ਅੱਖਰਾਂ ਦੀ ਸੱਥ/ਚਿੰਕੂ ਗੇਮ ਖੇਡਦਾ ਸੀ

ਚਿੰਕੂ ਗੇਮ ਖੇਡਦਾ ਸੀ

ਇਕ ਦਿਨ ਚਿੰਕੂ ਕਮਰੇ ਵਿਚ ਅੰਗੀਠੀ ਉੱਪਰ ਇਕ ਫੋਟੋ ਪਿੱਛੇ ਛੁਪਿਆ ਬੈਠਾ ਸੀ। ਉਸਦੀ ਨਿਗ੍ਹਾ ਘਰ ਦੇ ਮਾਲਕ 'ਤੇ ਪੈ ਗਈ। ਮਾਲਕ ਮੋਬਾਇਲ ਉੱਪਰ ਕੋਈ ਗੇਮ ਖੇਡ ਰਿਹਾ ਸੀ। ਮਾਲਕ ਨੂੰ ਗੇਮ ਖੇਡਦਿਆਂ ਵੇਖਕੇ ਚਿੰਕੂ ਦਾ ਮਨ ਵੀ ਮੋਬਾਇਲ ਲੈਕੇ ਗੇਮ ਖੇਡਣ ਨੂੰ ਲਲਚਾਉਣ ਲੱਗ ਪਿਆ।

ਫਿਰ ਜਦੋਂ ਮਾਲਕ ਮੋਬਾਇਲ ਘਰ ਛੱਡ ਕੇ ਕਿਸੇ ਕੰਮ-ਧੰਦੇ ਲੱਗਾ, ਚਿੰਕੂ ਨੇ ਮੋਬਾਇਲ ਫੜ ਲਿਆ। ਉਹ ਵੀ ਮਾਲਕ ਵਾਂਗ ਮੋਬਾਇਲ ਉੱਪਰ ਗੇਮ ਖੇਡਣ ਲੱਗ ਪਿਆ। ਚਿੰਕੂ ਨੂੰ ਮੋਬਾਇਲ ਦਾ ਪਾਸਵਰਡ ਪਤਾ ਲੱਗ ਗਿਆ ਸੀ। ਚਿੰਕੂ ਨੇ ਘਰ ਦੇ ਮਾਲਕ ਨੂੰ ਪਾਸਵਰਡ ਲਗਾ ਕੇ ਮੋਬਾਇਲ ਖੋਲ੍ਹਦੇ ਨੂੰ ਵੇਖ ਲਿਆ ਸੀ।

ਹੁਣ ਜਦੋਂ ਵੀ ਚਿੰਕੂ ਦਾ ਦਾਅ ਲੱਗਦਾ, ਉਹ ਮਾਲਕ ਦਾ ਮੋਬਾਇਲ ਫੜ ਲੈਂਦਾ ਤੇ ਗੇਮ ਖੇਡਣ ਲੱਗ ਜਾਂਦਾ। ਮਾਲਕ ਬਾਹਰ-ਅੰਦਰ ਜਾਣ ਵੇਲੇ ਕਦੇ ਹੀ ਮੋਬਾਇਲ ਲੈ ਕੇ ਜਾਂਦਾ ਸੀ। ਇਸ ਤਰ੍ਹਾਂ ਚਿੰਕੂ ਨੂੰ ਮੋਬਾਇਲ ਉੱਪਰ ਗੇਮ ਖੇਡਣ ਦਾ ਮੌਕਾ ਮਿਲਦਾ ਹੀ ਰਹਿੰਦਾ ਸੀ। ਚਿੰਕੂ ਕਈ ਕਈ ਘੰਟੇ ਮੋਬਾਇਲ ਉੱਪਰ ਗੇਮ ਖੇਡਦਾ ਰਹਿੰਦਾ। ਚਿੰਕੂ ਦੀ ਮਾਂ, ਉਸਨੂੰ ਮੋਬਾਇਲ ਉੱਪਰ ਗੇਮ ਖੇਡਣ ਤੋਂ ਰੋਕਦੀ ਰਹਿੰਦੀ ਸੀ। ਮਾਂ ਵਾਰ ਵਾਰ ਚਿੰਕੂ ਨੂੰ ਪੜ੍ਹਨ ਲਈ ਤੇ ਖੇਡਣ ਵੇਲੇ ਬਾਹਰ ਮੈਦਾਨ ਵਿਚ ਜਾਣ ਲਈ ਆਖਦੀ ਸੀ।

"ਲਗਾਤਾਰ ਮੋਬਾਇਲ ਵੇਖਣ ਨਾਲ ਸਾਨੂੰ ਮਾਨਸਿਕ ਥਕਾਨ ਹੁੰਦੀ ਹੈ। ਮੋਬਾਇਲ ਦੀ ਰੋਸ਼ਨੀ ਦਾ ਸਾਡੀਆਂ ਅੱਖਾਂ 'ਤੇ ਮਾੜਾ ਅਸਰ ਪੈਂਦਾ ਤੇ ਬਾਹਰ ਮੈਦਾਨ ਵਿਚ ਜਾਕੇ ਖੇਡਣ ਨਾਲ ਮਾਨਸਿਕ ਥਕਾਨ ਹੀ ਨਹੀਂ ਲਹਿੰਦੀ, ਸਾਡਾ ਸਰੀਰ ਫੁਰਤੀਲਾ ਵੀ ਬਣਦਾ।" ਮਾਂ, ਚਿੰਕੂ ਨੂੰ ਸਮਝਾਉਂਦੀ ਹੋਈ ਆਖਦੀ। ਪਰ ਚਿੰਕੂ ਨੇ ਮਾਂ ਦੀ ਕਦੇ ਨਹੀਂ ਸੁਣੀ ਸੀ।

ਫਿਰ ਇਕ ਦਿਨ ਚਿੰਕੂ ਚੂਹਾ ਮੋਬਾਇਲ ਉੱਪਰ ਕੋਈ ਗੇਮ ਖੇਡ ਰਿਹਾ ਸੀ। ਉਸਨੂੰ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਬਿੱਲੀ ਆ ਗਈ। ਬਿੱਲੀ ਚਿੰਕੂ ਦੇ ਬਿਲਕੁਲ ਨੇੜੇ ਪਹੁੰਚ ਗਈ ਸੀ। ਚਿੰਕੂ ਮੋਬਾਇਲ ਛੱਡ ਕੇ ਫਟਾਫਟ ਭੱਜਾ। ਉਸਨੇ ਬੜੀ ਮੁਸ਼ਕਲ ਨਾਲ ਬਿੱਲੀ ਤੋਂ ਆਪਣੀ ਜਾਨ ਬਚਾਈ।

"ਮੇਰਾ ਧਿਆਨ ਮੋਬਾਇਲ ਵਿਚ ਸੀ। ਇਸ ਕਰਕੇ ਮੈਨੂੰ ਬਿੱਲੀ ਦੀ ਆਮਦ ਦਾ ਪਤਾ ਨਹੀਂ ਲੱਗਾ।" ਸਾਹੋ-ਸਾਹੀ ਹੋਏ ਚਿੰਕੂ ਨੂੰ ਖਿਆਲ ਆਇਆ। ਪਰ ਅਸਲੀਅਤ ਇਹ ਨਹੀਂ ਸੀ।

ਚਿੰਕੂ ਚੂਹਾ ਅਗਲੇ ਦਿਨ ਮੋਬਾਇਲ ਨਹੀਂ ਵੇਖ ਰਿਹਾ ਸੀ। ਅਗਲੇ ਦਿਨ ਫਿਰ ਉਸਨੂੰ ਬਿੱਲੀ ਦੀ ਆਮਦ ਦਾ ਪਤਾ ਨਾ ਲੱਗਾ। ਉਂਜ ਵੀ ਕੁਝ ਦਿਨਾਂ ਤੋਂ ਉਸਦਾ ਸਿਰ ਭਾਰਾ-ਭਾਰਾ ਰਹਿੰਦਾ ਸੀ। ਚਿੰਕੂ ਨੇ ਇਹ ਸਾਰਾ ਕੁਝ ਆਪਣੀ ਮਾਂ ਨੂੰ ਦੱਸਿਆ ਤੇ ਮਾਂ ਚਿੰਤਾ ਵਿਚ ਡੁੱਬ ਗਈ।

ਮਾਂ, ਚਿੰਕੂ ਨੂੰ ਲੈਕੇ ਅੱਖਾਂ ਦੇ ਡਾਕਟਰ ਰਿੱਛ ਕੋਲ ਪਹੁੰਚ ਗਈ। ਰਿੱਛ ਡਾਕਟਰ ਨੇ ਚੈਕਅਪ ਕਰਕੇ ਚਿੰਕੂ ਦੇ ਐਨਕ ਚੜ੍ਹਾ ਦਿੱਤੀ। ਰਿੱਛ ਡਾਕਟਰ ਨੇ ਚਿੰਕੂ ਨੂੰ ਮੋਬਾਇਲ ਬਿਲਕੁਲ ਵੀ ਨਾ ਵੇਖਣ ਦੀ ਚਿਤਾਵਨੀ ਦੇ ਦਿੱਤੀ ਸੀ। ਉਸਨੇ ਚਿੰਕੂ ਨੂੰ ਹਰੀਆਂ ਸਬਜੀਆਂ, ਸਲਾਦ ਤੇ ਪੌਸ਼ਟਿਕ ਖੁਰਾਕ ਖਾਣ ਦੀ ਸਲਾਹ ਦਿੱਤੀ ਸੀ।

"ਖਾਣ-ਪੀਣ ਦਾ ਖਿਆਲ ਰੱਖਣ 'ਤੇ ਐਨਕ ਉੱਤਰ ਜਾਵੇਗੀ।" ਰਿੱਛ ਡਾਕਟਰ ਨੇ ਆਖਿਆ ਸੀ।

ਹੁਣ ਚਿੰਕੂ ਖੂਬ ਹਰੀਆਂ ਸਬਜੀਆਂ, ਸਲਾਦ ਤੇ ਫਲ ਖਾਂਦਾ। ਪੌਸ਼ਟਿਕ ਖੁਰਾਕ ਲਈ ਉਸਨੂੰ ਰੋਜ਼ਾਨਾ ਕਈ ਘਰਾਂ ਵਿਚ ਫਿਰਨਾ ਪੈਂਦਾ। ਚਿੰਕੂ ਫਿਰ-ਤੁਰ ਕੇ ਪੌਟਿਕ ਖੁਰਾਕ ਤਾਂ ਲੱਭ ਲੈਂਦਾ ਸੀ, ਪਰ ਉਹ ਹਰ ਵੇਲੇ ਡਰਦਾ ਰਹਿੰਦਾ। ਬਿੱਲੀ ਉਸਨੂੰ ਕਿਸੇ ਵੇਲੇ ਵੀ ਦਬੋਚ ਸਕਦੀ ਸੀ। ਉਸ ਕੋਲੋਂ ਐਨਕ ਲਾਕੇ ਬਹੁਤਾ ਤੇਜ ਨਹੀਂ ਸੀ ਭੱਜਿਆ ਜਾਂਦਾ। ਉਂਜ ਵੀ ਐਨਕ ਵਾਲੇ ਚਿੰਕੂ ਦੀ ਸਭ ਘਰਾਂ ਵਾਲਿਆਂ ਨੂੰ ਪਛਾਣ ਹੋ ਗਈ ਸੀ।

"ਕਲ੍ਹ ਵਾਲਾ ਐਨਕ ਵਾਲਾ ਚੂਹਾ ਫਿਰ ਆ ਗਿਆ।" ਚਿੰਕੂ ਜਿਸ ਘਰ ਵਿਚ ਵੀ ਜਾਂਦਾ, ਚਿੰਕੂ ਨੂੰ ਵੇਖਕੇ ਉਸ ਘਰ ਦੇ ਬੱਚੇ ਰੌਲਾ ਪਾ ਦਿੰਦੇ। ਬੱਚੇ, ਚਿੰਕੂ ਦੇ ਪਿੱਛੇ ਪੈ ਜਾਂਦੇ ਤੇ ਚਿੰਕੂ ਨੂੰ ਆਪਣੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ।

ਚਿੰਕੂ ਦਾ ਸਾਰਾ ਦਿਨ ਘਚਾਨੀਆਂ ਦੇਣ ਵਿਚ ਹੀ ਲੰਘ ਜਾਂਦਾ। ਹੁਣ ਭੱਜਣ ਵੇਲੇ ਚਿੰਕੂ ਦੀਆਂ ਅੱਖਾਂ ਹੇਠਾਂ ਪਸੀਨਾ ਵੀ ਵਧੇਰੇ ਆਉਂਦਾ। ਚਿੰਕੂ ਉਸ ਦਿਨ ਦੀ ਉਡੀਕ ਵਿਚ ਸੀ, ਜਿਸ ਦਿਨ ਉਸਦੀ ਐਨਕ ਉਤਰ ਜਾਵੇਗੀ। ਰੋਜ਼ਾਨਾ ਪੌਸ਼ਟਿਕ ਖੁਰਾਕ ਖਾਣ ਨਾਲ ਤੇ ਮੋਬਾਇਲ ਨਾ ਵੇਖਣ ਕਾਰਣ ਚਿੰਕੂ ਦੀ ਐਨਕ ਦਾ ਨੰਬਰ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਸੀ।