ਅਨੁਵਾਦ:ਰਾਤ ਉੱਤਰੀ ਆਹਿਸਤਾ ਆਹਿਸਤਾ

ਰਾਤ ਉੱਤਰੀ ਆਹਿਸਤਾ ਆਹਿਸਤਾ
 ਕੇਟ ਸ਼ੋਪਨ, translated by ਚਰਨ ਗਿੱਲ
44293ਰਾਤ ਉੱਤਰੀ ਆਹਿਸਤਾ ਆਹਿਸਤਾਚਰਨ ਗਿੱਲਕੇਟ ਸ਼ੋਪਨ

ਇਨਸਾਨਾਂ ਵਿੱਚ ਮੇਰੀ ਦਿਲਚਸਪੀ ਖ਼ਤਮ ਹੋ ਰਹੀ ਹੈ, ਉਨ੍ਹਾਂ ਦੀ ਜ਼ਿੰਦਗੀਆਂ ਅਤੇ ਉਨ੍ਹਾਂ ਦੇ ਅਮਲਾਂ ਦੀ ਅਹਿਮੀਅਤ ਮੇਰੇ ਲਈ ਬੇਮਾਨੀ ਹੋ ਰਹੀ ਹੈ। ਕਿਸੇ ਨੇ ਕੀ ਖ਼ੂਬ ਕਿਹਾ ਹੈ ਕਿ ਦਸ ਕਿਤਾਬਾਂ ਪੜ੍ਹਨ ਨਾਲੋਂ ਬਿਹਤਰ ਹੈ ਇੱਕ ਇਨਸਾਨ ਨੂੰ ਪੜ੍ਹਿਆ ਜਾਵੇ। ਮੈਨੂੰ ਨਾ ਇਨਸਾਨ ਚਾਹੀਦੇ ਨੇ ਨਾ ਕਿਤਾਬਾਂ; ਦੋਨੋਂ ਮੈਨੂੰ ਤਕਲੀਫ ਦਿੰਦੇ ਹਨ। ਕੀ ਉਨ੍ਹਾਂ ਵਿਚੋਂ ਇੱਕ ਵੀ ਮੇਰੇ ਨਾਲ ਉਸ ਤਰ੍ਹਾਂ ਗੱਲ ਕਰ ਸਕਦਾ ਹੈ ਜਿਵੇਂ ਗਰਮੀਆਂ ਦੀ ਰਾਤ ਕਰਦੀ ਹੈ? ਜਿਵੇਂ ਤਾਰੇ ਕਰਦੇ ਹਨ ਜਾਂ ਫਿਰ ਮੁਹੱਬਤ ਨਾਲ ਸਹਿਲਾਉਂਦੇ ਹਵਾ ਦੇ ਬੁੱਲੇ ਕਰਦੇ ਹਨ?

ਜਦੋਂ ਮੈਂ ਮੈਪਲ ਦੇ ਦਰਖ਼ਤ ਦੇ ਹੇਠਾਂ ਲਿਟੀ ਹੋਈ ਸੀ ਤਾਂ ਰਾਤ ਆਹਿਸਤਾ-ਆਹਿਸਤਾ ਉਤਰੀ। ਇਹ ਚੁੱਪਚਾਪ ਰੀਂਗਦੀ, ਸਰਕਦੀ, ਚੋਰੀ ਚੋਰੀ ਵਾਦੀ ਵਿੱਚੋਂ ਉਤਰ ਰਹੀ ਸੀ, ਇਹ ਸੋਚ ਰਹੀ ਕਿ ਮੈਂ ਇਸ ਤੋਂ ਬੇਖ਼ਬਰ ਸੀ। ਅਤੇ ਜਦੋਂ ਇਰਦ-ਗਿਰਦ ਦੇ ਰੁੱਖਾਂ ਅਤੇ ਬਨਸਪਤੀ ਦੇ ਖਾਕੇ ਅਤੇ ਰੇਖਾਵਾਂ ਇੱਕੋ ਵੱਡੇ ਸਿਆਹ ਗੋਲੇ ਵਿੱਚ ਘੁਲਮਿਲ ਗਏ, ਤਾਂ ਰਾਤ ਤੇਜ਼ੀ ਨਾਲ ਉਨ੍ਹਾਂ ਵਿਚੋਂ ਵੀ ਬਾਹਰ ਨਿਕਲ ਰਹੀ ਸੀ, ਪੂਰਬ ਅਤੇ ਪੱਛਮ ਵਲੋਂ ਵੀ, ਕਿ ਅੰਤ ਅਸਮਾਨ ਉੱਤੇ ਮੌਜੂਦ ਇੱਕੋ ਇੱਕ ਰੋਸ਼ਨੀ ਰਹਿ ਗਈ ਜੋ ਮੈਪਲ ਦੇ ਪੱਤਿਆਂ ਵਿੱਚੋਂ ਝਰ ਝਰ ਕੇ ਜ਼ਮੀਨ `ਤੇ ਟਪਕ ਰਹੀ ਸੀ ਅਤੇ ਅਸਮਾਨ `ਚ ਮੌਜੂਦ ਤਾਰੇ ਵੀ ਹੇਠਾਂ ਜ਼ਮੀਨ ਦੀਆਂ ਸਾਰੀਆਂ ਝੀਰੀਆਂ ਵਿੱਚ ਝਾਤੀਆਂ ਮਾਰਨ ਲੱਗੇ ਸਨ। ਰਾਤ ਗੰਭੀਰ ਹੁੰਦੀ ਹੈ ਅਤੇ ਭੇਤਭਰੇ ਅਰਥਾਂ ਦੀ ਧਾਰਨੀ ਹੁੰਦੀ ਹੈ।

ਇਨਸਾਨੀ ਸ਼ਕਲਾਂ ਅਮੂਰਤ ਚੀਜ਼ਾਂ ਦੀ ਤਰ੍ਹਾਂ ਤਿੱਤਲੀਆਂ ਦੀ ਤਰ੍ਹਾਂ ਚੰਚਲ ਹੁੰਦੀਆਂ ਹਨ ਬੈਠਣ ਸਾਰ ਝੱਟ ਉਠ ਜਾਂਦੀਆਂ ਹਨ। ਕੁੱਝ ਚੂਹਿਆਂ ਵਾਂਗ ਝਾਤੀ ਮਾਰਦੀਆਂ ਹਨ ਅਤੇ ਮੈਨੂੰ ਡਰਾ ਦਿੰਦੀਆਂ ਹਨ ਪਰ ਮੈਂ ਬੁਰਾਨਹੀਂ ਮਨਾਉਂਦੀ। ਮੇਰੀ ਪੂਰੀ ਹਸਤੀ ਰਾਤ ਦੇ ਦਿਲ-ਬਹਿਲਾਉਂਦੇ ਅਤੇ ਤੀਖਣ ਸੁਹੱਪਣ ਦੀ ਗੋਦ ਦੇ ਹਵਾਲੇ ਹੋ ਚੁੱਕੀ ਹੈ।

ਵੱਡੇ ਵੱਡੇ ਮੁਛਲ ਹਰੇ ਟਿੱਡਿਆਂ ਨੇ ਲੋਰੀ ਗਾਉਣੀ ਸ਼ੁਰੂ ਕਰ ਦਿੱਤੀ ਹੈ। ਗਾਈ ਜਾ ਰਹੇ ਹਨ ਅਜੇ। ਕਿੰਨੇ ਅਕਲਮੰਦ ਹਨ ਉਹ, ਇਨਸਾਨਾਂ ਦੀ ਤਰ੍ਹਾਂ ਬਕ ਬਕ ਨਹੀਂ ਕਰਦੇ। ਬਸ ਮੈਨੂੰ ਸਿਰਫ਼ ਇੰਨਾ ਕਹਿੰਦੇ ਹਨ: "ਸੌਂ ਜਾਓ, ਸੌਂ ਜਾਓ, ਸੌਂ ਜਾਓ।" ਹਵਾ ਮੈਪਲ ਦੇ ਪੱਤਿਆਂ ਨੂੰ ਮੁਹੱਬਤ ਦੀ ਗੁਦਗੁਦੀ ਦੀਆਂ ਤਰੰਗਾਂ ਛੇੜ ਰਹੀ ਹੈ।

ਬੇਵਕੂਫ਼ ਧਰਤੀ ਤੇ ਭਾਰ ਕਿਉਂ ਹਨ? ਇਹ ਕਿਸੇ ਆਦਮੀ ਦੀ ਅਵਾਜ਼ ਸੀ ਜਿਸ ਨੇ ਜਾਦੂਗਰ ਦੇ ਤਲਿਸਮ ਨੂੰ ਤੋੜਿਆ। ਅੱਜ "ਬਾਈਬਲ-ਕਲਾਸ" ਲਈ ਇੱਕ ਆਦਮੀ ਆਇਆ। ਲਾਲ ਗੱਲਾਂ, ਮੋਟੀਆਂ ਅੱਖਾਂ ਅਤੇ ਖਰਵੀ ਵਰਤੋਂ-ਵਿਹਾਰ ਅਤੇ ਬੋਲਚਾਲ ਵਾਲਾ ਘੋਰ ਘ੍ਰਿਣਾ ਦਾ ਪਾਤਰ ਹੈ। ਇਹ ਕੀ ਜਾਣਦਾ ਹੈ ਭਲਾ ਈਸਾ ਬਾਰੇ? ਕੀ ਮੈਨੂੰ ਕੱਲ੍ਹ ਦਾ ਜੰਮਿਆ ਤੇ ਭਲਕ ਨੂੰ ਮਰ ਜਾਣ ਵਾਲਾ ਇੱਕ ਬੇਵਕੂਫ਼ ਅੰਙਾਣਾ ਈਸਾ ਬਾਰੇ ਦੱਸੇਗਾ? ਇਸ ਨਾਲੋਂ ਬਿਹਤਰ ਹੈ ਮੈਂ ਤਾਰਿਆਂ ਕੋਲੋਂ ਪੁੱਛਾਂ: ਉਨ੍ਹਾਂ ਨੇ ਉਸ ਨੂੰ ਵੇਖਿਆ ਹੈ।