ਆਕਾਸ਼ ਉਡਾਰੀ/ਮਨ ਮਾਲਕ ਦੇ ਅੱਗੇ ਨਿਵਾ ਕੇ ਰੱਖ

52541ਆਕਾਸ਼ ਉਡਾਰੀ — ਮਨ ਮਾਲਕ ਦੇ ਅੱਗੇ ਨਿਵਾ ਕੇ ਰੱਖਮਾ. ਤਾਰਾ ਸਿੰਘ ਤਾਰਾ

ਮਨ ਮਾਲਕ ਦੇ ਅੱਗੇ ਨਿਵਾ ਕੇ ਰੱਖ

ਸੁਣ ਕੇ ਲੰਮਾ ਪ੍ਰੇਮ ਦਾ ਪੰਥ ਔਖਾ,
ਦਿਲਾ ਡੋਲ ਨਾ ਨਿਹੁੰ ਲਗਾ ਕੇ ਰੱਖ।
ਭਾਵੇਂ ਲੱਖ ਮੁਸੀਬਤਾਂ ਪੈਣ ਸਿਰ ਤੇ,
ਸਿਦਕ ਪਰਬਤ ਦੇ ਵਾਂਗ ਜਮਾ ਕੇ ਰੱਖ।
ਜੇ ਕਰਤੂਤ ਹੈ ਕਾਫ਼ਰਾਂ ਵਾਂਗ ਤੇਰੀ,
ਮੂੰਹ ਨਾ ਮੋਮਨਾਂ ਵਾਂਗ ਬਣਾ ਕੇ ਰੱਖ।
ਮੁਖ ਮਾਹੀ ਪਿਆਰੇ ਦਾ ਦੇਖਣੇ ਨੂੰ,
ਸ਼ੀਸ਼ਾ ਦਿਲ ਦਾ ਖ਼ੂਬ ਚਮਕਾ ਕੇ ਰੱਖ।
ਜੇਕਰ ਦੀਦ ਪਿਆਰੇ ਦਾ ਦੇਖਣਾ ਹੀ,
ਦਿਲੋਂ ਦੂਈ ਦਾ ਪਰਦਾ ਹਟਾ ਕੇ ਰੱਖ।
ਜੁੱੱਤੀ ਪਿਆਰੇ ਦੇ ਚਰਨਾਂ ਦੀ ਬਣਨ ਖ਼ਾਤਰ,
ਪਹਿਲਾਂ ਆਪਣੀ ਖੱਲ ਲੁਹਾ ਕੇ ਰੱਖ।
ਆਪਣੇ ਪਿਆਰੇ ਪ੍ਰੀਤਮ ਦੇ ਬੈਠਣੇ ਨੂੰ,
ਆਪਣੀਆਂ ਅੱਖਾਂ ਦਾ ਆਸਣ ਵਿਛਾ ਕੇ ਰੱਖ।
ਸੁੰਦਰ ਸੁਆਮੀ ਨੂੰ ਸੁਖ ਪਹੁੰਚਾਣ ਖ਼ਾਤਰ,
ਸਤਿ-ਧਰਮ ਦਾ ਅਤਰ ਛਿੜਕਾ ਕੇ ਰੱਖ।
ਸੋਹਣੇ ਮੂੰਹ ਦੇ ਨਾਲ ਜੇ ਮਿਲਣਾ ਹੀ,
ਕੋਈ ਚੰਗੀ ਕਮਾਈ ਕਮਾ ਕੇ ਰੱਖ।
ਭੇਟਾ ਪਿਆਰੇ ਦੇ ਚਰਨਾਂ 'ਚ ਕਰਨ ਖ਼ਾਤਰ,
ਸੀਸ ਤਲੀ ਦੇ ਉਤੇ ਟਿਕਾ ਕੇ ਰੱਖ।
'ਤਾਰਾ' ਜੀ ਹੰਕਾਰ ਤਿਆਗ ਕੇ ਤੇ,
ਮਨ ਮਾਲਕ ਦੇ ਅੱਗੇ ਨਿਵਾ ਕੇ ਰੱਖ।