੇਰਾ ਉਹ ਤੂੰ ਖਸ ਲਿਆ ਏ। ਹੋਰ ਕੀ ਏ ਇਸ ਦੁਨੀਆਂ ਵਿੱਚ ਮੇਰੇ ਲਈ? ਬਸ ਤੂੰ ਹੀ ਏਂ। ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ। ਤੂੰ ਤੇ ਮੇਰੀ ਜ਼ਿੰਦਗੀ ਏਂ, ਮੇਰਾ ਇਸ਼ਟ ਏਂ। ਡਰ ਹੈ ਜਲਾਲੀਏ ਕਿਧਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ।”

“ਮੈਨੂੰ ਆਪਣੀ ਜਵਾਨੀ ਦੀ ਸੌਂਹ ਰੋਡਿਆ। ਮੈਂ ਲੱਗੀਆਂ ਤੋੜ ਨਿਭਾਵਾਂਗੀ ਮਰ ਜਾਵਾਂਗੀ ਪਰ ਪਿਛਾਂਹ ਨਹੀਂ ਪਰਤਾਂਗੀ। ਤੂੰ ਮੇਰਾ ਹਰ ਰੋਜ਼ ਤੜਕਸਾਰ ਸੁਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰੀਂ। ਔਹ ਕੋਈ ਆਉਂਦਾ ਪਿਆ ਏ, ਆਹ ਸਾਂਭ ਲੈ ਮੇਰੀ ਨਿਸ਼ਾਨੀ...।"

ਹੁਣ ਜਲਾਲੀ ਦਾ ਛੱਲਾ ਰੋਡੇ ਦੀ ਉਂਗਲ 'ਤੇ ਸੀ।

ਜਲਾਲੀ ਹਰ ਰੋਜ਼ ਸੁਹਾਂ ਦੇ ਕੰਢੇ ਜਾ ਪੁੱਜਦੀ ਤੇ ਪਿਆਰੇ ਰੋਡੇ ਦਾ ਜਾ ਦੀਦਾਰ ਕਰਦੀ:

ਉੱਤੇ ਨਦੀ ਦੇ ਜਾਇਕੇ ਰੌਜ਼ ਮਿਲਦੀ
ਬਿਨਾਂ ਮਿਲੇ ਦੇ ਨਹੀਂ ਅਧਾਰ ਹੈ ਜੀ
ਹੋਏ ਘੜੀ ਵਿਛੋੜੇ ਦੇ ਵਾਂਗ ਸੂਲੀ
ਜਾਨ ਹੋਂਵਦੀ ਜੋ ਆਵਾਜ਼ਾਰ ਹੈ ਜੀ
ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ
ਜੀਹਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ
ਹੋਈ ਭੁੱਜ ਮਨੂਰ ਲੁਹਾਰ ਬੱਚੀ
ਬਣੇ ਘੜੀ ਦਾ ਜੁੱਗ ਚਾਰ ਹੈ ਜੀ
ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ
ਜਦੋਂ ਕੱਤਣ ਜਾਏ ਭੰਡਾਰ ਹੈ ਜੀ
ਪਾਇਆ ਭੱਠ ਕਸੀਦੇ ਦੇ ਕੱਢਣੇ ਨੂੰ
ਪੈਂਦੀ ਭੁੱਲ ਕੇ ਨਾ ਇਕ ਤਾਰ ਹੈ ਜੀ
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ
ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ
ਕਰੇ ਆਸ਼ਕੀ ਅਤੀ ਲਾਚਾਰ ਹੈ ਜੀ

(ਕਿਸ਼ੋਰ ਚੰਦ)

ਇਸ਼ਕ ਮੁਸ਼ਕ ਕਦੋ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਪੈ ਗਈ। ਉਨ੍ਹਾਂ ਨੇ ਉਨ੍ਹਾਂ ਦੇ ਇਸ਼ਕ ਨੂੰ ਪ੍ਰਵਾਨ ਨਾ ਕੀਤਾ। ਉਹ ਤਾਂ ਨਮੋਸ਼ੀ ਦੇ ਮਾਰੇ ਆਪਣੀ ਮੂੰਹ ਲਕੋਈ ਫਿਰਦੇ ਸਨ। ਉਨ੍ਹਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰੰਤੂ ਉਹ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ। ਆਖ਼ਰ ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਿਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ।

ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ... ਓਧਰ ਰੋਡਾ ਵੀ ਜਲਾਲੀ ਦਾ ਪਿਆਰਾ ਮੁੱਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ। ਆਖ਼ਰ ਉਹਨੇ ਜਲਾਲੀ ਦੇ ਦਰ ਅੱਗੇ ਜਾ ਕੇ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ। ਉਹ ਉਹਦੇ ਹੱਥੋਂ ਖੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਵੀ ਨਾ ਪੁੱਟਦਾ। ਗੱਲ ਏਥੋਂ ਤਕ ਅੱਪੜ ਗਈ ਕਿ ਇਕ ਦਿਨ ਉਹਨੂੰ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰੰਤੂ ਉਹਦੀ ਮਾਂ ਅੜੀ ਰਹੀ... ਸਾਧਾਂ ਦਾ ਹੱਠ ਵੀ ਮਸ਼ਹੂਰ ਐ... ਰੋਡਾ ਉਨ੍ਹਾਂ ਦੇ ਦਰਾਂ ਅੱਗੇ ਹੀ ਧੂਣਾ ਤਪਾ ਕੇ ਬੈਠ ਗਿਆ ਤੇ ਸਮਾਧੀ ਲਾ ਲਈ। ਲੋਕਾਂ ਲਈ ਤਾਂ ਇਹ ਜਗਤ ਤਮਾਸ਼ਾ ਸੀ ਪਰੰਤੂ ਜਲਾਲੀ ਦੀ ਮਾਂ ਤਾਂ ਨਮੋਸ਼ੀ ਦੀ ਮਾਰੀ ਧਰਤੀ ਵਿੱਚ ਨਿਘਰਦੀ ਜਾ ਰਹੀ ਸੀ। ਉਹਨੇ ਉਸਨੂੰ ਧੂਣਾ ਚੁੱਕਣ ਲਈ ਬਹੁਤੇਰੇ ਵਾਸਤੇ ਪਾਏ। ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰੰਤੁ ਰੋਡਾ ਤਾਂ ਉਹਦੇ ਦੀਦਾਰ ਲਈ ਤੜਪ ਰਿਹਾ ਸੀ:

ਕਿੱਥੋਂ ਵੇ ਤੇ ਤੂੰ ਆਇਆ
ਜਾਣਾ ਕਿਹੜੇ ਦੇਸ ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀ ਆਂ ਮੰਗਾ ਦੇ ਫਕੀਰਾ
ਭਲਾ ਵੇ ਦਲਾਲਿਆ
ਵੇ ਰੋਡਿਆ
ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾਂ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਭੁੱਖਾ ਰੰਨਾਂ ਦੇ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਭੁੱਖਾ ਰੰਨਾਂ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਦਰ ਵਿੱਚੋਂ ਧੂਣਾ ਚੁੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਦਰ ਵਿੱਚੋਂ ਧੂਣਾ ਨਾ ਚੁੱਕਣਾ ਨੀ
ਲੈਣਾ ਤੇਰਾ ਦੀਦਾਰ

ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ

ਪਰੰਤੁ ਰੋਡੇ ਨੇ ਜਲਾਲੀ ਦੇ ਦਰਾਂ ਅੱਗੋਂ ਧੂਣਾ ਨਾ ਚੁੱਕਿਆ। ਗੁੱਸੇ ਵਿੱਚ ਆਏ ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ ਨਦੀ ਵਿੱਚ ਹੜ੍ਹਾ ਹਾਏ। ਕੁਦਰਤ ਦਾ ਕੋਈ ਪਾਰਾਵਾਰ ਨਹੀਂ ਰੋਡਾ ਨਦੀ ਵਿੱਚੋਂ ਬਚ ਨਿਕਲਿਆ ਤੇ ਅਗਲੀ ਭਲਕ ਆ ਕੇ ਉਹਨੇ ਜਲਾਲੀ ਦੇ ਦਰਾਂ ਅੱਗੇ ਮੁੜ ਧੂਣਾ ਤਪ ਦਿੱਤਾ।

ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੁਬਾਰਾ ਮੁੜ ਆਣ ’ਤੇ ਐਨਾ ਗੁੱਸਾ ਚੜ੍ਹਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ-ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤਾ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।

ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡ ਨੂੰ ਗਲੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ਼ ਜਾ ਕੇ ਆਖਿਆ, “ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬਿਮਾਰ ਪਈ ਹੈ, ਹਕੀਮ ਆਂਹਦੇ ਨੇ ਉਹ ਤਦ ਹੀ ਬਚ ਸਕਦੀ ਐ ਜੋ ਉਹਨੂੰ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ ਜਾਵੇ। ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗਾ।"

ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ ਵਿੱਚ ਜੰਗਲਾਂ ਵਲ ਨੂੰ ਨੱਸ ਟੁਰਿਆ।

ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ-ਰੋਡਾ ਕੂਕਦੀ ਰੋਡੇ ਦੇ ਮਗਰ ਜੰਗਲ ਵਿੱਚ ਜਾ ਪੁੱਜੀ। ਜੰਗਲ ਵਿੱਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ, ਇਸ ਬਾਰੇ ਕੋਈ ਕੁਝ ਨਹੀਂ ਜਾਣਦਾ। ਪਰੰਤੂ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਿਸਾਰਿਆ। ਜਲਾਲੀ ਦਾ ਗੀਤ ਉਨ੍ਹਾਂ ਦੇ ਚੇਤਿਆਂ ਵਿੱਚ ਅੱਜ ਵੀ ਸੱਜਰਾ ਹੈ।