ਅਨੁਵਾਦ:ਸੱਚ ਕਦੇ ਲੁੱਕਦਾ ਨਹੀਂ

ਸੱਚ ਕਦੇ ਲੁੱਕਦਾ ਨਹੀਂ
 ਐਂਤਨ ਚੈਖਵ, translated by ਚਰਨ ਗਿੱਲ
44184ਸੱਚ ਕਦੇ ਲੁੱਕਦਾ ਨਹੀਂਚਰਨ ਗਿੱਲਐਂਤਨ ਚੈਖਵ

ਤਿੰਨ ਦੇਸੀ ਘੋੜਿਆਂ ਵਾਲੇ ਤਾਂਗੇ ਦੇ ਪਿੱਛੇ, ਬੇਹੱਦ ਸਾਵਧਾਨੀ ਨਾਲ ਆਪਣੀ ਸ਼ਨਾਖਤ ਨੂੰ ਚੰਗੀ ਤਰ੍ਹਾਂ ਲੁਕੋਈਂ, ਪਿਓਤਰ ਪਾਵਲੋਵਿਚ ਪਾਸੂਜ਼ਿਨ ਕਿਸੇ ਗੁੰਮਨਾਮ ਖ਼ਤ ਦੇ ਬੁਲਾਵੇ ਤੇ – ਲੁਕਵੀਆਂ ਗਲੀਆਂ ਰਾਹੀਂ 'ਨ' - ਪ੍ਰਾਂਤ' ਦੇ ਛੋਟੇ ਜਿਹੇ ਨਗਰ ਵੱਲ ਜਾ ਰਿਹਾ ਸੀ।

'ਉੱਕਾ ਬੇਪਛਾਣ; ਵਾਹ; ਧੁੰਦ-ਧੂੰਏਂ ਵਿੱਚ ਲੁਕਿਆ' ਕੋਟ ਦੇ ਕਾਲਰਾਂ ਵਿੱਚ ਚਿਹਰਾ ਲਮਕਾਈਂ ਉਹ ਮਨ ਹੀ ਮਨ ਇਤਰਾਇਆ। 'ਆਪਣੀਆਂ ਬੇਹੂਦਾ ਚਾਲਾਂ ਦੀ ਕਾਮਯਾਬੀ ਦੇ ਬਾਅਦ, ਹੁਣ, ਇਸ ਖਿਆਲ ਨਾਲ ਕਿ ਕਿੰਨੀ ਚਲਾਕੀ ਨਾਲ ਉਨ੍ਹਾਂ ਨੇ ਆਪਣੀਆਂ ਪੈੜਾਂ ਮਿਟਾ ਦਿੱਤੀਆਂ ਹਨ, ਬੇਹੱਦ ਖਿੜੇ ਹੋਏ ਉਹ ਨੀਚ ਅਸੱਭਿਆ ਇੱਕ ਦੂਜੇ ਦੀਆਂ ਪਿੱਠਾਂ ਥਾਪੜ ਰਹੇ ਹੋਣਗੇ। ਹਾ! ਹਾ! ਜੇਤੂ ਨਸ਼ੇ ਦੇ ਸਿਖਰ ਤੇ ਇਹ ਸੁਣ ਕੇ – 'ਲਿਆਪਕਿਨ ਤਿਆਪਕਿਨ ਨੂੰ ਮੇਰੇ ਕੋਲ ਲਿਆਓ' ਉਨ੍ਹਾਂ ਦੇ ਚਿਹਰਿਆਂ ਦੀਆਂ ਉੜੀਆਂ ਹਵਾਈਆਂ ਅਤੇ ਸਿਰ ਤੇ ਮੰਡਰਾਉਂਦੇ ਖਤਰੇ ਨੂੰ ਮੈਂ ਸਾਫ਼ ਸਾਫ਼ ਵੇਖ ਰਿਹਾ ਹਾਂ। ਕਿੰਨਾ ਬਵਾਲ ਮੱਚੇਗਾ ਓਥੇ। ਹਾ! ਹਾ!'

ਮਨ ਹੀ ਮਨ ਸੋਚਾਂ ਤੋਂ ਅੱਕਣ ਦੇ ਬਾਅਦ ਪਾਸੂਜ਼ਿਨ ਨੇ ਕੋਚਵਾਨ ਨਾਲ ਵਾਰਤਾਲਾਪ ਸ਼ੁਰੂ ਕੀਤੀ। ਪ੍ਰਸਿਧੀ ਦੇ ਲੋਭੀ ਹਰ ਆਦਮੀ ਵਾਂਗ ਉਸਨੇ ਪਹਿਲਾਂ ਆਪਣੇ ਹੀ ਸੰਬੰਧ ਵਿੱਚ ਪੁੱਛਿਆ:

"ਇਹ ਦੱਸ, ਤੈਨੂੰ ਪਤੈ ਪਾਸੂਜ਼ਿਨ ਕੌਣ ਹੈ?"

"ਮੈਨੂੰ ਭਲਾ ਕਿਵੇਂ ਨਾ ਪਤਾ ਹੋਵੇ?" ਕੋਚਵਾਨ ਨੇ ਹਿੜਹਿੜ ਕਰਦਿਆਂ ਕਿਹਾ। "ਸਾਨੂੰ ਪਤੈ ਉਹ ਕੌਣ ਹੈ।"

"ਹੱਸ ਕੀ ਰਿਹਾ ਹੈਂ?"

"ਕਿੰਨਾ ਅਜੀਬ ਹੈ ਇਹ ਸੋਚਣਾ ਕਿ ਪਾਸੂਜ਼ਿਨ ਕੌਣ ਹੈ, ਜਦੋਂ ਕਿ ਜਣਾ ਖਣਾ ਛੋਟੇ ਤੋਂ ਛੋਟੇ ਹਰ ਕਲਰਕ ਨੂੰ ਜਾਣਦਾ ਹੈ। ਇਸ ਲਈ ਤਾਂ ਉਹ ਇੱਥੇ ਹੈ, ਹਰ ਕਿਸੇ ਦੇ ਜਾਣੇ ਜਾਣ ਦੇ ਲਈ।"

"ਠੀਕ – ਤਾਂ ਉਸਦੇ ਬਾਰੇ ਵਿੱਚ ਕੀ ਖਿਆਲ ਹੈ? ਉਹ ਅੱਛਾ ਆਦਮੀ ਹੈ ਨਾ?"

"ਮਾੜਾ ਨਹੀਂ, " ਕੋਚਵਾਨ ਉਬਾਸੀ ਲੈਂਦਾ ਹੈ।" ਉਹ ਇੱਕ ਅੱਛਾ ਭੱਦਰ ਪੁਰਸ਼ ਹੈ; ਆਪਣਾ ਕੰਮ ਸਮਝਦਾ ਹੈ। ਕਰੀਬ ਦੋ ਸਾਲ ਪਹਿਲਾਂ ਹੀ ਤਾਂ ਉਸਨੂੰ ਇੱਥੇ ਭੇਜਿਆ ਗਿਆ ਸੀ, ਅਤੇ ਵੇਖੋ, ਉਸਨੇ ਉਦੋਂ ਤੋਂ ਕਮਾਲ ਕਰ ਦਿੱਤਾ।"

"ਕੀ – ਕੀ ਖ਼ਾਸ ਕੀਤਾ ਉਸਨੇ? ਠੀਕ ਤਰ੍ਹਾਂ ਦੱਸ।"

"ਉਸਨੇ ਕਈ ਵਧੀਆ ਕੰਮ ਕੀਤੇ ਹਨ, ਰੱਬ ਉਸਦਾ ਭਲਾ ਕਰੇ। ਉਹ ਰੇਲਵੇ ਲਿਆਇਆ, ਉਸਨੇ ਖੋਖਰੀਨਕੋਵ ਨੂੰ ਜਲਾਵਤਨ ਕੀਤਾ, ਬਹੁਤ ਹੀ ਖ਼ਰਾਬ ਆਦਮੀ ਸੀ ਉਹ ਖੋਖਰੀਨਕੋਵ; ਬਦਮਾਸ਼, ਕਮੀਨਾ। ਪਹਿਲਾਂ ਵਾਲੇ ਤਾਂ ਉਸਦੀਆਂ ਉਂਗਲਾਂ ਤੇ ਨੱਚਦੇ ਸਨ, ਲੇਕਿਨ ਪਾਸੂਜ਼ਿਨ ਕੀ ਆਇਆ ਕਿ ਖੋਖਰੀਨਕੋਵ ਅਜਿਹਾ ਲੋਪ ਹੋਇਆ ਜਿਵੇਂ ਕਦੇ ਹੁੰਦਾ ਹੀ ਨਹੀਂ ਸੀ। ਜੀ ਹਾਂ, ਸਰ! ਪਾਸੂਜ਼ਿਨ ਦੇ ਹੱਥਾਂ ਵਿੱਚ ਕਦੇ ਰਿਸ਼ਵਤ ਨਹੀਂ ਰੱਖੀ ਜਾ ਸਕਦੀ; ਕਦੇ ਵੀ ਨਹੀਂ! ਜੇਕਰ ਤੁਸੀਂ ਉਸ ਨੂੰ ਸੌ ਜਾਂ ਹਜਾਰ ਰੂਬਲ ਰਿਸ਼ਵਤ ਦਿੰਦੇ ਤਾਂ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਉਹਦੀ ਜਮੀਰ ਤੇ ਪਾਪ ਚੜ੍ਹਾ ਦਿਓਗੇ।"

'ਰੱਬ ਦਾ ਸ਼ੁਕਰ ਹੈ ਘੱਟ ਤੋਂ ਘੱਟ ਇਸ ਸਬੰਧ ਵਿੱਚ ਮੈਨੂੰ ਠੀਕ ਸਮਝਿਆ ਗਿਆ!' ਮਨ ਹੀ ਮਨ ਪਾਸੂਜ਼ਿਨ ਖੁਸ਼ੀ ਨਾਲ ਫੁੱਲ ਗਿਆ। 'ਸਚਮੁਚ ਸ਼ਾਨਦਾਰ'

"ਉਹ ਖੁਸ਼ਮਿਜਾਜ ਭੱਦਰਪੁਰਸ਼ ਹੈ। ਸਾਡੇ ਕੁਝ ਆਦਮੀ, ਇੱਕ ਵਾਰ, ਉਸਦੇ ਕੋਲ ਕੁੱਝ ਸ਼ਿਕਾਇਤਾਂ ਲੈ ਗਏ ਤਾਂ ਉਸਨੇ ਉਨ੍ਹਾਂ ਦੇ ਨਾਲ ਭੱਦਰਪੁਰਸ਼ਾਂ ਵਰਗਾ ਹੀ ਸਲੂਕ ਕੀਤਾ। ਸਭ ਨਾਲ ਹੱਥ ਮਿਲਾਇਆ ਤੇ ਬੋਲਿਆ, 'ਆਈਏ ਬੈਠੀਏ।' ਬਹੁਤ ਫੁਰਤੀਲਾ, ਸਗੋਂ ਤੱਤਾ ਭੱਦਰਪੁਰਸ਼ ਹੈ ਉਹ; ਟਿਕਾਊ ਸ਼ਾਂਤ ਚਰਚਾ ਜਰਾ ਪਸੰਦ ਨਹੀਂ ਉਸਨੂੰ, ਇੱਕਦਮ ਫਟਾਫਟ – ਹਮੇਸ਼ਾ ਫਟਾਫਟ! ਧੀਮੇ ਕਦਮ ਜਰਾ ਨਹੀਂ, ਬਿਲਕੁਲ ਨਹੀਂ! ਹਮੇਸ਼ਾ ਭੱਜਦਾ, ਭੱਜਦਾ ਹੋਇਆ। ਸਾਡੇ ਲੋਕਾਂ ਦੀ ਗੱਲ ਪੂਰੀ ਹੋਈ ਨਹੀਂ ਹੋਈ ਕਿ ਚੀਖ ਪਿਆ: 'ਗੱਡੀ ਲਿਆਓ!' ਅਤੇ ਸਿੱਧਾ ਇੱਥੇ, ਸਾਡੇ ਇੱਥੇ ਚਲਾ ਆਇਆ। ਸਾਰੇ ਮਾਮਲੇ ਅੱਖ ਦੇ ਫੋਰੇ ਵਿਚ ਨਿਬੇੜ ਦਿੱਤੇ, ਇੱਕ ਕੋਪੇਕ ਦੀ ਵੀ ਰਿਸ਼ਵਤ ਨਹੀਂ ਲਈ। ਪਿਛਲੇ ਵਾਲੇ ਤੋਂ ਹਜ਼ਾਰ ਗੁਣਾ ਬਿਹਤਰ ਹੈ ਉਹ, ਹਾਂਲਾਕਿ ਉਹ ਵੀ ਭਲਾ ਸੀ। ਉਹ ਸਾਫ਼ ਸੁਥਰਾ ਸੀ, ਅਤੇ ਚਮਕ-ਦਮਕ ਬਣਾ ਕੇ ਰੱਖਣਾ ਪਸੰਦ ਕਰਦਾ ਸੀ, ਲੇਕਿਨ ਪੂਰੇ ਇਲਾਕੇ ਵਿੱਚ ਕੋਈ ਉਸ ਨਾਲੋਂ ਉੱਚੀ ਆਵਾਜ਼ ਨਾਲ ਨਹੀਂ ਬੋਲ ਸਕਦਾ ਸੀ। ਸੜਕ ਤੇ ਜਦੋਂ ਹੁੰਦਾ ਦਸ ਮੀਲ ਤੱਕ ਉਸਦੀ ਆਵਾਜ਼ ਸੁਣਾਈ ਦਿੰਦੀ। ਲੇਕਿਨ ਕੰਮ ਦੇ ਨਿਪਟਾਰੇ ਦੇ ਸਬੰਧ ਵਿੱਚ ਹੁਣ ਵਾਲਾ ਹਜ਼ਾਰ ਗੁਣਾ ਤੇਜ਼। ਇਸ ਦਾ ਭੇਜਾ ਖੋਪੜੀ ਦੇ ਐਨ ਠਿਕਾਣੇ ਹੀ ਨਹੀਂ ਦੂਜੇ ਵਾਲੇ ਦੇ ਨਾਲੋਂ ਸੌ ਗੁਣਾ ਵੱਡਾ ਹੈ। ਇਹ ਹਰ ਤਰ੍ਹਾਂ ਵਧੀਆ ਆਦਮੀ ਹੈ; ਸਿਰਫ ਇੱਕ ਹੀ ਗੱਲ ਮਾੜੀ ਹੈ – ਪਿਅੱਕੜ ਹੈ!'

'ਹੇ ਭਗਵਾਨ!' ਪਾਸੂਜ਼ਿਨ ਸੋਚਣ ਲਗਾ। "ਤੈਨੂੰ ਕਿਵੇਂ ਪਤਾ" ਉਸਨੇ ਪੁੱਛਿਆ, "ਕਿ ਮੈਂ – ਕਿ ਉਹ ਸ਼ਰਾਬੀ ਹੈ?"

"ਓਹ, ਬੇਸ਼ੱਕ, ਹੁਜੂਰ ਹਾਲਾਂਕਿ ਮੈਂ ਉਸਨੂੰ ਕਦੇ ਵੀ ਨਸ਼ਾ ਕੀਤੇ ਹੋਏ ਨਹੀਂ ਵੇਖਿਆ। ਜੋ ਸੱਚ ਨਹੀਂ ਉਹ ਨਹੀਂ ਕਹਾਂਗਾ, ਦਰਅਸਲ ਲੋਕਾਂ ਨੇ ਮੈਨੂੰ ਦੱਸਿਆ – ਹਾਲਾਂਕਿ ਉਨ੍ਹਾਂ ਨੇ ਵੀ ਉਸਨੂੰ ਨਸ਼ਾ ਕੀਤੇ ਹੋਏ ਨਹੀਂ ਵੇਖਿਆ; ਲੇਕਿਨ ਉਸਦੇ ਬਾਰੇ ਵਿੱਚ ਅਜਿਹਾ ਹੀ ਕਿਹਾ ਜਾਂਦਾ ਹੈ। ਪਬਲਿਕ ਸਥਾਨਾਂ ਤੇ, ਜਾਂ ਕਿਸੇ ਨਾਲ ਮੁਲਾਕਾਤ ਦੇ ਦੌਰਾਨ, ਜਾਂ ਨਾਚ-ਪਾਰਟੀਆਂ ਦੇ ਵਿੱਚ ਵੀ ਉਹ ਨਹੀਂ ਪੀਂਦਾ; ਉਹ ਘਰ ਵਿੱਚ ਹੀ ਸੁੜ੍ਹਾਕਦਾ ਹੈ। ਸਵੇਰੇ ਉੱਠਿਆ, ਅੱਖਾਂ ਮਲ਼ੀਆਂ, ਕਿ ਧਿਆਨ ਵਿੱਚ ਉਸਦੇ ਪਹਿਲੀ ਚੀਜ਼ ਜੋ ਪੈਂਦੀ ਹੈ, ਉਹ ਹੁੰਦੀ ਹੈ ਵੋਦਕਾ! ਉਸਦਾ ਘਰੇਲੂ ਨੌਕਰ ਇੱਕ ਗਲਾਸ ਭਰ ਕੇ ਲਿਆਇਆ ਨਹੀਂ ਕਿ ਗਲੇ ਉਤਾਰ ਤੁਰਤ ਦੂਜਾ ਮੰਗਵਾਉਂਦਾ ਹੈ, ਅਤੇ ਇਸੇ ਤਰ੍ਹਾਂ ਹਰ ਰੋਜ਼। ਹੋਰ ਇੱਕ ਪਤੇ ਦੀ ਗੱਲ ਦੱਸਾਂ ਕਿ ਇੰਨਾ ਪੀਣ ਤੇ ਵੀ ਉਹਦੇ ਤੇ ਭੋਰਾ ਅਸਰ ਨਹੀਂ ਹੁੰਦਾ! ਆਪਣੇ ਆਪ ਨੂੰ ਆਪੇ ਵਿੱਚ ਰੱਖਣਾ ਬਖ਼ੂਬੀ ਜਾਣਦਾ ਹੈ। ਜਦੋਂ ਆਪਣਾ ਖੋਖਰੀਨਕੋਵ ਪੀ ਕੇ ਆਉਂਦਾ ਸੀ ਤੱਦ ਲੋਕ ਤਾਂ ਕੀ ਕੁੱਤੇ ਤੱਕ ਭੌਂਕਦੇ ਸਨ, ਲੇਕਿਨ ਪਾਸੂਜ਼ਿਨ ਦਾ ਨੱਕ ਤੱਕ ਲਾਲ ਨਹੀਂ ਹੁੰਦਾ। ਆਪਣੇ ਪੜ੍ਹਨ ਕਮਰੇ ਵਿੱਚ ਜਾ ਬੈਠਦਾ ਹੈ ਅਤੇ ਸੁੜ੍ਹਾਕਦਾ ਰਹਿੰਦਾ ਹੈ। ਉਸਨੇ ਆਪਣੀ ਮੇਜ ਤੇ ਇੱਕ ਤਰ੍ਹਾਂ ਦੇ ਭਾਂਡੇ ਵਿੱਚ ਨਲੀ ਫਿਟ ਕੀਤੀ ਹੋਈ ਹੈ ਤਾਂ ਕਿ ਕੋਈ ਨਾ ਜਾਣ ਸਕੇ ਉਹ ਕੀ ਕਰ ਰਿਹਾ ਹੈ ਜਦੋਂ ਕਿ ਭਾਂਡਾ ਵੋਦਕਾ ਨਾਲ ਲਬਾਲਬ ਭਰੀ ਰੱਖਦਾ ਹੈ। ਥੋੜ੍ਹੀ ਜਿਹੀ ਹਰਕਤ ਦੀ ਦਰਕਾਰ – ਬਸ, ਛੋਟੀ ਜਿਹੀ ਨਲੀ ਦੇ ਸਿਰੇ ਤੱਕ ਝੁਕੋ, ਸੁੜ੍ਹਾਕੋ ਅਤੇ ਮਦਮਸਤ ਹੋ ਜਾਓ। ਬਾਹਰ ਘੁੰਮਦੇ ਸਮੇਂ ਵੀ, ਆਪਣੇ ਬੈਗ ਵਿੱਚ ..."

'ਇਨ੍ਹਾਂ ਨੂੰ ਇਹ ਸਭ ਕਿਵੇਂ ਪਤਾ?' ਬੇਹੱਦ ਖੌਫਜ਼ਦਾ ਪਾਸੂਜ਼ਿਨ ਸੋਚਦਾ ਹੈ। 'ਹੇ ਭਗਵਾਨ, ਇਹ ਵੀ ਉਨ੍ਹਾਂ ਨੂੰ ਪਤਾ ਹੈ! ਹੱਦ ਹੋ ਗਈ!'

"ਅਤੇ ਫਿਰ, ਇਸਤਰੀਆਂ ਦੇ ਮਾਮਲੇ ਵਿੱਚ, ਉਹ ਵੱਡਾ ਬਦਮਾਸ਼ ਹੈ।" ਚਾਲਕ ਨੇ ਹੱਸਦੇ ਹੱਸਦੇ ਮਸਖ਼ਰੇ ਅੰਦਾਜ਼ ਵਿੱਚ ਸਿਰ ਹਿਲਾਇਆ। "ਬੇਹੱਦ ਲੱਜਾਜਨਕ ਗੱਲ ਹੈ, ਸੱਚਮੁਚ ਸ਼ਰਮਨਾਕ! ਉਸਨੇ ਦਸ ਰਖੇਲਾਂ ਰੱਖ ਰੱਖੀਆਂ ਹਨ। ਦੋ ਤਾਂ ਉਸ ਦੇ ਘਰ ਵਿੱਚ ਹੀ ਰਹਿੰਦੀਆਂ ਹਨ। ਇੱਕ ਦਾ ਨਾਮ ਹੈ ਨਤਾਸਿਆ ਇਵਾਨੋਵਨਾ; ਉਸਨੂੰ ਇੱਕ ਤਰ੍ਹਾਂ ਨਾਲ, ਮਹਾਰਾਣੀ ਬਣਾ ਰੱਖਿਆ ਹੈ; ਦੂਜੀ, ਕੀ ਅਜੀਬ ਨਾਮ ਉਸਦਾ? ਓਹ ਹਾਂ, ਲੁਡਮਿਲਾ ਸੇਮਿਓਨੋਵਨਾ। ਉਹ ਇਉਂ ਜਿਵੇਂ ਉਸਦੀ ਸੈਕਟਰੀ ਹੋਵੇ। ਦੂਜੀਆਂ ਦੀ ਸਰਗਣਾ ਹੈ ਨਤਾਸਿਆ। ਉਸਦੇ ਕੋਲ ਇੰਨੀ ਸ਼ਕਤੀਆਂ ਹਨ ਕਿ ਲੋਕ ਪਾਸੂਜ਼ਿਨ ਨਾਲੋਂ ਉਸ ਤੋਂ ਜਿਆਦਾ ਖੌਫ਼ ਖਾਂਦੇ ਹਨ। ਅਤੇ, ਤੀਜੀ ਛਿਛੋਰੀ ਦਾ ਕੀ ਕਹਿਣਾ – ਉਹ ਕਾਚਿਆਲਾਨੇ ਸਟਰੀਟ ਵਿੱਚ ਰਹਿੰਦੀ ਹੈ। ਕਿੰਨਾ ਸ਼ਰਮਨਾਕ!"

'ਇਹ ਤਾਂ ਉਨ੍ਹਾਂ ਦੇ ਨਾਮ ਤੱਕ ਜਾਣਦਾ ਹੈ,' ਪਾਸੂਜ਼ਿਨ ਸੋਚਣ ਲਗਾ, ਉਸਦਾ ਚਿਹਰਾ ਕਿਰਮਚੀ ਹੋ ਗਿਆ। 'ਤੇ ਸੋਚੋ ਜਰਾ, ਕੌਣ ਹੈ ਇਹ? – ਇੱਕ ਮਾਮੂਲੀ ਕਿਸਾਨ, ਕੋਚਵਾਨ! ਕਿੰਨੀ ਭੱਦੀ ਗੱਲ!' "ਤੈਨੂੰ ਇਹ ਸਭ ਕਿਵੇਂ ਪਤਾ ਚੱਲਿਆ?" ਉਸਨੇ ਚਿੜਦੇ ਹੋਏ ਪੁੱਛਿਆ।

"ਲੋਕ ਕਹਿੰਦੇ ਹਨ। ਮੈਂ ਖ਼ੁਦ ਆਪ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ, ਲੇਕਿਨ ਹੋਰਾਂ ਦੇ ਮੂੰਹੋਂ ਸੁਣਿਆ। ਠੀਕ ਕੀ ਹੈ ਕਹਿ ਨਹੀਂ ਸਕਦਾ। ਕਿਸੇ ਨੌਕਰ ਦਾ ਜਾਂ ਕੋਚਵਾਨ ਦਾ ਮੂੰਹ ਬੰਦ ਕਰਨਾ ਮੁਸ਼ਕਲ ਹੈ, ਅਤੇ ਫਿਰ, ਬਹੁਤ ਕਰਕੇ ਇਹ ਵੀ ਸੰਭਵ ਕਿ ਨਤਾਸਿਆ ਥਾਂ ਥਾਂ ਗਲੀ ਗਲੀ ਘੁੰਮ ਕੇ ਆਪਣੀ ਹੈਸੀਅਤ ਦਾ ਅਹਿਸਾਸ ਹੋਰਨਾਂ ਇਸਤਰੀਆਂ ਨੂੰ ਕਰਾਂਦੀ ਫਿਰਦੀ ਹੋਵੇ। ਕੋਈ ਵੀ ਅਜਿਹਾ ਆਦਮੀ ਨਜ਼ਰਾਂ ਤੋਂ ਲੁਕਿਆ ਨਹੀਂ ਰਹਿ ਸਕਦਾ। ਫਿਰ ਗੱਲ ਇਹ ਕਿ ਇਹ ਪਾਸੂਜ਼ਿਨ ਮੁਆਇਨਿਆਂ ਦੇ ਆਪਣੇ ਦੌਰੇ ਗੁਪਤ ਰੱਖਣ ਲਗਾ ਹੈ। ਬੀਤੇ ਦਿਨੀਂ ਜਦੋਂ ਕਦੇ ਬਾਹਰ ਜਾਣ ਦਾ ਫ਼ੈਸਲਾ ਲੈਂਦਾ, ਤਾਂ ਮਹੀਨਾ ਭਰ ਪਹਿਲਾਂ ਰੌਲਾ ਪਾ ਦਿੰਦਾ ਹੁੰਦਾ ਸੀ ਅਤੇ ਜਦੋਂ ਜਾਂਦਾ ਇੰਨਾ ਹੋਹੱਲਾ, ਇੰਨਾ ਊਧਮ, ਇੰਨਾ ਰੌਲਾ ਹੁੰਦਾ – ਭਗਵਾਨ ਬਚਾਏ! ਅੱਗੇ, ਪਿੱਛੇ ਅਤੇ ਦੋਨੋਂ ਪਾਸੇ ਘੁੜਸਵਾਰ। ਆਪਣੀ ਮੰਜਲ ਤੇ ਪਹੁੰਚ, ਜਰਾ ਝਪਕੀ ਲਈ, ਰੱਜ ਕੇ ਖਾ ਪੀ ਲਿਆ ਅਤੇ ਫਿਰ ਚੀਖ਼ ਚੀਖ਼ ਪੈਰ ਪਟਕ ਪਟਕ ਪ੍ਰਸ਼ਾਸਨੀ ਕੰਮ ਕਰ ਦੂਜੀ ਝਪਕੀ ਲਈ, ਜਿਹੋ ਜਿਹਾ ਆਇਆ ਉਹੋ ਜਿਹਾ ਹੀ ਪਰਤ ਗਿਆ। ਹਾਲਾਂਕਿ ਹੁਣ ਕੋਈ ਗੱਲ ਕੰਨਾਂ `ਚ ਪਈ ਨਹੀਂ ਕਿ ਉਹ ਚੁੱਪਚਾਪ ਮੌਕੇ ਦੀ ਤਾੜ ਵਿੱਚ ਰਹਿੰਦਾ ਹੈ ਤਾਂ ਕਿ ਕੋਈ ਵੇਖ ਨਾ ਲਏ – ਅਤੇ ਉਹ ਗੁਪਤੋ ਗੁਪਤੀ ਬਿਜਲੀ ਦੇ ਲਿਸ਼ਕਾਰੇ ਵਾਂਗ ਨਿਕਲ ਜਾਵੇ। ਹਾਂ, ਲੋਕੀਂ ਮਜ਼ਾਕ ਕਰਦੇ ਹਨ! ਉਹ ਘਰ ਤੋਂ ਬਾਹਰ ਇਉਂ ਖਿਸਕਦਾ ਹੈ ਕਿ ਕੋਈ ਕਰਮਚਾਰੀ ਵੇਖ ਨਾ ਸਕੇ, ਅਤੇ ਟ੍ਰੇਨ ਜਾ ਫੜਦਾ ਹੈ। ਮਿੱਥੇ ਸਟੇਸ਼ਨ ਤੇ ਪਹੁੰਚਿਆ ਨਹੀਂ ਤਾਂ ਤੇਜ ਤੱਰਾਰ ਘੋੜਿਆਂ ਨਾਲ ਲੈਸ ਡਾਕ ਗੱਡੀ ਤੇ ਨਾ ਹੀ ਕਿਸੇ ਬੱਘੀ ਤੇ ਸਵਾਰ ਹੁੰਦਾ ਹੈ, ਸਗੋਂ ਭੀੜ ਵਿੱਚ ਵੜ ਲੁਕ ਕੇ ਬਾਹਰ ਨਿਕਲ ਆਪਣੇ ਆਪ ਨੂੰ ਕਿਸੇ ਔਰਤਾਂ ਵਰਗੇ ਸ਼ੌਲ ਵਿੱਚ ਲਪੇਟ ਕਿਸੇ ਆਮ ਜਿਹੇ ਕਿਸਾਨ ਦੀ ਗੱਡੀ ਤੇ ਸਵਾਰ ਹੋ ਜਾਂਦਾ ਹੈ ਅਤੇ ਸਾਰਾ ਰਸਤਾ ਕਿਸੇ ਬੁੱਢੇ ਕੁੱਤੇ ਵਾਂਗ ਖਰਖਰਾਂਦਾ ਰਹਿੰਦਾ ਹੈ ਤਾਂ ਕਿ ਉਸਦੀ ਆਵਾਜ਼ ਸਿਆਣੀ ਨਾ ਜਾਵੇ। ਲੋਕ ਏਨੇ ਮਜ਼ੇ ਨਾਲ ਇਹ ਸਭ ਸੁਣਾਉਂਦੇ ਹਨ ਕਿ ਹੱਸਦੇ ਹੱਸਦੇ ਢਿੱਡ ਫਟ ਜਾਵੇ। ਮੂੜ੍ਹ ਬਣਿਆ ਗੱਡੀ ਵਿੱਚ ਸਵਾਰ ਸੋਚਦਾ ਹੋਵੇਗਾ ਕੋਈ ਕੀ ਸਿਆਣੂੰ। ਲੇਕਿਨ ਜਰਾ ਵੀ ਦਿਮਾਗ ਵਾਲਾ ਕੋਈ ਪਛਾਣ ਲੈਂਦਾ ਹੈ ਕਿ ਕੌਣ ਹੈ – ਠਾਹ!"

"ਕਿਵੇਂ? ਕਿਵੇਂ?"

"ਬੜੀ ਸੌਖ ਨਾਲ। ਬੀਤੇ ਦਿਨੀਂ, ਇੰਜ ਹੀ ਆਉਂਦੇ ਜਾਂਦੇ ਖੋਖਰੀਨਕੋਵ ਨੂੰ ਉਸਦੇ ਭਾਰੀ ਹੱਡਲ ਹੱਥਾਂ ਤੋਂ ਤਾੜ ਲਿਆ ਜਾਂਦਾ ਸੀ। ਜਿਸਨੂੰ ਗੱਡੀ ਤੇ ਬੈਠਾਇਆ ਜੇਕਰ ਮੂੰਹ ਤੇ ਗਾਲ਼ ਬਕੇ ਸਮਝੋ ਖੋਖਰੀਨਕੋਵ। ਜਦੋਂ ਕਿ ਪਾਸੂਜ਼ਿਨ ਨੂੰ ਤਾਂ ਵੇਖਦੇ ਹੀ ਪਹਿਚਾਣ ਸਕਦੇ ਹੋ। ਆਮ ਜਿਹੀ ਸਵਾਰੀ ਦਾ ਚਾਲ ਚਲਣ ਸਿੱਧਾ ਸਾਦਾ, ਲੇਕਿਨ ਪਾਸੂਜ਼ਿਨ ਸਰਲਤਾ ਤੋਂ ਕੋਹਾਂ ਦੂਰ। ਨਗਰ ਪਹੁੰਚ ਕੋਚਵਾਨ ਪੁੱਛਦਾ ਹੈ ਕਿੱਥੇ ਚੱਲੀਏ? – ਡਾਕ ਬੰਗਲਾ – ਉਹ ਯਕਦਮ ਚੀਖ਼ ਪੈਂਦਾ ਹੈ। ਜਗ੍ਹਾ ਮੁਸ਼ਕ ਮਾਰਦੀ ਹੁੰਦੀ ਹੈ, ਜਾਂ ਖੂਬ ਗਰਮ, ਜਾਂ ਖੂਬ ਠੰਡੀ; ਉਹ ਤਾਜ਼ਾ ਮੁਰਗੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਫਲ ਅਤੇ ਮੁਰੱਬੇ ਮੰਗਵਾਉਂਦਾ ਹੈ। ਇਸ ਤਰ੍ਹਾਂ ਡਾਕ ਬੰਗਲਿਆਂ ਤੇ ਉਸਨੂੰ ਪਛਾਣ ਲਿਆ ਜਾਂਦਾ ਹੈ; ਸਰਦੀਆਂ ਵਿੱਚ ਕੋਈ ਮੁਰਗੀਆਂ ਅਤੇ ਫਲ ਮੰਗਵਾਏ ਸਮਝੋ ਪਾਸੂਜ਼ਿਨ ਹੈ। ਜੇਕਰ ਕੋਈ ਖ਼ੂਬ ਬਣਦੇ ਹੋਏ ਕਹੇ 'ਮਾਈ ਡੀਅਰ ਫੈਲੋ', ਅਤੇ ਫੇਰ ਆਲੇ ਦੁਆਲੇ ਦੇ ਲੋਕਾਂ ਨੂੰ ਮੂਰਖਾਂ ਵਾਂਗ ਇੱਧਰ ਉਧਰ ਭਜਾਉਂਦਾ ਫਿਰੇ, ਪੱਕਾ ਮੰਨ ਲਉ ਪਾਸੂਜ਼ਿਨ ਹੀ ਹੈ। ਅਤੇ ਫਿਰ, ਉਸਦੀ ਦੇਹ ਤੋਂ ਆਮ ਲੋਕਾਂ ਵਰਗੀ ਮੁਸ਼ਕ ਨਹੀਂ ਆਉਂਦੀ, ਅਤੇ, ਸੌਣ ਸਮੇਂ ਲਿਟਣ ਦਾ ਉਸਦਾ ਆਪਣਾ ਹੀ ਵਿਸ਼ੇਸ਼ ਲਹਿਜਾ ਹੈ। ਡਾਕ ਬੰਗਲੇ ਵਿੱਚ ਉਹ ਸੋਫੇ ਤੇ ਲੇਟ ਚਾਰੇ ਪਾਸੇ ਇਤਰ ਛਿੜਕ ਸਿਰਹਾਣੇ ਤਿੰਨ ਮੋਮਬਤੀਆਂ ਜਲਵਾ ਕੇ ਅਖ਼ਬਾਰ ਪੜ੍ਹਦਾ ਹੈ। ਕੋਈ ਆਦਮੀ ਕੀ ਇੱਕ ਬਿੱਲੀ ਵੀ ਇਹ ਸਭ ਵੇਖ ਦੱਸ ਦੇਵੇ ਇਹ ਕੌਣ ਸ਼ਖਸ ਹੈ।"

'ਹਾਂ' ਪਾਸੂਜ਼ਿਨ ਸੋਚਣ ਲਗਾ, 'ਮੈਂ ਪਹਿਲਾਂ ਤੋਂ ਖ਼ਿਆਲ ਕਿਉਂ ਨਹੀਂ ਰੱਖਿਆ?'

"ਤੇ ਹੋਰ ਸੁਣੋ, ਉਸਨੂੰ ਤਾਂ ਫਲਾਂ, ਮੁਰਗੀਆਂ ਦੇ ਬਿਨਾਂ ਵੀ ਸਿਆਣਿਆ ਜਾ ਸਕਦਾ ਹੈ। ਟੈਲੀਗਰਾਮ ਨਾਲ ਸਭ ਕੁੱਝ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ। ਚਾਹੇ ਜਿੰਨਾ ਚਿਹਰਾ ਢਕ ਲਵੇ, ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁੱਕਾ ਲਵੇ, ਇੱਥੇ ਵੈਸੇ ਹੀ ਖ਼ਬਰ ਪਹੁੰਚ ਜਾਂਦੀ ਹੈ ਕਿ ਉਹ ਆ ਰਿਹਾ ਹੈ। ਲੋਕ ਉਸਦੀ ਬਾਟ ਜੋਂਹਦੇ ਹਨ। ਪਾਸੂਜ਼ਿਨ ਨੇ ਉੱਧਰ ਘਰ ਛੱਡਿਆ, ਵਿਦਾ ਲਈ, ਏਧਰ ਉਸਦੇ ਲਈ ਸਭ ਕੁੱਝ ਤਿਆਰ! ਕਿਸੇ ਨੂੰ ਅਚਾਨਕ ਧਰ ਫੜ ਗਿਰਫਤਾਰ ਕਰਨ, ਜਾਂ ਬਰਖ਼ਾਸਤ ਕਰਨ ਆ ਰਿਹਾ ਹੈ; ਉਹ ਉਸ ਤੇ ਹੱਸਦੇ ਹਨ। 'ਹਾਂ ਜਨਾਬ', ਉਹ ਕਹਿੰਦੇ ਹਨ, “ਹਾਲਾਂਕਿ ਤੁਸੀਂ ਭਲੇ ਅਚਾਨਕ ਆਏ, ਤਦ ਵੀ ਇੱਥੇ ਸਭ ਕੁੱਝ ਠੀਕ ਠਾਕ ਹੈ! ਏਧਰ ਉੱਧਰ ਚੱਕਰ ਲਗਾ ਓੜਕ ਆਇਆ ਬਰੰਗ ਹੀ ਪਰਤ ਜਾਂਦਾ ਹੈ। ਬੇਸ਼ੱਕ, ਸਭ ਦੀ ਪ੍ਰਸ਼ੰਸਾ ਕਰ ਹੱਥ ਮਿਲਾ ਵਿਘਨ ਪਾਉਣ ਲਈ ਮਾਫੀ ਮੰਗਦਾ ਹੈ। ਬਿਲਕੁਲ ਸੱਚ ਕਹਿ ਰਿਹਾ ਹਾਂ, ਸਰ, ਇੱਥੇ ਲੋਕ ਵੱਡੇ ਉਸਤਾਦ ਹਨ। ਹਰ ਕੋਈ ਇੰਨਾ ਤਿੱਖਾ ਕਿ ਪੁੱਛੋ ਨਾ! ਅਸੀਂ ਸਾਰੇ ਸ਼ੈਤਾਨ ਦੀ ਟੂਟੀ ਹਾਂ ਨਿਰੇ! ਮਸਲਨ, ਅੱਜ ਹੀ ਕੀ ਹੋਇਆ, ਜਰਾ ਸੁਣੋ। ਅੱਜ ਸੁਬਹ ਖਾਲੀ ਛਕੜਾ ਲਈ ਸੜਕ ਤੇ ਨਿਕਲਿਆ ਹੀ ਸੀ ਕਿ ਯਹੂਦੀ ਰੇਸਤਰਾਂ ਦਾ ਮਾਲਿਕ ਮੇਰੀ ਵੱਲ ਭੱਜਿਆ ਆਇਆ। 'ਕਿੱਥੇ ਚਲੀਏ ਯਹੂਦੀ – ਸਵਾਮੀ?"ਮੈਂ ਪੁੱਛਿਆ। ... 'ਕੁੱਝ ਸ਼ਰਾਬ ਕੁੱਝ ਫਲ ਆਦਿ ਲੈਣ ਨਗਰ – ਨ ਜਾਣਾ ਹੈ,' ਉਹ ਕਹਿੰਦਾ ਹੈ, 'ਜਨਾਬ ਪਾਸੂਜ਼ਿਨ ਸ਼ਾਇਦ ਅੱਜ ਤਸ਼ਰੀਫ ਲਿਆ ਰਹੇ ਹਨ; ਐਸੀ ਚਰਚਾ ਹੈ।' ... ਹੁਣ ਤਾਂ ਗੱਲ ਸਾਫ਼ ਹੋ ਗਈ ਨਾ? ... ਅਤੇ ਉੱਧਰ ਪਾਸੂਜ਼ਿਨ ਰਵਾਨਾ ਹੋਣ ਨੂੰ ਤਿਆਰ ਹੋ ਰਿਹਾ ਹੋਵੇਗਾ, ਚਿਹਰਾ ਲਬਾਦੇ ਅਤੇ ਹੋਰ ਸਮੱਗਰੀਆਂ ਨਾਲ ਢਕ ਆਪਣੇ ਆਪ ਨੂੰ ਇੰਜ ਲੁੱਕਾ ਰਿਹਾ ਹੋਵੇਗਾ ਕਿ ਕੋਈ ਪਛਾਣੇ ਨਾ। ਸ਼ਾਇਦ, ਰਸਤੇ ਵਿੱਚ ਚਲਦੇ ਚਲਦੇ ਸੋਚ ਵਿੱਚ ਮਸਤ ਹੋਵੇਗਾ ਕਿਸੇ ਨੂੰ ਨਹੀਂ ਪਤਾ ਕਿ ਉਹ ਆ ਰਿਹਾ ਹੈ, ਫਿਰ ਵੀ ਸ਼ਰਾਬ ਅਤੇ ਮਸਾਲੇਦਾਰ ਕੀਮਾ ਅਤੇ ਪਨੀਰ ਉਸਦੇ ਲਈ ਤਿਆਰ ਹੋਵੇਗਾ। ਬੋਲੋ, ਹੁਣ ਕੀ ਕਹੋਗੇ? ਗੱਡੀ ਤੇ ਸਵਾਰ ਉਹ ਸੋਚ ਰਿਹਾ: 'ਹੁਣ, ਬੱਚੂ, ਤੁਸੀਂ ਲੋਕਾਂ ਦੀ ਖੈਰ ਨਹੀਂ!' ਜਦੋਂ ਕਿ ਉਸਤਾਦਾਂ ਨੇ ਸਭ ਕੁੱਝ ਪਹਿਲਾਂ ਹੀ ਲੁੱਕਾ ਦਿੱਤਾ।"

"ਗੱਡੀ ਮੋੜੋ!" ਪਾਸੂਜ਼ਿਨ ਖਿਝ ਕੇ ਚੀਕਿਆ। "ਸਿੱਧੇ ਵਾਪਸ ਚਲ, ਸਾਲੇ ਬਦਮਾਸ਼!"

ਹੈਰਾਨ ਪ੍ਰੇਸ਼ਾਨ ਚਾਲਕ ਨੇ ਗੱਡੀ ਮੋੜੀ ਅਤੇ ਵਾਪਸੀ ਲਈ ਚਲੇ ਪਾ ਦਿੱਤੇ।