ਅਨੰਦੁ
ਰਾਮਕਲੀ ਮਹਲਾ ੩ ਅਨੰਦੁ
ੴ ਸਤਿਗੁਰ ਪ੍ਰਸਾਦਿ ॥
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥
(ਅਨੰਦੁ=ਪੂਰਨ ਖਿੜਾਉ, ਸਹਜ ਸੇਤੀ=ਅਡੋਲ ਅਵਸਥਾ
ਦੇ ਨਾਲ, ਮਨਿ=ਮਨ ਵਿਚ, ਵਾਧਾਈ=ਉਤਸ਼ਾਹ ਪੈਦਾ ਕਰਨ
ਵਾਲਾ ਗੀਤ, ਪਰੀਆ=ਰਾਗਾਂ ਦੀਆਂ ਪਰੀਆਂ,ਰਾਗਣੀਆਂ,
ਰਾਗ ਰਤਨ=ਸੋਹਣੇ ਰਾਗ, ਕੇਰਾ=ਦਾ)
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥
(ਵਿਸਾਰਣਾ=ਦੂਰ ਕਰਨ ਵਾਲਾ, ਅੰਗੀਕਾਰੁ=ਪੱਖ,
ਸਹਾਇਤਾ, ਸਮਰਥੁ=ਕਰਨ-ਜੋਗ, ਮਨਹੁ=ਮਨ ਤੋਂ,
ਵਿਸਰੇ=ਵਿਸਰਦਾ ਹੈਂ)
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥
ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥
(ਘਰਿ ਤੇਰੈ=ਤੇਰੇ ਘਰ ਵਿਚ, ਤ=ਤਾਂ, ਦੇਹਿ=ਤੂੰ ਦੇਂਦਾ
ਹੈਂ, ਸੁ=ਉਹ ਮਨੁੱਖ, ਪਾਵਏ=ਪਾਵੈ, ਵਸਾਵਏ=ਵਸਾਂਦਾ ਹੈ,
ਜਿਨ ਕੈ ਮਨਿ=ਜਿਨ੍ਹਾਂ ਦੇ ਮਨ ਵਿਚ, ਵਾਜੇ=ਵੱਜਦੇ ਹਨ,
ਸਬਦ=ਰਾਗਾਂ ਦੀਆਂ ਸੁਰਾਂ, ਘਨੇਰੇ=ਬੇਅੰਤ)
ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥
ਸਾਚਾ ਨਾਮੁ ਮੇਰਾ ਆਧਾਰੋ ॥੪॥
(ਆਧਾਰੋ=ਆਸਰਾ, ਜਿਨਿ=ਜਿਸ (ਨਾਮ) ਨੇ, ਭੁਖ=ਲਾਲਚ,
ਕਰਿ=(ਪੈਦਾ) ਕਰ ਕੇ, ਕੁਰਬਾਣੁ=ਸਦਕੇ, ਵਿਟਹੁ=ਤੋਂ)
ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥
ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥
(ਵਾਜੇ=ਵੱਜਦੇ ਹਨ, ਪੰਚ ਸਬਦ=ਪੰਜ ਕਿਸਮਾਂ ਦੇ ਸਾਜ਼ਾਂ
ਦੀਆਂ ਮਿਲਵੀਆਂ ਸੁਰਾਂ, ਤਿਤੁ ਘਰਿ=ਉਸ ਹਿਰਦੇ-ਘਰਿ ਵਿਚ,
ਸਭਾਗੈ=ਭਾਗਾਂ ਵਾਲੇ ਵਿਚ, ਕਲਾ=ਸੱਤਿਆ, ਜਿਤੁ ਘਰਿ=ਜਿਸ
ਘਰ ਵਿਚ, ਧਾਰੀਆ=ਤੂੰ ਪਾਈ ਹੈ, ਪੰਚ ਦੂਤ=ਕਾਮਾਦਿਕ ਪੰਜ
ਵੈਰੀ, ਕੰਟਕੁ=ਕੰਡਾ, ਕੰਟਕੁ ਕਾਲੁ=ਡਰਾਉਣਾ ਕਾਲ, ਧੁਰਿ=ਧੁਰੋਂ,
ਕਰਮਿ=ਮੇਹਰ ਨਾਲ, ਸਿ=ਸੇ,ਉਹ ਬੰਦੇ, ਅਨਹਦ=ਅਨ-ਹਦ,
ਬਿਨਾ ਵਜਾਏ ਵੱਜਣ ਵਾਲੇ,ਇਕ-ਰਸ,ਲਗਾਤਾਰ)
ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥
ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥
ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥
ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥
(ਸਾਚੀ ਲਿਵ=ਸੱਚੀ ਲਗਨ, ਦੇਹ=ਸਰੀਰ, ਨਿਮਾਣੀ=
ਨਿਆਸਰੀ ਜੇਹੀ, ਕਿਆ ਕਰੇ=ਕੀਹ ਕਰਦੀ ਹੈ, ਬਨਵਾਰੀ=
ਹੇ ਜਗਤ-ਵਾੜੀ ਦੇ ਮਾਲਕ, ਸਵਾਰੀਆ=ਸੁਚੱਜੇ ਪਾਸੇ ਲਾਈ
ਜਾ ਸਕਦੀ ਹੈ, ਵੇਚਾਰੀਆ=ਪਰ-ਅਧੀਨ, ਮਾਇਆ ਦੇ ਪ੍ਰਭਾਵ ਹੇਠ)
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥
ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥
ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥
ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥
ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥
(ਸਭੁ ਕੋ=ਹਰੇਕ ਜੀਵ, ਕਿਲਵਿਖ=ਪਾਪ, ਅੰਜਨੁ=ਸੁਰਮਾ,
ਸਾਰਿਆ=(ਅੱਖਾਂ ਵਿਚ) ਪਾਂਦਾ ਹੈ, ਅੰਦਰਹੁ=ਮਨ ਵਿਚੋਂ,
ਸਬਦੁ ਸਵਾਰਿਆ=ਬੋਲ ਸਵਾਰ ਦਿੱਤਾ, ਏਹੁ ਅਨੰਦੁ ਹੈ=ਅਸਲ
ਆਤਮਕ ਆਨੰਦ ਇਹ ਹੈ (ਕਿ ਮਨੁੱਖ ਦਾ ਖਰ੍ਹਵਾ ਤੇ ਨਿੰਦਾ
ਆਦਿਕ ਵਾਲਾ ਸੁਭਾਉ ਹੀ ਨਹੀਂ ਰਹਿੰਦਾ)
ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥
ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ ॥
ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ ਸਵਾਰਿਆ ॥
ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥
ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥
(ਬਾਬਾ=ਹੇ ਹਰੀ! ਦੇਹਿ= ਦੇਂਦਾ ਹੈਂ, ਹੋਰਿ ਵੇਚਾਰਿਆ=
ਹੋਰ ਵਿਚਾਰੇ ਜੀਵ, ਕਿਆ ਕਰਹਿ=ਕੀਹ ਕਰ ਸਕਦੇ ਹਨ,
ਇਕਿ=ਕਈ ਜੀਵ, ਭਰਮਿ=(ਮਾਇਆ ਦੀ) ਭਟਕਣਾ ਵਿਚ,
ਦਹਦਿਸਿ=ਦਸੀਂ ਪਾਸੀਂ, ਭਾਣਾ=ਰਜ਼ਾ)
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
(ਅਕਥ=ਜਿਸ ਦੇ ਸਾਰੇ ਗੁਣ ਬਿਆਨ ਨ ਕੀਤੇ ਜਾ ਸਕਣ,
ਕਰਹ=ਅਸੀਂ ਕਰੀe, ਕਿਤੁ ਦੁਆਰੈ=ਕਿਸ ਵਸੀਲੇ ਨਾਲ,
ਸਉਪਿ=ਹਵਾਲੇ ਕਰ ਦਿਹੁ, ਹੁਕਮਿ ਮੰਨਿਐ=ਜੇ ਹੁਕਮ ਮੰਨ
ਲਿਆ ਜਾਏ, ਕੇਰਾ=ਦਾ, ਕੇਰੀ=ਦੀ)
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥
ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥
ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥
ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥
ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥
ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥੧੦॥
(ਕਿਨੈ=ਕਿਸੇ ਮਨੁੱਖ ਨੇ ਭੀ, ਜਿਨਿ=ਜਿਸ (ਮਾਇਆ) ਨੇ,
ਏਤੁ ਭਰਮਿ=ਇਸ ਭੁਲੇਖੇ ਵਿਚ ਕਿ ਮੋਹ ਇਕ ਮਿੱਠੀ ਚੀਜ਼ ਹੈ,
ਭੁਲਾਇਆ=ਕੁਰਾਹੇ ਪਾ ਦਿੱਤਾ, ਤਿਨੈ=ਉਸੇ (ਪ੍ਰਭੂ) ਨੇ, ਜਿਨਿ=
ਜਿਸ ਨੇ, ਠਗਉਲੀ=ਠਗ-ਬੂਟੀ, ਕੁਰਬਾਣੁ=ਸਦਕੇ, ਵਿਟਹੁ=ਤੋਂ)
ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥੧੧॥
(ਸਮਾਲੇ=ਸਮਾਲਿ,ਚੇਤੇ ਰੱਖ , ਜਿ=ਜੇਹੜਾ, ਮੂਲੇ ਨ=
ਬਿਲਕੁਲ ਨਹੀਂ, ਕੀਚੈ=ਕਰਨਾ ਚਾਹੀਦਾ, ਜਿਤੁ=ਜਿਸ
ਕਰਕੇ, ਅੰਤਿ=ਅੰਤ ਵੇਲੇ)
ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥
ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥
ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥
ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥
ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥
(ਅਗਮ=ਹੇ ਅਪਹੁੰਚ ਪ੍ਰਭੂ, ਅਗੋਚਰ=ਅ+ਗੋ+ਚਰ,ਜਿਸ ਤਕ
ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ, ਕਿਨੈ=ਕਿਸੇ ਨੇ ਭੀ,
ਆਪੁ=ਆਪਣੇ ਸਰੂਪ ਨੂੰ, ਜਾਣਹੇ=ਤੂੰ ਜਾਣਦਾ ਹੈਂ, ਵਖਾਣਏ=
ਵਖਾਣੈਬਿਆਨ ਕਰੇ, ਕੋ=ਕੋਈ ਜੀਵ, ਆਖਹਿ=ਤੂੰ ਆਖਦਾ ਹੈਂ,
ਵੇਖਹਿ=ਤੂੰ ਸੰਭਾਲ ਕਰਦਾ ਹੈਂ, ਜਿਨਿ=ਜਿਸ ਤੈਂ ਨੇ)
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ ॥
ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥
ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥
ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥੧੩॥
(ਸੁਰਿ=ਦੇਵਤੇ, ਮੁਨਿ ਜਨ=ਰਿਸ਼ੀ, ਅੰਮ੍ਰਿਤੁ=ਆਤਮਕ ਆਨੰਦ ਦੇਣ
ਵਾਲਾ ਨਾਮ-ਜਲ, ਇਕਿ=ਕਈ ਜੀਵ, ਪਰਸਣਿ=(ਗੁਰੂ ਦੇ ਚਰਨ)
ਪਰਸਣ ਲਈ, ਭਲਾ ਭਾਇਆ=ਮਿੱਠਾ ਲੱਗਦਾ ਹੈ, ਤੇ=ਤੋਂ)
ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥
(ਚਾਲ=ਜੀਵਨ ਜੁਗਤੀ, ਨਿਰਾਲੀ=ਵੱਖਰੀ, ਕੇਰੀ=ਦੀ,
ਬਿਖਮ=ਔਖਾ, ਮਾਰਗਿ=ਰਾਹ ਉਤੇ, ਤਜਿ=ਤਿਆਗ ਕੇ,
ਖੰਨਿਅਹੁ=ਖੰਡੇ ਨਾਲੋਂ, ਵਾਲਹੁ=ਵਾਲ ਨਾਲੋਂ, ਨਿਕੀ=
ਬਾਰੀਕ, ਏਤੁ ਮਾਰਗਿ=ਇਸ ਰਸਤੇ ਉਤੇ, ਆਪੁ=
ਆਪਾ-ਭਾਵ, ਜੁਗਹੁ ਜੁਗੁ=ਹਰੇਕ ਜੁਗ ਵਿਚ)
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥
ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥
(ਚਲਹ=ਅਸੀ ਜੀਵ ਤੁਰਦੇ ਹਾਂ, ਹੋਰੁ=ਹੋਰ ਭੇਤ, ਮਾਰਗਿ=
ਰਸਤੇ ਉਤੇ, ਪਾਵਹੇ=ਪਾਵਹਿ,ਤੂੰ ਪਾਂਦਾ ਹੈਂ, ਸਿ=ਉਹ ਬੰਦੇ,
ਧਿਆਵੇ=ਧਿਆਉਂਦੇ ਹਨ, ਸੁਖੁ=ਆਤਮਕ ਆਨੰਦ, ਤਿਵੈ=ਉਸੇ ਤਰ੍ਹਾਂ)
ਏਹੁ ਸੋਹਿਲਾ ਸਬਦੁ ਸੁਹਾਵਾ ॥
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥
ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥
ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥
(ਸੋਹਿਲਾ=ਖ਼ੁਸ਼ੀ ਦਾ ਗੀਤ, ਸੁਹਾਵਾ=ਸੋਹਣਾ, ਏਹੁ=ਇਹ
ਸੋਹਿਲਾ, ਇਕਿ=ਕਈ ਜੀਵ, ਗਲੀ=ਨਿਰੀਆਂ ਗੱਲਾਂ ਕਰਨ ਨਾਲ)
ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥
ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥
ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥
ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
(ਗੁਰਮੁਖਿ=ਗੁਰੂ ਦੀ ਸਰਨ ਪੈ ਕੇ, ਸਹਿਤ ਸਿਉ=ਸਮੇਤ, ਕੁਟੰਬ=
ਪਰਵਾਰ, ਸਬਾਈਆ=ਸਾਰੀ ਹੀ, ਮੰਨਿ=ਮਨ ਵਿਚ)
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥
(ਕਰਮੀ=ਕੰਮਾਂ ਨਾਲ, ਕਰਮ-ਕਾਂਡ ਦੀ ਰਾਹੀਂ, ਸਹਜੁ=ਅਡੋਲਤਾ,
ਸਹਸਾ=(ਮਾਇਆ ਦੇ ਮੋਹ ਤੋਂ ਪੈਦਾ ਹੋਏ) ਚਿੰਤਾ-ਸਹਿਮ, ਕਿਤੈ ਸੰਜਮਿ=
ਕਿਸੇ ਜੁਗਤੀ ਨਾਲ, ਰਹੇ=ਥੱਕ ਗਏ, ਮਲੀਣੁ=ਮੈਲਾ, ਕਿਤੁ ਸੰਜਮਿ=
ਕਿਸ ਤਰੀਕੇ ਨਾਲ, ਮੰਨੁ=ਮਨ, ਇਵ=ਇਸ ਤਰ੍ਹਾਂ)
ਜੀਅਹੁ ਮੈਲੇ ਬਾਹਰਹੁ ਨਿਰਮਲ ॥
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥
(ਜੀਅਹੁ=ਜਿੰਦ ਤੋਂ, ਤਿਨੀ=ਉਹਨਾਂ ਬੰਦਿਆਂ ਨੇ, ਮਰਣੁ=ਮੌਤ,
ਬੇਤਾਲੇ=ਭੂਤਨੇ,ਤਾਲ ਤੋਂ ਖੁੰਝੇ ਹੋਏ, ਜਿਨ=ਜਿਨ੍ਹਾਂ ਨੇ)
ਜੀਅਹੁ ਨਿਰਮਲ ਬਾਹਰਹੁ ਨਿਰਮਲ ॥
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥
(ਸਤਿਗੁਰ ਤੇ=ਗੁਰੂ ਤੋਂ (ਮਿਲੀ ਹੋਈ), ਕਰਣੀ=ਆਚਰਨ,
ਕਮਾਣੀ=ਕਮਾਈ ਹੈ, ਕੂੜ=ਮਾਇਆ ਦਾ ਮੋਹ, ਸੋਇ=ਖ਼ਬਰ,
ਮਨਸਾ=ਮਨ ਦਾ ਫੁਰਨਾ, ਸਚਿ=ਪ੍ਰਭੂ ਦੇ ਸਿਮਰਨ ਵਿਚ, ਵਣਜਾਰੇ=
ਵਣਜ ਕਰਨ ਆਏ ਬੰਦੇ, ਮੰਨੁ=ਮਨ)
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥
(ਸੇਤੀ=ਨਾਲ, ਸਨਮੁਖੁ=ਸਾਹਮਣੇ ਮੂੰਹ ਰੱਖ ਸਕਣ ਵਾਲਾ,
ਸੁਰਖ਼ਰੂ, ਹੋਵੈ=ਹੋਣਾ ਚਾਹੇ, ਜੀਅਹੁ=ਦਿਲੋਂ, ਗੁਰ ਨਾਲੇ=ਗੁਰੂ
ਦੇ ਚਰਨਾਂ ਵਿਚ, ਸਮਾਲੇ=ਯਾਦ ਰੱਖੇ, ਪਰਣੈ=ਆਸਰੇ)
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥
(ਵੇਮੁਖੁ=ਜਿਸ ਨੇ ਮੂੰਹ ਦੂਜੇ ਪਾਸੇ ਕੀਤਾ ਹੋਇਆ ਹੈ, ਮੁਕਤਿ=
ਵਿਕਾਰਾਂ ਤੋਂ ਖ਼ਲਾਸੀ, ਹੋਰਥੈ=ਕਿਸੇ ਹੋਰ ਥਾਂ ਤੋਂ, ਬਿਬੇਕੀ=ਪਰਖ
ਵਾਲਾ ਬੰਦਾ, ਜਾਏ=ਜਾ ਕੇ, ਭਰਮਿ ਆਵੈ=ਭਟਕ ਕੇ ਆਉਂਦਾ ਹੈ)
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
(ਸਚੀ ਬਾਣੀ=ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ,
ਸਿਰ=ਸਿਰ ਉਤੇ,ਸਭ ਤੋਂ ਸ੍ਰੇਸ਼ਟ, ਨਦਰਿ=ਮੇਹਰ ਦੀ ਨਜ਼ਰ, ਕਰਮੁ=
ਬਖ਼ਸ਼ਸ਼, ਹਰਿ ਰੰਗਿ=ਹਰੀ ਦੇ ਪਿਆਰ ਵਿਚ, ਸਾਰਿਗ ਪਾਣੀ=
ਧਨੁਖਧਾਰੀ ਪ੍ਰਭੂ, ਕੇਰੀ=ਦੀ, ਅੰਮ੍ਰਿਤ=ਆਤਮਕ ਆਨੰਦ ਦੇਣ
ਵਾਲਾ ਨਾਮ-ਜਲ)
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥
(ਕਚੀ=ਹੌਲੀ,ਮਨ ਨੂੰ ਨੀਵਾਂ ਕਰਨ ਵਾਲੀ, ਕਚੇ=ਉਹ ਬੰਦੇ
ਜਿਨ੍ਹਾਂ ਦਾ ਮਨ ਕਮਜ਼ੋਰ ਹੈ, ਸੁਣਦੇ ਕਚੇ=ਸੁਣਨ ਵਾਲਿਆਂ ਦ
ਮਨ ਭੀ ਥਿੜਕ ਜਾਂਦੇ ਹਨ, ਕਹਿਆ=ਜੋ ਕੁਝ ਮੂੰਹੋਂ ਆਖਦੇ
ਹਨ, ਹਿਰਿ ਲਇਆ=ਚੁਰਾ ਲਿਆ, ਰਵਾਣੀ=ਜ਼ਬਾਨੀ ਜ਼ਬਾਨੀ,
ਉਤੋਂ ਉਤੋਂ, ਕਚੀ=ਕੱਚਿਆਂ ਨੇ,ਕਮਜ਼ੋਰ ਮਨ ਵਾਲਿਆਂ ਨੇ)
ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥
ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥
ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥
ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥
(ਰਤੰਨੁ=ਰਤਨ,ਅਮੋਲਕ ਦਾਤਿ, ਜਿਤੁ=ਜਿਸ ਵਿਚ,
ਹੀਰੇ=ਪਰਮਾਤਮਾ ਦੇ ਗੁਣ, ਜੜਾਉ=ਜੜੇ ਹੋਏ, ਮੰਨੁ=
ਮਨ, ਏਹੁ ਸਮਾਉ=ਐਸੀ ਲੀਨਤਾ, ਭਾਉ=ਪਿਆਰ,
ਬੁਝਾਇ ਦੇਇ=ਸੂਝ ਦੇਂਦਾ ਹੈ, ਹੀਰਾ=ਪਰਮਾਤਮਾ ਦਾ
ਨਾਮ, ਆਪੇ=ਆਪ ਹੀ)
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥
ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥
ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥
(ਸਿਵ=ਚੇਤਨ ਸੱਤਾ,ਜੀਵਾਤਮਾ, ਸਕਤਿ=ਮਾਇਆ,
ਆਪੇ=ਆਪ ਹੀ, ਹੁਕਮੁ=(ਇਹ) ਹੁਕਮ ਮਾਇਆ ਦਾ
ਪ੍ਰਭਾਵ ਪਿਆ ਰਹੇ, ਗੁਰਮੁਖਿ=ਗੁਰੂ ਦੀ ਰਾਹੀਂ, ਕਿਸੈ=
ਕਿਸੇ (ਵਿਰਲੇ) ਨੂੰ, ਬੁਝਾਏ=ਸੂਝ ਦੇਂਦਾ ਹੈ, ਮੁਕਤੁ=
ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਸੁਤੰਤਰ, ਮੰਨਿ=ਮਨ
ਵਿਚ, ਗੁਰਮੁਖਿ=ਗੁਰੂ ਦੇ ਰਾਹ ਉਤੇ ਤੁਰਨ ਵਾਲਾ)
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥
(ਤਤੈ ਸਾਰ=ਤੱਤ ਦੀ ਸੂਝ,ਅਸਲੀਅਤ ਦੀ ਸਮਝ, ਤਿਹੀ ਗੁਣੀ=
ਮਾਇਆ ਦੇ ਤਿੰਨ ਸੁਭਾਵਾਂ ਵਿਚ, ਭ੍ਰਮਿ=ਭਟਕ ਭਟਕ ਕੇ, ਰੈਣਿ=
ਉਮਰ,ਰਾਤ, ਸੇ=ਉਹ ਬੰਦੇ, ਅਨਦਿਨੁ=ਹਰ ਰੋਜ਼, ਅੰਮ੍ਰਿਤ ਬਾਣੀ=
ਆਤਮਕ ਜੀਵਨ ਦੇਣ ਵਾਲੀ ਬਾਣੀ, ਜਾਗਤ=ਵਿਕਾਰਾਂ ਵਲੋਂ ਸੁਚੇਤ
ਰਹਿੰਦਿਆਂ)
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥
ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥
ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ॥
ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ॥੨੮॥
(ਉਦਰ=ਪੇਟ, ਮਨਹੁ=ਮਨ ਤੋਂ, ਕਿਉ ਵਿਸਾਰੀਐ=ਵਿਸਾਰਨਾ
ਨਹੀਂ ਚਾਹੀਦਾ, ਏਵਡੁ=ਇਤਨਾ ਵੱਡਾ, ਆਹਾਰੁ=ਖ਼ੁਰਾਕ, ਓਸ
ਨੋ=ਉਸ ਬੰਦੇ ਨੂੰ, ਕਿਹੁ=ਕੁਝ, ਲਿਵ=ਪ੍ਰੀਤ, ਸਮਾਲੀਐ=
ਸਿਮਰਨਾ ਚਾਹੀਦਾ ਹੈ,ਹਿਰਦੇ ਵਿਚ ਵਸਾਣਾ ਚਾਹੀਦਾ ਹੈ)
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ॥
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥
(ਬਾਹਰਿ=ਸੰਸਾਰ ਵਿਚ, ਕਰਤੈ=ਕਰਤਾਰ ਨੇ, ਜਾ ਤਿਸੁ ਭਾਣਾ=
ਜਦੋਂ ਉਸ ਪ੍ਰਭੂ ਨੂੰ ਚੰਗਾ ਲੱਗਾ, ਪਰਵਾਰਿ=ਪਰਵਾਰ ਵਿਚ, ਭਲਾ
ਭਾਇਆ=ਪਿਆਰਾ ਲੱਗਣ ਲੱਗ ਪਿਆ, ਛੁੜਕੀ=ਮੁੱਕ ਗਈ,
ਅਮਰੁ ਵਰਤਾਇਆ=ਹੁਕਮ ਚਲਾ ਦਿੱਤਾ, ਜਿਤੁ=ਜਿਸ ਦੀ ਰਾਹੀਂ,
ਭਾਉ ਦੂਜਾ=ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ)
ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥
ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥
ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥
ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥੩੦॥
(ਅਮੁਲਕੁ=ਜੋ ਕਿਸੇ ਕੀਮਤ ਤੋਂ ਮਿਲ ਨ ਸਕੇ, ਮੁਲਿ=ਕੀਮਤ ਦੇ ਕੇ,
ਕਿਸੈ ਵਿਟਹੁ=ਕਿਸੇ ਭੀ ਬੰਦੇ ਤੋਂ, ਵਿਲਲਾਇ=ਖਪ ਖਪ ਕੇ, ਰਹੇ=ਰਹਿ
ਗਏ,ਥੱਕ ਗਏ, ਆਪੁ=ਆਪਾ-ਭਾਵ, ਜੀਉ=ਜੀਵ, ਮਨਿ=ਮਨ ਵਿਚ,
ਪਲੈ ਪਾਇ=(ਗੁਰੂ ਦੇ) ਲੜ ਲਾ ਦੇਂਦਾ ਹੈ)
ਹਰਿ ਰਾਸਿ ਮੇਰੀ ਮਨੁ ਵਣਜਾਰਾ ॥
ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥
ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥
ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥
ਕਹੈ ਨਾਨਕੁ ਹਰਿ ਰਾਸਿ ਮੇਰੀ ਮਨੁ ਹੋਆ ਵਣਜਾਰਾ ॥੩੧॥
(ਰਾਸਿ=ਵਣਜ-ਵਪਾਰ ਕਰਨ ਵਾਸਤੇ ਧਨ ਦੀ ਪੂੰਜੀ,
ਵਣਜਾਰਾ=ਵਣਜ ਕਰਨ ਵਾਲਾ, ਸਤਿਗੁਰ ਤੇ ਜਾਣੀ=
ਗੁਰੂ ਤੋਂ ਪਛਾਣ ਪ੍ਰਾਪਤ ਕੀਤੀ, ਜੀਅਹੁ=ਦਿਲੋਂ, ਦਿਹਾੜੀ=
ਹਰ ਰੋਜ਼, ਭਾਣਾ=ਚੰਗਾ ਲੱਗਾ)
ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ ॥
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਕਹੈ ਨਾਨਕੁ ਹੋਰਿ ਅਨ ਰਸ ਸਭਿ ਵੀਸਰੇ ਜਾ ਹਰਿ ਵਸੈ ਮਨਿ ਆਇ ॥੩੨॥
(ਏ ਰਸਨਾ=ਹੇ ਜੀਭ, ਅਨ ਰਸਿ=ਹੋਰ ਹੋਰ ਰਸ ਵਿਚ, ਰਾਚਿ ਰਹੀ=
ਮਸਤ ਹੋ ਰਹੀ ਹੈਂ, ਪਿਆਸ=ਸੁਆਦਾਂ ਦਾ ਚਸਕਾ, ਹੋਰਤੁ ਕਿਤੈ=ਕਿਸੇ
ਹੋਰ ਥਾਂ ਤੋਂ, ਪਲੈ ਨ ਪਾਇ=ਨਹੀਂ ਮਿਲਦਾ, ਪੀਐ=ਪੀਂਦਾ ਹੈ, ਬਹੁੜਿ=
ਮੁੜ,ਫਿਰ, ਕਰਮੀ=ਪ੍ਰਭੂ ਦੀ ਮੇਹਰ ਨਾਲ, ਹੋਰਿ ਅਨ ਰਸ=ਹੋਰ ਦੂਜੇ
ਸਾਰੇ ਸੁਆਦ, ਸਭਿ=ਸਾਰੇ, ਮਨ=ਮਨ ਵਿਚ)
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥
ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ ॥੩੩॥
(ਜੀਉ=ਜੀਵ, ਉਪਾਇ=ਪੈਦਾ ਕਰ ਕੇ, ਜਗਤੁ ਦਿਖਾਇਆ=ਜੀਵ ਨੂੰ
ਜਗਤ ਵਿਚ ਭੇਜਦਾ ਹੈ, ਚਲਤੁ=ਖੇਡ,ਤਮਾਸ਼ਾ, ਮੂਲੁ ਰਚਿਆ=ਮੁੱਢ ਬੱਧਾ,
ਜਿਨਿ=ਜਿਸ (ਪਰਮਾਤਮਾ) ਨੇ)
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥
ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥੩੪॥
(ਚਾਉ=ਆਨੰਦ, ਪ੍ਰਭ ਆਗਮੁ=ਪ੍ਰਭੂ ਦਾ ਆਉਣਾ, ਸਖੀ=
ਹੇ ਸਖੀ,ਹੇ ਜਿੰਦੇ, ਮੰਗਲੁ=ਖ਼ੁਸ਼ੀ ਦਾ ਗੀਤ, ਗ੍ਰਿਹੁ=
ਹਿਰਦਾ-ਘਰ, ਮੰਦਰੁ=ਪ੍ਰਭੂ ਦਾ ਨਿਵਾਸ-ਅਸਥਾਨ,
ਨ ਵਿਆਪਏ=ਨਹੀਂ ਵਿਆਪਦਾ, ਸਭਾਗੇ=ਭਾਗਾਂ ਵਾਲੇ,
ਜਾਪਏ=ਦਿੱਸ ਪਿਆ ਹੈ, ਅਨਹਤ ਬਾਣੀ=ਇਕ-ਰਸ
ਸਿਫ਼ਤਿ-ਸਾਲਾਹ ਦੀ ਰੌ, ਸਬਦਿ=ਸ਼ਬਦ ਦੀ ਰਾਹੀਂ,
ਜੋਗੋ=ਸਮਰੱਥ)
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥
ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥
ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥
ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥
ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥
(ਕਿਆ ਕਰਮ=ਹੋਰ ਹੋਰ ਕੰਮ ਹੀ, ਜਿਨਿ ਹਰਿ=ਜਿਸ ਹਰੀ ਨੇ,
ਤੇਰਾ ਰਚਨੁ ਰਚਿਆ=ਤੈਨੂੰ ਪੈਦਾ ਕੀਤਾ, ਮੰਨਿ=ਮਨ ਵਿਚ, ਜਿਨਿ=
ਜਿਸ ਮਨੁੱਖ ਨੇ, ਪਰਵਾਣੁ=ਕਬੂਲ,ਸਫਲ)
ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
(ਨੇਤ੍ਰ=ਅੱਖਾਂ, ਜੋਤਿ=ਰੋਸ਼ਨੀ, ਨਿਹਾਲਿਆ=ਨਿਹਾਲੋ,ਵੇਖੋ, ਨਦਰੀ=ਨਜ਼ਰ ਨਾਲ,
ਵਿਸੁ=ਵਿਸ਼ਵ,ਸਾਰਾ, ਨਦਰੀ ਆਇਆ=ਦਿੱਸਦਾ ਹੈ, ਅੰਧ=ਅੰਨ੍ਹੇ, ਸੇ=ਸਨ, ਦਿਬ=
(ਦਿਵਯ) ਚਮਕੀਲੀ,ਰੋਸ਼ਨ, ਦ੍ਰਿਸਟਿ=ਨਜ਼ਰ)
ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥
ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ ॥
ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ ॥੩੭॥
(ਸ੍ਰਵਣ=ਕੰਨ, ਪਠਾਏ=ਭੇਜੇ, ਸਾਚੈ=ਸਦਾ-ਥਿਰ ਪ੍ਰਭੂ ਨੇ,
ਸਤਿ ਬਾਣੀ=ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ
ਬਾਣੀ, ਜਿਤੁ ਸੁਣੀ=ਜਿਸ ਦੇ ਸੁਣਨ ਨਾਲ, ਰਸਿ=ਆਨੰਦ
ਵਿਚ, ਹਰਿਆ=ਖਿੜਿਆ,ਆਨੰਦ-ਭਰਪੂਰ, ਰਸਨਾ=ਜੀਭ,
ਵਿਡਾਣੀ=ਅਸਚਰਜ, ਗਤਿ=ਹਾਲਤ, ਅੰਮ੍ਰਿਤ=ਆਤਮਕ
ਆਨੰਦ ਦੇਣ ਵਾਲਾ)
ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥
ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥
ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥
ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥੩੮॥
(ਜੀਉ=ਜਿੰਦ, ਗੁਫਾ=ਸਰੀਰ, ਪਵਣੁ ਵਾਜਾ ਵਜਾਇਆ=ਸੁਆਸ-ਰੂਪ
ਵਾਜਾ ਵਜਾਇਆ, ਨਉ ਦੁਆਰੇ=ਨੌ ਗੋਲਕਾਂ, ੧ ਮੂੰਹ, ੨ ਕੰਨ, ੨ ਅੱਖਾਂ,
੨ ਨਾਸਾਂ, ਗੁਦਾ, ਲਿੰਗ, ਦਸਵਾ ਦੁਆਰ=ਦਿਮਾਗ਼ (ਜਿਸ ਦੀ ਰਾਹੀਂ ਮਨੁੱਖ
ਵਿਚਾਰ ਕਰ ਸਕਦਾ ਹੈ), ਭਾਵਨੀ=ਸਰਧਾ,ਪ੍ਰੇਮ, ਤਹ=ਉਸ ਅਵਸਥਾ ਵਿਚ,
ਅਨੇਕ ਰੂਪ ਨਾਉ=ਅਨੇਕਾਂ ਰੂਪਾਂ ਵਾਲੇ ਪ੍ਰਭੂ ਦਾ ਨਾਮ, ਨਿਧਿ=ਖ਼ਜ਼ਾਨਾ)
ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥
ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥
ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥
ਇਹੁ ਸਚੁ ਸਭਨਾ ਕਾ ਖਸਮੁ ਹੈ ਜਿਸੁ ਬਖਸੇ ਸੋ ਜਨੁ ਪਾਵਹੇ ॥
ਕਹੈ ਨਾਨਕੁ ਸਚੁ ਸੋਹਿਲਾ ਸਚੈ ਘਰਿ ਗਾਵਹੇ ॥੩੯॥
(ਸੋਹਿਲਾ=ਖ਼ੁਸ਼ੀ ਦਾ ਗੀਤ, ਪ੍ਰਭੂ ਦੀ ਸਿਫ਼ਤਿ-ਸਾਲਾਹ
ਦੀ ਬਾਣੀ, ਸਾਚੈ ਘਰਿ=ਸਦਾ-ਥਿਰ ਰਹਿਣ ਵਾਲੇ ਘਰ
ਵਿਚ, ਗਾਵਹੁ=ਗਾਵਹਿ,ਗਾਂਦੇ ਹਨ, ਭਾਵਹਿ=ਜੇ ਤੈਨੂੰ
ਚੰਗੇ ਲੱਗਣ, ਬੁਝਾਵਹੇ=ਤੂੰ ਸੂਝ ਬਖ਼ਸ਼ੇਂ, ਗੁਰਮੁਖਿ=
ਗੁਰੂ ਦੀ ਰਾਹੀਂ, ਪਾਵਹੇ=ਪ੍ਰਾਪਤ ਕਰਦੇ ਹਨ,
ਗਾਵਹੇ=ਗਾਵਹਿ,ਗਾਉਂਦੇ ਹਨ)
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥੪੦॥੧॥
(ਵਿਸੂਰੇ=ਚਿੰਤਾ-ਝੋਰੇ, ਸੰਤਾਪ=ਕਲੇਸ਼, ਸਚੀ ਬਾਣੀ=
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਰਸੇ=
ਸ+ਰਸ ਰਹੇ,ਆਨੰਦ-ਭਰਪੂਰ, ਗੁਰ ਤੇ=ਗੁਰੂ ਤੋਂ, ਸਤਿਗੁਰੁ
ਰਹਿਆ ਭਰਪੂਰੇ=ਗੁਰੂ (ਆਪਣੀ ਬਾਣੀ ਵਿਚ) ਭਰਪੂਰ ਹੈ,
ਅਨਹਦ=ਇਕ-ਰਸ, ਤੂਰੇ=ਵਾਜੇ, ਮਨੋਰਥ=ਮਨ ਦੀਆਂ ਲੋੜਾਂ)