ਅੱਧੀ ਚੁੰਝ ਵਾਲੀ ਚਿੜੀ/ਤੋਤਾ
ਤੋਤਾ
ਘਰ ਵਿਚ ਇਕ ਤੋਤਾ ਰਹਿ ਰਿਹਾ ਸੀ।
ਨਹੀ, ਨਹੀਂ। ਘਰਵਾਲਿਆਂ ਨੇ ਇਕ ਤੋਤਾ ਪਾਲਿਆ ਹੋਇਆ ਸੀ। ਇਹ ਕੋਈ ਅਣਹੋਣੀ ਘਟਨਾ ਨਹੀਂ ਸੀ।
ਇਸ ਤੋਤੇ ਦਾ ਇਕ ਨਾਂ ਵੀ ਸੀ। ਇਹ ਜਦ ਕਿਸੇ ਘਰ ਵਿਚ ਕੈਦ ਹੋ ਜਾਵੇ ਤਾਂ ਉਸ ਦਾ ਨਾਂ ਹੁੰਦਾ ਹੈ: ਮਿੱਠੂ ਜਾਂ ਮਿੱਠੂ ਰਾਮ।
ਇਸ ਤੋਤੇ ਨੂੰ ਵੀ ਘਰ ਦਾ ਮਾਲਕ ਜੀਵਨ, ਮਾਲਕਣ ਜੋਤੀ ਅਤੇ ਉਹਨਾਂ ਦਾ ਬੱਚਾ ਪਵਨ ਮਿੱਠੂ ਕਹਿ ਕੇ ਸੱਦਦੇ ਹਨ।
ਤਿੰਨ ਕਮਰਿਆਂ ਦੇ ਘਰ ਦੇ ਔਂਗੇ-ਪਿੱਛੇ ਵਰਾਂਡਾ ਹੈ। ਚਾਰੋਂ ਪਾਸੇ ਖੁੱਲ੍ਹੀ ਥਾਂ ਦੇ ਬਾਅਦ ਉੱਚੀ-ਉੱਚੀ ਚਾਰਦੀਵਾਰੀ ਹੈ ਜਿਸ ਦੇ ਅੰਦਰਲੇ ਅਤੇ ਖ਼ਾਸ ਕਰ ਕੇ ਬਾਹਰਲੇ ਪਾਸੇ ਸੰਘਣੀ ਹਰਿਆਵਲ ਹੈ।
ਤੋਤੇ ਅਤੇ ਕੁੱਤੇ ਵਿਚਾਲੇ ਇਸ ਪੱਖੋਂ ਜ਼ਮੀਨ-ਆਸਮਾਨ ਦਾ ਫੁਰਕ ਹੈ। ਤੋਤਾ ਸਦਾ ਪਿੰਜਰੇ ਵਿਚ ਹੀ ਰਖਿਆ ਜਾਂਦਾ ਹੈ।
ਲੈ-ਦੇ ਕੇ ਇਹਨਾਂ ਪੰਜਾਂ ਜਣਿਆਂ ਦੀ ਸ਼ਮੂਲੀਅਤ ਸਦਕਾ "ਪੂਰਾ ਘਰ" ਬਣਦਾ ਹੈ।
ਜਦ ਜੀਵਨ ਆਪਣੇ ਦਫ਼ਤਰ ਅਤੇ ਪਵਨ ਸਕੂਲ ਤੁਰ ਜਾਂਦਾ ਤਾਂ ਜੋਤੀ ਸਮਾਂ ਕੱਟਣ ਲਈ ਟੀ.ਵੀ. ਦਾ ਆਸਰਾ ਲੈ ਲੈਂਦੀ।
ਵਰਾਂਡੇ ਦੀ ਛੱਤ ਨਾਲ ਲਟਕਦੀ ਤਾਰ ਨਾਲ ਬੱਝੇ ਪਿੰਜਰੇ ਵਿਚ ਬੈਠਾ-ਬੈਠਾ ਮਿੱਠੂ ਆਪਣਾ ਸਿਰ ਟੀ.ਵੀ. ਵੱਲ ਘੁੰਮਾ ਲੈਂਦਾ। ਕੁੱਤਾ ਵੀ ਪੂਛ ਹਿਲਾਉਂਦਾ-ਹਿਲਾਉਂਦਾ ਪ੍ਰਗਟ ਹੋ ਜਾਂਦਾ। ਥੋੜ੍ਹਾ ਚਿਰ ਆਪਣੀ ਮਾਲਕਣ ਦੇ ਪੈਰਾਂ ਵਿਚ ਲਿਟਦਾ, ਉਹਨਾਂ ਨੂੰ ਚੁੰਮਣ-ਚੱਟਣ ਬਾਅਦ ਆਪਣਾ ਸਿਰ ਫਰਸ਼ 'ਤੇ ਟਿਕਾਅ ਸਰੀਰ ਨੂੰ ਢਿੱਲਾ ਛੱਡ ਲੰਮਾ ਪੈ ਜਾਂਦਾ। ਜੇ ਮਾਲਕਣ ਕਿਸੇ ਕੰਮ ਰੁੱਝੀ ਹੁੰਦੀ ਤਾਂ ਉਹ ਜਿਥੇ ਠੀਕ ਸਮਝਦਾ ਬੈਠ ਜਾਂਦਾ। ਉਹ ਕਿਸੇ ਕੋਲ ਵੀ ਬੈਠੇ, ਕਿਤੇ ਵੀ ਬੈਠੇ, ਉਸ ਦੀਆਂ ਅੱਖਾਂ ਟੀ. ਵੀ. ਤੋਂ ਲਾਂਭੇ ਨਾ ਹੁੰਦੀਆਂ।
ਟੀ.ਵੀ. ਤਿੰਨਾਂ ਨੂੰ ਸਾਰਾ-ਸਾਰਾ ਦਿਨ ਆਪਸ ਵਿਚ ਜੋੜੀ ਰੱਖਦਾ। ਉਹਨਾਂ ਦੀ ਇਕਾਗਰਤਾ ਤੋਂ ਲੱਗਦਾ ਉਹ ਖ਼ਬਰ ਜਾਂ ਸੀਰੀਅਲ ਨੂੰ ਦੇਖਦੇ ਤਾਂ ਇਕੱਠੇ ਹਨ ਪਰ ਉਸ ਉੱਤੇ ਵਿਚਾਰ ਆਪੋ-ਆਪਣੇ ਢੰਗ ਨਾਲ ਕਰਦੇ ਹਨ।
ਇਹ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਕਿਸੇ ਘਟਨਾ ਬਾਰੇ ਆਪਣੇ ਵਿਚਾਰ ਇਕ- ਦੂਜੇ ਨਾਲ ਕਦੇ ਸਾਂਝੇ ਨਹੀਂ ਕੀਤੇ।
ਇਕ ਵਾਰ ਘਰ ਦੇ ਕੰਮਕਾਰ ਤੋਂ ਵਿਹਲੀ ਹੋ ਕੇ ਜੋਤੀ ਟੀ.ਵੀ. ਸਾਹਮਣੇ ਬੈਠੀ ਜਦ ਉਸ ਦੇ ਚੈਨਲ ਬਦਲ ਰਹੀ ਸੀ ਤਾਂ ਇਕ ਥਾਂ ਆ ਕੇ ਉਸ ਦੀ ਉਂਗਲ ਅਟਕ ਗਈ। ਦਿਖਾਏ ਜਾਂ ਰਹੇ ਦ੍ਰਿਸ਼ ਨੇ ਉਸ ਨੂੰ ਅੱਗੇ ਨਾ ਵਧਣ ਦਿੱਤਾ।
ਇਹ ਦ੍ਰਿਸ਼ ਆਬਾਦੀ ਤੋਂ ਜ਼ਰਾ ਹਟਵੀਂ ਥਾਂ ਦਾ ਸੀ ਜਿਥੇ ਨਿੱਕੀਆਂ-ਵੱਡੀਆਂ ਸੰਘਣੀਆਂ ਝਾੜੀਆਂ ਅਤੇ ਬੂਝਿਆਂ ਦਾ ਸਾਮਰਾਜ ਸੀ। ਇਕ ਪਰੇਸ਼ਾਨ ਰਿੱਛ ਇਹਨਾਂ ਵਿਚ ਖੁਦ ਨੂੰ ਲੁਕਾਉਣ ਦਾ ਜਤਨ ਕਰ ਰਿਹਾ ਸੀ।
ਪਿੰਡ ਦੇ ਲੋਕਾਂ ਦੀ ਭੀੜ ਉਸ ਦਾ ਪਿੱਛਾ ਕਰ ਰਹੀ ਸੀ ਜਿਸ ਵਿਚ ਛੋਟੇ-ਵੱਡੇ ਸਭ ਸ਼ਾਮਿਲ ਸਨ। ਹਰ ਹੱਥ ਵਿਚ ਪੱਥਰ ਸੀ। ਭੀੜ ਨੂੰ ਝਾੜੀਆਂ ਵਿਚ ਲੁਕਿਆ ਰਿੱਛ ਜਦ ਦਿਸ ਪੈਂਦਾ ਹੈ ਤਾਂ ਸਾਰੇ ਪੱਥਰ ਉਸ ਪਾਸੇ ਵੱਲ ਜਾਂਦੇ।
ਮਾਰਨ ਦਾ ਕਾਰਨ ਇਕੋ ਸੁਣਾਈ ਦਿੱਤਾ ਕਿ ਇਹ ਸਾਡੀ ਬਸਤੀ ਦੇ ਇੰਨੀ ਨੇੜੇ ਕਿਉਂ ਆਇਆ ਹੈ।
ਦੇਖਦਿਆਂ-ਦੇਖਦਿਆਂ ਕਿਸੇ ਨੇ ਝਾੜੀਆਂ ਨੂੰ ਅੱਗ ਲਾ ਦਿੱਤੀ। ਪੱਥਰਾਂ ਦੀ ਮਾਰ ਸਹਾਰਦਾ ਰਿੱਛ ਹੁਣ ਬੇਆਸ ਹੋ ਕੇ ਡਿੱਗ ਪਿਆ। ਹਰ ਪਾਸੇ ਤਿੜ-ਤਿੜ ਕਰ ਕੇ ਘਾਹ ਦੇ ਬਲਣ ਦੀ ਅਵਾਜ਼ ਸੀ ਅਤੇ ਧੂੰਏਂ ਦੇ ਨਿੱਕੇ-ਵੱਡੇ ਆਕਾਰ।
ਸਾਰੀ ਹੋਣੀ ਨੂੰ ਮਿੱਠੂ ਇਕ ਚਿੱਤ ਹੋ ਦੇਖ ਰਿਹਾ ਸੀ। ਵਧਦੀ ਅੱਗ ਤੋਂ ਬੇਚੈਨ ਹੋਇਆ ਮਿੱਠੂ ਚੀਕ ਕੇ ਬੋਲਿਆ, "ਬੰਦ ਕਰੋ.. ਟੀ. ਵੀ.। ਇਹ ਲੋਕ ਠੀਕ ਨਹੀਂ ਕਰ ਰਹੇ।"
ਕੁੱਤਾ ਆਪਣੀ ਪਹਿਲੀ ਮੁਦਰਾ ਵਿਚ ਬੈਠਾ ਰਿਹਾ। ਬੈਠੇ-ਬੈਠੇ ਨੇ ਅੱਖਾਂ ਘੁਮਾ ਕੇ ਮਿੱਠੂ ਵੱਲ ਦੇਖਿਆ।
ਜੋਤੀ ਨੇ ਕਿਸੇ ਹੋਰ ਸੀਰੀਅਲ ਵਾਂਗ ਇਸ ਨੂੰ ਵੀ ਉਸੇ ਦਾ ਅੰਗ ਜਾਣ ਕੇ ਆਰਾਮ ਨਾਲ ਕਿਹਾ, "ਕੀ ਹੋਇਆ ਏ ਤੈਨੂੰ? ਥੋੜ੍ਹੀ ਦੇਰ ਦੇਖਣ ਲੈਣ ਦੇ।"
"ਨਹੀਂ, ਇਹ ਜ਼ੁਲਮ ਹੈ। ਜਾਨਵਰ ਸਿਰਫ਼ ਇਕ ਤੇ ਉਸ ਨੂੰ ਮਾਰਨ ਵਾਲੇ ਕਈ। ਨਿਰਾ ਜ਼ੁਲਮ ਹੈ, ਇਹ।"
ਥੋੜ੍ਹਾ ਚਿਰ ਚੁੱਪ ਰਹਿਣ ਬਾਅਦ ਉਹ ਫੇਰ ਬੋਲਿਆ, "ਮਰਦੇ ਰਿੱਛ ਨੂੰ ਜੇ ਤੁਸੀਂ ਦੇਖਣਾ ਚਾਹੁੰਦੇ ਓ ਤਾਂ ਦੇਖੋ। ਰੱਬ ਦੇ ਵਾਸਤੇ ਮੇਰੇ ਪਿੰਜਰੇ ਨੂੰ ਇਥੋਂ ਲਾਹ ਕੇ ਕਿਤੇ ਹੋਰ ਰੱਖ ਦਿਓ।"
ਇਸ ਘਟਨਾ ਨੇ ਮਿੱਠੂ ਨੂੰ ਉਦਾਸ ਕਰ ਦਿੱਤਾ।
ਉਦਾਸੀ ਉਸ ਨੂੰ ਬਚਪਨ ਦੇ ਦਿਨਾਂ ਵੱਲ ਲੈ ਗਈ। ਉਸ ਨੂੰ ਉਹ ਸਮਾਂ ਚੇਤੇ ਆਇਆ ਜਦ ਉਹ ਨਿੱਕਾ ਹੁੰਦਾ ਸਾਰਾ ਸਮਾਂ ਆਲ੍ਹਣੇ ਦੇ ਵਿਚਕਾਰ ਬੈਠਾ ਰਹਿੰਦਾ ਸੀ। ਜਿਥੋਂ ਤਕ ਉਸ ਦੀ ਨਜ਼ਰ ਜਾਂਦੀ ਹਰਿਆਲੀ ਹੀ ਹਰਿਆਲੀ ਦਿਸਦੀ।
ਉਸ ਦੀ ਮਾਂ ਜਦ ਵੀ ਆਲ੍ਹਣੇ ਵੱਲ ਪਰਤਦੀ ਉਸ ਨੂੰ ਖਾਣ ਲਈ ਕੁਝ ਨਾ ਕੁਝ ਮਿਲ ਜਾਂਦਾ।
ਆਪਣੀ ਥਾਂ ਬੈਠਿਆਂ-ਬੈਠਿਆਂ ਉਸ ਨੇ ਦੂਜੇ ਪੰਖੇਰੂਆਂ ਦੇ ਰੰਗ-ਰੂਪ ਨੂੰ ਦੇਖਿਆ ਅਤੇ ਉਹਨਾਂ ਦੀਆਂ ਆਵਾਜ਼ਾਂ ਨੂੰ ਸੁਣਿਆ।
ਦਿਨਾਂ ਬਾਅਦ ਉਹ ਸਮਾਂ ਵੀ ਆਇਆ ਜਦ ਹੋਰ ਆਵਾਜ਼ਾਂ ਦੇ ਨਾਲ-ਨਾਲ ਉਸ ਨੇ ਆਪਣੀ ਆਵਾਜ਼ ਰਲਾਉਣੀ ਸ਼ੁਰੂ ਕਰ ਦਿੱਤੀ।
ਜਦ ਥੋੜ੍ਹਾ ਹੋਰ ਵੱਡਾ ਹੋਇਆ ਤਾਂ ਆਲ੍ਹਣੇ ਦੇ ਕਿਨਾਰੇ ਬੈਠ ਕੇ ਇਧਰ-ਉਧਰ ਦੇਖਣਾ ਸ਼ੁਰੂ ਕੀਤਾ। ਇਸੇ ਵੇਲੇ ਜ਼ਮੀਨ 'ਤੇ ਘੁੰਮਦੇ ਛੋਟੇ-ਵੱਡੇ ਕਈ ਜਾਨਵਰ ਦੇਖਣ ਦਾ ਮੌਕਾ ਮਿਲਿਆ।
ਉਹ ਛਿਣ ਯਾਦ ਕਰਦਿਆਂ ਉਸ ਦੀ ਸਾਰੀ ਦੇਹ ਕੰਬ ਗਈ ਜਦ ਉਸ ਨੇ ਆਪਣੀ ਪਹਿਲੀ ਉਡਾਨ ਭਰੀ ਸੀ।
ਉਸ ਵੇਲੇ ਉਹਦੇ ਲਈ ਸਭ ਕੁਝ ਬਦਲ ਗਿਆ ਸੀ।
ਨਵੀਆਂ ਥਾਵਾਂ ਦੇ ਇਲਾਵਾ ਨਵੇਂ ਪਰਿੰਦੇ ਅਤੇ ਜਾਨਵਰ ਦੇਖਣ ਨੂੰ ਮਿਲੇ। ਨਿੱਕੀ-ਵੱਡੀ ਖ਼ੁਸ਼ੀ ਰੋਜ਼ ਉਸ ਅੰਦਰ ਜਮ੍ਹਾਂ ਹੋ ਰਹੀ ਸੀ।
ਉਸ ਉਡਾਨ ਦੇ ਬਾਅਦ ਉਹ ਘਰ ਨਾ ਪਰਤਿਆ।
ਵੱਖਰੇ ਰਾਹਾਂ ਦੀ ਤਲਾਸ਼ ਦਾ ਲਾਲਚ ਇਕ ਦਿਨ ਉਸ ਵਾਸਤੇ ਮੁਸੀਬਤ ਬਣ ਗਿਆ। ਉਹ ਸ਼ਿਕਾਰੀ ਵਲੋਂ ਤਾਣੇ ਗਏ ਜਾਲ ਵਿਚ ਫਸ ਗਿਆ। ਜੰਗਲ ਦੀ ਬਜਾਇ ਪਿੰਜਰਾ ਉਹਦਾ ਘਰ ਬਣ ਗਿਆ।
ਉਸ ਦੇ ਪਿੰਜਰੇ ਦੇ ਨਾਲ-ਨਾਲ ਹੋਰ ਵੀ ਕਈ ਪਿੰਜਰੇ ਸਨ। ਉਸ ਨੇ ਮਹਿਸੂਸ ਕੀਤਾ ਕਿ ਉਹਨਾਂ ਅੰਦਰ ਬੰਦ ਕੀਤੇ ਹੋਏ ਪਰਿੰਦਿਆਂ ਨੂੰ ਉਹ ਪਹਿਲੀ ਵਾਰੀ ਦੇਖ ਰਿਹਾ ਹੈ।
ਪਿੰਜਰਿਆਂ ਦੀ ਨਿਰੰਤਰ ਵਧਦੀ-ਘਟਦੀ ਗਿਣਤੀ ਵੀ ਉਸ ਨੂੰ ਹੈਰਾਨ ਕਰਦੀ ਰਹਿੰਦੀ।
ਇਸੇ ਸੋਚ-ਵਿਚਾਰ ਰੁੱਝੇ ਤੋਤੇ ਨੂੰ ਖਰੀਦਾਰ ਮਿਲ ਗਿਆ। ਉਸ ਨੇ ਉਹਦੇ ਲਈ ਇਕ ਵੱਡਾ ਪਿੰਜਰਾ ਖਰੀਦਿਆ ਜਿਸ ਵਿਚ ਕਈ ਸਹੂਲਤਾਂ ਮੌਜੂਦ ਸਨ। ਦਾਣਾ-ਪਾਣੀ ਲਈ ਵੱਖ-ਵੱਖ ਕਟੋਰੀਆਂ ਤੇ ਪਤਲੀ ਤਾਰ ਦੀ ਲੱਗੀ ਹੋਈ ਪੀਘ ਵੀ ਸੀ।
ਕੁਝ ਦਿਨਾਂ ਵਿੱਚ ਉਹ ਘਰ ਦੇ ਮਾਹੌਲ ਵਿਚ ਰਚ-ਮਿਚ ਗਿਆ। ਇਸੇ ਘਰ ਨੇ ਉਸ ਨੂੰ ਨਾਂ ਦਿੱਤਾ, 'ਮਿੱਠੂ'।
ਜਦੋਂ ਵੀ ਘਰ ਦਾ ਕੋਈ ਜੀਅ ਵਿਹਲਾ ਹੁੰਦਾ ਉਹ ਮਿੱਠੂ ਕੋਲ ਆ ਬੈਠਦਾ। ਮਿੱਠੂ ਨੇ ਪਹਿਲਾਂ ਮਨੁੱਖੀ ਆਵਾਜ਼ਾਂ ਦਾ ਪਿੱਛਾ ਕੀਤਾ ਫੇਰ ਨਿੱਕੇ-ਨਿੱਕੇ ਸ਼ਬਦਾਂ ਦਾ। ਜਲਦੀ ਹੀ ਕੁਝ ਮੂਲ ਸ਼ਬਦਾਂ ਦਾ ਉਚਾਰਣ ਉਸ ਨੇ ਸਿੱਖ ਲਿਆ।
ਇਸ ਸੁਖ ਵਿਚਾਲੇ ਉਸ ਨੂੰ ਜਦ ਕਦੇ ਆਪਣੀ ਜਨਮ ਭੋਇੰ ਦੀ ਯਾਦ ਆਉਂਦੀ ਤਾਂ ਮਨ ਉਦਾਸਿਆ ਜਾਂਦਾ।
ਉਸ ਨੇ ਸਦਾ ਮਹਿਸੂਸ ਕੀਤਾ ਕਿ ਇਹ ਥਾਂ ਉਸ ਦੇ ਆਪਣੇ ਘਰ ਤੋਂ ਜ਼ਿਆਦਾ ਦੂਰ ਨਹੀਂ ਹੈ ਕਿਉਂਕਿ ਕਦੇ-ਕਦਾਈਂ ਉਹ ਪਰਿੰਦੇ ਦਿਸ ਪੈਂਦੇ ਜਿਹੜੇ ਬਚਪਨ ਵੇਲੇ ਉਸ ਨੇ ਦੇਖੇ ਸਨ।
ਉਸ ਵੇਲੇ ਉਹ ਪਿੰਜਰਾ ਤੋੜ ਕੇ ਉੱਡ ਜਾਣਾ ਚਾਹੰਦਾ।
ਰਿੱਛ ਦੇ ਮਾਰੇ ਜਾਣ ਦੇ ਦ੍ਰਿਸ਼ ਨੇ ਤਾਂ ਉਸ ਨੂੰ ਤੜਫ਼ਾ ਦਿੱਤਾ ਸੀ। ਆਦਮੀ ਦੇ ਅਜਿਹੇ ਵਿਹਾਰ ਬਾਰੇ ਉਸ ਨੇ ਕਹਾਣੀਆਂ ਤਾਂ ਸੁਣੀਆਂ ਸਨ ਪਰ ਅੱਖੀਂ ਕਦੇ ਨਹੀਂ ਸੀ ਦੇਖਿਆ।
ਉਹ ਚਾਹੁੰਦਾ ਕਿ ਵਾਪਰੇ ਹਾਦਸੇ ਦੀ ਖ਼ਬਰ ਉਹ ਖੁਦ ਜਾ ਕੇ ਉਸ ਪਰਿਵਾਰ ਨੂੰ ਦੇਵੇ ਤਾਂ ਕਿ ਅੱਗੇ ਤੋਂ ਹੋਣ ਵਾਲੀ ਅਜਿਹੀ ਘਟਨਾ ਨੂੰ ਰੋਕਿਆ ਜਾ ਸਕੇ ਅਤੇ ਮਨੁੱਖ ਦੇ ਕਹਿਰਵਾਨ ਸੁਭਾਅ ਨੂੰ ਸਾਰਿਆਂ ਅੱਗੇ ਜ਼ਾਹਰ ਕੀਤਾ ਜਾ ਸਕੇ।
ਹੁਣ ਮਿੱਠੂ ਦਾ ਜ਼ਿਆਦਾ ਸਮਾਂ ਪਿੰਜਰੇ ਤੋਂ ਬਾਹਰ ਨਿਕਲਣ ਦੀਆਂ ਜੁਗਤਾਂ ਉੱਪਰ ਖਰਚ ਹੁੰਦਾ।
ਛੇਕੜ ਉਹ ਦਿਨ ਵੀ ਆ ਗਿਆ। ਠੰਢ ਦੇ ਦਿਨ ਸਨ। ਘਰ ਦੀ ਨੌਕਰਾਣੀ ਨੇ ਸਫ਼ਾਈ ਕਰਦਿਆਂ-ਕਰਦਿਆਂ ਪਿਜਰਾ ਬਾਗ਼ ਵਿਚ ਪਈ ਚੌਕੀ ਉੱਪਰ ਰਖ ਦਿੱਤਾ। ਕੁੱਤਾ ਵੀ ਮਿੱਠੂ ਦੇ ਕੋਲ ਆ ਬੈਠਾ।
ਦੋਵੇਂ ਆਪੋ-ਆਪਣੇ ਅੰਦਾਜ਼ ਵਿਚ ਧੁੱਪ ਨੂੰ ਮਾਣਨ ਲੱਗੇ। ਮਿੱਠੂ ਦੇ ਮਨ ਵਿਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਕੁੱਤੇ ਨੂੰ ਪਿੰਜਰੇ ਦੀ ਖਿੜਕੀ ਨੂੰ ਲਾਈ ਕੁੰਡੀ ਉੱਤੇ ਪੈਰ ਮਾਰਨ ਲਈ ਕਿਹਾ। ਉਸ ਨੇ ਮਿੱਠੂ ਦੀ ਬੇਨਤੀ ਨੂੰ ਮੰਨਦਿਆਂ ਉਵੇਂ ਹੀ ਕੀਤਾ। ਖਿੜਕੀ ਨੂੰ ਖੁੱਲ੍ਹਾ ਦੇਖ ਮਿੱਠੂ ਨੇ ਪੂਰੇ ਤਾਣ ਨਾਲ ਉਡਾਨ ਭਰੀ। ਸਭ ਕੁਝ ਬਿਜਲੀ ਦੀ ਲਿਸ਼ਕ ਵਾਂਗ ਵਾਪਰਿਆ।
ਆਪਣੇ ਸਾਬੀ ਨੂੰ ਉਡਾਰੀ ਮਾਰਦਾ ਦੇਖ ਕੇ ਕੁੱਤੇ ਨੇ ਭੋਂਕਣਾ ਸ਼ੁਰੂ ਕਰ ਦਿੱਤਾ। ਕੁੱਤੇ ਦੀ ਲਗਾਤਾਰ ਭੋਂਕਣ ਦੀ ਆਵਾਜ਼ ਸੁਣ ਜੋਤੀ ਬਾਹਰ ਭੱਜੀ ਆਈ। ਮਾਲਕਣ ਨੂੰ ਦੇਖ ਉਹ ਤੇਜ਼ੀ ਨਾਲ ਉਹਦੇ ਵੱਲ ਨੱਠਾ। ਆਪਣੀ ਆਵਾਜ਼ ਥੋੜ੍ਹੀ ਮੱਠੀ ਕਰ ਕੇ ਉਹਦੇ ਪੈਰਾਂ ਵਿਚ ਲੇਟਣ ਲੈੱਗਾ। ਫੇਰ ਪੂਛ ਹਿਲਾਉਂਦਾ-ਹਿਲਾਉਂਦਾ ਪਿੰਜਰੇ ਵੱਲ ਨੂੰ ਨੱਠਾ। ਇਹ ਕਾਰਜ ਦੋਤਿੰਨ ਵਾਰ ਦੋਹਰਾਇਆ ਗਿਆ ਜਦ ਤਕ ਜੋਤੀ ਪਿੰਜਰੇ ਕੋਲ ਨਾ ਪਹੁੰਚ ਗਈ। ਹੁਣ ਕੁੱਤਾ ਘਾਹ ਉੱਪਰ ਬੈਠ ਗਿਆ ਸੀ ਪਰ ਉਸ ਦੀ ਪੂਛ ਹਾਲੇ ਵੀ ਹਿੱਲੀ ਜਾ ਰਹੀ ਸੀ। ਉਹ ਖੜ੍ਹੀ ਖੜ੍ਹੀ ਪਿੰਜਰੇ ਦੇ ਖੁੱਲ੍ਹਣ ਦੇ ਰਹੱਸ ਬਾਰੇ ਸੋਚੀ ਜਾ ਰਹੀ ਸੀ।
ਦੂਰ ਪੱਤਿਆਂ ਓਹਲੇ ਲੁਕ ਕੇ ਬੈਠੇ ਮਿੱਠੂ ਨੇ ਬਗ਼ੀਚੇ ਦਾ ਸਾਰਾ ਨਜ਼ਾਰਾ ਦੇਖ ਕੇ ਮਨ ਹੀ ਮਨ ਵਿਚਾਰਿਆ ਕਿ ਇੰਨੀ ਲੰਮੀ ਉਡਾਰੀ ਦਾ ਆਨੰਦ ਤਾਂ ਉਸ ਨੇ ਵਰ੍ਹਿਆਂ ਬਾਅਦ ਲਿਆ ਹੈ।
ਇਸ ਤੋਂ ਕਈ ਗੁਣਾ ਲੰਮੇ ਸਫ਼ਰ ਦੇ ਬਾਅਦ ਉਹ ਜੰਗਲ ਦੀ ਹੱਦ ਅੰਦਰ ਸੀ। ਉਸ ਨੂੰ ਇਹ ਥਾਂ ਪਛਾਣਨ ਨੂੰ ਦੇਰ ਨਾ ਲੱਗੀ। ਇਸੇ ਜੰਗਲ ਵਿਚੋਂ ਫੜ ਕੇ ਉਸ ਨੂੰ ਪਿੰਜਰੇ ਅੰਦਰ ਕੈਦ ਕੀਤਾ ਗਿਆ ਸੀ।
ਭਾਂਤ-ਭਾਂਤ ਦੇ ਪਸ਼ੂ-ਪੰਛੀਆਂ ਦੀਆਂ ਆਵਾਜ਼ਾਂ, ਵੰਨ-ਸੁਵੰਨੇ ਫੁੱਲਾਂ-ਫਲਾਂ ਤੇ ਰੁੱਖਾਂ ਨੇ ਉਸ ਨੂੰ ਮੋਹ ਲਿਆ।
ਇਸ ਮਨਮੋਹਕ ਮਾਹੌਲ ਵਿਚਾਲੇ ਉਹ ਰਿੱਛ ਦੀ ਮੌਤ ਨੂੰ ਭੁੱਲ ਨਾ ਸਕਿਆ। ਉਸ ਦੀ ਰਿੱਛ ਪਰਿਵਾਰ ਨੂੰ ਮਿਲਣ ਦੀ ਖ਼ਾਹਿਸ਼ ਪਹਿਲਾਂ ਵਾਂਗ ਤਾਜ਼ਾ ਸੀ।
ਮਿੱਠੂ ਕਿਉਂਕਿ ਸ਼ਹਿਰੀ ਮਾਹੌਲ ਨੂੰ ਥੋੜ੍ਹਾ-ਥੋੜ੍ਹਾ ਦੇਖ ਚੁੱਕਾ ਸੀ, ਇਸ ਵੇਲੇ ਉਸੇ ਅਨੁਭਵ ਤੋਂ ਮਦਦ ਲੈ ਰਿਹਾ ਸੀ।
ਤਰੀਕੇ ਅਤੇ ਸਲੀਕੇ ਨਾਲ ਕੀਤੀ ਪੁੱਛ-ਪੜਤਾਲ ਉਸ ਨੂੰ ਦੁਖੀ ਪਰਿਵਾਰ ਤਕ ਲੈ ਗਈ।
ਮਿੱਠੂ ਸੰਘਣੇ ਰੁੱਖ ਦੀ ਟਹਿਣੀ ਉੱਪਰ ਬੈਠਾ ਸੀ। ਉਸ ਦੀ ਹਵਾ ਨਾਲ ਡੋਲਦੀ ਛਾਂ ਥੱਲੇ ਮਾਂ-ਰਿੱਛ ਪਿੱਠ ਭਾਰ ਲੰਮੀ ਪਈ ਹੈ ਅਤੇ ਉਸ ਦਾ ਬੱਚਾ ਦੁੱਧ ਚੁੰਘ ਰਿਹਾ ਹੈ। ਦੇਖਣ ਨੂੰ ਬੱਚਾ ਭਾਵੇਂ ਵੱਡਾ ਲੱਗ ਰਿਹਾ ਸੀ।
ਦੁੱਧ ਪੀਣ ਬਾਅਦ ਉਸ ਦੀ ਬਿਰਤੀ ਖੇਡ ਵਲ ਮੁੜ ਪਈ। ਖੇਡਣ ਵਾਸਤੇ ਉਸ ਨੂੰ ਲੱਕੜੀ ਦਾ ਛੋਟਾ ਟੁਕੜਾ ਮਿਲ ਗਿਆ ਜਿਸ ਨੂੰ ਉਹ ਕਦੇ ਪੈਰਾਂ ਨਾਲ ਰੋਲਦਾ ਕਦੇ ਮੂੰਹ ਵਿਚ ਪਾ ਇਧਰ-ਉਧਰ ਉਛਾਲਦਾ। ਦੂਰ ਪਈ ਲੱਕੜ ਨੂੰ ਚੁੱਕਣ ਵਾਸਤੇ ਕਦੇ ਟਪੂਸੀਆਂ ਮਾਰੀਆਂ ਜਾਂਦੀਆਂ, ਕਦੇ ਗੋਲ-ਮੋਲ ਹੋਇਆ ਜਾਂਦਾ। ਚਿੱਤ ਅੱਕਿਆ ਤਾਂ ਪੈਰਾਂ ਦੇ ਆਸਰੇ ਰੁੱਖ ਉੱਪਰ ਚੜ੍ਹਨ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਪਰ ਜਲਦੀ ਹੀ ਜੱਫਾ ਢਿੱਲਾ ਪੈ ਜਾਣ ਕਰ ਕੇ ਉਹ ਗੇਂਦ ਜਿਹੀ ਬਣ ਜ਼ਮੀਨ 'ਤੇ ਆ ਗਿਆ।
ਮਿੱਠੂ ਨੇ ਇਕ-ਦੋ ਵਾਰ ਦਖ਼ਲ ਦੇਣਾ ਚਾਹਿਆ ਪਰ ਹਿੰਮਤ ਨਾ ਪਈ।
ਮਨ ਪਰਚਾਵਾ ਕਰ ਲੈਣ ਬਾਅਦ ਬੱਚਾ ਮਾਂ ਦੀ ਵੱਖੀ ਨਾਲ ਲੱਗੀਆਂ ਪਿੰਛਲੀਆਂ ਲੱਤਾਂ ਵਿਚਾਲਿਓਂ ਰਾਹ ਬਣਾਉਂਦਾ ਹੋਇਆ ਮਾਂ ਦੇ ਸੀਨੇ ਨਾਲ ਲੱਗ ਕੇ ਪੈ ਗਿਆ। ਆਪਣੇ ਮੂੰਹ ਨੂੰ ਉਸ ਦੀ ਗਰਦਨ ਨਾਲ ਰਗੜਦਿਆਂ-ਰਗੜਦਿਆਂ ਉਹ ਬੋਲਿਆ, "ਮਾਂ, ਮੇਰਾ ਭਰਾ ਕਿੱਥੇ ਚਲਾ ਗਿਆ ਏ, ਸਾਨੂੰ ਛੱਡ ਕੇ।"
ਮਾਂ ਚੁੱਪ ਰਹੀ। ਉਹ ਜਾਣਦੀ ਸੀ, ਇਸ ਪੁੱਛ ਦਾ ਅੰਤ ਨਹੀਂ ਹੋਣ ਵਾਲਾ। ਉਂਜ ਵੀ ਇਹ ਪ੍ਰਸ਼ਨ ਪਿਛਲੇ ਕੁਝ ਦਿਨਾਂ ਤੋਂ ਹਰ ਰੋਜ਼ ਕਈ ਵਾਰ ਦੋਹਰਾਇਆ ਜਾ ਰਿਹਾ ਹੈ।
ਪਰ ਬੱਚੇ ਦੀ ਜ਼ਿੱਦ ਅੱਗੇ ਮਾਂ ਨੂੰ ਮੂੰਹ ਖੋਲ੍ਹਣਾ ਹੀ ਪਿਆ। ਉਸ ਨੇ ਦੁਖੀ ਮਨ ਨਾਲ ਕਿਹਾ, "ਕੀ ਪਤਾ ਕਿੱਥੇ ਤੁਰ ਗਿਆ ਏ। ਮੈਂ ਤਾਂ ਕਈਆਂ ਤੋਂ ਪੁੱਛ ਬੈਠੀ ਆਂ, ਕਈ ਥਾਵਾਂ ਛਾਣ ਮਾਰੀਆਂ ਹਨ।"
ਦਖ਼ਲ ਦੇਣ ਲਈ ਮਿੱਠੂ ਨੂੰ ਇਹ ਚੰਗੀ ਘੜੀ ਲੱਗੀ। ਉਹ ਉੱਪਰਲੀ ਟਹਿਣੀ ਤੋਂ ਫੁਦਕ ਕੇ ਨੀਵੀਂ ਟਹਿਣੀ ਉੱਪਰ ਆ ਬੈਠਾ। ਉਸ ਨੇ ਆਪਣਾ ਮੂਹ ਮਾਂ ਰਿੱਛ ਵੱਲ ਕਰਦਿਆਂ ਕਿਹਾ, "ਮੈਨੂੰ ਮੁਆਫ਼ ਕਰਨਾ ਮੈਂ ਤੁਹਾਡੀਆਂ ਗੱਲਾਂ ਵਿਚ ਦਖ਼ਲ ਦੇ ਰਿਹਾ ਹਾਂ। ਮੈਨੂੰ ਇਹ ਵੀ ਦੁੱਖ ਹੈ ਕਿ ਤੁਹਾਡਾ ਬੱਚਾ ਤੁਹਾਡੇ ਕੋਲੋਂ ਵਿਛੜ ਗਿਆ ਹੈ। ਤੁਹਾਡੇ ਬੱਚੇ ਨਾਲ ਜੋ ਹੋਇਆ ਹੈ, ਉਸ ਦਾ ਮੈਂ ਗਵਾਹ ਹਾਂ।"
"ਕੀ?" ਮਾਂ-ਰਿੱਛ ਦਾ ਸਰੀਰ ਇਕਦਮ ਹਰਕਤ ਵਿਚ ਆ ਗਿਆ। "ਤੂੰ ਕੀ ਜਾਣਦਾ ਏਂ ਮੇਰੇ ਬੱਚੇ ਬਾਰੇ? ਕਿੱਥੇ ਹੈ, ਮੇਰਾ ਬੱਚਾ? ਤੂੰ ਝੂਠ ਤਾਂ ਨਹੀਂ ਬੋਲੇਂਗਾ?"
ਮਾਂ ਦੇ ਬਿਲਕੁਲ ਕੋਲ ਖੜ੍ਹਾ ਬੱਚਾ ਆਪਣੀ ਮਾਂ ਦੇ ਬਦਲੇ ਵਿਹਾਰ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ।
ਉਸ ਨੇ ਸੋਚਿਆ ਹੋਵੇਗਾ ਜੇ ਮੇਰੇ ਕੋਲ ਪ੍ਰਸ਼ਨ ਹਨ ਤਾਂ ਮਾਂ ਕੋਲ ਕਿਹੜੇ ਮੈਥੋਂ ਘੱਟ ਹਨ?
ਮਿੱਠੂ ਨੇ ਮਾਂ-ਰਿੱਛ ਨੂੰ ਹੋਰ ਦੁਖੀ ਕਰਨਾ ਨਾ ਚਾਹਿਆ। ਕਿਉਂਕਿ ਉਹ ਖੁਦ ਵੀ ਤਾਂ ਉਸ ਦਿਨ ਤੋਂ ਦੁੱਖ ਹੰਢਾਅ ਰਿਹਾ ਹੈ।
ਉਸ ਨੇ ਟੀ.ਵੀ. ਉੱਪਰ ਅੱਖੀ ਡਿੱਠੀ ਘਟਨਾ ਹੋਲੀ-ਹੋਲੀ ਕਹਿ ਸੁਣਾਈ। ਇਸ ਦੇ ਨਾਲ ਹੀ ਉਸ ਨੇ ਆਪਣੇ ਮਨ ਵਿਚ, ਉਸ ਘਟਨਾ ਦੇ ਬਾਅਦ, ਹੋਈ ਉਥਲ-ਪੁਥਲ ਨੂੰ ਦੀ ਦੋਹਰਾਅ ਦਿੱਤਾ।
ਮਾਂ ਨੂੰ ਆਪਣੇ ਬੱਚੇ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਦੀ ਬਾਹਰੀ ਭਟਕਣ ਖਤਮ ਕਰ ਦਿੱਤੀ। ਪਰ ਇਸ ਹਾਦਸੇ ਨੇ ਉਸ ਅੰਦਰਲੀ ਅੱਗ ਨੂੰ ਸੀਖ ਦਿੱਤਾ।
ਹੁਣ ਉਸ ਦੀ ਬੇਚੈਨੀ ਦੀ ਤਾਸੀਰ ਬਦਲ ਗਈ ਸੀ।
ਆਪਣੇ ਉੱਖੜ ਅਤੇ ਅਸਾਂਤ ਹੋ ਚੁੱਕੇ ਮਨ ਨੂੰ ਘੜੀ ਦੋ ਘੜੀ ਸਥਿਰਤਾ ਦੇਣ ਲਈ ਉਸ ਕੋਲ ਕੋਈ ਸਾਧਨ ਨਹੀਂ ਸੀ।
ਉਹਦੇ ਅੰਦਰ ਕੀ ਬਣ-ਮਿਟ ਰਿਹਾ ਸੀ, ਕਿਸੇ ਨੂੰ ਪਤਾ ਨਹੀਂ ਸੀ।
ਲੰਮੀ ਚੁੱਪ ਨੂੰ ਆਖਰ ਮਾਂ-ਰਿੱਛ ਨੇ ਹੀ ਤੋੜਿਆ। ਇਹ ਸ਼ਬਦ ਉਸ ਨੇ ਆਪਣੇ ਬੱਚੇ ਨੂੰ ਕਹੇ, "ਤੇਰਾ ਭਰਾ ਤੇਰੇ ਕੋਲ ਕਦੇ ਨਹੀਂ ਆਏਗਾ ਕਿਉਂਕਿ ਦੋ ਲੱਤਾਂ ਵਾਲੇ ਜਾਨਵਰਾਂ ਨੇ ਮਿਲ ਕੇ ਉਸ ਨੂੰ ਦੂਜੇ ਸੰਸਾਰ ਭੇਜ ਦਿੱਤਾ ਹੈ।"
"ਕਿਉ?"
"ਮੈਨੂੰ ਨਹੀਂ ਪਤਾ। ਸ਼ਾਇਦ ਮਿੱਠੂ ਨੂੰ ਵੀ ਨਹੀਂ ਪਤਾ। ਮਾਰਨ ਵਾਲਾ ਹੀ ਦੱਸ ਸਕਦਾ ਹੈ। ਮਰਨ ਵਾਲੇ ਨੂੰ ਵੀ ਕੀ ਪਤਾ?"
ਮਿੱਠੂ ਆਪਣੀ ਤਰ੍ਹਾਂ ਨਾਲ ਉਦਾਸ ਸੀ। ਤਾਂ ਵੀ ਉਸ ਕਿਹਾ, "ਹੁਣ ਕੀ ਕੀਤਾ ਜਾ ਸਕਦਾ ਹੈ?"
ਮਾਂ ਰਿੱਛ ਨੇ ਖਰ੍ਹਵੀ ਆਵਾਜ਼ ਵਿਚ ਕਿਹਾ, "ਕੀ ਬਦਲਾ ਨਹੀਂ ਲਿਆ ਜਾ ਸਕਦਾ?"
"ਕਿਨ੍ਹਾਂ ਕੋਲੋਂ?"
"ਜਿਨ੍ਹਾਂ ਨੇ ਮੇਰੇ ਬੱਚੇ ਨੂੰ ਮਾਰਿਆ ਹੈ।"
"ਉਹ ਕਿਵੇਂ?"
"ਉਹਨਾਂ ਲੋਕਾਂ ਨੂੰ ਮਾਰ ਕੇ ਜਿਨ੍ਹਾਂ ਨੇ ਮੇਰੇ ਨਿਰਦੋਸ਼ ਬੱਚੇ ਨੂੰ ਮੇਰੇ ਕੋਲੋਂ ਖੋਹਿਆ ਹੈ।"
ਮਿੱਠੂ ਹੋਰ ਉਦਾਸਿਆ ਗਿਆ। ਉਹ ਕੀ ਸੋਚ ਕੇ ਪਿੰਜਰੇ ਤੋਂ ਆਜ਼ਾਦ ਹੋਇਆ ਸੀ? ਕੀ ਸੋਚ ਕੇ ਰਿੱਛ ਪਰਿਵਾਰ ਨੂੰ ਮਿਲਿਆ ਸੀ? ਸਾਰਾ ਕੁਝ ਧੁੰਦਲਾ ਜਿਹਾ ਗਿਆ ਸੀ। ਮਾਂ-ਰਿੱਛ ਦੀ ਗੱਲ ਨੇ ਤਾਂ ਉਸ ਨੂੰ ਹੋਰ ਰੁਲਾ ਦਿੱਤਾ ਭਾਵੇਂ ਕਿ ਉਹ ਆਪਣੇ ਬੱਚੇ ਦੇ ਵਿਛੋਹ ਦੇ ਦੁੱਖੋ ਬੋਲ ਰਹੀ ਸੀ।
ਮਿੱਠੂ ਨੂੰ ਜੇ ਜੰਗਲ-ਪਿਆਰ ਨੇ ਆਪਣੇ ਵੱਲ ਖਿੱਚਿਆ ਹੋਇਆ ਸੀ ਤਾਂ ਉਸ ਨੂੰ ਸ਼ਹਿਰੀ ਜੀਵਨ ਜਾਚ ਅਤੇ ਉਥੇ ਰਹਿਣ ਵਾਲਿਆਂ ਦੇ ਸੁਭਾਅ ਬਾਰੇ ਵੀ ਪਤਾ ਸੀ। ਉਹ ਦੇਖ ਚੁੱਕਾ ਸੀ ਕਿ ਆਦਮੀ ਤਾਂ ਪਸ਼ੂ ਤੋਂ ਕਈ ਗੁਣਾ ਵੱਧ ਨਿਰਦਈ ਹੈ। ਇਸੇ ਅਨੁਭਵ ਨੂੰ ਆਪਣੇ ਸਾਹਮਣੇ ਰੱਖਦਿਆਂ ਹੋਇਆਂ ਮਿੱਠੂ ਨੇ ਆਪਣੀ ਗੱਲ ਕਹੀ ਕਿ ਮਾਂ-ਰਿੱਛ ਬਦਲੇ ਦੀ ਜ਼ਿੱਦ ਦਾ ਤਿਆਗ ਕਰ ਦੇਵੇ।
ਉਸ ਨੇ ਇਹ ਵੀ ਸਮਝਾਉਣ ਦੀ ਹਿੰਮਤ ਕੀਤੀ ਕਿ ਕਿੱਥੇ ਸਾਡੀ ਗਿਣਤੀ ਅਤੇ ਕਿੱਥੇ ਮੱਖੀਆਂ ਵਾਂਗ ਭਿਣ-ਭਿਣ ਕਰਦੇ ਲੋਕ, ਜਿਨ੍ਹਾਂ ਵਾਸਤੇ ਸਾਡੀ ਮੌਤ ਕੋਈ ਮਾਇਨੇ ਨਹੀਂ ਰੱਖਦੀ। ਇਹ ਲੋਕ ਤਾਂ ਆਪਣੀ ਹੀ ਬਿਰਾਦਰੀ ਦੇ ਲੋਕਾਂ ਨੂੰ ਛੋਟੀ-ਛੋਟੀ ਵਸਤੂ ਪਿੱਛੇ ਬੇਰਹਿਮੀ ਨਾਲ ਮਾਰ ਦਿੰਦੇ ਹਨ।
ਮਾਂ-ਰਿੱਛ ਨੇ ਮਿੱਠੂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ, ਜਿਨ੍ਹਾਂ ਵਿਚ ਜਾਣਕਾਰੀ ਵੀ ਖੂਬ ਸੀ ਪਰ ਇਹਨਾਂ ਨੇ ਉਸ ਦੇ ਉਖੜੇ-ਤਪੇ ਮਨ ਨੂੰ ਸ਼ਾਂਤ ਨਾ ਕੀਤਾ।
ਉਸ ਨੇ ਆਪਣੀ ਰਾਏ ਦਿੰਦਿਆਂ ਕਿਹਾ, "ਮੈਂ ਦੂਜੇ ਸ਼ਿਕਾਰੀ ਜਾਨਵਰਾਂ ਨੂੰ ਮਿਲਾਂਗੀ। ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਲੋਕਾਂ ਦੇ ਉਸ ਰਾਹ ਨੂੰ ਬੰਦ ਕਰ ਦੇਈਏ ਜਿਹੜਾ ਜੰਗਲ ਦੀ ਵੱਖੀ ਵਿਚੋਂ ਦੀ ਲੰਘਦਾ ਹੈ। ਦਿਨ ਨੂੰ ਤਾਂ ਇਹ ਖੂਬ ਵਗਦਾ ਹੈ। ਹੋਰ ਵੇਲੇ ਵੀ ਕੋਈ ਨਾ ਕੋਈ ਲੰਘਦਾ ਰਹਿੰਦਾ ਹੈ। ਅਸੀਂ ਲੁਕ-ਛੁਪ ਕੇ, ਅਚਾਨਕ ਪਿਛੋਂ ਦੀ ਉਹਨਾਂ ਉੱਪਰ ਵਾਰ ਕਰ ਸਕਦੇ ਹਾਂ।"
ਜਿਸ ਤਰ੍ਹਾਂ ਦਾ ਬਿਓਰਾ ਮਾਂ-ਰਿੱਛ ਦੇ ਰਹੀ ਸੀ ਉਸੇ ਤਰ੍ਹਾਂ ਦਾ ਦ੍ਰਿਸ਼ ਮਿੱਠੂ ਦੀਆਂ ਅੱਖਾਂ ਔਂਗੇ ਉਸਰਦਾ ਜਾ ਰਿਹਾ ਸੀ। ਹੌਲੀ-ਹੌਲੀ ਉਸ ਉੱਪਰ ਲਹੂ ਦੀ ਜਿਵੇਂ ਪਰਤ ਚੜ੍ਹ ਗਈ। ਸਾਰਾ ਕੁਝ ਲਾਲ-ਲਾਲ ਹੋ ਗਿਆ।
ਮਿੱਠੂ ਕੰਬ ਗਿਆ। ਆਪਣਿਆਂ ਵਿਚ ਬੈਠਾ ਵੀ ਜਿਵੇਂ ਉਹ ਉਹਨਾਂ ਤੋਂ ਵੱਖਰਾ ਹੋ ਗਿਆ।
ਉਹ ਉਸ ਦ੍ਰਿਸ਼ ਲੜੀ ਨੂੰ ਲੈ ਕੇ ਉਥੋਂ ਉੱਡ ਪਿਆ।
ਉਹ ਨਹੀ ਚਾਹੁੰਦਾ ਸੀ ਕਿ ਉਸ ਘਰ ਦੇ ਲੋਕ ਸ਼ਿਕਾਰੀ ਜਾਨਵਰਾਂ ਦੀ ਹਿੰਸਾ ਦੇ ਸ਼ਿਕਾਰ ਹੋਣ ਜਿੱਥੇ ਉਸ ਨੇ ਕਈ ਸਾਲ ਗੁਜ਼ਾਰੇ ਸਨ। ਉਸ ਦੀਆਂ ਅੱਖਾਂ ਅੱਗੋਂ ਪਵਨ ਦੀ ਤਸਵੀਰ ਲੰਘ ਗਈ। ਫੇਰ ਉਸ ਦੇ ਪਿਓ ਅਤੇ ਮਾਂ ਦੀ। ਉਹ ਨੌਕਰਾਣੀ ਨੂੰ ਨਾ ਭੁਲਾ ਸਕਿਆ। ਸਭ ਤੋਂ ਵੱਧ ਪਿਆਰ ਉਸ ਕੁੱਤੇ 'ਤੇ ਆਇਆ ਜਿਸ ਨੇ ਉਸ ਨੂੰ ਕੈਦ ਤੋਂ ਮੁਕਤੀ ਕਰਾਈ ਸੀ।
ਇਹ ਸਾਰੇ ਲੋਕ ਇਸੇ ਰਾਹੋਂ ਆਉਂਦੇ-ਜਾਂਦੇ ਸਨ।
ਅਗਲੀ ਸਵੇਰ ਮਿੱਠੂ ਰੁੱਖ ਦੀ ਟਾਹਣੀ 'ਤੇ ਬੈਠਾ ਪਵਨ ਦਾ ਨਾਂ ਲੈ ਕੇ ਉਸ ਨੂੰ ਸੱਦ ਰਿਹਾ ਸੀ।
ਮਿੱਠੂ ਦੀ ਆਵਾਜ਼ ਸੁਣ ਕੁੱਤੇ ਨੇ ਭੋਂਕਣਾ ਸ਼ੁਰੂ ਕਰ ਦਿੱਤਾ। ਹਵਾ ਨਾਲ ਉੱਚੀ-ਨੀਵੀਂ ਹੁੰਦੀ ਟਾਹਣੀ ਉੱਪਰ ਬੈਠੇ ਨੇ ਸਾਰੇ ਘਰ ਨੂੰ ਧਿਆਨ ਨਾਲ ਦੇਖਿਆ। ਸਭ ਤੋਂ ਪਹਿਲਾਂ ਉਸ ਦੀ ਨਜ਼ਰ ਆਪਣੇ ਪਿੰਜਰੇ 'ਤੇ ਪਈ ਜਿਹੜਾ ਇਕ ਪਾਸੇ ਪਿਆ ਵੀਰਾਨ ਜੀਵਨ ਜੀ ਰਿਹਾ ਸੀ।
ਉਸ ਦੇ ਬਾਅਦ ਹੋਰ ਵਸਤਾਂ ਉਸ ਦੀਆਂ ਅੱਖਾਂ ਨਾਲ ਟਕਰਾਈਆਂ। ਉਸ ਨੂੰ ਸਭ ਕੁਝ ਓਪਰਾ-ਓਪਰਾ ਲੱਗ ਰਿਹਾ ਸੀ।
ਇੰਨੇ ਨੂੰ ਘਰ ਦੇ ਸਾਰੇ ਜੀਅ ਬਗੀਚੇ ਵਿਚ ਆ ਪੁੱਜੇ ਸਨ। ਸਾਰਿਆਂ ਨੂੰ ਦੇਖ ਕੇ ਮਿੱਠੂ ਹੋਰ ਨੀਵੀਂ ਟਾਹਣੀ 'ਤੇ ਆ ਬੈਠਾ।
ਤਦੇ ਪਵਨ ਦੀ ਮੰਮੀ ਬੋਲ ਪਈ, "ਕਿੱਥੇ ਰਿਹਾ ਤੂੰ ਇੰਨੇ ਦਿਨ?"
ਮਿੱਠੂ ਨੇ ਕੋਈ ਜਵਾਬ ਨਾ ਦਿੱਤਾ।
ਜੋਤੀ ਨੇ ਪਵਨ ਨੂੰ ਪਿੰਜਰਾ ਲਿਆਉਣ ਲਈ ਕਿਹਾ। ਇਸ ਹਰਕਤ ਨੇ ਮਿੱਠੂ ਨੂੰ ਪਰੇਸ਼ਾਨ ਕਰ ਦਿੱਤਾ। ਪਰ ਆਪਣੇ ਉੱਪਰ ਕਾਬੂ ਰੱਖਦਿਆਂ ਹੋਇਆਂ ਉਸ ਨੇ ਕਿਹਾ, "ਮੈਂ ਹੁਣ ਕੈਦ ਹੋਣ ਲਈ ਨਹੀਂ ਆਇਆ। ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਜੰਗਲ ਵਿਚੋਂ ਦੀ ਲੰਘਦੇ ਰਾਹ 'ਤੇ ਕੱਲਿਆਂ ਨਾ ਜਾਇਆ ਕਰੋ। ਪਵਨ ਨੂੰ ਵੀ ਉਸ ਰਾਹੋਂ ਕੱਲਿਆਂ ਸਕੂਲ ਨਾ ਭੇਜਿਓ।"
ਪਵਨ ਅੱਗੇ ਹੋ ਬੋਲਿਆ, "ਕਿਉਂ? ਮੈਂ ਤਾਂ ਵੱਡਾ ਹੋ ਗਿਆ ਹਾਂ।"
ਮਿੱਠੂ ਨੇ ਗੱਲ ਤੋਰਦਿਆਂ ਕਿਹਾ, "ਲੋਕਾਂ ਵੱਲੋਂ ਰਿੱਛ ਦੇ ਬੱਚੇ ਨੂੰ ਘੇਰ ਕੇ ਮਾਰਨ ਵਾਲੀ ਘਟਨਾ ਨੇ ਸਾਰੇ ਜਾਨਵਰਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਹੋ ਸਕਦਾ ਏ ਉਹ ਇਸ ਘਟਨਾ ਦਾ ਬਦਲਾ ਲੈਣ।" ਜੀਵਨ ਨੇ ਜੋਤੀ ਨੂੰ ਚੂਰੀ ਕੁੱਟ ਕੇ ਲਿਆਉਣ ਲਈ ਕਿਹਾ। ਇਸ ਪੇਸ਼ਕਸ਼ ਵੱਲ ਧਿਆਨ ਨਾ ਦਿੰਦਿਆਂ ਮਿੱਠੂ ਨੇ ਕਿਹਾ, "ਮੈਨੂੰ ਦੇਣ ਜੋਗਾ ਜੰਗਲ ਕੋਲ ਬਹੁਤ ਕੁਝ ਹੈ।"
ਪਲ ਵਿਚ ਹੀ ਉਹ ਟਹਿਣੀਆਂ-ਪੱਤਿਆਂ ਥਾਣੀਂ ਆਪਣਾ ਰਾਹ ਬਣਾਉਂਦਾ ਲੋਪ ਹੋ ਗਿਆ।
ਸਵੇਰ ਦੀ ਹਵਾ ਵਿਚ ਹਿਲਦੇ ਪੱਤੇ ਇਉਂ ਲੱਗ ਰਹੇ ਸਨ ਜਿਵੇਂ ਤੋਤਿਆਂ ਦਾ ਇਕ ਸਮੂਹ ਉੱਡਣ-ਉੱਡਣ ਨੂੰ ਕਰ ਰਿਹਾ ਹੈ।