ਓਲਗਾ ਇਵਾਨੋਵਨਾ ਦੇ ਸਾਰੇ ਦੋਸਤ ਅਤੇ ਕਰੀਬੀ ਜਾਣਕਾਰ ਉਸ ਦੇ ਵਿਆਹ ਵਿੱਚ ਸ਼ਰੀਕ ਹੋਏ।

"ਬਈ ਜਰਾ ਇਨ੍ਹਾਂ ਨੂੰ ਵੇਖੋ ਤਾਂ, ਕੋਈ ਗੱਲ ਹੈ ਇਨ੍ਹਾਂ ਵਿੱਚ, ਹੈ ਨਾ?" ਉਸਨੇ ਪਤੀ ਦੀ ਤਰਫ਼ ਸਿਰ ਨਾਲ਼ ਇਸ਼ਾਰਾ ਕਰਦੇ ਹੋਏ ਆਪਣੇ ਦੋਸਤਾਂ ਨੂੰ ਕਿਹਾ। ਸਾਫ਼ ਸਪਸ਼ਟ ਹੋ ਰਿਹਾ ਸੀ ਕਿ ਉਸਨੂੰ ਇਹ ਸਮਝਾਉਣ ਲਈ ਉਤਾਵਲੀ ਸੀ ਕਿ ਉਹ ਅਜਿਹੇ ਸਾਦਾ, ਬਹੁਤ ਹੀ ਮਾਮੂਲੀ ਆਦਮੀ ਨਾਲ਼, ਜਿਸਦੀ ਕਿਸੇ ਵੀ ਲਿਹਾਜ਼ ਨਾਲ਼ ਜ਼ਿਕਰਯੋਗ ਹੈਸੀਅਤ ਨਹੀਂ ਸੀ, ਵਿਆਹ ਕਰਾਉਣ ਲਈ ਰਾਜੀ ਕਿਵੇਂ ਹੋ ਗਈ।

ਉਸ ਦਾ ਪਤੀ ਓਸਿਪ ਸਤੇਪਾਨਿਚ ਦੀਮੋਵ ਡਾਕਟਰ ਸੀ ਅਤੇ ਆਪਣੇ ਰੁਤਬੇ ਪੱਖੋਂ ਟਿਟੂਲਰ ਕੌਂਸਲਰ ਦੇ ਬਰਾਬਰ। ਉਹ ਦੋ ਹਸਪਤਾਲਾਂ ਵਿੱਚ ਕੰਮ ਕਰਦਾ ਸੀ: ਇੱਕ ਜਗ੍ਹਾ ਇਕ ਵਾਰਡ ਸਰਜਨ ਵਜੋਂ ਅਤੇ ਦੂਜੇ ਵਿਚ ਲਾਸ਼ਾਂ ਦੀ ਚੀਰ ਫਾੜ ਕਰਕੇ ਵਿਆਖਿਆ ਕਰਨ ਵਾਲ਼ੇ ਦੇ ਤੌਰ ਤੇ। ਰੋਜ਼ਾਨਾ ਨੌਂ ਵਜੇ ਸਵੇਰ ਤੋਂ ਦੁਪਹਿਰ ਤੱਕ ਉਹ ਬਾਹਰੀ ਮਰੀਜ਼ਾਂ ਨੂੰ ਵੇਖਦਾ, ਆਪਣੇ ਵਾਰਡ ਦਾ ਮੁਆਇਨਾ ਕਰਦਾ ਅਤੇ ਤੀਜੇ ਪਹਿਰ ਨੂੰ ਘੋੜਾ ਗੱਡੀ ਦੇ ਜ਼ਰੀਏ ਦੂਜੇ ਹਸਪਤਾਲ ਜਾ ਕੇ ਉੱਥੇ ਮਰ ਚੁੱਕੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਦਾ। ਨਿਜੀ ਪ੍ਰੈਕਟਿਸ ਤੋਂ ਉਸ ਦੀ ਆਮਦਨੀ ਨਾ ਹੋਣ ਦੇ ਬਰਾਬਰ, ਯਾਨੀ ਕੋਈ ਪੰਜ ਸੌ ਰੂਬਲ ਸਾਲਾਨਾ ਸੀ ਅਤੇ ਬਸ। ਉਸ ਵਿਚਾਰੇ ਦੇ ਬਾਰੇ ਕਹਿਣ ਲਈ ਇਸਦੇ ਸਿਵਾ ਹੋਰ ਸੀ ਹੀ ਕੀ? ਦੂਜੇ ਪਾਸੇ ਓਲਗਾ ਇਵਾਨੋਵਨਾ ਅਤੇ ਉਸ ਦੇ ਦੋਸਤ ਅਤੇ ਜਾਣਕਾਰ ਕਿਸੇ ਵੀ ਲਿਹਾਜ਼ ਨਾਲ਼ ਮਾਮੂਲੀ ਸੱਜਣ ਨਹੀਂ ਸਨ। ਉਨ੍ਹਾਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਖੇਤਰ ਵਿੱਚ ਜ਼ਿਕਰਯੋਗ ਅਤੇ ਚੰਗੀ ਖ਼ਾਸੀ ਪੁੱਛ ਪ੍ਰਤੀਤ ਦਾ ਮਾਲਿਕ ਸੀ ਅਤੇ ਜੇਕਰ ਅਜੇ ਤੱਕ ਮਸ਼ਹੂਰ ਸ਼ਖ਼ਸੀਅਤ ਨਹੀਂ ਵੀ ਸੀ, ਫਿਰ ਵੀ ਉਸ ਦੀ ਚਾਲ ਢਾਲ ਕਹਿ ਰਹੀ ਸੀ ਕਿ ਸ਼ਾਨਦਾਰ ਭਵਿੱਖ ਯਕੀਨੀ ਸੀ। ਇੱਕ ਥੀਏਟਰ ਐਕਟਰ ਸੀ ਜਿਸਦੀਆਂ ਹਕੀਕੀ ਨਾਟਕੀ ਯੋਗਤਾਵਾਂ ਆਪਣਾ ਲੋਹਾ ਮੰਨਵਾ ਚੁੱਕੀਆਂ ਸਨ, ਅਤੇ ਉਹ ਖ਼ੂਬਸੂਰਤ, ਜ਼ਹੀਨ, ਸਨਿਮਰ ਸੱਜਣ ਵਿਅਕਤੀ ਸੀ ਅਤੇ ਮਨਮੋਹਕ ਤਕਰੀਰ ਦਾ ਮਾਹਰ ਸੀ। ਉਹ ਓਲਗਾ ਇਵਾਨੋਵਨਾ ਨੂੰ ਉਚਾਰਨ-ਕਲਾ ਦੇ ਪਾਠ ਪੜ੍ਹਾਇਆ ਕਰਦਾ ਸੀ। ਇੱਕ ਹੋਰ ਓਪੇਰਾ ਗਾਇਕ ਸੀ, ਖ਼ੁਸ਼ ਰਹਿਣਾ, ਜੋ ਠੰਡੀਆਂ ਆਹਾਂ ਭਰ ਭਰ ਕੇ ਓਲਗਾ ਇਵਾਨੋਵਨਾ ਨੂੰ ਭਰੋਸਾ ਦਵਾਉਂਦਾ ਰਹਿੰਦਾ ਸੀ ਕਿ ਉਹ ਆਪਣੀ ਪ੍ਰਤਿਭਾ ਦਾ ਗਲਾ ਘੁੱਟ ਰਹੀ ਸੀ, ਜੇਕਰ ਉਹ ਇੰਨੀ ਸੁਸਤੀ ਨਾ ਵਰਤੇ ਅਤੇ ਖ਼ੁਦ ਨੂੰ ਕਾਬੂ ਵਿੱਚ ਰੱਖੇ ਤਾਂ ਬਹੁਤ ਚੰਗੀ ਗਾਇਕਾ ਬਣ ਸਕਦੀ ਸੀ। ਇਸ ਮੰਡਲੀ ਵਿੱਚ ਕਈ ਚਿੱਤਰਕਾਰ ਵੀ ਸ਼ਾਮਿਲ ਸਨ ਜਿਨ੍ਹਾਂ ਵਿੱਚ ਰਿਆਬੋਵਸਕੀ ਖ਼ਾਸਕਰ ਜ਼ਿਕਰਯੋਗ ਸੀ। ਕੋਈ ਪੰਝੀ ਕੁ ਸਾਲ ਦਾ ਇਹ ਨਿਹਾਇਤ ਸੁਹਣਾ ਸੁਨੱਖਾ ਨੌਜਵਾਨ ਆਪਣੀਆਂ ਤਸਵੀਰਾਂ ਵਿੱਚ ਵਭਿੰਨ ਝਲਕੀਆਂ, ਜਾਨਵਰਾਂ ਦੇ ਵੇਰਵੇ ਅਤੇ ਲੈਂਡਸਕੇਪ ਚਿੱਤਰਦਾ ਸੀ ਜਿਨ੍ਹਾਂ ਦੀ ਨੁਮਾਇਸ਼ਾਂ ਵਿੱਚ ਧੁੰਮ ਹੁੰਦੀ ਸੀ। ਉਸ ਦੀ ਤਾਜ਼ਾ-ਤਰੀਨ ਕ੍ਰਿਤੀ ਪੰਜ ਸੌ ਰੂਬਲ ਵਿੱਚ ਵਿਕੀ ਸੀ। ਉਹ ਓਲਗਾ ਇਵਾਨੋਵਨਾ ਦੇ ਬਣਾਏ ਹੋਏ ਅਧੂਰੇ ਖਾਕਿਆਂ ਨੂੰ ਮੁਕੰਮਲ ਕਰਦਾ ਅਤੇ ਹਮੇਸ਼ਾ ਕਿਹਾ ਕਰਦਾ ਸੀ ਕਿ ਓਲਗਾ ਦੀ ਚਿੱਤਰਕਾਰੀ ਕਦੇ ਵੀ ਝੰਡੇ ਝੁਲਾ ਸਕਦੀ ਹੈ। ਅਤੇ ਇੱਕ ਵਾਇਲਨ-ਵਾਦਕ ਸੀ ਜੋ ਆਪਣੀ ਵਾਇਲਨ ਨੂੰ ਡੁਸਕਣ ਲਾ ਸਕਦਾ ਸੀ ਅਤੇ ਖੁੱਲ੍ਹੇਆਮ ਕਿਹਾ ਕਰਦਾ ਸੀ ਕਿ ਜਿੰਨੀਆਂ ਵੀ ਔਰਤਾਂ ਦਾ ਉਹ ਵਾਕਿਫ ਸੀ ਉਨ੍ਹਾਂ ਵਿੱਚ ਉਸ ਦੀ ਸੰਗਤ ਕਰ ਸਕਣ ਦੇ ਯੋਗ ਸਿਰਫ਼ ਇੱਕ ਹੀ ਸੀ … ਓਲਗਾ ਇਵਾਨੋਵਨਾ। ਅਤੇ ਇੱਕ ਸਾਹਿਤਕਾਰ ਸੀ, ਨੌਜਵਾਨ ਪਰ ਚੰਗ ਖਾਸਾ ਮਸ਼ਹੂਰ ਜੋ ਨਾਵਲਟ, ਡਰਾਮੇ ਅਤੇ ਕਹਾਣੀਆਂ ਲਿਖਦਾ ਸੀ। ਹੋਰ ਕੌਣ ਸੀ? ਓਹੀ ਹਾਂ, ਵਸੀਲੀ ਵਸੀਲੀਇਚ ਸੀ, ਜ਼ਿਮੀਦਾਰ, ਕਿਤਾਬਾਂ ਲਈ ਸ਼ੌਕੀਆ ਤੌਰ ਉੱਤੇ ਬਾਤਾਂ ਪਾਉਂਦੀਆਂ ਤਸਵੀਰਾਂ ਬਣਾਉਣ ਵਾਲ਼ਾ, ਫੁੱਲ ਬੂਟਿਆਂ ਅਤੇ ਖ਼ਾਕਿਆਂ ਦਾ ਸਿਰਜਕ, ਜੋ ਪ੍ਰਾਚੀਨ ਰੂਸੀ ਸ਼ੈਲੀ ਅਤੇ ਵਾਰਾਂ ਅਤੇ ਮਹਾਕਾਵਿਕ ਲਿਖਤਾਂ ਦਾ ਸਹੀ ਮਾਅਨਿਆਂ ਵਿੱਚ ਦੀਵਾਨਾ ਸੀ। ਉਹ ਕਾਗ਼ਜ਼ ਦੀਆਂ ਸ਼ੀਟਾਂ, ਚੀਨੀ ਦੇ ਭਾਡਿਆਂ ਅਤੇ ਮਿੱਟੀ ਦੀਆਂ ਪਲੇਟਾਂ ਉੱਤੇ ਸਾਹਿਤਕ ਚਮਤਕਾਰ ਵਿਖਾ ਸਕਦਾ ਸੀ। ਕਲਾਕਾਰਾਂ ਅਤੇ ਰੌਸ਼ਨ ਖ਼ਿਆਲ ਸੱਜਣਾਂ ਦੀ ਇਸ ਮੰਡਲੀ ਵਿੱਚ, ਕਿਸਮਤ ਦੇ ਇਨ੍ਹਾਂ ਬਿਗੜੇ ਹੋਏ ਲਾਡਲਿਆਂ ਵਿੱਚ, ਜੋ ਬੇਸ਼ਕ ਬੜੇ ਨਾਜ਼ੁਕ ਮਜ਼ਾਜ ਅਤੇ ਨਿਰਮਾਣ ਸਨ, ਡਾਕਟਰਾਂ ਦੇ ਵਜੂਦ ਨੂੰ ਸਿਰਫ਼ ਆਪਣੀ ਬੀਮਾਰੀ ਦੇ ਵਕਤ ਹੀ ਯਾਦ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਦੇ ਕੰਨਾਂ ਨੂੰ ਦੀਮੋਵ ਦਾ ਨਾਮ ਸਿਦੋਰੋਵ ਜਾਂ ਤਾਰਾਸੋਵ ਵਰਗੇ ਆਮ ਨਾਮਾਂ ਨਾਲੋਂ ਕਿਵੇਂ ਵੀ ਭਿੰਨ ਨਹੀਂ ਸੀ ਲੱਗਦਾ – ਇਸ ਮੰਡਲੀ ਵਿੱਚ ਦੀਮੋਵ ਬਿਲਕੁਲ ਅਜਨਬੀ, ਬੇਲੋੜਾ ਅਤੇ ਨਿੱਕਾ ਜਿਹਾ ਲੱਗਦਾ ਸੀ ਹਾਲਾਂਕਿ ਉਹ ਉੱਚਾ ਲੰਮਾ ਸੀ ਅਤੇ ਉਹਦੇ ਮੋਢੇ ਚੌੜੇ ਚਕਲੇ ਸਨ। ਉਸ ਦਾ ਕੋਟ ਲੱਗਦਾ ਸੀ ਕਿ ਕਿਸੇ ਹੋਰ ਲਈ ਸਿਲਾਇਆ ਗਿਆ ਸੀ ਅਤੇ ਦਾੜ੍ਹੀ ਕਿਸੇ ਦੁਕਾਨਦਾਰ ਦੀ ਲੱਗਦੀ ਸੀ। ਇਹ ਗੱਲ ਵੱਖਰੀ ਹੈ ਕਿ ਜੇਕਰ ਉਹ ਕੋਈ ਸਾਹਿਤਕਾਰ ਜਾਂ ਚਿੱਤਰਕਾਰ ਹੁੰਦਾ ਤਾਂ ਹਰ ਸ਼ਖਸ ਨੇ ਕਹਿਣਾ ਸੀ ਕਿ ਉਸਦੀ ਦਾੜ੍ਹੀ ਤਾਂ ਬਿਲਕੁਲ ਜ਼ੋਲਾ ਵਰਗੀ ਲੱਗਦੀ ਸੀ।

ਚਿੱਤਰਕਾਰ ਨੇ ਓਲਗਾ ਇਵਾਨੋਵਨਾ ਨੂੰ ਕਿਹਾ ਕਿ ਉਹ ਆਪਣੇ ਕੋਮਲ ਭੂਰੇ ਵਾਲ਼ਾਂ ਅਤੇ ਵਿਆਹ ਵਾਲ਼ੇ ਜੋੜੇ ਵਿੱਚ ਹੂਬਹੂ ਚੈਰੀ ਦੇ ਕਿਸੇ ਅਜਿਹੇ ਰੁੱਖ ਵਰਗੀ ਲੱਗ ਰਹੀ ਹੈ ਜੋ ਬਹਾਰ ਦੀ ਰੁੱਤ ਵਿੱਚ ਕੋਮਲ ਅਤੇ ਚਿੱਟੇ ਫੁੱਲਾਂ ਨਾਲ਼ ਲੱਦਿਆ ਹੋਵੇ।

ਨਹੀਂ, ਜਰਾ ਸੁਣੋ ਤਾਂ! ਓਲਗਾ ਇਵਾਨੋਵਨਾ ਨੇ ਉਸ ਦਾ ਹੱਥ ਫੜਦੇ ਹੋਏ ਕਿਹਾ। ”ਆਖ਼ਰ ਇਹ ਸਭ ਹੋਇਆ ਕਿਵੇਂ? ਮੇਰੀ ਗੱਲ ਸੁਣੋ, ਸੁਣੋ ਨਾ … ਦਰਅਸਲ ਮੇਰੇ ਪਿਤਾ ਜੀ ਅਤੇ ਦੀਮੋਵ ਇੱਕ ਹੀ ਹਸਪਤਾਲ ਵਿੱਚ ਕੰਮ ਕਰਦੇ ਸਨ। ਜਦੋਂ ਵਿਚਾਰੇ ਪਿਤਾ ਜੀ ਬੀਮਾਰ ਹੋ ਗਏ, ਤਾਂ ਦੀਮੋਵ ਨੇ ਉਨ੍ਹਾਂ ਦੀ ਅਜਿਹੀ ਵੇਖ-ਭਾਲ ਕੀਤੀ ਕਿ ਇਹ ਦਿਨ ਰਾਤ ਹਰ ਵਕਤ ਉਨ੍ਹਾਂ ਦੇ ਸਰ੍ਹਾਣੇ ਬੈਠੇ ਰਹਿੰਦੇ। ਕਿੰਨਾ ਵੱਡਾ ਬਲੀਦਾਨ ਸੀ, ਸੁਣੋ ਰਿਆਬੋਵਸਕੀ! …ਅਤੇ ਸਾਹਿਤਕਾਰ ਜੀ, ਤੁਸੀਂ ਵੀ ਸੁਣੋ, ਬਹੁਤ ਦਿਲਚਸਪ ਹੈ! ਜ਼ਰਾ ਨੇੜੇ ਨੇੜੇ ਹੋ ਜਾਓ ਨਾ। ਏਨਾ ਵੱਡਾ ਬਲੀਦਾਨ, ਅਜਿਹੀ ਬੇਗਰਜ਼ ਹਮਦਰਦੀ! ਮੈਂ ਵੀ ਰਾਤ ਭਰ ਪਲਕ ਤੱਕ ਨਹੀਂ ਝਪਕਦੀ ਸੀ, ਪਿਤਾ ਜੀ ਦੇ ਕੋਲ਼ ਬੈਠੀ ਰਹਿੰਦੀ ਸੀ ਅਤੇ ਫਿਰ ਅਚਾਨਕ ਮੈਂ ਤਾਕਤਵਰ ਨੌਜਵਾਨ ਦੇ ਦਿਲ ਤੇ ਜਾਦੂ ਜਿਹਾ ਕਰ ਦਿੱਤਾ। ਹਾਂ, ਇਵੇਂ ਹੀ ਹੋਇਆ ਦੀਮੋਵ ਮੇਰੀ ਮੁਹੱਬਤ ਵਿੱਚ ਹੋਸ਼-ਹਵਾਸ ਗੁਆ ਬੈਠਿਆ। ਕਿੰਨੇ ਨਿਆਰੇ ਹੁੰਦੇ ਨੇ ਕਿਸਮਤ ਦੇ ਖੇਲ੍ਹ ਵੀ! ਖ਼ੈਰ, ਤਾਂ ਪਿਤਾ ਜੀ ਦੇ ਚੱਲ ਵੱਸਣ ਦੇ ਬਾਅਦ ਦੀਮੋਵ ਕਦੇ ਕਦੇ ਮੈਨੂੰ ਮਿਲ਼ਣ ਆ ਜਾਂਦਾ ਅਤੇ ਕਈ ਵਾਰ ਅਸੀਂ ਲੋਕ ਘਰ ਦੇ ਬਾਹਰ ਵੀ ਮਿਲ਼ ਪਿਆ ਕਰਦੇ। ਫਿਰ ਇੱਕ ਦਿਨ … ਜ਼ਰਾ ਵੇਖੋ ਤਾਂ … ਚਾਣਚੱਕ ਹੀ ਉਨ੍ਹਾਂ ਨੇ ਵਿਆਹ ਦੀ ਤਜਵੀਜ਼ ਰੱਖ ਦਿੱਤੀ।…ਜਿਵੇਂ ਸੌ ਘੜਾ ਪਾਣੀ ਦਾ ਮੇਰੇ ਸਿਰ ਤੇ ਡੁਲ੍ਹ ਗਿਆ ਹੁੰਦਾ ਹੈ…ਸਾਰੀ ਰਾਤ ਮੈਂ ਰੋਂਦੇ-ਰੋਂਦੇ ਕੱਟੀ ਅਤੇ ਮੈਂ ਵੀ ਮੁਹੱਬਤ ਵਿੱਚ ਦੀਵਾਨੀ ਹੋ ਗਈ। ਅਤੇ ਹੁਣ ਮੈਂ ਸ਼ਾਦੀਸ਼ੁਦਾ ਔਰਤ ਹਾਂ। ਦੀਮੋਵ ਵਿੱਚ ਕੋਈ ਵੱਡੀ ਮਜ਼ਬੂਤ, ਤਾਕਤਵਰ ਚੀਜ਼ ਹੈ, ਰਿੱਛ ਵਰਗੀ ਕੋਈ ਗੱਲ, ਦੱਸੋ, ਹੈ ਨਾ? ਹੁਣ ਤਾਂ ਉਸ ਦਾ ਸਿਰਫ਼ ਤਿੰਨ-ਚੌਥਾਈ ਚਿਹਰਾ ਹੀ ਸਾਨੂੰ ਵਿਖਾਈ ਦੇ ਰਿਹਾ ਹੈ, ਰੌਸ਼ਨੀ ਠੀਕ ਨਹੀਂ ਪਰ ਜਦੋਂ ਉਹ ਮੁੜਿਆ ਅਤੇ ਪੂਰਾ ਚਿਹਰਾ ਸਾਹਮਣੇ ਹੋਇਆ ਤਾਂ ਜ਼ਰਾ ਉਸ ਦੇ ਮੱਥੇ ਉੱਤੇ ਨਜ਼ਰ ਮਾਰਨਾ। ਉਸ ਮੱਥੇ ਬਾਰੇ ਤੁਹਾਡਾ ਕੀ ਖ਼ਿਆਲ ਹੈ, ਰਿਆਬੋਵਸਕੀ? ਓ ਦੀਮੋਵ, ਅਸੀਂ ਲੋਕ ਤੇਰੇ ਬਾਰੇ ਹੀ ਗੱਲਾਂ ਕਰ ਰਹੇ ਹਾਂ! ਉਸਨੇ ਪਤੀ ਨੂੰ ਬੁਲਾਇਆ। ਜ਼ਰਾ ਇੱਥੇ ਆਓ ਨਾ। ਰਿਆਬੋਵਸਕੀ ਵੱਲ ਆਪਣਾ ਸੁਹਿਰਦ ਹੱਥ ਵਧਾਉ…ਹਾਂ ਠੀਕ ਹੈ। ਤੁਸੀਂ ਦੋਨੋਂ ਦੋਸਤ ਬਣ ਜਾਓ।

ਦੀਮੋਵ ਨੇ ਨਿਰਮਲ ਅਤੇ ਖੁਸ਼ਮਿਜ਼ਾਜ ਮੁਸਕਰਾਹਟ ਦੇ ਨਾਲ਼ ਰਿਆਬੋਵਸਕੀ ਵੱਲ ਹੱਥ ਵਧਾਇਆ ਅਤੇ ਕਿਹਾ:

ਤੁਹਾਨੂੰ ਮਿਲ਼ ਕੇ ਬੜੀ ਖੁਸ਼ੀ ਹੋਈ। ਇੱਕ ਰਿਆਬੋਵਸਕੀ ਮੇਰੇ ਨਾਲ਼ ਵੀ ਮੈਡੀਕਲ ਪੜ੍ਹਦਾ ਹੁੰਦਾ ਸੀ। ਉਹ ਤੁਹਾਡੇ ਰਿਸ਼ਤੇਦਾਰ ਤਾਂ ਨਹੀਂ?”

( 2 )

ਓਲਗਾ ਇਵਾਨੋਵਨਾ ਬਾਈ ਸਾਲ ਦੀ ਸੀ ਪਰ ਦੀਮੋਵ ਇਕੱਤੀ ਦਾ। ਵਿਆਹ ਦੇ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹਾਰ ਆ ਗਈ। ਓਲਗਾ ਇਵਾਨੋਵਨਾ ਨੇ ਆਪਣੇ ਡਰਾਇੰਗ ਰੂਮ ਦੀਆਂ ਦੀਵਾਰਾਂ ਆਪਣੇ ਅਤੇ ਆਪਣੇ ਦੋਸਤਾਂ ਦੇ ਬਣਾਏ ਹੋਏ ਫਰੇਮ ਕੀਤੇ ਅਤੇ ਬਿਨਾਂ ਫਰੇਮ ਸਕੈਚਾਂ ਅਤੇ ਚਿੱਤਰਾਂ ਨਾਲ਼ ਭਰ ਦਿਤੀਆਂ ਅਤੇ ਪਿਆਨੋ ਅਤੇ ਫ਼ਰਨੀਚਰ ਦੇ ਆਲ਼ੇ-ਦੁਆਲ਼ੇ ਚੀਨੀ ਛਤਰੀਆਂ, ਈਜ਼ਲ, ਰੰਗ ਬਿਰੰਗੇ ਰੁਮਾਲੇ ਤੇ ਗਲੀਚੇ, ਖ਼ੰਜਰ, ਅਰਧ-ਮੂਰਤੀਆਂ ਅਤੇ ਫੋਟੋਆਂ ਕਲਾਤਮਿਕ ਢੰਗ ਨਾਲ਼ ਚਿਣ ਦਿੱਤੀਆਂ … ਖਾਣੇ ਵਾਲ਼ੇ ਕਮਰੇ ਵਿੱਚ ਉਸਨੇ ਕੰਧਾਂ ਉੱਤੇ ਲੋਕ ਗਾਥਾਵਾਂ ਅਤੇ ਵਾਰਾਂ `ਤੇ ਅਧਾਰਿਤ ਤਸਵੀਰਾਂ, ਰੁੱਖਾਂ ਦੀ ਛਿੱਲ ਜਾਂ ਰੇਸ਼ਿਆਂ ਦੇ ਮੌਜੇ ਅਤੇ ਦਾਤਰੀਆਂ ਲਟਕਾ ਦਿੱਤੀਆਂ, ਇੱਕ ਕੋਨੇ ਵਿੱਚ ਇੱਕ ਦਾਤ ਅਤੇ ਤੰਗਲੀ ਰੱਖ ਦਿੱਤੀ ਅਤੇ ਇਸ ਤਰ੍ਹਾਂ ਉਸਨੂੰ ਰੂਸੀ ਸ਼ੈਲੀ ਦਾ ਖਾਣੇ ਵਾਲ਼ਾ ਕਮਰਾ ਬਣਾ ਦਿੱਤਾ। ਬੈੱਡਰੂਮ ਵਿੱਚ ਕਿਸੇ ਗੁਫ਼ਾ ਦਾ ਮਾਹੌਲ ਸਿਰਜਣ ਲਈ ਉਸਨੇ ਉਸ ਦੀ ਛੱਤ ਅਤੇ ਕੰਧਾਂ ਕਾਲੇ ਕੱਪੜੇ ਨਾਲ਼ ਮੜ੍ਹ ਦਿੱਤੀਆਂ, ਬੈੱਡਾਂ ਦੇ ਉੱਤੇ ਵੇਨਿਸ਼ੀ ਸ਼ੈਲੀ ਦੀ ਇੱਕ ਲਾਲਟੇਨ ਲਮਕਾ ਦਿੱਤੀ ਅਤੇ ਦਰਵਾਜ਼ੇ ਕੋਲ਼ ਇੱਕ ਮੂਰਤੀ ਖੜੀ ਕਰ ਦਿੱਤੀ ਜਿਸਦੇ ਹੱਠ ਵਿੱਚ ਪ੍ਰਾਚੀਨ ਹਥਿਆਰ ਹਾਲਬਰਾਡ ਸੀ, ਜਿਸਦੇ ਇੱਕ ਪਾਸੇ ਨੇਜਾ ਹੁੰਦਾ ਹੈ, ਦੂਜੇ ਪਾਸੇ ਕੁਹਾੜਾ। ਅਤੇ ਹਰ ਇੱਕ ਨੇ ਕਿਹਾ ਕਿ ਨੌਜਵਾਨ ਦੰਪਤੀ ਨੇ ਬੜਾ ਹੀ ਸੁਹਣਾ ਨਿੱਕਾ ਜਿਹਾ ਘਰ ਬਣਾ ਲਿਆ ਹੈ।

ਓਲਗਾ ਇਵਾਨੋਵਨਾ ਹਰ ਰੋਜ ਗਿਆਰਾਂ ਵਜੇ ਸੌਂ ਕੇ ਉੱਠਦੀ ਅਤੇ ਪਿਆਨੋ ਵਜਾਉਂਦੀ ਜਾਂ ਜੇਕਰ ਧੁੱਪ ਨਿਕਲੀ ਹੁੰਦੀ ਤਾਂ ਕਿਸੇ ਤੇਲ-ਚਿੱਤਰ ਤੇ ਕੰਮ ਛੋਹ ਲੈਂਦੀ। ਫਿਰ ਤਕਰੀਬਨ ਇੱਕ ਵਜੇ ਉਹ ਆਪਣੀ ਦਰਜਨ ਦੇ ਜਾਂਦੀ। ਉਸ ਦੇ ਅਤੇ ਦੀਮੋਵ ਦੇ ਕੋਲ਼ ਪੈਸੇ ਬਹੁਤ ਘੱਟ ਹੋਇਆ ਕਰਦੇ ਸਨ, ਖਿੱਚ ਧੂਹ ਕੇ ਜ਼ਰੂਰਤਾਂ ਪੂਰੀਆਂ ਹੁੰਦੀਆਂ ਸਨ ਤੇ ਬੱਸ। ਇਸ ਸਥਿਤੀ ਵਿੱਚ ਉਹ ਆਏ ਦਿਨ ਨਵੇਂ ਨਵੇਂ ਪਹਿਰਾਵੇ ਵਿੱਚ ਦਿਖਣ ਅਤੇ ਉਨ੍ਹਾਂ ਨਾਲ਼ ਸਨਸਨੀ ਪੈਦਾ ਕਰਨ ਲਈ ਦਰਜਨ ਨੂੰ ਅਤੇ ਖ਼ੁਦ ਨੂੰ ਵੀ, ਪਤਾ ਨਹੀਂ ਕੀ ਕੀ ਵੇਲਣ ਵੇਲਣੇ ਪੈਂਦੇ ਸਨ। ਵਾਰ ਵਾਰ ਚਮਤਕਾਰ ਹੁੰਦੇ ਰਹਿੰਦੇ ਸਨ ਅਤੇ ਕਿਸੇ ਡਾਈ ਕੀਤੇ ਪੁਰਾਣੇ ਕੱਪੜੇ ਅਤੇ ਬਰੀਕ ਰੇਸ਼ਮੀ ਜਾਲੀ ਅਤੇ ਲੇਸ ਦੇ ਕੁਝ ਟੁਕੜਿਆਂ ਨਾਲ਼ ਮੁਫ਼ਤੋ ਮੁਫ਼ਤੀ ਬੇਹੱਦ ਸੁਹਣੀ, ਰੰਗੀਨ ਖ਼ਾਬ ਵਰਗੀ ਹੁਸੀਨ ਡਰੈੱਸ ਤਿਆਰ ਹੋ ਜਾਂਦੀ ਸੀ। ਦਰਜਨ ਦੇ ਹੋ ਕੇ ਓਲਗਾ ਇਵਾਨੋਵਨਾ ਨਾਟਕ ਜਗਤ ਦੀਆਂ ਖ਼ਬਰਾਂ ਦਾ ਪਤਾ ਕਰਨ ਲਈ ਆਮ ਕਰਕੇ ਆਪਣੀ ਕਿਸੇ ਐਕਟਰੈਸ ਸਹੇਲੀ ਨੂੰ ਮਿਲ਼ਣ ਜਾਇਆ ਕਰਦੀ ਸੀ, ਜਿੱਥੇ ਉਹ ਚੀਕਣੀਆਂ ਚੋਪੜੀਆਂ ਗੱਲਾਂ ਨਾਲ਼ ਕਿਸੇ ਨਾਟਕੀ ਪੇਸ਼ਕਾਰੀ ਦੇ ਜਾਂ ਕਿਸੇ ਦੀ ਆਰਥਕ ਮਦਦ ਲਈ ਕੀਤੇ ਜਾ ਰਹੇ ਕਿਸੇ ਸ਼ੋ ਦੇ ਟਿਕਟ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਸੀ। ਉਸ ਕੋਲੋਂ ਅੱਗੇ ਉਸਨੇ ਕਿਸੇ ਚਿੱਤਰਕਾਰ ਦੇ ਸਟੂਡੀਓ ਜਾਂ ਤਸਵੀਰਾਂ ਦੀ ਕਿਸੇ ਨੁਮਾਇਸ਼ ਵਿੱਚ ਜਾਣਾ ਹੁੰਦਾ ਸੀ ਅਤੇ ਇਸ ਦੇ ਬਾਅਦ ਕਿਸੇ ਮਸ਼ਹੂਰ ਸ਼ਖ਼ਸੀਅਤ ਨੂੰ ਮਿਲ਼ਣ, ਉਸਨੂੰ ਆਪਣੇ ਘਰ ਆਉਣ ਦਾ ਸੱਦਾ ਦੇਣ ਜਾਂ ਬਸ ਐਵੇਂ ਹੀ ਏਧਰ ਉੱਧਰ ਦੀਆਂ ਗੱਲਾਂ ਮਾਰਨ ਲਈ ਚਲੀ ਜਾਂਦੀ। ਉਹ ਜਿੱਥੇ ਵੀ ਜਾਂਦੀ ਉਸਦਾ ਗਰਮਜੋਸ਼ੀ ਦੇ ਨਾਲ਼ ਸਵਾਗਤ ਹੁੰਦਾ ਅਤੇ ਉਸਨੂੰ ਭਰੋਸਾ ਦਵਾਇਆ ਜਾਂਦਾ ਕਿ ਉਹ ਨੇਕ, ਦਿਲਕਸ਼ ਅਤੇ ਨਿਆਰੀ ਔਰਤ ਹੈ … ਜਿਨ੍ਹਾਂ ਨੂੰ ਉਹ ਮਸ਼ਹੂਰ ਅਤੇ ਵੱਡੇ ਲੋਕ ਕਿਹਾ ਕਰਦੀ ਸੀ ਉਹ ਉਸ ਦਾ ਆਪਣਿਆਂ ਵਿੱਚੋਂ ਇੱਕ, ਆਪਣੇ ਬਰਾਬਰ ਦੀ ਵਜੋਂ ਸਵਾਗਤ ਕਰਦੇ ਅਤੇ ਇੱਕ ਅਵਾਜ਼ ਐਲਾਨ ਕਰਦੇ ਕਿ ਉਹ ਆਪਣੀ ਪ੍ਰਤਿਭਾ, ਸੁਹਜ ਸਵਾਦ ਅਤੇ ਬੁੱਧੀਮਤਾ ਦੀ ਬਦੌਲਤ ਇੱਕ ਨਾ ਇੱਕ ਦਿਨ ਕੁਝ ਨਾ ਕੁਝ ਮਹਾਨ ਕਰ ਦਿਖਾਏਗੀ। ਸ਼ਰਤ ਇਹ ਕਿ ਉਹ ਆਪਣੀਆਂ ਸਿਫ਼ਤਾਂ ਦਾ ਇੰਨੀਆਂ ਭਾਂਤ ਭਾਂਤ ਦੀਆਂ ਸਰਗਰਮੀਆਂ ਵਿੱਚ ਖਲਾਰਾ ਨਾ ਪਾਵੇ। ਉਹ ਗਾਉਂਦੀ, ਪਿਆਨੋ ਵਜਾਉਂਦੀ, ਪੇਂਟਿੰਗ ਕਰਦੀ ਅਤੇ ਚੀਕਣੀ ਮਿੱਟੀ ਦੀਆਂ ਮੂਰਤੀਆਂ ਬਣਾਉਂਦੀ, ਸ਼ੌਕੀਆ ਨਾਟਕਾਂ ਵਿੱਚ ਐਕਟਿੰਗ ਕਰਦੀ ਅਤੇ ਇਹ ਸਭ ਕੁੱਝ ਮਹਿਜ਼ ਚਲੰਤ ਢੰਗ ਨਾਲ਼ ਨਹੀਂ ਸਗੋਂ ਹਕੀਕੀ ਪ੍ਰਤਿਭਾ ਦਾ ਪ੍ਰਮਾਣ ਦਿੰਦੇ ਹੋਏ ਕਰਦੀ ਸੀ। ਚਾਹੇ ਉਹ ਰੌਸ਼ਨੀ ਲਈ ਲਾਲਟਨਾਂ ਬਣਾਉਂਦੀ, ਕੱਪੜੇ ਪਹਿਨਦੀ ਜਾਂ ਕਿਸੇ ਦੀ ਟਾਈ ਬੰਨ੍ਹ ਦਿੰਦੀ। ਜੋ ਕੁੱਝ ਵੀ ਕਰਦੀ ਉਸ ਸਭ ਦੇ ਉੱਪਰ ਇੱਕ ਖ਼ਾਸ ਸੁਹੱਪਣ, ਸਲੀਕੇ ਅਤੇ ਮਨਮੋਹਕਤਾ ਦੀ ਛਾਪ ਹੁੰਦੀ ਸੀ। ਪਰ ਉਸ ਦੀਆਂ ਸਿਫ਼ਤਾਂ ਦਾ ਸਭ ਤੋਂ ਵੱਧ ਪ੍ਰਗਟਾ ਵੱਡੇ ਮਸ਼ਹੂਰ ਵਿਅਕਤੀਆਂ ਨਾਲ਼ ਤੱਟਫੱਟ ਦੋਸਤੀ ਗੰਢ ਲੈਣ ਅਤੇ ਬੇ-ਤਕੱਲੁਫ਼ ਹੋ ਜਾਣ ਵਿੱਚ ਹੁੰਦਾ ਸੀ। ਜਿਵੇਂ ਹੀ ਕੋਈ ਜ਼ਰਾ ਵੀ ਮਸ਼ਹੂਰੀ ਖੱਟਦਾ ਜਾਂ ਕਿਸੇ ਦੇ ਚਰਚੇ ਹੋਣ ਲੱਗਦੇ ਉਦੋਂ ਹੀ ਉਹ ਉਸ ਸ਼ਖਸ ਨਾਲ਼ ਜਾਣ ਪਛਾਣ ਕਰ ਲੈਂਦੀ, ਝੱਟ ਦੋਸਤੀ ਕਰ ਲੈਂਦੀ ਅਤੇ ਉਸਨੂੰ ਆਪਣੇ ਘਰ ਬੁਲਾਉਂਦੀ। ਇਸ ਕਿਸਮ ਦੀ ਹਰ ਨਵੀਂ ਵਾਕਫ਼ੀਅਤ ਉਸਦੀ ਜ਼ਿੰਦਗੀ ਵਿੱਚ ਜਸ਼ਨਾਂ ਦਾ ਦਿਹਾੜਾ ਹੁੰਦਾ ਸੀ। ਮਸ਼ਹੂਰ ਲੋਕਾਂ ਦੀ ਉਹ ਦੀਵਾਨੀ ਸੀ, ਉਨ੍ਹਾਂ ਤੇ ਮਾਣ ਕਰਦੀ ਅਤੇ ਰਾਤਾਂ ਨੂੰ ਉਨ੍ਹਾਂ ਦੇ ਸੁਪਨੇ ਵੇਖਦੀ ਸੀ। ਮਸ਼ਹੂਰ ਲੋਕਾਂ ਨਾਲ਼ ਮੇਲ਼ ਮਿਲਾਪ ਦੀ ਉਸ ਦੀ ਖਾਹਿਸ਼ ਇੱਕ ਅਜਿਹੀ ਪਿਆਸ ਸੀ ਜੋ ਬੁੱਝਣ ਦਾ ਨਾਮ ਹੀ ਨਹੀਂ ਲੈਂਦੀ ਸੀ। ਪੁਰਾਣੇ ਵਾਲ਼ੇ ਚਲੇ ਜਾਂਦੇ ਅਤੇ ਭੁੱਲ ਭੁਲਾ ਜਾਂਦੇ ਅਤੇ ਨਵੇਂ ਉਨ੍ਹਾਂ ਦੀ ਥਾਂ ਲੈ ਲੈਂਦੇ। ਪਰ ਛੇਤੀ ਹੀ ਉਨ੍ਹਾਂ ਤੋਂ ਵੀ ਉਸ ਦਾ ਜੀ ਅੱਕ ਜਾਂਦਾ ਜਾਂ ਉਨ੍ਹਾਂ ਕੋਲੋਂ ਉਸਨੂੰ ਨਿਰਾਸ਼ਾ ਹੋਣ ਲੱਗਦੀ ਸੀ ਅਤੇ ਉਹ ਬੜੇ ਉਤਸਾਹ ਨਾਲ਼ ਨਵੇਂ ਮਸ਼ਹੂਰ ਲੋਕਾਂ ਦੀ ਤਲਾਸ਼ ਵਿੱਚ ਜੁਟ ਜਾਂਦੀ ਸੀ। ਅਤੇ ਜਦੋਂ ਅਜਿਹੇ ਨਵੇਂ ਸੱਜਣ ਮਿਲ਼ ਜਾਂਦੇ ਤਾਂ ਫਿਰ ਦੂਸਰਿਆਂ ਦੀ ਤਲਾਸ਼ ਕਰਦੀ ਨਜ਼ਰ ਆਉਂਦੀ ਸੀ। ਆਖ਼ਰ ਕਿਉਂ?

ਚਾਰ ਅਤੇ ਪੰਜ ਵਜੇ ਦੇ ਦਰਮਿਆਨ ਉਹ ਘਰ ਵਿੱਚ ਪਤੀ ਦੇ ਨਾਲ਼ ਡਿਨਰ ਕਰਦੀ ਸੀ। ਦੀਮੋਵ ਦੀ ਸਾਦਗੀ, ਅਕਲ ਅਤੇ ਜ਼ਿੰਦਾਦਿਲੀ ਉਸਨੂੰ ਆਪਣਾ ਸ਼ੁਦਾਈ ਬਣਾ ਲੈਂਦੀ ਅਤੇ ਉਹ ਠਾਠਾਂ ਮਾਰਦੀ ਖੁਸ਼ੀ ਨਾਲ਼ ਵਾਰ-ਵਾਰ ਉਛਲ ਪੈਂਦੀ ਅਤੇ ਪਤੀ ਦੀ ਗਰਦਨ ਦੁਆਲੇ ਬਾਂਹਾਂ ਵਲ਼ ਕੇ ਉਸ ਦੇ ਮੂੰਹ ਮੱਥੇ `ਤੇ ਚੁੰਮਣਾਂ ਦੀ ਝੜੀ ਲਾ ਦਿੰਦੀ।

ਦੀਮੋਵ, ਤੂੰ ਬੜਾ ਅਕਲਮੰਦ ਅਤੇ ਬੁਲੰਦ ਖ਼ਿਆਲ ਆਦਮੀ ਹੈਂ। ਉਹ ਪਤੀ ਨੂੰ ਕਹਿੰਦੀ। ਪਰ ਮੁਆਫ਼ ਕਰਨਾ, ਤੇਰ ਵਿੱਚ ਇੱਕ ਬਹੁਤ ਭਿਆਨਕ ਐਬ ਵੀ ਹੈ। ਕਲਾ ਵਿੱਚ ਤੇਰੀ ਉੱਕਾ ਦਿਲਚਸਪੀ ਨਹੀਂ। ਸੰਗੀਤ ਅਤੇ ਚਿੱਤਰਕਾਰੀ ਵੱਲ ਤੇਰਾ ਜ਼ਰਾ ਜਿੰਨਾ ਵੀ ਧਿਆਨ ਨਹੀਂ ।

ਮੈਨੂੰ ਇਹ ਸਮਝ ਨਹੀਂ ਪੈਂਦੇ, ਉਹ ਨਰਮੀ ਨਾਲ਼ ਜਵਾਬ ਦਿੰਦਾ। ਜ਼ਿੰਦਗੀ ਭਰ ਮੈਂ ਪ੍ਰਕਿਰਤੀ ਵਿਗਿਆਨਾਂ ਅਤੇ ਮੈਡੀਕਲ ਦੇ ਖੇਤਰ ਵਿੱਚ ਕੰਮ ਕੀਤਾ ਹੈ, ਦਰਅਸਲ ਕਲਾ ਵਿੱਚ ਦਿਲਚਸਪੀ ਲੈਣ ਦਾ ਮੈਨੂੰ ਕਦੇ ਸਮਾਂ ਹੀ ਨਹੀਂ ਮਿਲ਼ਿਆ।

ਪਰ ਇਹ ਬਹੁਤ ਬੁਰੀ ਗੱਲ ਹੈ, ਦੀਮੋਵ!

ਕਿਉਂ ਭਲਾ? ਤੇਰੇ ਦੋਸਤ ਵੀ ਤਾਂ ਪ੍ਰਕਿਰਤੀ ਵਿਗਿਆਨਾਂ ਅਤੇ ਮੈਡੀਕਲ ਵਿਗਿਆਨ ਦੇ ਗਿਆਨ ਤੋਂ ਮੂਲੋਂ ਕੋਰੇ ਹਨ ਅਤੇ ਤੂੰ ਇਸਨੂੰ ਉਨ੍ਹਾਂ ਦਾ ਐਬ ਤਾਂ ਨਹੀਂ ਸਮਝਦੀ। ਹਰ ਇੱਕ ਦਾ ਆਪਣਾ ਆਪਣਾ ਖੇਤਰ ਹੁੰਦਾ ਹੈ। ਮੈਂ ਕੁਦਰਤੀ ਦ੍ਰਿਸ਼ਾਂ ਦੀਆਂ ਤਸਵੀਰਾਂ ਜਾਂ ਓਪੇਰਿਆਂ ਨੂੰ ਨਹੀਂ ਸਮਝ ਸਕਦਾ ਪਰ ਮੈਂ ਇਸ ਗੱਲ ਨੂੰ ਇਵੇਂ ਵੇਖਦਾ ਹਾਂ:ਜੇਕਰ ਕੁੱਝ ਜ਼ਹੀਨ ਲੋਕ ਉਨ੍ਹਾਂ ਲਈ ਆਪਣਾ ਜੀਵਨ ਨਿਛਾਵਰ ਕਰ ਦਿੰਦੇ ਹਨ ਅਤੇ ਕੁਝ ਹੋਰ ਸਮਝਦਾਰ ਲੋਕ ਉਨ੍ਹਾਂ ਤੇ ਵੱਡੀਆਂ ਰਕਮਾਂ ਖਰਚ ਕਰਦੇ ਹਨ ਤਾਂ ਇਹ ਚੀਜ਼ਾਂ ਯਕੀਨਨ ਜ਼ਰੂਰੀ ਹੀ ਹੋਣਗੀਆਂ। ਮੈਂ ਕਲਾ ਨੂੰ ਨਹੀਂ ਸਮਝ ਸਕਦਾ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਇਨ੍ਹਾਂ ਤੋਂ ਮੁਨਕਰ ਹਾਂ।

ਲਿਆ, ਮੈਂ ਤੇਰਾ ਸੱਚਾ-ਸੁੱਚਾ ਹੱਥ ਆਪਣੇ ਹੱਥ ਵਿੱਚ ਲੈ ਲਵਾਂ!

ਡਿਨਰ ਦੇ ਬਾਅਦ ਓਲਗਾ ਇਵਾਨੋਵਨਾ ਦੋਸਤਾਂ ਨੂੰ ਮਿਲ਼ਣ ਨਿਕਲ ਪੈਂਦੀ। ਉਸ ਦੇ ਬਾਅਦ ਥੀਏਟਰ ਜਾਂ ਕਿਸੇ ਕਨਸਰਟ ਵਿੱਚ ਚਲੀ ਜਾਂਦੀ ਅਤੇ ਅੱਧੀ ਰਾਤ ਦੇ ਬਾਅਦ ਕਿਤੇ ਘਰ ਮੁੜਦੀ। ਅਤੇ ਇਹੀ ਸੀ ਹਰ ਰੋਜ਼ ਦਾ ਹਾਲ।

ਹਰ ਬੁੱਧ ਦੀ ਸ਼ਾਮ ਨੂੰ ਉਹ ਆਪਣੇ ਘਰ ਵਿੱਚ ਪਾਰਟੀ ਕਰਦੀ। ਇਨ੍ਹਾਂ ਸ਼ਾਮਾਂ ਨੂੰ ਨਾ ਤਾਂ ਤਾਸ਼ ਖੇਡੀ ਜਾਂਦੀ ਨਾ ਹੀ ਨਾਚ ਹੁੰਦਾ। ਲੋਕ ਸਿਰਫ਼ ਕਲਾਵਾਂ ਨਾਲ਼ ਜੀਅ ਪਰਚਾਉਂਦੇ। ਥੀਏਟਰ ਦਾ ਕੋਈ ਐਕਟਰ ਕੁਝ ਪੜ੍ਹ ਕੇ ਸੁਣਾਉਂਦਾ, ਗਾਇਕ ਗੀਤ ਗਾਉਂਦਾ, ਚਿੱਤਰਕਾਰ ਐਲਬਮਾਂ ਵਿੱਚ, ਜਿਨ੍ਹਾਂ ਦੀ ਓਲਗਾ ਇਵਾਨੋਵਨਾ ਦੇ ਕੋਲ ਬਹੁਤਾਤ ਸੀ, ਸਕੈੱਚ ਬਣਾਉਂਦਾ ਸੀ, ਵਾਇਲਨ ਵਾਦਕ ਵਾਇਲਨ ਵਜਾਉਂਦਾ। ਖ਼ੁਦ ਮੇਜ਼ਬਾਨ ਸਕੈੱਚ ਉਲੀਕਦੀ, ਮੂਰਤੀਆਂ ਬਣਾਉਂਦੀ, ਗਾਉਂਦੀ ਅਤੇ ਸੰਗੀਤ ਵਾਦਨ ਵਿੱਚ ਸੰਗਤ ਕਰਦੀ ਸੀ। ਪੜ੍ਹਨ, ਵਜਾਉਣ ਅਤੇ ਗਾਉਣ ਦੇ ਵਿੱਚ-ਵਿੱਚ ਮਿਲ਼ਦੇ ਵਕਫ਼ਿਆਂ ਵਿੱਚ ਇਹ ਲੋਕ ਸਾਹਿਤ, ਥੀਏਟਰ ਅਤੇ ਕਲਾ ਬਾਰੇ ਗੱਲਾਂ ਅਤੇ ਬਹਿਸਾਂ ਕਰਦੇ ਸਨ। ਮਹਿਮਾਨਾਂ ਵਿੱਚ ਔਰਤਾਂ ਸ਼ਾਮਿਲ ਨਹੀਂ ਹੁੰਦੀਆਂ ਸਨ ਕਿਉਂਕਿ ਓਲਗਾ ਇਵਾਨੋਵਨਾ ਐਕਟਰੈਸਾਂ ਅਤੇ ਆਪਣੀ ਦਰਜਨ ਦੇ ਸਿਵਾ ਸਭ ਔਰਤਾਂ ਨੂੰ ਘਟੀਆ ਅਤੇ ਬੋਰ ਸਮਝਦੀ ਸੀ। ਬੁੱਧਵਾਰ ਦੀ ਇੱਕ ਵੀ ਸ਼ਾਮ ਅਜਿਹੀ ਨਹੀਂ ਹੁੰਦੀ ਸੀ ਜਦੋਂ ਮੇਜ਼ਬਾਨ ਦਰਵਾਜ਼ੇ ਦੀ ਘੰਟੀ ਦੀ ਹਰ ਅਵਾਜ਼ ਉੱਤੇ ਚਿਹਰੇ ਦੇ ਜੇਤੂ ਅੰਦਾਜ਼ ਦੇ ਨਾਲ਼ ਇਹ ਕਹਿੰਦੀ ਹੋਈ ਆਪਣੀ ਜਗ੍ਹਾ ਤੋਂ ਉਛਲ ਨਾ ਪੈਂਦੀ ਹੋਵੇ, ਆ ਗਏ ਉਹ! ਇਸ ਪੜਨਾਂਵ ਤੋਂ ਉਸ ਦਾ ਇਸ਼ਾਰਾ ਪਹਿਲੀ ਵਾਰ ਬੁਲਾਏ ਜਾਣ ਵਾਲ਼ੇ ਕਿਸੇ ਨਾਮਵਰ ਸ਼ਖਸ ਦੀ ਤਰਫ਼ ਹੁੰਦਾ ਸੀ। ਦੀਮੋਵ ਕਦੇ ਵੀ ਡਰਾਇੰਗ ਰੂਮ ਵਿੱਚ ਨਹੀਂ ਹੁੰਦਾ ਸੀ ਅਤੇ ਕਿਸੇ ਨੂੰ ਉਸ ਦੀ ਹੋਂਦ ਦਾ ਖ਼ਿਆਲ ਤੱਕ ਨਹੀਂ ਆਉਂਦਾ ਸੀ। ਐਪਰ ਠੀਕ ਸਾਢੇ ਗਿਆਰਾਂ ਵਜੇ ਖਾਣੇ ਵਾਲ਼ੇ ਕਮਰੇ ਦਾ ਦਰਵਾਜ਼ਾ ਖੁਲ੍ਹਦਾ, ਜ਼ਿੰਦਾਦਿਲੀ ਅਤੇ ਨਰਮਾਈ ਨਾਲ਼ ਮੁਸਕਰਾਉਂਦਾ, ਹਥੇਲੀਆਂ ਨੂੰ ਇੱਕ ਦੂਜੇ ਨਾਲ਼ ਮਲ਼ਦਾ ਹੋਇਆ ਦੀਮੋਵ ਦਰਵਾਜ਼ੇ ਵਿੱਚ ਨਜ਼ਰ ਆਉਂਦਾ ਅਤੇ ਕਹਿੰਦਾ: ਤੁਸੀਂ ਲੋਕ ਖਾਣੇ ਲਈ ਤਸ਼ਰੀਫ ਲੈ ਆਓ!

ਸਭ ਲੋਕ ਖਾਣੇ ਵਾਲ਼ੇ ਕਮਰੇ ਵਿੱਚ ਚਲੇ ਜਾਂਦੇ ਅਤੇ ਉਨ੍ਹਾਂ ਦੀਆਂ ਨਜ਼ਰਾਂ ਦਾ ਹਰ ਵਾਰ ਉਹੀ ਚੀਜ਼ਾਂ ਸਵਾਗਤ ਕਰਦੀਆਂ: ਓਇਸਟਰ ਦੀ ਇੱਕ ਡਿਸ਼, ਸੂਰ ਜਾਂ ਵੱਛੜੇ ਦੇ ਪੱਟ ਦੇ ਮਾਸ ਦਾ ਜਾਂ ਇੱਕ ਵੱਡਾ ਟੁਕੜਾ, ਸਾਰਡੀਨ ਮੱਛੀਆਂ, ਪਨੀਰ, ਸਟਰਜਨ ਮੱਛੀਆਂ ਦੇ ਸਲੂਣੇ ਆਂਡੇ, ਖੁੰਭਾਂ, ਵੋਦਕਾ ਅਤੇ ਸ਼ੀਸ਼ੇ ਦੀਆਂ ਦੋ ਸੁਰਾਹੀਆਂ ਵਾਈਨ ਨਾਲ਼ ਭਰੀਆਂ।

ਮੇਰੇ ਪਿਆਰੇ maître d'hotel!" ਓਲਗਾ ਇਵਾਨੋਵਨਾ ਬੜੀ ਗਰਮਜੋਸ਼ੀ ਨਾਲ਼ ਆਪਣੇ ਹੱਥਾਂ ਦੀ ਕਰਿੰਗੜੀ ਪਾ ਕੇ ਕਹਿੰਦੀ। ਤੂੰ ਸਚੀਂ ਬੇਹੱਦ ਮਨਮੋਹਣਾ ਹੈਂ! ਮਿੱਤਰੋ, ਤੁਸੀਂ ਲੋਕ ਇਸ ਦਾ ਮੱਥਾ ਤਾਂ ਵੇਖੋ! ਦੀਮੋਵ, ਤੂੰ ਜ਼ਰਾ ਕੁ ਇਧਰ ਨੂੰ ਘੁੰਮ ਤਾਂ। ਵੇਖੋ ਤੁਸੀਂ, ਬੰਗਾਲ ਟਾਈਗਰ ਵਰਗਾ ਚਿਹਰਾ ਅਤੇ ਉੱਪਰੋਂ ਨਰਮਾਈ ਅਤੇ ਦਿਲ – ਜਿਵੇਂ ਕਿਸੇ ਹਿਰਨੌਟੀ ਦਾ ਹੋਵੇ! ਮੇਰਾ ਕਿੰਨਾ ਪਿਆਰਾ!

ਮਹਿਮਾਨ ਖਾਣੇ ਵੱਲ ਧਿਆਨ ਦਿੰਦੇ ਹੋਏ ਅਤੇ ਦੀਮੋਵ ਵੱਲ ਦੇਖ ਕੇ ਸੋਚਦੇ: ਸੱਚੀਂ ਕਿੰਨਾ ਭਲਾ ਆਦਮੀ ਹੈ!” ਪਰ ਛੇਤੀ ਹੀ ਉਸਨੂੰ ਵਿਸਾਰ ਦਿੰਦੇ ਅਤੇ ਥੀਏਟਰ, ਸੰਗੀਤ ਅਤੇ ਕਲਾ ਬਾਰੇ ਆਪਣੀਆਂ ਗੱਲਾਂ ਕਰਨ ਲੱਗਦੇ।

ਨੌਜਵਾਨ ਜੋੜੀ ਖ਼ੁਸ਼ ਸੀ, ਜ਼ਿੰਦਗੀ ਸੁਹਣੀ ਬੀਤ ਰਹੀ ਸੀ। ਭਾਵੇਂ ਹਨੀਮੂਨ ਦਾ ਤੀਜਾ ਹਫ਼ਤਾ ਕੋਈ ਖ਼ਾਸ ਹਾਸਿਆਂ ਖੁਸ਼ੀਆਂ ਨਾਲ਼ ਨਹੀਂ ਸੀ ਬੀਤਿਆ ਸਗੋਂ ਪਰੇਸ਼ਾਨੀ ਭਰਿਆ ਸਾਬਤ ਹੋਇਆ। ਦੀਮੋਵ ਨੂੰ ਹਸਪਤਾਲ ਵਿੱਚ ਏਰੀਸਪਲਾਸ ਰੋਗ ਲੱਗ ਗਿਆ, ਉਸਨੂੰ ਛੇ ਦਿਨਾਂ ਤੱਕ ਬੈੱਡ ਤੇ ਰਹਿਣਾ ਪਿਆ ਅਤੇ ਆਪਣੇ ਖ਼ੂਬਸੂਰਤ ਕਾਲੇ ਕਾਲੇ ਵਾਲ਼ ਕਟਵਾ ਕੇ ਟਿੰਡ ਕਰਵਾਉਣੀ ਪਈ। ਓਲਗਾ ਇਵਾਨੋਵਨਾ ਉਸਦੇ ਬੈੱਡ ਦੇ ਕੋਲ਼ ਬੈਠੀ ਅੱਥਰੂ ਵਹਾਉਂਦੀ ਰਹਿੰਦੀ। ਜਦੋਂ ਦੀਮੋਵ ਦੀ ਹਾਲਤ ਥੋੜ੍ਹੀ ਬਿਹਤਰ ਹੋਈ ਤਾਂ ਉਸਨੇ ਪਤੀ ਦੇ ਗੰਜ ਤੇ ਚਿੱਟਾ ਰੁਮਾਲ ਬੰਨ੍ਹ ਦਿੱਤਾ ਅਤੇ ਕਿਸੇ ਅਰਬ ਬੱਦੂ ਦੇ ਰੂਪ ਵਿੱਚ ਉਸ ਦੀ ਤਸਵੀਰ ਬਣਾਉਣ ਬੈਠ ਗਈ। ਦੋਨਾਂ ਨੇ ਖ਼ੂਬ ਸ਼ੁਗਲ ਕੀਤਾ। ਸਿਹਤਯਾਬ ਹੋ ਕੇ ਉਹ ਫਿਰ ਹਸਪਤਾਲ ਜਾਣ ਲੱਗਿਆ, ਪ੍ਰੰਤੂ ਤਿੰਨ ਦਿਨਾਂ ਦੇ ਬਾਅਦ ਹੀ ਨਵੀਂ ਮੁਸੀਬਤ ਟੁੱਟ ਪਈ। ਮੇਰੀ ਕਿਸਮਤ ਹੀ ਖੋਟੀ ਹੈ,ਮੌਮ” ਓਲਗਾ ਨੂੰ ਉਸ ਨੇ ਇੱਕ ਦਿਨ ਡਿਨਰ ਦੇ ਦੌਰਾਨ ਕਿਹਾ। ਅੱਜ ਮੈਂ ਚਾਰ ਪੋਸਟਮਾਰਟਮ ਕੀਤੇ ਅਤੇ ਮੇਰਿਆ ਦੋ ਉਂਗਲਾਂ ਨੂੰ ਚੀਰਾ ਆ ਗਿਆ। ਮੈਨੂੰ ਇਸ ਦਾ ਪਤਾ ਘਰ ਪਰਤਣ ਦੇ ਬਾਅਦ ਹੀ ਚੱਲ ਸਕਿਆ। ਓਲਗਾ ਇਵਾਨੋਵਨਾ ਡਰ ਗਈ। ਪਰ ਉਹ ਮੁਸਕਰਾ ਪਿਆ ਅਤੇ ਕਹਿਣ ਲਗਾ ਕਿ ਇਹ ਕੋਈ ਵੱਡੀ ਗੱਲ ਨਹੀਂ ਅਤੇ ਪੋਸਟਮਾਰਟਮ ਦੇ ਦੌਰਾਨ ਅਕਸਰ ਉਸ ਦੇ ਹੱਥਾਂ ਤੇ ਕਿਤੇ ਨਾ ਕਿਤੇ ਚੀਰਾ ਆ ਜਾਂਦਾ ਹੈ।

ਮੈਂ ਖ਼ਿਆਲਾਂ ਦੀ ਰੌ ਵਿੱਚ ਵਹਿ ਜਾਂਦਾ ਹਾਂ, ਮੌਮ। ਅਤੇ ਧਿਆਨ ਹੀ ਨਹੀਂ ਰਹਿੰਦਾ।

ਓਲਗਾ ਇਵਾਨੋਵਨਾ ਖ਼ੂਨ ਵਿੱਚ ਜ਼ਹਿਰ ਫੈਲ ਜਾਣ ਦੇ ਡਰ ਨਾਲ਼ ਬੜੀ ਪਰੇਸ਼ਾਨ ਰਹਿਣ ਲੱਗੀ, ਹਰ ਰਾਤ ਨੂੰ ਦੁਆ ਮੰਗਦੀ ਕਿ ਮੁਸੀਬਤ ਸਿਰੋਂ ਟਲ ਜਾਵੇ ਅਤੇ ਇਹੀ ਹੋਇਆ ਵੀ। ਅਤੇ ਪਹਿਲਾਂ ਵਰਗੀ ਹੀ ਖ਼ੁਸ਼ੀਆਂ ਭਰੀ, ਸ਼ਾਂਤ, ਸੁਖੀ, ਬੇਫ਼ਿਕਰ ਜ਼ਿੰਦਗੀ ਦੁਬਾਰਾ ਰਵਾਂ ਹੋ ਗਈ। ਵਰਤਮਾਨ ਸ਼ਾਨਦਾਰ ਸੀ ਅਤੇ ਛੇਤੀ ਹੀ ਬਹਾਰ ਆਉਣ ਵਾਲੀ ਸੀ, ਜੋ ਦੂਰੋਂ ਹੀ ਮੁਸਕਰਾ ਰਹੀ ਅਤੇ ਬੇਸ਼ੁਮਾਰ ਖੁਸ਼ੀਆਂ ਦੇ ਇਕਰਾਰਾਂ ਨਾਲ਼ ਟਹਿਕ ਰਹੀ ਸੀ। ਖੁਸ਼ੀਆਂ ਦਾ ਇਹ ਅਨੰਤ ਵਰਤਾਰਾ ਅੱਗੇ ਜਾਰੀ ਰਹਿਣਾ ਸੀ। ਅਪ੍ਰੈਲ, ਮਈ ਅਤੇ ਜੂਨ ਤਿੰਨ ਮਹੀਨੇ ਸ਼ਹਿਰ ਤੋਂ ਕਾਫ਼ੀ ਦੂਰ ਹੁਨਾਲ ਵਾਲ਼ੇ ਘਰ, ਚਹਿਲ ਕਦਮੀਆਂ, ਚਿੱਤਰਕਾਰੀ, ਮੱਛੀਆਂ ਫੜਨਾ ਅਤੇ ਬੁਲਬਲਾਂ ਦੇ ਗੀਤ ਅਤੇ ਜੁਲਾਈ ਤੋਂ ਪੱਤਝੜ ਤੱਕ ਦਾ ਸਮਾਂ ਵੋਲਗਾ ਦੇ ਕੰਢੇ ਕਲਾਕਾਰਾਂ ਦਾ ਦੌਰਾ ਸੀ ਜਿਸ ਵਿੱਚ ਓਲਗਾ ਇਵਾਨੋਵਨਾ ਨੇ ਕਲਾਕਾਰਾਂ ਦੀ ਮੰਡਲੀ ਦੀ ਇੱਕ ਲਾਜ਼ਮੀ ਮੈਂਬਰ ਵਜੋਂ ਸ਼ਰੈਕਤ ਕਰਨੀ ਸੀ। ਉਸਨੇ ਆਪਣੇ ਲਈ ਮੋਟੇ ਕੱਪੜੇ ਦੀਆਂ ਦੋ ਯਾਤਰੀ ਡਰੈੱਸਾਂ ਸਿਲਵਾਈਆਂ ਸਨ ਅਤੇ ਵੰਨ ਵੰਨ ਦੇ ਰੰਗ, ਢੇਰਾਂ ਬੁਰਸ਼, ਕੈਨਵਸਾਂ ਅਤੇ ਰੰਗ ਮਿਲਾਉਣ ਦੀ ਇੱਕ ਨਵੀਂ ਤਖ਼ਤੀ ਵੀ ਖ਼ਰੀਦ ਲਈ ਸੀ। ਉਸ ਦੀ ਪੇਂਟਿੰਗ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਰਿਆਬੋਵਸਕੀ ਤਕਰੀਬਨ ਹਰ ਰੋਜ਼ ਉਸ ਦੇ ਘਰ ਆਉਂਦਾ ਸੀ। ਉਹ ਰਿਆਬੋਵਸਕੀ ਨੂੰ ਆਪਣੀ ਸਿਰਜਣਾ ਵਿਖਾਂਦੀ ਤਾਂ ਉਹ ਆਪਣੇ ਹੱਥਾਂ ਨੂੰ ਜੇਬਾਂ ਵਿੱਚ ਪਾ ਲੈਂਦਾ, ਬੁੱਲ੍ਹਾਂ ਨੂੰ ਜ਼ੋਰ ਨਾਲ਼ ਮੀਚ ਲੈਂਦਾ, ਨੱਕ ਭੌਂ ਚੜਾਉਂਦਾ ਅਤੇ ਕਹਿੰਦਾ:

ਓ, ਹਾਂ…ਅ ਤੇਰਾ ਇਹ ਬੱਦਲ ਤਾਂ ਚੀਖ਼ ਰਿਹਾ ਹੈ। ਇਸ ਤੇ ਸ਼ਾਮ ਦੀ ਰੋਸ਼ਨੀ ਤਾਂ ਨਹੀਂ ਪੈ ਰਹੀ। ਅਗਵਾੜਾ ਜਿਵੇਂ ਚਬੋਲਿਆ ਹੋਵੇ ਅਤੇ ਆਹ ਕੀ ਹੈ? ਸਮਝ ਰਹੀ ਹੈਂ ਨਾ। ਗੱਲ ਨਹੀਂ ਬਣੀ … ਤੇਰੀ ਇਹ ਕੁੱਲੀ ਇਵੇਂ ਲੱਗਦੀ ਹੈ ਜਿਵੇਂ ਆਪਣੇ ਭਾਰ ਨਾਲ਼ ਥੱਲੇ ਨੂੰ ਬਹਿੰਦੀ ਜਾ ਰਹੀ ਹੋਵੇ ਅਤੇ ਵਿਚਾਰੀ ਦਰਦ ਨਾਲ਼ ਉੱਚੀ ਉੱਚੀ ਕੂਕ ਰਹੀ ਹੋਵੇ… ਔਸ ਕੋਨੇ ਨੂੰ ਥੋੜਾ ਹੋਰ ਹਨੇਰਾ ਕਰ ਦਿਓ। ਐਪਰ ਕੁੱਲ ਮਿਲਾ ਕੇ ਇਹ ਤਸਵੀਰ ਮਾੜੀ ਨਹੀਂ ਹੈ… ਮੈਨੂੰ ਚੰਗੀ ਲੱਗੀ ਹੈ।

ਅਤੇ ਉਸ ਦੀਆਂ ਗੱਲਾਂ ਜਿੰਨੀਆਂ ਵਧੇਰੇ ਊਟਪਟਾਂਗ ਹੁੰਦੀਆਂ ਓਨੀ ਹੀ ਆਸਾਨੀ ਨਾਲ਼ ਓਲਗਾ ਇਵਾਨੋਵਨਾ ਦੀ ਸਮਝ ਪੈ ਜਾਂਦੀਆਂ ਸਨ।

( 3 )

ਟ੍ਰਿੰਨਟੀ ਦੇ ਦੂਜੇ ਦਿਨ ਤੀਜੇ ਪਹਿਰ ਦੀਮੋਵ ਨੇ ਆਪਣੀ ਪਤਨੀ ਕੋਲ਼ ਹੁਨਾਲ ਵਾਲ਼ੇ ਮਕਾਨ ਜਾਣ ਦੀ ਖ਼ਾਤਰ ਮਿਠਾਈਆਂ ਅਤੇ ਖਾਣ ਦੀਆਂ ਕੁੱਝ ਹੋਰ ਚੀਜ਼ਾਂ ਖਰੀਦੀਆਂ। ਓਲਗਾ ਨੂੰ ਉਸਨੇ ਕੋਈ ਦੋ ਹਫ਼ਤਿਆਂ ਤੋਂ ਨਹੀਂ ਵੇਖਿਆ ਸੀ ਅਤੇ ਉਸ ਦੀ ਯਾਦ ਵਿੱਚ ਬੁਰੀ ਤਰ੍ਹਾਂ ਤੜਫ਼ ਰਿਹਾ ਸੀ। ਟ੍ਰੇਨ ਦੇ ਸਫ਼ਰ ਦੇ ਦੌਰਾਨ ਅਤੇ ਉਸ ਦੇ ਬਾਅਦ ਵਣ ਵਿੱਚ ਹੁਨਾਲ ਵਾਲ਼ਾ ਮਕਾਨ ਲਭਦੇ ਲਭਦੇ ਖਿੜੀ ਹੋਈ ਭੁੱਖ ਨਾਲ਼ ਉਸ ਦਾ ਭੈੜਾ ਹਾਲ ਸੀ ਅਤੇ ਉਹ ਆਪਣੀ ਪਤਨੀ ਦੇ ਨਾਲ਼ ਬੈਠ ਕੇ ਨਿਸ਼ਾ ਨਾਲ਼ ਰਾਤ ਦਾ ਖਾਣਾ ਖਾ ਕੇ ਬਿਸਤਰ ਵਿੱਚ ਵੜ ਜਾਣ ਦੇ ਸੁਪਨੇ ਵੇਖ ਰਿਹਾ ਸੀ। ਆਪਣਾ ਬੰਡਲ, ਜਿਸ ਵਿੱਚ ਸਟਰਜਨ ਮੱਛੀ ਦੇ ਆਂਡੇ, ਪਨੀਰ ਅਤੇ ਸਫ਼ੈਦ ਸਾਲਮਨ ਮੱਛੀ ਲਪੇਟੇ ਸਨ, ਵੇਖ ਵੇਖ ਉਸਨੂੰ ਖੁਸ਼ੀ ਚੜ੍ਹ ਰਹੀ ਸੀ।

ਆਖ਼ਰ ਜਦੋਂ ਉਸਨੂੰ ਕੋਠੀ ਲਭਣ ਵਿੱਚ ਕਾਮਯਾਬੀ ਮਿਲ਼ੀ, ਤਾਂ ਸੂਰਜ ਡੁੱਬ ਚੁੱਕਿਆ ਸੀ। ਬੁਢੀ ਨੌਕਰਾਨੀ ਨੇ ਉਸਨੂੰ ਦੱਸਿਆ ਕਿ ਮਾਲਕਣ ਘਰ ਵਿੱਚ ਨਹੀਂ ਪਰ ਸ਼ਾਇਦ ਛੇਤੀ ਹੀ ਵਾਪਸ ਆ ਜਾਵੇਗੀ। ਲਿਖਣ ਦੇ ਕਾਗ਼ਜ਼ ਨਾਲ਼ ਢਕੀਆਂ ਹੋਈਆਂ ਨੀਵੀਆਂ ਛੱਤਾਂ ਅਤੇ ਤ੍ਰੇੜਿਆ ਹੋਇਆ ਉੱਚੇ ਨੀਵੇਂ ਫ਼ਰਸਾਂ ਵਾਲ਼ਾ ਇਹ ਅਤਿਅੰਤ ਰੁੱਖਾ ਜਿਹਾ ਡਾਚਾ, ਸਿਰਫ਼ ਤਿੰਨ ਕਮਰਿਆਂ ਵਾਲ਼ੀ ਇਮਾਰਤ ਸੀ। ਇੱਕ ਕਮਰੇ ਵਿੱਚ ਬਿਸਤਰਾ ਵਿਛਿਆ ਹੋਇਆ ਸੀ, ਦੂਜੇ ਵਿੱਚ ਕੈਨਵਸ, ਪੇਂਟਿੰਗ ਦੇ ਬੁਰਸ਼, ਗੰਦੇ ਕਾਗ਼ਜ਼ ਦਾ ਇੱਕ ਟੁਕੜਾ ਅਤੇ ਕੁਰਸੀਆਂ ਅਤੇ ਬਾਰੀਆਂ ਦੀਆਂ ਸਿਲਾਂ ਉੱਤੇ ਮਰਦਾਨਾ ਕੋਟ ਅਤੇ ਹੈਟ ਰੱਖੇ ਹੋਏ ਸਨ ਅਤੇ ਤੀਸਰੇ ਵਿੱਚ ਦੀਮੋਵ ਨੂੰ ਤਿੰਨ ਅਜਨਬੀ ਨਜ਼ਰ ਆਏ। ਦੋ ਮਰਦ ਸਾਂਵਲੇ ਅਤੇ ਦਾੜ੍ਹੀ ਵਾਲ਼ੇ ਸਨ ਅਤੇ ਤੀਜਾ ਸਫ਼ਾਚੱਟ ਦਾੜ੍ਹੀ ਮੁੱਛਾਂ ਵਾਲ਼ਾ ਕੋਈ ਐਕਟਰ ਲੱਗ ਰਿਹਾ ਸੀ। ਮੇਜ਼ ਤੇ ਪਿਆ ਸਮੋਵਾਰ ਉੱਬਲ ਰਿਹਾ ਸੀ।

ਕਹੋ, ਕੀ ਚਾਹੀਦਾ ਏ? ਐਕਟਰ ਨੇ ਦੀਮੋਵ ਨੂੰ ਗ਼ੈਰ ਦੋਸਤਾਨਾ ਅੰਦਾਜ਼ ਨਾਲ਼ ਵੇਖਦੇ ਹੋਏ ਗਹਿਰੀ ਅਵਾਜ਼ ਵਿੱਚ ਪੁੱਛਿਆ: ਓਲਗਾ ਇਵਾਨੋਵਨਾ ਨੂੰ ਮਿਲ਼ਣਾ ਹੈ? ਜ਼ਰਾ ਉਡੀਕ ਕਰੋ। ਉਹ ਆਉਂਦੀ ਹੀ ਹੋਵੇਗੀ।

ਦੀਮੋਵ ਬੈਠ ਗਿਆ ਅਤੇ ਉਡੀਕ ਕਰਨ ਲੱਗਿਆ। ਸਾਂਵਲੇ ਆਦਮੀਆਂ ਵਿੱਚੋਂ ਇੱਕ ਨੇ ਉਸਨੂੰ ਅਲਸਾਈਆਂ ਜਿਹੀਆਂ ਨਿਗਾਹਾਂ ਨਾਲ਼ ਵੇਖਦੇ ਹੋਏ ਚਾਹ ਪਾਈ ਅਤੇ ਪੁੱਛਿਆ:

ਚਾਹ ਪੀਓਗੇ?

ਦੀਮੋਵ ਭੁੱਖਾ ਵੀ ਸੀ, ਪਿਆਸਾ ਵੀ ਲੇਕਿਨ ਉਸਨੇ ਇਸ ਖ਼ਿਆਲ ਨਾਲ਼ ਕਿ ਭੁੱਖ ਮਰ ਨਾ ਜਾਵੇ, ਚਾਹ ਤੋਂ ਇਨਕਾਰ ਕਰ ਦਿੱਤਾ। ਕੁੱਝ ਹੀ ਦੇਰ ਬਾਅਦ ਕਦਮਾਂ ਦੀ ਆਹਟ ਸੁਣਾਈ ਦਿੱਤੀ ਅਤੇ ਇੱਕ ਜਾਣੀ-ਪਛਾਣੀ ਹਾਸੇ ਦੀ ਅਵਾਜ਼। ਦਰਵਾਜ਼ਾ ਫੜਾਕ ਦੇ ਕੇ ਖੁੱਲ੍ਹਿਆ। ਓਲਗਾ ਇਵਾਨੋਵਨਾ ਜਿਸਦੇ ਸਿਰ ਉੱਤੇ ਚੌੜੇ ਛੱਜੇ ਵਾਲ਼ਾ ਹੈਟ ਸੀ ਅਤੇ ਹੱਥ ਵਿੱਚ ਡੱਬਾ, ਤੇਜ਼ੀ ਨਾਲ਼ ਕਮਰੇ ਵਿੱਚ ਆ ਵੜੀ। ਉਸਦੇ ਮਗਰ ਮਗਰ ਵੱਡੀ ਜਿਹੀ ਛਤਰੀ ਅਤੇ ਫੋਲਡਿੰਗ ਸਟੂਲ ਚੁੱਕੀ ਰਿਆਬੋਵਸਕੀ ਵੀ ਆ ਗਿਆ। ਉਸਦਾ ਚਿਹਰਾ ਤਮਤਮਾਇਆ ਹੋਇਆ ਸੀ ਅਤੇ ਉਸਨੂੰ ਜੋਸ਼ ਚੜ੍ਹਿਆ ਲੱਗਦਾ ਸੀ।

ਦੀਮੋਵ! ਓਲਗਾ ਇਵਾਨੋਵਨਾ ਜਿਸਦਾ ਚਿਹਰਾ ਖੁਸ਼ੀ ਨਾਲ਼ ਚਮਕ ਉਠਿਆ ਸੀ, ਜ਼ੋਰ ਨਾਲ਼ ਚਿੱਲਾਈ। ਦੀਮੋਵ! ਉਸਨੇ ਪਤੀ ਦੇ ਸੀਨੇ ਉੱਤੇ ਸਿਰ ਅਤੇ ਦੋਨੋਂ ਹੱਥ ਰੱਖਦੇ ਹੋਏ ਦੁਹਰਾਇਆ। ਤਾਂ ਇਹ ਤੂੰ ਹੈਂ ! ਇੰਨੇ ਚਿਰ ਦਾ ਤੂੰ ਕਿਉਂ ਨਹੀਂ ਆਇਆ? ਕਿਉਂ? ਆਖ਼ਰ ਕਿਉਂ?”

ਮੇਰੇ ਕੋਲ ਵਕਤ ਹੀ ਕਿੱਥੇ ਸੀ, ਮੌਮ? ਹਮੇਸ਼ਾ ਤਾਂ ਮਸਰੂਫ਼ ਰਹਿੰਦਾ ਹਾਂ ਅਤੇ ਕਦੇ ਵਿਹਲ ਵੀ ਮਿਲਦੀ ਹੈ ਤਾਂ ਕੋਈ ਟ੍ਰੇਨ ਫਿੱਟ ਨਹੀਂ ਬਹਿੰਦੀ।

ਆਹ, ਕਿੰਨੀ ਖੁਸ਼ੀ ਹੋਈ ਤੈਨੂੰ ਵੇਖ ਕੇ, ਜੀ ਹਾਂ ਰਾਤ-ਭਰ ਤੇਰੇ ਹੀ ਸੁਪਨੇ ਵੇਖਦੀ ਰਹੀ, ਡਰ ਰਹੀ ਸੀ ਕਿ ਕਿਤੇ ਤੂੰ ਬੀਮਾਰ ਨਾ ਹੋਵੇਂ, ਕੋਈ ਐਸੀ ਵੈਸੀ ਗੱਲ ਨਾ ਹੋ ਗਈ ਹੋਵੇ। ਓ, ਕਾਸ਼ ਤੂੰ ਜਾਣਦਾ ਹੁੰਦਾ ਕਿ ਤੂੰ ਕਿੰਨਾ ਪਿਆਰਾ ਹੈਂ! ਕਿੰਨਾ ਅੱਛਾ ਹੋਇਆ ਕਿ ਆ ਗਿਆ। ਤੂੰ ਮੇਰਾ ਰਾਖਾ ਹੈਂ! ਸਿਰਫ਼ ਤੂੰ ਹੀ ਮੈਨੂੰ ਬਚਾ ਸਕਦਾ ਹੈਂ! ਕੱਲ ਇੱਥੇ ਨਿਹਾਇਤ ਹੀ ਅਨੋਖੀ ਸ਼ਾਦੀ ਹੋਣ ਜਾ ਰਹੀ ਹੈ। ਉਸਨੇ ਹੱਸਦੇ ਹੱਸਦੇ ਪਤੀ ਦੀ ਟਾਈ ਦੁਬਾਰਾ ਬੰਨ੍ਹਦੇ ਹੋਏ ਗੱਲ ਜਾਰੀ ਰੱਖੀ। ਸਟੇਸ਼ਨ ਦੇ ਟੈਲੀਗਰਾਫ ਆਪ੍ਰੇਟਰ ਦੀ ਸ਼ਾਦੀ ਹੋ ਰਹੀ ਹੈ। ਨਾਮ ਉਸ ਦਾ ਚਿਕਲਦੀਵ ਹੈ। ਸੂਰਤ ਚੰਗੀ ਮਿਲੀ ਹੈ, ਬੇਵਕੂਫ਼ ਨਹੀਂ ਅਤੇ ਤੁਸੀਂ ਜਾਣਦੇ ਹੋ, ਉਸ ਦੇ ਚਿਹਰੇ ਵਿੱਚ ਕੋਈ ਵੱਡੀ ਤਾਕਤਵਰ, ਰਿੱਛ ਵਰਗੀ ਕੋਈ ਗੱਲ ਹੈ … ਉਹ ਕਿਸੇ ਨੌਜਵਾਨ ਵਾਰੰਜੀਆਈ (ਪ੍ਰਚੀਨ ਜ਼ਮਾਨੇ ਵਿੱਚ ਮੌਜੂਦਾ ਸਵੀਡਨ ਤੋਂ ਵਾਰੰਜੀਆ ਲੋਕ ਆਧੁਨਿਕ ਬੇਲਾਰੂਸ, ਰੂਸ ਅਤੇ ਯੂਕਰੇਨ ਦੇ ਖੇਤਰਾਂ ਵਿੱਚ ਆ ਕੇ ਵੱਸ ਗਏ ਸਨ - ਅਨੁਵਾਦਕ) ਦੀ ਤਸਵੀਰ ਲਈ ਮਾਡਲ ਦਾ ਵੀ ਕੰਮ ਦੇ ਸਕਦਾ ਹੈ। ਗਰਮੀਆਂ ਵਿੱਚ ਇੱਥੇ ਆਉਣ ਵਾਲ਼ੇ ਅਸੀਂ ਸਭ ਲੋਕ ਉਸ ਵਿੱਚ ਖ਼ੂਬ ਦਿਲਚਸਪੀ ਲੈਂਦੇ ਹਾਂ ਅਤੇ ਅਸੀਂ ਉਸ ਨਾਲ਼ ਇਕਰਾਰ ਕੀਤਾ ਹੈ ਕਿ ਉਸ ਦੇ ਵਿਆਹ ਵਿੱਚ ਸ਼ਰੀਕ ਹੋਵਾਂਗੇ। ਵਿਚਾਰਾ ਗ਼ਰੀਬੀ ਅਤੇ ਇਕੱਲ ਦਾ ਮਾਰਿਆ ਹੋਇਆ ਹੈ, ਸ਼ਰਮੀਲਾ ਹੈ ਅਤੇ ਹਮਦਰਦੀ ਦਾ ਪਾਤਰ। ਉਸਨੂੰ ਨਾਂਹ ਕਰਨਾ ਗੁਨਾਹ ਹੋਵੇਗਾ, ਗੁਨਾਹ। ਜਰਾ ਸੋਚੋ ਅਰਦਾਸ ਦੇ ਤੁਰਤ ਹੀ ਬਾਅਦ ਸ਼ਾਦੀ ਹੋਵੇਗੀ ਅਤੇ ਚਰਚ ਤੋਂ ਸਾਰੇ ਦੇ ਸਾਰੇ ਲੋਕ ਸਿੱਧੇ ਵਹੁਟੀ ਦੇ ਘਰ ਜਾਣਗੇ। ਰੁੱਖਾਂ ਦੇ ਝੁੰਡ, ਪਰਿੰਦਿਆਂ ਦੇ ਗੀਤ, ਹਰੇ ਘਾਹ ਉੱਤੇ ਧੁੱਪ ਦੀਆਂ ਡੱਬੀਆਂ ਅਤੇ ਗੂੜ੍ਹੇ ਹਰੇ ਰੰਗ ਦੇ ਪਿਛਵਾੜੇ ਵਿੱਚ ਅਸੀਂ ਸਭ ਵੱਖ ਵੱਖ ਰੰਗਾਂ ਦੀਆਂ ਡੱਬੀਆਂ ਹੋਵਾਂਗੇ। ਕਿੰਨਾ ਮੌਲਿਕ ਮਾਹੌਲ ਸਿਰਜਿਆ ਜਾਵੇਗਾ, ਫ਼ਰਾਂਸੀਸੀ ਚਿੱਤਰਕਾਰਾਂ ਦੀ ਕਿਸੇ ਸਿਰਜਣਾ ਵਰਗਾ। ਪਰ ਦੀਮੋਵ, ਜ਼ਰਾ ਸੋਚ ਤਾਂ, ਮੈਂ ਚਰਚ ਜਾਵਾਂਗੀ ਤਾਂ ਕੀ ਪਹਿਨ ਕੇ?” ਓਲਗਾ ਇਵਾਨੋਵਨਾ ਨੇ ਰੋਣੀ ਸੂਰਤ ਬਣਾਉਂਦੇ ਹੋਏ ਕਿਹਾ। “ਇੱਥੇ ਤਾਂ ਮੇਰੇ ਕੋਲ ਕੁੱਝ ਵੀ ਨਹੀਂ, ਸੱਚੀਂ ਕੁੱਝ ਵੀ ਨਹੀਂ। ਨਾ ਕੋਈ ਖ਼ਾਸ ਡਰੈੱਸ ਹੈ, ਨਾ ਫੁੱਲ, ਨਾ ਦਸਤਾਨੇ … ਤੂੰ ਹੀ ਮੈਨੂੰ ਇਸ ਹਾਲ ਤੋਂ ਮੁਕਤੀ ਦਿਲਾਉਣੀ ਹੋਵੇਗੀ। ਇਸ ਵਕਤ ਤੇਰੀ ਆਮਦ ਦਾ ਮਤਲਬ ਇਹੀ ਹੈ ਕਿ ਤਕਦੀਰ ਚਾਹੁੰਦੀ ਸੀ ਕਿ ਤੂੰ ਮੈਨੂੰ ਮੁਕਤੀ ਦਿਲਾਏਂ। ਆਹ ਫੜ ਕੁੰਜੀਆਂ, ਡਾਰਲਿੰਗ ਅਤੇ ਘਰ ਜਾ ਕੇ ਕੱਪੜਿਆਂ ਵਾਲੀ ਅਲਮਾਰੀ ਵਿੱਚੋਂ ਮੇਰੀ ਗੁਲਾਬੀ ਡਰੈੱਸ ਲੈ ਆ … ਤੂੰ ਤਾਂ ਉਸਨੂੰ ਪਛਾਣਦਾ ਹੈਂ, ਬਿਲਕੁਲ ਸਾਹਮਣੇ ਹੀ ਲਟਕਦੀ ਹੈ … ਅਤੇ ਸੰਦੂਕਾਂ ਵਾਲ਼ੇ ਕਮਰੇ ਵਿੱਚ ਤੈਨੂੰ ਫ਼ਰਸ਼ ਉੱਤੇ ਸੱਜੇ ਪਾਸੇ ਗੱਤੇ ਦੇ ਦੋ ਡੱਬੇ ਨਜ਼ਰ ਆਉਣਗੇ। ਜਦੋਂ ਤੂੰ ਉੱਪਰ ਵਾਲ਼ੇ ਡੱਬੇ ਨੂੰ ਖੋਲ੍ਹਿਆ ਤਾਂ ਬਸ ਬਰੀਕ ਰੇਸ਼ਮੀ ਜਾਲੀਆਂ, ਜਾਲੀਆਂ, ਜਾਲੀਆਂ ਹੀ ਨਜ਼ਰ ਆਉਣਗੀਆਂ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦੇ ਬਚੇ ਖੁਚੇ ਪੀਸ ਅਤੇ ਉਨ੍ਹਾਂ ਦੇ ਹੇਠਾਂ ਫੁੱਲ। ਸਾਰੇ ਫੁੱਲਾਂ ਨੂੰ ਬਹੁਤ ਸਾਵਧਾਨੀ ਦੇ ਨਾਲ਼ ਕੱਢ ਲਵੀਂ ਅਤੇ ਕੋਸ਼ਿਸ਼ ਕਰਨਾ, ਮੇਰੇ ਮਹਿਬੂਬ ਕਿ ਉਨ੍ਹਾਂ ਉੱਤੇ ਸਿਲਵਟਾਂ ਨਾ ਪੈ ਜਾਣ। ਬਾਅਦ ਵਿੱਚ ਮੈਂ ਇਨ੍ਹਾਂ ਵਿੱਚੋਂ ਕੁੱਝ ਛਾਂਟ ਲਵਾਂਗੀ ਅਤੇ ਹਾਂ, ਮੇਰੇ ਲਈ ਇੱਕ ਜੋੜਾ ਦਸਤਾਨੇ ਖ਼ਰੀਦ ਲਿਆਉਣਾ।

ਬਹੁਤ ਅੱਛਾ! ਦੀਮੋਵ ਨੇ ਕਿਹਾ। ਮੈਂ ਕੱਲ ਵਾਪਸ ਜਾਵਾਂਗਾ ਅਤੇ ਇਹ ਚੀਜ਼ਾਂ ਭਿਜਵਾ ਦੇਵਾਂਗਾ।

ਕੱਲ੍ਹ? ਓਲਗਾ ਇਵਾਨੋਵਨਾ ਨੇ ਉਸ ਵੱਲ ਘੋਰ ਹੈਰਾਨੀ ਨਾਲ਼ ਤੱਕਦੇ ਹੋਏ ਕਿਹਾ। ਕੱਲ੍ਹ ਤਾਂ ਤੇਰਾ ਵਕਤ ਸਿਰ ਪਹੁੰਚਣਾ ਸੰਭਵ ਹੀ ਨਹੀਂ ਹੋਵੇਗਾ। ਕੱਲ੍ਹ ਪਹਿਲੀ ਟ੍ਰੇਨ ਨੌਂ ਵਜੇ ਰਵਾਨਾ ਹੁੰਦੀ ਹੈ ਅਤੇ ਸ਼ਾਦੀ ਗਿਆਰਾਂ ਵਜੇ ਹੈ। ਨਹੀਂ, ਮੇਰੀ ਜਾਨ, ਤੈਨੂੰ ਅੱਜ ਹੀ ਜਾਣਾ ਪਵੇਗਾ, ਜਾਣਾ ਹੀ ਹੋਵੇਗਾ। ਕੱਲ ਤੂੰ ਖ਼ੁਦ ਨਾ ਆ ਸਕਿਆ ਤਾਂ ਕਿਸੇ ਦੇ ਹੱਥ ਸਾਰੀਆਂ ਚੀਜ਼ਾਂ ਭਿਜਵਾ ਦੇਣਾ। ਅੱਛਾ ਤਾਂ ਹੁਣ ਜਾਓ … ਟ੍ਰੇਨ ਬੱਸ ਆਉਣ ਹੀ ਵਾਲੀ ਹੈ। ਦੇਰ ਨਾ ਕਰ, ਪਿਆਰੇ।

ਬਹੁਤ ਅੱਛਾ।

ਹਾਏ ਹਾਏ.. ਤੈਨੂੰ ਭੇਜਣ ਦਾ ਮੈਨੂੰ ਕਿੰਨਾ ਦੁੱਖ ਹੋ ਰਿਹਾ ਹੈ! ਓਲਗਾ ਇਵਾਨੋਵਨਾ ਨੇ ਕਿਹਾ ਅਤੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ। ਮੈਂ ਵੀ ਕਿਹੋ ਜਿਹੀ ਅਹਿਮਕ ਨਿਕਲੀ ਕਿ ਟੈਲੀਗਰਾਫ ਆਪ੍ਰੇਟਰ ਨੂੰ ਹਾਂ ਕਰ ਦਿੱਤੀ!

ਦੀਮੋਵ ਨੇ ਇੱਕ ਗਲਾਸ ਚਾਹ ਜਲਦੀ ਜਲਦੀ ਅੰਦਰ ਸੁੱਟੀ, ਇੱਕ ਬਿਸਕੁਟ ਉਠਾ ਕੇ ਨਿਮਾਣੇ ਜਿਹੇ ਲਹਿਜੇ ਵਿੱਚ ਮੁਸਕਰਾਇਆ ਅਤੇ ਸਟੇਸ਼ਨ ਲਈ ਨਿੱਕਲ ਗਿਆ। ਬਾਅਦ ਵਿੱਚ ਸਟਰਜਨ ਮੱਛੀ ਦੇ ਆਂਡੇ, ਪਨੀਰ ਅਤੇ ਸਫ਼ੈਦ ਸਾਲਮਨ ਮੱਛੀ ਦੋਨੋਂ ਸਾਂਵਲੇ ਆਦਮੀਆਂ ਅਤੇ ਮੋਟੇ ਐਕਟਰ ਨੇ ਛੱਕ ਲਏ।

( 4 )

ਜੁਲਾਈ ਦੀ ਇੱਕ ਸ਼ਾਂਤ ਚਾਂਦਨੀ-ਰਾਤ ਵਿੱਚ ਓਲਗਾ ਇਵਾਨੋਵਨਾ ਵੋਲਗਾ ਦੇ ਇੱਕ ਸਟੀਮਰ ਦੇ ਡੈੱਕ ਉੱਤੇ ਖੜ੍ਹੀ ਕਦੇ ਪਾਣੀ ਨੂੰ ਅਤੇ ਕਦੇ ਦਰਿਆ ਦੇ ਖ਼ੂਬਸੂਰਤ ਕੰਢੇ ਨੂੰ ਵੇਖ ਰਹੀ ਸੀ। ਉਸ ਦੇ ਨਾਲ਼ ਖੜ੍ਹਾ ਰਿਆਬੋਵਸਕੀ ਉਸਨੂੰ ਦੱਸ ਰਿਹਾ ਸੀ ਕਿ ਪਾਣੀ ਦੀ ਸਤ੍ਹਾ ਉੱਤੇ ਜੋ ਕਾਲੀਆਂ ਕਾਲੀਆਂ ਪਰਛਾਈਆਂ ਨਜ਼ਰ ਆ ਰਹੀਆਂ ਹਨ ਇਹ ਪਰਛਾਈਆਂ ਨਹੀਂ ਸਗੋਂ ਇੱਕ ਸੁਪਨਾ ਸਨ, ਕਿ ਸ਼ਾਨਦਾਰ ਲਿਸ਼ਕਦੇ ਇਸ ਜਾਦੂਮਈ ਪਾਣੀ ਨੂੰ, ਤਲਹੀਣ ਅਸਮਾਨ ਨੂੰ ਅਤੇ ਉਦਾਸ, ਸੋਚ-ਮਗਨ ਕੰਢਿਆਂ ਨੂੰ ਦੇਖਦੇ ਹੋਏ, ਇਸ ਮਾਹੌਲ ਵਿੱਚ ਜਿੱਥੇ ਇਹ ਸਾਰੀਆਂ ਚੀਜ਼ਾਂ ਸਾਡੀਆਂ ਜ਼ਿੰਦਗੀਆਂ ਦੇ ਹੇਚ ਹੋਣ ਦੀ ਅਤੇ ਕਿਸੇ ਹੋਰ ਉਚੇਰੀ, ਕਿਸੇ ਸਦੀਵੀ ਅਤੇ ਵਰੋਸਾਈ ਸ਼ੈ ਦੀ ਹੋਂਦ ਦੀਆਂ ਗੱਲਾਂ ਕਰ ਰਹੀਆਂ ਹਨ, ਸਭ ਕੁੱਝ ਭੁੱਲ ਜਾਣਾ, ਮਰ ਜਾਣਾ ਅਤੇ ਇੱਕ ਯਾਦ ਬਣ ਕੇ ਰਹਿ ਜਾਣਾ ਕਿਤੇ ਬਿਹਤਰ ਹੋਵੇਗਾ। ਉਹ ਕਹਿ ਰਿਹਾ ਸੀ ਕਿ ਜੋ ਬੀਤ ਗਿਆ ਉਹ ਤੁਛ ਅਤੇ ਰੁੱਖਾ ਸੀ, ਭਵਿੱਖ ਕੋਰਾ ਹੋਵੇਗਾ ਅਤੇ ਇਹ ਦੁਬਾਰਾ ਕਦੇ ਨਾ ਆਉਣ ਵਾਲੀ ਨਿਆਰੀ ਰਾਤ ਵੀ ਛੇਤੀ ਹੀ ਖ਼ਤਮ ਹੋ ਜਾਵੇਗੀ, ਸਦੀਵਤਾ ਦਾ ਅੰਗ ਬਣ ਜਾਵੇਗੀ ਤਾਂ ਫਿਰ ਆਖ਼ਰ ਜ਼ਿੰਦਾ ਕਿਉਂ ਰਿਹਾ ਜਾਵੇ। ਤੇ ਓਲਗਾ ਇਵਾਨੋਵਨਾ ਕਦੇ ਰਿਆਬੋਵਸਕੀ ਦੀ ਅਵਾਜ਼ ਅਤੇ ਕਦੇ ਰਾਤ ਦਾ ਸੰਨਾਟਾ ਸੁਣਦੀ ਅਤੇ ਆਪਣੇ ਆਪ ਨੂੰ ਕਹਿ ਰਹੀ ਸੀ ਕਿ ਉਹ ਅਮਰ ਹੈ, ਕਿ ਉਹ ਕਦੇ ਨਹੀਂ ਮਰੇਗੀ। ਫ਼ਿਰੋਜ਼ੀ ਰੰਗ ਦਾ ਪਾਣੀ ਜਿਹੋ ਜਿਹਾ ਉਸਨੇ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਵੇਖਿਆ ਸੀ, ਆਸਮਾਨ, ਦਰਿਆ ਦੇ ਕੰਢੇ, ਸਿਆਹ ਪਰਛਾਈਆਂ ਅਤੇ ਉਸ ਦੀ ਰੂਹ ਨੂੰ ਰਜਾਉਂਦਾ ਹੋਇਆ ਬੇਪਨਾਹ ਅਨੰਦ, ਸਾਰੀਆਂ ਚੀਜ਼ਾਂ ਉਸ ਨੂੰ ਕਹਿ ਰਹੀਆਂ ਸਨ ਕਿ ਇੱਕ ਦਿਨ ਉਹ ਮਹਾਨ ਕਲਾਕਾਰ ਹੋਵੇਗੀ ਅਤੇ ਦੂਰ ਕਿਤੇ, ਚੰਨ ਚਾਨਣੀ ਤੋਂ ਪਾਰ ਕਿਤੇ ਅਨੰਤ ਪੁਲਾੜ ਵਿੱਚ ਉਸ ਦੀ ਕਾਮਯਾਬੀ, ਮਹਿਮਾ ਅਤੇ ਲੋਕਾਂ ਦੀ ਮੁਹੱਬਤ ਉਸ ਨੂੰ ਉਡੀਕ ਰਹੀ ਸੀ … ਫਿਰ ਜਦੋਂ ਉਹ ਕੁਝ ਦੇਰ ਪਲਕਾਂ ਝਪਕੇ ਬਿਨਾਂ ਦੂਰ ਪੁਲਾੜ ਵਿੱਚ ਝਾਕਦੀ ਰਹੀ ਤਾਂ ਉਸਨੂੰ ਇਵੇਂ ਲੱਗਿਆ ਕਿ ਉਹ ਲੋਕਾਂ ਦੀਆਂ ਭੀੜਾਂ ਅਤੇ ਰੌਸ਼ਨੀਆਂ ਵੇਖ ਰਹੀ ਸੀ, ਸੰਗੀਤ ਦੀਆਂ ਜੇਤੂ ਧੁਨਾਂ ਅਤੇ ਜੋਸ਼ ਭਰੇ ਨਾਹਰੇ ਸੁਣ ਰਹੀ ਸੀ, ਉਸਨੇ ਖ਼ੁਦ ਸਫ਼ੈਦ ਡਰੈੱਸ ਪਹਿਨੀ ਹੋਈ ਸੀ ਅਤੇ ਉਸ ਉੱਤੇ ਚਾਰੇ ਪਾਸਿਓਂ ਫੁੱਲਾਂ ਦੀ ਬਰਸਾਤ ਹੋ ਰਹੀ ਸੀ। ਉਸਨੇ ਆਪਣੇ ਆਪ ਨੂੰ ਇਹ ਵੀ ਕਿਹਾ ਕਿ ਉਸ ਦੇ ਨਾਲ਼ ਡੈੱਕ ਦੀ ਰੇਲਿੰਗ ਉੱਤੇ ਕੂਹਣੀਆਂ ਭਾਰ ਝੁੱਕਿਆ ਹੋਇਆ ਇੱਕ ਹਕੀਕੀ ਮਹਾਨ ਸ਼ਖਸ, ਇੱਕ ਪ੍ਰਤਿਭਾ, ਖ਼ੁਦ ਰੱਬ ਦੀ ਪਸੰਦ, ਇੱਕ ਬੰਦਾ ਖੜ੍ਹਾ ਸੀ… ਉਸ ਦੀਆਂ ਹੁਣ ਤੱਕ ਦੀਆਂ ਸਭ ਕ੍ਰਿਤੀਆਂ ਸ਼ਾਨਦਾਰ, ਨਵੀਆਂ-ਨੁੱਕ ਅਤੇ ਨਿਆਰੀਆਂ ਸਨ ਅਤੇ ਵਕਤ ਬੀਤਣ ਦੇ ਨਾਲ਼ ਜਦੋਂ ਉਸ ਦੀ ਅਸਾਧਾਰਨ ਯੋਗਤਾ ਵਿੱਚ ਪੁਖ਼ਤਗੀ ਆ ਜਾਵੇਗੀ ਉਦੋਂ ਉਹ ਜੋ ਕੁੱਝ ਰਚੇਗਾ ਉਹ ਹੋਰ ਵੀ ਜ਼ਿਆਦਾ ਸ਼ਾਨਦਾਰ ਅਤੇ ਹੱਦੋਂ ਵੱਧ ਸ਼ਿਰੋਮਣੀ ਹੋਵੇਗਾ ਅਤੇ ਇਹ ਸਭ ਕੁੱਝ ਉਸ ਦੇ ਚਿਹਰੇ ਵਿੱਚ, ਉਸ ਦੇ ਆਪਣੇ ਪ੍ਰਗਟਾ ਦੇ ਅੰਦਾਜ਼ ਵਿੱਚ ਅਤੇ ਪ੍ਰਕਿਰਤੀ ਪ੍ਰਤੀ ਉਸ ਦੇ ਰਵਈਏ ਵਿੱਚ ਵੇਖਿਆ ਜਾ ਸਕਦਾ ਸੀ। ਪਰਛਾਈਆਂ, ਸ਼ਾਮ ਦੇ ਰੰਗਾਂ ਅਤੇ ਚੰਨ ਚਾਨਣੀ ਨੂੰ ਬਿਆਨ ਕਰਨ ਦੀ ਉਸ ਦੀ ਆਪਣੀ ਇੱਕ ਵਿਸ਼ੇਸ਼ ਭਾਸ਼ਾ ਸੀ ਅਤੇ ਪ੍ਰਕਿਰਤੀ ਉੱਤੇ ਉਸ ਦੇ ਅਖ਼ਤਿਆਰ ਦੀ ਮਨਮੋਹਕਤਾ ਨੂੰ ਬੰਦਾ ਮੱਲੋਮੱਲੀ ਮਹਿਸੂਸ ਕਰਦਾ ਸੀ ਅਤੇ ਉਹ ਖ਼ੂਬਸੂਰਤ ਵੀ ਸੀ, ਉਸ ਵਿੱਚ ਮੌਲਿਕਤਾ ਵੀ ਲੋਹੜੇ ਦੀ ਸੀ ਅਤੇ ਉਸ ਦੀ ਆਜ਼ਾਦ, ਬੇਫ਼ਿਕਰ ਅਤੇ ਦੁਨਿਆਵੀ ਬੰਧਨਾਂ ਤੋਂ ਪਾਕ ਜ਼ਿੰਦਗੀ ਕਿਸੇ ਪਰਿੰਦੇ ਦੀ ਜ਼ਿੰਦਗੀ ਦੀ ਭਾਂਤੀ ਸੀ।

ਸਰਦੀ ਵੱਧ ਚੱਲੀ ਹੈ,” ਓਲਗਾ ਇਵਾਨੋਵਨਾ ਨੇ ਕਿਹਾ ਅਤੇ ਕੰਬ ਉੱਠੀ। ਰਿਆਬੋਵਸਕੀ ਨੇ ਉਸਨੂੰ ਆਪਣੀ ਬਰਸਾਤੀ ਪਹਿਨਾਉਂਦੇ ਹੋਏ ਉਦਾਸ ਲਹਿਜੇ ਵਿੱਚ ਕਿਹਾ:

ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਪੂਰੀ ਤਰ੍ਹਾਂ ਤੁਹਾਡੇ ਵੱਸ ਵਿੱਚ ਹਾਂ। ਗ਼ੁਲਾਮ ਵਰਗੀ ਹਾਲਤ ਹੋ ਰਹੀ ਹੈ ਮੇਰੀ ਤਾਂ। ਤੁਹਾਡੀ ਮਨਮੋਹਕਤਾ ਅਤੇ ਦਿਲਰੁਬਾਈ ਅੱਜ ਏਨੀ ਜ਼ਿਆਦਾ ਕਿਵੇਂ ਵਧ ਗਈ?”

ਉਹ ਓਲਗਾ ਇਵਾਨੋਵਨਾ ਨੂੰ ਇੱਕਟੱਕ ਘੂਰੀ ਜਾ ਰਿਹਾ ਸੀ, ਚਿਹਰੇ ਤੋਂ ਨਜ਼ਰਾਂ ਨਹੀਂ ਸੀ ਹਟਾ ਰਿਹਾ ਅਤੇ ਉਸ ਦੀ ਝਾਕਣੀ ਵਿੱਚ ਕੁੱਝ ਅਜਿਹੀ ਵਹਿਸ਼ਤ ਸੀ ਕਿ ਓਲਗਾ ਇਵਾਨੋਵਨਾ ਦੀ ਉਸ ਵੱਲ ਦੇਖਣ ਦੀ ਹਿੰਮਤ ਹੀ ਨਹੀਂ ਪੈ ਰਹੀ ਸੀ।

ਮੈਂ ਤੁਹਾਡੀ ਮੁਹੱਬਤ ਵਿੱਚ ਪਾਗਲ ਹੋਇਆ ਜਾ ਰਿਹਾ ਹਾਂ…,” ਉਸਨੇ ਧੀਮੀ ਅਵਾਜ਼ ਵਿੱਚ ਕਿਹਾ ਅਤੇ ਉਸ ਦੇ ਸਾਹਾਂ ਨੂੰ ਓਲਗਾ ਇਵਾਨੋਵਨਾ ਨੇ ਆਪਣੀ ਗੱਲ੍ਹ ਉੱਤੇ ਮਹਿਸੂਸ ਕੀਤਾ। ”ਤੁਹਾਡੇ ਕਹਿਣ ਦੀ ਦੇਰ ਹੈ ਕਿ ਮੈਂ ਜਾਨ ਦੇ ਦੇਵਾਂਗਾ, ਚਿੱਤਰਕਾਰੀ ਛੱਡ ਦੇਵਾਂਗਾ। ਉਸਨੇ ਜਜ਼ਬਾਤ ਦੀ ਸ਼ਿੱਦਤ ਵਿੱਚ ਪਿਘਲੀ ਜਿਹੀ ਅਵਾਜ਼ ਨਾਲ਼ ਕਿਹਾ। ਮੈਨੂੰ ਪਿਆਰ ਕਰੋ, ਪਿਆਰ ਕਰੋ …!!!

ਅਜਿਹੀਆਂ ਗੱਲਾਂ ਨਾ ਕਰੋ,” ਓਲਗਾ ਇਵਾਨੋਵਨਾ ਨੇ ਆਪਣੀਆਂ ਅੱਖਾਂ ਢੱਕਦੇ ਹੋਏ ਕਿਹਾ। ਮੈਨੂੰ ਡਰ ਲੱਗਦਾ ਹੈ। ਤੇ ਫਿਰ ਦੀਮੋਵ?”

ਦੀਮੋਵ ਦਾ ਕੀ ਮਤਲਬ? ਆਖ਼ਰ ਦੀਮੋਵ ਕਿਉਂ? ਦੀਮੋਵ ਨਾਲ਼ ਮੈਨੂੰ ਕੀ ਮਤਲਬ? ਵੋਲਗਾ, ਚੰਦਰਮਾ, ਹੁਸਨ, ਮੇਰੀ ਮੁਹੱਬਤ, ਮੇਰਾ ਵਿਸਮਾਦ। ਇਸ ਸਭ ਵਿੱਚ ਦੀਮੋਵ ਕੌਣ? … ਓਅ, ਮੈਨੂੰ ਕੁੱਝ ਵੀ ਨਹੀਂ ਪਤਾ … ਮੈਨੂੰ ਬੀਤੇ ਦੀ ਪਰਵਾਹ ਨਹੀਂ, ਮੈਨੂੰ ਸਿਰਫ਼ ਇੱਕ ਪਲ ਦੇ ਦਿਓ … ਬਸ ਇੱਕ ਸੰਖੇਪ ਜਿਹਾ ਪਲ!

ਓਲਗਾ ਇਵਾਨੋਵਨਾ ਦੇ ਦਿਲ ਦੀ ਧੜਕਨ ਅਚਾਨਕ ਤੇਜ਼ ਹੋ ਗਈ। ਉਸਨੇ ਆਪਣੇ ਪਤੀ ਦੇ ਸੰਬੰਧ ਵਿੱਚ ਸੋਚਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਆਪਣਾ ਸਾਰਾ ਅਤੀਤ, ਆਪਣੀ ਸ਼ਾਦੀ, ਦੀਮੋਵ, ਪਾਰਟੀਆਂ ਸਭ ਕੁੱਝ ਐਵੇਂ, ਮਾਮੂਲੀ, ਬਦਮਜ਼ਾ, ਨਿਗੂਣਾ ਅਤੇ ਦੂਰ, ਬਹੁਤ ਦੂਰ ਲੱਗਿਆ … ਉਸਨੇ ਸੋਚਿਆ ਠੀਕ ਹੀ ਤਾਂ ਹੈ, ਦੀਮੋਵ ਨਾਲ਼ ਕੀ ਮਤਲਬ? ਆਖ਼ਰ ਦੀਮੋਵ ਕਿਉਂ? ਦੀਮੋਵ ਨਾਲ਼ ਉਸਨੂੰ ਕੀ ਸਰੋਕਾਰ? ਕੀ ਹਕੀਕਤ ਵਿੱਚ ਉਸਦਾ ਕਿਤੇ ਵਜੂਦ ਵੀ ਹੈ? ਜਾਂ ਕੀ ਉਹ ਮਹਿਜ਼ ਇੱਕ ਸੁਪਨਾ ਹੀ ਹੈ? ਦੀਮੋਵ ਨੂੰ ਜੋ ਖੁਸ਼ੀਆਂ ਮਿਲ਼ ਚੁੱਕੀਆਂ ਹਨ, ਉਹ ਉਸ ਵਰਗੇ ਕਿਸੇ ਆਮ ਜਿਹੇ ਆਦਮੀ ਲਈ ਬਥੇਰੀਆਂ ਹਨ,” ਉਸਨੇ ਹੱਥਾਂ ਨਾਲ਼ ਚਿਹਰਾ ਢੱਕਦੇ ਹੋਏ ਆਪਣੇ ਆਪ ਨੂੰ ਕਿਹਾ। ਲੋਕ ਮੈਨੂੰ ਬੁਰਾ ਭਲਾ ਕਹਿਣ, ਮੈਨੂੰ ਲਾਹਨਤਾਂ ਪਾਉਣ, ਇਸ ਦੇ ਬਾਵਜੂਦ ਮੈਂ ਖ਼ੁਦ ਨੂੰ ਬਰਬਾਦ ਕਰ ਲਵਾਂਗੀ, ਹਾਂ! ਖ਼ੁਦ ਨੂੰ ਤਬਾਹ ਕਰ ਲਵਾਂਗੀ। ਇਨਸਾਨ ਨੂੰ ਇੱਕ ਵਾਰ ਹਰ ਚੀਜ਼ ਦਾ ਸੁਆਦ ਚੱਖਣਾ ਚਾਹੀਦਾ ਹੈ। ਹਾਏ ਰੱਬਾ , ਕਿੰਨਾ ਡਰਾਉਣਾ ਹੈ ਅਤੇ ਕਿੰਨਾ ਖ਼ੂਬਸੂਰਤ ਹੈ ਇਹ!

ਅੱਛਾ ਤਾਂ? ਅੱਛਾ ਤਾਂ? ਚਿੱਤਰਕਾਰ ਨੇ ਉਸਨੂੰ ਆਪਣੀਆਂ ਬਾਂਹਾਂ ਵਿੱਚ ਲੈਣ ਅਤੇ ਉਸ ਦੇ ਹੱਥਾਂ ਨੂੰ ਜਿਨ੍ਹਾਂ ਨਾਲ਼ ਉਹ ਉਸਨੂੰ ਪਰ੍ਹਾਂ ਹਟਾਉਣ ਦੀ ਹਲਕੀ ਜਿਹੀ ਕੋਸ਼ਿਸ਼ ਕਰ ਰਹੀ ਸੀ, ਬੇਸਬਰੀ ਨਾਲ਼ ਚੁੰਮਦੇ ਹੋਏ ਨੀਵੀਂ ਅਵਾਜ਼ ਵਿੱਚ ਕਿਹਾ। ਤੂੰ ਮੈਨੂੰ ਮੁਹੱਬਤ ਕਰਦੀ ਹੈਂ? ਸੱਚੀਂ? ਆਹ, ਕਿੰਨੀ ਸ਼ਾਨਦਾਰ ਰਾਤ ਹੈ! ਕਿੰਨੀ ਖ਼ੂਬਸੂਰਤ ਰਾਤ!!

ਹਾਂ, ਕਿੰਨੀ ਸ਼ਾਨਦਾਰ ਰਾਤ ਹੈ! ਓਲਗਾ ਇਵਾਨੋਵਨਾ ਨੇ ਉਸ ਦੀਆਂ ਅੱਥਰੂਆਂ ਨਾਲ਼ ਡਲਕ ਰਹੀਆਂ ਅੱਖਾਂ ਵਿੱਚ ਝਾਕਦੇ ਹੋਏ ਹੌਲੀ ਦੇ ਕੇ ਕਿਹਾ ਅਤੇ ਫਿਰ ਤੇਜ਼ੀ ਨਾਲ਼ ਨਜ਼ਰਾਂ ਘੁਮਾ ਕੇ ਦੇਖਿਆ ਅਤੇ ਉਸਨੂੰ ਆਪਣੀਆਂ ਬਾਂਹਾਂ ਵਿੱਚ ਜਕੜ ਲਿਆ ਅਤੇ ਉਸ ਦੇ ਹੋਠਾਂ ਨਾਲ਼ ਆਪਣੇ ਹੋਠ ਜੋੜ ਦਿੱਤੇ।

ਅਸੀਂ ਕਿਨੇਸ਼ਮਾ ਪਹੁੰਚਣ ਵਾਲ਼ੇ ਹਾਂ! ਡੈੱਕ ਦੇ ਦੂਜੇ ਪਾਸੇ ਕਿਸੇ ਨੇ ਕਿਹਾ। ਉਨ੍ਹਾਂ ਨੂੰ ਭਾਰੀ ਕਦਮਾਂ ਦੀ ਅਵਾਜ਼ ਸੁਣਾਈ ਦਿੱਤੀ; ਇਹ ਕੈਫ਼ੇ ਦਾ ਇੱਕ ਵੇਟਰ ਸੀ।

ਜ਼ਰਾ ਸੁਣੋ,” ਓਲਗਾ ਇਵਾਨੋਵਨਾ ਨੇ ਖ਼ੁਸ਼ੀ ਨਾਲ਼ ਹੱਸਦੇ ਹੋਏ ਦੱਬੀ ਅਵਾਜ਼ ਵਿੱਚ ਕਿਹਾ। ਸਾਨੂੰ ਵਾਈਨ ਲਿਆਓ। ਚਿੱਤਰਕਾਰ ਦਾ ਚਿਹਰਾ ਭਾਵਨਾਵਾਂ ਦੇ ਕਾਰਨ ਜ਼ਰਦ ਪੈ ਗਿਆ ਸੀ, ਉਹ ਇੱਕ ਬੈਂਚ ਉੱਤੇ ਬੈਠ ਕੇ ਓਲਗਾ ਇਵਾਨੋਵਨਾ ਨੂੰ ਮੁਹੱਬਤ ਭਰੀਆਂ, ਸ਼ੁਕਰਗੁਜ਼ਾਰ ਨਿਗਾਹਾਂ ਨਾਲ਼ ਵੇਖਣ ਲੱਗ ਪਿਆ। ਫਿਰ ਅੱਖਾਂ ਬੰਦ ਕਰ ਲਈਆਂ ਅਤੇ ਅਲਸਾਈ ਜਿਹੀ ਮੁਸਕਰਾਹਟ ਦੇ ਨਾਲ਼ ਕਿਹਾ:

ਮੈਂ ਥੱਕ ਗਿਆ ਹਾਂ। ਅਤੇ ਉਸਨੇ ਆਪਣਾ ਸਿਰ ਰੇਲਿੰਗ ਉੱਤੇ ਰੱਖ ਦਿੱਤਾ।

( 5 )

ਦੋ ਸਤੰਬਰ ਨੂੰ ਹਵਾ ਟਿਕੀ ਹੋਈ ਸੀ, ਦਿਨ ਨਿਘਾ ਪਰ ਬੱਦਲਵਾਈ ਵਾਲ਼ਾ ਸੀ। ਸਵੇਰ ਵੇਲੇ ਵੋਲਗਾ ਉੱਤੇ ਹਲਕਾ ਕੋਹਰਾ ਮੰਡਰਾ ਰਿਹਾ ਸੀ ਅਤੇ ਨੌਂ ਵਜੇ ਦੇ ਬਾਅਦ ਬੂੰਦਾ-ਬਾਂਦੀ ਸ਼ੁਰੂ ਹੋ ਗਈ। ਆਸਮਾਨ ਸਾਫ਼ ਹੋ ਜਾਣ ਦੀ ਜ਼ਰਾ ਵੀ ਉਮੀਦ ਨਹੀਂ ਸੀ। ਨਾਸ਼ਤੇ ਉੱਤੇ ਰਿਆਬੋਵਸਕੀ ਨੇ ਓਲਗਾ ਨੂੰ ਕਿਹਾ ਕਿ ਚਿੱਤਰਕਲਾ ਸਭ ਤੋਂ ਜ਼ਿਆਦਾ ਨਾਸ਼ੁਕਰੀ ਅਤੇ ਥਕਾ ਮਾਰਨ ਵਾਲੀ ਕਲਾ ਸੀ, ਕਿ ਉਹ ਚਿੱਤਰਕਾਰ ਨਹੀਂ ਸੀ ਕਿ ਸਿਰਫ਼ ਅਕਲ ਦੇ ਅੰਨ੍ਹੇ ਹੀ ਉਸਨੂੰ ਪ੍ਰਤਿਭਾਸ਼ੀਲ ਮੰਨਦੇ ਸਨ ਅਤੇ ਉਸਨੇ ਜਰਾ ਜਿੰਨਾ ਵੀ ਇਸ਼ਾਰਾ ਕੀਤੇ ਬਿਨਾਂ ਹੀ ਅਚਾਨਕ ਚਾਕੂ ਚੁੱਕਿਆ ਆਪਣੇ ਬਣਾਏ ਹੋਏ ਨਿਹਾਇਤ ਕਾਮਯਾਬ ਸਕੈੱਚ ਦੇ ਟੁਕੜੇ ਟੁਕੜੇ ਕਰ ਦਿੱਤੇ। ਚਾਹ ਦੇ ਬਾਅਦ ਉਹ ਖੋਇਆ ਖੋਇਆ ਬਾਰੀ ਕੋਲ਼ ਬੈਠ ਕੇ ਬਾਹਰ ਦਰਿਆ ਦੇਖਣ ਲੱਗ ਪਿਆ। ਵੋਲਗਾ ਆਪਣੀ ਚਮਕ ਦਮਕ ਬੁਝ ਜਾਣ ਦੇ ਬਾਅਦ ਹੁਣ ਧੁੰਦਲਾ, ਬਦਰੰਗ ਅਤੇ ਠੰਡਾ ਜਿਹਾ ਲੱਗ ਰਿਹਾ ਸੀ। ਹਰ ਚੀਜ਼ ਖੁਸ਼ਕ, ਦਿਲਗੀਰ ਪਤਝੜ ਦੀ ਆਮਦ ਦਾ ਸੰਦੇਸ਼ ਦੇ ਰਹੀ ਸੀ। ਅਜਿਹਾ ਲੱਗਦਾ ਸੀ ਜਿਵੇਂ ਕੁਦਰਤ ਨੇ ਦੋਨੋਂ ਕਿਨਾਰਿਆਂ ਦੇ ਹਰਿਆਲੀ ਦੇ ਕਾਲੀਨ, ਸੂਰਜ ਦੀਆਂ ਕਿਰਨਾਂ ਦੇ ਹੀਰਿਆਂ ਵਰਗੇ ਝਲਕਾਰੇ, ਦੂਰ ਸਾਫ਼ ਨੀਲੇ ਦਿਸਹੱਦੇ ਅਤੇ ਸਭ ਸ਼ਾਨਦਾਰ ਨਜ਼ਾਰੇ ਵੋਲਗਾ ਕੋਲੋਂ ਲੈ ਕੇ ਅਗਲੇ ਬਹਾਰ ਦੇ ਮੌਸਮ ਤੱਕ ਲਈ ਕਿਸੇ ਸੰਦੂਕ ਵਿੱਚ ਬੰਦ ਕਰ ਦਿੱਤੇ ਹੋਣ ਅਤੇ ਇਸ ਦੇ ਉੱਪਰ ਉੱਡਦੇ ਹੋਏ ਕਾਂ ਇਸ ਨਾਲ਼ ਛੇੜਖ਼ਾਨੀ ਕਰ ਰਹੇ ਸੀ: ਨੰਗਾ ਧੜੰਗਾ”। ਰਿਆਬੋਵਸਕੀ ਨੇ ਉਨ੍ਹਾਂ ਦੀ ਕਾਂ ਕਾਂ ਸੁਣੀ ਅਤੇ ਆਪਣੇ ਆਪ ਨੂੰ ਕਿਹਾ ਕਿ ਉਹ ਖ਼ਤਮ ਚੁੱਕਾ ਸੀ, ਆਪਣੀ ਪ੍ਰਤਿਭਾ ਲੁਟਾ ਚੁੱਕਿਆ ਸੀ ਅਤੇ ਇਹ ਕਿ ਦੁਨੀਆ ਦੀ ਹਰ ਸ਼ੈ ਨਿਸਬਤੀ, ਮਸ਼ਰੂਤ ਅਤੇ ਮੂਰਖ਼ਾਨਾ ਹੈ। ਅਤੇ ਇਹ ਕਿ ਉਸਨੂੰ ਇਸ ਔਰਤ ਦੇ ਚੱਕਰ ਵਿੱਚ ਪੈਣਾ ਹੀ ਨਹੀਂ ਚਾਹੀਦਾ ਸੀ… ਸੰਖੇਪ ਵਿੱਚ ਇਹ ਕਿ ਉਹ ਬੁਰੀ ਤਰ੍ਹਾਂ ਮਾਯੂਸ ਅਤੇ ਦਿਲਗੀਰ ਸੀ …।

ਓਲਗਾ ਇਵਾਨੋਵਨਾ ਬੈੱਡ ਦੀ ਪਾਰਟੀਸ਼ਨ ਦੇ ਦੂਜੇ ਪਾਸੇ ਬੈਠੀ ਸੀ ਅਤੇ ਆਪਣੇ ਖ਼ੂਬਸੂਰਤ ਸੁਨਹਿਰੀ ਵਾਲ਼ਾਂ ਵਿੱਚ ਉਂਗਲਾਂ ਨਾਲ਼ ਕੰਘੀ ਕਰ ਰਹੀ ਸੀ। ਖ਼ਿਆਲਾਂ ਹੀ ਖ਼ਿਆਲਾਂ ਵਿੱਚ ਖ਼ੁਦ ਨੂੰ ਆਪਣੇ ਡਰਾਇੰਗ ਰੂਮ, ਫਿਰ ਬੈੱਡਰੂਮ ਅਤੇ ਪਤੀ ਦੇ ਅਧਿਐਨ ਦੇ ਕਮਰੇ ਵਿੱਚ ਵੇਖ ਰਹੀ ਸੀ। ਫਿਰ ਉਸਦੇ ਖ਼ਿਆਲਾਂ ਨੇ ਉਸਨੂੰ ਥੀਏਟਰ ਪਹੁੰਚਾ ਦਿੱਤਾ, ਦਰਜਨ ਦੀ ਦੁਕਾਨ ਅਤੇ ਉਸਦੇ ਮਸ਼ਹੂਰ ਦੋਸਤਾਂ ਦੀ ਸੰਗਤ ਵਿੱਚ ਲੈ ਗਏ। ਇਸ ਪਲ ਉਹ ਲੋਕ ਕੀ ਕਰ ਰਹੇ ਹੋਣਗੇ? ਉਨ੍ਹਾਂ ਨੂੰ ਕਦੇ ਉਸ ਦਾ ਖ਼ਿਆਲ ਵੀ ਆਉਂਦਾ ਹੋਵੇਗਾ? ਸੀਜ਼ਨ ਸ਼ੁਰੂ ਹੋ ਚੁੱਕਿਆ ਸੀ ਅਤੇ ਇਹ ਉਸ ਦੀਆਂ ਹਰ ਬੁੱਧ ਦੀ ਸ਼ਾਮ ਨੂੰ ਹੋਣ ਵਾਲੀਆਂ ਪਾਰਟੀਆਂ ਸੰਬੰਧੀ ਸੋਚਣ ਦਾ ਵਕਤ ਸੀ ਅਤੇ ਦੀਮੋਵ? ਪਿਆਰਾ ਦੀਮੋਵ ! ਬੇਚਾਰਾ ਕਿੰਨੇ ਮਸਕੀਨ, ਬੱਚਿਆਂ ਵਰਗੇ ਉਦਰੇਵੇਂ ਦੇ ਨਾਲ਼ ਆਪਣੇ ਖ਼ਤਾਂ ਵਿੱਚ ਉਸਨੂੰ ਘਰ ਪਰਤ ਆਉਣ ਦੀਆਂ ਮਿੰਨਤਾਂ ਕਰਦਾ ਸੀ। ਉਹ ਹਰ ਮਹੀਨੇ ਪਝੰਤਰ ਰੂਬਲ ਭੇਜਦਾ ਸੀ ਅਤੇ ਜਦੋਂ ਉਹ ਲਿਖ਼ਦੀ ਸੀ ਕਿ ਉਸਨੇ ਕਲਾਕਾਰਾਂ ਕੋਲੋਂ ਸੌ ਰੂਬਲ ਉਧਾਰ ਲੈ ਲਿਆ ਹੈ ਤਾਂ ਹੋਰ ਸੌ ਰੂਬਲ ਭੇਜ ਦਿੰਦਾ ਸੀ। ਕਿੰਨਾ ਨੇਕ ਅਤੇ ਦਰਿਆ-ਦਿਲ ਆਦਮੀ ਸੀ! ਸਫ਼ਰ ਤੋਂ ਓਲਗਾ ਥੱਕ ਚੁੱਕੀ ਸੀ, ਹੁਣ ਉਸ ਦਾ ਜੀ ਨਹੀਂ ਸੀ ਲੱਗ ਰਿਹਾ, ਉਹ ਕਿਸਾਨਾਂ ਤੋਂ ਅਤੇ ਦਰਿਆ ਤੋਂ ਉੱਠਦੀ ਹਵਾੜ੍ਹ ਤੋਂ ਦੂਰ ਭੱਜ ਜਾਣ ਅਤੇ ਸਰੀਰਕ ਗੰਦਗੀ ਦੇ ਉਸ ਅਹਿਸਾਸ ਤੋਂ ਛੁਟਕਾਰਾ ਪਾਉਣ ਲਈ ਬੁਰੀ ਤਰ੍ਹਾਂ ਤੜਫ਼ ਰਹੀ ਸੀ ਜਿਸ ਨੂੰ ਉਹ ਕਿਸਾਨਾਂ ਦੀਆਂ ਝੁੱਗੀਆਂ ਵਿਚ ਰਹਿੰਦੇ ਸਮੇਂ ਅਤੇ ਪਿੰਡੋ ਪਿੰਡ ਵਿਚ ਘੁੰਮਦੇ ਸਮੇਂ ਹਰ ਪਲ ਹੰਢਾ ਰਹੀ ਸੀ। ਅਗਰ ਰਿਆਬੋਵਸਕੀ ਨੇ ਕਲਾਕਾਰਾਂ ਨੂੰ ਉਨ੍ਹਾਂ ਨਾਲ਼ ਵੀਹ ਸਤੰਬਰ ਤੱਕ ਰਹਿਣ ਦਾ ਪੱਕਾ ਵਾਅਦਾ ਨਾ ਕਰ ਲਿਆ ਹੁੰਦਾ ਤਾਂ ਉਹ ਦੋਨੋਂ ਅੱਜ ਹੀ ਉਥੋਂ ਚੱਲ ਪਏ ਹੁੰਦੇ ਅਤੇ ਕਿੰਨਾ ਅੱਛਾ ਹੁੰਦਾ!

ਹਾਇਓ ਰੱਬਾ,” ਰਿਆਬੋਵਸਕੀ ਨੇ ਹੌਕਾ ਭਰਿਆ। ਆਖ਼ਰ ਸੂਰਜ ਕਦੋਂ ਦਿਖਾਈ ਦੇਵੇਗਾ? ਜ਼ਰਾ ਵੀ ਧੁੱਪ ਨਹੀਂ, ਅਜਿਹੇ ਮੌਸਮ ਵਿੱਚ ਮੈਂ ਆਪਣਾ ਧੁੱਪ ਵਾਲ਼ਾ ਲੈਂਡਸਕੇਪ ਪੂਰਾ ਨਹੀਂ ਕਰ ਸਕਦਾ।

ਇੱਕ ਅਧੂਰੀ ਤਸਵੀਰ ਬੱਦਲਾਂ ਅੱਟੇ ਅਸਮਾਨ ਦੀ ਵੀ ਤਾਂ ਹੈ,” ਓਲਗਾ ਇਵਾਨੋਵਨਾ ਨੇ ਪਰਦੇ ਦੇ ਪਿੱਛੋਂ ਬਾਹਰ ਆਉਂਦੇ ਹੋਏ ਕਿਹਾ। ਯਾਦ ਨਹੀਂ ਕੀ? ਉਹੀ ਜਿਸਦੇ ਅਗਵਾੜ ਵਿੱਚ ਸੱਜੇ ਪਾਸੇ ਜੰਗਲ ਹੈ ਅਤੇ ਖੱਬੇ ਪਾਸੇ ਗਊਆਂ ਦਾ ਵੱਗ ਅਤੇ ਰਾਜਹੰਸ। ਹੁਣ ਉਸਨੂੰ ਮੁਕੰਮਲ ਕਰ ਸਕਦੇ ਹੋ।

ਹੂੰ! ਚਿੱਤਰਕਾਰ ਨੇ ਭੈੜਾ ਜਿਹਾ ਮੂੰਹ ਬਣਾਇਆ। ਮੁਕੰਮਲ ਕਰ ਲਵਾਂ! ਕੀ ਤੂੰ ਮੈਨੂੰ ਅਜਿਹਾ ਗਧਾ ਸਮਝਦੀ ਹੈਂ ਜਿਸਨੂੰ ਦੱਸਿਆ ਜਾਵੇ ਕਿ ਕੀ ਕਰਨਾ ਚਾਹੀਦਾ ਹੈ?”

ਮੇਰੇ ਪ੍ਰਤੀ ਤੁਹਾਡਾ ਵਰਤਾਓ ਕਿੰਨਾ ਬਦਲ ਗਿਆ! ਓਲਗਾ ਇਵਾਨੋਵਨਾ ਨੇ ਠੰਡਾ ਸਾਹ ਲਿਆ।

ਤੇ ਚੰਗਾ ਹੀ ਹੋਇਆ!

ਓਲਗਾ ਇਵਾਨੋਵਨਾ ਦਾ ਚਿਹਰਾ ਕੰਬ ਗਿਆ। ਉਹ ਸਟੋਵ ਦੇ ਸਾਹਮਣੇ ਜਾ ਖੜ੍ਹੀ ਹੋਈ ਅਤੇ ਰੋਣ ਲੱਗੀ। ਤੇ ਹੁਣ ਅੱਥਰੂ – ਜਿਵੇਂ ਇਹੀ ਕਸਰ ਰਹਿ ਗਈ ਸੀ — ਬੰਦ ਵੀ ਕਰ ਇਹ ਸਿਲਸਿਲਾ ! ਮੇਰੇ ਕੋਲ਼ ਤਾਂ ਰੋਣ ਲਈ ਹਜ਼ਾਰ ਕਾਰਨ ਹਨ! ਫਿਰ ਵੀ ਮੈਂ ਨਹੀਂ ਰੋਂਦਾ।

ਹਜ਼ਾਰ ਕਾਰਨ! ਓਲਗਾ ਇਵਾਨੋਵਨਾ ਨੇ ਸਿਸਕੀ ਭਰੀ। ਖ਼ਾਸ ਕਾਰਨ ਸਿਰਫ਼ ਇਹ ਹੈ ਕਿ ਮੈਥੋਂ ਤੁਹਾਡਾ ਜੀ ਭਰ ਗਿਆ ਹੈ। ਜੀ ਹਾਂ, ਜੀ ਭਰ ਗਿਆ! ਅਤੇ ਉਹ ਰੋਣ ਲੱਗੀ। ਸੱਚ ਪੁੱਛੋ ਤਾਂ ਸਾਡੀ ਮੁਹੱਬਤ ਤੋਂ ਤੁਹਾਨੂੰ ਸ਼ਰਮ ਮਹਿਸੂਸ ਹੁੰਦੀ ਹੈ। ਤੁਸੀਂ ਡਰਦੇ ਹੋ ਕਿ ਕਿਤੇ ਕਲਾਕਾਰਾਂ ਨੂੰ ਭਿਣਕ ਨਾ ਲੱਗ ਜਾਵੇ, ਹਾਲਾਂਕਿ ਇਸ ਗੱਲ ਨੂੰ ਛੁਪਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਲੋਕਾਂ ਨੂੰ ਤਾਂ ਪਤਾ ਨਹੀਂ ਕਦੋਂ ਤੋਂ ਇਸ ਦਾ ਪਤਾ ਹੈ।

ਸੁਣੋ ਓਲਗਾ, ਤੁਹਾਨੂੰ ਮੇਰੀ ਸਿਰਫ਼ ਇੱਕ ਬੇਨਤੀ ਹੈ,” ਚਿੱਤਰਕਾਰ ਨੇ ਆਪਣੇ ਦਿਲ ਉੱਪਰ ਹੱਥ ਰੱਖਕੇ ਮਿੰਨਤ ਦੇ ਲਹਿਜੇ ਵਿੱਚ ਕਿਹਾ। ਸਿਰਫ਼ ਇੱਕ ਬੇਨਤੀ … ਮੈਨੂੰ ਇਕੱਲਾ ਛੱਡ ਦਿਓ, ਇਸ ਦੇ ਸਿਵਾ ਮੈਂ ਤੁਹਾਡੇ ਕੋਲ਼ੋਂ ਹੋਰ ਕੁੱਝ ਵੀ ਨਹੀਂ ਚਾਹੁੰਦਾ!

ਚਲੋ ਸਹੁੰ ਖਾ ਕੇ ਕਹੋ ਕਿ ਤੁਸੀਂ ਹੁਣ ਵੀ ਮੈਨੂੰ ਮੁਹੱਬਤ ਕਰਦੇ ਹੋ!

ਹੁਣ ਤਾਂ ਹੱਦ ਹੋ ਗਈ! ਚਿੱਤਰਕਾਰ ਨੇ ਦੰਦ ਕਰੀਚਦੇ ਹੋਏ ਕਿਹਾ ਅਤੇ ਉਛਲ ਕੇ ਖੜ੍ਹਾ ਹੋ ਗਿਆ। ਇਸ ਦਾ ਨਤੀਜਾ ਇਹ ਹੋਵੇਗਾ ਕਿ ਮੈਂ ਵੋਲਗਾ ਵਿੱਚ ਡੁੱਬ ਮਰਾਂਗਾ ਜਾਂ ਪਾਗਲ ਹੋ ਜਾਵਾਂਗਾ! ਮੈਨੂੰ ਮੇਰੇ ਹਾਲ ਤੇ ਛੱਡ ਦਿਓ!

ਤਾਂ ਮੈਨੂੰ ਮਾਰ ਛੱਡੋ, ਮਾਰ ਛੱਡੋ! ਓਲਗਾ ਇਵਾਨੋਵਨਾ ਚੀਖ਼ ਉੱਠੀ। ਮਾਰ ਛੱਡੋ ਨਾ!

ਉਹ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਦੁਬਾਰਾ ਪਰਦੇ ਦੇ ਪਿੱਛੇ ਚੱਲੀ ਗਈ। ਮੀਂਹ ਝੌਂਪੜੀ ਦੀ ਸਰਕੰਡੇ ਦੀ ਛੱਤ ਉੱਤੇ ਖੜਕਾ ਕਰ ਰਿਹਾ ਸੀ। ਰਿਆਬੋਵਸਕੀ ਕੁੱਝ ਦੇਰ ਤੱਕ ਦੋਨੋਂ ਹੱਥਾਂ ਨਾਲ਼ ਸਿਰ ਫੜੀ ਕਮਰੇ ਵਿੱਚ ਲੰਬੇ ਲੰਬੇ ਕਦਮ ਭਰਦਾ ਰਿਹਾ। ਫਿਰ ਚਿਹਰੇ ਤੇ ਕੁੱਝ ਅਜਿਹੀ ਦ੍ਰਿੜਤਾ ਦੇ ਨਾਲ਼ ਜਿਵੇਂ ਕਿਸੇ ਨੂੰ ਕੁਝ ਸਿੱਧ ਕਰ ਕੇ ਦਿਖਾਉਣਾ ਹੋਵੇ, ਟੋਪੀ ਪਹਿਨ ਕੇ ਬੰਦੂਕ ਮੋਢੇ ਤੇ ਲਮਕਾਈ; ਅਤੇ ਬਾਹਰ ਨਿਕਲ ਗਿਆ।

ਉਸ ਦੇ ਚਲੇ ਜਾਣ ਦੇ ਬਾਅਦ ਓਲਗਾ ਇਵਾਨੋਵਨਾ ਦੇਰ ਤੱਕ ਆਪਣੇ ਬੈੱਡ ਉੱਤੇ ਲੇਟੀ ਅੱਥਰੂ ਕੇਰਦੀ ਰਹੀ। ਪਹਿਲਾਂ ਉਸਨੇ ਸੋਚਿਆ ਕਿੰਨੀ ਸ਼ਾਨਦਾਰ ਗੱਲ ਹੋਵੇਗੀ ਜੇਕਰ ਉਹ ਜ਼ਹਿਰ ਖਾ ਲਵੇ ਅਤੇ ਰਿਆਬੋਵਸਕੀ ਆਪਣੀ ਵਾਪਸੀ ਉੱਤੇ ਉਸਨੂੰ ਮੁਰਦਾ ਦੇਖੇ। ਪਰ ਛੇਤੀ ਹੀ ਉਸ ਦੇ ਖ਼ਿਆਲ ਆਪਣੇ ਡਰਾਇੰਗ ਰੂਮ ਅਤੇ ਪਤੀ ਦੇ ਅਧਿਐਨ ਕਮਰੇ ਵੱਲ ਚਲੇ ਗਏ ਅਤੇ ਉਸਨੇ ਵੇਖਿਆ ਕਿ ਉਹ ਦੀਮੋਵ ਦੇ ਕੋਲ ਸ਼ਾਂਤ ਬੈਠੀ ਸੀ ਅਤੇ ਸਰੀਰਕ ਆਰਾਮ ਅਤੇ ਨਿਰਮਲਤਾ ਦੇ ਪੁਰਜੋਸ਼ ਅਹਿਸਾਸ ਦਾ ਲੁਤਫ ਲੈ ਰਹੀ ਸੀ ਅਤੇ ਫਿਰ ਥੀਏਟਰ ਵਿੱਚ ਬੈਠੀ ਮਾਜ਼ੀਨੀ ਦਾ ਗਾਣਾ ਸੁਣ ਰਹੀ ਸੀ। ਇਸ ਖ਼ਿਆਲ ਦੇ ਨਾਲ਼ ਹੀ ਸਭਿਆ ਦੁਨੀਆ ਨਾਲ਼, ਸ਼ਹਿਰ ਦੇ ਰੌਲੇ ਰੱਪੇ ਨਾਲ਼, ਮਸ਼ਹੂਰ ਅਤੇ ਨਿਆਰੇ ਲੋਕਾਂ ਨਾਲ਼ ਨੇੜਤਾ ਦੀ ਉਸਦੀ ਆਰਜੂ ਨੇ ਉਸ ਨੂੰ ਦਿਲਗੀਰ ਕਰ ਦਿੱਤਾ। ਇੰਨੇ ਨੂੰ ਇੱਕ ਕਿਸਾਨ ਔਰਤ ਘਰ ਵਿੱਚ ਆਈ ਅਤੇ ਦੁਪਹਿਰ ਦਾ ਖਾਣਾ ਪਕਾਉਣ ਲਈ ਆਰਾਮ ਦੇ ਨਾਲ਼ ਚੁੱਲ੍ਹਾ ਬਾਲਣ ਲੱਗ ਪਈ। ਸੁਲਘਦੀਆਂ ਲੱਕੜੀਆਂ ਦੀ ਗੰਧ ਚਾਰੇ ਪਾਸੇ ਫੈਲ ਗਈ ਅਤੇ ਹਵਾ ਨੀਲੇ ਧੂੰਏਂ ਨਾਲ਼ ਭਰ ਗਈ। ਚਿੱਤਰਕਾਰ, ਜਿਨ੍ਹਾਂ ਦੇ ਉੱਚੇ ਬੂਟ ਚਿੱਕੜ ਨਾਲ਼ ਲਿਬੜੇ ਸਨ ਅਤੇ ਚਿਹਰੇ ਮੀਂਹ ਵਿੱਚ ਭਿੱਜੇ ਸਨ, ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਆਪਣੇ ਸਕੈਚਾਂ ਉੱਤੇ ਨਜ਼ਰਾਂ ਦੌੜਾਈਆਂ ਅਤੇ ਇਸ ਖ਼ਿਆਲ ਨਾਲ਼ ਖ਼ੁਦ ਨੂੰ ਦਿਲਾਸਾ ਦੇਣ ਲੱਗੇ ਕਿ ਵੋਲਗਾ ਖ਼ਰਾਬ ਮੌਸਮ ਵਿੱਚ ਵੀ ਆਪਣੀ ਮਨਮੋਹਕਤਾ ਕਾਇਮ ਰੱਖਦਾ ਹੈ। ਕੰਧ ਉੱਤੇ ਲਟਕਦੀ ਸਸਤੀ ਜਿਹੀ ਘੜੀ ਦੀ ਟਿੱਕ ਟਿੱਕ ਜਾਰੀ ਸੀ … ਸਰਦੀ ਨਾਲ਼ ਠੁਰ ਠੁਰ ਕਰਦੀਆਂ ਮੱਖੀਆਂ ਕੋਨੇ ਵਿਚ ਪਈ ਮੂਰਤੀ ਦੇ ਦੁਆਲੇ ਇਕੱਤਰ ਹੋਈਆਂ ਭਿਣਭਿਣਾ ਰਹੀਆਂ ਸਨ ਅਤੇ ਸੀਟਾਂ ਦੇ ਹੇਠਾਂ ਮੋਟੀਆਂ ਫ਼ਾਈਲਾਂ ਦੀਆਂ ਕਤਾਰਾਂ ਦੇ ਦਰਮਿਆਨ ਕਾਕਰੋਚਾਂ ਦੀਆਂ ਪਤੀੜਾਂ ਦੀ ਸਰਸਰਾਹਟ ਸੁਣੀ ਜਾ ਸਕਦੀ ਸੀ…।

ਰਿਆਬੋਵਸਕੀ ਸੂਰਜ ਛਿਪਣ ਦੇ ਵਕਤ ਵਾਪਸ ਪਰਤਿਆ। ਉਸਨੇ ਟੋਪੀ ਮੇਜ਼ ਉੱਤੇ ਸੁੱਟ ਦਿੱਤੀ, ਚਿੱਕੜ ਨਾਲ਼ ਲਿਬੜੇ ਬੂਟ ਉਤਾਰੇ ਬਿਨਾਂ, ਥਕਾਵਟ ਨਾਲ਼ ਚੂਰ, ਬੈਂਚ ਉੱਤੇ ਢੇਰੀ ਹੋ ਗਿਆ ਅਤੇ ਅੱਖਾਂ ਮੀਟ ਲਈਆਂ।

ਮੈਂ ਥੱਕ ਗਿਆ …,” ਉਸਨੇ ਕਿਹਾ ਅਤੇ ਪਲਕਾਂ ਖੋਲ੍ਹਣ ਦੀ ਕੋਸ਼ਿਸ਼ ਵਿੱਚ ਉਸ ਦੀਆਂ ਭਵਾਂ ਫਰਕਣ ਰਹੀਆਂ ਸਨ।

ਓਲਗਾ ਇਵਾਨੋਵਨਾ ਨੇ ਇਹ ਵਿਖਾਉਣ ਦੀ ਫ਼ਿਕਰ ਵਿੱਚ ਕਿ ਉਹ ਨਾਰਾਜ਼ ਨਹੀਂ ਹੈ, ਉਸ ਦੇ ਕੋਲ ਜਾ ਕੇ ਖ਼ਾਮੋਸ਼ੀ ਨਾਲ਼ ਉਸ ਦਾ ਚੁੰਮਣ ਲਿਆ ਅਤੇ ਉਸ ਦੇ ਭੂਰੇ ਵਾਲ਼ਾਂ ਵਿੱਚ ਕੰਘੀ ਫੇਰੀ। ਕੰਘੀ ਕਰਨ ਨੂੰ ਐਵੇਂ ਹੀ ਉਸਦਾ ਦਿਲ ਕਰ ਆਇਆ ਸੀ।

ਇਹ ਕੀ,” ਰਿਆਬੋਵਸਕੀ ਨੇ ਚੌਂਕ ਕੇ ਕਿਹਾ, ਜਿਵੇਂ ਕਿਸੇ ਠੰਢੀ ਜਿਹੀ ਚੀਜ਼ ਨੇ ਉਸਨੂੰ ਛੂਹ ਲਿਆ ਹੋਵੇ, ਤੇ ਉਸਨੇ ਅੱਖਾਂ ਖੋਲ੍ਹ ਲਈਆਂ। ਇਹ ਕੀ ਹੈ? ਮੈਨੂੰ ਮੇਰੇ ਹਾਲ ਉੱਤੇ ਛੱਡ ਦਿਓ, ਬੜੀ ਕਿਰਪਾ ਹੋਵੇਗੀ!

ਉਹ ਓਲਗਾ ਇਵਾਨੋਵਨਾ ਨੂੰ ਪਾਸੇ ਹਟਾ ਕੇ ਉਸ ਕੋਲੋਂ ਕੁੱਝ ਦੂਰ ਹੱਟ ਗਿਆ ਅਤੇ ਓਲਗਾ ਇਵਾਨੋਵਨਾ ਨੂੰ ਉਸ ਦੇ ਚਿਹਰੇ ਉੱਤੇ ਨਫ਼ਰਤ ਅਤੇ ਪਰੇਸ਼ਾਨੀ ਦੀ ਝਲਕ ਨਜ਼ਰ ਪਈ। ਠੀਕ ਉਸੇ ਵੇਲ਼ੇ ਔਰਤ ਬੰਦ ਗੋਭੀ ਦੀ ਤਰੀ ਦੀ ਪਲੇਟ ਸਾਵਧਾਨੀ ਦੇ ਨਾਲ਼ ਦੋਨਾਂ ਹੱਥਾਂ ਨਾਲ਼ ਫੜੀ ਰਿਆਬੋਵਸਕੀ ਦੇ ਕੋਲ ਆਈ ਅਤੇ ਓਲਗਾ ਇਵਾਨੋਵਨਾ ਨੇ ਵੇਖਿਆ ਕਿ ਔਰਤ ਦੇ ਦੋਨੋਂ ਅੰਗੂਠੇ ਤਰੀ ਵਿੱਚ ਭਿਉਂਤੇ ਹੋਏ ਸਨ। ਤੱਦ ਉਸਨੂੰ ਉਹ ਗੰਦੀ ਔਰਤ ਜਿਸਦਾ ਢਿੱਡ ਅੱਗੇ ਨੂੰ ਲਮਕਿਆ ਹੋਇਆ ਸੀ, ਬੰਦ ਗੋਭੀ ਦੀ ਉਹ ਤਰੀ ਜਿਸ ਨੂੰ ਰਿਆਬੋਵਸਕੀ ਭੁੱਖੜਾਂ ਦੀ ਤਰ੍ਹਾਂ ਟੁੱਟ ਕੇ ਪੈ ਗਿਆ ਸੀ, ਉਹ ਘਰ ਅਤੇ ਇਹ ਸਾਰੀ ਜ਼ਿੰਦਗੀ, ਜਿਸ ਨੂੰ ਪਹਿਲਾਂ ਇਹਦੀ ਸਾਦਗੀ ਅਤੇ ਕਲਾਤਮਕ ਉਘੜਦੁਘੜਪੁਣੇ ਦੇ ਲਈ ਇੰਨਾ ਪਿਆਰ ਕਰਦੀ ਸੀ, ਹੁਣ ਉਸ ਨੂੰ ਡਰਾਉਣਾ ਲੱਗਣ ਲੱਗ ਪਿਆ ਸੀ। ਅਚਾਨਕ ਉਸਨੂੰ ਆਪਣੀ ਬੇਇੱਜ਼ਤੀ ਦਾ ਅਹਿਸਾਸ ਹੋਇਆ ਅਤੇ ਠੰਢਾ ਜਿਹਾ ਬੋਲੀ:

ਸਾਨੂੰ ਕੁੱਝ ਦਿਨਾਂ ਲਈ ਜੁਦਾ ਹੋਣਾ ਪਵੇਗਾ, ਵਰਨਾ ਇਸ ਅਕੇਵੇਂ ਕਰਕੇ ਆਪਣਾ ਜ਼ਰੂਰ ਝਗੜਾ ਹੋ ਜਾਵੇਗਾ। ਮੈਂ ਇਸ ਸਭ ਤੋਂ ਬੇਜ਼ਾਰ ਹੋ ਚੁੱਕੀ ਹਾਂ। ਮੈਨੂੰ ਇੱਥੋਂ ਅੱਜ ਹੀ ਚੱਲ ਪੈਣਾ ਚਾਹੀਦਾ ਹੈ।

ਕਿਵੇਂ ਜਾ ਰਹੀ ਹੋ? ਝਾੜੂ ਤੇ ਸਵਾਰ ਹੋ ਕੇ?”

ਅੱਜ ਵੀਰਵਾਰ ਹੈ, ਇਸ ਲਈ ਸਟੀਮਰ ਸਾਢੇ ਨੌਂ ਆਏਗਾ।”

ਸੱਚੀ? ਓ ਹਾਂ … ਬਹੁਤ ਖ਼ੂਬ, ਤਾਂ ਫਿਰ ਚਲੀ ਜਾਓ…,” ਰਿਆਬੋਵਸਕੀ ਨੇ ਨੈਪਕਿਨ ਦੀ ਥਾਂ ਤੌਲੀਏ ਨਾਲ਼ ਮੂੰਹ ਪੂੰਝਦੇ ਹੋਏ ਨਰਮ ਲਹਿਜੇ ਵਿੱਚ ਕਿਹਾ। ਤੁਹਾਡੇ ਲਈ ਇਹ ਜਗ੍ਹਾ ਬੇਰੌਣਕ ਹੈ ਅਤੇ ਕਰਨ ਵਾਲ਼ਾ ਕੁਝ ਵੀ ਨਹੀਂ। ਮੈਂ ਇੰਨਾ ਵੱਡਾ ਖ਼ੁਦਗਰਜ ਨਹੀਂ ਹਾਂ ਕਿ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਾਂ। ਚਲੀ ਜਾਓ, ਵੀਹ ਸਤੰਬਰ ਦੇ ਬਾਅਦ ਫਿਰ ਮੁਲਾਕਾਤ ਹੋਵੇਗੀ।

ਹਲਕੀ ਹੋ ਗਈ ਓਲਗਾ ਇਵਾਨੋਵਨਾ ਸਾਮਾਨ ਬੰਨ੍ਹਣ ਲੱਗ ਪਈ। ਖੁਸ਼ੀ ਨਾਲ਼ ਉਸਦੀਆਂ ਗੱਲ੍ਹਾਂ ਵੀ ਭਖਣ ਲੱਗੀਆਂ ਸਨ। ਕੀ ਸਚਮੁਚ ਇਹ ਹੋਏਗਾ? ਉਸਨੇ ਆਪਣੇ ਆਪ ਨੂੰ ਸਵਾਲ ਕੀਤਾ, “ਕੀ ਮੈਂ ਛੇਤੀ ਹੀ ਆਪਣੇ ਡਰਾਇੰਗ ਰੂਮ ਵਿੱਚ ਬੈਠੀ ਹੋਵਾਂਗੀ, ਤਸਵੀਰਾਂ ਬਣਾਵਾਂਗੀ, ਬੈੱਡਰੂਮ ਵਿੱਚ ਸੋਵਾਂਗੀ ਅਤੇ ਮੇਜ਼ਪੋਸ਼ ਵਿਛੇ ਮੇਜ਼ ਉੱਤੇ ਖਾਣਾ ਖਾਵਾਂਗੀ? ਉਸਦੇ ਦਿਲ ਤੋਂ ਕੋਈ ਭਾਰੀ ਬੋਝ ਲਹਿ ਗਿਆ ਸੀ ਅਤੇ ਹੁਣ ਉਸਨੂੰ ਚਿੱਤਰਕਾਰ ਉੱਤੇ ਜ਼ਰਾ ਵੀ ਗੁੱਸਾ ਨਹੀਂ ਸੀ ਰਿਹਾ।

ਓ ਰਿਆਬੂਸ਼ਾ, ਮੈਂ ਆਪਣੇ ਪੇਂਟ ਅਤੇ ਬੁਰਸ਼ ਤੁਹਾਡੇ ਕੋਲ ਛੱਡ ਕੇ ਜਾ ਰਹੀ ਹਾਂ। ਉਸਨੇ ਕਿਹਾ। ਵਰਤ ਲਵੀਂ ਅਤੇ ਕੋਈ ਚੀਜ਼ ਬਚ ਗਈ ਤਾਂ ਨਾਲ਼ ਲੈਂਦੇ ਆਉਣਾ… ਅਤੇ ਹਾਂ, ਕੰਨ ਖੋਲ੍ਹ ਕੇ ਸੁਣ ਲਓ, ਮੇਰੇ ਜਾਣ ਤੋਂ ਬਾਅਦ ਸੁਸਤੀ ਅਤੇ ਮਾਯੂਸੀ ਦੇ ਆਲਮ ਵਿੱਚ ਗੋਤੇ ਨਾ ਲਾਉਣ ਲੱਗ ਪੈਣਾ, ਸਗੋਂ ਕੰਮ ਕਰਨਾ। ਤੁਸੀਂ ਕਿੰਨੇ ਕਮਾਲ ਦੇ ਆਦਮੀ ਹੋ, ਰਿਆਬੂਸ਼ਾ!

ਨੌਂ ਵਜੇ ਰਿਆਬੋਵਸਕੀ ਨੇ ਉਸ ਦਾ ਵਿਦਾਈ ਚੁੰਮਣ ਲਿਆ ਤਾਂ ਜੋ ਉਸਨੂੰ ਸਟੀਮਰ ਉੱਤੇ ਕਲਾਕਾਰਾਂ ਦੀ ਹਾਜ਼ਰੀ ਵਿੱਚ ਚੁੰਮਣ ਨਾ ਲੈਣਾ ਪਏ ਅਤੇ ਉਹ ਉਸਨੂੰ ਵਿਦਾ ਕਰਨ ਲਈ ਘਾਟ ਤੱਕ ਗਿਆ। ਸਟੀਮਰ ਜਲਦ ਹੀ ਆ ਗਿਆ ਅਤੇ ਉਸਨੂੰ ਚੜ੍ਹਾ ਕੇ ਰਵਾਨਾ ਹੋ ਗਿਆ।

ਢਾਈ ਦਿਨਾਂ ਦੇ ਬਾਅਦ ਉਹ ਆਪਣੇ ਘਰ ਪਹੁੰਚ ਗਈ। ਹੈਟ ਅਤੇ ਬਰਸਾਤੀ ਉਤਾਰੇ ਬਿਨਾਂ ਹੀ ਸਾਹੋਸਾਹ ਹੋਈ ਉਹ ਡਰਾਇੰਗ ਰੂਮ ਵਿੱਚ ਦਾਖ਼ਲ ਹੋਈ ਅਤੇ ਉੱਥੋਂ ਖਾਣੇ ਵਾਲ਼ੇ ਕਮਰੇ ਵਿੱਚ। ਬਿਨਾਂ ਕੋਟ ਦੀਮੋਵ ਵਾਸਕਟ ਦੇ ਬਟਨ ਖੋਲ੍ਹ ਮੇਜ਼ ਦੇ ਕੋਲ ਬੈਠਾ ਕਾਂਟੇ ਉੱਪਰ ਚਾਕੂ ਤਿੱਖਾ ਕਰ ਰਿਹਾ ਸੀ ਅਤੇ ਉਸ ਦੇ ਸਾਹਮਣੇ ਪਲੇਟ ਵਿੱਚ ਭੁੰਨਿਆ ਹੋਇਆ ਇੱਕ ਜੰਗਲੀ ਤਿੱਤਰ ਰੱਖਿਆ ਸੀ। ਓਲਗਾ ਇਵਾਨੋਵਨਾ ਇਸ ਖ਼ਿਆਲ ਨਾਲ਼ ਆਪਣੇ ਫਲੈਟ ਵਿੱਚ ਦਾਖ਼ਲ ਹੋਈ ਸੀ ਕਿ ਉਹ ਪਤੀ ਨੂੰ ਇਸ ਸਾਰੇ ਕਿੱਸੇ ਦੀ ਭਿਣਕ ਵੀ ਨਹੀਂ ਪੈਣ ਦੇਵੇਗੀ ਅਤੇ ਇਹ ਕਿ ਅਜਿਹਾ ਕਰਨ ਦੀ ਲਿਆਕਤ ਅਤੇ ਤਾਕਤ ਉਸ ਕੋਲ ਸੀ। ਪਰ ਜਦੋਂ ਉਸਨੇ ਦੀਮੋਵ ਦੇ ਚਿਹਰੇ ਤੇ ਭਰਵੀਂ, ਕੋਮਲ ਅਤੇ ਖਿੜੀ ਮੁਸਕਰਾਹਟ ਅਤੇ ਉਸ ਦੀਆਂ ਅੱਖਾਂ ਵਿੱਚ ਚਮਕਦੀ ਮੁਹੱਬਤ ਅਤੇ ਖੁਸ਼ੀ ਦੇਖੀ ਤਾਂ ਉਸਨੇ ਸੋਚਿਆ ਕਿ ਅਜਿਹੇ ਆਦਮੀ ਨੂੰ ਧੋਖਾ ਦੇਣਾ ਉਸ ਲਈ ਓਨਾ ਹੀ ਜ਼ਲੀਲ, ਨਫਰਤਯੋਗ ਅਤੇ ਅਸੰਭਵ ਹੋਵੇਗਾ ਜਿੰਨਾ ਕਿ ਝੂਠੀ ਗਵਾਹੀ ਦੇਣਾ, ਚੋਰੀ ਜਾਂ ਕਤਲ ਕਰਨਾ। ਅਤੇ ਉਸਨੇ ਉਸੇ ਪਲ ਫੈਸਲਾ ਕਰ ਲਿਆ ਕਿ ਜੋ ਕੁੱਝ ਹੋਇਆ ਹੈ ਉਸਨੂੰ ਇੰਨ ਬਿੰਨ ਬਿਆਨ ਕਰ ਦੇਵੇਗੀ। ਇਸ ਲਈ ਜਦੋਂ ਦੀਮੋਵ ਨੇ ਉਸਨੂੰ ਗਲ਼ ਲਾ ਕੇ ਚੁੰਮ ਲਿਆ ਤਾਂ ਉਹ ਉਸ ਦੇ ਸਾਹਮਣੇ ਗੋਡਿਆਂ ਪਰਨੇ ਬੈਠ ਗਈ ਅਤੇ ਆਪਣੇ ਚਿਹਰੇ ਨੂੰ ਹੱਥਾਂ ਨਾਲ਼ ਢੱਕ ਲਿਆ।

ਇਹ ਕੀ ਕਰ ਰਹੀ ਹੈਂ? ਕੀ ਹੋਇਆ, ਮੌਮ? ਉਸਨੇ ਮੁਹੱਬਤ ਭਰੇ ਲਹਿਜੇ ਵਿੱਚ ਪੁੱਛਿਆ। 'ਮੇਰੀ ਯਾਦ ਬਹੁਤ ਤੜਫ਼ਾ ਰਹੀ ਸੀ ਕੀ?”

ਉਸਨੇ ਸ਼ਰਮ ਦੇ ਅਹਿਸਾਸ ਨਾਲ਼ ਲਾਲ ਹੋ ਗਿਆ ਚਿਹਰਾ ਉੱਪਰ ਉਠਾਇਆ ਅਤੇ ਦੀਮੋਵ ਵੱਲ ਗੁਨਾਹਗਾਰ ਅਤੇ ਤਰਲੇ ਭਿੱਜੀਆਂ ਨਿਗਾਹਾਂ ਨਾਲ਼ ਵੇਖਿਆ ਪਰ ਡਰ ਅਤੇ ਸ਼ਰਮ ਨੇ ਹਕੀਕਤ ਨੂੰ ਬੁੱਲ੍ਹਾਂ ਤੱਕ ਆਉਣ ਨਾ ਦਿੱਤਾ।

ਕੋਈ ਗੱਲ ਨਹੀਂ ...,” ਉਸਨੇ ਕਿਹਾ। ਮੈਂ.. ਬਸ ਐਵੇਂ ਹੀ!

ਆ, ਉੱਪਰ ਬੈਠ ਨਾ,” ਦੀਮੋਵ ਨੇ ਪਤਨੀ ਨੂੰ ਉਠਾਇਆ ਅਤੇ ਮੇਜ਼ ਦੇ ਕੋਲ ਬਿਠਾਉਂਦੇ ਹੋਏ ਕਿਹਾ।

ਹਾਂ, ਹੁਣ ਠੀਕ ਹੈ … ਆਹ ਲੈ ਤਿੱਤਰ ਖਾ, ਭੁੱਖ ਲੱਗੀ ਹੋਵੇਗੀ, ਮੇਰੀ ਜਾਨ।

ਉਸਨੇ ਘਰੇਲੂ ਮਾਹੌਲ ਵਿੱਚ ਸੁੱਖ ਦਾ ਸਾਹ ਲੈਂਦੇ ਹੋਏ ਥੋੜ੍ਹਾ ਜਿਹਾ ਤਿੱਤਰ ਦਾ ਗੋਸ਼ਤ ਖਾਧਾ ਜਦੋਂ ਕਿ ਦੀਮੋਵ ਖੁਸ਼ੀ ਨਾਲ਼ ਖਿੜਿਆ ਅਤੇ ਮੁਹੱਬਤ ਭਰੀਆਂ ਨਜ਼ਰਾਂ ਨਾਲ਼ ਉਸਨੂੰ ਨਿਹਾਰਦਾ ਰਿਹਾ।

( 6 )

ਸਰਦੀਆਂ ਕੋਈ ਅੱਧੀਆਂ ਲੰਘ ਚੁੱਕੀਆਂ ਸਨ ਤੱਦ ਕਿਤੇ ਜਾਕੇ ਦੀਮੋਵ ਦੀਆਂ ਨਿਗਾਹਾਂ ਵਿੱਚ ਪਤਨੀ ਦੇ ਰੰਗ-ਢੰਗ ਖਟਕਣ ਲੱਗੇ। ਹੁਣ ਉਸ ਕੋਲੋਂ ਪਤਨੀ ਨਾਲ਼ ਅੱਖਾਂ ਚਾਰ ਹੀ ਨਹੀਂ ਸੀ ਕਰ ਹੁੰਦੀਆਂ, ਜਿਵੇਂ ਖ਼ੁਦ ਉਸ ਦੀ ਆਪਣੀ ਜ਼ਮੀਰ ਪਲੀਤ ਹੋਵੇ। ਪਤਨੀ ਨਾਲ਼ ਮਿਲਣ ਵੇਲ਼ੇ ਹੁਣ ਉਹ ਖੁਸ਼ੀ ਨਾਲ਼ ਮੁਸਕਰਾਉਂਦਾ ਵੀ ਨਹੀਂ ਸੀ ਅਤੇ ਇਸ ਖ਼ਿਆਲ ਨਾਲ਼ ਕਿ ਉਸ ਦੇ ਨਾਲ਼ ਘੱਟ ਤੋਂ ਘੱਟ ਵਕਤ ਇਕੱਲਿਆਂ ਰਹਿਣਾ ਪਏ, ਉਹ ਆਪਣੇ ਦੋਸਤ ਕਰੋਸਤੀਲੇਵ ਨੂੰ ਡਿਨਰ ਲਈ ਘਰ ਲੈ ਆਉਂਦਾ ਸੀ। ਰਗੜ ਕੇ ਮੁੰਨੇ ਸਿਰ ਵਾਲ਼ਾ ਇਹ ਮਧਰਾ ਆਦਮੀ ਜਿਸਦੇ ਚਿਹਰੇ ਉੱਤੇ ਝੁਰੜੀਆਂ ਸਨ, ਓਲਗਾ ਇਵਾਨੋਵਨਾ ਨਾਲ਼ ਗੱਲ ਹੁੰਦੇ ਹੀ ਬੇਹੱਦ ਬੇਚੈਨੀ ਦੇ ਆਲਮ ਵਿੱਚ ਕੋਟ ਦੇ ਬਟਨ ਬੰਦ ਕਰਨ ਅਤੇ ਖੋਲ੍ਹਣ ਲੱਗ ਪੈਂਦਾ ਸੀ ਅਤੇ ਫਿਰ ਆਪਣੀਆਂ ਮੁੱਛਾਂ ਦੇ ਖੱਬੇ ਸਿਰੇ ਨੂੰ ਸੱਜੇ ਹੱਥ ਨਾਲ਼ ਪੁੱਟਣ ਲੱਗਦਾ ਸੀ। ਡਿਨਰ ਦੇ ਦੌਰਾਨ ਦੋਨੋਂ ਡਾਕਟਰ ਗੱਲਾਂ ਕਰਦੇ ਕਿ ਡਾਇਆਫਰਾਮ ਬਹੁਤ ਉੱਚਾ ਹੋ ਜਾਂਦਾ ਹੈ ਤਾਂ ਕਈ ਵਾਰ ਦਿਲ ਦੇ ਰੁਕ ਰੁਕ ਕੇ ਧੜਕਣ ਦੀ ਸ਼ਿਕਾਇਤ ਹੋ ਸਕਦੀ ਹੈ ਜਾਂ ਇਹ ਕਿ ਕੁੱਝ ਦਿਨਾਂ ਤੋਂ ਦਿਮਾਗ਼ ਦੀਆਂ ਬਿਮਾਰੀਆਂ ਵਿੱਚ ਉਲਝੇ ਹੋਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ, ਜਾਂ ਇਹ ਕਿ ਦੀਮੋਵ ਨੂੰ ਇੱਕ ਅਜਿਹੇ ਮਰੀਜ਼ ਦੀ ਲਾਸ਼ ਦਾ, ਜਿਸਦੀ ਮੌਤ ਦਾ ਕਾਰਨ ਘਾਤਕ ਅਨੀਮੀਆ ਦੱਸਿਆ ਗਿਆ ਸੀ, ਬੀਤੀ ਸ਼ਾਮ ਨੂੰ ਪੋਸਟਮਾਰਟਮ ਕਰਨ ਦੇ ਦੌਰਾਨ ਪਤਾ ਚੱਲਿਆ ਕਿ ਉਹ ਤਾਂ ਦਰਅਸਲ ਮਿਹਦੇ ਦੇ ਕੈਂਸਰ ਦਾ ਮਰੀਜ਼ ਸੀ। ਅਜਿਹਾ ਲੱਗਦਾ ਸੀ ਕਿ ਉਹ ਦੋਨੋਂ ਇਹ ਡਾਕਟਰੀ ਖ਼ਿਆਲਾਂ ਦਾ ਵਟਾਂਦਰਾ ਮਹਿਜ਼ ਇਸ ਲਈ ਜਾਰੀ ਰੱਖ ਰਹੇ ਹੁੰਦੇ ਕਿ ਓਲਗਾ ਇਵਾਨੋਵਨਾ ਨੂੰ ਗੱਲ ਨਾ ਕਰਨ ਦਾ ਯਾਨੀ ਝੂਠ ਨਾ ਬੋਲਣ ਦਾ ਮੌਕਾ ਮਿਲ਼ ਜਾਵੇ। ਡਿਨਰ ਦੇ ਬਾਅਦ ਕਰੋਸਤੀਲੇਵ ਪਿਆਨੋ ਦੇ ਸਾਹਮਣੇ ਬੈਠ ਜਾਂਦਾ ਅਤੇ ਦੀਮੋਵ ਠੰਡੀ ਸਾਹ ਭਰ ਕੇ ਕਹਿੰਦਾ:

ਬਈ ਸੁਣਾਓ ਨਾ ਕੁੱਝ ਆਖ਼ਰ, ਇੰਤਜ਼ਾਰ ਕਾਹਦਾ ਹੈ? ਜ਼ਰਾ ਸਾਨੂੰ ਕੋਈ ਅੱਛਾ ਜਿਹਾ ਦਰਦ ਭਰਿਆ ਗੀਤ ਸੁਣਾਓ ਨਾ।

ਕਰੋਸਤੀਲੇਵ ਆਪਣੇ ਮੋਢੇ ਚੁੱਕ ਕੇ ਅਤੇ ਆਪਣੀਆਂ ਉਂਗਲਾਂ ਨੂੰ ਫੈਲਾ ਕੇ, ਪਿਆਨੋ `ਤੇ ਕੁਝ ਉਦਾਸ ਧੁਨਾਂ ਛੇੜਦਾ ਅਤੇ ਉੱਚੀ ਸੁਰ ਵਿੱਚ ਗਾਉਣ ਲੱਗਦਾ: ਦੱਸੋ ਵਤਨ ਵਿੱਚ ਕੋਈ ਐਸੀ ਜਗ੍ਹਾ, ਜਿੱਥੇ ਰੂਸੀ ਕਿਸਾਨ ਦਰਦ ਨਾਲ਼ ਨਾ ਰਿਹਾ ਹੋਵੇ ਕਰਾਹ! ਅਤੇ ਦੀਮੋਵ ਇੱਕ ਵਾਰ ਫਿਰ ਠੰਢਾ ਸਾਹ ਭਰ ਕੇ ਆਪਣੀ ਹਥੇਲੀ ਉੱਤੇ ਸਿਰ ਟਿਕਾਂਦਾ ਅਤੇ ਖ਼ਿਆਲਾਂ ਵਿੱਚ ਗੁੰਮ ਹੋ ਜਾਂਦਾ।

ਓਲਗਾ ਇਵਾਨੋਵਨਾ ਹੁਣ ਕੁਝ ਸਮੇਂ ਤੋਂ ਉੱਕਾ ਲਾਪਰਵਾਹ ਹੋ ਗਈ ਸੀ। ਉਹ ਹਰ ਸਵੇਰੇ ਕਾਫ਼ੀ ਬੇਦਿਲੀ ਦੇ ਨਾਲ਼ ਜਾਗਦੀ ਅਤੇ ਸੋਚਦੀ ਕਿ ਹੁਣ ਉਹ ਰਿਆਬੋਵਸਕੀ ਨਾਲ਼ ਜਰਾ ਵੀ ਮੁਹੱਬਤ ਨਹੀਂ ਕਰਦੀ ਅਤੇ ਰੱਬ ਦਾ ਸ਼ੁਕਰ ਹੈ ਕਿ ਉਨ੍ਹਾਂ ਦੋਨਾਂ ਦੇ ਸੰਬੰਧ ਬੀਤੇ ਦਾ ਕਿੱਸਾ ਬਣ ਚੁੱਕੇ ਹਨ। ਪਰ ਇੱਕ ਪਿਆਲੀ ਕੌਫ਼ੀ ਪੀਣ ਦੇ ਬਾਅਦ ਉਹ ਚੇਤੇ ਕਰਨ ਲੱਗਦੀ ਕਿ ਰਿਆਬੋਵਸਕੀ ਨੇ ਉਸ ਦਾ ਪਤੀ ਖੋਹ ਲਿਆ ਅਤੇ ਹੁਣ ਉਸ ਦੀ ਜ਼ਿੰਦਗੀ ਵਿੱਚ ਨਾ ਪਤੀ ਰਿਹਾ ਨਾ ਰਿਆਬੋਵਸਕੀ। ਤੱਦ ਉਸਨੂੰ ਖ਼ਿਆਲ ਆਉਂਦਾ ਕਿ ਉਸ ਦੇ ਵਾਕਫ਼ ਕਹਿ ਰਹੇ ਸਨ ਕਿ ਰਿਆਬੋਵਸਕੀ ਕਿਸੇ ਨੁਮਾਇਸ਼ ਲਈ ਕੋਈ ਸ਼ਾਨਦਾਰ ਤਸਵੀਰ ਮੁਕੰਮਲ ਕਰ ਰਿਹਾ ਸੀ ਜੋ ਪੋਲੀਏਨੋਵ ਦੀ ਸ਼ੈਲੀ ਵਿੱਚ ਨਿੱਤ ਜੀਵਨ ਦੇ ਦ੍ਰਿਸ਼ਾਂ ਅਤੇ ਲੈਂਡਸਕੇਪ ਦੇ ਮਿਸ਼ਰਣ ਦਾ ਨਮੂਨਾ ਸੀ ਅਤੇ ਜੋ ਵੀ ਉਸ ਦੇ ਸਟੂਡੀਓ ਜਾਂਦਾ, ਉਹ ਵਿਸਮਾਦੀ ਖੇੜੇ ਵਿੱਚ ਝੂਮਦਾ ਹੋਇਆ ਮੁੜਦਾ। ਉਹ ਆਪਣੇ ਆਪ ਨੂੰ ਕਹਿੰਦੀ ਕਿ ਰਿਆਬੋਵਸਕੀ ਨੇ ਇਸ ਤਸਵੀਰ ਦੀ ਸਿਰਜਣਾ ਤਾਂ ਖ਼ੁਦ ਉਸਦੀ ਪਰੇਰਨਾ ਹੇਠ ਕੀਤੀ ਸੀ, ਉਸਦੀ ਪਰੇਰਨਾ ਦੀ ਬਦੌਲਤ ਹੀ ਸੀ ਕਿ ਉਸ ਦੀ ਕਲਾ ਵਿੱਚ ਏਨਾ ਨਿਖਾਰ ਆ ਸਕਿਆ ਸੀ। ਉਸ ਦੀ ਕਲਾ ਉੱਤੇ ਮੇਰੀ ਸ਼ਖ਼ਸੀਅਤ ਦੀ ਛਾਪ ਇੰਨੀ ਲਾਹੇਵੰਦ ਅਤੇ ਗਹਿਰੀ ਸੀ ਕਿ ਜੇਕਰ ਉਹ ਉਸ ਕੋਲੋਂ ਕਿਨਾਰਾ ਕਰ ਲੈਂਦੀ ਤਾਂ ਸ਼ਾਇਦ ਉਹ ਕਿਤੇ ਦਾ ਨਾ ਰਹਿੰਦਾ। ਉਹ ਇਹ ਵੀ ਯਾਦ ਕਰਦੀ ਕਿ ਪਿਛਲੀ ਵਾਰ ਰਿਆਬੋਵਸਕੀ ਜਦੋਂ ਉਸ ਦੇ ਕੋਲ ਆਇਆ ਸੀ ਤਾਂ ਉਸ ਨੇ ਟਿਮਕਣਿਆਂ ਵਾਲ਼ਾ ਭੂਰਾ ਕੋਟ ਪਹਿਨਿਆ ਸੀ ਅਤੇ ਨਵੀਂ ਟਾਈ ਬੰਨ੍ਹੀ ਹੋਈ ਸੀ ਅਤੇ ਉਸਨੇ ਵੱਡੀ ਦਿਲਰੁਬਾਈ ਦੇ ਨਾਲ਼ ਪੁੱਛਿਆ ਸੀ:

ਮੈਂ ਜਚ ਰਿਹਾ ਹਾਂ ਨਾ? ਲੰਬੇ ਲੰਬੇ ਘੁੰਗਰਾਲੇ ਵਾਲ਼, ਨੀਲੀਆਂ ਨੀਲੀਆਂ ਅੱਖਾਂ ਅਤੇ ਫਿਰ ਉਹ ਸ਼ਾਨਦਾਰ ਕੋਟ, ਠੀਕ ਹੀ ਉਹ ਬਹੁਤ ਜਚ ਰਿਹਾ ਸੀ (ਜਾਂ ਘੱਟੋ ਘੱਟ ਲੱਗਦਾ ਅਜਿਹਾ ਹੀ ਸੀ) ਅਤੇ ਉਸ ਦੀ ਗੱਲ ਗੱਲ ਵਿੱਚੋਂ ਮੁਹੱਬਤ ਟਪਕਦੀ ਸੀ।

ਇਹ ਸਭ ਅਤੇ ਕੁੱਝ ਹੋਰ ਵੀ ਯਾਦ ਕਰਨ ਅਤੇ ਖ਼ੁਦ ਆਪਣੇ ਨਤੀਜੇ ਕਢਣ ਦੇ ਬਾਅਦ ਓਲਗਾ ਇਵਾਨੋਵਨਾ ਬਣ-ਸੰਵਰ ਕੇ ਆਪਣੇ ਵੱਡੇ ਜਜ਼ਬਾਤੀ ਵੇਗ ਤੇ ਸਵਾਰ, ਰਿਆਬੋਵਸਕੀ ਦੇ ਸਟੂਡੀਓ ਚਲੀ ਜਾਂਦੀ। ਉਹ ਆਮ ਤੌਰ ਤੇ ਬਹੁਤ ਹੀ ਚੜ੍ਹਦੀ ਕਲਾ ਵਿੱਚ ਅਤੇ ਆਪਣੀ ਤਸਵੀਰ ਦੇ ਇਸ਼ਕ ਵਿੱਚ ਦੀਵਾਨਾ ਹੋਇਆ ਹੁੰਦਾ ਸੀ, ਜੋ ਹਕੀਕਤਨ ਬਹੁਤ ਵਧੀਆ ਸੀ। ਉਹ ਨੱਚ ਉਠਦਾ ਅਤੇ ਚੌੜ ਕਰਨ ਲੱਗ ਜਾਂਦਾ ਅਤੇ ਗੰਭੀਰ ਸਵਾਲਾਂ ਨੂੰ ਹਾਸੇ ਵਿੱਚ ਟਾਲ ਦਿੰਦਾ। ਓਲਗਾ ਇਵਾਨੋਵਨਾ ਨੂੰ ਇਸ ਤਸਵੀਰ ਨਾਲ਼ ਈਰਖਾ ਅਤੇ ਨਫਰਤ ਸੀ, ਪਰ ਉਸ ਦੇ ਸਾਹਮਣੇ ਨਿਰਮਾਣ ਖ਼ਾਮੋਸ਼ੀ ਦੇ ਨਾਲ਼ ਪੰਜ ਮਿੰਟ ਖੜੀ ਰਹਿੰਦੀ ਅਤੇ ਫਿਰ ਜਿਸ ਤਰ੍ਹਾਂ ਉਹ ਕਿਸੇ ਇਬਾਦਤਗਾਹ ਵਿੱਚ ਠੰਡੀ ਸਾਹ ਭਰ ਕੇ ਹੌਲੀ ਜਿਹੀ ਕਹਿੰਦੀ:

ਹਾਂ, ਅਜਿਹੀ ਤਸਵੀਰ ਤੁਸੀਂ ਪਹਿਲਾਂ ਕਦੇ ਵੀ ਨਹੀਂ ਬਣਾਈ ਸੀ। ਮੈਨੂੰ ਤਾਂ ਇਹ ਅਰਸੀ ਮੰਡਲਾਂ ਵਿੱਚ ਲੈ ਜਾਂਦੀ ਹੈ।

ਫਿਰ ਉਹ ਰਿਆਬੋਵਸਕੀ ਦੀਆਂ ਮਿੰਨਤਾਂ ਕਰਨ ਲੱਗ ਪੈਂਦੀ, ਮੈਨੂੰ ਮੁਹੱਬਤ ਕਰੋ, ਮੈਨੂੰ ਠੁਕਰਾਓ ਨਾ, ਨਸੀਬਾਂ ਜਲੀ, ਦੁਖਿਆਰੀ ਮੇਰੀ ਨਿਮਾਣੀ ਜਿੰਦ ਉੱਤੇ ਤਰਸ ਖਾਓ। ਉਹ ਰੋਣ ਲੱਗ ਪੈਂਦੀ, ਉਸ ਦੇ ਹੱਥਾਂ ਨੂੰ ਚੁੰਮਦੀ, ਅਤੇ ਇਸ ਤਰ੍ਹਾਂ ਉਸ ਦੇ ਮੂੰਹੋਂ ਇਹ ਕਹਾਉਣ ਦੀ ਕੋਸ਼ਿਸ਼ ਕਰਦੀ ਕਿ ਉਹ ਮੁਹੱਬਤ ਕਰਦਾ ਰਹੇਗਾ ਅਤੇ ਕਹਿੰਦੀ ਕਿ ਤੁਹਾਡੇ ਸਿਰ ਤੋਂ ਅਗਰ ਮੇਰੀ ਪਰੇਰਨਾ ਦਾ ਸਾਇਆ ਉਠ ਜਾਵੇ ਤਾਂ ਤੁਸੀਂ ਭਟਕ ਜਾਓਗੇ। ਫਿਰ ਉਹ ਰਿਆਬੋਵਸਕੀ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਦਿੰਦੀ ਅਤੇ ਖ਼ੁਦ ਬੁਰੀ ਤਰ੍ਹਾਂ ਜ਼ਲੀਲ ਹੋਕੇ ਆਪਣੀ ਦਰਜਨ ਦੇ ਜਾਂ ਥੀਏਟਰ ਦਾ ਟਿਕਟ ਹਾਸਲ ਕਰਨ ਲਈ ਆਪਣੀ ਐਕਟਰੈਸ ਸਹੇਲੀ ਦੇ ਘਰ ਚਲੀ ਜਾਂਦੀ।

ਅਗਰ ਰਿਆਬੋਵਸਕੀ ਕਦੇ ਆਪਣੇ ਸਟੂਡੀਓ ਵਿੱਚ ਨਾ ਹੁੰਦਾ ਤਾਂ ਉਹ ਉਸ ਲਈ ਚਿੱਠੀ ਛੱਡ ਆਉਂਦੀ ਸੀ, ਜਿਸ ਵਿੱਚ ਧਮਕੀ ਦਿੱਤੀ ਹੁੰਦੀ ਸੀ ਕਿ ਜੇ ਉਹ ਅੱਜ ਹੀ ਉਸ ਨੂੰ ਮਿਲਣ ਨਾ ਆਏ ਤਾਂ ਉਹ ਜ਼ਹਿਰ ਖਾ ਲਵੇਗੀ। ਰਿਆਬੋਵਸਕੀ ਡਰ ਜਾਂਦਾ ਅਤੇ ਉਸ ਦੇ ਘਰ ਚਲਿਆ ਜਾਂਦਾ ਅਤੇ ਡਿਨਰ ਲਈ ਰੁੱਕ ਜਾਂਦਾ। ਪਤੀ ਦੀ ਮੌਜੂਦਗੀ ਦਾ ਕੋਈ ਲਿਹਾਜ਼ ਕੀਤੇ ਬਿਨਾਂ ਉਹ ਓਲਗਾ ਇਵਾਨੋਵਨਾ ਨੂੰ ਬੜੀਆਂ ਦੁਖਾਵੀਆਂ ਗੱਲਾਂ ਕਹਿੰਦਾ ਅਤੇ ਉਹ ਵੀ ਅੱਗੋਂ ਉਸੇ ਲਹਿਜੇ ਵਿੱਚ ਜਵਾਬ ਦਿੰਦੀ। ਉਨ੍ਹਾਂ ਦੋਨਾਂ ਨੂੰ ਲੱਗਦਾ ਕਿ ਉਹ ਇੱਕ ਦੂਜੇ ਦੀ ਰਾਹ ਵਿੱਚ ਰੋੜਾ ਹਨ, ਜਾਲਮ ਅਤੇ ਵੈਰੀ ਹਨ ਅਤੇ ਇਸ ਅਹਿਸਾਸ ਨਾਲ਼ ਉਹ ਆਪੇ ਤੋਂ ਬਾਹਰ ਹੋ ਜਾਂਦੇ, ਇਸ ਝੱਲਪੁਣੇ ਵਿੱਚ ਉਨ੍ਹਾਂ ਨੂੰ ਜ਼ਰਾ ਵੀ ਖ਼ਿਆਲ ਨਾ ਆਉਂਦਾ ਕਿ ਉਨ੍ਹਾਂ ਦਾ ਵਰਤਾਓ ਕਿੰਨਾ ਗੰਦਾ ਹੋ ਗਿਆ ਹੈ ਅਤੇ ਇਹ ਕਿ ਰਗੜ ਕੇ ਮੁੰਨੇ ਸਿਰ ਵਾਲ਼ੇ ਕਰੋਸਤੀਲੇਵ ਤੱਕ ਨੂੰ ਵੀ ਸਭ ਕੁੱਝ ਸਮਝ ਆਉਣ ਲੱਗ ਪਿਆ ਸੀ। ਡਿਨਰ ਦੇ ਬਾਅਦ ਰਿਆਬੋਵਸਕੀ ਉਨ੍ਹਾਂ ਲੋਕਾਂ ਨੂੰ ਅਲਵਿਦਾ ਕਹਿ ਜਲਦੀ ਜਲਦੀ ਚੱਲ ਪੈਂਦਾ।

ਹੁਣ ਤੁਸੀਂ ਕਿੱਥੇ ਜਾ ਰਹੇ ਹੋ? ਓਲਗਾ ਇਵਾਨੋਵਨਾ ਡਰਾਇੰਗ ਰੂਮ ਵਿੱਚੋਂ ਵੱਲ ਤਰਫ਼ ਨਫਰਤ ਭਰੀਆਂ ਨਿਗਾਹਾਂ ਨਾਲ਼ ਵੇਖਦੇ ਹੋਏ ਪੁੱਛਦੀ।

ਉਹ ਤਿਓੜੀਆਂ ਚਾੜ੍ਹ ਕੇ ਅਤੇ ਅੱਖਾਂ ਨੂੰ ਜਰਾ ਕੁ ਮੀਚਦਿਆਂ ਕਿਸੇ ਅਜਿਹੀ ਔਰਤ ਦਾ ਨਾਮ ਲੈ ਦਿੰਦਾ ਜਿਸ ਨੂੰ ਉਹ ਦੋਨੋਂ ਜਾਣਦੇ ਹੁੰਦੇ ਅਤੇ ਸਾਫ਼ ਸਪਸ਼ਟ ਓਲਗਾ ਇਵਾਨੋਵਨਾ ਦੀ ਈਰਖਾ ਦੀ ਖਿੱਲੀ ਉੱਡਾ ਰਿਹਾ ਹੁੰਦਾ ਅਤੇ ਉਸਨੂੰ ਪਰੇਸ਼ਾਨ ਕਰਨਾ ਚਾਹੁੰਦਾ ਹੁੰਦਾ। ਉਹ ਆਪਣੇ ਬੈੱਡਰੂਮ ਵਿੱਚ ਜਾਕੇ ਲੇਟ ਜਾਂਦੀ, ਗੁੱਸੇ, ਤੌਹੀਨ ਅਤੇ ਸ਼ਰਮ ਦੇ ਮਾਰੇ ਤਕੀਏ ਨੂੰ ਬੁਰਕ ਮਾਰਨ ਲੱਗਦੀ ਅਤੇ ਜ਼ੋਰ ਜ਼ੋਰ ਨਾਲ਼ ਡੁਸਕਣ ਲੱਗਦੀ। ਤੱਦ ਦੀਮੋਵ ਕਰੋਸਤੀਲੇਵ ਨੂੰ ਡਰਾਇੰਗ ਰੂਮ ਵਿੱਚ ਛੱਡਕੇ ਸ਼ਰਮਾਇਆ ਘਬਰਾਇਆ ਹੋਇਆ ਬੈੱਡਰੂਮ ਵਿੱਚ ਆਉਂਦਾ ਅਤੇ ਹੌਲੀ-ਹੌਲੀ ਕਹਿੰਦਾ:

ਏਨਾ ਉੱਚੀ ਉੱਚੀ ਰੋ ਨਾ, ਮੌਮ! … ਇਸ ਨਾਲ਼ ਭਲਾ ਕੀ ਮਿਲ਼ੇਗਾ? ਤੈਨੂੰ ਤਾਂ ਇਸ ਮਾਮਲੇ ਵਿੱਚ ਚੁੱਪ ਹੀ ਰਹਿਣਾ ਚਾਹੀਦਾ … ਖ਼ਿਆਲ ਰੱਖ ਕਿ ਗੱਲ ਫੈਲੇ ਨਾ … ਜੋ ਕੁੱਝ ਹੋ ਚੁੱਕਿਆ ਹੈ, ਉਸਨੂੰ ਹੋਣ ਤੋਂ ਰੋਕਿਆ ਤਾਂ ਜਾ ਨਹੀਂ ਸਕਦਾ।

ਉਹ ਈਰਖਾ ਦੇ ਉਬਾਲ ਉੱਤੇ, ਜਿਸਦੀ ਤੀਖਣਤਾ ਨਾਲ਼ ਪੁੜਪੁੜੀਆਂ ਵੀ ਫੜਕਣ ਲੱਗਦੀਆਂ ਸਨ, ਕਾਬੂ ਪਾਉਣ ਵਿੱਚ ਨਾਕਾਮ ਰਹਿੰਦੀ ਅਤੇ ਖ਼ੁਦ ਨੂੰ ਕਹਿੰਦੀ ਕਿ ਅਜੇ ਦੇਰ ਨਹੀਂ ਹੋਈ ਕਿ ਮਾਮਲੇ ਨੂੰ ਸੁਲਝਾਇਆ ਹੀ ਨਾ ਜਾ ਸਕੇ। ਉਹ ਅੱਥਰੂਆਂ ਨਾਲ਼ ਭਿੱਜੇ ਹੋਏ ਚਿਹਰੇ ਨੂੰ ਧੋਂਦੀ, ਪਾਊਡਰ ਲਾਉਂਦੀ ਅਤੇ ਜਲਦੀ ਜਲਦੀ ਉਸ ਔਰਤ ਦੇ ਜਾ ਬਹੁੜਦੀ, ਜਿਸਦਾ ਰਿਆਬੋਵਸਕੀ ਨੇ ਨਾਮ ਲਿਆ ਹੁੰਦਾ ਸੀ। ਉੱਥੇ ਉਹ ਨਾ ਮਿਲ਼ਦਾ ਤਾਂ ਬੱਘੀ ਵਿੱਚ ਦੂਜੀ ਔਰਤ ਦੇ ਚਲੀ ਜਾਂਦੀ, ਫਿਰ ਕਿਸੇ ਤੀਜੀ ਦੇ… ਪਹਿਲਾਂ ਉਸਨੂੰ ਦੂਸਰਿਆਂ ਦੇ ਘਰਾਂ ਦਾ ਇਵੇਂ ਚੱਕਰ ਲਗਾਉਣ ਵਿੱਚ ਸ਼ਰਮ ਮਹਿਸੂਸ ਹੁੰਦੀ ਸੀ, ਪਰ ਛੇਤੀ ਹੀ ਇਸ ਦੀ ਆਦੀ ਹੋ ਗਈ ਅਤੇ ਕਦੇ ਕਦੇ ਤਾਂ ਇੱਕ ਹੀ ਸ਼ਾਮ ਨੂੰ ਰਿਆਬੋਵਸਕੀ ਦੀ ਤਲਾਸ਼ ਵਿੱਚ ਜਾਣ ਪਛਾਣ ਵਾਲੀਆਂ ਸਾਰੀਆਂ ਦੀਆਂ ਔਰਤਾਂ ਦੇ ਹੋ ਆਉਂਦੀ … ਅਤੇ ਉਹ ਸਾਰੀਆਂ ਸਮਝ ਜਾਂਦੀਆਂ ਕਿ ਕਿੱਸਾ ਕੀ ਹੈ।

ਇੱਕ ਵਾਰ ਉਸਨੇ ਰਿਆਬੋਵਸਕੀ ਨੂੰ ਆਪਣੇ ਪਤੀ ਦੇ ਬਾਰੇ ਕਿਹਾ। ਉਸ ਸ਼ਖਸ ਦੀ ਵਡੱਤਣ ਮੇਰੇ ਲਈ ਤਸੀਹਾ ਹੈ। ਇਸ ਵਾਕਾਂਸ਼ ਨੇ ਉਸਨੂੰ ਇੰਨਾ ਪ੍ਰਸੰਨ ਕੀਤਾ ਕਿ ਜਦੋਂ ਵੀ ਉਹ ਉਨ੍ਹਾਂ ਕਲਾਕਾਰਾਂ ਵਿੱਚੋਂ ਕਿਸੇ ਨੂੰ ਮਿਲ਼ਦੀ ਜੋ ਰਿਆਬੋਵਸਕੀ ਨਾਲ਼ ਉਸਦੇ ਇਸ਼ਕੀਆ ਕਿੱਸੇ ਬਾਰੇ ਜਾਣਦੇ ਸਨ ਤਾਂ ਉਸਨੇ ਹਰ ਵਾਰ ਆਪਣੀ ਬਾਂਹ ਜ਼ੋਰ ਨਾਲ਼ ਲਹਿਰਾ ਕੇ ਆਪਣੇ ਪਤੀ ਬਾਰੇ ਕਹਿੰਦੀ: ਉਸ ਸ਼ਖਸ ਦੀ ਵਡੱਤਣ ਮੇਰੇ ਲਈ ਤਸੀਹਾ ਹੈ।

ਉਨ੍ਹਾਂ ਦੀ ਜ਼ਿੰਦਗੀ ਬੀਤੇ ਸਾਲ ਦੀ ਤਰ੍ਹਾਂ ਹੀ ਚੱਲਦੀ ਰਹੀ। ਹਰ ਬੁੱਧਵਾਰ ਦੀ ਸ਼ਾਮ ਨੂੰ ਉਸੇ ਤਰ੍ਹਾਂ ਪਾਰਟੀ ਹੁੰਦੀ। ਉਸੇ ਤਰ੍ਹਾਂ ਐਕਟਰ ਪੜ੍ਹ ਕੇ ਸੁਣਾਉਂਦਾ, ਚਿੱਤਰਕਾਰ ਸਕੈੱਚ ਬਣਾਉਂਦਾ, ਵਾਇਲਨ ਵਾਦਕ ਆਪਣਾ ਸਾਜ਼ ਛੇੜਦਾ, ਗਾਇਕ ਗਾਉਂਦਾ ਅਤੇ ਉਸੇ ਤਰ੍ਹਾਂ ਠੀਕ ਸਾਢੇ ਗਿਆਰਾਂ ਵਜੇ ਖਾਣੇ ਵਾਲ਼ੇ ਕਮਰੇ ਦਾ ਦਰਵਾਜ਼ਾ ਖੁਲ੍ਹਦਾ ਅਤੇ ਦੀਮੋਵ ਮੁਸਕਰਾਉਂਦਾ ਹੋਇਆ ਕਹਿੰਦਾ:

ਤੁਸੀਂ ਲੋਕ ਖਾਣੇ ਲਈ ਤਸ਼ਰੀਫ ਲੈ ਆਓ!

ਅਤੇ ਓਲਗਾ ਇਵਾਨੋਵਨਾ ਪਹਿਲਾਂ ਵਾਂਗ ਹੀ ਹੁਣ ਵੀ ਵੱਡੇ ਆਦਮੀਆਂ ਨੂੰ ਢੂੰਡਦੀ ਰਹਿੰਦੀ, ਉਨ੍ਹਾਂ ਨੂੰ ਪਾ ਲੈਂਦੀ, ਉਨ੍ਹਾਂ ਤੋਂ ਤਸੱਲੀ ਨਾ ਹੁੰਦੀ ਅਤੇ ਹੋਰਨਾਂ ਵੱਡੇ ਆਦਮੀਆਂ ਦੀ ਤਲਾਸ਼ ਦੇ ਆਹਰ ਲੱਗ ਪੈਂਦੀ ਸੀ। ਪਹਿਲਾਂ ਹੀ ਦੀ ਤਰ੍ਹਾਂ ਉਹ ਹੁਣ ਵੀ ਹਰ ਰੋਜ਼ ਦੇਰ ਰਾਤ ਘਰ ਪਰਤਦੀ ਸੀ ਅਤੇ ਬੀਤੇ ਸਾਲ ਹੀ ਦੀ ਤਰ੍ਹਾਂ ਦੀਮੋਵ ਹੁਣ ਵੀ ਉਸ ਦੀ ਵਾਪਸੀ ਦੇ ਸਮੇਂ ਸੁੱਤਾ ਨਹੀਂ, ਸਗੋਂ ਆਪਣੇ ਅਧਿਐਨ ਕਮਰੇ ਵਿੱਚ ਬੈਠਾ ਕੰਮ ਕਰਦਾ ਮਿਲ਼ਦਾ। ਉਹ ਤਿੰਨ ਵਜੇ ਸੌਂਦਾ ਅਤੇ ਸਵੇਰੇ ਅੱਠ ਵਜੇ ਜਾਗ ਜਾਂਦਾ ਸੀ।

ਇੱਕ ਸ਼ਾਮ ਨੂੰ ਉਹ ਥੀਏਟਰ ਜਾਣ ਤੋਂ ਪਹਿਲਾਂ ਆਦਮਕੱਦ ਸ਼ੀਸ਼ੇ ਦੇ ਸਾਹਮਣੇ ਆਪਣੇ ਹਾਰ ਸ਼ਿੰਗਾਰ ਦਾ ਆਖ਼ਰੀ ਜਾਇਜ਼ਾ ਲੈ ਰਹੀ ਸੀ ਤਾਂ ਡਰੈੱਸ ਕੋਟ ਅਤੇ ਸਫ਼ੈਦ ਟਾਈ ਪਹਿਨੀਂ ਦੀਮੋਵ ਬੈੱਡਰੂਮ ਵਿੱਚ ਆਇਆ। ਉਸਨੇ ਹਲਕਾ ਜਿਹਾ ਮੁਸਕਰਾਉਂਦੇ ਹੋਏ ਬੀਤੇ ਵਕਤਾਂ ਦੀ ਤਰ੍ਹਾਂ ਖੁਸ਼ੀ ਖੁਸ਼ੀ ਪਤਨੀ ਦੇ ਚਿਹਰੇ ਤੇ ਝਾਤ ਪਾਈ। ਉਸ ਦਾ ਚਿਹਰਾ ਟਹਿਕ ਰਿਹਾ ਸੀ।

ਮੈਂ ਆਪਣਾ ਥੀਸਿਸ ਡਿਫੈਂਡ ਕਰਕੇ ਆ ਰਿਹਾ ਹਾਂ। ਉਸਨੇ ਬੈਠ ਕੇ ਗੋਡੇ ਥਾਪੜਦੇ ਹੋਏ ਕਿਹਾ।

ਡਿਫੈਂਡ ਹੋ ਗਿਆ?”

ਤੇ ਹੋਰ ! ਉਸਨੇ ਖ਼ੁਸ਼ ਹੁੰਦੇ ਹੋਏ ਪਤਨੀ ਦੇ ਚਿਹਰੇ ਦੀ ਝਲਕ ਸ਼ੀਸ਼ੇ ਵਿੱਚ ਦੇਖਣ ਲਈ ਗਰਦਨ ਅੱਗੇ ਕੱਢੀ ਕਿਉਂਕਿ ਉਹ ਹੁਣ ਵੀ ਉਸ ਵੱਲ ਪਿੱਠ ਕੀਤੇ ਖੜੀ ਆਪਣੇ ਵਾਲ ਸੰਵਾਰ ਰਹੀ ਸੀ। ਤੇ ਹੋਰ!” ਉਸਨੇ ਇੱਕ ਵਾਰ ਫਿਰ ਕਿਹਾ। ਤੈਨੂੰ ਪਤੈ ਕਿ ਬਹੁਤ ਸੰਭਵ ਹੈ ਕਿ ਉਹ ਮੈਨੂੰ ਜਨਰਲ ਪੈਥਾਲੌਜੀ ਵਿਚ ਰੀਡਰਸ਼ਿਪ ਦੀ ਪੇਸ਼ਕਸ਼ ਕਰ ਦੇਣ? ਜਾਪ ਤਾਂ ਇਹੀ ਰਿਹਾ ਹੈ।

ਦੀਮੋਵ ਦਾ ਖੁਸ਼ੀ ਨਾਲ਼ ਦਮਕਦਾ ਹੋਇਆ ਚਿਹਰਾ ਕਹਿ ਰਿਹਾ ਸੀ ਕਿ ਓਲਗਾ ਇਵਾਨੋਵਨਾ ਅਗਰ ਉਸ ਦੀ ਇਸ ਖੁਸ਼ੀ ਅਤੇ ਸ਼ਾਨਦਾਰ ਕਾਮਯਾਬੀ ਉੱਤੇ ਉਸ ਨਾਲ਼ ਖੁਸ਼ੀ ਮਨਾਏ ਤਾਂ ਉਹ ਉਸ ਦੀਆਂ ਹਾਲ ਦੀਆਂ ਹੀ ਨਹੀਂ ਸਗੋਂ ਭਵਿੱਖ ਦੀਆਂ ਕੋਤਾਹੀਆਂ ਨੂੰ ਵੀ ਮੁਆਫ਼ ਕਰਨ ਲਈ, ਸਭ ਕੁੱਝ ਭੁੱਲ ਜਾਣ ਲਈ ਤਿਆਰ ਸੀ। ਪਰ ਉਸ ਦੀ ਪਤਨੀ ਨਾ ਰੀਡਰਸ਼ਿਪ ਦਾ ਮਤਲਬ ਸਮਝ ਸਕੀ ਨਾ ਜਨਰਲ ਪੈਥਾਲੌਜੀ ਦਾ ਅਤੇ ਵੈਸੇ ਵੀ, ਉਹ ਡਰਦੀ ਸੀ ਕਿ ਥੀਏਟਰ ਜਾਣ ਵਿੱਚ ਦੇਰੀ ਨਾ ਹੋ ਜਾਵੇ। ਇਸ ਲਈ ਉਹ ਚੁੱਪ ਹੀ ਰਹੀ।

ਦੀਮੋਵ ਦੋ ਕੁ ਮਿੰਟ ਹੋਰ ਬੈਠਾ ਰਿਹਾ ਅਤੇ ਫਿਰ ਅਪਰਾਧੀ ਜਿਹੇ ਅੰਦਾਜ਼ ਵਿੱਚ ਮੁਸਕਰਾਉਂਦਾ ਹੋਇਆ ਉੱਥੋਂ ਚਲਾ ਗਿਆ।

( 7 )

ਕਿੰਨਾ ਪਰੇਸ਼ਾਨ ਕਰਨ ਵਾਲ਼ਾ ਦਿਨ ਸੀ ਇਹ!

ਦੀਮੋਵ ਦੇ ਸਿਰ ਵਿੱਚ ਤੇਜ਼ ਦਰਦ ਸੀ। ਉਸਨੇ ਨਾ ਨਾਸ਼ਤਾ ਕੀਤਾ ਨਾ ਹਸਪਤਾਲ ਗਿਆ, ਦਿਨ ਭਰ ਆਪਣੇ ਅਧਿਐਨ ਕਮਰੇ ਵਿੱਚ ਸੋਫੇ ਉੱਤੇ ਲਿਟਿਆ ਰਿਹਾ। ਓਲਗਾ ਇਵਾਨੋਵਨਾ ਆਪਣੇ ਰੁਟੀਨ ਦੇ ਮੁਤਾਬਕ ਦੁਪਹਿਰ ਦੇ ਫ਼ੌਰਨ ਹੀ ਬਾਅਦ ਰਿਆਬੋਵਸਕੀ ਦੇ ਸਟੂਡੀਓ ਗਈ ਜਿਸਨੂੰ ਉਸ ਨੇ ਆਪਣਾ ਇੱਕ ਸਟਿੱਲ ਲਾਈਫ਼ ਚਿੱਤਰ ਦਿਖਾਉਣਾ ਸੀ ਅਤੇ ਪੁੱਛਣਾ ਸੀ ਕਿ ਉਹ ਬੀਤੇ ਦਿਨ ਉਸ ਦੇ ਘਰ ਕਿਉਂ ਨਹੀਂ ਸੀ ਆਏ। ਉਹ ਜਾਣਦੀ ਸੀ ਕਿ ਚਿੱਤਰ ਬਸ ਐਵੇਂ ਜਿਹਾ ਸੀ ਜਿਹੜਾ ਉਸਨੇ ਚਿੱਤਰਕਾਰ ਕੋਲ ਜਾਣ ਦੇ ਮਹਿਜ਼ ਬਹਾਨੇ ਦੇ ਤੌਰ ਉੱਤੇ ਬਣਾਇਆ ਸੀ।

ਉਹ ਘੰਟੀ ਬਜਾਏ ਬਿਨਾਂ ਹੀ ਅੰਦਰ ਚਲੀ ਗਈ ਅਤੇ ਅਗਲੇ ਹਿੱਸੇ ਵਿੱਚ ਜਦੋਂ ਜੁੱਤਿਆਂ ਦੇ ਉੱਪਰ ਪਹਿਨਣ ਵਾਲ਼ੇ ਰਬੜ ਦੇ ਗਾਲੋਸ਼ੇ ਉਤਾਰ ਰਹੀ ਸੀ ਤਾਂ ਉਸਨੂੰ ਸਟੂਡੀਓ ਵਿੱਚ ਕਦਮਾਂ ਦੀਆਂ ਦੱਬੀਆਂ ਦੱਬੀਆਂ ਆਹਟਾਂ ਅਤੇ ਕਿਸੇ ਔਰਤ ਦੇ ਕੱਪੜਿਆਂ ਦੀ ਸਰਸਰਾਹਟ ਸੁਣਾਈ ਦਿੱਤੀ। ਉਸਨੇ ਜਲਦੀ ਨਾਲ਼ ਅੰਦਰ ਦੇਖਿਆ ਤਾਂ ਉਸਨੂੰ ਇੱਕ ਸਲੇਟੀ ਰੰਗ ਦਾ ਪੇਟੀਕੋਟ ਆਪਣੀ ਹਲਕੀ ਜਿਹੀ ਝਲਕ ਵਿਖਾ ਦੂਜੇ ਹੀ ਪਲ ਇੱਕ ਵੱਡੇ ਸਾਰੇ ਕੈਨਵਸ ਦੇ ਪਿੱਛੇ ਗਾਇਬ ਹੋ ਗਿਆ ਜਿਸ ਉੱਪਰ ਪਈ ਸਿਆਹ ਸੂਤੀ ਚਾਦਰ ਈਜ਼ਲ ਨੂੰ ਢਕਦੀ ਹੋਈ ਫ਼ਰਸ਼ ਤੱਕ ਲਟਕ ਰਹੀ ਸੀ। ਨਿਰਸੰਦੇਹ ਕੋਈ ਔਰਤ ਉੱਥੇ ਜਾ ਕੇ ਲੁੱਕ ਗਈ ਸੀ। ਇਹੀ ਤਾਂ ਉਹ ਜਗ੍ਹਾ ਸੀ ਜਿਸਨੇ ਕਿੰਨੀ ਹੀ ਵਾਰ ਖ਼ੁਦ ਓਲਗਾ ਇਵਾਨੋਵਨਾ ਨੂੰ ਹੋਰਾਂ ਦੀਆਂ ਨਿਗਾਹਾਂ ਤੋਂ ਬਚਣ ਲਈ ਲੁਕੀ ਸੀ।

ਰਿਆਬੋਵਸਕੀ ਨੇ ਜਿਸਦੀ ਘਬਰਾਹਟ ਉਸ ਦੇ ਚਿਹਰੇ ਉੱਤੇ ਲਿਖੀ ਹੋਈ ਸੀ, ਆਪਣੇ ਦੋਨੋਂ ਹੱਥ ਉਸ ਵੱਲ ਇਵੇਂ ਫੈਲਾ ਦਿੱਤੇ ਜਿਵੇਂ ਉਸਨੂੰ ਵੇਖਕੇ ਬਹੁਤ ਹੈਰਾਨੀ ਹੋਈ ਹੋਵੇ ਅਤੇ ਜਬਰਦਸਤੀ ਮੁਸਕਰਾਉਂਦੇ ਹੋਏ ਕਿਹਾ:

ਆ …ਅਹਾ। ਤੁਹਾਡੇ ਆਉਣ ਨਾਲ਼ ਬੜੀ ਖੁਸ਼ੀ ਹੋਈ। ਸੁਣਾਓ ਕੋਈ ਨਵੀਂ ਤਾਜ਼ੀ?”

ਓਲਗਾ ਇਵਾਨੋਵਨਾ ਦੀਆਂ ਅੱਖਾਂ ਵਿੱਚ ਅੱਥਰੂ ਸਿੰਮ ਆਏ। ਉਹ ਸ਼ਰਮਿੰਦਗੀ ਅਤੇ ਕੁੜੱਤਣ ਮਹਿਸੂਸ ਕਰ ਰਹੀ ਸੀ ਅਤੇ ਉਸ ਦੂਜੀ ਔਰਤ ਦੀ, ਆਪਣੀ ਰਕੀਬ ਅਤੇ ਫ਼ਰੇਬੀ ਔਰਤ ਦੀ ਹਾਜ਼ਰੀ ਵਿੱਚ ਜੋ ਉਸ ਵਕਤ ਕੈਨਵਸ ਦੇ ਪਿੱਛੇ ਖੜੀ ਹੋਈ ਯਕੀਨਨ ਚੁਪਕੇ ਚੁਪਕੇ ਉਸਦੀ ਖਿੱਲੀ ਉਡਾ ਰਹੀ ਸੀ, ਗੱਲ ਕਰਨ ਨੂੰ ਰਾਜੀ ਨਹੀਂ ਹੋ ਸਕਦੀ ਸੀ ਚਾਹੇ ਉਸਨੂੰ ਕਰੋੜਾਂ ਡਾਲਰ ਦੌਲਤ ਵੀ ਕਿਉਂ ਨੇ ਦੇ ਦਿੱਤੀ ਜਾਂਦੀ।

ਮੈਂ ਤਾਂ ਤੁਹਾਨੂੰ ਆਪਣਾ ਇਹ ਚਿੱਤਰ ਵਿਖਾਉਣ ਲਈ ਆਈ ਹਾਂ …,” ਉਸਨੇ ਕੰਬਦੇ ਹੋਏ ਬੁੱਲ੍ਹਾਂ ਨਾਲ਼ ਤਿੱਖੀ ਸ਼ਰਮੀਲੀ ਅਵਾਜ਼ ਵਿੱਚ ਕਿਹਾ। ਇਹ ਨੇਚਰ-ਮੋਰਟ ਹੈ।

ਆ … ਅਹਾ!… ਚਿੱਤਰ?”

ਚਿੱਤਰਕਾਰ ਨੇ ਚਿੱਤਰ ਹੱਥ ਵਿੱਚ ਲਿਆ, ਇਸ ਉੱਤੇ ਨਜ਼ਰਾਂ ਗੱਡ ਦਿੱਤੀਆਂ ਅਤੇ ਜਿਵੇਂ ਬਿਲਕੁਲ ਮਕਾਨਕੀ ਤੌਰ ਤੇ ਟਹਿਲਦਾ ਹੋਇਆ ਦੂਜੇ ਕਮਰੇ ਵਿੱਚ ਚਲਾ ਗਿਆ। ਓਲਗਾ ਇਵਾਨੋਵਨਾ ਜਿਵੇਂ ਹੁਕਮ ਦੀ ਬੱਧੀ ਹੋਵੇ, ਉਸ ਦੇ ਪਿੱਛੇ ਪਿੱਛੇ ਹੋ ਲਈ।

ਨੇਚਰ ਮੋਰਟ, ਇੱਕ ਨੰਬਰ! ਆਹਲਾ! ਉਹ ਤੁਕਾਂਤ ਮਿਲਾਉਂਦੇ ਹੋਏ ਬੋਲੀ ਗਿਆ, ਮਾਹਲਾ, … ਗਾਹਲਾ, …ਸਿਹਾਲਾ …”

ਸਟੂਡੀਓ ਦੀ ਤਰਫ਼ ਤੋਂ ਤੇਜ਼ ਤੇਜ਼ ਤੁਰਨ ਦੀ ਆਹਟ ਅਤੇ ਸਕਰਟ ਦੀ ਸਰਸਰਾਹਟ ਸੁਣਾਈ ਦਿੱਤੀ। ਇਸ ਦਾ ਮਤਲਬ ਇਹ ਸੀ ਕਿ ਦੂਜੀ ਔਰਤ ਚਲੀ ਗਈ। ਓਲਗਾ ਇਵਾਨੋਵਨਾ ਦਾ ਜੀਅ ਕੀਤਾ ਕਿ ਉਹ ਜ਼ੋਰ ਜ਼ੋਰ ਨਾਲ਼ ਚੀਖ਼ੇ, ਕੋਈ ਭਾਰੀ ਚੀਜ਼ ਉਠਾ ਕੇ ਰਿਆਬੋਵਸਕੀ ਦੇ ਸਿਰ ਤੇ ਮਾਰੇ ਅਤੇ ਉਥੋਂ ਦੌੜ ਜਾਵੇ। ਲੇਕਿਨ ਅੱਥਰੂਆਂ ਨੇ ਉਸਨੂੰ ਕੁਝ ਨਾ ਦਿੱਸਣ ਦਿੱਤਾ ਅਤੇ ਸ਼ਰਮ ਨੇ ਉਸਨੂੰ ਬਿਲਕੁਲ ਨਿਢਾਲ ਕਰ ਦਿੱਤਾ ਸੀ ਅਤੇ ਉਸਨੂੰ ਇਵੇਂ ਲੱਗਿਆ ਜਿਵੇਂ ਉਹ ਚਿੱਤਰਕਾਰ ਓਲਗਾ ਇਵਾਨੋਵਨਾ ਨਹੀਂ ਸਗੋਂ ਕੋਈ ਨਿੱਕੀ ਜਿਹੀ ਭੂੰਡੀ ਹੋਵੇ।

ਮੈਂ ਥੱਕ ਗਿਆ ਹਾਂ …,” ਚਿੱਤਰਕਾਰ ਨੇ ਚਿੱਤਰ ਵੇਖਦੇ ਹੋਏ ਅਤੇ ਆਪਣੀ ਊਂਘ ਨੂੰ ਸਿਰ ਦੇ ਝਟਕੇ ਨਾਲ਼ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਲਸਾਏ ਜਿਹੇ ਲਹਿਜੇ ਵਿੱਚ ਕਿਹਾ। ਬੇਸ਼ੱਕ ਇਹ ਬੜਾ ਵਧੀਆ ਹੈ ਪਰ ਇਹ ਚਿੱਤਰ ਇੱਕ ਸਕੈੱਚ ਹੈ, ਇੱਕ ਬੀਤੇ ਸਾਲ ਸੀ ਅਤੇ ਮਹੀਨੇ ਭਰ ਬਾਅਦ ਇੱਕ ਹੋਰ ਤਿਆਰ ਹੋ ਜਾਵੇਗਾ। ਇਨ੍ਹਾਂ ਤੋਂ ਤੁਹਾਨੂੰ ਅਕੇਵਾਂ ਨਹੀਂ ਹੁੰਦਾ? ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਚਿੱਤਰਕਾਰੀ ਨੂੰ ਲੱਤ ਮਾਰ ਕੇ ਸੰਗੀਤ ਜਾਂ ਹੋਰ ਕਿਸੇ ਚੀਜ਼ ਨੂੰ ਗੰਭੀਰਤਾ ਨਾਲ਼ ਆਪਣਾ ਲੈਂਦਾ। ਦਰਅਸਲ ਤੁਸੀਂ ਚਿੱਤਰਕਾਰ ਨਹੀਂ ਹੋ, ਤੁਸੀਂ ਤਾਂ ਸੰਗੀਤਕਾਰ ਹੋ। ਖ਼ੈਰ, ਕਾਸ਼ ਤੁਹਾਨੂੰ ਪਤਾ ਹੁੰਦਾ ਕਿ ਮੈਂ ਕਿੰਨਾ ਥੱਕ ਚੁੱਕਿਆ ਹਾਂ। ਮੈਂ ਚਾਹ ਲਈ ਕਹਿੰਦਾ ਹਾਂ … ਠੀਕ ਹੈ ਨਾ?”

ਉਹ ਕਮਰੇ ਤੋਂ ਬਾਹਰ ਨਿਕਲ ਗਿਆ ਅਤੇ ਓਲਗਾ ਇਵਾਨੋਵਨਾ ਨੇ ਸੁਣਿਆ ਕਿ ਉਹ ਆਪਣੇ ਨੌਕਰ ਨੂੰ ਕੁੱਝ ਕਹਿ ਰਿਹਾ ਹੈ। ਉਹ ਵਿਦਾਇਗੀ ਲੈਣ ਤੋਂ, ਤੂੰ ਤੂੰ ਮੈਂ ਮੈਂ ਦੀ ਨੌਬਤ ਆਉਣ ਤੋਂ ਅਤੇ ਖ਼ਾਸ ਤੌਰ ਤੇ ਖ਼ੁਦ ਆਪ ਫੁੱਟ ਫੁੱਟ ਕੇ ਰੋ ਪੈਣ ਤੋਂ ਬਚਣ ਲਈ ਕਮਰੇ ਵਿੱਚੋਂ ਭੱਜ ਕੇ ਘਰ ਦੇ ਅਗਲੇ ਹਿੱਸੇ ਵਿੱਚ ਪਹੁੰਚੀ ਅਤੇ ਰਿਆਬੋਵਸਕੀ ਦੇ ਵਾਪਸ ਪਰਤਣ ਤੋਂ ਪਹਿਲਾਂ, ਗਲੋਸ਼ੇ ਚੜ੍ਹਾ ਕੇ ਬਾਹਰ ਨਿਕਲ ਗਈ।

ਸੜਕ ਉੱਤੇ ਪਹੁੰਚਦੇ ਹੀ ਉਸਨੇ ਇਹ ਮਹਿਸੂਸ ਕਰਦੇ ਹੋਏ ਮੋਕਲੀ ਅਜ਼ਾਦੀ ਦੇ ਨਾਲ਼ ਸਾਹ ਲੈਣ ਲੱਗੀ ਕਿ ਉਹ ਰਿਆਬੋਵਸਕੀ ਤੋਂ, ਚਿੱਤਰਕਾਰੀ ਤੋਂ ਅਤੇ ਉਸ ਬਰਦਾਸ਼ਤ ਤੋਂ ਪਰੇ ਜ਼ਲਾਲਤ ਤੋਂ ਜੋ ਉਸ ਨੂੰ ਸਟੂਡੀਓ ਵਿੱਚ ਝੱਲਣੀ ਪਈ ਸੀ, ਛੁਟਕਾਰਾ ਪਾ ਚੁੱਕੀ ਸੀ, ਹਮੇਸ਼ਾ ਹਮੇਸ਼ਾ ਦੇ ਲਈ। ਸਾਰਾ ਕਿੱਸਾ ਖ਼ਤਮ ਹੋ ਚੁੱਕਿਆ ਸੀ।

ਉਹ ਆਪਣੀ ਦਰਜਨ ਦੇ ਗਈ, ਫਿਰ ਬਾਰਨਾਏ (ਲੁਡਵਿਗ ਬਾਰਨਾਏ ਇੱਕ ਜਰਮਨ ਕਲਾਕਾਰ ਸੀ) ਦੇ ਜੋ ਬੀਤੇ ਰੋਜ ਹੀ ਵਾਪਸ ਪਰਤਿਆ ਸੀ ਅਤੇ ਬਾਰਨਾਏ ਦੇ ਕੋਲੋਂ ਸਾਜ਼ਾਂ ਦੀ ਇੱਕ ਦੁਕਾਨ ਵਿੱਚ ਗਈ। ਇਸ ਦੌਰਾਨ ਉਹ ਲਗਾਤਾਰ ਰਿਆਬੋਵਸਕੀ ਦੇ ਨਾਮ ਨਿੱਜੀ ਗੌਰਵ ਨਾਲ਼ ਭਰੇ ਆਪਣੇ ਖ਼ਤ ਦੇ ਬਾਰੇ ਵਿੱਚ ਸੋਚਦੀ ਰਹੀ ਜਿਸ ਵਿੱਚ ਉਸਨੇ ਸਖ਼ਤ ਅਤੇ ਬੇਕਿਰਕ ਅੰਦਾਜ਼ ਵਿੱਚ ਖਰੀਆਂ ਖਰੀਆਂ ਕਹਿ ਦੇਣ ਦਾ ਫੈਸਲਾ ਕੀਤਾ ਸੀ। ਦੀਮੋਵ ਦੇ ਨਾਲ਼ ਕਰੀਮਿਆ ਚਲੇ ਜਾਣ ਦਾ ਖ਼ਿਆਲ ਵੀ ਉਸ ਦੇ ਮਨ ਵਿੱਚ ਮੰਡਰਾਉਂਦਾ ਰਿਹਾ ਜਿੱਥੇ ਉਹ ਅਤੀਤ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਇਰਾਦਾ ਰੱਖਦੀ ਸੀ।

ਰਾਤ ਨੂੰ ਉਹ ਕਾਫ਼ੀ ਦੇਰ ਨਾਲ਼ ਘਰ ਮੁੜੀ ਪਰ ਡਰੈੱਸ ਤਬਦੀਲ ਕਰਨ ਲਈ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਖ਼ਤ ਲਿਖਣ ਲਈ ਸਿੱਧੀ ਡਰਾਇੰਗ ਰੂਮ ਵਿੱਚ ਚਲੀ ਗਈ। ਉਸਨੇ ਸੋਚਿਆ ਕਿ ਰਿਆਬੋਵਸਕੀ ਨੇ ਕਿਹਾ ਸੀ ਕਿ ਉਹ ਚਿੱਤਰਕਾਰ ਨਹੀਂ ਤਾਂ ਹੁਣ ਉਹ ਉਸਨੂੰ ਮੁੰਹ ਤੋੜ ਜਵਾਬ ਦਿੰਦੇ ਹੋਏ ਲਿਖੇਗੀ ਕਿ ਉਹ ਖ਼ੁਦ ਇੱਕ ਹੀ ਤਸਵੀਰ ਹਰ ਸਾਲ ਬਣਾਉਂਦਾ ਰਹਿੰਦਾ ਸੀ, ਕੁਝ ਘਸੀਆਂ ਪਿਟੀਆਂ ਗੱਲਾਂ ਸਨ ਜਿਨ੍ਹਾਂ ਦੀ ਹਰ ਰੋਜ਼ ਰੱਟ ਲਾਉਂਦਾ ਰਹਿੰਦਾ ਸੀ, ਉਹ ਖੜੋਤ ਦਾ ਸ਼ਿਕਾਰ ਹੋ ਚੁੱਕਿਆ ਸੀ ਅਤੇ ਹੁਣ ਉਸ ਦੀ ਕਿਸੇ ਹੋਰ ਕਾਮਯਾਬੀ ਦਾ ਸਵਾਲ ਹੀ ਨਹੀਂ ਸੀ ਉੱਠਦਾ। ਉਹ ਇਹ ਵਾਧਾ ਕਰਨ ਦਾ ਵੀ ਮਨ ਬਣਾ ਰਹੀ ਸੀ ਕਿ ਇਹ ਖ਼ੁਦ ਉਸ ਦੀ ਸ਼ਾਨਦਾਰ ਪਰੇਰਨਾ ਸੀ ਜਿਸਨੇ ਉਸ ਨੂੰ ਰਿਆਬੋਵਸਕੀ ਬਣਾਇਆ ਅਤੇ ਹੁਣ ਉਹ ਜੋ ਗੰਦ ਪਾ ਰਿਹਾ ਸੀ ਉਸਦਾ ਕਾਰਨ ਇਹ ਸੀ ਕਿ ਉਸ ਸ਼ਾਨਦਾਰ ਪਰੇਰਨਾ ਦੇ ਅਸਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਸ਼ੱਕੀ ਚੀਜ਼ਾਂ ਨੇ ਜਿਹੋ ਜਿਹੀ ਇੱਕ ਅੱਜ ਕੈਨਵਸ ਦੇ ਪਿੱਛੇ ਛੁਪ ਗਈ ਸੀ, ਮਲੀਆਮੇਟ ਕਰ ਦਿੱਤਾ ਸੀ।

ਮੌਮ! ਦੀਮੋਵ ਨੇ ਆਪਣੇ ਅਧਿਐਨ ਕਮਰੇ ਵਲੋਂ ਦਰਵਾਜ਼ਾ ਖੋਲ੍ਹੇ ਬਿਨਾਂ ਅਵਾਜ਼ ਦਿੱਤੀ।

ਮੌਮ!

ਕੀ ਹੈ?

ਮੇਰੇ ਨੇੜੇ ਨਾ ਆਉਣਾ, ਮੌਮ, ਸਿਰਫ਼ ਦਰਵਾਜ਼ੇ ਦੇ ਕੋਲ਼ ਆ ਜਾ? ਇਹ ਠੀਕ ਹੈ … ਅੱਜ ਤੀਜਾ ਦਿਨ ਹੈ ਕਿ ਮੈਨੂੰ ਹਸਪਤਾਲ ਵਿੱਚ ਡਿਫਥੀਰੀਆ ਲੱਗ ਗਿਆ ਅਤੇ … ਹੁਣ ਮੇਰੀ ਤਬੀਅਤ ਬਹੁਤ ਖ਼ਰਾਬ ਹੋ ਰਹੀ ਹੈ। ਕਰੋਸਤੀਲੇਵ ਨੂੰ ਬੁਲਾ ਲੈ।

ਓਲਗਾ ਇਵਾਨੋਵਨਾ ਆਪਣੇ ਸਾਰੇ ਮਰਦ ਦੋਸਤਾਂ ਦੀ ਤਰ੍ਹਾਂ ਪਤੀ ਨੂੰ ਵੀ ਉਸ ਦੇ ਖ਼ਾਨਦਾਨੀ ਨਾਮ ਨਾਲ਼ ਬੁਲਾਇਆ ਕਰਦੀ ਸੀ। ਉਸ ਦੇ ਪਤੀ ਦਾ ਨਾਮ ਓਸਿਪ ਸੀ ਜਿਸਨੂੰ ਉਹ ਉੱਕਾ ਪਸੰਦ ਨਹੀਂ ਕਰਦੀ ਸੀ ਕਿਉਂਕਿ ਇਹ ਨਾਮ ਉਸਨੂੰ ਗੋਗੋਲ ਦੇ ਪਾਤਰ ਓਸਿਪ ਦੀ ਯਾਦ ਦਵਾਉਂਦਾ ਸੀ ਜਿਸਦਾ ਸ਼ਬਦੀ ਅਰਥ ਖਰਵਾ ਵੀ ਹੁੰਦਾ ਹੈ। ਪਰ ਇਸ ਵਕਤ ਉਹ ਕਹਿ ਉੱਠੀ:

ਨਹੀਂ ਓਸਿਪ, ਇਹ ਸੱਚ ਨਹੀਂ ਹੋ ਸਕਦਾ!

ਤੂੰ ਉਨ੍ਹਾਂ ਨੂੰ ਬੁਲਾ ਲੈ ਮੇਰੀ ਹਾਲਤ ਠੀਕ ਨਹੀਂ … ਦੀਮੋਵ ਨੇ ਕਮਰੇ ਦੇ ਅੰਦਰੋਂ ਕਿਹਾ ਅਤੇ ਓਲਗਾ ਇਵਾਨੋਵਨਾ ਨੂੰ ਉਸ ਦੇ ਸੋਫੇ ਤੱਕ ਜਾਣ ਅਤੇ ਉਸ ਉੱਤੇ ਲਿਟਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਬੁਲਾ ਲੈ! ਦੀਮੋਵ ਦੀ ਅਵਾਜ਼ ਬਹੁਤ ਹਲਕੀ ਸੀ।

ਕੀ ਇਹ ਘਾਤਕ ਹੋ ਸਕਦਾ ਹੈ? ਇਹ ਸੋਚਦਿਆਂ ਓਲਗਾ ਇਵਾਨੋਵਨਾ ਨੂੰ ਹੌਲ ਜਿਹਾ ਪੈ ਗਿਆ। ਓਏ ਰੱਬਾ!

ਉਹ ਬਿਨਾਂ ਇਹ ਜਾਣਦੇ ਹੋਏ ਕਿ ਅਜਿਹਾ ਕਿਓਂ ਕਰ ਰਹੀ ਸੀ, ਮੋਮਬੱਤੀ ਬਾਲ਼ ਕੇ ਆਪਣੀ ਬੈੱਡਰੂਮ ਵਿੱਚ ਲੈ ਗਈ ਅਤੇ ਸੋਚਣ ਲੱਗੀ ਕਿ ਉਸਨੂੰ ਕੀ ਕਰਨਾ ਚਾਹੀਦਾ ਸੀ। ਇੰਨੇ ਵਿੱਚ ਉਸ ਦੀ ਨਜ਼ਰ ਸ਼ੀਸ਼ੇ ਵਿੱਚ ਆਪਣੀ ਸ਼ਕਲ ਉੱਤੇ ਪਈ। ਪੀਲਾ ਪੀਲਾ ਸਹਿਮਿਆ-ਸਹਿਮਿਆ ਜਿਹਾ ਚਿਹਰਾ, ਉੱਚੀਆਂ ਫੁੱਲੀਆਂ ਫੁੱਲੀਆਂ ਜਿਹੀਆਂ ਆਸਤੀਨਾਂ ਵਾਲ਼ੀ ਜੈਕਟ ਅਤੇ ਹਿੱਕ ਉੱਤੇ ਪੀਲੀ ਝਾਲਰ ਅਤੇ ਅਜੀਬ ਦਿਸ਼ਾਵਾਂ ਵਿੱਚ ਪਾਈਆਂ ਪੱਟੀਆਂ ਵਾਲੀ ਸਕਰਟ। ਉਸਨੇ ਖ਼ੁਦ ਨੂੰ ਅਜਿਹੇ ਭਿਆਨਕ ਅਤੇ ਖੌਫਨਾਕ ਪ੍ਰਾਣੀ ਦੇ ਰੂਪ ਵਿੱਚ ਵੇਖਿਆ ਜਿਸ ਨਾਲ਼ ਨਫ਼ਰਤ ਆਉਂਦੀ ਹੋਵੇ। ਉਸਨੇ ਆਪਣੇ ਸੀਨੇ ਵਿੱਚ ਦੀਮੋਵ ਦੇ ਲਈ, ਉਸ ਬੇਪਨਾਹ ਮੁਹੱਬਤ ਲਈ ਜੋ ਦੀਮੋਵ ਉਸ ਨਾਲ਼ ਕਰਦਾ ਸੀ, ਦੀਮੋਵ ਦੀ ਜਵਾਨ ਜ਼ਿੰਦਗੀ ਲਈ ਅਤੇ ਇਥੋਂ ਤੱਕ ਕਿ ਉਸ ਦੇ ਖ਼ਾਲੀ ਬੈੱਡ ਲਈ ਜਿਸ ਉੱਤੇ ਉਹ ਪਤਾ ਨਹੀਂ ਕਦੋਂ ਤੋਂ ਨਹੀਂ ਸੀ ਸੁੱਤਾ, ਬੇਪਨਾਹ ਹਮਦਰਦੀ ਅਤੇ ਅਫ਼ਸੋਸ ਦੇ ਜਜ਼ਬਾਤ ਉਮੜਦੇ ਮਹਿਸੂਸ ਕੀਤੇ। ਅਤੇ ਉਸ ਨੂੰ ਉਸ ਦੀ ਆਦਤਨ, ਕੋਮਲ ਅਤੇ ਸਮਰਪਿਤ ਮੁਸਕਰਾਹਟ ਦੀ ਯਾਦ ਆਈ ਜੋ ਹਮੇਸ਼ਾ ਦੀਮੋਵ ਦੇ ਹੋਠਾਂ ਉੱਤੇ ਤਾਰੀ ਰਹਿੰਦੀ ਸੀ। ਉਹ ਫੁੱਟ ਫੁੱਟ ਕੇ ਰੋਣ ਲੱਗੀ। ਫਿਰ ਉਸਨੇ ਕਰੋਸਤੀਲੇਵ ਨੂੰ ਬੁਲਾਣ ਲਈ ਮਿੰਨਤ ਭਰੀ ਚਿੱਠੀ ਲਿਖੀ। ਹੁਣ ਸਵੇਰ ਦੇ ਦੋ ਵਜ ਚੁੱਕੇ ਸਨ।

( 8 )

ਸਵੇਰ ਦੇ ਸੱਤ ਵਜੇ ਦੇ ਫ਼ੌਰਨ ਬਾਅਦ ਉਹ ਉਨੀਂਦੀ ਹੋਣ ਕਰਕੇ ਬੋਝਲ ਜਿਹੇ ਸਿਰ, ਅਣਵਾਹੇ ਉਲਝੇ ਵਾਲ਼ ਅਤੇ ਚਿਹਰੇ ਉੱਤੇ ਅਪਰਾਧੀ ਅਹਿਸਾਸ ਦੀ ਛਾਪ ਦੇ ਨਾਲ਼ ਖ਼ਾਸੀ ਰੁੱਖੀ ਰੁੱਖੀ ਜਿਹੀ ਲੱਗਦੀ ਸੀ। ਉਹ ਆਪਣੇ ਬੈੱਡਰੂਮ ਵਿੱਚੋਂ ਨਿਕਲੀ ਤਾਂ ਫਲੈਟ ਦੇ ਅਗਲੇ ਹਿੱਸੇ ਵਿੱਚ ਕਾਲੀ ਦਾੜ੍ਹੀ ਵਾਲ਼ਾ ਸ਼ਖਸ ਜੋ ਨਿਰਸੰਦੇਹ ਕੋਈ ਡਾਕਟਰ ਸੀ, ਉਸ ਦੇ ਕੋਲ਼ੋਂ ਲੰਘਿਆ। ਚਾਰੇ ਪਾਸੇ ਦਵਾਈਆਂ ਦੀ ਬੂ ਫੈਲੀ ਹੋਈ ਸੀ। ਕਰੋਸਤੀਲੇਵ ਅਧਿਐਨ ਕਮਰੇ ਦੇ ਦਰਵਾਜ਼ੇ ਦੇ ਕੋਲ ਖੜਾ ਆਪਣੀ ਖੱਬੀ ਮੁੱਛ ਨੂੰ ਸੱਜੇ ਹੱਥ ਨਾਲ਼ ਨੋਚ ਰਿਹਾ ਸੀ।

ਮੁਆਫ਼ ਕਰਨਾ ਜੀ, ਮੈਂ ਤੁਹਾਨੂੰ ਉਨ੍ਹਾਂ ਦੇ ਕੋਲ ਨਹੀਂ ਜਾਣ ਦੇਵਾਂਗਾ,” ਉਸਨੇ ਓਲਗਾ ਇਵਾਨੋਵਨਾ ਨੂੰ ਰੁੱਖਾਈ ਦੇ ਨਾਲ਼ ਕਿਹਾ। ਰੋਗ ਲੱਗ ਜਾਣ ਦਾ ਖਤਰਾ ਹੈ। ਉਂਜ ਵੀ ਤੁਹਾਡਾ ਉਨ੍ਹਾਂ ਦੇ ਕੋਲ਼ ਜਾਣਾ ਬੇਕਾਰ ਹੋਵੇਗਾ। ਉਹ ਆਪਣੇ ਹੋਸ਼ ਵਿੱਚ ਨਹੀਂ ਹਨ।

ਤਾਂ ਕੀ ਇਹ ਡਿਫਥੀਰਿਆ ਹੀ ਹੈ? ਓਲਗਾ ਇਵਾਨੋਵਨਾ ਨੇ ਚੁਪਕੇ ਜਿਹੇ ਪੁੱਛਿਆ।

ਮੇਰੀ ਵਾਹ ਚਲੇ ਤਾਂ ਇਨ੍ਹਾਂ ਸਭਨਾਂ ਨੂੰ ਅੰਦਰ ਕਰਾ ਦੇਵਾਂ ਜਿਹੜੇ ਮੱਲੋਮੱਲੀ ਖ਼ਤਰਾ ਮੁੱਲ ਲੈਂਦੇ ਹਨ। ਕਰੋਸਤੀਲੇਵ ਉਸ ਦੇ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਬੜਬੜਾਇਆ। ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਇਹ ਰੋਗ ਕਿਵੇਂ ਲੱਗਿਆ? ਉਨ੍ਹਾਂ ਨੇ ਮੰਗਲਵਾਰ ਨੂੰ ਡਿਫਥੀਰਿਆ ਨਾਲ਼ ਪੀੜਿਤ ਇੱਕ ਛੋਟੇ ਮੁੰਡੇ ਦੇ ਹਲਕ ਵਿੱਚੋਂ ਟਿਊਬ ਰਾਹੀਂ ਬਲਗਮ ਚੂਸਿਆ ਸੀ। ਅਤੇ ਭਲਾ ਕਾਹਦੇ ਲਈ? ਸਰਾਸਰ ਹਿਮਾਕਤ, ਨਿਰੀ ਬੇਅਕਲੀ!

ਕੀ ਇਹ ਬਹੁਤ ਖਤਰਨਾਕ ਹੈ? ਓਲਗਾ ਇਵਾਨੋਵਨਾ ਨੇ ਪੁੱਛਿਆ।

ਹਾਂ, ਲੋਕ ਕਹਿੰਦੇ ਨੇ ਕਿ ਹਾਲਤ ਬਹੁਤ ਖ਼ਰਾਬ ਹੈ। ਹੁਣ ਸਾਨੂੰ ਸ਼ਰੈਕ ਨੂੰ ਬੁਲਵਾ ਲੈਣਾ ਚਾਹੀਦਾ ਹੈ।

ਲੰਮੀ ਨੱਕ, ਲਾਲ ਵਾਲਾਂ ਅਤੇ ਯਹੂਦੀ ਲਹਿਜੇ ਵਾਲ਼ਾ ਇੱਕ ਮਧਰਾ ਆਦਮੀ ਅੰਦਰ ਆਇਆ, ਉਸ ਦੇ ਬਾਅਦ ਉਲਝੇ ਹੋਏ ਵਾਲ਼ਾਂ ਵਾਲ਼ਾ ਇੱਕ ਲੰਮਾ ਅਤੇ ਕੁੱਬਾ ਜਿਹਾ ਸ਼ਖਸ ਜੋ ਕੋਈ ਚਰਚ ਦਾ ਅਧਿਕਾਰੀ ਲੱਗਦਾ ਸੀ ਅਤੇ ਫਿਰ ਲਾਲ ਚਿਹਰੇ ਅਤੇ ਗਠੇ ਹੋਏ ਜਿਸਮ ਦਾ ਇੱਕ ਮੁਕਾਬਲਤਨ ਜਵਾਨ ਆਦਮੀ ਜਿਸਨੇ ਐਨਕ ਲਗਾਈ ਹੋਈ ਸੀ। ਇਹ ਤਿੰਨੋਂ ਡਾਕਟਰ ਸਨ ਜੋ ਆਪਣੇ ਸਾਥੀ ਦੇ ਬੈੱਡ ਦੇ ਕੋਲ ਵਾਰੀ ਵਾਰੀ ਬੈਠਣ ਲਈ ਆਏ ਸਨ। ਕਰੋਸਤੀਲੇਵ ਆਪਣੀ ਵਾਰੀ ਖ਼ਤਮ ਹੋਣ ਦੇ ਬਾਅਦ ਘਰ ਨਹੀਂ ਸੀ ਗਿਆ, ਸਾਰੇ ਕਮਰਿਆਂ ਵਿੱਚ ਪਰੇਤ ਦੀ ਤਰ੍ਹਾਂ ਫਿਰ ਰਿਹਾ ਸੀ। ਨੌਕਰਾਣੀ ਡਾਕਟਰਾਂ ਲਈ ਚਾਹ ਬਣਾਉਂਦੀ ਅਤੇ ਜਲਦੀ ਜਲਦੀ ਦਵਾਈਆਂ ਦੀ ਦੁਕਾਨ ਤੇ ਜਾਂਦੀ ਆਉਂਦੀ ਰਹਿੰਦੀ ਸੀ। ਇਸ ਲਈ ਕਮਰਿਆਂ ਦੀ ਸਫਾਈ ਕਰਨ ਵਾਲ਼ਾ ਕੋਈ ਨਹੀਂ ਸੀ। ਫ਼ਲੈਟ ਵਿੱਚ ਬੇਚੈਨੀ-ਭਰਿਆ ਸੰਨਾਟਾ ਛਾਇਆ ਹੋਇਆ ਸੀ।

ਓਲਗਾ ਇਵਾਨੋਵਨਾ ਆਪਣੇ ਬੈੱਡਰੂਮ ਵਿੱਚ ਬੈਠ ਕੇ ਸੋਚਣ ਲੱਗੀ ਕਿ ਰੱਬ ਉਸਨੂੰ ਪਤੀ ਨਾਲ਼ ਬੇਵਫ਼ਾਈ ਕਰਨ ਦੀ ਸਜ਼ਾ ਦੇ ਰਿਹਾ ਸੀ। ਉਹ ਚੁੱਪਚਾਪ, ਕਦੇ ਸ਼ਿਕਾਇਤ ਜ਼ਬਾਨ ਉੱਤੇ ਨਾ ਲਿਆਉਣ ਵਾਲ਼ਾ, ਹਰ ਗੱਲ ਨੂੰ ਸੌਖ ਨਾਲ਼ ਮੰਨ ਲੈਣ ਵਾਲ਼ਾ, ਨਾ ਸਮਝਿਆ ਗਿਆ ਇਹ ਸ਼ਖਸ ਜਿਸਦੀ ਸਾਰੀ ਸ਼ਖ਼ਸੀਅਤ ਉਸਦੀ ਨਰਮਾਈ ਨੇ ਲੁੱਟ ਲਈ ਸੀ ਅਤੇ ਬਹੁਤ ਜ਼ਿਆਦਾ ਦਰਿਆਦਿਲੀ ਦੇ ਕਾਰਨ ਉਸਦੀ ਆਪਣੀ ਮਰਜ਼ੀ ਬਹੁਤ ਕਮਜ਼ੋਰ ਹੋ ਗਈ ਸੀ, ਉਸ ਵਕਤ ਸੋਫੇ ਉੱਤੇ ਲਿਟਿਆ ਹੋਇਆ ਸਾਰੀਆਂ ਵਧੀਕੀਆਂ ਨੂੰ ਬਿਨਾਂ ਕਿਸੇ ਸ਼ਿਕਾਇਤ ਦੇ ਚੁੱਪਚਾਪ ਭੁਗਤ ਰਿਹਾ ਸੀ। ਜੇਕਰ ਉਸਨੇ ਬੇਹੋਸ਼ੀ ਵਿੱਚ ਵੀ ਸ਼ਿਕਵਾ ਕੀਤਾ ਹੁੰਦਾ ਤਾਂ ਉਸ ਦੀ ਹਾਲਤ ਉੱਤੇ ਨਜ਼ਰ ਰੱਖਣ ਵਾਲ਼ੇ ਇਹ ਡਾਕਟਰ ਝੱਟ ਤਾੜ ਲੈਂਦੇ ਕਿ ਕਸੂਰ ਸਿਰਫ਼ ਡਿਫਥੀਰਿਆ ਦਾ ਹੀ ਨਹੀਂ ਸੀ। ਉਨ੍ਹਾਂ ਨੇ ਜਰੂਰ ਕਰੋਸਤੀਲੇਵ ਨੂੰ ਪੁੱਛਿਆ ਹੁੰਦਾ ਜਿਸ ਕੋਲੋਂ ਕੁੱਝ ਲੁੱਕਿਆ ਨਹੀਂ ਸੀ ਅਤੇ ਜੋ ਆਪਣੇ ਦੋਸਤ ਦੀ ਪਤਨੀ ਨੂੰ ਅਜਿਹੀਆਂ ਨਜ਼ਰਾਂ ਨਾਲ਼ ਵੇਖ ਰਿਹਾ ਸੀ ਜੋ ਕਹਿ ਰਹੀਆਂ ਜਾਪਦੀਆਂ ਸਨ ਕਿ ਸਭ ਕੁੱਝ ਪਤਨੀ ਹੀ ਦਾ ਕੀਤਾ ਕਰਿਆ ਹੈ। ਡਿਫਥੀਰਿਆ ਨੇ ਤਾਂ ਜੁਰਮ ਵਿੱਚ ਮਹਿਜ਼ ਉਸਦਾ ਸਾਥ ਹੀ ਦਿੱਤਾ ਸੀ। ਉਹ ਵੋਲਗਾ ਦੇ ਕੰਢੇ ਦੀ ਚਾਂਦਨੀ ਰਾਤ, ਮੁਹੱਬਤ ਦੀਆਂ ਗੱਲਾਂ ਅਤੇ ਝੋਂਪੜੀ ਵਿੱਚ ਬਿਤਾਈ ਹੋਈ ਰੋਮਾਂਟਿਕ ਜ਼ਿੰਦਗੀ ਨੂੰ ਯਾਦ ਨਹੀਂ ਸੀ ਕਰ ਰਹੀ। ਹੁਣ ਤਾਂ ਉਸਨੂੰ ਸਿਰਫ਼ ਇਹ ਯਾਦ ਆ ਰਿਹਾ ਸੀ ਕਿ ਉਸਨੇ ਐਵੇਂ ਹੀ ਮਹਿਜ਼ ਮਨਮੌਜੀਪਣੇ ਅਤੇ ਆਪਣੀ ਹਵਸ ਖ਼ਾਤਰ ਕਿਸੇ ਗੰਦੇ ਅਤੇ ਚਿਪਚਿਪੇ ਚਿੱਕੜ ਵਿੱਚ ਛਾਲ ਮਾਰ ਦਿੱਤੀ ਸੀ ਅਤੇ ਲੱਖ ਧੋਣ ਤੇ ਵੀ ਹੁਣ ਕਦੇ ਆਪਣੇ ਆਪ ਨੂੰ ਪਾਕ ਸਾਫ਼ ਨਹੀਂ ਕਰ ਸਕੇਗੀ।

ਮੈਂ ਵੀ ਕੈਸੀ ਭਿਅੰਕਰ ਝੂਠੀ ਨਿਕਲੀ! ਉਸਨੇ ਆਪਣੀ ਅਤੇ ਰਿਆਬੋਵਸਕੀ ਦੀ ਪਰੇਸ਼ਾਨ ਮੁਹੱਬਤ ਨੂੰ ਯਾਦ ਕਰਦੇ ਹੋਏ ਖ਼ੁਦ ਨੂੰ ਕਿਹਾ। ਲਾਹਨਤ ਪਏ ਇਸ ਸਭ ਨੂੰ!…”

ਚਾਰ ਵਜੇ ਉਹ ਕਰੋਸਤੀਲੇਵ ਦੇ ਨਾਲ਼ ਡਿਨਰ ਲਈ ਬੈਠੀ। ਡਾਕਟਰ ਨੇ ਖਾਣੇ ਨੂੰ ਹੱਥ ਤੱਕ ਨਾ ਲਗਾਇਆ, ਸਿਰਫ਼ ਹਲਕੀ ਲਾਲ ਸ਼ਰਾਬ ਪੀਤੀ ਅਤੇ ਨੱਕ ਬੁੱਲ੍ਹ ਅਟੇਰਦਾ ਰਿਹਾ। ਉਹ ਵੀ ਕੁੱਝ ਖਾ ਨਾ ਸਕੀ। ਬੈਠੀ ਹੋਈ ਚੁੱਪਚਾਪ ਦੁਆ ਮੰਗਦੀ ਅਤੇ ਰੱਬ ਨਾਲ਼ ਵਾਅਦਾ ਕਰਦੀ ਰਹੀ ਕਿ ਦੀਮੋਵ ਜੇਕਰ ਅੱਛਾ ਹੋ ਗਿਆ ਤਾਂ ਦੁਬਾਰਾ ਉਸ ਨਾਲ਼ ਮੁਹੱਬਤ ਕਰੇਗੀ ਅਤੇ ਵਫ਼ਾਦਾਰ ਪਤਨੀ ਬਣ ਕੇ ਰਹੇਗੀ। ਫਿਰ ਉਹ ਆਪਣੇ ਸਿਰ ਉੱਤੇ ਮੰਡਲਾਉਂਦੀ ਹੋਈ ਮੁਸੀਬਤ ਨੂੰ ਪਲ ਭਰ ਲਈ ਭੁੱਲ ਕੇ ਕਰੋਸਤੀਲੇਵ ਨੂੰ ਵੇਖਦੀ ਅਤੇ ਹੈਰਤ ਵਿੱਚ ਪੈ ਜਾਂਦੀ, ਅਜਿਹਾ ਮਾਮੂਲੀ, ਅਜਿਹਾ ਗੁੰਮ ਜਿਹਾ ਆਦਮੀ, ਉਤੋਂ ਝੁਰੜਾਏ ਚਿਹਰੇ ਵਾਲ਼ਾ ਕੁਚੱਜਾ ਬੰਦਾ ਵੀ ਕੀ ਬਦਮਜ਼ਾ ਨਹੀਂ ਹੁੰਦਾ ਹੋਵੇਗਾ? ਦੂਜੇ ਹੀ ਪਲ ਉਸਨੂੰ ਫਿਰ ਅਜਿਹਾ ਲੱਗਦਾ ਜਿਵੇਂ ਰੱਬ ਉਸ ਤੇ ਤੁਰਤ ਆਪਣੇ ਕਹਿਰ ਦੀ ਬਿਜਲੀ ਗਿਰਾ ਦੇਵੇਗਾ ਕਿਉਂਕਿ ਉਹ ਛੂਤ ਲੱਗ ਜਾਣ ਦੇ ਡਰੋਂ ਇੱਕ ਵਾਰ ਵੀ ਆਪਣੇ ਪਤੀ ਦੇ ਅਧਿਐਨ ਕਮਰੇ ਵਿੱਚ ਨਹੀਂ ਸੀ ਗਈ। ਕੁੱਲ ਮਿਲਾ ਕੇ ਉਸ ਉੱਤੇ ਜੋ ਅਹਿਸਾਸ ਹਾਵੀ ਸੀ ਉਹ ਪਰੇਸ਼ਾਨੀ ਅਤੇ ਘੋਰ ਉਦਾਸੀ ਦਾ ਸੀ ਅਤੇ ਇਹ ਸਹਿਮ ਉਸਦੇ ਅੰਦਰ ਘਰ ਕਰ ਚੁੱਕਾ ਸੀ ਕਿ ਉਹ ਤਬਾਹ ਹੋ ਚੁੱਕੀ ਸੀ, ਤੇ ਜ਼ਿੰਦਗੀ ਇਸ ਹੱਦ ਤੱਕ ਵਿਗੜ ਚੁੱਕੀ ਸੀ ਕਿ ਇਸਨੂੰ ਮੁੜ ਸੰਵਾਰ ਲੈਣ ਦਾ ਸਵਾਲ ਹੀ ਨਹੀਂ ਸੀ ਉੱਠਦਾ …

ਡਿਨਰ ਦੇ ਕੁੱਝ ਹੀ ਦੇਰ ਬਾਅਦ ਸ਼ਾਮ ਦਾ ਘੁਸਮੁਸਾ ਫੈਲਣ ਲਗਾ, ਓਲਗਾ ਇਵਾਨੋਵਨਾ ਡਰਾਇੰਗ ਰੂਮ ਵਿੱਚ ਗਈ ਤਾਂ ਉਸ ਨੂੰ ਕਰੋਸਤੀਲੇਵ ਸੋਫੇ ਉੱਤੇ ਸੁੱਤਾ ਪਿਆ ਮਿਲ਼ਿਆ। ਉਸ ਦਾ ਸਿਰ ਸੁਨਹਿਰੇ ਧਾਗਿਆਂ ਨਾਲ਼ ਕੱਢੇਰ ਹੋਏ ਰੇਸ਼ਮੀ ਸਰ੍ਹਾਣੇ ਉੱਤੇ ਰੱਖਿਆ ਹੋਇਆ ਸੀ ਅਤੇ ਉਹ ਘੁਰਾੜੇ ਮਾਰ ਰਿਹਾ ਸੀ ਖ਼ਰ.. ਰ.. ਰ, ਖ਼ਰ..ਰ..ਰ। ਰੋਗੀ ਦੇ ਕੋਲ ਡਿਊਟੀ ਦੇਣ ਲਈ ਆਉਂਦੇ ਜਾਂਦੇ ਹੋਏ ਡਾਕਟਰਾਂ ਨੂੰ ਇਸ ਸਾਰੀ ਗੜਬੜ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ। ਡਰਾਇੰਗ ਰੂਮ ਵਿੱਚ ਘੁਰਾੜੇ ਮਾਰਦਾ ਹੋਇਆ ਅਜੀਬ ਅਨੋਖਾ ਆਦਮੀ, ਕੰਧਾਂ ਉੱਤੇ ਟੰਗੀਆਂ ਤਸਵੀਰਾਂ, ਕਮਾਲ ਸਜਾਇਆ ਕਮਰਾ, ਉਘੜ-ਦੁਘੜੇ ਫਰਨੀਚਰ, ਬਿਨਾਂ ਕੰਘੀ ਕੀਤੇ ਹੋਏ ਵਾਲ਼ ਅਤੇ ਵੱਟ ਪਏ ਕੱਪੜਿਆਂ ਵਿੱਚ ਏਧਰ ਉੱਧਰ ਫਿਰਦੀ ਹੋਈ ਘਰ ਦੀ ਮਾਲਕਣ … ਇਹ ਸਾਰੀਆਂ ਚੀਜ਼ਾਂ ਹੁਣ ਜ਼ਰਾ ਜਿੰਨੀ ਦਿਲਚਸਪੀ ਵੀ ਨਹੀਂ ਪੈਦਾ ਕਰ ਰਹੀਆਂ ਸਨ। ਇੱਕ ਡਾਕਟਰ ਕਿਸੇ ਗੱਲ ਉੱਤੇ ਹੱਸ ਪਿਆ ਤਾਂ ਇਹ ਹਾਸੀ ਅਜਬ ਸਹਿਮੀ ਸਹਿਮੀ ਜਿਹੀ ਲੱਗਦੀ ਸੀ ਅਤੇ ਹਰ ਸ਼ਖਸ ਬੇਚੈਨ ਹੋ ਉੱਠਿਆ।

ਅਗਲੀ ਵਾਰ ਓਲਗਾ ਇਵਾਨੋਵਨਾ ਡਰਾਇੰਗ ਰੂਮ ਵਿੱਚ ਗਈ ਤਾਂ ਕਰੋਸਤੀਲੇਵ ਜਾਗ ਚੁੱਕਿਆ ਸੀ ਅਤੇ ਸੋਫੇ ਉੱਤੇ ਬੈਠਾ ਸਿਗਰਟ ਪੀ ਰਿਹਾ ਸੀ।

ਡਿਫਥੀਰਿਆ ਨਾਸਾਂ ਦੇ ਅੰਦਰ ਚਲਾ ਗਿਆ ਹੈ। ਉਸਨੇ ਦੱਬੀ ਜ਼ਬਾਨ ਨਾਲ਼ ਕਿਹਾ। ਉਨ੍ਹਾਂ ਦੇ ਦਿਲ ਉੱਤੇ ਵੀ ਅਸਰ ਹੋ ਚੱਲਿਆ ਹੈ। ਹਾਲਤ ਖ਼ਰਾਬ ਨਜ਼ਰ ਆ ਰਹੀ ਹੈ, ਬਹੁਤ ਖ਼ਰਾਬ।

ਤੁਸੀਂ ਸ਼ਰੈਕ ਨੂੰ ਕਿਉਂ ਨਹੀਂ ਬੁਲਵਾ ਲੈਂਦੇ? ਓਲਗਾ ਇਵਾਨੋਵਨਾ ਨੇ ਪੁੱਛਿਆ।

ਉਹ ਆਏ ਤਾਂ ਸਨ। ਉਨ੍ਹਾਂ ਨੇ ਹੀ ਤਾਂ ਵੇਖਿਆ ਕਿ ਡਿਫਥੀਰੀਆ ਨਾਲ਼ ਨੱਕ ਵੀ ਪ੍ਰਭਾਵਿਤ ਹੋ ਚੁੱਕਿਆ ਹੈ। ਅਤੇ ਉਂਜ ਸ਼ਰੈਕ ਹੈ ਵੀ ਕੀ? ਕੁਝ ਵੀ ਨਹੀਂ। ਉਹ ਸ਼ਰੈਕ ਹੈ, ਮੈਂ ਕਰੋਸਤੀਲੇਵ। ਹਾਂ ਤੇ ਬਸ।

ਵਕਤ ਭਿਅੰਕਰ ਸੁਸਤ ਰਫ਼ਤਾਰੀ ਨਾਲ਼ ਬੀਤ ਰਿਹਾ ਸੀ। ਓਲਗਾ ਇਵਾਨੋਵਨਾ ਕੱਪੜਿਆਂ ਸਣੇ ਹੀ ਆਪਣੇ ਬੈੱਡ ਉੱਤੇ ਜਿਸਦਾ ਬਿਸਤਰ ਸਵੇਰ ਦਾ ਕਿਸੇ ਨੇ ਠੀਕ ਨਹੀਂ ਕੀਤਾ, ਪਈ ਊਂਘ ਰਹੀ ਸੀ। ਲੱਗਦਾ ਸੀ ਕਿ ਸਾਰੇ ਫਲੈਟ ਵਿੱਚ ਫ਼ਰਸ਼ ਤੋਂ ਛੱਤ ਤੱਕ ਲੋਹੇ ਦਾ ਕੋਈ ਵੱਡਾ ਟੁਕੜਾ ਠੋਕਿਆ ਹੋਇਆ ਸੀ ਅਤੇ ਉਸਨੇ ਸੋਚਿਆ ਕਿ ਜੇਕਰ ਕਿਸੇ ਨਾ ਕਿਸੇ ਤਰ੍ਹਾਂ ਇਸ ਵੱਡੇ ਟੁਕੜੇ ਨੂੰ ਕੱਢ ਦਿੱਤਾ ਜਾਵੇ ਤਾਂ ਸਭ ਦੇ ਦਿਲਾਂ ਤੋਂ ਭਾਰ ਲਹਿ ਜਾਣਾ ਸੀ। ਉਹ ਚੌਂਕ ਕੇ ਜਾਗ ਪਈ ਅਤੇ ਉਸ ਦੀ ਸਮਝ ਵਿੱਚ ਆ ਗਿਆ ਕਿ ਇਹ ਲੋਹੇ ਦਾ ਟੁਕੜਾ ਨਹੀਂ ਸਗੋਂ ਦੀਮੋਵ ਦੀ ਬੀਮਾਰੀ ਸੀ ਜਿਸ ਨੇ ਉਸਨੂੰ ਦਬੋਚ ਰੱਖਿਆ ਸੀ।

ਨੇਚਰ ਮੋਰਟ, ਇੱਕ ਨੰਬਰ ਆਹਲਾ! ਉਸਨੇ ਦੁਬਾਰਾ ਊਂਘਦੇ ਹੋਏ ਸੋਚਿਆ, ਮਾਹਲਾ, … ਗਾਹਲਾ, …ਸਿਹਾਲਾ ..”.

ਅਤੇ ਸ਼ਰੈਕ ਹੈ ਵੀ ਕੀ? ਸ਼ਰੈਕ, ਸੜਕ … ਫੜਕ … ਭੜਕ। ਅਤੇ ਮੇਰੇ ਸਾਰੇ ਦੋਸਤ ਕਿੱਥੇ ਹਨ? ਸਾਡੀਆਂ ਪਰੇਸ਼ਾਨੀਆਂ ਦੀ ਉਨ੍ਹਾਂ ਨੂੰ ਖ਼ਬਰ ਵੀ ਹੈ? ਓ ਰੱਬਾ, ਸਾਨੂੰ ਮਹਿਫ਼ੂਜ਼ ਰੱਖ, ਸਾਡੇ ਤੇ ਰਹਿਮ ਕਰ … ਸ਼ਰੈਕ …ਸੜਕ … ”

ਅਤੇ ਇੱਕ ਵਾਰ ਫਿਰ ਲੋਹੇ ਦਾ ਉਹੀ ਭਾਰੀ ਭਰਕਮ ਟੁਕੜਾ … ਵਕਤ ਬੁਰੀ ਤਰ੍ਹਾਂ ਹੌਲੀ ਹੌਲੀ ਰੀਂਗ ਰਿਹਾ ਸੀ ਹਾਲਾਂਕਿ ਹੇਠਲੀ ਮੰਜ਼ਲ ਦੀ ਕੰਧ ਘੜੀ ਹਰ ਘੰਟੇ ਦੀ ਆਮਦ ਦਾ ਐਲਾਨ ਟਨ ਟਨ ਨਾਲ਼ ਕਰਦੀ ਸੀ ਅਤੇ ਥੋੜ੍ਹੀ ਥੋੜ੍ਹੀ ਦੇਰ ਦੇ ਬਾਅਦ ਦਰਵਾਜ਼ੇ ਦੀ ਘੰਟੀ ਖੜਕਦੀ ਰਹੀ। ਦੀਮੋਵ ਦੇ ਕੋਲ ਡਾਕਟਰ ਆਉਂਦੇ ਰਹਿੰਦੇ … ਨੌਕਰਾਣੀ ਟਰੇ ਚੁਕੀਂ, ਜਿਸ ਉੱਤੇ ਇੱਕ ਖ਼ਾਲੀ ਗਲਾਸ ਰੱਖਿਆ ਹੋਇਆ ਸੀ, ਬੈੱਡਰੂਮ ਵਿੱਚ ਆਈ।

ਮੈਂ ਤੁਹਾਡਾ ਬਿਸਤਰਾ ਸਵਾਰ ਕੇ ਵਿਛਾ ਦੇਵਾਂ, ਮੈਡਮ? ਉਸਨੇ ਪੁੱਛਿਆ। ਜਵਾਬ ਨਾ ਮਿਲਿਆ ਤਾਂ ਉਹ ਚੁਪਚਾਪ ਪਰਤ ਗਈ। ਹੇਠਲੀ ਮੰਜ਼ਲ ਦੀ ਕੰਧ ਘੜੀ ਨੇ ਵਕਤ ਦਾ ਐਲਾਨ ਕੀਤਾ। ਓਲਗਾ ਇਵਾਨੋਵਨਾ ਨੇ ਸੁਪਨੇ ਵਿੱਚ ਵੇਖਿਆ ਕਿ ਵੋਲਗਾ ਦੇ ਕੰਢੇ ਮੀਂਹ ਪੈ ਰਿਹਾ ਸੀ ਅਤੇ ਇੱਕ ਵਾਰ ਫਿਰ ਕੋਈ ਸ਼ਖਸ, ਉਸ ਦੇ ਬੈੱਡਰੂਮ ਵਿੱਚ ਆਇਆ। ਕੋਈ ਅਜਨਬੀ ਜਾਪਦਾ ਸੀ। ਉਹ ਉਠ ਕੇ ਬੈਠ ਗਈ ਅਤੇ ਉਸਨੇ ਕਰੋਸਤੀਲੇਵ ਨੂੰ ਪਛਾਣ ਲਿਆ।

ਕੀ ਟਾਈਮ ਹੈ? ਉਸਨੇ ਪੁੱਛਿਆ।

ਤਿੰਨ ਵੱਜਣ ਨੂੰ ਹਨ।

ਉਨ੍ਹਾਂ ਦਾ ਕੀ ਹਾਲ ਹੈ?”

ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਉਹ ਜਾ ਰਹੇ ਹਨ।

ਉਸਨੇ ਆਹ ਭਰੀ ਅਤੇ ਬੈੱਡ ਉੱਤੇ ਓਲਗਾ ਇਵਾਨੋਵਨਾ ਦੇ ਕੋਲ਼ ਬੈਠ ਗਿਆ ਅਤੇ ਕਮੀਜ਼ ਦੀ ਬਾਂਹ ਨਾਲ਼ ਉਸਨੇ ਅੱਥਰੂ ਪੂੰਝ ਲਏ। ਫ਼ੌਰੀ ਤੌਰ `ਤੇ ਜਿਵੇਂ ਉਹ ਕੁੱਝ ਸਮਝ ਹੀ ਨਾ ਸਕੀ ਪਰ ਸਾਰੀ ਠੰਡੀ ਜਿਹੀ ਹੋ ਗਈ ਅਤੇ ਹੌਲੀ ਹੌਲੀ ਸੀਨੇ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ।

ਉਹ ਜਾ ਰਹੇ ਹਨ…” ਕਰੋਸਤੀਲੇਵ ਨੇ ਬੁਲੰਦ ਅਵਾਜ਼ ਵਿੱਚ ਕਿਹਾ ਅਤੇ ਦੁਬਾਰਾ ਆਹ ਭਰੀ। ਉਹ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਖ਼ੁਦ ਨੂੰ ਕੁਰਬਾਨ ਕਰ ਦਿੱਤਾ … ਸਾਇੰਸ ਦਾ ਕਿੰਨਾ ਨੁਕਸਾਨ ਹੋ ਗਿਆ! ਉਸਨੇ ਤਲਖ਼ੀ ਨਾਲ਼ ਜ਼ੋਰ ਦਿੰਦੇ ਹੋਏ ਕਿਹਾ। ਸਾਡੇ ਸਭਨਾਂ ਦੇ ਮੁਕਾਬਲੇ ਉਹ ਅਜ਼ੀਮ, ਅਦੁੱਤੀ ਇਨਸਾਨ ਸਨ। ਢੇਰ ਗੁਣਾਂ ਦੇ ਮਾਲਕ! ਸਾਨੂੰ ਸਾਰਿਆਂ ਨੂੰ ਉਸ ਤੋਂ ਕਿੰਨੀਆਂ ਉਮੀਦਾਂ ਸਨ!" ਉਸਨੇ ਹੱਥ ਮਲ਼ਦੇ ਹੋਏ ਗੱਲ ਜਾਰੀ ਰੱਖੀ।

ਓ ਮੇਰਿਆ ਰੱਬਾ, ਉਹ ਕਿੰਨੇ ਸ਼ਾਨਦਾਰ ਸਾਇੰਸਦਾਨ ਬਣ ਸਕਦੇ ਸਨ, ਕਿੰਨੇ ਬੇਮਿਸਾਲ ਸਾਇੰਸਦਾਨ! ਉਨ੍ਹਾਂ ਵਰਗਾ ਹੁਣ ਭਾਲਿਆਂ ਨਹੀਂ ਮਿਲ਼ਣਾ। ਓਸਿਪ ਦੀਮੋਵ, ਦੀਮੋਵ, ਆਖ਼ਰ ਤੁਸੀਂ ਇਹ ਕੀ ਕੀਤਾ? ਉਫ਼! ਮੇਰਿਆ ਰੱਬਾ!

ਝੂਰਦੇ ਹੋਏ ਕਰੋਸਤੀਲੇਵ ਨੇ ਆਪਣਾ ਚਿਹਰਾ ਹੱਥਾਂ ਨਾਲ਼ ਢਕ ਲਿਆ ਅਤੇ ਸਿਰ ਹਿਲਾਇਆ।

ਅਤੇ ਲੋਹੜੇ ਦੀ ਇਖ਼ਲਾਕੀ ਸ਼ਕਤੀ ਸੀ ਉਨ੍ਹਾਂ ਕੋਲ! ਕਿਸੇ ਸ਼ਖਸ ਉੱਤੇ ਜ਼ਿਆਦਾ ਤੋਂ ਜ਼ਿਆਦਾ ਖਫ਼ਾ ਹੁੰਦੇ ਹੋਏ ਉਸਨੇ ਆਪਣਾ ਗੁਬਾਰ ਕੱਢਣਾ ਜਾਰੀ ਰੱਖਿਆ। ਕਿੰਨੀ ਨੇਕ, ਖ਼ਾਲਸ, ਨਿਰੀ ਮੁਹੱਬਤ ਨਾਲ਼ ਭਿੱਜੀ ਆਤਮਾ … ਬਿਲੌਰ ਦੀ ਤਰ੍ਹਾਂ ਨਿਰਮਲ। ਉਨ੍ਹਾਂ ਨੇ ਸਾਇੰਸ ਦੀ ਸੇਵਾ ਕੀਤੀ ਅਤੇ ਸਾਇੰਸ ਦੇ ਵਿਕਾਸ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਹ ਦਿਨ ਰਾਤ ਜੀਅ ਤੋੜ ਮਿਹਨਤ ਕਰਦੇ ਸਨ, ਕੋਈ ਉਨ੍ਹਾਂ ਦਾ ਖ਼ਿਆਲ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ, ਆਪਣੀ ਜਵਾਨੀ ਅਤੇ ਭਵਿੱਖ ਦੇ ਪ੍ਰੋਫੈਸਰ ਨੂੰ ਨਿਜੀ ਪ੍ਰੈਕਟਿਸ ਉੱਤੇ ਵਕਤ ਜ਼ਾਇਆ ਕਰਨਾ ਪੈਂਦਾ ਸੀ, ਰਾਤਾਂ ਨੂੰ ਜਾਗ ਜਾਗ ਕੇ ਅਨੁਵਾਦ ਕਰਨਾ ਪੈਂਦਾ ਸੀ ਤਾਂ ਕਿ ਇਨ੍ਹਾਂ … ਗੰਦੇ ਚੀਥੜਿਆਂ ਦੀ ਕੀਮਤ ਤਾਰੀ ਜਾ ਸਕੇ!

ਕਰੋਸਤੀਲੇਵ ਨੇ ਓਲਗਾ ਇਵਾਨੋਵਨਾ ਨੂੰ ਘਿਰਣਾ ਭਰੀਆਂ ਨਿਗਾਹਾਂ ਨਾਲ਼ ਵੇਖਿਆ ਅਤੇ ਬਿਸਤਰ ਦੀ ਚਾਦਰ ਦੋਵੇਂ ਹੱਥਾਂ ਨਾਲ਼ ਫੜ ਕੇ ਗੁੱਸੇ ਨਾਲ਼ ਪਾੜ ਸੁੱਟੀ ਜਿਵੇਂ ਸਾਰਾ ਕਸੂਰ ਚਾਦਰ ਦਾ ਹੀ ਹੋਵੇ।

ਉਨ੍ਹਾਂ ਨੇ ਨਾ ਖ਼ੁਦ ਆਪਣਾ ਖ਼ਿਆਲ ਰੱਖਿਆ ਨਾ ਕਿਸੇ ਦੂਜੇ ਨੇ। ਲੇਕਿਨ ਹੁਣ ਇਨ੍ਹਾਂ ਗੱਲਾਂ ਵਿੱਚ ਰੱਖਿਆ ਹੀ ਕੀ ਹੈ!

ਜੀ ਹਾਂ, ਉਹ ਵੱਡੇ ਸ਼ਾਨਦਾਰ ਇਨਸਾਨ ਸਨ! ਡਰਾਇੰਗ ਰੂਮ ਵਿੱਚੋਂ ਕਿਸੇ ਦੀ ਗਹਿਰੀ ਅਵਾਜ਼ ਸੁਣਾਈ ਦਿੱਤੀ।

ਓਲਗਾ ਇਵਾਨੋਵਨਾ ਨੇ ਦੀਮੋਵ ਦੇ ਨਾਲ਼ ਗੁਜ਼ਾਰੀ ਹੋਈ ਆਪਣੀ ਜ਼ਿੰਦਗੀ ਨੂੰ ਸ਼ੁਰੂ ਤੋਂ ਅੰਤ ਤੱਕ ਪੂਰੇ ਵੇਰਵੇ ਦੇ ਨਾਲ਼ ਯਾਦ ਕੀਤਾ ਅਤੇ ਚਾਣਚੱਕ ਉਹ ਇਸ ਨਤੀਜੇ ਉੱਤੇ ਪੁੱਜ ਗਈ ਕਿ ਉਹ ਵਾਕਈ ਬਹੁਤ ਸ਼ਾਨਦਾਰ, ਨਿਹਾਇਤ ਹੀ ਅਸਾਧਾਰਨ ਅਤੇ ਉਨ੍ਹਾਂ ਸਭਨਾਂ ਦੇ ਮੁਕਾਬਲੇ ਜਿਨ੍ਹਾਂ ਨੂੰ ਉਹ ਜਾਣਦੀ ਸੀ, ਕਿਤੇ ਵੱਡਾ ਇਨਸਾਨ ਸੀ। ਫਿਰ ਉਸਨੂੰ ਯਾਦ ਆਇਆ ਕਿ ਉਸ ਦੇ ਮਰਹੂਮ ਪਿਤਾ ਜੀ ਦੀਮੋਵ ਦੀ ਕਿੰਨੀ ਇੱਜ਼ਤ ਕਰਦੇ ਸਨ। ਖ਼ੁਦ ਦੀਮੋਵ ਦੇ ਸਾਥੀ ਡਾਕਟਰ ਉਸ ਨਾਲ਼ ਕਿੰਨੀ ਮੁਹੱਬਤ ਨਾਲ਼ ਪੇਸ਼ ਆਉਂਦੇ ਸਨ ਅਤੇ ਉਹ ਇਸ ਨਤੀਜੇ ਉੱਤੇ ਪਹੁੰਚੀ ਕਿ ਇਨ੍ਹਾਂ ਸਭ ਲੋਕਾਂ ਨੇ ਦੀਮੋਵ ਦੀ ਸ਼ਖ਼ਸੀਅਤ ਵਿੱਚ ਭਵਿੱਖ ਦੀ ਮਸ਼ਹੂਰ ਹਸਤੀ ਦੀ ਝਲਕ ਵੇਖ ਲਈ ਸੀ। ਕੰਧਾਂ, ਛੱਤ, ਲੈਂਪ ਅਤੇ ਫ਼ਰਸ਼ ਉੱਤੇ ਵਿਛਿਆ ਹੋਇਆ ਕਾਲੀਨ ਸਾਰੀਆਂ ਚੀਜ਼ਾਂ ਮਜ਼ਾਕ ਉਡਾਉਣ ਵਾਲ਼ੇ ਅੰਦਾਜ਼ ਵਿੱਚ ਉਸ ਵੱਲ ਝਾਕਣ ਲੱਗੀਆਂ ਜਿਵੇਂ ਕਹਿ ਰਹੀਆਂ ਹੋਣ, ਤੈਨੂੰ ਨਹੀਂ ਦਿੱਸਿਆ, ਤੈਨੂੰ ਨਹੀਂ ਦਿੱਸਿਆ!

ਉਹ ਉੱਚੀ ਉੱਚੀ ਰੋਂਦੀ ਹੋਈ ਬੜੀ ਤੇਜ਼ੀ ਨਾਲ਼ ਆਪਣੇ ਬੈੱਡਰੂਮ ਵਿੱਚੋਂ ਨਿਕਲੀ, ਡਰਾਇੰਗ ਰੂਮ ਵਿੱਚ ਕਿਸੇ ਅਜਨਬੀ ਨਾਲ਼ ਟਕਰਾਉਂਦੇ ਟਕਰਾਉਂਦੇ ਬਚੀ ਅਤੇ ਆਪਣੇ ਪਤੀ ਦੇ ਅਧਿਐਨ ਕਮਰੇ ਵਿੱਚ ਪਹੁੰਚ ਗਈ। ਉਹ ਤੁਰਕੀ ਦੀਵਾਨ ਉੱਤੇ ਸ਼ਾਂਤ ਅਹਿੱਲ ਲਿਟਿਆ ਹੋਇਆ ਸੀ ਅਤੇ ਉਸ ਦਾ ਜਿਸਮ ਲੱਕ ਤੱਕ ਕੰਬਲ ਨਾਲ਼ ਢਕਿਆ ਹੋਇਆ ਸੀ। ਚਿਹਰਾ ਬੁਰੀ ਤਰ੍ਹਾਂ ਪਿਚਕ ਅਤੇ ਸੁੱਕ ਗਿਆ ਸੀ ਅਤੇ ਉਸ ਉੱਤੇ ਮਟਿਆਲੀ ਮੁਰਦੇਹਾਣੀ ਪੀਲੱਤਣ ਛਾ ਗਈ ਸੀ, ਜਿਹੋ ਜਿਹੀ ਜ਼ਿੰਦਾ ਲੋਕਾਂ ਦੇ ਚੇਹਰਿਆਂ ਉੱਤੇ ਕਦੇ ਨਹੀਂ ਹੁੰਦੀ। ਕੇਵਲ ਮੱਥੇ ਤੋਂ, ਕਾਲੀਆਂ ਅੱਖਾਂ ਤੋਂ ਅਤੇ ਜਾਣੀ ਪਛਾਣੀ ਮੁਸਕਰਾਹਟ ਤੋਂ ਹੀ ਪਤਾ ਚੱਲਦਾ ਸੀ ਕਿ ਇਹ ਦੀਮੋਵ ਹੈ। ਓਲਗਾ ਇਵਾਨੋਵਨਾ ਨੇ ਜਲਦੀ ਜਲਦੀ ਉਸ ਦੀ ਛਾਤੀ, ਮੱਥੇ ਅਤੇ ਹੱਥਾਂ ਨੂੰ ਛੂਹਿਆ। ਛਾਤੀ ਤਾਂ ਅਜੇ ਵੀ ਗਰਮ ਸੀ ਲੇਕਿਨ ਮੱਥਾ ਅਤੇ ਹੱਥ ਬਰਫ ਹੋ ਚੁੱਕੇ ਸਨ। ਅਤੇ ਉਸ ਦੀਆਂ ਅੱਧ ਮੀਟੀਆਂ ਅੱਖਾਂ ਓਲਗਾ ਇਵਾਨੋਵਨਾ ਨੂੰ ਨਹੀਂ ਸਗੋਂ ਕੰਬਲ ਨੂੰ ਤੱਕ ਰਹੀਆਂ ਸਨ।

ਦੀਮੋਵ! ਉਸਨੇ ਉੱਚੀ ਅਵਾਜ਼ ਵਿੱਚ ਪੁਕਾਰਿਆ… ਦੀਮੋਵ!

ਉਹ ਉਸ ਨੂੰ ਇਹ ਕਹਿਣ ਲਈ ਬੇਤਾਬ ਸੀ ਕਿ ਜੋ ਕੁੱਝ ਹੋਇਆ ਉਹ ਸਭ ਗ਼ਲਤ ਸੀ, ਪਾਣੀ ਅਜੇ ਵੀ ਸਿਰ ਤੋਂ ਉੱਚਾ ਨਹੀਂ ਹੋਇਆ ਸੀ, ਜ਼ਿੰਦਗੀ ਵਿੱਚ ਅਜੇ ਵੀ ਬਹਾਰ ਆ ਸਕਦੀ ਸੀ ਅਤੇ ਇਹ ਕਿ ਦੀਮੋਵ ਇੱਕ ਅਸਾਧਾਰਨ, ਅਨੋਖਾ ਅਤੇ ਅਜ਼ੀਮ ਇਨਸਾਨ ਸੀ, ਕਿ ਉਹ ਉਮਰ ਭਰ ਉਸ ਦੀ ਪੂਜਾ ਕਰੇਗੀ, ਉਸ ਦੇ ਸਾਹਮਣੇ ਸ਼ਰਧਾਂਜਲੀ ਵਜੋਂ ਅਤੇ ਪਵਿੱਤਰ ਖੌਫ਼ ਨਾਲ਼ ਸਿਰ ਝੁਕਾਏਗੀ।

ਦੀਮੋਵ! ਓਲਗਾ ਇਵਾਨੋਵਨਾ ਨੇ ਉਸ ਦਾ ਮੋਢਾ ਹਿਲਾਂਦੇ ਹੋਏ ਪੁਕਾਰਿਆ। ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਦੀਮੋਵ ਹੁਣ ਕਦੇ ਵੀ ਨਹੀਂ ਉਠੇਗਾ। ਦੀਮੋਵ, ਦੀਮੋਵ, ਮੈਂ ਪੁਕਾਰ ਰਹੀ ਹਾਂ!

ਅਤੇ ਡਰਾਇੰਗ ਰੂਮ ਵਿੱਚ ਕਰੋਸਤੀਲੇਵ ਨੌਕਰਾਣੀ ਨੂੰ ਕਹਿ ਰਿਹਾ ਸੀ:

ਇਸ ਵਿੱਚ ਸਲਾਹ ਕਰਨ ਵਾਲੀ ਕਿਹੜੀ ਗੱਲ ਹੈ? ਚਰਚ ਦੇ ਦਫ਼ਤਰ ਵਿੱਚ ਜਾ ਕੇ ਬੀਡਲ ਤੋਂ ਪੁੱਛ ਲੈ ਕਿ ਖ਼ੈਰਾਤ ਵਾਲ਼ੇ ਲੋਕ ਕਿੱਥੇ ਰਹਿੰਦੇ ਹਨ। ਉਹ ਆਕੇ ਮੁਰਦਾ ਦੇਹ ਨੂੰ ਨਹਾ ਦੇਣਗਏ ਅਤੇ ਸਭ ਕੁੱਝ ਠੀਕ ਠਾਕ ਕਰ ਦੇਣਗੇ, ਜੋ ਕੁੱਝ ਜ਼ਰੂਰੀ ਹੋਇਆ।