ਅਨੁਵਾਦ:ਤਿੰਨ ਦਰਵੇਸ਼

ਤਿੰਨ ਦਰਵੇਸ਼
ਲਿਉ ਤਾਲਸਤਾਏ, ਅਨੁਵਾਦਕ ਚਰਨ ਗਿੱਲ

("ਅਤੇ ਦੁਆ ਵਿੱਚ ਹੋਰਨਾਂ ਪੰਥਾਂ ਵਾਂਗ ਵਾਰ ਵਾਰ ਗੱਲਾਂ ਨਾ ਦੁਹਰਾਇਆ ਕਰੋ ਕਿਉਂਕਿ ਉਹ ਸਮਝਦੇ ਹਨ ਬਹੁਤਾ ਬੋਲਣ ਨਾਲ ਉਨ੍ਹਾਂ ਦੀ ਸੁਣੀ ਜਾਵੇਗੀ। ਲਿਹਾਜ਼ਾ ਉਨ੍ਹਾਂ ਵਰਗੇ ਨਾ ਬਣ ਜਾਣਾ। ਕਿਉਂਕਿ ਤੁਹਾਡਾ ਰੱਬ ਤੁਹਾਡੀਆਂ ਜ਼ਰੂਰਤਾਂ ਜਾਣਦਾ ਹੈ, ਤੁਹਾਡੇ ਮੰਗਣ ਤੋਂ ਵੀ ਪਹਿਲਾਂ।" ਮੈਥਿਊ, ਛੇ—੭,੮।)

ਵੋਲਗਾ ਦੇ ਇਲਾਕੇ ਦੀ ਇੱਕ ਲੋਕ ਕਥਾ

ਇੱਕ ਪਾਦਰੀ ਅਰਖਾਂਗੇਲਸਕ ਤੋਂ ਸਮੁੰਦਰ ਦੇ ਰਸਤੇ ਸਲੋਵੇਸਤੀਕ ਮਠ ਦਾ ਸਫ਼ਰ ਕਰ ਰਿਹਾ ਸੀ, ਉਸੇ ਜਹਾਜ਼ ਵਿੱਚ ਹੋਰ ਤੀਰਥ ਯਾਤਰੀ ਵੀ ਸਵਾਰ ਸਨ। ਸਫ਼ਰ ਆਸਾਨ ਸੀ, ਮੌਸਮ ਖ਼ੁਸ਼ਗਵਾਰ ਅਤੇ ਹਵਾ ਸਾਥ ਦੇ ਰਹੀ ਸੀ। ਮੁਸਾਫ਼ਰ ਡੈੱਕ ਉੱਤੇ ਲਿਟੇ ਰਹਿੰਦੇ, ਖਾਂਦੇ ਪੀਂਦੇ ਜਾਂ ਗਰੋਹਾਂ ਵਿੱਚ ਬੈਠ ਕੇ ਗੱਪ ਸ਼ੱਪ ਲਗਾਉਂਦੇ। ਪਾਦਰੀ ਵੀ ਡੈੱਕ ਉੱਤੇ ਆ ਗਿਆ, ਅਤੇ ਏਧਰ ਓਧਰ ਚੱਕਰ ਲਾਉਣ ਲੱਗਾ। ਤੱਦ ਉਸਦਾ ਧਿਆਨ ਜਹਾਜ਼ ਦੇ ਬਾਦਬਾਨ ਦੇ ਕੋਲ ਖੜ੍ਹੇ ਕੁਝ ਲੋਕਾਂ ਉੱਤੇ ਪਿਆ ਜੋ ਇੱਕ ਮਛੇਰੇ ਦੀ ਗੱਲ ਬੜੀ ਗ਼ੌਰ ਨਾਲ ਸੁਣ ਰਹੇ ਸਨ। ਮਛੇਰਾ ਸਮੰਦਰ ਵੱਲ ਉਂਗਲ ਨਾਲ ਇਸ਼ਾਰਾ ਕਰਕੇ ਲੋਕਾਂ ਨੂੰ ਕੁੱਝ ਦੱਸ ਰਿਹਾ ਸੀ। ਪਾਦਰੀ ਨੇ ਰੁਕ ਕੇ ਉਸ ਸੇਧ ਵੇਖਿਆ ਜਿੱਧਰ ਮਛੇਰਾ ਇਸ਼ਾਰਾ ਕਰ ਰਿਹਾ ਸੀ। ਪਰ ਉਹਨੂੰ ਲਿਸ਼ਕਾਂ ਮਾਰਦੇ ਸਮੁੰਦਰ ਦੇ ਸਿਵਾ ਕੁੱਝ ਵਿਖਾਈ ਨਾ ਦਿੱਤਾ। ਗੱਲਬਾਤ ਸੁਣਨ ਲਈ ਪਾਦਰੀ ਉਨ੍ਹਾਂ ਲੋਕਾਂ ਦੇ ਥੋੜ੍ਹਾ ਹੋਰ ਨੇੜੇ ਹੋ ਗਿਆ, ਪਰ ਮਛੇਰੇ ਨੇ ਉਸਨੂੰ ਵੇਖਦੇ ਹੀ ਆਦਰ ਨਾਲ ਟੋਪੀ ਉਤਾਰੀ ਅਤੇ ਖ਼ਾਮੋਸ਼ ਹੋ ਗਿਆ। ਬਾਕੀ ਲੋਕਾਂ ਨੇ ਵੀ ਆਪਣੀਆਂ ਟੋਪੀਆਂ ਉਤਾਰੀਆਂ ਅਤੇ ਸਿਰ ਨਿਵਾਏ।

"ਮੈਂ ਤੁਹਾਨੂੰ ਤੰਗ ਕਰਨ ਨਹੀਂ ਆਇਆ ਦੋਸਤੋ," ਪਾਦਰੀ ਬੋਲਿਆ, "ਸਗੋਂ ਮੈਂ ਤਾਂ ਉਨ੍ਹਾਂ ਭਾਈ ਸਾਹਿਬ ਦੀ ਗੱਲ ਸੁਣਨ ਆਇਆ ਹਾਂ।"

"ਮਛੇਰਾ ਸਾਨੂੰ ਦਰਵੇਸ਼ਾਂ ਦੇ ਬਾਰੇ ਵਿੱਚ ਦੱਸ ਰਿਹਾ ਸੀ।" ਦੂਸਰਿਆਂ ਦੀ ਨਿਸਬਤ ਤੇਜ਼ ਤਰਾਜ਼ ਇੱਕ ਸੁਦਾਗਰ ਬੋਲਿਆ।

"ਕਿਹੜੇ ਦਰਵੇਸ਼?" ਪਾਦਰੀ ਨੇ ਜਹਾਜ਼ ਦੇ ਕੋਨੇ ਉੱਤੇ ਪਏ ਇੱਕ ਡਿੱਬੇ ਉੱਤੇ ਬੈਠਦੇ ਹੋਏ ਪੁੱਛਿਆ। "ਮੈਨੂੰ ਵੀ ਦੱਸੋ ਯਾਰ, ਮੈਨੂੰ ਵੀ ਪਤਾ ਚਲੇ ਤੁਸੀਂ ਕਿਸ ਚੀਜ਼ ਦੀ ਤਰਫ਼ ਇਸ਼ਾਰਾ ਕਰ ਰਹੇ ਹੋ।"

"ਉਹ ਟਾਪੂ ਨਜ਼ਰ ਆ ਰਿਹਾ ਹੈ?" ਬੰਦੇ ਨੇ ਜਵਾਬ ਵਿੱਚ ਅੱਗੇ ਥੋੜ੍ਹਾ ਜਿਹਾ ਸੱਜੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ।" ਉਹ ਟਾਪੂ ਹੈ ਜਿੱਥੇ ਦਰਵੇਸ਼ ਰਹਿੰਦੇ ਹਨ, ਰੁਹਾਨੀ ਨਜਾਤ ਦੀ ਖਾਤਰ।"

"ਕਿੱਧਰ ਹੈ ਟਾਪੂ? ਮੈਨੂੰ ਤਾਂ ਕੁੱਝ ਨਜ਼ਰ ਨਹੀਂ ਆ ਰਿਹਾ।" ਪਾਦਰੀ ਨੇ ਜਵਾਬ ਦਿੱਤਾ।

"ਉੱਧਰ, ਥੋੜ੍ਹੇ ਫ਼ਾਸਲੇ ਤੇ, ਜੇਕਰ ਤੁਸੀਂ ਮੇਰੇ ਹੱਥ ਦੀ ਸੇਧ ਵੇਖੋ ਤਾਂ ਛੋਟਾ ਜਿਹਾ ਬੱਦਲ ਨਜ਼ਰ ਆਵੇਗਾ ਉਸਦੇ ਹੇਠਾਂ ਜ਼ਰਾ ਖੱਬੇ, ਮਧਮ ਜਿਹੀ ਪੱਟੀ ਹੈ। ਉਹੀ ਟਾਪੂ ਹੈ।"

ਪਾਦਰੀ ਨੇ ਗ਼ੌਰ ਨਾਲ ਵੇਖਿਆ, ਪਰ ਉਸਨੂੰ ਸਿਵਾਏ ਚਮਕਦੇ ਪਾਣੀ ਦੇ ਹੋਰ ਕੁੱਝ ਨਾ ਵਿਖਾਈ ਦਿੱਤਾ।

"ਮੈਨੂੰ ਨਹੀਂ ਨਜ਼ਰ ਆਇਆ, ਪਰ ਕੀ ਦਰਵੇਸ਼ ਇੱਥੇ ਰਹਿੰਦੇ ਹਨ?" ਪਾਦਰੀ ਬੋਲਿਆ।

"ਉਹ ਵੱਡੇ ਪੁੱਜੇ ਹੋਏ ਬੰਦੇ ਹਨ।" ਮਛੇਰੇ ਨੇ ਜਵਾਬ ਦਿੱਤਾ, "ਮੈਂ ਉਨ੍ਹਾਂ ਬਾਰੇ ਬੜੇ ਅਰਸੇ ਤੋਂ ਸੁਣ ਰੱਖਿਆ ਸੀ, ਪਰ ਪਿਛਲੇ ਸਾਲ ਹੀ ਉਨ੍ਹਾਂ ਨੂੰ ਵੇਖਿਆ।"

ਫਿਰ ਮਛੇਰੇ ਨੇ ਦੱਸਿਆ ਕਿ ਕਿਵੇਂ ਉਹ ਮੱਛੀਆਂ ਫੜਦੇ ਫੜਦੇ ਰਾਤ ਦੇ ਵਕਤ ਟਾਪੂ ਵਿੱਚ ਫਸ ਗਿਆ, ਅਤੇ ਉਸਨੂੰ ਪਤਾ ਵੀ ਨਹੀਂ ਸੀ ਕਿ ਉਹ ਕਿੱਥੇ ਹੈ। ਸਵੇਰੇ ਜਦੋਂ ਉਹ ਟਾਪੂ ਵਿੱਚ ਮਾਰਿਆ ਮਾਰਿਆ ਫਿਰ ਰਿਹਾ ਸੀ, ਉਹਨੂੰ ਇੱਕ ਝੁੱਗੀ ਅਤੇ ਉਸਦੇ ਨਾਲ ਖੜਾ ਇੱਕ ਬੁੱਢਾ ਆਦਮੀ ਵਿਖਾਈ ਦਿੱਤਾ। ਫਿਰ ਦੋ ਹੋਰ ਵੀ ਆ ਗਏ, ਖਾਣਾ ਖਿਲਾਉਣ ਅਤੇ ਉਸਦਾ ਸਾਮਾਨ ਸੁਕਾਉਣ ਦੇ ਬਾਅਦ ਉਨ੍ਹਾਂ ਨੇ ਕਿਸ਼ਤੀ ਮੁਰੰਮਤ ਕਰਨ ਵਿੱਚ ਉਸਦੀ ਮਦਦ ਵੀ ਕੀਤੀ।

"ਅੱਛਾ...ਦੇਖਣ ਵਿੱਚ ਕਿਵੇਂ ਹਨ?" ਪਾਦਰੀ ਨੇ ਪੁੱਛਿਆ।

"ਇੱਕ ਛੋਟੇ ਕਦ ਦਾ ਹੈ, ਉਸਦੀ ਕਮਰ ਝੁਕੀ ਹੋਈ ਹੈ। ਬਹੁਤ ਬਜ਼ੁਰਗ ਹੈ ਅਤੇ ਪਾਦਰੀਆਂ ਵਾਲਾ ਚੋਲਾ ਪਹਿਨਦਾ ਹੈ, ਮੇਰੇ ਹਿਸਾਬ ਨਾਲ ਲਗਪਗ ਸੌ ਸਾਲ ਦਾ ਤਾਂ ਹੋਵੇਗਾ। ਇੰਨਾ ਬੁੱਢਾ ਹੈ ਕਿ ਉਸਦੀ ਦਾੜ੍ਹੀ ਦੀ ਸਫੈਦੀ ਵੀ ਹੁਣ ਹਰੀ ਜਿਹੀ ਹੋਈ ਜਾਂਦੀ ਹੈ। ਪਰ ਹਰ ਵਕਤ ਮੁਸਕੁਰਾਉਂਦਾ ਰਹਿੰਦਾ ਹੈ, ਅਤੇ ਉਸਦਾ ਚਿਹਰਾ ਤਾਂ ਜਿਵੇਂ ਕਿਸੇ ਅਰਸ਼ੋਂ ਉਤਰੇ ਫ਼ਰਿਸ਼ਤੇ ਦੀ ਤਰ੍ਹਾਂ ਰੌਸ਼ਨ ਹੈ। ਦੂਜਾ ਮੁਕਾਬਲਤਨ ਲੰਮਾ ਹੈ, ਪਰ ਉਹ ਵੀ ਬਹੁਤ ਬੁੱਢਾ ਹੈ। ਫੱਟਿਆ ਪੁਰਾਣਾ ਕਿਸਾਨਾਂ ਵਾਲਾ ਝੱਗਾ ਪਹਿਨਦਾ ਹੈ। ਉਸਦੀ ਦਾੜ੍ਹੀ ਚੌੜੀ ਅਤੇ ਜ਼ਰਦ ਮਾਇਲ ਸਲੇਟੀ ਰੰਗ ਦੀ ਹੈ, ਉਹ ਤਕੜਾ ਆਦਮੀ ਹੈ। ਉਸ ਤੋਂ ਪਹਿਲਾਂ ਕਿ ਮੈਂ ਉਸਦੀ ਮਦਦ ਕਰਦਾ, ਉਸ ਨੇ ਮੇਰੀ ਕਿਸ਼ਤੀ ਨੂੰ ਖਿਡੌਣੇ ਦੀ ਤਰ੍ਹਾਂ ਉਲਟਾ ਵੀ ਦਿੱਤਾ। ਉਹ ਵੀ, ਹਲੀਮ ਅਤੇ ਖੁਸ਼ਮਿਜ਼ਾਜ ਹੈ। ਤੀਸਰੇ ਵਾਲਾ ਲੰਮਾ ਹੈ, ਦਾੜ੍ਹੀ ਉਸਦੀ ਬਰਫ ਚਿੱਟੀ ਅਤੇ ਗੋਡਿਆਂ ਤੱਕ ਆਉਂਦੀ ਹੈ। ਉਹ ਗੰਭੀਰ ਹੈ, ਵੱਡੀਆਂ ਵੱਡੀਆਂ ਭਵਾਂ ਵਾਲਾ; ਉਸ ਨੇ ਬਸ ਕਮਰ ਦੇ ਗਿਰਦ ਇੱਕ ਲੁੰਗੀ ਜਿਹੀ ਬੰਨ੍ਹ ਰੱਖੀ ਸੀ।"

"ਉਨ੍ਹਾਂ ਨੇ ਤੇਰੇ ਨਾਲ ਕੋਈ ਗੱਲ ਕੀਤੀ?" ਪਾਦਰੀ ਨੇ ਪੁੱਛਿਆ।

"ਬਹੁਤਾ ਸਮਾਂ ਤਾਂ ਉਹ ਖ਼ਾਮੋਸ਼ ਹੀ ਰਹੇ ਅਤੇ ਕੰਮ ਕਰਦੇ ਗਏ, ਆਪਸ ਵਿੱਚ ਵੀ ਬਹੁਤ ਘੱਟ ਗੱਲ ਕੀਤੀ। ਕੋਈ ਇੱਕ ਬਸ ਨਜ਼ਰ ਮਾਰਦਾ ਅਤੇ ਦੂਜਾ ਉਸਦੀ ਗੱਲ ਸਮਝ ਜਾਂਦਾ। ਮੈਂ ਲੰਬੇ ਵਾਲੇ ਤੋਂ ਪੁੱਛਿਆ ਕਿ ਕਾਫ਼ੀ ਅਰਸੇ ਤੋਂ ਇੱਥੇ ਰਹਿ ਰਹੇ ਹੋ? ਉਸ ਨੇ ਜਵਾਬ ਵਿੱਚ ਮੈਨੂੰ ਘੂਰ ਕੇ ਵੇਖਿਆ ਅਤੇ ਬੁੜਬੜਾਉਣ ਲੱਗ ਪਿਆ, ਜਿਵੇਂ ਕਿ ਗੁੱਸੇ ਵਿੱਚ ਹੋਵੇ। ਪਰ ਸਭ ਤੋਂ ਬੁੱਢੇ ਨੇ ਉਸਦਾ ਹੱਥ ਫੜਿਆ ਅਤੇ ਮੁਸਕਰਾਇਆ, ਤਾਂ ਲੰਬੇ ਵਾਲਾ ਖ਼ਾਮੋਸ਼ ਹੋ ਗਿਆ। ਫਿਰ ਬਾਬੇ ਨੇ ਮੇਰੇ ਵੱਲ ਮੁਸਕੁਰਾ ਕੇ ਕਿਹਾ, "ਸਾਡੇ ਉੱਤੇ ਰਹਿਮ ਕਰੋ।"

ਮਛੇਰੇ ਦੀ ਗੱਲਬਾਤ ਦੇ ਦੌਰਾਨ ਜਹਾਜ਼ ਕੰਢੇ ਦੇ ਕਾਫ਼ੀ ਨਜ਼ਦੀਕ ਜਾ ਪਹੁੰਚਿਆ ਸੀ।

"ਔਹ ਵੇਖੋ, ਹੁਣ ਸਾਫ਼ ਨਜ਼ਰ ਆ ਰਿਹਾ ਹੈ, ਜੇਕਰ ਸਰਕਾਰ ਵੇਖਣਾ ਪਸੰਦ ਕਰਨ ਤਾਂ," ਸੁਦਾਗਰ ਹੱਥ ਨਾਲ ਉਸ ਤਰਫ਼ ਇਸ਼ਾਰਾ ਕਰਕੇ ਬੋਲਿਆ।

ਪਾਦਰੀ ਨੇ ਵੇਖਿਆ, ਅਤੇ ਹੁਣ ਉਸਨੂੰ ਸਿਆਹ ਪੱਟੀ ਦੀ ਸ਼ਕਲ ਵਿੱਚ ਟਾਪੂ ਵਿਖਾਈ ਦਿੱਤਾ। ਥੋੜ੍ਹੀ ਦੇਰ ਉਸ ਪੱਟੀ ਦੀ ਤਰਫ਼ ਦੇਖਣ ਦੇ ਬਾਅਦ ਉਹ ਜਹਾਜ਼ ਦੇ ਕੰਢੇ ਕੋਲੋਂ ਹੱਟ ਗਿਆ ਅਤੇ ਡੈੱਕ ਉੱਤੇ ਜਾ ਕੇ ਜਹਾਜ਼ੀ ਤੋਂ ਪੁੱਛਿਆ,

"ਇਹ ਕਿਹੜਾ ਟਾਪੂ ਹੈ?"

"ਔਹ ਵਾਲਾ" ਮਲਾਹ ਬੋਲਿਆ, "ਬੇਨਾਮ ਹੈ। ਇਸ ਵਰਗੇ ਬੇਸ਼ੁਮਾਰ ਨੇ ਸਮੁੰਦਰ ਵਿੱਚ।"

"ਕੀ ਇਹ ਸੱਚ ਹੈ ਕਿ ਇੱਥੇ ਦਰਵੇਸ਼ ਰੂਹ ਦੀ ਮੁਕਤੀ ਦੀ ਖ਼ਾਤਰ ਰਹਿ ਰਹੇ ਹਨ?"

"ਅਜਿਹਾ ਹੀ ਕਹਿੰਦੇ ਹਨ ਸਰਕਾਰ, ਸੱਚ ਝੂਠ ਦਾ ਮੈਨੂੰ ਨਹੀਂ ਪਤਾ। ਮਛੇਰੇ ਦਾਹਵਾ ਕਰਦੇ ਹਨ ਕਿ ਉਨ੍ਹਾਂ ਨੇ ਵੇਖੇ ਹਨ, ਪਰ ਤੁਹਾਨੂੰ ਪਤਾ ਹੈ ਉਹ ਅਕਸਰ ਵੱਡੀ ਗੱਪ ਮਾਰਦੇ ਹਨ।"

"ਮੇਰਾ ਟਾਪੂ ਉੱਤੇ ਰੁਕ ਕੇ ਉਨ੍ਹਾਂ ਬੰਦਿਆਂ ਨੂੰ ਮਿਲਣ ਦਾ ਦਿਲ ਕਰਦਾ ਹੈ।" ਪਾਦਰੀ ਨੇ ਕਿਹਾ, "ਪਰ ਕਿਵੇਂ?"

"ਜਹਾਜ਼ ਟਾਪੂ ਦੇ ਬਿਲਕੁਲ ਕੋਲ ਨਹੀਂ ਜਾ ਸਕੇਗਾ, ਪਰ ਤੁਹਾਨੂੰ ਛੋਟੀ ਕਿਸ਼ਤੀ ਵਿੱਚ ਉੱਥੇ ਪਹੁੰਚਾਇਆ ਜਾ ਸਕਦਾ ਹੈ। ਬਿਹਤਰ ਹੋਵੇਗਾ ਤੁਸੀਂ ਕਪਤਾਨ ਨਾਲ ਗੱਲ ਕਰੋ।"

ਕਪਤਾਨ ਨੂੰ ਬੁਲਾਵਾ ਭੇਜਿਆ ਗਿਆ ਤਾਂ ਉਹ ਫ਼ੌਰਨ ਆ ਗਿਆ।

"ਮੈਂ ਇਨ੍ਹਾਂ ਦਰਵੇਸ਼ਾਂ ਨੂੰ ਮਿਲਣਾ ਚਾਹੁੰਦਾ ਹਾਂ," ਪਾਦਰੀ ਨੇ ਪੁੱਛਿਆ, "ਮੈਨੂੰ ਤੱਟ ਤੱਕ ਪਹੁੰਚਾ ਸਕਦੇ ਹੋ?"

ਕਪਤਾਨ ਨੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ।

"ਹਾਂ ਜੀ ਬਿਲਕੁਲ ਜਾ ਸਕਦੇ ਹਾਂ, ਉਹ ਬੋਲਿਆ ਪਰ ਵਕਤ ਬਹੁਤ ਜ਼ਾਇਆ ਹੋ ਜਾਵੇਗਾ ਅਤੇ ਗੁਸਤਾਖ਼ੀ ਮਾਫ, ਬੁੱਢੇ ਇਸ ਕਾਬਿਲ ਨਹੀਂ ਕਿ ਸਰਕਾਰ ਉਨ੍ਹਾਂ ਨੂੰ ਮਿਲਣ ਲਈ ਤਕਲੀਫ ਕਰਨ। ਬਹੁਤ ਲੋਕ ਕਹਿੰਦੇ ਹਨ ਕਿ ਇਹ ਪਾਗਲ ਬੁੱਢੇ ਹਨ, ਜਿਨ੍ਹਾਂ ਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਆਉਂਦੀ, ਅਤੇ ਕੁੱਝ ਬੋਲਦੇ ਵੀ ਨਹੀਂ, ਇੰਜ ਹੀ ਨੇ ਜਿਵੇਂ ਸਮੁੰਦਰ ਦੀਆਂ ਮੱਛੀਆਂ।"

"ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ, "ਪਾਦਰੀ ਬੋਲਿਆ। "ਤੁਹਾਡੇ ਵਕਤ ਅਤੇ ਤਕਲੀਫ਼ ਉਠਾਉਣ ਦਾ ਮੈਂ ਮੁਆਵਜ਼ਾ ਅਦਾ ਕਰਾਂਗਾ। ਮਿਹਰਬਾਨੀ ਕਰਕੇ ਕਿਸ਼ਤੀ ਦਾ ਬੰਦੋਬਸਤ ਕਰਵਾ ਦਿਉ।"

"ਕੋਈ ਚਾਰਾ ਨਾ ਚਲਿਆ ਤਾਂ ਕਪਤਾਨ ਨੇ ਕਿਸ਼ਤੀ ਤਿਆਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਮਲਾਹਾਂ ਨੇ ਚੱਪੂ ਅਤੇ ਪਤਵਾਰ ਤਿਆਰ ਕੀਤੇ, ਅਤੇ ਕਿਸ਼ਤੀ ਟਾਪੂ ਵੱਲ ਚੱਲ ਪਈ।"

ਪਾਦਰੀ ਲਈ ਕਿਸ਼ਤੀ ਵਿੱਚ ਇੱਕ ਕੁਰਸੀ ਰੱਖੀ ਗਈ ਸੀ, ਸਾਰੇ ਮੁਸਾਫ਼ਰ ਜਹਾਜ਼ ਦੇ ਕੰਢੇ ਉੱਤੇ ਟਿਕੇ ਟਾਪੂ ਦੀ ਤਰਫ਼ ਵੇਖ ਰਹੇ ਸਨ। ਤੇਜ਼ ਨਜ਼ਰ ਵਾਲਿਆਂ ਨੂੰ ਉੱਥੇ ਪਏ ਪੱਥਰ ਵਿਖਾਈ ਦੇ ਰਹੇ ਸਨ, ਫਿਰ ਮਿੱਟੀ ਦੀ ਇੱਕ ਝੁੱਗੀ ਨਜ਼ਰ ਆਈ। ਆਖ਼ਿਰ ਇੱਕ ਬੰਦੇ ਨੂੰ ਦਰਵੇਸ਼ ਵੀ ਨਜ਼ਰ ਆ ਗਏ। ਕਪਤਾਨ ਨੇ ਦੂਰਬੀਨ ਕੱਢੀ ਅਤੇ ਇਸ ਨਾਲ ਇੱਕ ਨਜ਼ਰ ਵੇਖ ਕੇ ਪਾਦਰੀ ਨੂੰ ਫੜਾ ਦਿੱਤੀ।

"ਗੱਲ ਤਾਂ ਸੱਚ ਲੱਗਦੀ ਹੈ, ਤਿੰਨ ਬੰਦੇ ਖੜੇ ਹਨ ਤੱਟ ਉੱਤੇ। ਉਹ, ਉਸ ਵੱਡੀ ਚੱਟਾਨ ਤੋਂ ਥੋੜ੍ਹਾ ਸੱਜੇ।" ਪਾਦਰੀ ਨੇ ਦੂਰਬੀਨ ਫੜੀ, ਸਿੱਧੀ ਕੀਤੀ ਅਤੇ ਤਿੰਨ ਬੰਦਿਆਂ ਨੂੰ ਵੇਖਿਆ: ਇੱਕ ਲੰਮਾ, ਇੱਕ ਦਰਮਿਆਨਾ, ਅਤੇ ਇੱਕ ਬਹੁਤ ਛੋਟਾ ਕੁਬੜਾ ਜਿਹਾ, ਤੱਟ ਉੱਤੇ ਇੱਕ ਦੂਜੇ ਦੇ ਹੱਥ ਫੜੀਂ ਖੜੇ ਸਨ। ਕਪਤਾਨ ਪਾਦਰੀ ਵੱਲ ਮੁੜਿਆ।

"ਸਰਕਾਰ ਜਹਾਜ਼ ਹੋਰ ਅੱਗੇ ਨਹੀਂ ਜਾ ਸਕਦਾ, ਤੁਸੀਂ ਤੱਟ ਉੱਤੇ ਜਾਣਾ ਹੀ ਚਾਹੁੰਦੇ ਹੋ ਤਾਂ ਗੁਜਾਰਿਸ਼ ਹੈ ਕਿਸ਼ਤੀ ਵਿੱਚ ਤਸ਼ਰੀਫ ਲੈ ਜਾਓ ਤੱਦ ਤੱਕ ਅਸੀਂ ਇੱਥੇ ਲੰਗਰ ਸੁੱਟ ਕੇ ਇੰਤਜ਼ਾਰ ਕਰਦੇ ਹਾਂ।"

ਰੱਸਾ ਸੁੱਟਿਆ ਗਿਆ, ਲੰਗਰ ਪਾਇਆ ਗਿਆ, ਬਾਦਬਾਨ ਫੜਫੜਾਏ। ਇੱਕ ਝੱਟਕਾ ਲੱਗਣ ਨਾਲ ਜਹਾਜ਼ ਹਿੱਲ ਗਿਆ। ਫਿਰ ਕਿਸ਼ਤੀ ਨੂੰ ਪਾਣੀ ਵਿੱਚ ਉਤਾਰਿਆ ਗਿਆ, ਇੱਕ ਮਲਾਹ ਛਲਾਂਗ ਮਾਰ ਕੇ ਕਿਸ਼ਤੀ ਵਿੱਚ ਉਤਰਿਆ। ਉਸਦੇ ਬਾਅਦ ਪਾਦਰੀ ਪੌੜੀ ਨਾਲ ਹੇਠਾਂ ਉੱਤਰ ਕੇ ਕੁਰਸੀ ਉੱਤੇ ਬੈਠ ਗਿਆ। ਬੰਦਿਆਂ ਨੇ ਚੱਪੂ ਚਲਾ ਕੇ ਕਿਸ਼ਤੀ ਨੂੰ ਤੇਜ਼ੀ ਨਾਲ ਟਾਪੂ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਬਹੁਤ ਨੇੜੇ ਆ ਗਏ ਤਾਂ ਉਨ੍ਹਾਂ ਨੂੰ ਤਿੰਨ ਬੰਦੇ ਵਿਖਾਈ ਦਿੱਤੇ: ਇੱਕ ਲੁੰਗੀ ਪੋਸ਼ ਲੰਮਾ, ਇੱਕ ਮਧਰਾ ਜਿਸ ਨੇ ਚੀਥੜੇ ਜਿਹਾ ਕੋਟ ਪਹਿਨ ਰੱਖਿਆ ਸੀ, ਅਤੇ ਇੱਕ ਬਹੁਤ ਬੁੱਢਾ...ਬੁਢਾਪੇ ਦੀ ਵਜ੍ਹਾ ਨਾਲ ਝੁੱਕਿਆ ਹੋਇਆ, ਪੁਰਾਣੀ ਪੋਸ਼ਾਕ ਪਹਿਨੇ ਹੋਏ। ਹੱਥਾਂ ਵਿੱਚ ਹੱਥ ਫੜੀਂ ਖੜੇ।

ਮਲਾਹਾਂ ਨੇ ਸਾਵਧਾਨੀ ਨਾਲ ਕਿਸ਼ਤੀ ਨੂੰ ਤੱਟ ਦੇ ਨਾਲ ਲਗਾਇਆ, ਅਤੇ ਪਾਦਰੀ ਦੇ ਉੱਤਰ ਜਾਣ ਤੱਕ ਕਿਸ਼ਤੀ ਨੂੰ ਰੋਕ ਰੱਖਿਆ।

ਬੁੱਢੇ ਉਸਨੂੰ ਵੇਖ ਕੇ ਅਦਬ ਨਾਲ ਝੁਕੇ ਅਤੇ ਇਸ ਉਸਨੇ ਉਨ੍ਹਾਂ ਨੂੰ ਦੁਆ ਦਿੱਤੀ, ਜਿਸਨੂੰ ਸੁਣ ਕੇ ਉਹ ਹੋਰ ਵੀ ਝੁਕ ਗਏ। ਫਿਰ ਪਾਦਰੀ ਉਨ੍ਹਾਂ ਨੂੰ ਮੁਖ਼ਾਤਬ ਹੋਇਆ। "ਅੱਲ੍ਹਾ ਦੇ ਬੰਦਿਉ ਮੈਂ ਸੁਣਿਆ ਹੈ ਕਿ ਤੁਸੀਂ ਇੱਥੇ ਰਹਿੰਦੇ ਹੋ, ਆਪਣੀ ਰੂਹ ਦੀ ਹਿਫ਼ਾਜ਼ਤ ਦੀ ਖਾਤਰ ਅਤੇ ਤੁਸੀਂ ਖ਼ੁਦਾ ਕੋਲੋਂ ਸਰਬੱਤ ਦੀ ਖੈਰ ਵੀ ਮੰਗਦੇ ਹੋ। ਮੈਂ ਵੀ ਮਸੀਹ ਦਾ ਅਦਨਾ ਸੇਵਕ ਹਾਂ, ਖ਼ੁਦਾ ਦੀ ਦਇਆ ਨਾਲ ਉਸਦੀ ਰਿਆਇਆ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਦੀ ਤਰਬੀਅਤ ਕਰਨਾ ਮੇਰੀ ਜਿੰਮੇਵਾਰੀ ਹੈ। ਅੱਲ੍ਹਾ ਵਾਲਿਉ ਮੇਰੀ ਖਾਹਿਸ਼ ਹੈ ਸੀ ਕਿ ਤੁਹਾਨੂੰ ਮਿਲਾਂ ਅਤੇ ਕੁੱਝ ਤੁਹਾਨੂੰ ਵੀ ਸਿਖਾਵਾਂ।"

ਬੁੱਢੇ ਇੱਕ ਦੂਜੇ ਦੀ ਤਰਫ਼ ਵੇਖ ਕੇ ਮੁਸਕੁਰਾਏ, ਪਰ ਖ਼ਾਮੋਸ਼ ਰਹੇ।

"ਮੈਨੂੰ ਦੱਸੋ," ਪਾਦਰੀ ਬੋਲਿਆ। "...ਤੁਸੀਂ ਆਪਣੀ ਰੂਹ ਦੀ ਹਿਫ਼ਾਜ਼ਤ ਦੀ ਖਾਤਰ ਕੀ ਕਰ ਰਹੇ ਹੋ, ਅਤੇ ਤੁਸੀਂ ਇਸ ਟਾਪੂ ਵਿੱਚ ਰਹਿ ਕੇ ਖ਼ੁਦਾ ਦਾ ਕਿਹੜਾ ਕੰਮ ਕਰ ਰਹੇ ਹੋ?"

ਦੂਜੇ ਦਰਵੇਸ਼ ਨੇ ਆਹ ਭਰੀ, ਅਤੇ...ਸਭ ਤੋਂ ਬਜ਼ੁਰਗ ਬਾਬੇ ਦੀ ਤਰਫ਼ ਵੇਖਿਆ। ਬਾਬਾ ਮੁਸਕਰਾਇਆ ਅਤੇ ਬੋਲਿਆ:

"ਖ਼ੁਦਾ ਦੇ ਬੰਦੇ, ਸਾਨੂੰ ਨਹੀਂ ਪਤਾ ਖ਼ੁਦਾ ਦੀ ਖਿਦਮਤ ਕਿਵੇਂ ਕਰਨੀ ਹੈ। ਅਸੀਂ ਤਾਂ ਬਸ ਆਪਣਾ ਕੰਮ ਕਾਜ ਕਰਕੇ ਗੁਜ਼ਰ ਬਸਰ ਕਰਦੇ ਹਾਂ।"

"ਪਰ ਤੁਸੀਂ ਖ਼ੁਦਾ ਦੀ ਇਬਾਦਤ ਕਿਵੇਂ ਕਰਦੇ ਹੋ?" ਪਾਦਰੀ ਨੇ ਪੁੱਛਿਆ।

"ਅਸੀਂ ਤਾਂ ਇਸ ਤਰ੍ਹਾਂ ਦੁਆ ਕਰਦੇ ਹਾਂ," ਦਰਵੇਸ਼ ਬੋਲਿਆ। "ਤੁਸੀਂ ਤਿੰਨ ਹੋ, ਅਸੀਂ ਵੀ ਤਿੰਨ, ਸਾਡੇ ਤੇ ਰਹਿਮ ਕਰੋ।"

ਜਦੋਂ ਬੁੱਢਾ ਇਹ ਸ਼ਬਦ ਕਹਿ ਰਿਹਾ ਸੀ, ਤਿੰਨਾਂ ਦਰਵੇਸ਼ਾਂ ਨੇ ਨਜ਼ਰਾਂ ਅਸਮਾਨ ਵੱਲ ਉਠਾ ਲਈਆਂ ਅਤੇ ਬੋਲੇ:

"ਤੁਸੀਂ ਤਿੰਨ ਹੋ, ਅਸੀਂ ਵੀ ਤਿੰਨ, ਸਾਡੇ ਤੇ ਰਹਿਮ ਕਰੋ।" ਪਾਦਰੀ ਮੁਸਕੁਰਾਇਆ।

"ਤੁਸੀਂ ਲੋਕਾਂ ਨੂੰ ਪਵਿੱਤਰ ਤਿੱਕੜੀ ਦਾ ਤਾਂ ਪਤਾ ਹੈ, ਪਰ ਤੁਹਾਡਾ ਇਬਾਦਤ ਦਾ ਤਰੀਕਾ ਦਰੁਸਤ ਨਹੀਂ ਹੈ। ਅੱਲ੍ਹਾ ਵਾਲਿਉ ਮੈਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਹੈ। ਸਾਫ਼ ਹੈ ਕਿ ਤੁਸੀਂ ਖ਼ੁਦਾ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਪਰ ਤੁਹਾਨੂੰ ਤਰੀਕਾ ਨਹੀਂ ਪਤਾ।"

"ਇਵੇਂ ਨਹੀਂ ਕਰਦੇ ਇਬਾਦਤ … ਮੈਂ ਤੁਹਾਨੂੰ ਸਿਖਾ ਦੇਵਾਂਗਾ, ਤੁਸੀਂ ਸੁਣਦੇ ਜਾਓ। ਜੋ ਤਰੀਕਾ ਮੈਂ ਤੁਹਾਨੂੰ ਦੱਸਾਂਗਾ ਉਹ ਮੇਰਾ ਆਪਣਾ ਘੜਿਆ ਹੋਇਆ ਨਹੀਂ ਹੈ, ਸਗੋਂ ਖ਼ੁਦਾਵੰਦ ਨੇ ਸੰਤਾਂ ਰਾਹੀਂ ਬੰਦਿਆਂ ਨੂੰ ਇਸ ਤਰੀਕੇ ਨਾਲ ਉਸਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਹੈ।" ਫਿਰ ਪਾਦਰੀ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕਿਸ ਤਰ੍ਹਾਂ ਖ਼ੁਦਾ ਨੇ ਖ਼ੁਦ ਨੂੰ ਲੋਕਾਂ ਉੱਤੇ ਪਾਕ ਕੀਤਾ। ਉਸ ਨੇ ਉਨ੍ਹਾਂ ਨੂੰ ਬਾਪ ਖ਼ੁਦਾ, ਬੇਟੇ ਖ਼ੁਦਾ, ਅਤੇ ਰੂਹ ਖ਼ੁਦਾ ਦੇ ਬਾਰੇ ਵਿੱਚ ਦੱਸਿਆ।

ਖ਼ੁਦਾ ਦਾ ਪੁੱਤਰ ਇਨਸਾਨਾਂ ਦੀ ਜਾਨ ਬਖ਼ਸ਼ੀ ਕਰਵਾਉਣ ਜ਼ਮੀਨ ਉੱਤੇ ਆਇਆ। ਅਤੇ ਉਸ ਨੇ ਸਾਨੂੰ ਇਬਾਦਤ ਦਾ ਇਹ ਤਰੀਕਾ ਸਿਖਾਇਆ …

"ਸਾਡਾ ਬਾਪ "

ਪਹਿਲੇ ਬੁੱਢੇ ਨੇ ਪਾਦਰੀ ਦੇ ਪਿੱਛੇ ਦੁਹਰਾਇਆ, "ਸਾਡਾ ਬਾਪ" ਉਸਦੇ ਪਿੱਛੇ ਦੂਜਾ ਬੋਲਿਆ, "ਸਾਡਾ ਬਾਪ" ਅਤੇ ਫਿਰ ਤੀਜਾ ਬੋਲਿਆ, "ਸਾਡਾ ਬਾਪ"

"ਜੋ ਉੱਪਰ ਸੁਰਗ ਵਿੱਚ ਹੈ," ਪਾਦਰੀ ਬੋਲਿਆ।

ਪਹਿਲਾਂ ਬੁੱਢੇ ਨੇ ਦੁਹਰਾਇਆ "ਜੋ ਉੱਪਰ ਸੁਰਗ ਵਿੱਚ ਹੈ," ਪਰ ਦੂਜੇ ਵਾਲੇ ਕੋਲੋਂ ਸ਼ਬਦ ਗ਼ਲਤ-ਮਲਤ ਹੋ ਗਏ। ਉਸਦੇ ਵਧੇ ਹੋਏ ਬਾਲ ਉਸਦੇ ਮੂੰਹ ਵਿੱਚ ਆ ਰਹੇ ਸਨ, ਇਸ ਲਈ ਉਸ ਕੋਲੋਂ ਠੀਕ ਬੋਲਿਆ ਨਹੀਂ ਜਾਂਦਾ ਸੀ। ਸਭ ਤੋਂ ਬੁੱਢੇ ਬਾਬੇ ਦੇ ਦੰਦ ਨਹੀਂ ਸਨ, ਉਸ ਨੇ ਵੀ ਪੋਪਲੇ ਮੂੰਹ ਵਿੱਚੋਂ ਕੁੱਝ ਅੰਟ ਸ਼ੰਟ ਬੋਲ ਦਿੱਤਾ।

ਪਾਦਰੀ ਨੇ ਦੁਬਾਰਾ ਸ਼ਬਦ ਦੁਹਰਾਏ, ਉਸਦੇ ਪਿੱਛੇ ਪਿੱਛੇ ਬੁੱਢੇ ਵੀ ਦੁਹਰਾਉਣ ਲੱਗੇ। ਪਾਦਰੀ ਇੱਕ ਪੱਥਰ ਉੱਤੇ ਬੈਠ ਗਿਆ ਅਤੇ ਬੁੱਢੇ ਉਸਦੇ ਸਾਹਮਣੇ ਬੈਠ ਗਏ। ਜਿਵੇਂ ਜਿਵੇਂ ਉਹ ਬੋਲਦਾ ਬੁੱਢੇ ਵੀ ਉਸਦੇ ਮੂੰਹ ਦੀ ਤਰਫ਼ ਵੇਖ ਕੇ ਦੁਹਰਾਉਂਦੇ ਜਾਂਦੇ। ਸਾਰਾ ਦਿਨ ਪਾਦਰੀ ਜਾਨ ਮਾਰਦਾ ਰਿਹਾ, ਇੱਕ ਇੱਕ ਲਫਜ ਨੂੰ ਵੀਹ ਵੀਹ, ਤੀਹ ਤੀਹ, ਸੌ ਸੌ ਮਰਤਬਾ ਤੱਕ ਦੁਹਰਾਉਂਦਾ ਰਿਹਾ, ਅਤੇ ਬੁੱਢੇ ਉਸਦੇ ਪਿੱਛੇ ਪਿੱਛੇ ਦੁਹਰਾਉਂਦੇ ਰਹੇ। ਉਹ ਗ਼ਲਤੀ ਕਰਦੇ, ਉਹ ਸਹੀ ਕਰਦਾ, ਅਤੇ ਫਿਰ ਸ਼ੁਰੂ ਤੋਂ ਸ਼ੁਰੂ ਕਰਾ ਦਿੰਦਾ।

ਪਾਦਰੀ ਉਥੇ ਹੀ ਰਿਹਾ, ਯਦ ਤੱਕ ਕਿ ਉਸ ਨੇ ਉਨ੍ਹਾਂ ਨੂੰ ਪੂਰੀ ਦੁਆ ਜਬਾਨੀ ਯਾਦ ਨਾ ਕਰਵਾ ਦਿੱਤੀ, ਉਹ ਨਾ ਸਿਰਫ ਉਸਦੇ ਪਿੱਛੇ ਦੁਹਰਾਉਣ ਜੋਗੇ ਹੋ ਗਏ ਸਗੋਂ ਉਸਦੇ ਬਿਨਾਂ ਵੀ ਪੂਰੀ ਦੁਆ ਉਨ੍ਹਾਂ ਨੂੰ ਯਾਦ ਹੋ ਗਈ।

ਦਰਮਿਆਨ ਵਾਲੇ ਨੇ ਸਭ ਤੋਂ ਪਹਿਲਾਂ ਦੁਆ ਯਾਦ ਕਰਕੇ ਜਬਾਨੀ ਸੁਣਾਈ। ਪਾਦਰੀ ਦੇ ਕਹਿਣ ਤੇ ਉਸ ਨੇ ਦੂਸਰਿਆਂ ਦੀ ਵਾਰ ਵਾਰ ਦੁਹਰਾਈ ਕਰਵਾਈ। ਆਖ਼ਿਰਕਾਰ ਦੂਸਰਿਆਂ ਨੂੰ ਵੀ ਦੁਆ ਚੇਤੇ ਹੋ ਗਈ।

ਅੰਧਕਾਰ ਛਾ ਰਿਹਾ ਸੀ, ਅਤੇ ਪਾਣੀਆਂ ਦੇ ਪਿੱਛਿਉਂ ਚੰਨ ਚੜ੍ਹ ਰਿਹਾ ਸੀ। ਤਦ ਪਾਦਰੀ ਜਹਾਜ਼ ਉੱਤੇ ਵਾਪਸ ਜਾਣ ਲਈ ਉਠ ਖੜਾ ਹੋਇਆ। ਉਸ ਨੇ ਬੁੱਢਿਆਂ ਤੋਂ ਜਾਣ ਦੀ ਇਜਾਜ਼ਤ ਮੰਗੀ, ਉਹ ਸਾਰੇ ਉਸਦੇ ਸਾਹਮਣੇ ਆਦਰ ਨਾਲ ਝੁਕ ਗਏ। ਉਸ ਨੇ ਉਨ੍ਹਾਂ ਨੂੰ ਉਠਾਇਆ, ਇੱਕ ਇੱਕ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਉਸਦੇ ਦੱਸੇ ਹੋਏ ਤਰੀਕੇ ਉੱਤੇ ਇਬਾਦਤ ਕਰਨ ਦੀ ਹਿਦਾਇਤ ਕੀਤੀ।

ਕਿਸ਼ਤੀ ਵਿੱਚ ਬੈਠ ਕੇ ਵਾਪਸ ਜਾਂਦੇ ਹੋਏ ਉਸਨੂੰ ਬੁੱਢਿਆਂ ਦੀਆਂ ਅਵਾਜ਼ਾਂ ਆ ਰਹੀਆਂ ਸਨ, ਉਹ ਉੱਚੀ ਉੱਚੀ ਦੁਆ ਪੜ੍ਹ ਰਹੇ ਸਨ। ਜਿਵੇਂ ਜਿਵੇਂ ਕਿਸ਼ਤੀ ਜਹਾਜ਼ ਦੇ ਨਜ਼ਦੀਕ ਹੁੰਦੀ ਗਈ, ਉਨ੍ਹਾਂ ਦੀ ਅਵਾਜ਼ਾਂ ਮੱਧਮ ਹੁੰਦੀਆਂ ਚੱਲੀਆਂ ਗਈਆਂ, ਪਰ ਚੰਨ ਦੀ ਚਾਂਦਨੀ ਵਿੱਚ ਉਨ੍ਹਾਂ ਦੀ ਧੁੰਦਲੀ ਜਿਹੀ ਝਲਕ ਦਿਖਾਈ ਦੇ ਰਹੀ ਸੀ। ਜਿੱਥੇ ਉਹ ਉਨ੍ਹਾਂ ਨੂੰ ਛੱਡਕੇ ਆਇਆ ਸੀ ਉਸੀ ਜਗ੍ਹਾ ਉੱਤੇ ਖੜੇ ਸਭ ਤੋਂ ਛੋਟਾ ਦਰਮਿਆਨ ਵਿੱਚ, ਬਹੁਤ ਸੱਜੇ, ਅਤੇ ਦਰਮਿਆਨਾ ਵਾਲਾ ਖੱਬੇ।

ਪਾਦਰੀ ਦੇ ਜਹਾਜ਼ ਉੱਤੇ ਪੁੱਜਦੇ ਹੀ ਲੰਗਰ ਉਠਾ ਕੇ ਬਾਦਬਾਨ ਖੋਲ੍ਹ ਦਿੱਤੇ ਗਏ। ਹਵਾ ਨੇ ਬਾਦਬਾਨਾਂ ਨੂੰ ਭਰ ਦਿੱਤਾ, ਅਤੇ ਜਹਾਜ਼ ਟਾਪੂ ਤੋਂ ਦੂਰ ਜਾਣ ਲਗਾ। ਪਾਦਰੀ ਡੈੱਕ ਉੱਤੇ ਇੱਕ ਜਗ੍ਹਾ ਬੈਠ ਗਿਆ ਅਤੇ ਉਸ ਟਾਪੂ ਦੀ ਤਰਫ਼ ਦੇਖਣ ਲੱਗ ਪਿਆ ਜਿਸਨੂੰ ਉਹ ਪਿੱਛੇ ਛੱਡ ਆਇਆ ਸੀ। ਥੋੜ੍ਹੀ ਦੇਰ ਤੱਕ ਦਰਵੇਸ਼ ਨਜ਼ਰ ਆਉਂਦੇ ਰਹੇ। ਫਿਰ ਉਹ ਨਜ਼ਰ ਤੋਂ ਓਹਲੇ ਹੋ ਗਏ, ਪਰ ਟਾਪੂ ਨਜ਼ਰ ਆਉਂਦਾ ਰਿਹਾ। ਆਖਿਰਕਾਰ ਉਹ ਵੀ ਗ਼ਾਇਬ ਹੋ ਗਿਆ, ਨਜ਼ਰ ਦੇ ਅੱਗੇ ਸਮੁੰਦਰ ਹੀ ਸਮੁੰਦਰ ਰਹਿ ਗਿਆ...ਚਾਂਦਨੀ ਵਿੱਚ ਕਰਵਟਾਂ ਲੈਂਦਾ ਸਮੁੰਦਰ।

ਯਾਤਰੀ ਸੌਂ ਗਏ। ਡੈੱਕ ਉੱਤੇ ਖ਼ਾਮੋਸ਼ੀ ਛਾ ਗਈ। ਪਾਦਰੀ ਸੌਣਾ ਨਹੀਂ ਚਾਹੁੰਦਾ ਸੀ, ਪਰ ਡੈੱਕ ਉੱਤੇ ਇਕੱਲਾ ਹੀ ਬੈਠਾ ਰਿਹਾ, ਅਤੇ ਸਮੁੰਦਰ ਵਿੱਚ ਉਸ ਸੇਧ ਵੇਖਦਾ ਰਿਹਾ ਜਿੱਥੇ ਹੁਣ ਟਾਪੂ ਨਜ਼ਰ ਨਹੀਂ ਆ ਰਿਹਾ ਸੀ, ਭਲੇਮਾਣਸ ਦਰਵੇਸ਼ਾਂ ਦੇ ਬਾਰੇ ਸੋਚਦੇ ਹੋਏ। ਉਸ ਨੇ ਸੋਚਿਆ ਕਿ ਉਹ ਲੋਕ ਦੁਆ ਯਾਦ ਕਰਕੇ ਕਿੰਨੇ ਖ਼ੁਸ਼ ਹੋਏ ਸਨ; ਅਤੇ ਖ਼ੁਦਾ ਦਾ ਸ਼ੁਕਰ ਅਦਾ ਕੀਤਾ ਕਿ ਉਸ ਨੇ ਉਸਨੂੰ ਇੰਨੇ ਖ਼ੁਦਾ ਪਰਸਤ ਲੋਕਾਂ ਨੂੰ ਕੁੱਝ ਸਿਖਾਣ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਮੌਕਾ ਦਿੱਤਾ।

ਬਸ ਜੀ ਪਾਦਰੀ ਬੈਠਾ ਰਿਹਾ, ਸੋਚਦਾ ਰਿਹਾ ਅਤੇ ਸਮੁੰਦਰ ਵੱਲ ਵੇਖਦਾ ਰਿਹਾ ਜਿੱਥੇ ਟਾਪੂ ਓਹਲੇ ਹੋ ਗਿਆ ਸੀ। ਚਾਨਣੀ ਉਸਦੀਆਂ ਨਜ਼ਰਾਂ ਦੇ ਸਾਹਮਣੇ ਟਿਮਟਿਮਾਉਂਦੀ ਰਹੀ, ਝਿਲਮਿਲਾਉਂਦੀ ਰਹੀ। ਅਚਾਨਕ ਉਸਨੂੰ ਸਮੁੰਦਰ ਉੱਤੇ ਫੈਲੀ ਚਾਂਦਨੀ ਵਿੱਚ ਕੋਈ ਸਫ਼ੈਦ ਅਤੇ ਚਮਕਦੀ ਹੋਈ ਚੀਜ਼ ਵਿਖਾਈ ਦਿੱਤੀ। ਪਤਾ ਨਹੀਂ ਕੋਈ ਬਗਲਾ ਸੀ, ਜਾਂ ਕਿਸੇ ਕਿਸ਼ਤੀ ਦਾ ਛੋਟਾ ਜਿਹਾ ਚਮਕਦਾਰ ਬਾਦਬਾਨ? ਪਾਦਰੀ ਨੇ ਸੋਚਦੇ ਸੋਚਦੇ ਉਸ ਉੱਤੇ ਨਜ਼ਰ ਟਿਕਾ ਦਿੱਤੀ।

ਇਹ ਕੋਈ ਕਿਸ਼ਤੀ ਹੀ ਲੱਗਦੀ ਹੈ, ਜੋ ਸਾਡੇ ਪਿੱਛੇ ਪਿੱਛੇ ਚੱਲੀ ਆ ਰਹੀ ਹੈ। ਬਹੁਤ ਤੇਜ਼ੀ ਨਾਲ ਆ ਰਹੀ ਹੈ। ਹੁਣੇ ਕੁਝ ਪਲ ਪਹਿਲਾਂ ਤਾਂ ਬਹੁਤ ਦੂਰ ਸੀ, ਪਰ ਹੁਣ ਬਹੁਤ ਨਜ਼ਦੀਕ। ਕਿਸ਼ਤੀ ਤਾਂ ਨਹੀਂ ਹੋ ਸਕਦੀ, ਕਿਉਂਕਿ ਬਾਦਬਾਨ ਕੋਈ ਨਹੀਂ ਨਜ਼ਰ ਆ ਰਿਹਾ। ਖੈਰ ਜੋ ਕੁੱਝ ਵੀ ਹੈ, ਸਾਡਾ ਪਿੱਛਾ ਕਰ ਰਿਹਾ ਹੈ ਅਤੇ ਸਾਡੇ ਤੱਕ ਪੁੱਜਣ ਹੀ ਵਾਲਾ ਹੈ।

ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਆਖ਼ਿਰ ਚੀਜ਼ ਸੀ ਕੀ? ਕਿਸ਼ਤੀ ਨਹੀਂ ਹੈ, ਪਰਿੰਦਾ ਨਹੀਂ ਹੈ, ਮੱਛੀ ਵੀ ਨਹੀਂ ਹੈ। ਆਦਮੀ ਤੋਂ ਤਾਂ ਉਹ ਬਹੁਤ ਹੀ ਵੱਡੀ ਚੀਜ਼ ਸੀ ਅਤੇ ਉਂਜ ਵੀ ਬੰਦਾ ਸਮੁੰਦਰ ਦੇ ਵਿੱਚੋ ਵਿੱਚ ਤਾਂ ਆ ਹੀ ਨਹੀਂ ਸਕਦਾ। ਪਾਦਰੀ ਉੱਠਿਆ, ਅਤੇ ਮਲਾਹ ਨੂੰ ਬੋਲਿਆ:

"ਔਹ ਵੇਖੋ ਯਾਰ, ਉਹ ਪਤਾ ਨਹੀਂ ਕੀ ਚੀਜ਼ ਹੈ?" ਪਾਦਰੀ ਕਹਿਣ ਲੱਗਾ, ਹਾਲਾਂਕਿ ਹੁਣ ਉਸਨੂੰ ਸਾਫ਼ ਵਿਖਾਈ ਦੇ ਰਿਹਾ ਸੀ ਕਿ ਕੀ ਚੀਜ਼ ਹੈ।

ਪਾਣੀ ਉੱਤੇ ਭੱਜੇ ਚਲੇ ਆਉਂਦੇ ਹੋਏ, ਤਿੰਨੋਂ ਦਰਵੇਸ਼, ਨਿਰੇ ਚਿੱਟੇ ਸਫ਼ੈਦ, ਉਨ੍ਹਾਂ ਦੀਆਂ ਭੂਰੀਆਂ ਦਾੜ੍ਹੀਆਂ ਚਮਕ ਰਹੀਆਂ ਸਨ ਅਤੇ ਉਹ ਇੰਨੀ ਤੇਜ਼ੀ ਨਾਲ ਜਹਾਜ਼ ਦੇ ਨੇੜੇ ਆ ਰਹੇ ਸਨ ਜਿਵੇਂ ਕਿ ਜਹਾਜ਼ ਰੁਕਿਆ ਹੋਇਆ ਹੋਵੇ।

ਉਨ੍ਹਾਂ ਉੱਤੇ ਨਜ਼ਰ ਪੈਂਦੇ ਹੀ ਪਤਵਾਰ ਉੱਤੇ ਬੈਠੇ ਮਲਾਹ ਨੇ ਖੌਫ ਦੇ ਮਾਰੇ ਪਤਵਾਰ ਛੱਡ ਦਿੱਤਾ।

"ਓਹ ਮੇਰੇ ਖ਼ੁਦਾ! ਦਰਵੇਸ਼ ਸਾਡੇ ਪਿੱਛੇ ਪਾਣੀ ਉੱਤੇ ਇਸ ਤਰ੍ਹਾਂ ਭੱਜੇ ਚਲੇ ਆ ਰਹੇ ਹਨ ਜਿਵੇਂ ਖੁਸ਼ਕ ਜ਼ਮੀਨ ਉੱਤੇ ਭੱਜ ਰਹੇ ਹੋਣ।"

ਦੂਜੇ ਮੁਸਾਫ਼ਰ ਉਸਦੀ ਇਹ ਗੱਲ ਸੁਣਦੇ ਹੀ ਉਠ ਖੜੇ ਹੋਏ ਅਤੇ ਜਹਾਜ਼ ਦੇ ਕੰਢੇ ਉਨ੍ਹਾਂ ਦਾ ਮਜਮਾ ਲੱਗ ਗਿਆ। ਉਨ੍ਹਾਂ ਨੇ ਵੇਖਿਆ ਕਿ ਦਰਵੇਸ਼ ਹੱਥਾਂ ਵਿੱਚ ਹੱਥ ਪਾਈਂ ਉਨ੍ਹਾਂ ਦੀ ਤਰਫ਼ ਚਲੇ ਆ ਰਹੇ ਹਨ, ਸੱਜੇ ਖੱਬੇ ਵਾਲੇ ਦਰਵੇਸ਼ ਜਹਾਜ਼ ਨੂੰ ਰੁਕਣ ਲਈ ਇਸ਼ਾਰੇ ਕਰ ਰਹੇ ਸਨ। ਪਾਣੀ ਦੇ ਉੱਤੇ ਤਿੰਨੋਂ ਬਿਨਾਂ ਪੈਰ ਹਿਲਾਏ ਹੱਥਾਂ ਵਿੱਚ ਹੱਥ ਪਾਈਂ ਚਲੇ ਆ ਰਹੇ ਸਨ। ਜਹਾਜ਼ ਦੇ ਰੁਕਣ ਤੋਂ ਪਹਿਲਾਂ ਦਰਵੇਸ਼ ਉਸ ਤੱਕ ਆਣ ਪੁੱਜੇ, ਸਿਰ ਝੁਕਾਈ ਤਿੰਨੋਂ ਇੱਕ ਆਵਾਜ ਕਹਿਣ ਲੱਗੇ:

"ਅੱਲ੍ਹਾ ਦੇ ਬੰਦੇ, ਸਾਨੂੰ ਤੁਹਾਡੀ ਦੱਸੀਆਂ ਹੋਈਆਂ ਸਿਖਿਆਵਾਂ ਭੁੱਲ ਗਈਆਂ ਹਨ। ਜਿੰਨੀ ਦੇਰ ਅਸੀਂ ਦੁਹਰਾਉਂਦੇ ਰਹੇ, ਸਾਨੂੰ ਯਾਦ ਰਹੀਆਂ, ਪਰ ਜਿਵੇਂ ਹੀ ਅਸਾਂ ਦੁਹਰਾਈ ਥੋੜ੍ਹੀ ਬੰਦ ਕੀਤੀ ਇੱਕ ਹਰਫ ਭੁੱਲ ਗਿਆ। ਅਤੇ ਹੁਣ ਹਰਫ ਹਰਫ ਕਰਕੇ ਸਾਰੀ ਦੁਆ ਹੀ ਭੁੱਲ ਗਈ ਹੈ। ਸਾਨੂੰ ਕੁੱਝ ਯਾਦ ਨਹੀਂ ਰਿਹਾ। ਸਾਨੂੰ ਦੁਬਾਰਾ ਸਿਖਾ ਦਿਉੋ।"

ਪਾਦਰੀ ਨੇ ਸੀਨੇ ਉੱਤੇ ਸਲੀਬ ਬਣਾਈ, ਅਤੇ ਜਹਾਜ਼ ਦੇ ਕੰਢੇ ਉੱਤੇ ਝੁਕ ਕੇ ਬੋਲਿਆ, "ਅੱਲ੍ਹਾ ਦੇ ਬੰਦਿਉ, ਤੁਹਾਡੀ ਖ਼ੁਦ ਦੀ ਦੁਆ ਖ਼ੁਦਾ ਨੂੰ ਪਹੁੰਚ ਜਾਵੇਗੀ, ਮੈਂ ਕੁੱਝ ਨਹੀਂ ਪੜ੍ਹਾ ਸਕਦਾ, ਬਸ ਅਸਾਡੇ ਵਰਗੇ ਗੁਨਹਗਾਰਾਂ ਲਈ ਦੁਆ ਕਰ ਦੇਣਾ।"

ਫਿਰ ਪਾਦਰੀ ਉਨ੍ਹਾਂ ਬੁੱਢਿਆਂ ਦੇ ਸਾਹਮਣੇ ਬਹੁਤ ਅਦਬ ਨਾਲ ਝੁਕ ਗਿਆ, ਉਹ ਮੁੜੇ ਅਤੇ ਸਮੁੰਦਰ ਉੱਤੇ ਉੱਡਦੇ ਹੋਏ ਨਿਗਾਹਾਂ ਤੋਂ ਓਹਲੇ ਹੋ ਗਏ। ਜਿਸ ਜਗ੍ਹਾ ਉਹ ਨਜ਼ਰਾਂ ਤੋਂ ਓਹਲੇ ਹੋਏ ਸਨ ਇੱਕ ਨੂਰ ਸਵੇਰ ਹੋਣ ਤੱਕ ਉਸ ਜਗ੍ਹਾ ਲਿਸ਼ਕਾਰੇ ਮਾਰਦਾ ਰਿਹਾ।