ਅਨੁਵਾਦ:ਫ਼ਾਕਾਕਸ਼ ਕਲਾਕਾਰ

ਬੀਤੇ ਦਹਾਕਿਆਂ ਵਿੱਚ ਪੇਸ਼ਾਵਾਰਾਨਾ ਫ਼ਾਕੇਕਟੀ ਵਿੱਚ ਲੋਕਾਂ ਦੀ ਦਿਲਚਸਪੀ ਅਸਾਧਾਰਨ ਤੇਜ਼ੀ ਨਾਲ਼ ਘਟੀ ਹੈ। ਕਦੇ ਅਜਿਹੇ ਫ਼ਾਕੇਕੱਟ ਕਲਾਕਾਰ ਨੂੰ ਆਪਣੀ ਕਲਾ ਦੇ ਆਪਣੇ ਤੌਰ ਉੱਤੇ ਕੀਤੇ ਗਏ ਵੱਡੇ ਪ੍ਰਦਰਸ਼ਨਾਂ ਤੋਂ ਚੰਗੀ ਖ਼ਾਸੀ ਕਮਾਈ ਹੋ ਜਾਂਦੀ ਸੀ। ਪਰ ਅੱਜ ਕੱਲ੍ਹ ਇਹ ਬਿਲਕੁਲ ਅਸੰਭਵ ਹੈ। ਅਸੀਂ ਇੱਕ ਵੱਖਰੀ ਦੁਨੀਆ ਵਿੱਚ ਰਹਿ ਰਹੇ ਹਾਂ। ਇੱਕ ਵਕਤ ਸੀ ਜਦੋਂ ਫ਼ਾਕੇਕੱਟ ਕਲਾਕਾਰ ਸਾਰੇ ਨਗਰ ਦੀਆਂ ਨਿਗਾਹਾਂ ਨੂੰ ਆਪਣੇ ਵੱਲ ਧੂਹ ਲੈਂਦਾ ਸੀ। ਉਸ ਦੀ ਫ਼ਾਕੇਕਟੀ ਦੇ ਹਰ ਅਗਲੇ ਦਿਨ ਦਰਸ਼ਕਾਂ ਦੀ ਗਿਣਤੀ ਵਧਦੀ ਜਾਂਦੀ। ਹਰ ਕਿਸੇ ਦੀ ਉਸਨੂੰ ਦਿਨ ਵਿੱਚ ਘੱਟੋ ਘੱਟ ਇੱਕ ਵਾਰੀ ਜ਼ਰੂਰ ਦੇਖਣ ਦੀ ਖਾਹਿਸ਼ ਹੁੰਦੀ ਸੀ। ਅਜਿਹੇ ਸ਼ੌਕੀਨ ਲੋਕ ਵੀ ਹੁੰਦੇ ਸਨ ਜੋ ਪ੍ਰਦਰਸ਼ਨ ਦੇ ਆਖ਼ਰੀ ਦਿਨਾਂ ਲਈ ਟਿਕਟ ਖ਼ਰੀਦ ਲੈਂਦੇ ਸਨ ਅਤੇ ਸਵੇਰ ਤੋਂ ਸ਼ਾਮ ਤੱਕ ਉਸ ਦੇ ਸਰੀਆਂ ਦੇ ਛੋਟੇ ਪਿੰਜਰੇ ਦੇ ਅੱਗੇ ਬੈਠੇ ਰਹਿੰਦੇ। ਅਤੇ ਰਾਤ ਨੂੰ ਵੀ ਦੇਖਣ ਦੇ ਘੰਟੇ ਰੱਖੇ ਹੁੰਦੇ ਸੀ, ਟਾਰਚਲਾਈਟ ਤਮਾਸ਼ੇ ਦੇ ਪ੍ਰਭਾਵ ਨੂੰ ਵਧਾ ਦਿੰਦੀ ਸੀ। ਸੁਹਾਵਣੇ ਦਿਨਾਂ ਵਿੱਚ ਪਿੰਜਰੇ ਨੂੰ ਬਾਹਰ ਖੁੱਲੀ ਜਗ੍ਹਾ ਵਿੱਚ ਖਿਚ ਲਿਆਂਦਾ ਜਾਂਦਾ ਅਤੇ ਬੱਚਿਆਂ ਲਈ ਫ਼ਾਕੇਕੱਟ ਕਲਾਕਾਰ ਨੂੰ ਵੇਖਣਾ ਖ਼ਾਸ ਗੱਲ ਹੁੰਦੀ ਸੀ। ਵੱਡਿਆਂ ਲਈ ਇਹ ਸਭ ਫੈਸ਼ਨ ਦੇ ਮੁਤਾਬਕ ਹੋਣ ਵਾਲੇ ਇੱਕ ਭੌਂਡੇ ਮਜ਼ਾਕ ਤੋਂ ਵੱਧ ਕੁੱਝ ਨਹੀਂ ਸੀ ਪਰ ਬੱਚੇ ਹੈਰਾਨੀ ਨਾਲ਼ ਮੂੰਹ ਟੱਡੀ, ਸਲਾਮਤੀ ਲਈ ਇੱਕ ਦੂਜੇ ਦੇ ਹੱਥਾਂ ਨੂੰ ਘੁੱਟ ਕੇ ਫੜੀ ਉਤਸੁਕਤਾ ਨਾਲ਼ ਉਸਨੂੰ ਵੇਖਦੇ। ਉਸ ਨੇ ਕਾਲੇ ਕੱਪੜੇ ਪਾਏ ਹੁੰਦੇ, ਬਾਹਰ ਨੂੰ ਨਿਕਲੀਆਂ ਪਸਲੀਆਂ ਨਿਵੇਕਲੀਆਂ ਹੀ ਨਜ਼ਰ ਆਉਂਦੀਆਂ। ਉਹ ਕੁਰਸੀ ਉੱਤੇ ਨਹੀਂ ਸਗੋਂ ਜ਼ਮੀਨ `ਤੇ ਖਿੱਲਰੇ ਤਿਣਕਿਆਂ ਉੱਤੇ ਬੈਠਾ ਹੁੰਦਾ। ਕਦੇ ਹਲੀਮੀ ਨਾਲ਼ ਸਿਰ ਹਿਲਾਂਦਾ, ਜਬਰੀ ਮੁਸਕਰਾਹਟ ਨਾਲ਼ ਤਮਾਸ਼ਾਈਆਂ ਦੇ ਸਵਾਲਾਂ ਦੇ ਜਵਾਬ ਦਿੰਦਾ। ਸਲਾਖਾਂ ਵਿੱਚੋਂ ਬਾਹਾਂ ਵੀ ਬਾਹਰ ਲਮਕਾ ਦਿੰਦਾ ਤਾਂ ਜੋ ਲੋਕ ਵੇਖ ਸਕਣ ਕਿ ਉਹ ਕਿੰਨਾ ਲਿੱਸਾ ਹੋ ਗਿਆ ਸੀ ਪਰ ਫਿਰ ਗਹਿਰੀਆਂ ਸੋਚਾਂ ਵਿੱਚ ਡੁੱਬ ਜਾਂਦਾ, ਕਿਸੇ ਗੱਲ ਜਾਂ ਤਮਾਸ਼ਾਈ ਵੱਲ ਧਿਆਨ ਨਾ ਦਿੰਦਾ, ਇਥੋਂ ਤੱਕ ਕਿ ਉਸ ਦੇ ਪਿੰਜਰੇ ਦੇ ਇੱਕੋ-ਇੱਕ ਫਰਨੀਚਰ, ਕਲਾਕ ਦੇ ਘੰਟੇ ਦੀ ਉਸ ਲਈ ਇਹਨੀ ਅਹਿਮ ਅਵਾਜ਼ ਉੱਤੇ ਵੀ ਨਹੀਂ। ਬਸ ਆਪਣੀਆਂ ਲਗਪਗ ਬੰਦ ਅੱਖਾਂ ਨਾਲ਼ ਬਾਹਰ ਖੁੱਲ੍ਹੇ ਪੁਲਾੜ ਨੂੰ ਘੂਰਦਾ ਅਤੇ ਫਿਰ ਬੁੱਲ੍ਹਾਂ ਨੂੰ ਗਿੱਲਾ ਕਰਨ ਲਈ ਇੱਕ ਛੋਟੇ ਗਲਾਸ ਵਿੱਚੋਂ ਪਾਣੀ ਦੀ ਘੁੱਟ ਭਰ ਲੈਂਦਾ।

ਆਮ ਤਮਾਸ਼ਾਈਆਂ ਦੀਆਂ ਅੱਡ-ਅੱਡ ਸ਼੍ਰੇਣੀਆਂ ਦੇ ਨਾਲ-ਨਾਲ ਉੱਥੇ ਲੋਕਾਂ ਦੇ ਚੁਣੇ ਪੱਕੇ ਨਿਗਰਾਨ ਵੀ ਹੁੰਦੇ - ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਆਮ ਤੌਰ ਉੱਤੇ ਕਸਾਈਆਂ ਵਿੱਚੋਂ ਹੁੰਦੇ - ਅਤੇ ਹਰ ਵਕਤ ਉਨ੍ਹਾਂ ਵਿੱਚੋਂ ਤਿੰਨ ਜਣੇ, ਰਾਤ-ਦਿਨ ਕਲਾਕਾਰ ਦੀ ਨਿਗਰਾਨੀ ਕਰਦੇ ਕਿ ਕਿਤੇ ਉਹ ਲੁਕ-ਛਿਪ ਕੇ ਕੁੱਝ ਖਾ ਪੀ ਨਾ ਲਵੇ। ਇਹ ਮਹਿਜ਼ ਇੱਕ ਰਸਮ ਹੀ ਹੁੰਦੀ ਜਿਸ ਨੂੰ ਲਾਗੂ ਕਰਾਉਣ ਦਾ ਮਕਸਦ ਲੋਕਾਂ ਨੂੰ ਭਰੋਸਾ ਦਵਾਉਣ ਦੇ ਇਲਾਵਾ ਹੋਰ ਕੁੱਝ ਨਹੀਂ ਸੀ, ਕਿਉਂਕਿ ਸਮਝਣ ਵਾਲੇ ਸਮਝਦੇ ਸਨ ਕਿ ਫ਼ਾਕੇਕਟੀ ਦੇ ਦੌਰਾਨ ਕਿਸੇ ਵੀ ਹਾਲਤ ਵਿੱਚ ਕਲਾਕਾਰ ਖ਼ੁਰਾਕ ਦੀ ਨਿੱਕੀ ਜਿਹੀ ਬੁਰਕੀ ਤੱਕ ਨੂੰ ਵੀ ਮੂੰਹ ਨਹੀਂ ਲਾਵੇਗਾ, ਜੇ ਉਸ ਨੂੰ ਮਜਬੂਰ ਵੀ ਕੀਤਾ ਜਾਂਦਾ ਤਾਂ ਵੀ ਨਹੀਂ। ਇਹ ਗੱਲ ਉਸ ਦੇ ਪੇਸ਼ੇ ਦੇ ਦਸਤੂਰ ਦੇ ਖਿਲਾਫ਼਼ ਸੀ। ਪਰ ਨਿਗਰਾਨਾਂ ਵਿੱਚੋਂ ਕੋਈ ਵੀ ਇਸ ਗੱਲ ਨੂੰ ਸਮਝਣ ਦੇ ਯੋਗ ਨਹੀਂ ਹੁੰਦਾ ਸੀ। ਅਕਸਰ ਰਾਤ ਵਾਲ਼ੇ ਨਿਗਰਾਨਾਂ ਦਾ ਇੱਕ ਟੋਲਾ ਅਜਿਹਾ ਹੁੰਦਾ ਜੋ ਆਪਣੇ ਫ਼ਰਜ਼ਾਂ ਪ੍ਰਤੀ ਆਮ ਤੌਰ ਤੇ ਕੁਤਾਹੀ ਵਰਤਦਾ। ਉਹ ਜਾਣ-ਬੁੱਝ ਕੇ ਦੂਰ ਕਿਸੇ ਗੁੱਠ ਵਿੱਚ ਬੈਠ ਕੇ ਖੇਡ ਵਿੱਚ ਡੁੱਬ ਕੇ ਤਾਸ਼ ਖੇਡਦੇ ਅਤੇ ਕਲਾਕਾਰ ਨੂੰ ਮੌਕਾ ਦਿੰਦੇ ਕਿ ਉਹ ਕੁਝ ਖਾ ਪੀ ਲਵੇ, ਜੋ ਉਨ੍ਹਾਂ ਦੇ ਖ਼ਿਆਲ ਵਿੱਚ ਉਸਨੇ ਜਰੂਰ ਕਿਸੇ ਕੋਨੇ ਵਿੱਚ ਲੁਕਾ ਕੇ ਰੱਖਿਆ ਹੋਵੇਗਾ। ਅਜਿਹੇ ਨਿਗਰਾਨਾਂ ਤੋਂ ਵਧਕੇ ਕਲਾਕਾਰ ਲਈ ਸ਼ਾਇਦ ਹੀ ਕੋਈ ਹੋਰ ਗੱਲ ਏਨੀ ਵੱਡੀ ਵਧੀਕੀ ਹੁੰਦੀ। ਉਹ ਉਸਨੂੰ ਉਪਰਾਮਤਾ ਵਿੱਚ ਧੱਕ ਦਿੰਦੇ। ਉਹ ਉਸ ਦੀ ਫ਼ਾਕੇਕਟੀ ਨੂੰ ਘੋਰ ਅਸਹਿ ਬਣਾ ਦਿੰਦੇ। ਕਈ ਵਾਰ ਉਹ ਆਪਣੀ ਕਮਜ਼ੋਰੀ ਉੱਤੇ ਕਾਬੂ ਪਾ ਲੈਂਦਾ ਅਤੇ ਉਨ੍ਹਾਂ ਦੀ ਨਿਗਰਾਨੀ ਦੇ ਦੌਰਾਨ ਉਹ ਗੀਤ ਗਾਉਣ ਲੱਗ ਪੈਂਦਾ, ਜਦੋਂ ਤੱਕ ਗਾ ਸਕਦਾ ਉਹ ਗਾਉਂਦਾ ਰਹਿੰਦਾ, ਤਾਂ ਜੋ ਉਹ ਲੋਕਾਂ ਨੂੰ ਇਹ ਅਹਿਸਾਸ ਕਰਾ ਸਕੇ ਕਿ ਉਸ ਬਾਰੇ ਉਨ੍ਹਾਂ ਦੇ ਸ਼ੱਕ ਕਿੰਨੇ ਬੇ-ਬੁਨਿਆਦ ਸਨ। ਪਰ ਇਸ ਨਾਲ਼ ਜ਼ਿਆਦਾ ਫ਼ਾਇਦਾ ਨਾ ਹੁੰਦਾ, ਕਿਉਂਕਿ ਫਿਰ ਉਹ ਉਸ ਦੀ ਇਸ ਯੋਗਤਾ ਉੱਤੇ ਹੈਰਾਨ ਹੁੰਦੇ ਕਿ ਕਿਵੇਂ ਹੁਸ਼ਿਆਰੀ ਨਾਲ਼ ਉਹ ਗੁਣਗੁਣਾਉਂਦੇ ਹੋਏ ਵੀ ਕੁੱਝ ਨਾ ਕੁੱਝ ਖਾ ਲੈਂਦਾ ਸੀ। ਐਸੇ ਨਿਗਰਾਨ ਉਸ ਨੂੰ ਬਹੁਤ ਪਸੰਦ ਹੁੰਦੇ ਜਿਹੜੇ ਪਿੰਜਰੇ ਦੀਆਂ ਸਲਾਖਾਂ ਨਾਲ਼ ਲੱਗ ਕੇ ਬੈਠਦੇ। ਉਹ ਕਮਰੇ ਦੀ ਮੱਧਮ ਰੋਸ਼ਨੀ ਉੱਤੇ ਸਤੁੰਸ਼ਟ ਨਾ ਹੁੰਦੇ ਅਤੇ ਜੇਬੀ ਟਾਰਚਾਂ ਨਾਲ਼, ਜੋ ਨੁਮਾਇਸ਼ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਮਿਲਦੀਆਂ ਸਨ, ਉਸ ਉੱਤੇ ਰੋਸ਼ਨੀ ਪਾ-ਪਾ ਕੇ ਵੇਖਦੇ। ਇਹ ਤੇਜ਼ ਰੋਸ਼ਨੀ ਉਸ ਨੂੰ ਬਿਲਕੁਲ ਪਰੇਸ਼ਾਨ ਨਹੀਂ ਕਰਦੀ ਸੀ। ਆਮ ਤੌਰ `ਤੇ ਉਹ ਲੋੜੀਂਦੀ ਨੀਂਦ ਨਹੀਂ ਲੈ ਸਕਦਾ ਸੀ। ਉਹ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਰੋਸ਼ਨੀ ਵਿੱਚ, ਕਿਸੇ ਵੀ ਵਕਤ, ਇੱਥੋਂ ਤੱਕ ਕਿ ਹਾਲ ਵਿੱਚ ਸ਼ੋਰ ਮਚਾਉਂਦੇ ਤਮਾਸ਼ਾਈਆਂ ਦੀ ਭਰਵੀਂ ਹਾਜ਼ਰੀ ਵਿੱਚ ਵੀ ਊਂਘ ਲਿਆ ਕਰਦਾ ਸੀ। ਉਨ੍ਹਾਂ ਨਾਲ਼ ਹਾਸਾ ਮਜ਼ਾਕ ਕਰਨਾ, ਆਪਣੀ ਅਵਾਰਾ ਜ਼ਿੰਦਗੀ ਦੇ ਕਿੱਸੇ ਸੁਣਾਉਣਾ ਅਤੇ ਸੁਣਨਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਇਹ ਸਭ ਕੁਝ ਉਨ੍ਹਾਂ ਨੂੰ ਜਾਗਦੇ ਰੱਖਣ ਵਿੱਚ ਮਦਦਗਾਰ ਹੁੰਦਾ ਅਤੇ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਵਾਰ ਫਿਰ ਸਾਬਤ ਕਰਦਾ ਕਿ ਉਸ ਦੇ ਪਿੰਜਰੇ ਵਿੱਚ ਖਾਣ ਵਾਲੀ ਕੋਈ ਚੀਜ਼ ਨਹੀਂ ਸੀ ਅਤੇ ਜਿਹੋ ਜਿਹੀ ਫ਼ਾਕੇਕਟੀ ਉਹ ਕਰ ਰਿਹਾ ਸੀ, ਓਹੋ ਜਿਹੀ ਉਨ੍ਹਾਂ ਵਿੱਚੋਂ ਕਿਸੇ ਹੋਰ ਲਈ ਸੰਭਵ ਨਹੀਂ।

ਫਿਰ ਵੀ ਉਸਦੇ ਲਈ ਸਭ ਤੋਂ ਖ਼ੁਸ਼ਗਵਾਰ ਪਲ ਉਹ ਹੁੰਦੇ ਜਦੋਂ ਸਵੇਰ ਹੋਣ ਤੇ ਉਹ ਆਪਣੇ ਪੈਸਿਆਂ ਨਾਲ਼ ਉਨ੍ਹਾਂ ਨੂੰ ਨਾਸ਼ਤਾ ਮੰਗਵਾ ਕੇ ਦਿੰਦਾ ਜਿਸ ਨੂੰ ਉਹ ਥੱਕਾ ਦੇਣ ਵਾਲੇ ਰਾਤ ਦੇ ਜਗਰਾਤੇ ਦੇ ਬਾਅਦ ਸਿਹਤਮੰਦ ਇਨਸਾਨਾਂ ਦੀ ਭੁੱਖ ਦੇ ਨਾਲ਼ ਟੁੱਟ ਕੇ ਪੈਂਦੇ। ਇਹ ਸੱਚ ਹੈ ਕਿ ਕੁਝ ਵਹਿਮੀ ਲੋਕ ਇਵੇਂ ਸੋਚਦੇ ਕਿ ਇਹ ਨਾਸ਼ਤਾ ਦਰਅਸਲ ਕਲਾਕਾਰ ਵੱਲੋਂ ਨਿਗਰਾਨਾਂ ਨੂੰ ਰਿਸ਼ਵਤ ਦੇਣ ਦੀ ਇੱਕ ਭੱਦੀ ਕੋਸ਼ਿਸ਼ ਸੀ। ਪਰ ਇਹ ਗੱਲ ਹਕੀਕਤ ਨਾਲ਼ ਉੱਕਾ ਮੇਲ ਨਹੀਂ ਖਾਂਦੀ ਸੀ। ਜਦੋਂ ਉਨ੍ਹਾਂ ਨੂੰ ਨਾਸ਼ਤੇ ਦੇ ਬਿਨਾਂ ਮਹਿਜ਼ ਇਸ ਮਕਸਦ ਲਈ ਜਾਗਦੇ ਰਹਿ ਕੇ ਰਾਤ ਕੱਟਣ ਨਿਗਰਾਨੀ ਕਰਨ ਲਈ ਕਿਹਾ ਜਾਂਦਾ ਤਾਂ ਉਹ ਫ਼ੌਰਨ ਆਪਣੇ ਰੁਝੇਵਿਆਂ ਦੇ ਦੁਖਦੇ ਰੋਣ ਲੱਗਦੇ, ਪਰ ਆਪਣੇ ਸ਼ੰਕਿਆਂ ਤੇ ਡਟੇ ਰਹਿੰਦੇ।

ਵੈਸੇ, ਇਹ ਆਮ ਤੌਰ ’ਤੇ ਵਰਤ ਰੱਖਣ ਦੀ ਪਰਕਿਰਿਆ ਦਾ ਇੱਕ ਹਿੱਸਾ ਸੀ ਕਿ ਇਹੋ ਜਿਹੇ ਸ਼ੰਕੇ ਉਸ ਦੇ ਨਾਲ਼ ਅਨਿੱਖੜ ਤੌਰ ਤੇ ਜੁੜੇ ਹੁੰਦੇ ਸਨ। ਅਸਲ ਵਿੱਚ, ਕੋਈ ਵੀ ਹਰ ਰੋਜ਼ ਦਿਨ ਰਾਤ ਫ਼ਾਕੇਕੱਟ ਕਲਾਕਾਰ ਤੇ ਨਿਗਾਹ ਰੱਖਨ ਲਈ ਸਮਾਂ ਨਹੀਂ ਕੱਢ ਸਕਦਾ ਸੀ, ਇਸ ਲਈ ਕੋਈ ਵੀ ਇਸ ਬਾਰੇ ਨਹੀਂ ਜਾਣ ਸਕਦਾ ਸੀ ਕਿ ਕੀ ਇਹ ਸੱਚਮੁੱਚ ਨਿਰਵਿਘਨ, ਬਿਨਾਂ ਰੋਂਢ ਮਾਰਨ ਦੇ ਵਰਤ ਦਾ ਮਾਮਲਾ ਸੀ। ਸਿਰਫ਼ ਖ਼ੁਦ ਕਲਾਕਾਰ ਹੀ ਇਸ ਹਕੀਕਤ ਤੋਂ ਜਾਣੂੰ ਹੋ ਸਕਦਾ ਸੀ ਅਤੇ ਉਹੀ ਇੱਕੋ-ਇੱਕ ਦਰਸ਼ਕ, ਜੋ ਆਪਣੀ ਭੁੱਖਮਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਣ ਦੇ ਸਮਰੱਥ ਸੀ। ਪਰ ਉਹ ਕਦੀ ਵੀ ਸੰਤੁਸ਼ਟ ਨਹੀਂ ਸੀ ਹੁੰਦਾ। ਇਸ ਦਾ ਕਾਰਨ ਕੁਝ ਵੱਖਰਾ ਸੀ। ਸ਼ਾਇਦ ਇਹ ਭੁੱਖਾ ਰਹਿਣ ਕਰਕੇ ਨਹੀਂ ਸੀ ਜਿਸ ਨੇ ਉਸਨੂੰ ਇੰਨਾ ਕਮਜ਼ੋਰ ਕਰ ਦਿੱਤਾ ਸੀ, ਕਿ ਬਹੁਤ ਸਾਰੇ ਲੋਕ ਉਸ ਨੂੰ ਦੇਖਣ ਤੋਂ ਕਤਰਾਉਂਦੇ ਸਨ ਕਿਉਂਕਿ ਉਹ ਉਸਨੂੰ ਇਸ ਹਾਲਤ ਵਿੱਚ ਵੇਖਣਾ ਬਰਦਾਸ਼ਤ ਨਹੀਂ ਕਰ ਸਕਦੇ ਸੀ। ਸ਼ਾਇਦ ਇਹ ਉਸ ਦੀ ਆਪਣੇ ਆਪ ਉੱਤੇ ਅਸੰਤੁਸ਼ਟੀ ਸੀ ਜਿਸ ਨੇ ਉਸਨੂੰ ਪਿੰਜਰ ਬਣਾ ਦਿੱਤਾ ਸੀ, ਕਿਉਂਜੋ ਸਿਰਫ ਉਹੀ ਇਹ ਗੱਲ ਜਾਣਦਾ ਸੀ, ਜਿਸ ਨੂੰ ਕੋਈ ਦੂਜਾ ਨਵੀਂ ਪਹਿਲ ਕਰਨ ਵਾਲਾ ਵੀ ਨਹੀਂ ਸੀ ਜਾਣਦਾ ਕਿ ਫ਼ਾਕੇਕਟੀ ਕਿੰਨਾ ਆਸਾਨ ਕੰਮ ਸੀ, ਕਿ ਇਹ ਦੁਨੀਆ ਦਾ ਸਭ ਤੋਂ ਆਸਾਨ ਕੰਮ ਸੀ। ਇਸ ਬਾਰੇ ਉਹ ਚੁੱਪ ਨਹੀਂ ਰਿਹਾ, ਪਰ ਲੋਕਾਂ ਨੇ ਉਸ `ਤੇ ਵਿਸ਼ਵਾਸ ਨਹੀਂ ਕੀਤਾ। ਵੱਧ ਤੋਂ ਵੱਧ ਉਹ ਇਹ ਸੋਚਦੇ ਕਿ ਉਹ ਨਿਮਰ ਹੋਣ ਦਾ ਯਤਨ ਕਰ ਰਿਹਾ ਸੀ। ਬਹੁਤਿਆਂ ਦਾ ਇਹ ਖ਼ਿਆਲ ਸੀ ਕਿ ਉਹ ਸ਼ੋਹਰਤ ਦਾ ਭੁੱਖਾ ਸੀ ਜਾਂ ਸਿਰੇ ਦਾ ਠੱਗ ਜਿਸ ਨੂੰ ਫ਼ਾਕੇਕਟੀ ਆਸਾਨ ਲੱਗਣ ਲੱਗ ਪਈ, ਕਿ ਉਸਨੇ ਫ਼ਾਕੇਕਟੀ ਨੂੰ ਆਸਾਨ ਬਣਾਉਣ ਦਾ ਗੁਰ ਸਿੱਖ ਲਿਆ ਸੀ, ਤੇ ਫਿਰ ਇਸ ਨੂੰ ਪੂਰਨ ਤੌਰ ਤੇ ਸਵੀਕਾਰ ਕਰਨ ਦੀ ਹਿੰਮਤ ਵੀ ਨਹੀਂ ਸੀ। ਉਸ ਨੂੰ ਇਹ ਗੱਲਾਂ ਚੁੱਪਚਾਪ ਸੁਣਨੀਆਂ ਪੈਂਦੀਆਂ ਅਤੇ ਇੰਨੇ ਸਾਲਾਂ ਵਿੱਚ ਉਹ ਇਸ ਸਭ ਦਾ ਆਦੀ ਹੋ ਚੁੱਕਾ ਸੀ। ਇਹ ਬੇਚੈਨੀ ਉਸਨੂੰ ਹਰ ਸਮੇਂ ਅੰਦਰ ਹੀ ਅੰਦਰ ਕੁਤਰਦੀ ਰਹਿੰਦੀ, ਅਤੇ ਫਿਰ ਵੀ - ਫ਼ਾਕੇਕਟੀ ਦੇ ਕਿਸੇ ਅੰਤਰਾਲ ਦੇ ਬਾਅਦ ਅਜਿਹਾ ਨਹੀਂ ਹੋਇਆ ਸੀ ਕਿ ਉਹ ਆਪਣੀ ਮਰਜ਼ੀ ਨਾਲ਼ ਪਿੰਜਰੇ ਤੋਂ ਬਾਹਰ ਨਹੀਂ ਆਇਆ ਸੀ।

ਫ਼ਾਕੇਕਟੀ ਦੀ ਵੱਧ ਤੋਂ ਵੱਧ ਮੁੱਦਤ ਪ੍ਰਬੰਧਕ ਨੇ ਚਾਲੀ ਦਿਨ ਤੈਅ ਕਰ ਰੱਖੀ ਸੀ। ਇਸ ਹੱਦ ਤੋਂ ਜ਼ਿਆਦਾ ਫ਼ਾਕੇਕਟੀ ਦੀ ਉਸ ਕਲਾਕਾਰ ਨੂੰ ਇਜਾਜ਼ਤ ਨਹੀਂ ਸੀ। ਵੱਡੇ ਸ਼ਹਿਰਾਂ ਵਿੱਚ ਵੀ ਨਹੀਂ ਅਤੇ ਇਸ ਦੇ ਵਿਸ਼ੇਸ਼ ਕਾਰਨ ਸਨ। ਤਜਰਬੇ ਤੋਂ ਸਾਬਤ ਹੋਇਆ ਸੀ ਕਿ ਲਗਾਤਾਰ ਇਸ਼ਤਿਹਾਰ ਬਾਜ਼ੀ ਦੇ ਵੱਧਦੇ ਹੋਏ ਦਬਾਓ ਦੇ ਨਤੀਜੇ ਵਜੋਂ ਚਾਲੀ ਦਿਨ ਤੱਕ ਸ਼ਹਿਰੀਆਂ ਦੀ ਦਿਲਚਸਪੀ ਪ੍ਰਦਰਸ਼ਨ ਵਿੱਚ ਬਰਕਰਾਰ ਰੱਖੀ ਜਾ ਸਕਦੀ ਸੀ। ਪਰ ਇਸ ਦੇ ਬਾਅਦ ਉਨ੍ਹਾਂ ਦੀ ਦਿਲਚਸਪੀ ਘੱਟ ਹੋਣ ਲੱਗ ਜਾਂਦੀ ਸੀ। ਕਲਾਕਾਰ ਨਾਲ਼ ਉਨ੍ਹਾਂ ਦੀ ਹਮਦਰਦੀ ਵਿੱਚ ਵੀ ਫ਼ਰਕ ਆ ਜਾਂਦਾ। ਇਸ ਪੱਖੋਂ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿੱਚ ਮਾਮੂਲੀ ਸਥਾਨਕ ਫ਼ਰਕ ਵੀ ਮਿਲ਼ਦੇ ਸੀ ਪਰ ਆਮ ਮਿਆਰ ਦੇ ਤੌਰ ਉੱਤੇ ਚਾਲੀ ਦਿਨ ਦੀ ਮੁੱਦਤ ਨੂੰ ਹੀ ਆਖ਼ਰੀ ਹੱਦ ਮੰਨ ਲਿਆ ਗਿਆ ਸੀ।

ਚਾਲੀਵੇਂ ਦਿਨ ਜਦੋਂ ਫੁੱਲਾਂ ਨਾਲ਼ ਲੱਦੇ ਹੋਏ ਪਿੰਜਰੇ ਦਾ ਬੂਹਾ ਖੋਲ੍ਹਿਆ ਗਿਆ ਤਾਂ ਐਂਫੀਥੀਏਟਰ ਜੋਸ਼ੀਲੇ ਤਮਾਸ਼ਾਈਆਂ ਨਾਲ਼ ਖਚਾ-ਖਚ ਭਰਿਆ ਹੋਇਆ ਸੀ। ਫ਼ੌਜੀ ਬੈਂਡ ਵੱਜ ਰਿਹਾ ਸੀ। ਕਲਾਕਾਰ ਉੱਤੇ ਫ਼ਾਕੇਕਟੀ ਦੇ ਅਸਰਾਂ ਦਾ ਜਾਇਜ਼ਾ ਲੈਣ ਲਈ ਦੋ ਡਾਕਟਰ ਪਿੰਜਰੇ ਵਿੱਚ ਗਏ। ਡਾਕਟਰੀ ਮੁਆਇਨੇ ਦੇ ਨਤੀਜਿਆਂ ਦਾ ਐਲਾਨ ਮੈਗਾ ਫੋਨ ਦੇ ਜ਼ਰੀਏ ਕੀਤਾ ਗਿਆ। ਆਖ਼ਰ ਵਿੱਚ ਦੋ ਜੁਆਨ ਕੁੜੀਆਂ ਆਈਆਂ, ਉਨ੍ਹਾਂ ਨੂੰ ਇਸ ਤੱਥ ਤੋਂ ਖੁਸ਼ੀ ਸੀ ਕਿ ਉਨ੍ਹਾਂ ਨੂੰ ਪਰਚੀਆਂ ਕੱਢ ਕੇ ਚੁਣਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੇ ਕਲਾਕਾਰ ਨੂੰ ਸਹਾਰਾ ਦੇਕੇ ਪਿੰਜਰੇ ਵਿੱਚੋਂ ਕੱਢ, ਚਾਰ ਕੁ ਪੌੜੀਆਂ ਉਤਾਰ ਕੇ ਥੱਲੇ ਤੱਕ ਲਿਆਉਣਾ ਸੀ, ਜਿੱਥੇ ਇੱਕ ਛੋਟੀ ਜਿਹੀ ਮੇਜ਼ ਤੇ ਬੜੇ ਧਿਆਨ ਨਾਲ਼ ਛਾਂਟਿਆ ਬੀਮਾਰਾਂ ਵਾਲਾ ਖਾਣਾ ਰੱਖਿਆ ਗਿਆ ਸੀ। ਇਸ ਮੌਕੇ ’ਤੇ ਕਲਾਕਾਰ ਹਮੇਸ਼ਾ ਅਜੀਬ ਅੱਖੜਪਨ ਦਾ ਮੁਜ਼ਾਹਰਾ ਕਰਦਾ। ਇਹ ਸੱਚ ਹੈ ਕਿ ਆਪਣੇ ਉੱਤੇ ਝੁਕੀਆਂ ਹੋਈਆਂ ਔਰਤਾਂ ਦੇ ਫੈਲੇ ਹੋਏ ਮਦਦਗਾਰ ਹੱਥਾਂ ਵਿੱਚ ਆਪਣੀਆਂ ਢਾਂਚਾ ਨੁਮਾ ਬਾਹਾਂ ਥਮਾ ਦਿੰਦਾ ਸੀ। ਪਰ ਖੜ੍ਹੇ ਹੋਣ ਲਈ ਤਿਆਰ ਨਾ ਹੁੰਦਾ। ਉਹ ਚਾਲ੍ਹੀ ਦਿਨ ਬੀਤ ਜਾਣ ਦੇ ਬਾਅਦ ਕਿਉਂ ਫ਼ਾਕੇਕਟੀ ਖ਼ਤਮ ਕਰ ਦੇਵੇ? ਹੁਣ ਜਦੋਂ ਕਿ ਉਹ ਜ਼ਿਆਦਾ ਮੁੱਦਤ ਦੇ ਲਈ, ਇਥੋਂ ਤੱਕ ਕਿ ਅਸੀਮਤ ਵਕਤ ਲਈ ਫ਼ਾਕੇਕਟੀ ਦੇ ਯੋਗ ਹੋ ਚੁੱਕਾ ਸੀ ਤਾਂ ਕਿਉਂ ਉਹ ਉਸਨੂੰ ਰੋਕਦੇ ਜਦੋਂ ਕਿ ਉਹ ਫ਼ਾਕੇਕਟੀ ਲਈ ਬਿਹਤਰੀਨ ਸੂਰਤ ਵਿੱਚ ਸੀ ਜਾਂ ਫਿਰ ਅਜੇ ਤਾਂ ਫ਼ਾਕੇਕਟੀ ਦੀ ਬਿਹਤਰੀਨ ਸੂਰਤ ਵਿੱਚ ਆਇਆ ਵੀ ਨਹੀਂ ਸੀ, ਤਾਂ ਉਸਨੂੰ ਕਿਉਂ ਅਜਿਹੀ ਸ਼ੋਹਰਤ ਤੋਂ ਮਹਿਰੂਮ ਕੀਤਾ ਜਾ ਰਿਹਾ ਸੀ ਜੋ ਉਸਨੂੰ ਸਭ ਤੋਂ ਲੰਬੀ ਫ਼ਾਕੇਕਟੀ ਦਾ ਰਿਕਾਰਡ ਕਾਇਮ ਕਰਨ ਨਾਲ਼ ਹਾਸਲ ਹੋ ਸਕਦੀ ਸੀ, ਨਾ ਸਿਰਫ ਦੁਨੀਆਂ ਦਾ ਸਭ ਤੋਂ ਵੱਡਾ ਫ਼ਾਕੇਕੱਟ ਬਨਣ ਦੀ ਸ਼ੋਹਰਤ, ਜੋ ਸ਼ਾਇਦ ਉਹ ਪਹਿਲਾਂ ਹੀ ਬਣ ਚੁੱਕਿਆ ਸੀ ਸਗੋਂ ਇਨਸਾਨੀ ਕਲਪਨਾ ਤੋਂ ਵੀ ਪਰ੍ਹੇ ਦਾ ਪ੍ਰਦਰਸ਼ਨ ਕਰਕੇ ਫ਼ਾਕੇਕਟੀ ਦੇ ਆਪਣਾ ਹੀ ਰਿਕਾਰਡ ਤੋੜਨ ਦੀ ਸ਼ੋਹਰਤ ਵੀ, ਕਿਉਂਕਿ ਉਸਨੂੰ ਮਹਿਸੂਸ ਹੁੰਦਾ ਸੀ ਕਿ ਫ਼ਾਕੇਕਟੀ ਦੀ ਉਸ ਦੀ ਯੋਗਤਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀ। ਇਹ ਭੀੜ ਜਿਸਨੇ ਉਸ ਦਾ ਬਹੁਤ ਪ੍ਰਸੰਸ਼ਕ ਹੋਣ ਦਾ ਢੌਂਗ ਰਚਾਇਆ ਹੋਇਆ ਸੀ, ਉਸ ਲਈ ਇੰਨੇ ਵੀ ਧੀਰਜ ਦਾ ਮੁਜ਼ਾਹਰਾ ਨਹੀਂ ਕਰ ਸਕਦੀ ਸੀ? ਜੇਕਰ ਉਹ ਜ਼ਿਆਦਾ ਦੇਰ ਲਈ ਫ਼ਾਕੇਕਟੀ ਕਰ ਸਕਦਾ ਸੀ, ਤਾਂ ਉਹ ਉਸਨੂੰ ਕਿਉਂ ਬਰਦਾਸ਼ਤ ਨਹੀਂ ਕਰ ਸਕਦੇ ਸਨ? ਤੇ ਫਿਰ ਉਹ ਬਹੁਤ ਥੱਕ ਚੁੱਕਿਆ ਸੀ, ਤਿਣਕਿਆਂ ਉੱਤੇ ਬੈਠਣ ਵਿੱਚ ਉਸਨੂੰ ਸੁਖ ਮਿਲਦਾ ਸੀ। ਪਰ ਉਸ ਕੋਲੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਸਿੱਧਾ ਖੜ੍ਹਾ ਹੋਵੇ ਅਤੇ ਅੱਗੇ ਜਾ ਕੇ ਕੁੱਝ ਖਾਵੇ ਜਿਸਦੇ ਖ਼ਿਆਲ ਨਾਲ਼ ਹੀ ਉਸਦਾ ਜੀ ਕੱਚਾ ਹੋਣ ਲੱਗਦਾ ਸੀ। ਸਿਰਫ ਔਰਤਾਂ ਦੀ ਹਾਜ਼ਰੀ ਸੀ ਜਿਸ ਕਰਕੇ ਉਸਨੇ ਆਪਣੇ ਇਨ੍ਹਾਂ ਅਹਿਸਾਸਾਂ ਨੂੰ ਪ੍ਰਗਟ ਕਰਨ ਤੋਂ ਬੜੀ ਕਠਿਨਾਈ ਨਾਲ਼ ਆਪਣੇ ਆਪ ਨੂੰ ਰੋਕਿਆ। ਤੇ ਫਿਰ ਉਹ ਔਰਤਾਂ ਦੀਆਂ ਅੱਖਾਂ ਵਿੱਚ ਉੱਪਰ ਝਾਕਿਆ ਜੋ ਜ਼ਾਹਿਰਾ ਤੌਰ ’ਤੇ ਬਹੁਤ ਦੋਸਤਾਨਾ ਦਰਅਸਲ ਨਿਹਾਇਤ ਜ਼ਾਲਮਾਨਾ ਸਨ ਅਤੇ ਆਪਣੀ ਕਮਜ਼ੋਰ ਗਰਦਨ ਉੱਤੇ ਟਿਕੇ ਹੋਏ ਆਪਣੇ ਬਹੁਤ ਜ਼ਿਆਦਾ ਭਾਰੀ ਸਿਰ ਨੂੰ ਝਟਕਾ ਦਿੱਤਾ।

ਫਿਰ ਉਹੀ ਕੁੱਝ ਹੋਇਆ ਜੋ ਅਜਿਹੇ ਮੌਕਿਆਂ ਉੱਤੇ ਹਮੇਸ਼ਾ ਹੁੰਦਾ ਸੀ। ਪ੍ਰਬੰਧਕ ਅੱਗੇ ਆਇਆ - ਸੰਗੀਤ ਦੇ ਸ਼ੋਰ ਨੇ ਕਿਸੇ ਕਿਸਮ ਦੀ ਗੱਲਬਾਤ ਕਰਨਾ ਅਸੰਭਵ ਬਣਾ ਦਿੱਤਾ ਸੀ - ਚੁੱਪਚਾਪ ਆਪਣੀਆਂ ਬਾਹਵਾਂ ਨੂੰ ਫ਼ਾਕੇਕੱਟ ਕਲਾਕਾਰ ਦੇ ਉੱਪਰ ਉਠਾਇਆ ਜਿਵੇਂ ਹੇਠਾਂ ਤਿਣਕਿਆਂ ਉੱਤੇ ਬੈਠੀ ਉਸ ਕਮਜ਼ੋਰ ਜ਼ਿੰਦ, ਉਸ ਬਦਕਿਸਮਤ ਸ਼ਹੀਦ ਵੱਲ - ਉਹ ਕਲਾਕਾਰ ਇੱਕ ਤਰ੍ਹਾਂ ਨਾਲ, ਭਾਵੇਂ ਪੂਰੀ ਤਰ੍ਹਾਂ ਵੱਖਰੇ ਅਰਥਾਂ ਵਿੱਚ, ਸ਼ਹੀਦ ਹੀ ਤਾਂ ਸੀ - ਖ਼ੁਦਾ ਨੂੰ ਨਜ਼ਰ ਕਰਨ ਦਾ ਸੱਦਾ ਦੇ ਰਿਹਾ ਹੋਵੇ। ਤੇ ਫਿਰ ਉਸ ਨੇ ਉਸ ਦੇ ਮਰੀਅਲ ਲੱਕ ਤੋਂ ਫੜਿਆ, ਤੇ ਬਹੁਤ ਸਾਵਧਾਨੀ ਨਾਲ਼ ਇਵੇਂ ਉੱਪਰ ਉਠਾਇਆ ਕਿ ਲੋਕਾਂ ਨੂੰ ਲੱਗੇ ਕਿ ਉਸਦਾ ਵਾਹ ਕਲਾਕਾਰ ਦੇ ਟੁੱਟੂੰ-ਟੁੱਟੂੰ ਕਰਦੇ ਬਦਨ ਨਾਲ਼ ਪਿਆ ਹੈ। ਫਿਰ ਉਸ ਨੇ ਉਸਨੂੰ ਡਰ ਨਾਲ਼ ਪੀਲੀਆਂ ਭੂਕ ਹੋਈਆਂ ਕੁੜੀਆਂ ਨੂੰ ਸੌਂਪਦੇ ਹੋਏ ਚੋਰੀ ਛਿਪੇ ਮਾਮੂਲੀ ਜਿਹਾ ਝਟਕਾ ਵੀ ਦੇ ਦਿੱਤਾ ਸੀ ਜਿਸ ਨਾਲ਼ ਕਲਾਕਾਰ ਦੀਆਂ ਲੱਤਾਂ `ਤੇ ਉੱਪਰ ਵਾਲ਼ਾ ਹਿੱਸਾ ਮੁਕੰਮਲ ਤੌਰ ਉੱਤੇ ਆਪਮੁਹਾਰੇ ਅੱਗੇ ਪਿੱਛੇ ਝੂਲ ਗਿਆ ਸੀ। ਉਸ ਦਾ ਸਿਰ ਛਾਤੀ ਉੱਤੇ ਟਿਕਿਆ ਹੋਇਆ ਸੀ ਜਿਵੇਂ ਗੇੜਾ ਜਿਹਾ ਖਾ ਕੇ ਉੱਥੇ ਆ ਟਿਕਿਆ ਹੋਵੇ। ਸਰੀਰ ਦਾ ਪਿੱਛੇ ਨੂੰ ਕੁੱਬ ਨਿਕਲਿਆ ਹੋਇਆ। ਤੇ ਲੱਤਾਂ ਜਿਵੇਂ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗੋਡਿਆਂ ਕੋਲੋਂ ਇੱਕ ਦੂਜੀ ਨਾਲ਼ ਜੁੜੀਆਂ ਹੋਈਆਂ ਸਨ ਤੇ ਜਿਵੇਂ ਕਿਸੇ ਫ਼ਰਸ਼ ਉੱਤੇ ਟਿਕੀਆਂ ਨਾ ਹੋਣ ਸਗੋਂ ਠੋਸ ਜ਼ਮੀਨ ਟਟੋਲ ਰਹੀਆਂ ਹੋਣ, ਜਦ ਕਿ ਉਸ ਦੇ ਜਿਸਮ ਦਾ ਬੋਝ, ਹਾਲਾਂਕਿ ਇਹ ਬਹੁਤ ਹੀ ਘੱਟ ਰਹਿ ਗਿਆ ਸੀ, ਦੋਨਾਂ ਵਿੱਚੋਂ ਇੱਕ ਕੁੜੀ ਦੀਆਂ ਬਾਹਾਂ ਉੱਤੇ ਤੁਲਿਆ ਹੋਇਆ ਸੀ। ਕੁੜੀ ਦਾ ਸਾਹ ਉਖੜ ਚੁੱਕਿਆ ਸੀ ਅਤੇ ਉਹ ਮਦਦ ਦੀ ਮੰਗ ਕਰ ਰਹੀ ਸੀ। ਆਪਣੇ ਇਨਾਮੀ ਕਾਰਜ ਦੇ ਏਨਾ ਦੁਸ਼ਵਾਰ ਹੋਣ ਦੀ ਉਸਨੇ ਕਲਪਨਾ ਨਹੀਂ ਕੀਤੀ ਸੀ। ਫਿਰ ਉਸਨੇ ਆਪਣੀ ਧੌਣ ਨੂੰ ਸੰਭਵ ਹੱਦ ਤੱਕ ਪਾਸੇ ਹਟਾਣ ਦੀ ਕੋਸ਼ਿਸ਼ ਕੀਤੀ ਤਾਂ ਕਿ ਆਪਣੇ ਚਿਹਰੇ ਨੂੰ ਕਲਾਕਾਰ ਦੇ ਨਾਲ਼ ਛੂਹ ਜਾਣ ਤੋਂ ਬਚਾ ਸਕੇ, ਪਰ ਫਿਰ ਇਹ ਮਹਿਸੂਸ ਕਰਦੇ ਹੋਏ ਕਿ ਅਜਿਹਾ ਸੰਭਵ ਨਹੀਂ ਸੀ ਅਤੇ ਉਸ ਦੀ ਵਧੇਰੇ ਖ਼ੁਸ਼-ਕ਼ਿਸਮਤ ਸਾਥਣ ਉਸ ਦੀ ਮਦਦ ਲਈ ਤਿਆਰ ਨਾਲ਼ ਹੋਈ, ਸਗੋਂ ਕੰਬਣ ਲੱਗ ਪਈ ਅਤੇ ਅੱਗੇ ਖੜ੍ਹੀ ਕਲਾਕਾਰ ਦਾ ਇੱਕ ਹੱਥ ਯਾਨੀ ਹੱਡੀਆਂ ਦੀ ਪੋਟਲੀ ਨੂੰ ਫੜ੍ਹ ਰੱਖਣ ਉੱਤੇ ਹੀ ਸੰਤੁਸ਼ਟ ਸੀ। ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ, ਜਿਸ ਤੇ ਦਰਸ਼ਕਾਂ ਵਿੱਚ ਹਾਸੜ ਮੱਚ ਗਈ ਅਤੇ ਫਿਰ ਇੱਕ ਨੌਕਰ ਨੂੰ ਉਸ ਕੋਲੋਂ ਬੋਝ ਫੜਨਾ ਪਿਆ ਜੋ ਦੇਰ ਤੋਂ ਉਥੇ ਇਸੇ ਕੰਮ ਲਈ ਹੀ ਤਿਆਰ ਖੜ੍ਹਾ ਸੀ। ਫਿਰ ਖਾਣਾ ਆ ਗਿਆ ਜਿਸ ਵਿੱਚੋਂ ਥੋੜ੍ਹਾ ਜਿਹਾ ਪ੍ਰਬੰਧਕ ਨੇ ਕਲਾਕਾਰ ਦੇ ਮੂੰਹ ਨੂੰ ਲਾਇਆ। ਕਲਾਕਾਰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਉਸਨੂੰ ਗਸ਼ ਪੈ ਰਹੇ ਸੀ। ਨਾਲ਼ ਹੀ ਪ੍ਰਬੰਧਕ ਨੇ ਮਜ਼ਾਕੀਆ ਗਿਟ-ਮਿਟ ਜਾਰੀ ਰੱਖੀ ਜਿਸਦਾ ਮਕਸਦ ਲੋਕਾਂ ਦਾ ਧਿਆਨ ਕਲਾਕਾਰ ਦੀ ਵਿਗੜੀ ਹਾਲਤ ਤੋਂ ਹਟਾ ਕੇ ਲਾਂਭੇ ਰੱਖਣਾ ਸੀ। ਇਸ ਦੇ ਬਾਅਦ ਪ੍ਰਬੰਧਕ ਦੇ ਕੰਨ ਵਿੱਚ ਕਲਾਕਾਰ ਦੀ ਘੁਸਰ-ਮੁਸਰ ਦੇ ਬਾਅਦ ਲੋਕਾਂ ਲਈ ਸਿਹਤ, ਕਾਮਯਾਬੀ ਅਤੇ ਖ਼ੁਸ਼ੀ ਦੀ ਕਾਮਨਾ ਦੇ ਜਾਮ ਦੀ ਪੇਸ਼ਕਸ਼ ਕੀਤੀ ਗਈ। ਆਰਕੈਸਟਰਾ ਨੇ ਆਪਣੇ ਖਰੂਦੀ ਸੰਗੀਤ ਨਾਲ਼ ਇਸ ਦੀ ਤਸਦੀਕ ਕੀਤੀ। ਫਿਰ ਮੇਲਾ ਵਿੱਛੜ ਗਿਆ ਅਤੇ ਕਿਸੇ ਨੂੰ ਵੀ ਇਸ ਘਟਨਾ ਤੋਂ ਅਸੰਤੁਸ਼ਟ ਹੋਣ ਦਾ ਅਧਿਕਾਰ ਨਹੀਂ ਸੀ, ਸਿਵਾਏ ਭੁੱਖੇ ਕਲਾਕਾਰ ਦੇ—ਉਹੀ ਹਮੇਸ਼ਾ ਇੱਕੱਲਾ ਅਸੰਤੁਸ਼ਟ ਹੁੰਦਾ ਸੀ।

ਉਹ ਬਹੁਤ ਸਾਲਾਂ ਤੱਕ ਇਸੇ ਤਰ੍ਹਾਂ ਜ਼ਿੰਦਾ ਰਿਹਾ, ਬੱਸ ਛੋਟੇ-ਛੋਟੇ ਵਕਫ਼ਿਆਂ ਲਈ ਕਦੇ ਕਦੇ ਛੁੱਟੀ ਕਰਦਾ ਸੀ। ਸਾਫ਼ ਹੈ, ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਸੀ, ਦੁਨੀਆਂ ਵਿੱਚ ਸ਼ੋਹਰਤ ਸੀ, ਪਰ ਇਸ ਸਭ ਦੇ ਬਾਵਜੂਦ ਉਸ ਦਾ ਮਨ ਉਦਾਸ ਸੀ ਅਤੇ ਦਿਨੋ ਦਿਨ ਹੋਰ ਜ਼ਿਆਦਾ ਉਦਾਸ ਹੁੰਦਾ ਜਾ ਰਿਹਾ ਸੀ। ਇਸ ਦਾ ਕਾਰਨ ਇਹ ਸੀ ਕਿ ਕੋਈ ਸਮਝਣ ਵਾਲਾ ਨਹੀਂ ਸੀ ਕਿ ਉਸ ਦੀ ਉਦਾਸੀ ਨੂੰ ਗੰਭੀਰਤਾ ਨਾਲ਼ ਕਿਵੇਂ ਲਿਆ ਜਾਵੇ। ਆਖ਼ਰ ਉਸਨੂੰ ਕਿਸ ਚੀਜ਼ ਦੀ ਜ਼ਰੂਰਤ ਸੀ? ਇਸ ਤੋਂ ਵਧ ਕੇ ਉਹ ਹੋਰ ਕੀ ਚਾਹੁੰਦਾ ਸੀ? ਅਤੇ ਜੇਕਰ ਕੋਈ ਨੇਕ-ਦਿਲ ਵਿਅਕਤੀ ਉਸ ਦੇ ਨਾਲ਼ ਹਮਦਰਦੀ ਮਹਿਸੂਸ ਕਰਦੇ ਹੋਏ, ਉਸਨੂੰ ਸਮਝਾਉਣ ਦਾ ਯਤਨ ਕਰਦੇ ਹੋਏ ਕਹਿੰਦਾ ਕਿ ਉਸ ਦੀ ਉਦਾਸੀ ਦਾ ਕਾਰਨ ਫ਼ਾਕੇਕਟੀ ਸੀ ਤਾਂ ਸੰਭਵ ਸੀ ਕਿ ਉਹ ਗੁੱਸੇ ਨਾਲ਼ ਭੜਕ ਪੈਂਦਾ ਅਤੇ ਆਪਣੇ ਪਿੰਜਰੇ ਦੀਆਂ ਸਲਾਖ਼ਾਂ ਨੂੰ ਜੰਗਲੀ ਜਾਨਵਰ ਦੀ ਤਰ੍ਹਾਂ ਝੰਜੋੜਨਾ ਸ਼ੁਰੂ ਕਰ ਦਿੰਦਾ ਅਤੇ ਸਾਰਿਆਂ ਨੂੰ ਡਰਾ ਦਿੰਦਾ। ਪਰ ਪ੍ਰਬੰਧਕ ਦੇ ਕੋਲ ਇਹੋ ਜਿਹੇ ਪਲਾਂ ਦੀ ਸਜ਼ਾ ਦੇਣ ਦਾ ਇੱਕੋ ਇੱਕ ਤਰੀਕਾ ਸੀ, ਜਿਸ ਨੂੰ ਉਹ ਖੁਸ਼ੀ-ਖੁਸ਼ੀ ਵਰਤ ਲਿਆ ਕਰਦਾ। ਉਹ ਤਮਾਸ਼ਾਈਆਂ ਕੋਲੋਂ ਕਲਾਕਾਰ ਦੇ ਰਵਈਏ ਦੀ ਮੁਆਫ਼ੀ ਇਸ ਅਧਾਰ ਉੱਤੇ ਮੰਗਦਾ ਕਿ ਇਹ ਖਿੱਝ ਫ਼ਾਕੇਕਟੀ ਦੇ ਕਾਰਨ ਸੀ, ਜਿਸ ਨੂੰ ਰੱਜੇ-ਪੁੱਜੇ ਲੋਕ ਸੌਖ ਨਾਲ਼ ਸਮਝ ਸਕਦੇ ਸਨ ਅਤੇ ਕਲਾਕਾਰ ਦੇ ਵਿਵਹਾਰ ਨੂੰ ਹੋਰ ਸਪੱਸ਼ਟੀਕਰਨ ਦੇ ਬਿਨਾਂ ਖ਼ਿਮਾ ਕਰ ਦੇਣ ਦੇ ਸਮਰੱਥ ਸਨ। ਫਿਰ ਉਹ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਲਾਕਾਰ ਦੀ ਉਸ ਨਾਸਮਝਣਯੋਗ ਸ਼ੇਖ਼ੀ ਦਾ ਜ਼ਿਕਰ ਕਰਦਾ ਕਿ ਉਹ ਚਾਲੀ ਦਿਨ ਤੋਂ ਕਿਤੇ ਜ਼ਿਆਦਾ ਸਮੇਂ ਤੱਕ ਭੁੱਖਾ ਰਹਿ ਸਕਦਾ ਸੀ। ਉਹ ਕਲਾਕਾਰ ਦੇ ਉੱਚੇ ਜਜ਼ਬਾਤ, ਨੇਕ ਇਰਾਦਿਆਂ ਅਤੇ ਇਸ ਦਾਅਵੇ ਵਿੱਚ ਬਿਨਾਂ ਸ਼ੱਕ ਮੌਜੂਦ ਮਹਾਨ ਆਤਮ-ਤਿਆਗ ਦੀ ਸ਼ਲਾਘਾ ਕਰਦਾ। ਪਰ ਫਿਰ ਕਲਾਕਾਰ ਦੀਆਂ ਅਜਿਹੀਆਂ ਤਸਵੀਰਾਂ, ਜੋ ਆਮ ਵਿਕਣ ਲਈ ਵੀ ਮੌਜੂਦ ਹੁੰਦੀਆਂ ਸਨ, ਲੋਕਾਂ ਨੂੰ ਵਿਖਾ ਕੇ ਕਲਾਕਾਰ ਦੇ ਦਾਅਵੇ ਨੂੰ ਝੁਠਲਾਉਂਦਾ। ਇਨ੍ਹਾਂ ਤਸਵੀਰਾਂ ਵਿੱਚ ਆਪਣੀ ਫ਼ਾਕੇਕਟੀ ਦੇ ਚਾਲੀਵੇਂ ਦਿਨ ਥਕੇਵੇਂ ਨਾਲ਼ ਮੁਰਦਾ-ਹਾਲ ਕਲਾਕਾਰ ਆਪਣੇ ਬਿਸਤਰ ਉੱਪਰ ਲਿਟਿਆ ਦਿਖਾਈ ਦਿੰਦਾ ਸੀ। ਹਾਲਾਂਕਿ ਭੁੱਖਾ ਕਲਾਕਾਰ ਸੱਚਾਈ ਦੇ ਇਸ ਅਵੈੜਪੁਣੇ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਹ ਇਸ ਦੇ ਪੱਖ ਵਿੱਚ ਪੂਰਾ ਤਾਣ ਲਾ ਦਿੰਦਾ ਅਤੇ ਇਹ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ। ਉਸਦਾ ਜੋ ਹਾਲ ਫ਼ਾਕੇਕਟੀ ਦੇ ਗ਼ੈਰ-ਪ੍ਰਪੱਕ ਖ਼ਾਤਮੇ ਦੇ ਕਾਰਨ ਹੁੰਦਾ ਸੀ, ਲੋਕ ਫ਼ਾਕੇਕਟੀ ਨੂੰ ਉਸਦਾ ਕਾਰਨ ਦੱਸਣ ਲੱਗਦੇ ਸਨ। ਇਸ ਬੇਸਮਝੀ ਦੇ ਖਿਲਾਫ਼, ਬੇਸਮਝੀ ਦੀ ਭਰੀ ਇਸ ਦੁਨੀਆ ਦੇ ਖਿਲਾਫ਼ ਜੰਗ ਕਰਨਾ ਸੰਭਵ ਨਹੀਂ ਸੀ। ਉਹ ਹਮੇਸ਼ਾ ਨੇਕਨੀਤ ਦੇ ਨਾਲ਼ ਪ੍ਰਬੰਧਕ ਨੂੰ ਸੁਣਨ ਲਈ ਪਿੰਜਰੇ ਦੀਆਂ ਸਲਾਖਾਂ ਨਾਲ਼ ਲੱਗ ਕੇ ਖੜ੍ਹਾ ਹੋ ਜਾਂਦਾ। ਪਰ ਜਿਵੇਂ ਹੀ ਤਸਵੀਰਾਂ ਸਾਹਮਣੇ ਲਿਆਈਆਂ ਜਾਂਦੀਆਂ, ਤਾਂ ਉਹ ਇਹ ਸਭ ਕੁੱਝ ਹੋਣ ਦਿੰਦਾ ਅਤੇ ਠੰਡੀ ਆਹ ਭਰ ਕੇ ਆਪਣੇ ਤੀਲਿਆਂ ਦੇ ਬਿਸਤਰ ਵਿੱਚ ਪੈ ਜਾਂਦਾ, ਕਿ ਸ਼ੰਕਾ-ਨਵਿਰਤ ਲੋਕ ਇੱਕ ਵਾਰ ਫਿਰ ਉਸ ਦੇ ਨੇੜੇ ਆਉਣ ਅਤੇ ਉਸਨੂੰ ਵੇਖ ਸਕਣ।

ਕੁਝ ਸਾਲਾਂ ਦੇ ਬਾਅਦ ਅਜਿਹੇ ਦ੍ਰਿਸ਼ ਦੇਖ ਚੁੱਕੇ ਲੋਕ ਜਦੋਂ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰਦੇ ਤਾਂ ਉਹ ਅਕਸਰ ਆਪਣੇ ਆਪ ਨੂੰ ਸਮਝਣ ਵਿੱਚ ਨਾਕਾਮ ਰਹਿੰਦੇ, ਕਿਉਂਕਿ ਇਸ ਦੌਰਾਨ ਉੱਪਰ ਬਿਆਨ ਕੀਤੀ ਗਈ ਤਬਦੀਲੀ ਵਾਪਰ ਚੁੱਕੀ ਸੀ। ਇਹ ਸਭ ਕੁੱਝ ਬਸ ਤੁਰਤ ਹੀ ਹੋ ਗਿਆ ਸੀ। ਇਸ ਦੇ ਹੋਰ ਵਧੇਰੇ ਡੂੰਘੇ ਕਾਰਨ ਹੋ ਸਕਦੇ ਹਨ ਪਰ ਕਿਸੇ ਨੂੰ ਕੀ ਪਈ ਸੀ ਕਿ ਇਸ ਸੰਬੰਧੀ ਮਗ਼ਜ਼ ਖਪਾਈ ਕਰਦਾ। ਅਚਾਨਕ ਇੱਕ ਦਿਨ ਲੋਕਪ੍ਰਿਯ ਫ਼ਾਕੇਕੱਟ ਕਲਾਕਾਰ ਨੇ ਖ਼ੁਦ ਨੂੰ ਅਨੰਦ ਦੇ ਮੁਤਲਾਸ਼ੀ ਲੋਕਾਂ ਦੀਆਂ ਭੀੜਾਂ ਤੋਂ ਮਹਿਰੂਮ ਪਾਇਆ। ਉਨ੍ਹਾਂ ਦੀ ਦਿਲਚਸਪੀ ਹੁਣ ਦੂਜੀਆਂ ਜ਼ਿਆਦਾ ਆਕਰਸ਼ਕ ਚੀਜ਼ਾਂ ਵੱਲ ਹੋ ਚੁੱਕੀ ਸੀ। ਇੱਕ ਵਾਰ ਫੇਰ ਪ੍ਰਬੰਧਕ ਨੇ ਉਸ ਦੇ ਨਾਲ਼ ਅੱਧੇ ਤੋਂ ਵੱਧ ਯੂਰਪ ਘੁੰਮ ਮਾਰਿਆ, ਇਹ ਦੇਖਣ ਲਈ ਕਿ ਸ਼ਾਇਦ ਕਿਤੇ ਨਾ ਕਿਤੇ ਇਸ ਕਲਾ ਵਿੱਚ ਪੁਰਾਣੀ ਦਿਲਚਸਪੀ ਬਾਕੀ ਬਚੀ ਲੱਭ ਜਾਵੇ। ਪਰ ਉਸਨੂੰ ਘੋਰ ਨਿਰਾਸ਼ਾ ਪੱਲੇ ਪਈ। ਲੱਗਦਾ ਸੀ ਜਿਵੇਂ ਹਰ ਜਗ੍ਹਾ ਲੋਕਾਂ ਨੇ ਪੇਸ਼ਾਵਰਾਨਾ ਫ਼ਾਕੇਕਟੀ ਦੇ ਤਮਾਸ਼ਿਆਂ ਦੇ ਖਿਲਾਫ਼਼ ਕੋਈ ਖੁਫ਼ੀਆ ਸਮਝੌਤਾ ਕਰ ਲਿਆ ਹੋਵੇ। ਸੁਭਾਵਿਕ ਹੈ ਇਹ ਤਬਦੀਲੀ ਇੱਕੋ ਲਖ਼ਤ ਨਹੀਂ ਹੋਈ ਹੋਣੀ ਅਤੇ ਬਾਅਦ ਵਿੱਚ ਲੋਕਾਂ ਨੂੰ ਕੁਝ ਅਜਿਹੀਆਂ ਗੱਲਾਂ ਯਾਦ ਆਈਆਂ, ਜਿਨ੍ਹਾਂ ਨੂੰ ਨਸ਼ਿਆਈਆਂ ਕਾਮਯਾਬੀਆਂ ਦੇ ਦਿਨਾਂ ਵਿੱਚ ਅਣਗੌਲਿਆ ਕਰ ਦਿੱਤਾ ਜਾਂਦਾ ਸੀ। ਕੁਝ ਨਾਕਾਫ਼ੀ ਤੌਰ ’ਤੇ ਦੱਬੀਆਂ ਹੋਈਆਂ ਨਿਸ਼ਾਨੀਆਂ ਸਨ, ਪਰ ਹੁਣ ਉਨ੍ਹਾਂ ਦੇ ਤੋੜ ਲਈ ਕੁਝ ਵੀ ਕਰਨ ਵਿੱਚ ਬਹੁਤ ਦੇਰ ਹੋ ਚੁੱਕੀ ਸੀ। ਬੇਸ਼ਕ, ਇਹ ਗੱਲ ਪੱਕੀ ਸੀ ਕਿ ਵਰਤ ਰੱਖਣ ਦੀ ਲੋਕਪ੍ਰਿਯਤਾ ਇੱਕ ਵਾਰ ਫਿਰ ਇੱਕ ਦਿਨ ਪਰਤ ਆਵੇਗੀ, ਪਰ ਜਿਹੜੇ ਹੁਣ ਜ਼ਿੰਦਾ ਹਨ ਉਨ੍ਹਾਂ ਲਈ ਕੋਈ ਢਾਰਸ ਨਹੀਂ ਬੰਨ੍ਹਾਉਂਦੀ ਸੀ। ਤਾਂ ਫਿਰ ਫ਼ਾਕੇਕੱਟ ਕਲਾਕਾਰ ਹੁਣ ਕੀ ਕਰ ਸਕਦਾ ਸੀ? ਚੜ੍ਹਤ ਦੇ ਦੌਰ ਵਿੱਚ ਲੱਖਾਂ ਲੋਕਾਂ ਦੀਆਂ ਭੀੜਾਂ ਉਸ ਨੂੰ ਦੇਖਣ ਆਉਂਦੀਆਂ ਸੀ, ਉਸਦੀ ਵਾਹ-ਵਾਹ ਕਰਦੀਆਂ ਸੀ, ਉਹ ਛੋਟੇ ਮੋਟੇ ਮੇਲਿਆਂ-ਗੇਲਿਆਂ ਵਿੱਚ, ਗਲੀਆਂ ਨੁੱਕੜਾਂ ਵਿੱਚ ਆ ਕੇ ਪ੍ਰਦਰਸ਼ਨ ਨਹੀਂ ਕਰ ਸਕਦਾ ਸੀ ਜਾਂ ਫਿਰ ਹੁਣ ਕੋਈ ਦੂਜਾ ਪੇਸ਼ਾ ਆਪਣਾ ਲੈਣਾ ਵੀ ਉਸ ਦੇ ਲਈ ਦੁਸ਼ਵਾਰ ਸੀ ਕਿਉਂਕਿ ਉਹ ਨਾ ਸਿਰਫ ਬੁੱਢਾ ਸੀ, ਸਗੋਂ ਫ਼ਾਕੇਕਟੀ ਲਈ ਜਨੂੰਨੀ ਤੌਰ ਤੇ ਸਮਰਪਿਤ ਵੀ ਸੀ। ਇਸ ਲਈ ਉਸਨੇ ਆਪਣੇ ਚੜ੍ਹਤ ਦੇ ਜ਼ਮਾਨੇ ਦੇ ਲਾਸਾਨੀ ਬੇਲੀ ਪ੍ਰਬੰਧਕ ਨੂੰ ਅਲਵਿਦਾ ਕਿਹਾ ਅਤੇ ਉਹ ਖ਼ੁਦ ਇੱਕ ਵੱਡੀ ਸਰਕਸ ਵਿੱਚ ਭਰਤੀ ਹੋ ਗਿਆ। ਆਪਣੇ ਜਜ਼ਬਿਆਂ ਨੂੰ ਠੇਸ ਤੋਂ ਬਚਾਉਣ ਲਈ, ਉਸਨੇ ਆਪਣੇ ਇੱਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੜ੍ਹਨ ਦੀ ਵੀ ਖੇਚਲ ਨਾ ਕੀਤੀ।

ਇੱਕ ਅਜਿਹੀ ਵੱਡੀ ਸਰਕਸ ਜਿਸ ਕੋਲ ਨਵੇਂ ਆਉਣ ਵਾਲੇ ਅਤੇ ਚਲੇ ਜਾਣ ਵਾਲੇ ਵਿਅਕਤੀਆਂ, ਜਾਨਵਰਾਂ ਅਤੇ ਯੰਤਰਾਂ ਦੀ ਬਹੁਤਾਤ ਹੁੰਦੀ ਹੈ ਉਸ ਕੋਲ ਹਮੇਸ਼ਾ ਕਿਸੇ ਵੀ ਵਕਤ ਕਿਸੇ ਚੀਜ਼ ਨੂੰ ਇਸਤੇਮਾਲ ਕਰਨ ਦੀ ਯੋਗਤਾ ਹੁੰਦੀ ਹੈ; ਚਾਹੇ ਉਹ ਫ਼ਾਕੇਕੱਟ ਕਲਾਕਾਰ ਹੀ ਕਿਉਂ ਨਾ ਹੋਵੇ ਜੇਕਰ ਉਸਦੀਆਂ ਸ਼ਰਤਾਂ ਬਹੁਤ ਅੱਕਰੀਆਂ ਨਾ ਹੋਣ। ਇਸ ਤੋਂ ਇਲਾਵਾ, ਇਸ ਖ਼ਾਸ ਮਾਮਲੇ ਵਿੱਚ ਨਾ ਸਿਰਫ ਫ਼ਾਕੇਕੱਟ ਕਲਾਕਾਰ ਨੂੰ ਸਗੋਂ ਉਸ ਦੀ ਸ਼ੋਹਰਤ ਨੂੰ ਵੀ ਖਰੀਦ ਲਿਆ ਗਿਆ ਸੀ। ਫਿਰ ਵੀ ਉਸ ਦੀ ਕਲਾ ਦੀ ਖ਼ਾਸ ਪ੍ਰਕਿਰਤੀ, ਜੋ ਉਸ ਦੀ ਵੱਧਦੀ ਹੋਈ ਉਮਰ ਦੇ ਨਾਲ਼ ਘਟੀ ਨਹੀਂ ਸੀ, ਨੂੰ ਦੇਖਦੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਘਸਿਆ ਹੋਇਆ ਕਲਾਕਾਰ ਜੋ ਹੁਣ ਢਲ ਚੁੱਕਿਆ ਸੀ, ਸਰਕਸ ਦੇ ਖ਼ਾਮੋਸ਼ ਕੋਨੇ ਵਿੱਚ ਟਿਕਾਣਾ ਭਾਲ ਰਿਹਾ ਸੀ। ਇਸ ਦੇ ਉਲਟ ਉਸਨੇ ਦਾਅਵਾ ਵੀ ਕੀਤਾ ਸੀ ਕਿ ਉਹ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਹੁਣ ਵੀ ਲੰਮੀ ਮੁੱਦਤ ਦੀ ਫ਼ਾਕੇਕਟੀ ਕਰ ਸਕਦਾ ਸੀ ਜੋ ਇੱਕ ਪੂਰੀ ਤਰ੍ਹਾਂ ਮੰਨਣਯੋਗ ਗੱਲ ਸੀ। ਉਸਨੇ ਤਾਂ ਇਹ ਦਾਅਵਾ ਵੀ ਕੀਤਾ ਸੀ ਕਿ ਜੇਕਰ ਉਸਨੂੰ ਉਸਦੀ ਇੱਛਾ ਅਨੁਸਾਰ ਮੁੱਦਤ ਤੱਕ ਫ਼ਾਕੇਕਟੀ ਦੀ ਇਜਾਜ਼ਤ ਦਿੱਤੀ ਜਾਵੇ - ਇਸ ਦੀ ਉਸਨੂੰ ਤੁਰਤ ਇਜਾਜ਼ਤ ਮਿਲ਼ ਵੀ ਗਈ - ਤਾਂ ਉਹ ਫ਼ਾਕੇਕਟੀ ਦਾ ਇੱਕ ਨਵਾਂ ਰਿਕਾਰਡ ਕਾਇਮ ਕਰਕੇ ਦੁਨੀਆ ਨੂੰ ਹੈਰਾਨ ਕਰ ਸਕਦਾ ਸੀ। ਇਹ ਦਾਹਵਾ ਸੀ ਜਿਸ ਨੇ ਮਾਹਿਰਾਂ ਦੇ ਚੇਹਰਿਆਂ ਤੇ ਮੁਸਕਰਾਹਟ ਬਿਖੇਰ ਦਿੱਤੀ, ਕਿਉਂਕਿ ਕਲਾਕਾਰ ਨੇ ਜੋਸ਼ ਵਿੱਚ ਜ਼ਮਾਨੇ ਦੇ ਰੌਂ ਵਿੱਚ ਆਈ ਤਬਦੀਲੀ ਨੂੰ ਨਜ਼ਰ ਅੰਦਾਜ ਕਰ ਦਿੱਤਾ ਸੀ।

ਇਹ ਗੱਲ ਸਹੀ ਨਹੀਂ ਕਿ ਕਲਾਕਾਰ ਨੂੰ ਅਸਲ ਸਥਿਤੀ ਦਾ ਅੰਦਾਜ਼ਾ ਨਹੀਂ ਸੀ। ਇਹ ਗੱਲ ਉਸਨੇ ਇੱਕ ਸਵੈ-ਸਪੱਸ਼ਟ ਹਕੀਕਤ ਦੇ ਤੌਰ ਉੱਤੇ ਮੰਨ ਲਈ ਸੀ ਕਿ ਲੋਕ ਉਸਨੂੰ ਅਤੇ ਉਸ ਦੇ ਪਿੰਜਰੇ ਨੂੰ ਅਖਾੜੇ ਦੇ ਕੇਂਦਰ ਵਿੱਚ ਨਹੀਂ, ਸਗੋਂ ਬਾਹਰ ਜਾਨਵਰਾਂ ਦੇ ਪਿੰਜਰਿਆਂ ਦੇ ਨੇੜੇ ਅਜਿਹੀ ਜਗ੍ਹਾ ਰੱਖਣਗੇ ਜਿੱਥੇ ਸਾਰਿਆਂ ਦੀ ਪਹੁੰਚ ਹੋਵੇ। ਵੱਡੇ-ਵੱਡੇ ਅਤੇ ਰੰਗਦਾਰ ਇਸ਼ਤਿਹਾਰ ਇਸ ਪਿੰਜਰੇ ਦੇ ਆਲੇ ਦੁਆਲੇ ਚਿਪਕਾ ਦਿੱਤੇ ਗਏ ਸਨ ਅਤੇ ਐਲਾਨ ਕਰ ਦਿੱਤਾ ਸੀ ਕਿ ਪਿੰਜਰੇ ਦੇ ਅੰਦਰ ਦੇਖਣ ਵਾਲਾ ਕੀ ਸੀ। ਜਦੋਂ ਅੰਦਰ ਸਟੇਜ ਉੱਤੇ ਹੋਣ ਵਾਲੇ ਪ੍ਰਦਰਸ਼ਨ ਦੇ ਇੰਟਰਵਲ ਦੇ ਦੌਰਾਨ ਤਮਾਸ਼ਾਈਆਂ ਦੀ ਭੀੜ ਜਾਨਵਰਾਂ ਨੂੰ ਦੇਖਣ ਆਉਂਦੀ ਤਾਂ ਫ਼ਾਕੇਕੱਟ ਦੇ ਪਿੰਜਰੇ ਦੇ ਕੋਲੋਂ ਲੰਘਦੀ ਅਤੇ ਉਸ ਦੇ ਕੋਲ ਰੁਕਣ ਤੋਂ ਰਹਿ ਨਾ ਸਕਦੇ। ਅਤੇ ਸ਼ਾਇਦ ਉਹ ਕੁੱਝ ਦੇਰ ਹੋਰ ਉੱਥੇ ਰੁਕਦੇ ਜੇਕਰ ਉਸ ਤੰਗ ਰਸਤੇ ਵਿੱਚ ਪਿੱਛੋਂ ਆਉਣ ਵਾਲੇ ਜਿਨ੍ਹਾਂ ਨੂੰ ਸਮਝ ਨਹੀਂ ਪੈਂਦਾ ਸੀ ਕਿ ਜਾਨਵਰਾਂ ਨੂੰ ਦੇਖਣ ਦੇ ਚਾਹਵਾਨ ਰਸਤੇ ਵਿੱਚ ਕਿਉਂ ਦੇਰ ਲਾ ਰਹੇ ਸਨ, ਧੱਕਿਆਂ ਨਾਲ਼ ਉਨ੍ਹਾਂ ਨੂੰ ਅੱਗੇ ਵਧਣ ਉੱਤੇ ਮਜਬੂਰ ਨਾ ਕਰ ਦਿੰਦੇ। ਇਸ ਕਾਰਨ ਹਰ ਕਿਸੇ ਲਈ ਅਸੰਭਵ ਹੋ ਜਾਂਦਾ ਸੀ ਕਿ ਉਹ ਕੁੱਝ ਦੇਰ ਟਿਕ ਕੇ ਉਸ ਨੂੰ ਦੇਖ ਸਕੇ। ਸ਼ਾਇਦ ਇਹ ਵੀ ਇੱਕ ਕਾਰਨ ਸੀ ਕਿ ਫ਼ਾਕੇਕੱਟ ਕਲਾਕਾਰ ਜੋ ਕਦੇ ਬੇਚੈਨੀ ਨਾਲ਼ ਉਨ੍ਹਾਂ ਪਲਾਂ ਦਾ ਆਪਣੀ ਜ਼ਿੰਦਗੀ ਦੀ ਅਹਿਮ ਕਾਮਯਾਬੀ ਦੇ ਤੌਰ ਉੱਤੇ ਇੰਤਜ਼ਾਰ ਕਰਦਾ ਹੁੰਦਾ ਸੀ, ਹੁਣ ਕੰਬਣ ਲੱਗ ਪੈਂਦਾ ਸੀ। ਸ਼ੁਰੂ ਦੇ ਦਿਨਾਂ ਵਿੱਚ ਉਹ ਇਨ੍ਹਾਂ ਇੰਟਰਵਲਾਂ ਦਾ ਇੰਤਜ਼ਾਰ ਨਹੀਂ ਕਰਦਾ ਸੀ। ਉਹ ਆਪਣੇ ਗਿਰਦ ਜੁੜਦੀ ਭੀੜ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ। ਪਰ ਛੇਤੀ ਹੀ ਲੋਕਾਂ ਦੇ ਇਰਾਦਿਆਂ ਨੂੰ ਤਾੜਦੇ ਹੋਏ ਉਸ ਨੂੰ ਸਪਸ਼ਟ ਹੋ ਗਿਆ ਸੀ - ਅਤਿ ਜ਼ਿੱਦੀ, ਲਗਪਗ ਜਾਣ-ਬੁੱਝ ਕੇ ਖ਼ੁਦ-ਫਰੇਬੀ ਵੀ ਉਸ ਨੂੰ ਇਹ ਮਹਿਸੂਸ ਕਰਨ ਤੋਂ ਰੋਕ ਨਹੀਂ ਸਕੀ ਸੀ - ਕਿ ਇਨ੍ਹਾਂ ਲੋਕਾਂ ਦੀ ਬਹੁਗਿਣਤੀ, ਵਾਰ-ਵਾਰ ਕਿਸੇ ਛੋਟ ਦੇ ਬਿਨਾਂ ਸਿਰਫ ਜਾਨਵਰਾਂ ਨੂੰ ਦੇਖਣ ਆਉਂਦੀ ਸੀ। ਫਿਰ ਵੀ ਦੂਰੋਂ ਹੀ ਸਹੀ ਉਨ੍ਹਾਂ ਦਾ ਇੱਕ ਝਾਤ ਮਾਰ ਲੈਣਾ ਹੀ ਉਸਦਾ ਸਭ ਤੋਂ ਵੱਧ ਖੁਸ਼ੀ ਦਾ ਪਲ ਹੁੰਦਾ ਸੀ। ਜਦੋਂ ਉਹ ਉਸ ਦੇ ਪਿੰਜਰੇ ਦੇ ਨੇੜੇ ਪੁੱਜਦੇ, ਉਨ੍ਹਾਂ ਵਧ ਰਹੇ ਦੋ ਗਰੁੱਪਾਂ ਦੇ ਵਿੱਚ ਝੜਪ ਵਿੱਚੋਂ ਉਸਨੂੰ ਤੁਰਤ ਸਮਝ ਪੈ ਜਾਂਦੀ ਸੀ। ਯਾਨੀ ਇੱਕ ਤਾਂ ਅਜਿਹੇ ਲੋਕ ਹੁੰਦੇ ਜੋ ਰੁਕਣਾ ਅਤੇ ਫ਼ਾਕੇਕੱਟ ਕਲਾਕਾਰ ਨੂੰ ਵੇਖਣਾ ਚਾਹੁੰਦੇ ਹੁੰਦੇ, ਕਿਸੇ ਤਰ੍ਹਾਂ ਦੀ ਹਕੀਕੀ ਦਿਲਚਸਪੀ ਦੇ ਨਾਲ਼ ਨਹੀਂ ਸਗੋਂ, ਐਵੇਂ ਖਬਤ ਦੇ ਤੌਰ ਤੇ ਜਾਂ ਇੱਕ ਤਰ੍ਹਾਂ ਦੀ ਤੜੀ ਪੁਗਾਉਣ ਲਈ। ਇਹ ਜਲਦ ਹੀ ਉਸ ਨੂੰ ਵਧੇਰੇ ਚੁਭਣ ਲੱਗ ਪਏ ਸਨ - ਜਦੋਂ ਕਿ ਦੂਜੀ ਤਰ੍ਹਾਂ ਦੇ ਅਜਿਹੇ ਤਮਾਸ਼ਾਈ ਸਨ ਜੋ ਸਿੱਧੇ ਜਾਨਵਰਾਂ ਤੱਕ ਪੁੱਜਣ ਦੇ ਇੱਛਕ ਹੁੰਦੇ ਸਨ।

ਜਦੋਂ ਪਹਿਲੀ ਭਾਰੀ ਭੀੜ ਭੁਗਤ ਜਾਂਦੀ, ਤਾਂ ਦੇਰੀ ਨਾਲ਼ ਆਉਣ ਵਾਲੇ ਲੋਕ ਉੱਥੇ ਪੁੱਜਦੇ ਅਤੇ ਚਾਹੇ ਉਨ੍ਹਾਂ ਦੇ ਲਈ ਉੱਥੇ ਆਪਣੀ ਮਰਜ਼ੀ ਨਾਲ਼ ਦੇਰ ਤੱਕ ਖੜ੍ਹੇ ਰਹਿਣ ਵਿੱਚ ਕੋਈ ਵੀ ਅੜਿੱਕਾ ਨਹੀਂ ਸੀ ਹੁੰਦਾ, ਉਹ ਇੱਕ ਨਜ਼ਰ ਆਪਣੇ ਇਰਦ-ਗਿਰਦ ਝਾਕੇ ਬਿਨਾਂ ਜਾਨਵਰਾਂ ਦੇ ਪਿੰਜਰਿਆਂ ਤੱਕ ਸਮੇਂ ਸਿਰ ਪੁੱਜਣ ਲਈ ਉਤਾਵਲੇ ਲੰਮੀਆਂ-ਲੰਮੀਆਂ ਡਿੰਘਾਂ ਭਰਦੇ ਅੱਗੇ ਲੰਘ ਜਾਂਦੇ। ਇਹ ਤਾਂ ਕਦੇ-ਕਦੇ ਖੁਸ਼ਕਿਸਮਤੀ ਨਾਲ਼ ਹੀ ਹੁੰਦਾ ਜਦੋਂ ਕੋਈ ਬਾਪ ਆਪਣੇ ਬੱਚਿਆਂ ਦੇ ਨਾਲ਼ ਆਉਂਦਾ, ਫ਼ਾਕੇਕੱਟ ਕਲਾਕਾਰ ਦੀ ਤਰਫ਼ ਉਂਗਲ ਕਰਕੇ ਇਸ਼ਾਰਾ ਕਰਦਾ ਅਤੇ ਬੱਚਿਆਂ ਨੂੰ ਵੇਰਵੇ ਨਾਲ਼ ਦੱਸਦਾ ਕਿ ਇੱਥੇ ਕੀ ਹੋ ਰਿਹਾ ਸੀ ਅਤੇ ਬੀਤੇ ਹੋਏ ਸਾਲਾਂ ਦੇ ਹੋਰ ਵੀ ਕਿਤੇ ਵਧੀਆ ਕ਼ਿੱਸੇ ਸੁਣਾਉਂਦਾ ਜਿਹੜੇ ਖ਼ੁਦ ਉਸਨੇ ਵੇਖੇ ਹੁੰਦੇ। ਬੱਚੇ ਸ਼ਾਇਦ ਗੱਲ ਨੂੰ ਨਾ ਸਮਝਦੇ ਹੋਏ ਖੜ੍ਹ ਜਾਂਦੇ ਕਿਉਂਕਿ ਨਾ ਸਕੂਲ ਵਿੱਚ ਅਤੇ ਨਾ ਸਕੂਲ ਤੋਂ ਬਾਹਰ ਦੀ ਜ਼ਿੰਦਗੀ ਵਿੱਚ ਹੀ ਉਹ ਇਨ੍ਹਾਂ ਸਬਕਾਂ ਲਈ ਪੂਰੀ ਤਰ੍ਹਾਂ ਤਿਆਰ ਕੀਤੇ ਹੁੰਦੇ ਸਨ, ਤਾਂ ਉਨ੍ਹਾਂ ਨੂੰ ਭਲਾ ਫ਼ਾਕੇਕਟੀ ਦੀ ਅਹਿਮੀਅਤ ਦਾ ਕਿਵੇਂ ਪਤਾ ਲੱਗਦਾ। ਪਰ ਉਨ੍ਹਾਂ ਦੀਆਂ ਸ਼ੌਕੀਨ ਅੱਖਾਂ ਦੀ ਚਮਕ ਦੱਸਦੀ ਕਿ ਨਵੇਂ ਅਤੇ ਚੰਗੇ ਦਿਨ ਆਉਣ ਵਾਲੇ ਸਨ।

ਸ਼ਾਇਦ ਕਲਾਕਾਰ ਨੇ ਕਿੰਨੀ ਹੀ ਵਾਰ ਇਹ ਗੱਲ ਖ਼ੁਦ ਕਹੀ ਹੋਵੇਗੀ ਕਿ ਹਾਲਤ ਜ਼ਰੂਰ ਕੁਝ ਬਿਹਤਰ ਹੁੰਦੀ ਜੇਕਰ ਉਸ ਦਾ ਪਿੰਜਰਾ ਚਿੜੀਆਘਰ ਦੇ ਏਨਾ ਨੇੜੇ ਨਾ ਹੁੰਦਾ। ਇਸ ਸੂਰਤ ਵਿੱਚ ਲੋਕਾਂ ਨੂੰ ਚੁਣਨ ਵਿੱਚ ਜ਼ਿਆਦਾ ਸਹੂਲਤ ਮਿਲ ਜਾਂਦੀ। ਉਸਨੇ ਲਗਾਤਾਰ ਬੇਚੈਨੀ ਅਤੇ ਨਿਰਾਸ਼ਾ ਦਾ ਜ਼ਿਕਰ ਤਾਂ ਕੀਤਾ ਹੀ ਜੋ ਚਿੜੀਆਘਰ ਵਲੋਂ ਉੱਠਣ ਵਾਲੀ ਸੜ੍ਹਾਂਦ, ਰਾਤ ਨੂੰ ਜਾਨਵਰਾਂ ਦੇ ਖੁੜਦੁੰਮ, ਮਾਸਖੋਰੇ ਦਰਿੰਦਿਆਂ ਲਈ ਉਸ ਦੇ ਪਿੰਜਰੇ ਦੇ ਅੱਗੋਂ ਲਿਜਾਏ ਜਾਣ ਵਾਲੇ ਗੋਸ਼ਤ ਦੇ ਕੱਚੇ ਟੁਕੜਿਆਂ ਦੇ ਘਿਨਾਉਣੇ ਦ੍ਰਿਸ਼ ਅਤੇ ਖਾਣ ਦੇ ਵਕਤ ਜਾਨਵਰਾਂ ਦੀਆਂ ਕੰਨ ਫਾੜ ਦੇਣ ਵਾਲੀਆਂ ਚੰਘਿਆੜਾਂ ਨਾਲ਼ ਉਸ ਅੰਦਰ ਪੈਦਾ ਹੁੰਦੀ ਸੀ। ਇਨ੍ਹਾਂ ਹੀ ਗੱਲਾਂ ਕਰਕੇ ਉਹ ਬਹੁਤ ਪ੍ਰੇਸ਼ਾਨ ਸੀ ਪਰ ਉਸ ਵਿੱਚ ਪ੍ਰਬੰਧਕਾਂ ਕੋਲ ਆਪਣੇ ਦੁੱਖੜੇ ਦੱਸਣ ਦੀ ਹਿੰਮਤ ਨਹੀਂ ਸੀ। ਕੁਝ ਵੀ ਹੋਵੇ, ਉਸਨੂੰ ਇਸ ਗੱਲ ਲਈ ਤਾਂ ਜਾਨਵਰਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਦੇ ਸਦਕਾ ਲੋਕਾਂ ਦੇ ਜੱਥੇ ਉਸ ਦੇ ਪਿੰਜਰੇ ਦੇ ਅੱਗੇ ਦੀ ਲੰਘਦੇ ਸਨ ਜਿਨ੍ਹਾਂ ਵਿੱਚ ਹਮੇਸ਼ਾ ਕੋਈ ਨਾ ਕੋਈ ਅਜਿਹਾ ਵੀ ਹੁੰਦਾ ਜੋ ਉਸ ਵਿੱਚ ਦਿਲਚਸਪੀ ਲੈਂਦਾ ਸੀ। ਅਤੇ ਕੌਣ ਜਾਣ ਸਕਦਾ ਸੀ ਕਿ ਪ੍ਰਬੰਧਕ ਉਸਨੂੰ ਕਿਸ ਸੁੰਨਮਸੁੰਨੇ ਕੋਨੇ ਵਿੱਚ ਲੈ ਜਾਕੇ ਲੁਕੋ ਦਿੰਦੇ, ਜੇਕਰ ਕਲਾਕਾਰ ਨੇ ਉਨ੍ਹਾਂ ਦਾ ਧਿਆਨ ਆਪਣੀ ਹੋਂਦ ਵੱਲ, ਅਤੇ ਨਾਲ਼ੋਂ ਹੀ ਇਸ ਹਕੀਕਤ ਵੱਲ ਕਰਾ ਬੈਠਦਾ ਕਿ ਉਹ ਅਸਲ ਵਿੱਚ ਜਾਨਵਰਾਂ ਦੇ ਪਿੰਜਰਿਆਂ ਤੱਕ ਜਾਣ ਵਾਲੇ ਰਸਤੇ ਵਿੱਚ ਬਸ ਇੱਕ ਰੁਕਾਵਟ ਹੀ ਸੀ।

ਬੇਸ਼ੱਕ ਇੱਕ ਛੋਟੀ ਜਿਹੀ ਰੁਕਾਵਟ, ਤੇ ਉਹ ਵੀ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਸੀ। ਲੋਕ ਇਸ ਅਜੀਬ ਖ਼ਿਆਲ ਦੇ ਆਦੀ ਹੋ ਚਲੇ ਸਨ ਕਿ ਇਸ ਦੌਰ ਵਿੱਚ ਉਨ੍ਹਾਂ ਤੋਂ ਉਮੀਦ ਕੀਤੀ ਜਾ ਸਕਦੀ ਸੀ ਕਿ ਉਹ ਇੱਕ ਫ਼ਾਕੇਕੱਟ ਕਲਾਕਾਰ ਵਿੱਚ ਦਿਲਚਸਪੀ ਲੈਣਗੇ ਅਤੇ ਇਸ ਆਦਤਨ ਖ਼ਿਆਲ ਦੇ ਨਾਲ਼ ਉਸ ਦੇ ਬਾਰੇ ਫ਼ੈਸਲੇ ਦਾ ਐਲਾਨ ਕੀਤਾ ਗਿਆ ਸੀ। ਉਹ ਇੱਛਾ ਮੁਤਾਬਕ ਮੁੱਦਤ ਲਈ ਫ਼ਾਕੇਕਟੀ ਕਰ ਸਕਦਾ ਸੀ - ਅਤੇ ਉਸਨੇ ਅਜਿਹਾ ਹੀ ਕੀਤਾ। ਪਰ ਹੁਣ ਕੁਝ ਵੀ ਉਸਨੂੰ ਬਚਾ ਨਹੀਂ ਸਕਦਾ ਸੀ, ਲੋਕ ਬੇ-ਧਿਆਨੀ ਨਾਲ਼ ਉਸ ਦੇ ਨੇੜਿਓਂ ਲੰਘ ਜਾਂਦੇ। ਕਿਸ ਨੂੰ ਫ਼ਾਕੇਕਟੀ ਦੀ ਕਲਾ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ? ਜਿਸ ਨੂੰ ਇਸਦਾ ਅਹਿਸਾਸ ਹੀ ਨਹੀਂ, ਉਹ ਇਸਨੂੰ ਕੀ ਖ਼ਾਕ ਸਮਝੇਗਾ। ਸੁਹਣੇ ਇਸ਼ਤਿਹਾਰੀ ਚਿੰਨ੍ਹ ਗੰਦੇ ਹੋ ਗਏ ਅਤੇ ਸਮਝੇ ਨਹੀਂ ਸੀ ਜਾ ਸਕਦੇ। ਲੋਕਾਂ ਨੇ ਉਹ ਪਾੜ ਦਿੱਤੇ। ਤੇ ਕਿਸੇ ਨੇ ਉਨ੍ਹਾਂ ਨੂੰ ਬਦਲਣ ਦੀ ਖੇਚਲ ਨਹੀਂ ਕੀਤੀ। ਉਹ ਛੋਟਾ ਜਿਹਾ ਨੋਟਿਸ ਬੋਰਡ ਜਿੱਥੇ ਉਸ ਦੀ ਫ਼ਾਕੇਕਟੀ ਦੇ ਦਿਨਾਂ ਦੀ ਗਿਣਤੀ ਲਿਖੀ ਜਾਂਦੀ ਸੀ ਅਤੇ ਜਿਸ ਉੱਤੇ ਸ਼ੁਰੂ ਵਿੱਚ ਹਰ ਅਗਲੇ ਰੋਜ ਸਾਵਧਾਨੀ ਨਾਲ਼ ਨਵੀਂ ਗਿਣਤੀ ਲਿਖੀ ਜਾਂਦੀ ਸੀ, ਹੁਣ ਮੁੱਦਤ ਤੋਂ ਇੱਕ ਹੀ ਨੰਬਰ ਦੱਸ ਰਿਹਾ ਸੀ, ਕਿਉਂਕਿ ਪਹਿਲੇ ਕੁਝ ਹਫਤਿਆਂ ਦੇ ਬਾਅਦ ਨੋਟਿਸ ਬੋਰਡ ਦੀ ਨਿਗਰਾਨੀ ਕਰਨ ਵਾਲੇ ਅਮਲੇ ਲਈ ਵੀ ਇਸ ਮਾਮੂਲੀ ਕੰਮ ਵਿੱਚ ਕੋਈ ਦਿਲਚਸਪੀ ਬਾਕੀ ਨਾ ਰਹੀ। ਇਵੇਂ ਉਹ ਲਗਾਤਾਰ ਫ਼ਾਕੇਕਟੀ ਕਰਦਾ ਚਲਾ ਗਿਆ, ਜਿਸਦਾ ਉਸਨੇ ਕਦੇ ਖ਼ਾਬ ਵੇਖਿਆ ਸੀ ਅਤੇ ਕੋਈ ਦੁਸ਼ਵਾਰੀ ਉਸਨੂੰ ਇਸ ਕੰਮ ਵਿੱਚ ਨਹੀਂ ਹੋਈ, ਜਿਵੇਂ ਕਿ ਉਸਨੇ ਹਮੇਸ਼ਾ ਭਵਿੱਖਬਾਣੀ ਕੀਤੀ ਸੀ। ਪਰ ਹੁਣ ਦਿਨਾਂ ਨੂੰ ਸ਼ੁਮਾਰ ਕਰਨ ਵਾਲਾ ਕੋਈ ਨਹੀਂ ਸੀ। ਕੋਈ ਵੀ ਨਹੀਂ, ਖ਼ੁਦ ਉਸ ਨੂੰ ਵੀ ਇਲਮ ਨਹੀਂ ਸੀ ਕਿ ਉਹ ਹੁਣ ਤੱਕ ਆਪਣੇ ਕਿਸ-ਕਿਸ ਰਿਕਾਰਡ ਨੂੰ ਤੋੜ ਚੁੱਕਿਆ ਸੀ। ਬਸ ਆਹਿਸਤਾ-ਆਹਿਸਤਾ ਉਸ ਦਾ ਦਿਲ ਭਾਰੀ ਹੋ ਰਿਹਾ ਸੀ ਅਤੇ ਜਦੋਂ ਕਦੇ ਕਦਾਈਂ ਕੋਈ ਰਾਹਗੀਰ ਬੇ-ਧਿਆਨੀ ਵਿੱਚ ਉੱਥੇ ਰੁਕਦਾ, ਲਿਖੀ ਪੁਰਾਣੀ ਗਿਣਤੀ ਦਾ ਮਜ਼ਾਕ ਉਡਾਉਂਦਾ, ਅਤੇ ਧੋਖਾਧੜੀ ਦੀ ਗੱਲ ਕਰਦਾ, ਇਹ ਇੱਕ ਅਰਥ ਵਿੱਚ ਸਿਰੇ ਦਾ ਅਹਿਮਕਾਨਾ ਝੂਠ ਸੀ ਜਿਸ ਨੂੰ ਸਿਰੇ ਦੀ ਬੇਰੁਖੀ ਅਤੇ ਪੈਦਾਇਸ਼ੀ ਖੁਣਸ ਜਨਮ ਦੇ ਸਕਦੀ ਸੀ, ਕਿਉਂਕਿ ਇਹ ਫ਼ਾਕੇਕੱਟ ਕਲਾਕਾਰ ਨਹੀਂ ਸੀ ਜੋ ਧੋਖਾ ਦੇ ਰਿਹਾ ਸੀ। ਉਹ ਤਾਂ ਈਮਾਨਦਾਰੀ ਦੇ ਨਾਲ਼ ਆਪਣਾ ਕੰਮ ਕਰ ਰਿਹਾ ਸੀ, ਸਗੋਂ ਦੁਨੀਆ ਨੇ ਉਸਨੂੰ ਠੱਗਿਆ ਸੀ ਅਤੇ ਉਸਦੀ ਕਲਾ ਦਾ ਮੁੱਲ ਨਹੀਂ ਪਾਇਆ ਸੀ।

ਇਵੇਂ ਬਹੁਤ ਸਾਰੇ ਦਿਨ ਬੀਤ ਗਏ ਅਤੇ ਆਖ਼ਰ ਮਾਮਲਾ ਖ਼ਾਤਮੇ ਨੂੰ ਅੱਪੜਿਆ। ਇੱਕ ਦਿਨ ਅਚਾਨਕ ਸਰਕਸ ਦੇ ਇੱਕ ਨਿਗਰਾਨ ਦੀ ਨਜ਼ਰ ਫ਼ਾਕੇਕੱਟ ਦੇ ਪਿੰਜਰੇ ਉੱਤੇ ਪਈ ਅਤੇ ਉਸਨੇ ਉੱਥੇ ਨਿਯੁਕਤ ਨੌਕਰ ਕੋਲੋਂ ਪੁੱਛਿਆ ਕਿ ਇੱਕ ਮੁਕੰਮਲ ਤੌਰ ਉੱਤੇ ਸਹੀ ਸਲਾਮਤ ਪਿੰਜਰੇ ਨੂੰ ਅੰਦਰ ਪਏ ਲਿਬੜੇ-ਤਿਬੜੇ ਤੀਲਿਆਂ ਦੇ ਅੰਬਾਰ ਦੇ ਨਾਲ਼ ਬਿਨਾਂ ਕਿਸੇ ਇਸਤੇਮਾਲ ਦੇ ਕਿਉਂ ਰੱਖਿਆ ਹੋਇਆ ਸੀ। ਕੋਈ ਕੁੱਝ ਨਹੀਂ ਜਾਣਦਾ ਸੀ। ਫਿਰ ਇੱਕ ਸ਼ਖਸ ਨੇ ਨੋਟਿਸ ਬੋਰਡ ਨੂੰ ਵੇਖ ਕੇ ਆਪਣੀ ਯਾਦਾਸ਼ਤ ਨੂੰ ਖੁਰ੍ਫ਼ਾਚਿਆ ਅਤੇ ਫ਼ਾਕੇਕੱਟ ਕਲਾਕਾਰ ਨੂੰ ਯਾਦ ਕੀਤਾ। ਫਿਰ ਉਨ੍ਹਾਂ ਨੇ ਸੋਟੀਆਂ ਨਾਲ਼ ਕਸੁਸਰੇ ਨੂੰ ਖੰਗਾਲਿਆ। ਅੰਦਰ ਕਲਾਕਾਰ ਪਿਆ ਹੋਇਆ ਸੀ। "ਕੀ ਤੂੰ ਫ਼ਾਕੇਕਟੀ ਕਰ ਰਿਹਾ ਹੈਂ। ਆਖ਼ਰ ਕਦੋਂ ਤੱਕ ਅਜਿਹਾ ਕਰਨ ਦਾ ਇਰਾਦਾ ਹੈ?" ਨਿਗਰਾਨ ਨੇ ਪੁੱਛਿਆ।

"ਤੁਸੀਂ ਸਭ ਮੈਨੂੰ ਮੁਆਫ਼ ਕਰ ਦਿਓ।" ਫ਼ਾਕੇਕੱਟ ਕਲਾਕਾਰ ਨੇ ਘੁਸਰ-ਮੁਸਰ ਵਿੱਚ ਕਿਹਾ ਜਿਸ ਨੂੰ ਸਿਰਫ ਨਿਗਰਾਨ ਨੇ ਸੁਣਿਆ, ਕਿਉਂਕਿ ਉਹ ਸਲਾਖਾਂ ਨਾਲ਼ ਕੰਨ ਲਾਈ ਖੜ੍ਹਾ ਸੀ।

"ਬੇ-ਸ਼ੱਕ," ਨਿਗਰਾਨ ਨੇ ਜਵਾਬ ਦਿੱਤਾ ਅਤੇ ਮੱਥੇ ਉੱਤੇ ਹੱਥ ਮਾਰਿਆ ਜਿਸਦਾ ਮਤਲਬ ਉੱਥੇ ਮੌਜੂਦ ਅਮਲੇ ਨੂੰ ਇਹ ਵਿਖਾਉਣਾ ਸੀ ਕਿ ਉਹ ਕਿਸ ਹਾਲ ਨਾਲ਼ ਦੋ-ਚਾਰ ਸੀ।

"ਅਸੀਂ ਤੈਨੂੰ ਮੁਆਫ਼ ਕੀਤਾ।"

"ਮੇਰੀ ਹਮੇਸ਼ਾ ਖਾਹਿਸ਼ ਰਹੀ ਹੈ ਕਿ ਤੁਸੀਂ ਮੇਰੀ ਫ਼ਾਕੇਕਟੀ ਦੀ ਤਾਰੀਫ਼ ਕਰੋ।" ਕਲਾਕਾਰ ਨੇ ਕਿਹਾ।

"ਪਰ ਅਸੀਂ ਤਾਂ ਤੇਰੀ ਤਾਰੀਫ਼ ਕਰਦੇ ਹਾਂ।"

"ਪਰ ਤੁਹਾਨੂੰ ਇਸ ਦੀ ਤਾਰੀਫ਼ ਨਹੀਂ ਕਰਨੀ ਚਾਹੀਦੀ," ਫ਼ਾਕੇਕੱਟ ਕਲਾਕਾਰ ਨੇ ਕਿਹਾ।

ਨਿਗਰਾਨ ਨੇ ਕਿਹਾ, "ਫੇਰ, ਅਸੀਂ ਇਸ ਦੀ ਤਾਰੀਫ਼ ਨਹੀਂ ਕਰਦੇ, ਪਰ ਸਾਨੂੰ ਇਸ ਦੀ ਤਾਰੀਫ਼ ਕਿਉਂ ਨਹੀਂ ਕਰਨੀ ਚਾਹੀਦੀ?"

"ਕਿਉਂਕਿ ਮੈਨੂੰ ਫ਼ਾਕੇਕਟੀ ਕਰਨੀ ਹੀ ਪੈਣੀ ਸੀ, ਕਿਉਂ ਜੋ ਮੈਂ ਹੋਰ ਕੁਝ ਕਰ ਹੀ ਨਹੀਂ ਸਕਦਾ ਸੀ," ਫ਼ਾਕੇਕੱਟ ਕਲਾਕਾਰ ਨੇ ਕਿਹਾ।

"ਜ਼ਰਾ ਆਪਣੇ ਆਪ ਨੂੰ ਵੇਖ। ਤੂੰ ਕੋਈ ਹੋਰ ਕੰਮ ਕਿਉਂ ਨਹੀਂ ਕਰ ਸਕਦਾ?" ਨਿਗਰਾਨ ਨੇ ਤਬਸਰਾ ਕੀਤਾ।

ਕਲਾਕਾਰ ਨੇ ਆਪਣਾ ਸਿਰ ਮਾਮੂਲੀ ਜਿਹਾ ਉੱਪਰ ਚੁੱਕਿਆ ਅਤੇ ਇਸ ਤਰਾਂ ਬੁੱਲ੍ਹ ਮੀਚੇ ਜਿਵੇਂ ਕਿਸੇ ਚੀਜ਼ ਨੂੰ ਚੁੰਮਣਾ ਚਾਹੁੰਦਾ ਹੋਵੇ; ਨਿਗਰਾਨ ਦੇ ਕੰਨ ਦੇ ਨੇੜੇ ਮੂੰਹ ਕਰਕੇ ਕਿਹਾ ਤਾਂ ਜੋ ਕੋਈ ਇੱਕ ਲਫ਼ਜ਼ ਵੀ ਉਸਦੇ ਕੰਨ ਵਿੱਚ ਪੈਣ ਤੋਂ ਖੁੰਜ ਨਾ ਜਾਵੇ, "ਕਿਉਂਕਿ ਮੈਨੂੰ ਕਦੇ ਮੇਰੀ ਪਸੰਦ ਦਾ ਖਾਣਾ ਨਹੀਂ ਮਿਲਿਆ। ਜੇਕਰ ਮੈਨੂੰ ਮਿਲ ਜਾਂਦਾ, ਤਾਂ ਯਕੀਨ ਜਾਣੋ ਮੈਂ ਕਦੇ ਵੀ ਆਪਣੇ ਸਰੀਰ ਨਾਲ਼ ਜ਼ਿਆਦਤੀ ਨਾ ਕਰਦਾ ਅਤੇ ਤੁਹਾਡੀ ਤਰ੍ਹਾਂ ਜਾਂ ਕਿਸੇ ਵੀ ਦੂਜੇ ਸ਼ਖਸ ਦੀ ਤਰ੍ਹਾਂ ਰੱਜ ਕੇ ਖਾਂਦਾ।" ਇਹ ਉਸ ਦੇ ਆਖ਼ਰੀ ਸ਼ਬਦ ਸਨ ਪਰ ਉਸ ਦੀਆਂ ਮਿਚ ਰਹੀਆਂ ਅੱਖਾਂ ਵਿੱਚ ਹੁਣ ਮਾਣ ਤਾਂ ਨਹੀਂ ਸੀ, ਪਰ ਇਹ ਪੱਕਾ ਇਰਾਦਾ ਸੀ ਕਿ ਉਹ ਵਰਤ ਜਾਰੀ ਰੱਖਣ ਜਾ ਰਿਹਾ ਸੀ।

"ਖੈਰ...ਹੁਣ ਉਸਨੂੰ ਸਾਫ਼ ਕਰੋ," ਨਿਗਰਾਨ ਨੇ ਆਪਣੇ ਸਾਥੀਆਂ ਨੂੰ ਕਿਹਾ। ਉਨ੍ਹਾਂ ਨੇ ਫ਼ਾਕੇਕੱਟ ਕਲਾਕਾਰ ਨੂੰ ਘਾਹ ਫੂਸ ਸਹਿਤ ਦਫ਼ਨ ਕਰ ਦਿੱਤਾ ਅਤੇ ਉਸ ਦੇ ਪਿੰਜਰੇ ਵਿੱਚ ਇੱਕ ਪੈਂਥਰ ਨੂੰ ਰੱਖ ਲਿਆ। ਕੋਈ ਬੇਹੱਦ ਗ਼ੈਰ-ਜਜ਼ਬਾਤੀ ਸ਼ਖਸ ਵੀ, ਇੰਨੇ ਅਰਸੇ ਤੱਕ ਨੀਰਸ ਰਹੇ ਉਸ ਪਿੰਜਰੇ ਵਿੱਚ, ਹਰ ਪਾਸੇ ਕੁੱਦਦੇ ਉਠਦੇ ਉਸ ਜੰਗਲੀ ਪ੍ਰਾਣੀ ਨੂੰ ਵੇਖ ਕੇ ਅਵਸ਼ ਤਾਜ਼ਗੀ ਮਹਿਸੂਸ ਕਰਦਾ। ਉਸ ਵਿਚ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜੋ ਵੀ ਖ਼ੁਰਾਕ ਜਾਨਵਰ ਨੂੰ ਪਸੰਦ ਸੀ ਐਨ ਸਮੇਂ ਸਿਰ ਗਾਰਡ ਉਸ ਲਈ ਹਾਜਰ ਕਰ ਦਿੰਦੇ। ਉਹ ਭੋਜਨ ਦਾ ਖ਼ੂਬ ਅਨੰਦ ਮਾਣਦਾ ਅਤੇ ਉਸ ਨੂੰ ਆਪਣੀ ਆਜ਼ਾਦੀ ਦਾ ਵੀ ਕੋਈ ਝੋਰਾ ਨਹੀਂ ਜਾਪਦਾ ਸੀ। ਉਸ ਨੂੰ ਜਿਸਮਾਨੀ ਜ਼ਰੂਰਤ ਦੀ ਹਰ ਚੀਜ਼ ਭਰਪੂਰ ਮਾਤਰਾ ਵਿੱਚ ਮਿਲ਼ਦੀ, ਰੱਜ ਕੇ ਫਟਣ ਵਾਲਾ ਹੋ ਜਾਂਦਾ, ਜਾਪਦਾ ਸੀ ਆਪਣੇ ਦੁਆਲੇ ਅਜ਼ਾਦੀ ਦਾ ਘੇਰਾ ਵੀ ਤਾਣ ਰੱਖਿਆ ਸੀ। ਇਹ ਅਜ਼ਾਦੀ ਉਸ ਦੇ ਜਬਾੜਿਆਂ ਵਿੱਚ ਕਿਤੇ ਵੱਸਦੀ ਜਾਪਦੀ ਸੀ, ਅਤੇ ਜ਼ਿੰਦਾ ਹੋਣ ਦੀ ਖ਼ੁਸ਼ੀ ਏਨੇ ਜੋਸ਼-ਜਜ਼ਬੇ ਦੇ ਨਾਲ਼ ਉਸ ਦੇ ਗਲੇ ਵਿੱਚੋਂ ਬਾਹਰ ਨਿਕਲਦੀ ਕਿ ਵੇਖਣ ਵਾਲੇ ਤਮਾਸ਼ਾਈਆਂ ਲਈ ਉਸ ਨੂੰ ਸਹਾਰਨਾ ਆਸਾਨ ਨਾ ਹੁੰਦਾ। ਪਰ ਉਹ ਖ਼ੁਦ ਉੱਤੇ ਕਾਬੂ ਪਾਉਂਦੇ ਪਿੰਜਰੇ ਦੇ ਗਿਰਦ ਹੋਰ ਨੇੜੇ ਜੁੜ ਜੁੜ ਖੜ੍ਹਦੇ, ਜਿਵੇਂ ਉੱਥੋਂ ਕਦੇ ਨਾ ਹਟਣ ਉੱਤੇ ਤੁਲੇ ਹੋਣ।