ਅਨੁਵਾਦ:ਸੀਮੈਂਟ ਦੀ ਬੋਰੀ 'ਚੋਂ ਮਿਲੀ ਚਿੱਠੀ

ਸੀਮੈਂਟ ਦੀ ਬੋਰੀ 'ਚੋਂ ਮਿਲੀ ਚਿੱਠੀ
ਯੋਸ਼ੀਕੀ ਹਯਾਮਾ, ਅਨੁਵਾਦਕ ਚਰਨ ਗਿੱਲ

ਮਾਤਸੂਦੋ ਯੋਜ਼ੋਊ ਮਿਕਸਰ ਮਸ਼ੀਨ ਵਿੱਚ ਪਾਉਣ ਲਈ ਸੀਮੈਂਟ ਦੀ ਬੋਰੀ ਖ਼ਾਲੀ ਕਰ ਰਿਹਾ ਸੀ। ਉਸ ਦੇ ਵਾਲ ਅਤੇ ਉਪਰਲਾ ਬੁੱਲ੍ਹ ਸੀਮੈਂਟ ਦੀ ਸਲੇਟੀ ਗਰਦ ਨਾਲ ਲਿੱਪੇ ਗਏ ਸਨ। ਉਸਦੇ ਜਿਸਮ ਦੇ ਹੋਰ ਹਿੱਸਿਆਂ ਤੇ ਗਰਦ ਬਹੁਤੀ ਗੂੜ੍ਹੀ ਨਹੀਂ ਸੀ। ਉਹ ਬੜੀ ਸ਼ਿੱਦਤ ਨਾਲ ਚਾਹੁੰਦਾ ਸੀ ਕਿ ਨੱਕ ਵਿੱਚ ਉਂਗਲ ਘੁਸੇੜ ਕੇ ਸਚਿੱਠੀ ਹੋਏ ਸੀਮੈਂਟ ਨੂੰ ਖੁਰਚ ਖੁਰਚ ਕੇ ਬਾਹਰ ਕੱਢ ਸੁੱਟੇ ਜੋ ਉਸ ਦੀਆਂ ਨਾਸਾਂ ਦੇ ਵਾਲਾਂ ਨਾਲ ਜਮੇ ਹੋਏ ਕੰਕਰੀਟ ਦੀ ਤਰ੍ਹਾਂ ਪਥਰਾ ਚੁੱਕਿਆ ਸੀ ਪਰ ਸੀਮੈਂਟ ਮਿਕਸਰ ਫੀ ਮਿੰਟ ਦਸ ਵਰਗ ਫ਼ੁਟ ਕੰਕਰੀਟ ਮਿਕਸ ਕਰ ਕੇ ਬਾਹਰ ਸੁੱਟ ਰਿਹਾ ਸੀ ਅਤੇ ਉਹ ਉਸ ਦੀ ਰਫ਼ਤਾਰ ਦੇ ਨਾਲ ਚਲਣ ਉੱਤੇ ਮਜਬੂਰ ਸੀ।

ਬਹੁਤ ਤੀਬਰ ਖ਼ਾਹਿਸ਼ ਦੇ ਬਾਵਜੂਦ ਗਿਆਰਾਂ ਘੰਟੇ ਲੰਮੀ ਸਿਫ਼ਟ ਵਿੱਚ ਇੱਕ ਵਾਰ ਵੀ ਉਸਨੂੰ ਆਪਣੀ ਨੱਕ ਸਾਫ਼ ਕਰਨ ਦੀ ਵਿਹਲ ਨਾ ਮਿਲੀ।

ਉਸ ਨੂੰ ਦੋ ਬਰੇਕ ਮਿਲਦੇ ਸਨ। ਇੱਕ ਲੰਚ ਵੇਲੇ ਅਤੇ ਦੂਜੀ ਤਿੰਨ ਵਜੇ। ਲੰਚ ਵੇਲੇ ਸਾਰਾ ਸਮਾਂ ਭੁੱਖਾ ਢਿੱਡ ਭਰਨ ਵਿੱਚ ਨਿਕਲ ਗਿਆ ਸੀ। ਉਸਨੂੰ ਉਮੀਦ ਸੀ ਕਿ ਬਾਅਦ ਦੁਪਹਿਰ ਵਾਲੀ ਬਰੇਕ ਵਿੱਚ ਉਹ ਨੱਕ ਸਾਫ਼ ਕਰ ਲਵੇਗਾ, ਪਰ ਉਸ ਸਮੇਂ ਸੀਮੈਂਟ ਮਿਕਸਰ ਨੂੰ ਸਾਫ਼ ਕਰਨਾ ਪੈ ਗਿਆ, ਨੱਕ ਦੀ ਸਫਾਈ ਦਾ ਸਮਾਂ ਹੀ ਨਾ ਮਿਲਿਆ। ਬਾਅਦ ਦੁਪਹਿਰ ਤਾਂ ਇਵੇਂ ਲੱਗਦਾ ਸੀ ਕਿ ਉਸ ਦਾ ਨੱਕ ਪਲਾਸਟਰ ਆਫ਼ ਪੈਰਿਸ ਦਾ ਬਣਿਆ ਹੈ।

ਸਰਕਦੇ ਸਰਕਦੇ ਦਿਨ ਚਿੱਠੀਮ ਹੋਇਆ। ਉਸ ਦੀਆਂ ਬਾਹਾਂ ਥਕਾਵਟ ਨਾਲ ਚੂਰ ਹੋ ਚੁੱਕੀਆਂ ਸਨ ਅਤੇ ਉਸਨੂੰ ਬੋਰੀ ਚੁੱਕਣ ਲਈ ਆਪਣੀ ਸਾਰੀ ਤਾਕ਼ਤ ਝੋਕਣੀ ਪੈਂਦੀ ਸੀ। ਉਸ ਦੇ ਥੱਕੇ ਹੋਏ ਹੱਥਾਂ ਨੇ ਜਦ ਇੱਕ ਬੋਰੀ ਖ਼ਾਲੀ ਕੀਤੀ ਤਾਂ ਉਸਨੂੰ ਲੱਕੜੀ ਦਾ ਇੱਕ ਛੋਟਾ ਜਿਹਾ ਡਿੱਬਾ ਸੀਮੈਂਟ ਵਿੱਚ ਪਿਆ ਨਜ਼ਰ ਆਇਆ। "ਇਹ ਕੀ ਹੈ?" ਉਹ ਜ਼ਰਾ ਹੈਰਾਨ ਹੋਇਆ ਪਰ ਉਸਨੇ ਉਤਸੁਕਤਾ ਨੂੰ ਆਪਣੇ ਕੰਮ `ਤੇ ਹਾਵੀ ਨਾ ਹੋਣ ਦਿੱਤਾ। ਉਹ ਬੇਲਚੇ ਨਾਲ ਸੀਮੈਂਟ ਤਗਾਰ ਵਿੱਚ ਪਾਉਂਦਾ ਰਿਹਾ ਅਤੇ ਨੱਕੋ-ਨੱਕ ਭਰ ਕੇ ਉਸਨੂੰ ਮਿਕਸਰ ਵਿੱਚ ਖ਼ਾਲੀ ਕਰਕੇ ਦੁਬਾਰਾ ਬੇਲਚੇ ਨਾਲ ਸੀਮੈਂਟ ਪਾਉਣ ਲੱਗਾ।

"ਇੱਕ ਮਿੰਟ," ਉਸਨੇ ਮਨ ਹੀ ਮਨ ਕਿਹਾ, "ਆਖ਼ਰ ਸੀਮੈਂਟ ਦੀ ਬੋਰੀ ਵਿੱਚ ਇਸ ਤਰ੍ਹਾਂ ਦੇ ਡਿੱਬੇ ਦਾ ਭਲਾ ਕੀ ਕੰਮ?" ਉਸਨੇ ਡਿੱਬਾ ਚੁੱਕਿਆ ਅਤੇ ਆਪਣੇ ਝੱਗੇ ਦੇ ਖੀਸੇ ਵਿੱਚ ਪਾ ਲਿਆ। ਇੰਨਾ ਭਾਰੀ ਤਾਂ ਨਹੀਂ ਸੀ। "ਇਸ ਵਿੱਚ ਜ਼ਿਆਦਾ ਰਕਮ ਤਾਂ ਨਹੀਂ ਹੋਣੀ।" ਇੰਨੇ ਨਾਲ ਉਹ ਕੰਮ ਵਿੱਚ ਪਛੜ ਗਿਆ ਸੀ ਅਤੇ ਹੁਣ ਉਸਨੇ ਤੇਜ਼ੀ ਨਾਲ ਬੇਲਚਾ ਚਲਾਉਣਾ ਸੀ। ਮਸ਼ੀਨ ਦੀ ਤਰ੍ਹਾਂ ਉਸਨੇ ਅਗਲੀ ਬੋਰੀ ਖ਼ਾਲੀ ਕੀਤੀ ਅਤੇ ਮਸਾਲੇ ਨਾਲ ਤਗਾਰ ਭਰ ਲਿਆ।

ਹੁਣ ਮਿਕਸਰ ਖਾਲੀ ਖੜਕਣ ਲੱਗਿਆ ਅਤੇ ਇੱਕਾ ਇੱਕ ਰੁਕ ਗਿਆ। ਇਹ ਮਾਤਸੂਦੋ ਯੋਜ਼ੋਊ ਲਈ ਦਿਨ ਦਾ ਕੰਮ ਠੱਪ ਕਰ ਦੇਣ ਦਾ ਵਕਤ ਸੀ। ਉਸਨੇ ਮਿਕਸਰ ਦੇ ਨਾਲ ਲੱਗਿਆ ਰਬੜ ਦਾ ਪਾਇਪ ਚੁੱਕਿਆ ਅਤੇ ਪਹਿਲਾਂ ਆਪਣੇ ਹੱਥ ਮੂੰਹ ਧੋਤੇ। ਫਿਰ ਉਸਨੇ ਲੰਚ ਬਾਕਸ ਗਲ ਵਿੱਚ ਲਮਕਾਇਆ ਅਤੇ ਆਪਣੇ ਘਰ ਵੱਲ ਰਵਾਨਾ ਹੋ ਲਿਆ। ਉਸ ਦਾ ਧਿਆਨ ਕੁੱਝ ਖਾਣ ਨੂੰ, ਅਤੇ ਸਭ ਤੋਂ ਅਹਿਮ ਚਾਵਲਾਂ ਦੀ ਸ਼ਰਾਬ ਦਾ ਪੈੱਗ ਲਾਉਣ ਦਾ ਸੀ।

ਉਹ ਪਾਵਰ ਪਲਾਂਟ ਦੇ ਕੋਲੋਂ ਗੁਜ਼ਰਿਆ। ਉਸਾਰੀ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਿਆ ਸੀ। ਦੱਖਣ-ਪੂਰਬ ਵੱਲ ਕੁੱਝ ਫ਼ਾਸਲੇ ਉੱਤੇ ਏਨਾ ਪਰਬਤ ਦੀਆਂ ਬਰਫ਼ ਨਾਲ ਢਕੀਆਂ ਚੋਟੀਆਂ ਸ਼ਾਮ ਦੀ ਸਿਆਹੀ ਵਿੱਚ ਚਮਕ ਰਹੀਆਂ ਸਨ। ਉਸ ਦਾ ਮੁੜ੍ਹਕੋ ਮੁੜ੍ਹਕਾ ਜਿਸਮ ਇਕਲਚਿੱਠੀ ਠੰਡ ਨਾਲ ਜਕੜਿਆ ਗਿਆ ਅਤੇ ਕੰਬਣੀ ਛਿੜ ਗਈ। ਫਿਰ ਉਹ ਕੇਸੋ ਦਰਿਆ ਦੇ ਕੋਲੋਂ ਗੁਜ਼ਰਿਆ ਜਿਸ ਦੇ ਝੱਗਦਾਰ ਪਾਣੀ ਦੀ ਅਵਾਜ਼ ਸੁਣਾਈ ਦੇ ਰਹੀ ਸੀ।

’’ਸਭ ਨੂੰ ਲਾਹਨਤ, ਇੱਕ ਹੋਰ ਜੁਆਕ, ਨਹੀਂ ਨਹੀਂ।" ਮਾਤਸੂਦੋ ਯੋਜ਼ੋਊ ਨੇ ਸੋਚਿਆ: ਇਹ ਬਰਦਾਸ਼ਤ ਤੋਂ ਬਾਹਰ ਹੈ। ਉੱਕਾ ਬਰਦਾਸ਼ਤ ਤੋਂ ਬਾਹਰ। ਹੁਣ ਫਿਰ ਗਰਭਵਤੀ ਹੈ। ਉਸਨੂੰ ਛੇ ਬੱਚਿਆਂ ਦਾ ਖ਼ਿਆਲ ਆਇਆ ਜੋ ਪਹਿਲਾਂ ਹੀ ਉਨ੍ਹਾਂ ਦੇ ਘਰ ਵਿੱਚ ਕੁਰਬਲ ਕੁਰਬਲ ਕਰਦੇ ਸਨ। ਇਸ ਨਵੇਂ ਬੱਚੇ ਦਾ ਜਨਮ ਆ ਰਹੀਆਂ ਸਰਦੀਆਂ ਵਿੱਚ ਹੋਣ ਵਾਲਾ ਸੀ ਤੇ ਉਹਦੀ ਪਤਨੀ ਇੱਕ ਦੇ ਬਾਅਦ ਇੱਕ ਬੱਚਾ ਜਣਦੀ ਜਾ ਰਹੀ ਸੀ। ਉਹ ਤੰਗ ਆ ਚੁੱਕਿਆ ਸੀ।

ਹੁਣ ਵੇਖੋ। ਉਹ ਬੁੜਬੜਾਇਆ: ਉਹ ਮੈਨੂੰ ਇੱਕ ਯੇੱਨ ਅਤੇ ਨੱਵੇ ਸੇਨ ਇੱਕ ਦਿਨ ਦੇ ਮਿਲਦੇ ਹਨ ਅਤੇ ਉਨ੍ਹਾਂ ਵਿਚੋਂ ਪੰਜਾਹ ਸੇਨ ਇੱਕ ਵਕਤ ਦੇ ਖਾਣੇ ਦੇ... ਦੋ ਵਕਤ ਪੇਟ ਭਰਨਾ ਹੁੰਦਾ ਹੈ ਅਤੇ ਇਸ ਦੇ ਬਾਅਦ ਮਕਾਨ ਦੇ ਕਿਰਾਏ ਅਤੇ ਕੱਪੜਿਆਂ ਦੇ ਖਰਚੇ ਹਨ। ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿ ਇੱਕ ਪੈੱਗ ਲਈ ਪੈਸੇ ਬਚਣਗੇ।

ਐਵੇਂ ਹੀ ਉਸਨੂੰ ਜੇਬ ਵਿੱਚ ਪਏ ਛੋਟੇ ਡਿੱਬੇ ਦਾ ਖ਼ਿਆਲ ਆ ਗਿਆ। ਉਸਨੇ ਉਹ ਕੱਢ ਲਿਆ ਅਤੇ ਉਸਨੂੰ ਆਪਣੇ ਪਾਜਾਮੇ ਨਾਲ ਰਗੜਿਆ ਕਿ ਸੀਮੈਂਟ ਝੜ ਜਾਵੇ। ਡਿੱਬੇ ਉੱਪਰ ਕੁੱਝ ਨਹੀਂ ਲਿਖਿਆ ਸੀ। ਪਰ ਇਹ ਚੰਗੀ ਤਰ੍ਹਾਂ ਬੰਦ ਕੀਤਾ ਹੋਇਆ ਸੀ।

"ਹੂੰ। ਆਖਿਰ ਕਿਉਂ ਕੋਈ ਅਜਿਹੇ ਡਿੱਬੇ ਨੂੰ ਇਸ ਤਰ੍ਹਾਂ ਬੰਦ ਕਰੇਗਾ। ਜੋ ਵੀ ਹੈ, ਬਹੁਤ ਗੁਪਤ ਲੱਗਦਾ ਹੈ।"

ਉਸਨੇ ਡਿੱਬਾਪੱਥਰ ਉੱਤੇ ਮਾਰਿਆ ਪਰ ਢੱਕਣ ਫਿਰ ਵੀ ਨਾ ਉਤਰਿਆ। ਆਖ਼ਰ ਝੁੰਜਲਾ ਕੇ ਉਸਨੇ ਇਸਨੂੰ ਭੁੰਜੇ ਸੁੱਟਿਆ ਅਤੇ ਇਸ ਉੱਤੇ ਇੰਜ ਟੱਪਣ ਲੱਗ ਪਿਆ ਜਿਵੇਂ ਦੁਨੀਆ ਦੇ ਹਾਲ `ਤੇ ਆਪਣਾ ਗੁੱਸਾ ਕੱਢ ਰਿਹਾ ਹੋਵੇ। ਡਿੱਬਾ ਟੁੱਟ ਗਿਆ ਅਤੇ ਜ਼ਮੀਨ ਉੱਤੇ ਇੱਕ ਲੀਰਾਂ ਵਿੱਚ ਲਪੇਟਿਆ ਹੋਇਆ ਕਾਗ਼ਜ਼ ਦਾ ਟੁਕੜਾ ਨਿਕਲ ਕੇ ਡਿੱਗ ਪਿਆ। ਉਸਨੇ ਚੁੱਕਿਆ ਅਤੇ ਪੜ੍ਹਨਾ ਸ਼ੁਰੂ ਕੀਤਾ:

'ਮੈਂ ਇੱਕ ਫੈਕਟਰੀ ਮਜ਼ਦੂਰ ਕੁੜੀ ਹਾਂ ਜੋ ਇੱਕ ਸੀਮੈਂਟ ਕੰਪਨੀ ਵਿੱਚ ਕੰਮ ਕਰਦੀ ਹਾਂ। ਮੈਂ ਸੀਮੈਂਟ ਦੇ ਬੋਰੇ ਸਿਉਂਦੀ ਹਾਂ। ਮੇਰਾ ਪ੍ਰੇਮੀ ਵੀ ਇਸ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦਾ ਕੰਮ ਪੱਥਰ ਉਠਾ ਕੇ ਕਰਸ਼ਰ ਵਿੱਚ ਸੁੱਟਣਾ ਸੀ। 7 ਅਕਤੂਬਰ ਦੀ ਸਵੇਰੇ ਜਦੋਂ ਉਹ ਇੱਕ ਵੱਡਾ ਪੱਥਰ ਸੁੱਟਣ ਲੱਗਿਆ ਤਾਂ ਚਿੱਕੜ ਵਿੱਚ ਫਿਸਲ ਗਿਆ ਅਤੇ ਕਰਸ਼ਰ ਵਿੱਚ ਸਿੱਧਾ ਚੱਟਾਨ ਦੇ ਹੇਠਾਂ ਜਾ ਡਿਗਿਆ।

'ਦੂਜੇ ਲੋਕਾਂ ਨੇ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬੇਕਾਰ। ਉਹ ਪੱਥਰਾਂ ਦੇ ਹੇਠਾਂ ਦੱਬਿਆ ਗਿਆ, ਬਿਲਕੁਲ ਜਿਵੇਂ ਉਸਨੂੰ ਨਿਗਲ ਲਿਆ ਗਿਆ ਹੋਵੇ। ਫਿਰ ਪੱਥਰਾਂ ਦੇ ਨਾਲ ਉਸ ਦਾ ਜਿਸਮ ਵੀ ਚੀਰਿਆ ਗਿਆ ਅਤੇ ਉਹ ਗੁਲਾਬੀ ਪੱਥਰ ਬਣ ਕੇ ਇਜੈਕਟਰ ਤੋਂ ਇੱਕਠੇ ਬਾਹਰ ਨਿਕਲੇ। ਉਹ ਕਨਵੇਅਰ ਬੈਲਟ ਉੱਤੇ ਗਿਰੇ ਅਤੇ ਪੀਹਣ ਵਾਲੀ ਮਸ਼ੀਨ ਉੱਤੇ ਪਹੁੰਚ ਗਏ। ਪੱਥਰਾਂ ਦੇ ਨਾਲ ਨਾਲ ਉਹ ਵੀ ਛੋਟੇ, ਹੋਰ ਛੋਟੇ ਟੁਕੜਿਆਂ ਵਿੱਚ ਤਕਸੀਮ ਹੁੰਦਾ ਗਿਆ ਅਤੇ ਫਿਰ ਇਸ ਵਿੱਚ ਧਾਤ ਦੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਮਿਲਾਈਆਂ ਗਈਆਂ, ਤੇ ਇਸ ਨੂੰ ਪੀਹਣ ਸਮੇਂ ਅਜੀਬ ਤਰ੍ਹਾਂ ਦੀਆਂ ਚੀਕਾਂ ਨਿਕਲ ਰਹੀਆਂ ਸਨ। ਫਿਰ ਉਸ ਚੂਰੇ ਨੂੰ ਭੱਠੀ ਵਿੱਚ ਪਕਾਇਆ ਗਿਆ ਅਤੇ ਉਹ ਸੀਮੈਂਟ ਦੀ ਸ਼ਕਲ ਵਿੱਚ ਢਾਲਿਆ ਗਿਆ।

'ਉਸ ਦੀਆਂ ਹੱਡੀਆਂ, ਉਸ ਦਾ ਗੋਸ਼ਤ, ਉਸ ਦਾ ਦਿਮਾਗ਼ ਸਭ ਪਾਊਡਰ ਵਿੱਚ ਬਦਲ ਗਿਆ ਸੀ। ਮੇਰੇ ਪ੍ਰੇਮੀ ਦਾ ਸਭ ਕੁੱਝ ਸੀਮੈਂਟ ਬਣ ਗਿਆ। ਜੋ ਬਚਿਆ, ਉਹ ਸਿਰਫ ਉਸ ਦੇ ਕੰਮ ਵੇਲੇ ਦੇ ਕੱਪੜਿਆਂ ਦੀਆਂ ਕੁਝ ਲੀਰਾਂ ਸਨ। ਅੱਜ ਮੈਂ ਉਹ ਬੋਰਾ ਸਿਉਣ ਲੱਗੀ ਸੀ ਜਿਸ ਵਿੱਚ ਉਹ ਉਸਨੂੰ ਪਾਉਣਗੇ।

'ਮੈਂ ਇਹ ਚਿੱਠੀ ਉਸ ਦੇ ਸੀਮੈਂਟ ਬਣਨ ਤੋਂ ਅਗਲੇ ਦਿਨ ਲਿਖ ਰਹੀ ਹਾਂ ਅਤੇ ਜਦੋਂ ਮੈਂ ਲਿਖ ਲਵਾਂਗੀ ਤਾਂ ਮੈਂ ਉਸਨੂੰ ਸੀਮੈਂਟ ਦੇ ਇਸ ਬੋਰੇ ਵਿੱਚ ਪਾ ਦਵਾਂਗੀ।

'ਕੀ ਤੁਸੀਂ ਵੀ ਇੱਕ ਮਜ਼ਦੂਰ ਹੋ? ਜੇਕਰ ਹੋ ਤਾਂ ਤਰਸ ਖਾ ਕੇ ਮੈਨੂੰ ਜਵਾਬ ਜ਼ਰੂਰ ਦੇਣਾ ਕਿ ਇਸ ਥੈਲੇ ਦਾ ਸੀਮੈਂਟ ਕਿਸ ਮਕਸਦ ਲਈ ਇਸਤੇਮਾਲ ਹੋਇਆ ਮੈਂ ਇਹ ਜਾਣਨ ਦੀ ਸ਼ਿੱਦਤ ਨਾਲ ਖ਼ਾਹਿਸ਼ਮੰਦ ਹਾਂ। ਇਸ ਤੋਂ ਕਿੰਨਾ ਮਸਾਲਾ ਤਿਆਰ ਹੋਇਆ। ਤੇ ਕੀ ਇਹ ਇੱਕ ਹੀ ਥਾਂ ਇਸਤੇਮਾਲ ਹੋਇਆ ਜਾਂ ਵੱਖ ਵੱਖ ਥਾਵਾਂ ਉੱਤੇ। ਤੁਸੀਂ ਮਿਸਤਰੀ ਹੋ? ਆਰਕੀਟੈਕਟ ਹੋ?

'ਮੈਂ ਉਸਨੂੰ ਕਿਸੇ ਥੀਏਟਰ ਦਾ ਕੋਰੀਡੋਰ ਜਾਂ ਕਿਸੇ ਵੱਡੀ ਹਵੇਲੀ ਦੀ ਦੀਵਾਰ ਬਣਿਆ ਨਹੀਂ ਵੇਖ ਸਕਦੀ। ਪਰ ਆਖ਼ਰ ਇਹ ਰੋਕਣ ਲਈ ਮੈਂ ਕਰ ਹੀ ਕੀ ਸਕਦੀ ਹਾਂ? ਜੇਕਰ ਤੁਸੀਂ ਕੋਈ ਮਜ਼ਦੂਰ ਹੋ ਤਾਂ ਕਿਰਪਾ ਕਰਕੇ ਇਹ ਸੀਮੈਂਟ ਅਜਿਹੀ ਕਿਸੇ ਜਗ੍ਹਾ ਇਸਤੇਮਾਲ ਨਾ ਕਰਨਾ।

'ਮੈਨੂੰ ਖ਼ਿਮਾ ਕਰਨਾ, ਇਹ ਮਸਲਾ ਵੀ ਨਹੀਂ, ਉਸਨੂੰ ਜਿੱਥੇ ਚਾਹੋ, ਇਸਤੇਮਾਲ ਕਰੋ। ਉਹ ਜਿੱਥੇ ਵੀ ਲੱਗੇਗਾ, ਉਸਨੂੰ ਬਿਹਤਰ ਬਣਾਵੇਗਾ। ਉਹ ਬਹੁਤ ਚੰਗਾ ਸ਼ਖਸ ਸੀ ਅਤੇ ਉਹ ਜਿੱਥੇ ਵੀ ਲੱਗਿਆ, ਭਲਾ ਹੀ ਕਰੇਗਾ।

'ਤੁਹਾਨੂੰ ਦੱਸਾਂ, ਉਹ ਬਹੁਤ ਨਿਰਮਾਣ ਸੀ ਪਰ ਦਲੇਰ ਅਤੇ ਤਕੜਾ ਸ਼ਖਸ ਵੀ ਸੀ। ਉਹ ਅਜੇ ਜਵਾਨ ਸੀ। ਮਹਿਜ਼ ਪੰਝੀ ਸਾਲਾਂ ਦਾ, ਛੱਬੀਆਂ ਦਾ ਹੋਣ ਵਾਲਾ ਸੀ। ਮੈਨੂੰ ਇਹ ਜਾਣਨ ਦਾ ਮੌਕਾ ਹੀ ਨਾ ਮਿਲਿਆ ਕਿ ਉਹ ਮੈਨੂੰ ਕਿਸ ਹੱਦ ਤੱਕ ਪਿਆਰ ਕਰਦਾ ਹੈ। ਅਤੇ ਇੱਥੇ ਮੈਂ ਉਸ ਲਈ ਕਫ਼ਨ ਜਾਂ ਸੀਮੈਂਟ ਦਾ ਬੋਰਾ ਸੀ ਰਹੀ ਹਾਂ। ਜਨਾਜ਼ਾ ਗਾਹ ਵਿੱਚ ਜਾਣ ਦੀ ਬਜਾਏ ਉਸ ਦੀਆਂ ਆਖ਼ਰੀ ਰਸਮਾਂ ਭੜਕਦੀ ਭੱਠੀ ਉੱਤੇ ਹੋਈਆਂ। ਪਰ ਮੈਂ ਉਸ ਨੂੰ ਅਲਵਿਦਾ ਕਹਿਣ ਲਈ ਉਸ ਦੀ ਕਬਰ ਦੀ ਨਿਸ਼ਾਨੀ ਕਿਥੋਂ ਲਭਾਂ? ਤੁਸੀਂ ਸਮਝਦੇ ਹੋ ਨਾ, ਮੈਨੂੰ ਜ਼ਰਾ ਵੀ ਅੰਦਾਜ਼ਾ ਤੱਕ ਨਹੀਂ ਕਿ ਉਹ ਕਿੱਥੇ ਦਫਨ ਹੋਵੇਗਾ। ਪੂਰਬ ਜਾਂ ਪੱਛਮ। ਦੂਰ ਜਾਂ ਨਜ਼ਦੀਕ ਜਾਣਨ ਦਾ ਕੋਈ ਤਰੀਕਾ ਨਹੀਂ। ਇਹੀ ਵਜ੍ਹਾ ਹੈ ਕਿ ਮੈਂ ਤੁਹਾਡਾ ਜਵਾਬ ਚਾਹੁੰਦੀ ਹਾਂ। ਜੇਕਰ ਤੁਸੀਂ ਮਜ਼ਦੂਰ ਹੋ ਤਾਂ ਮੈਨੂੰ ਜਵਾਬ ਦਿਓਗੇ। ਦਿਓਗੇ ਨਾ? ਅਤੇ ਬਦਲੇ ਵਿੱਚ ਮੈਂ ਉਸ ਦੇ ਕੰਮ ਵੇਲੇ ਪਾਉਣ ਵਾਲੇ ਕੱਪੜੇ ਦਾ ਟੁਕੜਾ ਦੇ ਰਹੀ ਹਾਂ। ਜੀ ਹਾਂ, ਉਹ ਟੁਕੜਾ ਜਿਸ ਵਿੱਚ ਇਹ ਚਿੱਠੀ ਲਪੇਟੀ ਹੋਈ ਹੈ। ਇਸ ਚੱਟਾਨ ਦੀ ਧੂੜ, ਉਸ ਦੇ ਸਰੀਰ ਦਾ ਮੁੜ੍ਹਕਾ ਸਭ ਇਸ ਕੱਪੜੇ ਦੇ ਅੰਦਰ ਸਮਾਇਆ ਹੈ। ਜਿਸ ਲਿਬਾਸ ਨਾਲੋਂ ਇਹ ਟੁਕੜਾ ਵੱਖ ਹੋਇਆ, ਉਸ ਨੂੰ ਪਹਿਨ ਕੇ, ਉਹ ਮੈਨੂੰ ਕਿਸ ਗਰਮ-ਜੋਸ਼ੀ ਨਾਲ ਗਲੇ ਲਗਾਉਂਦਾ ਸੀ!

'ਮੈਂ ਤੁਹਾਨੂੰ ਬੇਨਤੀ ਕਰਦੀ ਹਾਂ। ਮੇਰੇ ਲਈ ਇੰਨਾ ਕਰ ਦੇਣਾ। ਕਰੋਗੇ ਨਾ? ਮੈਂ ਜਾਣਦੀ ਹਾਂ ਇਹ ਕਾਫ਼ੀ ਝੰਝਟ ਹੈ ਪਰ ਕਿਰਪਾ ਕਰਕੇ ਮੈਨੂੰ ਦੱਸ ਦੇਣਾ ਕਿ ਇਹ ਸੀਮੈਂਟ ਕਦੋਂ ਅਤੇ ਕਿਸ ਸਥਾਨ ਉੱਤੇ, ਕਿਸ ਤਰ੍ਹਾਂ ਦੀ ਜਗ੍ਹਾ `ਤੇ ਇਸਤੇਮਾਲ ਹੋਇਆ ਅਤੇ ਤੁਹਾਡਾ ਆਪਣਾ ਨਾਮ ਵੀ ਅਤੇ ਤੁਸੀਂ ਵੀ ਆਪਣਾ ਖਿਆਲ ਰੱਖਣਾ। ਅਲਵਿਦਾ!' ٭٭٭ ਮਾਤਸੂਦੋ ਨੇ ਬੱਚਿਆਂ ਦੇ ਟੋਲੇ ਨੂੰ ਆਪਣੇ ਇਰਦ-ਗਿਰਦ ਊਧਮ ਮਚਾਉਂਦੇ ਦੇਖਿਆ। ਉਸਨੇ ਚਿੱਠੀ ਦੇ ਆਖ਼ਰ `ਤੇ ਦਿੱਤੇ ਗਏ ਨਾਮ ਅਤੇ ਪਤੇ ਨੂੰ ਵੇਖਿਆ ਅਤੇ ਪਿਆਲੇ ਵਿੱਚ ਪਾਈ ਚਾਵਲਾਂ ਦੀ ਸ਼ਰਾਬ ਇੱਕ ਹੀ ਵਾਰ ਵਿੱਚ ਸੰਘ `ਚੋਂ ਉਤਾਰ ਲਈ।

"ਮੈਂ ਅੱਜ ਰੱਜ ਕੇ ਪੀਣੀ ਹੈ।" ਉਹ ਚਿਲਾਇਆ। "ਮੈਂ ਹੱਥ ਲੱਗਣ ਵਾਲੀ ਹਰ ਚੀਜ਼ ਤੋੜ ਸੁੱਟਾਂਗਾ।"

"ਮੈਂ ਤੈਨੂੰ ਹੁੱਲੜ ਮਚਾਣ ਨਹੀਂ ਦਿਆਂਗੀ। ਕਦੇ ਬੱਚਿਆਂ ਦਾ ਸੋਚਿਆ ਹੈ ਤੂੰ?"

ਉਸਨੇ ਆਪਣੀ ਪਤਨੀ ਦਾ ਉਭਰਿਆ ਹੋਇਆ ਢਿੱਡ ਵੇਖਿਆ ਅਤੇ ਆਪਣੇ ਸੱਤਵੇਂ ਬੱਚੇ ਬਾਰੇ ਸੋਚਣ ਲੱਗਾ।