ਸ਼ੇਰ ਦੀ ਧੀ
 ਖ਼ਲੀਲ ਜਿਬਰਾਨ, translated by ਚਰਨ ਗਿੱਲ
44284ਸ਼ੇਰ ਦੀ ਧੀਚਰਨ ਗਿੱਲਖ਼ਲੀਲ ਜਿਬਰਾਨ

ਚਾਰ ਗ਼ੁਲਾਮ ਪਲੰਘ ਤੇ ਸੁੱਤੀ ਪਈ ਇਕ ਬੁੱਢੀ ਮਹਾਰਾਣੀ ਨੂੰ ਝੱਲ ਮਾਰ ਰਹੇ ਸਨ ਅਤੇ ਉਹ ਘੁਰਾੜੇ ਮਾਰ ਰਹੀ ਸੀ. ਅਤੇ ਮਲਕਾ ਦੀ ਗੋਦ ਵਿੱਚ ਇਕ ਬਿੱਲੀ ਘੁਰ ਘੁਰ ਕਰ ਰਹੀ ਸੀ ਅਤੇ ਗ਼ੁਲਾਮਾਂ ਵੱਲ ਅਲਸਾਈਆਂ ਜਿਹੀਆਂ ਨਿਗਾਹਾਂ ਨਾਲ ਵੇਖ ਰਹੀ ਸੀ।

ਪਹਿਲਾ ਗ਼ੁਲਾਮ ਬੋਲਿਆ, "ਇਹ ਬੁੱਢੀ ਸੁੱਤੀ ਪਈ ਕਿੰਨੀ ਬਦਸੂਰਤ ਲੱਗ ਰਹੀ ਹੈ। ਉਸਦਾ ਲੁੜਕਿਆ ਮੂੰਹ ਵੇਖੋ ਅਤੇ ਉਹ ਸਾਹ ਇਵੇਂ ਲੈਂਦੀ ਹੈ ਜਿਵੇਂ ਸ਼ੈਤਾਨ ਉਸ ਦਾ ਗਲਾ ਘੁੱਟ ਰਿਹਾ ਹੋਵੇ।"

ਤਾਂ ਬਿੱਲੀ ਨੇ ਘੁਰ ਘੁਰ ਕਰਦਿਆਂ ਕਿਹਾ, "ਬੁੱਢੀ ਸੁੱਤੀ ਪਈ ਉਸ ਨਾਲੋਂ ਅੱਧੀ ਵੀ ਬਦਸੂਰਤ ਨਹੀਂ ਜਿੰਨੇ ਤੁਸੀਂ ਜਾਗਦੇ ਗ਼ੁਲਾਮੀ ਕਰਦੇ ਲੱਗਦੇ ਹੋ।"

ਦੂਸਰੇ ਗ਼ੁਲਾਮ ਨੇ ਕਿਹਾ, "ਤੇਰਾ ਕਿ ਖ਼ਿਆਲ ਹੈ ਕਿ ਨੀਂਦ ਉਸ ਦੀਆਂ ਝੁਰੜੀਆਂ ਨੂੰ ਉਘਾੜਨ ਦੀ ਬਜਾਏ ਘੱਟ ਕਰ ਦੇਵੇਗੀ। ਉਹ ਜ਼ਰੂਰ ਕੋਈ ਬੁਰਾ ਸੁਪਨਾ ਦੇਖ ਰਹੀ ਹੈ।"

ਬਿੱਲੀ ਨੇ ਫਿਰ ਘੁਰ ਘੁਰ ਕਰਦਿਆਂ ਕਿਹਾ, "ਕਾਸ਼ ਤੁਸੀਂ ਵੀ ਕਦੀ ਸੌਂ ਕੇ ਆਪਣੀ ਆਜ਼ਾਦੀ ਦਾ ਸੁਪਨਾ ਵੇਖ ਸਕੋ।"

ਤੀਸਰੇ ਗ਼ੁਲਾਮ ਨੇ ਕਿਹਾ, "ਸ਼ਾਇਦ ਉਹ ਉਨ੍ਹਾਂ ਸਾਰਿਆਂ ਦੇ ਜਲੂਸ ਨੂੰ ਵੇਖ ਰਹੀ ਹੈ ਜੋ ਉਸਨੇ ਮਰਵਾਏ ਹਨ।"

ਬਿੱਲੀ ਨੇ ਮੁੜ ਘੁਰ ਘੁਰ ਕੀਤਾ, "ਮੂਰਖੋ, ਉਹ ਤੁਹਾਡੇ ਪੁਰਖਿਆਂ ਅਤੇ ਤੁਹਾਡੀ ਔਲਾਦ ਦਾ ਜਲੂਸ ਵੇਖ ਰਹੀ ਹੈ।"

ਚੌਥੇ ਗ਼ੁਲਾਮ ਨੇ ਕਿਹਾ, "ਬੁੱਢੀ ਬਾਰੇ ਗੱਲਾਂ ਕਰਨਾ ਤਾਂ ਬਹੁਤ ਵਧੀਆ ਗੱਲ ਹੈ, ਪਰ ਇਨ੍ਹਾਂ ਨਾਲ ਮੇਰੇ ਖੜ੍ਹੇ ਰਹਿਣ ਅਤੇ ਪੱਖਾ ਝੱਲਣ ਨਾਲ ਹੋਈ ਥਕਾਵਟ ਘੱਟ ਨਹੀਂ ਹੁੰਦੀ।"

ਬਿੱਲੀ ਨੇ ਘੁਰ ਘੁਰ ਕੀਤਾ, "ਤੁਸੀਂ ਸਾਰੇ ਜਨਮੋ ਜਨਮ ਪੱਖਾ ਝੱਲਦੇ ਰਵੋਗੇ; ਕਿਉਂਕਿ ਜਿਸ ਤਰ੍ਹਾਂ ਦਾ ਹਾਲ ਧਰਤੀ ਉੱਤੇ ਹੈ, ਉਸੇ ਤਰ੍ਹਾਂ ਦਾ ਸਵਰਗ ਵਿੱਚ ਹੈ।"

ਇਸ ਪਲ ਬੁੱਢੀ ਮਹਾਰਾਣੀ ਨੇ ਨੀਂਦ ਵਿੱਚ ਹੀ ਪਾਸਾ ਪਰਤਿਆ, ਅਤੇ ਉਸਦਾ ਤਾਜ ਫਰਸ਼ ਤੇ ਡਿੱਗ ਪਿਆ।

ਇੱਕ ਗ਼ੁਲਾਮ ਨੇ ਕਿਹਾ, "ਇਹ ਇੱਕ ਬੁਰਾ ਸ਼ਗਨ ਹੈ।"

ਬਿੱਲੀ ਨੇ ਘੁਰ ਘੁਰ ਕੀਤਾ, "ਇੱਕ ਦਾ ਬੁਰਾ ਸ਼ਗਨ ਦੂਸਰੇ ਦਾ ਚੰਗਾ ਸ਼ਗਨ ਹੁੰਦਾ ਹੈ।"

ਦੂਜੇ ਗ਼ੁਲਾਮ ਨੇ ਕਿਹਾ, "ਕੀ ਹੋਵੇ ਜੇ ਉਹ ਜਾਗ ਪਵੇ ਅਤੇ ਆਪਣਾ ਡਿੱਗਿਆ ਤਾਜ ਵੇਖ ਲਵੇ! ਉਹ ਸੱਚਮੁੱਚ ਸਾਨੂੰ ਕਤਲ ਕਰ ਦੇਵੇਗੀ।"

ਬਿੱਲੀ ਨੇ ਘੁਰ ਘੁਰ ਕੀਤਾ, "ਤੁਹਾਡੇ ਜਨਮ ਤੋਂ ਹੀ ਉਹ ਰੋਜ਼ਾਨਾ ਤੁਹਾਨੂੰ ਕਤਲ ਕਰਦੀ ਹੈ ਅਤੇ ਤੁਸੀਂ ਬੇਖ਼ਬਰ ਹੋ।"

ਤੀਜੇ ਗ਼ੁਲਾਮ ਨੇ ਕਿਹਾ, "ਹਾਂ, ਉਹ ਸਾਨੂੰ ਕਤਲ ਕਰ ਦੇਵੇਗੀ ਅਤੇ ਇਸ ਨੂੰ ਦੇਵਤਿਆਂ ਨੂੰ ਬਲੀ ਚੜ੍ਹਾਉਣ ਦਾ ਨਾਮ ਦੇਵੇਗੀ।"

ਬਿੱਲੀ ਨੇ ਘੁਰ ਘੁਰ ਕੀਤਾ, "ਸਿਰਫ ਕਮਜ਼ੋਰਾਂ ਦੀ ਹੀ ਦੇਵਤਿਆਂ ਨੂੰ ਬਲੀ ਦਿੱਤੀ ਜਾਂਦੀ ਹੈ।"

ਚੌਥੇ ਗ਼ੁਲਾਮ ਨੇ ਦੂਜਿਆਂ ਨੂੰ ਚੁੱਪ ਕਰਾਇਆ, ਅਤੇ ਹੌਲੀ ਹੌਲੀ ਤਾਜ ਉਠਾਇਆ ਅਤੇ ਬਿਨਾ ਮਲਕਾ ਨੂੰ ਜਗਾਏ ਉਸ ਦੇ ਸਿਰ ਤੇ ਟਿਕਾ ਦਿੱਤਾ।

ਬਿੱਲੀ ਨੇ ਘੁਰ ਘੁਰ ਕੀਤਾ, "ਕੇਵਲ ਗ਼ੁਲਾਮ ਹੀ ਡਿੱਗਿਆ ਤਾਜ ਮੁੜ ਉਸਦੀ ਪਹਿਲਾਂ ਵਾਲੀ ਜਗ੍ਹਾ ਟਿਕਾ ਸਕਦਾ ਹੈ।"

ਅਤੇ ਥੋੜ੍ਹੀ ਦੇਰ ਬਾਅਦ ਮਲਕਾ ਜਾਗ ਪਈ, ਅਤੇ ਉਸਨੇ ਆਲੇ ਦੁਆਲੇ ਦੇਖਿਆ ਅਤੇ ਉਬਾਸੀ ਲਈ। ਤਦ ਉਸਨੇ ਕਿਹਾ, "ਸ਼ਾਇਦ ਮੈਂ ਸੁਪਨਾ ਵੇਖ ਰਹੀ ਸੀ, ਅਤੇ ਮੈਂ ਇੱਕ ਪੁਰਾਣੇ ਓਕ ਦੇ ਦਰੱਖਤ ਦੇ ਤਣੇ ਦੇ ਦੁਆਲੇ ਇੱਕ ਬਿੱਛੂ ਨੂੰ ਚਾਰ ਟਿੱਡੀਆਂ ਦਾ ਪਿੱਛਾ ਕਰਦੇ ਵੇਖਿਆ। ਮੈਨੂੰ ਇਹ ਸੁਪਨਾ ਪਸੰਦ ਨਹੀਂ।"

ਫਿਰ ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਫਿਰ ਸੌਂ ਗਈ। ਉਹ ਘੁਰਾੜੇ ਮਾਰਨ ਲੱਗੀ ਅਤੇ ਚਾਰੇ ਗ਼ੁਲਾਮ ਉਸਨੂੰ ਪੱਖਾ ਝੱਲਦੇ ਰਹੇ।

ਅਤੇ ਬਿੱਲੀ ਨੇ ਘੁਰ ਘੁਰ ਕੀਤਾ, "ਝੱਲਦੇ ਰਹੋ, ਝੱਲਦੇ ਰਹੋ, ਬੇਵਕੂਫ਼ੋ। ਤੁਸੀਂ ਉਸੇ ਅੱਗ ਨੂੰ ਹਵਾ ਦੇ ਰਹੇ ਜੋ ਤੁਹਾਨੂੰ ਭਸਮ ਕਰਨ ਵਾਲੀ ਹੈ।"

ਅਨੁਵਾਦ: ਚਰਨ ਗਿੱਲ