ਆਕਾਸ਼ ਉਡਾਰੀ/ਕਰਤਾਰ ਦਾ ਡਰ
ਕਰਤਾਰ ਦਾ ਡਰ
ਡਰਦੇ ਲੋਕ ਇਸ ਲੋਕ ਦੇ ਮਿਹਣਿਆਂ ਤੋਂ,
ਮੈਨੂੰ ਰਤੀ ਨਾ ਇਸ ਸੰਸਾਰ ਦਾ ਡਰ।
ਮੰਨਾਂ ਮੈਂ ਨਾ ਨਰਕ ਸਵਰਗ ਤਾਂਂਈਂ,
ਮੈਨੂੰ ਕਾਲ ਨਾ ਕਾਲ ਦੀ ਮਾਰ ਦਾ ਡਰ।
ਲੋਕੀ ਧੌਂਸ ਹਥਿਆਰਾਂ ਦੀ ਦੱਸਦੇ ਨੇ,
ਮੈਨੂੰ ਤੀਰ ਨਾ ਤੋਪ ਤਲਵਾਰ ਦਾ ਡਰ।
ਨਾ ਸੱਪ ਨਾ ਸ਼ੇਰ ਖ਼ੂੰਖ਼ਾਰ ਦਾ ਡਰ,
ਮੈਨੂੰ ਕਿਸੇ ਨਾ ਚੋਰ ਚਕਾਰ ਦਾ ਡਰ।
ਨਾ ਹੁਕਮ, ਹਕੂਮਤ ਨਾ ਹਾਕਮ ਦਾ ਡਰ,
ਮੈਨੂੰ ਕੈਦ ਫਾਂਸੀ ਨਾ ਸਰਕਾਰ ਦਾ ਡਰ।
ਡਰਾਂ ਮੈਂ ਨਾ ਕਿਸੇ ਦੇ ਪਿਓ ਕੋਲੋਂ,
ਮੈਨੂੰ "ਤਾਰਿਆ" ਇੱਕ ਕਰਤਾਰ ਦਾ ਡਰ।