ਅਕਸ

ਘਰ ਦੀ ਛੱਤ 'ਤੇ ਕਈ ਤਰ੍ਹਾਂ ਦੇ ਛੋਟੇ-ਵੱਡੇ ਗਮਲੇ ਹਨ ਜਿਨ੍ਹਾਂ ਵਿਚ ਭਾਂਤ-ਭਾਂਤ ਦੇ ਬੂਟੇ ਲੱਗੇ ਹੋਏ ਹਨ। ਮੈਂ ਜਦ ਉਹਨਾਂ ਬੂਟਿਆਂ ਨੂੰ ਪਾਣੀ ਦਿੰਦਾ ਹਾਂ ਤਾਂ ਗਗਨ ਇਸ ਕੰਮ ਵਿਚ ਮੇਰੀ ਮਦਦ ਕਰਦਾ ਹੈ। ਕਦੇ ਡੱਬੇ ਨਾਲ ਕਿਸੇ ਬੂਟੇ ਨੂੰ ਪਾਣੀ ਦੇ ਦਿੰਦਾ ਹੈ, ਕਦੇ ਪੱਤਿਆਂ ਨੂੰ ਹੱਥ ਲਾ-ਲਾ ਪਿਆਰ ਕਰਦਾ ਹੈ, ਕਦੇ ਖਿੜੇ ਫੁੱਲਾਂ ਕੋਲ ਜਾ ਉਹਨਾਂ ਨੂੰ ਸੁੰਘਦਾ ਹੈ। ਇਸ ਦੇ ਬਾਵਜੂਦ ਉਹ ਜ਼ਿਆਦਾ ਸਮਾਂ ਗੱਲਾਂ ਵਿਚ ਬਤੀਤ ਕਰਦਾ ਹੈ। ਇਕ ਗੱਲ ਨੂੰ ਮੁੜ-ਮੁੜ ਕੇ ਪੁੱਛਦਾ ਹੈ। ਲੱਗਦਾ ਹੈ ਜਿਵੇਂ ਪ੍ਰਾਪਤ ਜਾਣਕਾਰੀ ਨੂੰ ਉਹ ਆਪਣੇ ਢੰਗ ਨਾਲ ਮਨ ਹੀ ਮਨ ਪੱਕੀ ਕਰ ਰਿਹਾ ਹੈ।

"ਇਹ ਕਿਹੜਾ ਬੂਟਾ ਏ?"

"ਗੁਲਾਬ ਦੇ ਫੁੱਲ 'ਚੋਂ ਮਹਿਕ ਕਿਉਂ ਆਉਂਦੀ?"

"ਨਿੰਬੂ ਦੇ ਫੁੱਲ ਚਿੱਟੇ ਕਿਵੇਂ ਹੋ ਜਾਂਦੇ ਹਨ?"

ਇਕ ਦਿਨ ਅਸੀਂ ਛੱਤ ਉੱਪਰ ਆਪੋ-ਆਪਣੇ ਕੰਮ ਵਿਚ ਰੁੱਝੇ ਹੋਏ ਸੀ ਕਿ ਆਵਾਜ਼ ਸੁਣਾਈ ਦਿੱਤੀ।

ਖੜੜ, ਖੜੜ.. ਖੜ, ਖੜ....

ਗਗਨ ਨੱਠਾ-ਨੱਠਾ ਪੌੜੀਆਂ ਉਤਰ ਥੱਲੇ ਗਿਆ ਅਤੇ ਕੁਝ ਛਿਣਾਂ ਬਾਅਦ ਉਹ ਮੇਰੇ ਸਾਹਮਣੇ ਖੜ੍ਹਾ ਸੀ। ਉਸ ਦਾ ਸਾਹ ਤੇਜ਼-ਤੇਜ਼ ਚਲ ਰਿਹਾ ਸੀ। ਆਪਣੇ ਹੱਥ ਨਾਲ ਇਸ਼ਾਰਾ ਕਰਦਿਆਂ ਉਸ ਕਿਹਾ, "ਪਾਪਾ...ਉਹ...ਉਥੇ.. ਇਕ ਕਬੂਤਰ ਡਿੱਗ ਪਿਆ..."

"ਕੀ? ਕਿਵੇਂ ਡਿੱਗਾ...?"

"ਪੱਖੇ ਨਾਲ ਲੱਗ ਕੇ..."

"ਹੈਂ..."

"ਉਹਦੇ ਸਿਰ 'ਚੋਂ ਖੂਨ ਨਿਕਲ ਰਿਹਾ ਏ... ਜਲਦੀ ਚਲੋ, ਮੇਰੇ ਨਾਲ..." "ਚਲ, ਤੂੰ ਵੀ ਫੁਰਤੀ ਨਾਲ ਤੁਰ...”

ਅਸੀਂ ਦੋਵੇਂ ਜਣੇ ਪੌੜੀਆਂ ਉਤਰ ਕਮਰੇ ਵਿਚ ਦਾਖ਼ਲ ਹੋਏ। ਡਰੈਸਿੰਗ ਟੇਬਲ ਦੇ ਸਾਹਮਣੇ ਪਿਆ ਉਹ ਕਬੂਤਰ ਤੜਫ ਰਿਹਾ ਸੀ। ਸ਼ੀਸ਼ੇ ਵਿਚੋਂ ਉਸ ਦਾ ਅਕਸ ਵਿਖਾਈ ਦੇ ਰਿਹਾ ਸੀ। ਲੱਗਿਆ ਜਿਵੇਂ ਇਕ ਨਹੀਂ ਦੋ ਕਬੂਤਰ ਫੱਟੜ ਹੋਕੇ ਤੜਫ ਰਹੇ ਹਨ।

ਤਾਜ਼ੇ ਖੂਨ ਦੇ ਛਿੱਟੇ ਇਧਰ-ਉਧਰ ਖਿੰਡੇ ਹੋਏ ਸਨ। ਜਿਥੇ ਉਹ ਡਿੱਗਾ ਸੀ, ਲਹੂ ਓਥੇ ਵੀ ਪਿਆ ਹੋਇਆ ਸੀ।

"ਪਾਪਾ, ਜਲਦੀ ਕਰੋ..."

"ਪਾਪਾ, ਇਹ ਇੰਝ ਕਿਉਂ ਤੜਫ ਰਿਹਾ..."

ਗਗਨ ਦੀਆਂ ਅੱਖਾਂ ਵਿਚ ਨਮੀ ਸੀ ਅਤੇ ਬੁੱਲ੍ਹਾਂ ਉੱਤੇ ਕਈ ਸਵਾਲ ਡਾਰ ਬੰਨ੍ਹੀ ਖੜ੍ਹੇ ਸਨ।

ਉਹ ਬੋਲਦਿਆਂ ਬੋਲਦਿਆਂ ਮੇਰੇ ਨਾਲ ਲਗਦਾ ਜਾ ਰਿਹਾ ਸੀ।

ਮੈਂ ਦੋਹਾਂ ਹੱਥਾਂ ਨਾਲ ਕਬੂਤਰ ਨੂੰ ਚੁੱਕਿਆ। ਉਸ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ ਸਨ। ਉਹ ਆਪਣੀ ਚੁੰਝ ਕਦੇ ਖੋਲ੍ਹ ਲੈਂਦਾ, ਕਦੇ ਬੰਦ ਕਰ ਲੈਂਦਾ।

"ਜਾਹ ਜਾ ਕੇ ਪਾਣੀ ਲੈ ਆ। ਸੁਣ... ਇਕ ਛੋਟਾ ਚਮਚਾ ਵੀ ਲੈ ਆਵੀ..." ਮੈਂ

ਗਗਨ ਨੂੰ ਕਿਹਾ।

"ਹੁਣੇ ਜਾ ਰਿਹਾਂ..." ਉਸ ਨੇ ਉਸੇ ਸੁਰ ਵਿਚ ਜਵਾਬ ਦਿੱਤਾ।

ਕਬੂਤਰ ਦਾ ਪਿੰਡਾ ਅਜੇ ਗਰਮ ਸੀ। ਸੱਟ ਉਸ ਦੇ ਸਿਰ ਵਿਚ ਲੱਗੀ ਸੀ। ਮੈਂ ਮਹਿਸੂਸ ਕੀਤਾ ਕਿ ਇਹ ਲੰਮੇ ਸਮੇਂ ਤਕ ਜੀ ਨਹੀਂ ਸਕੇਗਾ।

"ਲਓ, ਪਾਣੀ.." ਗਗਨ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ।

"ਠੀਕ ਏ, ਇਥੇ ਰੱਖ ਦੇ..."

ਮੈਂ ਚਮਚੇ ਨਾਲ ਪਾਣੀ ਦੀਆਂ ਕੁਝ ਬੂੰਦਾਂ ਉਹਦੇ ਮੂੰਹ ਵਿਚ ਪਾਈਆਂ। ਪਾਣੀ ਅੰਦਰ ਜਾਣ ਨਾਲ ਉਹਦੇ ਜਿਸਮ ਵਿਚ ਕੁਝ ਹਰਕਤ ਆਈ।

ਉਸ ਨੇ ਆਪਣੇ ਪਰ ਫੜ-ਫੜਾਏ। ਸ਼ਾਇਦ ਉਹ ਉੱਡਣਾ ਚਾਹੁੰਦਾ ਸੀ। ਪਰ ਸਰੀਰ ਨੇ ਉਹਦਾ ਸਾਥ ਨਾ ਦਿੱਤਾ।

"ਪਾਪਾ, ਇਹ ਇੰਝ ਕਿਉਂ ਕਰ ਰਿਹਾ ਏ?" ਇਕੋ ਥਾਂ ਖੜ੍ਹੇ ਗਗਨ ਦੇ ਬੁੱਲ੍ਹ ਫਰਕੇ।

"ਪਾਪਾ, ਕੀ ਇਹ ਬਚ ਜਾਵੇਗਾ?" ਉਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਦਾ ਰਿਹਾ ਅਤੇ ਨਾਲੋ-ਨਾਲ ਧੀਮੀ ਆਵਾਜ਼ ਵਿਚ ਪ੍ਰਸ਼ਨ ਪੁੱਛੀ ਜਾ ਰਿਹਾ ਸੀ।

"ਹੁਣ ਅਸੀਂ ਇਸ ਨੂੰ ਆਪਣੇ ਕੋਲ ਰੱਖਾਂਗੇ", ਗਗਨ ਨੇ ਆਪਣੇ ਮਨ ਦੀ ਇੱਛਾ ਜ਼ਾਹਿਰ ਕਰ ਦਿੱਤੀ।

"ਹਾਂ, ਜ਼ਰੂਰ ਰੱਖਾਂਗੇ," ਮੈਂ ਹੌਲੀ ਜਿਹੀ ਕਿਹਾ।

ਮੈਂ ਆਪਣੇ ਹੱਥ ਵਿਚ ਫੜੇ ਕਬੂਤਰ ਦੇ ਪਿੰਡੇ ਦੀ ਲਗਾਤਾਰ ਘਟ ਰਹੀ ਹਰਕਤ ਨੂੰ ਮਹਿਸੂਸ ਕਰ ਰਿਹਾ ਸਾਂ।

"ਇਹਦੀ ਸੱਟ 'ਤੇ ਦਵਾਈ ਲਾਉਂਦੇ ਹਾਂ। ਤਦ ਇਹ ਜਲਦੀ ਠੀਕ ਹੋ ਜਾਵੇਗਾ। ਮੰਮੀ ਮੇਰੇ ਵੀ ਓਹੀ ਦਵਾਈ ਲਾਉਂਦੇ ਹੁੰਦੇ ਹਨ। ਮੈਂ ਹੁਣੇ ਮੰਮੀ ਤੋਂ ਦਵਾਈ ਲੈ ਕੇ ਆਉਂਦਾ ਹਾਂ," ਇਹ ਕਹਿੰਦਿਆਂ-ਕਹਿੰਦਿਆਂ ਉਹ ਪੌੜੀਆਂ ਤੋਂ ਥੱਲੇ ਉਤਰ ਗਿਆ।

ਗਗਨ ਦੇ ਜਾਣ ਬਾਅਦ ਕਬੂਤਰ ਦੀ ਹਾਲਤ ਵਿਗੜ ਗਈ। ਮੈਂ ਪਾਣੀ ਦੀਆਂ ਇਕ ਦੋ ਬੂੰਦਾਂ ਹੋਰ ਉਸ ਦੇ ਮੂੰਹ ਵਿਚ ਪਾਉਣ ਦਾ ਜਤਨ ਕੀਤਾ। ਪਰ ਉਸ ਦੀ ਗਰਦਨ ਇਕ ਪਾਸੇ ਨੂੰ ਲਮਕ ਗਈ।

ਜਦ ਤਕ ਗਗਨ ਮਲ੍ਹਮ ਦੀ ਡੱਬੀ ਲੈ ਕੇ ਆਇਆ, ਮੈਂ ਕਬੂਤਰ ਨੂੰ ਰੁਮਾਲ ਵਿਚ ਲਪੇਟ ਕੇ ਇਕ ਨੁੱਕਰ ਵਿਚ ਰੱਖ ਦਿੱਤਾ।

"ਪਾਪਾ, ਕਬੂਤਰ ਕਿੱਥੇ ਏ?", ਮੈਨੂੰ ਦਰਵਾਜ਼ੇ ਵਿਚ ਖੜ੍ਹਾ ਦੇਖ ਗਗਨ ਨੇ ਪੁੱਛਿਆ।

"ਕੀ ਉਹ ਉੱਡ ਗਿਆ ਏ?"

"ਹਾਂ, ਉੱਡ ਗਿਆ ਏ... ?" ਮੈਂ ਥੋੜ੍ਹਾ ਉਦਾਸ ਹੋ ਕੇ ਕਿਹਾ ਸੀ।

"ਮੈਂ ਤਾਂ ਉਹਦੇ ਮਲ੍ਹਮ ਲਾਉਣੀ ਸੀ," ਗਗਨ ਹਮਦਰਦੀ ਦੀ ਤਹਿ ਵਿਚੋਂ ਡੁਸਕਣ ਲੱਗਾ।

"ਕੀ ਉਹ ਮੁੜ ਆਵੇਗਾ... ਕਦ ਆਵੇਗਾ," ਉਸ ਨੇ ਆਪਣੀ ਗੱਲ ਜਾਰੀ ਰੱਖੀ।

"ਨਹੀ... ਉਹ ਹੁਣ ਨਹੀਂ ਆਵੇਗਾ। ਉਹ ਹੁਣ ਨਹੀਂ ਆ ਸਕਦਾ। ਗਗਨ, ਕਬੂਤਰ ਮਰ ਗਿਆ ਹੈ..." ਮੈਂ ਇਹ ਸ਼ਬਦ ਉਸ ਨੂੰ ਕਲਾਵੇ ਵਿਚ ਲੈਂਦਿਆਂ ਕਹੇ।

ਉਹ ਮੇਰੇ ਹੋਰ ਨੇੜੇ ਹੋ ਗਿਆ। ਉਸ ਦੇ ਸਾਹ ਹੋਰ ਗਰਮ ਅਤੇ ਤੇਜ਼ ਹੁੰਦੇ ਜਾ ਰਹੇ ਸਨ।

ਇਕ, ਦੋ ਦਿਨ ਅਤੇ ਕੁਝ ਹੋਰ ਦਿਨ ਉਹ ਕਬੂਤਰ ਬਾਰੇ, ਦੂਜੇ ਪੰਛੀਆਂ ਬਾਰੇ, ਮੌਤ ਬਾਰੇ, ਜੀਵਨ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦਾ ਰਿਹਾ। ਫਿਰ ਹੌਲੀ ਹੌਲੀ ਇਹ ਗੱਲਾਂ ਫਿੱਕੀਆਂ ਪੈ ਗਈਆਂ।

ਕੁਝ ਦਿਨਾਂ ਬਾਅਦ ਇਕ ਸ਼ਾਮ ਉਹ ਨੱਠਾ-ਨੱਠਾ ਘਰ ਆਇਆ। ਉਹ ਖਾਲੀ ਹੱਥ ਸੀ। ਘਰ ਵੜਦਿਆਂ ਹੀ ਉਸ ਨੇ ਉੱਚੀ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿੱਤਾ, "ਪਾਪਾ... ਪਾਪਾ ਕਿੱਥੇ ਓ...?"

ਹੱਥ ਵਿਚ ਫੜੀ ਕਿਤਾਬ ਨੂੰ ਇਕ ਪਾਸੇ ਰੱਖਦਿਆਂ ਮੈਂ ਸੋਚਿਆ ਜ਼ਰੂਰ ਕਿਸੇ ਨਾਲ ਲੜ-ਝਗੜ ਕੇ ਆਇਆ ਹੈ। ਪਹਿਲਾਂ ਵੀ ਦੋ ਕੁ ਵਾਰ ਇੰਜ ਹੋ ਚੁੱਕਾ ਹੈ। ਪਰ ਉਹ ਖਾਲੀ ਹੱਥੀ ਕਦੇ ਨਹੀਂ ਆਇਆ ਸੀ।

ਜਦ ਮੇਰੇ ਕੋਲ ਪਹੁੰਚਿਆ ਤਾਂ ਉਹ ਸਾਹੋ-ਸਾਹੀ ਸੀ।

ਮੈਂ ਆਰਾਮ ਨਾਲ ਉਹਦੀ ਪਿੱਠ ਉੱਪਰ ਹੱਥ ਫੇਰਦਿਆਂ ਉਹਦੇ ਕੋਲੋਂ ਪੂਰਾ ਵੇਰਵਾ ਜਾਣਨਾ ਚਾਹਿਆ, "ਕੀ ਗੱਲ ਹੋਈ ਏ... ?" "ਚਲੋ, ਮੇਰੇ ਨਾਲ। ਛੇਤੀ ਚਲੋ... ਜਲਦੀ ਕਰੋ ਨਾ..." ਉਹ ਮੈਨੂੰ ਬਾਹੋਂ ਫੜ ਖਿੱਚ ਰਿਹਾ ਸੀ।

"ਕੁਝ ਦੱਸੇਗਾ ਵੀ..."

ਪਰ ਉਹ ਮੈਨੂੰ ਕੁਝ ਵੀ ਦੱਸਣ ਤੋਂ ਇਨਕਾਰੀ ਸੀ।

ਉਹ ਮੈਨੂੰ ਖਿੱਚਦਾ ਹੋਇਆ ਪਾਰਕ ਦੀ ਇਕ ਨੁੱਕਰ ਵਿਚ ਲੈ ਗਿਆ।

"ਆ ਦੇਖੋ... ਕੀ ਹੋ ਗਿਆ ਏ..." ਉਸ ਨੇ ਆਪਣੇ ਹੱਥ ਨਾਲ ਗੁਲਾਬ ਦੇ ਬੂਟੇ ਵੱਲ ਇਸ਼ਾਰਾ ਕਰਦਿਆਂ ਕਿਹਾ।

"ਕੀ ਹੋਇਆ...? ਫੇਰ..." ਮੈਂ ਢਿੱਲੇ ਬੋਲ ਵਿਚ ਕਿਹਾ।

"ਇਹ ਕਿਸੇ ਨੇ ਪੁੱਟ ਦਿੱਤਾ ਏ। ਦੇਖੋ, ਧਿਆਨ ਨਾਲ ਦੇਖੋ... ਇਹ ਤੜਫ ਰਿਹਾ ਏ।"

ਫਿਰ ਜ਼ਿੱਦ ਕਰਦਿਆਂ ਬੋਲਿਆ, "ਪਾਪਾ ਇਸ ਨੂੰ ਘਰ ਲੈ ਚਲੋ।"

ਉਸ ਦੇ ਇਹਨਾਂ ਸ਼ਬਦਾਂ ਵਿਚ ਬਹੁਤ ਕੁਝ ਮਿਲਿਆ ਹੋਇਆ ਲੱਗ ਰਿਹਾ ਸੀ।

"ਹੋ ਸਕਦਾ, ਕਿਸੇ ਮਾਲੀ ਨੇ ਇਸ ਨੂੰ ਇਥੇ ਰੱਖ ਦਿੱਤਾ ਹੋਵੇ..." ਮੈਂ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ।

"ਨਹੀਂ..., ਪਾਪਾ ਨਹੀਂ। ਇਸ ਨੂੰ ਘਰ ਲੈ ਚਲੋ।" ਉਸ ਨੇ ਗੁਲਾਬ ਦਾ ਬੂਟਾ ਹੱਥ ਵਿਚ ਫੜਦਿਆਂ ਹੋਇਆਂ ਕਿਹਾ ਅਤੇ ਮੇਰੇ ਅੱਗੇ-ਅੱਗੇ ਤੇਜ਼ੀ ਨਾਲ ਘਰ ਵੱਲ ਤੁਰਨ ਲੱਗਾ।

ਤੁਰਦਿਆਂ ਹੋਇਆਂ ਉਹ ਬੋਲੀ ਜਾ ਰਿਹਾ ਸੀ, "ਇਸ ਨੂੰ ਲਿਜਾ ਕੇ ਗਮਲੇ ਵਿਚ ਲਾ ਲਵਾਂਗੇ। ਪਾਪਾ... ਕਿਤੇ ਇਹ ਵੀ ਕਬੂਤਰ ਵਾਂਗ ਤੜਫ-ਤੜਫ ਕੇ ਨਾ ਮਰ ਜਾਵੇ।"

ਗਗਨ ਦੇ ਇਹਨਾਂ ਸ਼ਬਦਾਂ ਵਿਚੋਂ ਮੈਨੂੰ ਪਹਿਲਾਂ ਹੋ ਚੁੱਕੀ ਕਬੂਤਰ ਦੀ ਮੌਤ ਦਾ ਅਕਸ ਝਾਤੀ ਮਾਰਦਾ ਦਿਖਾਈ ਦੇ ਰਿਹਾ ਸੀ।