ਅਨੁਵਾਦ:ਪੁਲ ਉਪਰ ਬੈਠਾ ਬੁੱਢਾ

ਅੰਗਰੇਜ਼ੀ ਕਹਾਣੀ - Old Man at the Bridge (1938)

44273ਪੁਲ ਉਪਰ ਬੈਠਾ ਬੁੱਢਾਚਰਨ ਗਿੱਲਅਰਨੈਸਟ ਹੈਮਿੰਗਵੇ

ਇੱਕ ਬੁੱਢਾ ਆਦਮੀ, ਜਿਸਨੇ ਸਟੀਲ ਦੇ ਕਿਨਾਰਿਆਂ ਵਾਲੀ ਐਨਕ ਪਹਿਨੀ ਹੋਈ ਸੀ ਅਤੇ ਜਿਸਦੇ ਕੱਪੜੇ ਬੁਰੀ ਤਰ੍ਹਾਂ ਗਰਦ ਨਾਲ ਅੱਟੇ ਹੋਏ ਸਨ, ਸੜਕ ਦੇ ਕੰਢੇ ਬੈਠਾ ਸੀ। ਇੱਥੇ ਦਰਿਆ ਉੱਤੇ ਟਿਊਬਾਂ ਵਾਲੀਆਂ ਕਿਸ਼ਤੀਆਂ ਦਾ ਬਣਿਆ ਇੱਕ ਪੁਲ ਸੀ ਅਤੇ ਰੇਹੜੀਆਂ, ਟਰੱਕ, ਮਰਦ ਔਰਤਾਂ ਅਤੇ ਬੱਚੇ ਇਸ ਉੱਤੋਂ ਲੰਘ ਰਹੇ ਸਨ। ਰੇਹੜੀਆਂ ਨੂੰ ਖ਼ੱਚਰਾਂ ਖਿੱਚ ਰਹੀਆਂ ਸਨ, ਜੋ ਪੁਲ ਦੀ ਚੜ੍ਹਾਈ ਚੜ੍ਹਦੇ ਹੋਏ ਲੜਖੜਾ ਰਹੀਆਂ ਸਨ। ਸਿਪਾਹੀ ਉਨ੍ਹਾਂ ਦੇ ਪਹੀਆਂ ਵਿੱਚ ਹੱਥ ਪਾ ਕੇ ਉਨ੍ਹਾਂ ਨੂੰ ਚੜ੍ਹਨ ਵਿੱਚ ਮਦਦ ਕਰ ਰਹੇ ਸਨ। ਟਰੱਕ ਅੱਗੇ ਵੱਧ ਰਹੇ ਸਨ ਅਤੇ ਨਜ਼ਰਾਂ ਤੋਂ ਓਝਲ ਹੁੰਦੇ ਜਾ ਰਹੇ ਸਨ, ਉਨ੍ਹਾਂ ਦੇ ਪਿੱਛੇ ਗਿੱਟੇ ਗਿੱਟੇ ਭੁੱਬਲ ਵਿੱਚ ਕਿਸਾਨ ਪੈਰ ਘਸੀਟ ਘਸੀਟ ਤੁਰ ਰਹੇ ਸਨ। ਮਗਰ ਬੁੱਢਾ ਆਦਮੀ ਅਹਿੱਲ ਬੈਠਾ ਸੀ। ਉਹ ਹੱਦੋਂ ਵੱਧ ਥੱਕ ਚੁੱਕਾ ਸੀ ਅਤੇ ਹੋਰ ਤੁਰਨ ਤੋਂ ਆਤੁਰ ਸੀ।

ਮੇਰਾ ਕੰਮ ਸੀ ਕਿ ਪੁਲ ਨੂੰ ਪਾਰ ਕਰਾਂ, ਅੱਗੇ ਵਧਾਂ ਅਤੇ ਦੇਖਾਂ ਕਿ ਦੁਸ਼ਮਨ ਕਿੰਨਾ ਕੁ ਅੱਗੇ ਆ ਚੁੱਕਿਆ ਹੈ। ਮੈਂ ਇਹੋ ਕੀਤਾ ਅਤੇ ਵਾਪਸ ਪੁਲ ਉੱਤੇ ਪਰਤ ਆਇਆ। ਹੁਣ ਇੱਥੇ ਜ਼ਿਆਦਾ ਰੇਹੜੀਆਂ ਨਹੀਂ ਸਨ ਅਤੇ ਕੁਝ ਕੁ ਲੋਕ ਸਨ, ਜੋ ਪੈਦਲ ਨਿਕਲ ਰਹੇ ਸਨ, ਪਰ ਬੁੱਢਾ ਆਦਮੀ ਅਜੇ ਵੀ ਉੱਥੇ ਸੀ।

"ਤੁਸੀਂ ਕਿੱਥੋਂ ਆਏ ਹੋ?" ਮੈਂ ਉਸ ਨੂੰ ਪੁੱਛਿਆ।

"ਸੈਨ ਕਾਰਲੋਸ ਤੋਂ," ਉਸਨੇ ਕਿਹਾ ਅਤੇ ਮੁਸਕੁਰਾਇਆ।

ਇਹ ਉਸ ਦਾ ਦਾਦਕਾ ਪਿੰਡ ਸੀ, ਇਸ ਲਈ ਉਸ ਦੇ ਜ਼ਿਕਰ ਤੋਂ ਉਸਨੂੰ ਖੁਸ਼ੀ ਮਿਲੀ, ਤਾਂ ਹੀ ਉਹ ਮੁਸਕਰਾਇਆ।

"ਮੈਂ ਜਾਨਵਰਾਂ ਦੀ ਵੇਖ-ਭਾਲ ਕਰਦਾ ਸੀ," ਉਸਨੇ ਗੱਲ ਅੱਗੇ ਤੋਰੀ।

"ਓਹ!" ਮੈਂ ਕਿਹਾ ਪਰ ਮੈਂ ਗੱਲ ਪੂਰੀ ਸਮਝਿਆ ਨਹੀਂ ਸੀ।

"ਹਾਂ," ਉਸਨੇ ਕਿਹਾ। "ਮੈਂ ਉੱਥੇ ਹੀ ਰੁੱਕਿਆ ਰਿਹਾ, ਮੈਂ ਜਾਨਵਰਾਂ ਦੀ ਵੇਖ-ਭਾਲ ਕਰਦਾ ਸੀ। ਸੈਨ ਕਾਰਲੋਸ ਤੋਂ ਨਿਕਲਣ ਵਾਲਾ ਮੈਂ ਆਖ਼ਰੀ ਆਦਮੀ ਸੀ।"

ਉਹ ਗਡਰੀਆ ਨਹੀਂ ਲੱਗਦਾ ਸੀ ਨਾ ਹੀ ਚਰਵਾਹਾ। ਮੈਂ ਉਸ ਦੇ ਸਿਆਹ ਘੱਟੇ ਨਾਲ ਅੱਟੇ ਕੱਪੜਿਆਂ ਅਤੇ ਉਸ ਦੇ ਧੂੜ ਨਾਲ ਲਿੱਪੇ ਸਾਂਵਲੇ ਚਿਹਰੇ ਨੂੰ, ਉਸ ਦੀ ਸਟੀਲ ਦੇ ਕਿਨਾਰਿਆਂ ਵਾਲੀ ਐਨਕ ਨੂੰ ਵੇਖਿਆ ਅਤੇ ਪੁੱਛਿਆ:

"ਕਿਹੜੇ ਜਾਨਵਰ ਸਨ?"

"ਕਈ ਤਰ੍ਹਾਂ ਜਾਨਵਰ," ਉਸਨੇ ਕਿਹਾ ਅਤੇ ਆਪਣਾ ਸਿਰ ਹਿਲਾਇਆ। "ਮੈਨੂੰ ਉਨ੍ਹਾਂ ਨੂੰ ਛੱਡ ਕੇ ਆਉਣਾ ਪਿਆ।"

ਮੈਂ ਪੁਲ ਨੂੰ ਅਤੇ ਐਬਰੋ ਡੈਲਟਾ ਦੇ ਅਫ਼ਰੀਕਾ ਵਰਗੇ ਦਿਖਣ ਵਾਲੇ ਦੇਸ਼ ਨੂੰ ਵੇਖ ਰਿਹਾ ਸੀ ਅਤੇ ਹੈਰਾਨ ਹੋ ਰਿਹਾ ਸੀ ਕਿ ਹੁਣ ਉਹ ਵਕਤ ਕਿੰਨਾ ਦੂਰ ਹੈ ਜਦੋਂ ਸਾਡਾ ਸਾਹਮਣਾ ਦੁਸ਼ਮਣ ਨਾਲ ਹੋਵੇਗਾ। ਮੈਂ ਗ਼ੌਰ ਨਾਲ ਉਨ੍ਹਾਂ ਪਹਿਲੀਆਂ ਅਵਾਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਦੁਸ਼ਮਣ ਦੇ ਨੇੜੇ ਹੋਣ ਦਾ ਸਿਗਨਲ ਹੋਣਗੀਆਂ। ਬੁੱਢਾ ਆਦਮੀ ਹਾਲੇ ਵੀ ਉੱਥੇ ਹੀ ਬੈਠਾ ਸੀ।

"ਕਿਹੜੇ ਜਾਨਵਰ ਸਨ?" ਮੈਂ ਪੁੱਛਿਆ।

"ਕੁੱਲ ਤਿੰਨ ਜਾਨਵਰ ਸਨ।" ਉਸ ਨੇ ਖੁੱਲ੍ਹ ਕੇ ਦੱਸਿਆ। "ਦੋ ਬਕਰੀਆਂ ਅਤੇ ਇੱਕ ਬਿੱਲੀ ਅਤੇ ਕਬੂਤਰਾਂ ਦੇ ਚਾਰ ਜੋੜੇ ਸਨ।"

"ਤੇ ਤੁਹਾਨੂੰ ਉਨ੍ਹਾਂ ਨੂੰ ਛੱਡ ਕੇ ਆਉਣਾ ਪਿਆ," ਮੈਂ ਪੁੱਛਿਆ।

"ਹਾਂ। ਤੋਪਖ਼ਾਨੇ ਦੀ ਵਜ੍ਹਾ ਨਾਲ। ਕਪਤਾਨ ਨੇ ਮੈਨੂੰ ਤੋਪਖ਼ਾਨੇ ਦੀ ਵਜ੍ਹਾ ਨਾਲ ਚਲੇ ਜਾਣ ਨੂੰ ਕਹਿ ਦਿੱਤਾ ਸੀ।"

"ਤੇ ਤੁਹਾਡਾ ਟੱਬਰ ਨਹੀਂ?" ਮੈਂ ਪੁਲ ਦੇ ਦੂਜੇ ਕਿਨਾਰੇ ਦੀ ਤਰਫ਼ ਵੇਖਦੇ ਹੋਏ ਪੁੱਛਿਆ, ਜਿੱਥੇ ਕੁਝ ਆਖ਼ਰੀ ਰੇਹੜੇ ਜਲਦੀ ਜਲਦੀ ਚੜ੍ਹਾਈ ਚੜ੍ਹ ਰਹੇ ਸਨ।

"ਨਹੀਂ," ਉਸਨੇ ਕਿਹਾ। "ਸਿਰਫ ਜਾਨਵਰ, ਮੈਂ ਕਿਹਾ ਨਾ, ਬਿੱਲੀ... ਯਕੀਨਨ ਉਹ ਠੀਕ ਹੋਵੇਗੀ। ਬਿੱਲੀ ਆਪਣਾ ਖ਼ਿਆਲ ਖ਼ੁਦ ਰੱਖ ਸਕਦੀ ਹੈ ਪਰ ਮੈਨੂੰ ਨਹੀਂ ਪਤਾ ਬਾਕੀਆਂ ਦਾ ਕੀ ਹੋਵੇਗਾ।"

"ਤੁਹਾਡੀ ਸਿਆਸਤ ਕਿਹੜੀ ਹੈ?" ਮੈਂ ਪੁੱਛਿਆ।

"ਮੈਂ ਸਿਆਸਤ ਤੋਂ ਕੋਰਾ ਹਾਂ।" ਉਸਨੇ ਜਵਾਬ ਦਿੱਤਾ। "ਮੇਰੀ ਉਮਰ ਛਿਅੱਤਰ ਸਾਲ ਹੈ। ਮੈਂ ਬਾਰਾਂ ਕਿਲੋਮੀਟਰ ਸਫ਼ਰ ਕਰਕੇ ਆਇਆ ਹਾਂ ਅਤੇ ਹੁਣ ਮੇਰਾ ਖ਼ਿਆਲ ਹੈ ਕਿ ਹੋਰ ਨਹੀਂ ਚੱਲ ਸਕਦਾ।"

"ਇਹ ਰੁਕਣ ਲਈ ਚੰਗੀ ਜਗ੍ਹਾ ਨਹੀਂ ਹੈ," ਮੈਂ ਕਿਹਾ। "ਜੇਕਰ ਤੁਸੀਂ ਥੋੜ੍ਹੀ ਹਿੰਮਤ ਕਰੋ ਤਾਂ ਸੜਕ ਉੱਤੇ ਕਾਫ਼ੀ ਟਰੱਕ ਜਾ ਰਹੇ ਹਨ ਜੋ ਤੁਹਾਨੂੰ ਟੋਰਟੋ ਸਾਂਕ ਪਹੁੰਚਾ ਦੇਣਗੇ।"

"ਮੈਂ ਕੁਝ ਇੰਤਜ਼ਾਰ ਕਰਾਂਗਾ," ਉਸਨੇ ਕਿਹਾ। "ਤੇ ਫਿਰ ਮੈਂ ਚਲਾ ਜਾਵਾਂਗਾ। ਟਰੱਕ ਕਿਸ ਤਰਫ਼ ਜਾ ਰਹੇ ਹਨ?"

"ਬਾਰਸੀਲੋਨਾ ਦੀ ਤਰਫ਼।" ਮੈਂ ਉਸਨੂੰ ਦੱਸਿਆ।

"ਮੈਂ ਇਸ ਪਾਸੇ ਕਿਸੇ ਨੂੰ ਨਹੀਂ ਜਾਣਦਾ," ਉਸਨੇ ਕਿਹਾ। "ਪਰ ਤੁਹਾਡਾ ਬਹੁਤ ਧੰਨਵਾਦ, ਇੱਕ ਵਾਰ ਫਿਰ ਤੁਹਾਡਾ ਬਹੁਤ ਧੰਨਵਾਦ!"

ਉਸਨੇ ਮੇਰੀ ਵੱਲ ਬਹੁਤ ਖ਼ਾਲੀ ਅਤੇ ਥੱਕੀਆਂ ਹੋਈਆਂ ਨਜ਼ਰਾਂ ਨਾਲ ਵੇਖਿਆ ਜਿਵੇਂ ਉਹ ਆਪਣੀ ਪਰੇਸ਼ਾਨੀ ਕਿਸੇ ਦੂਜੇ ਦੇ ਨਾਲ ਵੰਡ ਰਿਹਾ ਹੋਵੇ ਅਤੇ ਕਹਿਣ ਲੱਗਾ, "ਬਿੱਲੀ ਬਿਲਕੁਲ ਠੀਕ ਹੋਵੇਗੀ। ਮੈਨੂੰ ਭਰੋਸਾ ਹੈ। ਬਿੱਲੀ ਬਾਰੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਦੂਜੇ। ਤੁਸੀਂ ਦੂਜਿਆਂ ਦੇ ਬਾਰੇ ਕੀ ਸੋਚਦੇ ਹੋ?"

"ਸ਼ਾਇਦ ਉਹ ਵੀ ਇਸ ਸਭ ਵਿੱਚੋਂ ਸਹੀ ਸਲਾਮਤ ਨਿਕਲ ਆਉਣ।"

"ਤੁਹਾਨੂੰ ਅਜਿਹਾ ਲੱਗਦਾ ਹੈ?"

"ਕਿਉਂ ਨਹੀਂ," ਮੈਂ ਪੁਲ ਦੇ ਪਰਲੇ ਕਿਨਾਰੇ ਤੱਕ ਵੇਖਦੇ ਹੋਏ ਕਿਹਾ, ਜਿੱਥੇ ਹੁਣ ਕੋਈ ਰੇਹੜਾ ਗੱਡੀ ਨਹੀਂ ਸੀ।

"ਮਗਰ ਉਹ ਤੋਪਖ਼ਾਨੇ ਤੋਂ ਆਪਣਾ ਬਚਾਓ ਕਿਵੇਂ ਕਰਨਗੇ। ਜਦੋਂ ਕਿ ਮੈਨੂੰ ਤੋਪਖ਼ਾਨੇ ਦੇ ਕਾਰਨ ਜਾਣ ਨੂੰ ਕਿਹਾ ਗਿਆ ਸੀ।"

"ਕੀ ਤੁਸੀਂਂ ਕਬੂਤਰਾਂ ਦੇ ਪਿੰਜਰੇ ਦਾ ਜਿੰਦਰਾ ਖੋਲ੍ਹ ਦਿੱਤਾ ਸੀ," ਮੈਂ ਪੁੱਛਿਆ।

"ਹਾਂ।"

"ਫਿਰ ਉਹ ਉੱਡ ਜਾਣਗੇ।"

"ਹਾਂ, ਉਹ ਜ਼ਰੂਰ ਉੱਡ ਜਾਣਗੇ। ਪਰ ਦੂਜੇ। ਬਿਹਤਰ ਇਹੀ ਹੈ ਕਿ ਦੂਸਰਿਆਂ ਬਾਰੇ ਨਾ ਹੀ ਸੋਚਿਆ ਜਾਵੇ," ਉਸਨੇ ਕਿਹਾ।

"ਜੇਕਰ ਤੁਸੀਂਂ ਆਰਾਮ ਕਰ ਲਿਆ ਤਾਂ ਮੈਂ ਚੱਲਾਂ," ਮੈਂ ਜ਼ੋਰ ਦਿੰਦੇ ਹੋਏ ਕਿਹਾ। "ਉਠੋ ਅਤੇ ਚਲਣ ਦੀ ਕੋਸ਼ਿਸ਼ ਕਰੋ।"

"ਤੁਹਾਡਾ ਧੰਨਵਾਦ!" ਉਸਨੇ ਕਿਹਾ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ। ਉਹ ਇਧਰ ਉਧਰ ਝੂਲ ਰਿਹਾ ਸੀ ਅਤੇ ਫਿਰ ਪਿੱਛੇ ਹਟ ਕੇ ਭੁੱਬਲ ਵਿੱਚ ਬੈਠ ਗਿਆ।

"ਮੈਂ ਜਾਨਵਰਾਂ ਦਾ ਖ਼ਿਆਲ ਰੱਖ ਰਿਹਾ ਸੀ।" ਉਸਨੇ ਰੁੱਖੀ ਜਿਹੀ ਅਵਾਜ਼ ਵਿੱਚ ਕਿਹਾ ਪਰ ਮੈਨੂੰ ਨਹੀਂ। "ਮੈਂ ਤਾਂ ਸਿਰਫ਼ ਜਾਨਵਰਾਂ ਦਾ ਖ਼ਿਆਲ ਰੱਖ ਰਿਹਾ ਸੀ।"

ਮੈਂ ਉਸ ਲਈ ਕੁਝ ਨਹੀਂ ਕਰ ਸਕਦਾ ਸੀ। ਇਹ ਈਸਟਰ ਦਾ ਐਤਵਾਰ ਸੀ ਅਤੇ ਫ਼ਾਸ਼ੀਵਾਦੀ ਏਬਰੋ ਵੱਲ ਵਧ ਰਹੇ ਸਨ। ਇਹ ਸੁਰਮਈ ਬੱਦਲਵਾਈ ਵਾਲਾ ਦਿਨ ਸੀ, ਨੀਵੀਂ ਛੱਤ ਵਾਲਾ। ਇਸ ਲਈ ਉਨ੍ਹਾਂ ਦੇ ਜਹਾਜ਼ ਉੜ ਨਹੀਂ ਸਕੇ ਸਨ। ਇਹ ਅਤੇ ਇਹ ਤੱਥ ਕਿ ਬਿੱਲੀਆਂ ਜਾਣਦੀਆਂ ਹਨ ਕਿ ਆਪਣਾ ਖ਼ਿਆਲ ਕਿਵੇਂ ਰੱਖਿਆ ਜਾ ਸਕਦਾ ਹੈ - ਇਸ ਬੁੱਢੇ ਆਦਮੀ ਦੀ ਬਸ ਇਹੀ ਖੁਸ਼ਕਿਸਮਤੀ ਸੀ।