ਅਨੁਵਾਦ:ਤਾਬੂਤਸਾਜ਼ (ਕਹਾਣੀ)
ਆਦਰੀਆਨ ਪਰੋਖ਼ੋਰੋਫ਼ ਦੇ ਘਰ ਦਾ ਸਾਰਾ ਸਾਮਾਨ ਜਨਾਜ਼ਾ ਲੈ ਜਾਣ ਵਾਲੀ ਗੱਡੀ ਉੱਤੇ ਲੱਦਿਆ ਜਾ ਚੁੱਕਿਆ ਸੀ। ਦੋਨੋਂ ਮਰੀਅਲ ਜਿਹੇ ਘੋੜੇ ਚੌਥੀ ਦਫਾ ਬਸਮਾਨੀਆ ਤੋਂ ਨਿਕਤਸਕਾਇਆ ਸੜਕ ਦੀ ਵੱਲ ਚੱਲ ਪਏ, ਜਿੱਥੇ ਉਸਨੇ ਨਵਾਂ ਮਕਾਨ ਖ਼ਰੀਦਿਆ ਸੀ। ਤਾਬੂਤਸਾਜ਼ ਨੇ ਦੁਕਾਨ ਨੂੰ ਜਿੰਦਰਾ ਲਾ ਕੇ ਬਾਹਰ ਦਰਵਾਜ਼ੇ ਤੇ ਇਸ ਐਲਾਨ ਦੀ ਤਖ਼ਤੀ ਲਟਕਾ ਦਿੱਤੀ ਕਿ ਘਰ ਕਿਰਾਏ ਤੇ ਲੈਣ ਜਾਂ ਖਰੀਦਣ ਲਈ ਖ਼ਾਲੀ ਹੈ ਅਤੇ ਖ਼ੁਦ ਪੈਦਲ ਆਪਣੇ ਨਵੇਂ ਘਰ ਵੱਲ ਚੱਲ ਪਿਆ।
ਨਵੇਂ ਮਕਾਨ ਦੀ ਉਸਨੂੰ ਚਿਰਾਂ ਪੁਰਾਣੀ ਰੀਝ ਸੀ ਅਤੇ ਉਸਨੇ ਭਾਰੀ ਰਕਮ ਤਾਰ ਕੇ ਖ਼ਰੀਦਿਆ ਸੀ। ਪਰ ਜਦੋਂ ਉਹ ਨਵੇਂ ਘਰ ਦੀਆਂ ਪੀਲੀਆਂ ਕੰਧਾਂ ਦੇ ਕੋਲ ਪੁੱਜਿਆ, ਤਾਂ ਉਸਨੂੰ ਇਹ ਮਹਿਸੂਸ ਕਰਕੇ ਬਹੁਤ ਹੈਰਾਨੀ ਹੋਈ ਕਿ ਉਸ ਦੇ ਦਿਲ ਵਿੱਚ ਜ਼ਰਾ ਖੁਸ਼ੀ ਨਹੀਂ ਸੀ। ਨਵੇਂ ਘਰ ਦੀ ਓਪਰੀ ਦੇਹਲੀ ਲੰਘ ਕੇ ਉਸਨੇ ਵੇਖਿਆ, ਸਾਰਾ ਸਾਮਾਨ ਅਜੇ ਤੱਕ ਖਿੰਡਰਿਆ ਪਿਆ ਸੀ। ਇਸ ਵੇਲੇ ਉਸਨੂੰ ਆਪਣਾ ਪੁਰਾਣਾ ਟੁੱਟਿਆ ਫੁੱਟਿਆ ਮਕਾਨ ਯਾਦ ਆਇਆ, ਜਿੱਥੇ ਉਹ ਅਠਾਰਾਂ ਸਾਲ ਤੱਕ ਰਿਹਾ ਸੀ, ਜਿੱਥੇ ਹਰ ਚੀਜ਼ ਕਰੀਨੇ ਨਾਲ ਟਿੱਕੀ ਹੋਈ ਸੀ।
ਉਸਨੇ ਆਪਣੀ ਨੌਕਰਾਣੀ ਅਤੇ ਦੋਨਾਂ ਧੀਆਂ ਨੂੰ ਸੁਸਤੀ ਨਾਲ ਕੰਮ ਕਰਨ ਕਰਕੇ ਝਿੜਕਿਆ ਅਤੇ ਖ਼ੁਦ ਘਰ ਦੇ ਸਾਮਾਨ ਦੀ ਰੱਖ ਰੱਖਾਈ ਵਿੱਚ ਉਨ੍ਹਾਂ ਦੀ ਮਦਦ ਕਰਨ ਲਗ ਪਿਆ। ਥੋੜ੍ਹੀ ਦੇਰ ਵਿੱਚ ਹਰ ਚੀਜ਼ ਕਾਇਦੇ ਨਾਲ ਰੱਖ ਦਿੱਤੀ ਗਈ। ਪਵਿੱਤਰ ਮੂਰਤੀਆਂ ਵਾਲੀ ਕਿਸ਼ਤੀ, ਚੀਨੀ ਦੇ ਭਾਂਡਿਆਂ ਦੀ ਅਲਮਾਰੀ, ਮੇਜ਼, ਸੋਫਾ ਅਤੇ ਬੈੱਡ ਪਿਛਲੇ ਕਮਰੇ ਵਿੱਚ ਆਪਣੇ ਰਾਖਵੇਂ ਕੋਨਿਆਂ ਵਿੱਚ ਤਰਤੀਬ ਨਾਲ ਟਿਕਾ ਦਿੱਤੇ ਗਏ। ਆਦਰਿਆਨ ਪਰੋਖ਼ੋਰੋਫ਼ ਦੇ ਕੰਮ ਦਾ ਸਾਮਾਨ ਯਾਨੀ ਅੱਡ ਅੱਡ ਕਿਸਮਾਂ, ਰੰਗਾਂ ਅਤੇ ਪੈਮਾਇਸ਼ ਦੇ ਤਾਬੂਤ, ਸੋਗੀ ਟੋਪੀਆਂ, ਚੋਗਿਆਂ ਅਤੇ ਮਸ਼ਾਲਾਂ ਨਾਲ ਭਰੀਆਂ ਹੋਈਆਂ ਅਲਮਾਰੀਆਂ ਬਾਵਰਚੀਖ਼ਾਨੇ ਅਤੇ ਦਾਲਾਨ ਵਿੱਚ ਰੱਖੀਆਂ ਗਈਆਂ। ਬਾਹਰ ਦਰਵਾਜ਼ੇ ਉੱਤੇ ਤਖ਼ਤੀ ਲਟਕਾ ਦਿੱਤੀ ਗਈ ਜਿਸ ਉੱਤੇ ਮੋਟੇ ਕਿਊਪਿਡ ਦੀ ਮੂਰਤੀ ਸੀ, ਜਿਸਦੇ ਹੱਥ ਵਿੱਚ ਪੁੱਠੀ ਮਸ਼ਾਲ ਫੜੀ ਹੋਈ ਸੀ ਅਤੇ ਹੇਠਾਂ ਲਿਖਿਆ ਸੀ:
“ਇੱਥੇ ਸਾਦਾ ਅਤੇ ਰੰਗੀਨ ਤਾਬੂਤ ਬਣਾਏ ਜਾਂਦੇ ਹਨ; ਕਿਰਾਏ ਤੇ ਵੀ ਦਿੱਤੇ ਜਾਂਦੇ ਹਨ ਅਤੇ ਪੁਰਾਣੇ ਤਾਬੂਤਾਂ ਦੀ ਮੁਰੰਮਤ ਦਾ ਵੀ ਕੀਤੀ ਜਾਂਦੀ ਹੈ।”
ਕੰਮ ਖ਼ਤਮ ਹੋਇਆ, ਤਾਂ ਉਸ ਦੀਆਂ ਧੀਆਂ ਆਪਣੇ ਕਮਰੇ ਵਿੱਚ ਚਲੀਆਂ ਗਈਆਂ। ਨਵੇਂ ਘਰ ਦਾ ਮੁਆਇਨਾ ਕਰਨ ਦੇ ਬਾਅਦ ਉਹ ਖਿੜਕੀ ਦੇ ਕੋਲ ਬੈਠ ਗਿਆ ਅਤੇ ਸਮਾਵਰ ਗਰਮ ਕਰਨ ਦਾ ਹੁਕਮ ਦਿੱਤਾ। ਸ਼ੇਕਸਪੀਅਰ ਅਤੇ ਸਰ ਵਾਲਟਰ ਸਕਾਟ ਨੇ ਆਪਣੀਆਂ ਲਿਖਤਾਂ ਵਿੱਚ ਕਬਰਪੁੱਟਾਂ ਨੂੰ ਬਹੁਤ ਖ਼ੁਸ਼-ਰਹਿਣੇ ਅਤੇ ਜ਼ਿੰਦਾਦਿਲ ਵਿਖਾਇਆ ਹੈ। ਪਰ ਅਸੀਂ ਸੱਚਾਈ ਦਾ ਵਧੇਰੇ ਸਤਿਕਾਰ ਕਰਦੇ ਹਾਂ। ਇਸ ਲਈ ਅਸੀਂ ਉਨ੍ਹਾਂ ਦੀ ਰੀਸ ਨਹੀਂ ਕਰ ਸਕਦੇ। ਸਾਡੇ ਤਾਬੂਤਸਾਜ਼ ਦੀ ਤਬੀਅਤ ਆਪਣੇ ਮਨਹੂਸ ਪੇਸ਼ੇ ਦੇ ਬਿਲਕੁਲ ਮੁਨਾਸਿਬ ਸੀ। ਆਦਰਿਆਨ ਪਰੋਖ਼ੋਰੋਫ਼ ਬਹੁਤ ਖ਼ਾਮੋਸ਼ ਅਤੇ ਚਿੰਤਨਸ਼ੀਲ ਆਦਮੀ ਸੀ। ਉਸ ਦੀ ਖ਼ਾਮੋਸ਼ੀ ਸਿਰਫ ਦੋ ਦਫਾ ਟੁੱਟਦੀ: ਇੱਕ ਜਦੋਂ ਉਸਨੂੰ ਆਪਣੀਆਂ ਧੀਆਂ ਖਿੜਕੀ ਵਿੱਚੋਂ ਬਾਹਰ ਝਾਤਾਂ ਪਾਉਂਦੀਆਂ ਨਜ਼ਰ ਆਉਂਦੀਆਂ, ਤਾਂ ਉਨ੍ਹਾਂ ਨੂੰ ਡਾਂਟਣ ਫਿਟਕਾਰਨ ਲਈ ਉਸ ਦੀ ਜ਼ਬਾਨ ਖੁੱਲ੍ਹ ਜਾਂਦੀ। ਦੂਜੇ ਜਦੋਂ ਉਸ ਨੇ ਕਿਸੇ ਬਦਨਸੀਬ (ਜਾਂ ਖ਼ੁਸ਼ਨਸੀਬ) ਗਾਹਕ ਕੋਲੋਂ ਆਪਣੀ ਮਿਹਨਤ ਦੀ ਜ਼ਿਆਦਾ ਤੋਂ ਜ਼ਿਆਦਾ ਮਜ਼ਦੂਰੀ ਵਸੂਲ ਕਰਨੀ ਹੁੰਦੀ।
ਇਸ ਵਕਤ ਵੀ ਆਮ ਵਾਂਗ ਆਦਰਿਆਨ ਖਿੜਕੀ ਦੇ ਨਾਲ ਬੈਠਾ ਅਤੇ ਚਾਹ ਦੀ ਸੱਤਵੀਂ ਪਿਆਲੀ ਪੀਂਦਾ ਆਪਣੇ ਡੂੰਘੇ ਸੋਗਮਈ ਖ਼ਿਆਲਾਂ ਵਿੱਚ ਗੁਆਚਾ ਹੋਇਆ ਸੀ। ਉਸਨੂੰ ਉਹ ਮੋਹਲੇਧਾਰ ਮੀਂਹ ਯਾਦ ਆਇਆ ਜੋ ਪਿਛਲੇ ਹਫਤੇ ਰਿਟਾਇਰਡ ਬਰਗੇਡੀਅਰ ਦਾ ਜਨਾਜ਼ਾ ਐਨ ਕਬਰਿਸਤਾਨ ਪੁੱਜਦੇ ਹੀ ਪਈ ਸੀ। ਪਾਣੀ ਵਿੱਚ ਭਿੱਜਣ ਨਾਲ ਕਈ ਚੋਗੇ ਸੁੰਗੜ ਗਏ ਸਨ, ਬਹੁਤ ਸਾਰੀਆਂ ਟੋਪੀਆਂ ਵਿੰਗ ਤੜਿੰਗੀਆਂ ਹੋ ਗਈਆਂ ਸਨ। ਉਸ ਦਾ ਸਾਮਾਨ ਖ਼ਾਸਾ ਪੁਰਾਣਾ ਅਤੇ ਖ਼ਸਤਾ ਹਾਲਤ ਵਿੱਚ ਸੀ। ਉਸਨੂੰ ਡਰ ਸੀ ਕਿ ਹੁਣ ਚੀਜਾਂ ਠੀਕ ਕਰਾਉਣ ਵਿੱਚ ਕਾਫ਼ੀ ਰੁਪਿਆ ਖ਼ਰਚ ਹੋਵੇਗਾ ਹੀ ਹੋਵੇਗਾ। ਉਸਨੇ ਸੋਚਿਆ, ਇਹ ਨੁਕਸਾਨ ਸੌਦਾਗਰ ਦੀ ਬੁੱਢੀ ਵਿਧਵਾ ਤਰੂਖ਼ੀਨਾ ਦੇ ਦਫ਼ਨ ਨਾਲ ਪੂਰਾ ਹੋ ਜਾਵੇਗਾ। ਉਹ ਪਿਛਲੇ ਸਾਲ ਤੋਂ ਮਰਨ ਕਿਨਾਰੇ ਲਮਕੀ ਬੈਠੀ ਸੀ। ਪਰ ਮੁਸ਼ਕਲ ਇਹ ਸੀ ਕਿ ਉਹ ਰਾਜ਼ਗੁਲਿਆਈ ਦੇ ਇਲਾਕੇ ਵਿੱਚ ਰਹਿੰਦੀ ਸੀ ਜੋ ਉੱਥੋਂ ਕਾਫ਼ੀ ਦੂਰ ਸੀ। ਪਰੋਖ਼ੋਰੋਫ਼ ਨੂੰ ਡਰ ਸੀ ਕਿ ਇਸ ਦੇ ਵਾਰਿਸ ਵਾਅਦਾ ਕਰਨ ਦੇ ਬਾਵਜੂਦ ਮੌਕੇ ਤੇ ਉਸਨੂੰ ਭੁੱਲ ਨਾ ਜਾਣ। ਉਹ ਕਿਸੇ ਨੇੜੇ ਵਾਲੇ ਤਾਬੂਤਸਾਜ਼ ਕੋਲ ਜਾ ਸਕਦੇ ਸਨ।
ਉਹ ਆਪਣੀ ਸੋਚ ਵਿੱਚ ਗੁੰਮ ਸੀ ਕਿ ਦਰਵਾਜ਼ੇ ਉੱਤੇ ਕਿਸੇ ਨੇ ਤਿੰਨ ਵਾਰ ਹਲਕੀ ਦਸਤਕ ਦਿੱਤੀ।
“ਕੌਣ ਹੈ?” ਆਦਰਿਆਨ ਨੇ ਪੁੱਛਿਆ।
ਦਰਵਾਜ਼ਾ, ਖੁੱਲ੍ਹਿਆ ਅਤੇ ਇੱਕ ਆਦਮੀ ਜੋ ਪਹਿਲੀ ਨਜ਼ਰੇ ਕੋਈ ਜਰਮਨ ਕਾਰੀਗਰ ਪ੍ਰਤੀਤ ਹੁੰਦਾ ਸੀ, ਕਮਰੇ ਵਿੱਚ ਦਾਖ਼ਲ ਹੋਇਆ ਅਤੇ ਖਿੜੇ ਖਿੜੇ ਲਹਿਜ਼ੇ ਵਿੱਚ ਆਦਰਿਆਨ ਕੋਲ ਆ ਗਿਆ।
“ਮੁਆਫ਼ ਕਰਨਾ, ਮੇਰੇ ਪਿਆਰੇ ਗੁਆਂਢੀ,” ਉਹ ਟੁੱਟੀ ਫੁੱਟੀ ਰੂਸੀ ਵਿੱਚ ਕਹਿਣ ਲੱਗਾ, ਜਿਸ ਨੂੰ ਸੁਣ ਕੇ ਅੱਜ ਵੀ ਮੱਲੋਮੱਲੀ ਹਾਸੀ ਨਿਕਲ ਆਉਂਦੀ ਹੈ, “ਜੇਕਰ ਮੇਰੀ ਵਜ੍ਹਾ ਨਾਲ ਤੁਹਾਡੇ ਕੰਮ ਵਿੱਚ ਵਿਘਨ ਪਿਆ ਹੈ ਤਾਂ, ਪਰ ਮੈਂ ਕਈ ਦਿਨ ਤੋਂ ਤੁਹਾਨੂੰ ਮਿਲਣਾ ਚਾਹ ਰਿਹਾ ਸੀ। ਮੈਂ ਇੱਕ ਮੋਚੀ ਹਾਂ। ਮੇਰਾ ਨਾਮ ਗੋਟਲੀਬ ਸ਼ੁਲਜ਼ ਹੈ। ਤੁਹਾਡੀ ਖਿੜਕੀ ਵਿੱਚੋਂ ਜੋ ਛੋਟਾ ਜਿਹਾ ਘਰ ਨਜ਼ਰ ਆਉਂਦਾ ਹੈ ਨਾ, ਮੈਂ ਉਸ ਵਿੱਚ ਰਹਿੰਦਾ ਹਾਂ। ਕੱਲ ਮੇਰੇ ਵਿਆਹ ਦੀ ਪੱਚੀਵੀਂ ਵਰ੍ਹੇਗੰਢ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅਤੇ ਤੁਹਾਡੀਆਂ ਲੜਕੀਆਂ ਆਕੇ ਸਾਡੇ ਖਾਣਾ ਖਾਓ।”
ਇਹ ਦਾਵਤ ਖ਼ੁਸ਼ੀ ਖ਼ੁਸ਼ੀ ਨਾਲ ਕਬੂਲ ਕਰ ਲਈ ਗਈ। ਆਦਰਿਆਨ ਨੇ ਮੋਚੀ ਨੂੰ ਬੈਠਣ ਅਤੇ ਚਾਹ ਪੀਣ ਲਈ ਕਿਹਾ। ਕੁੱਝ ਹੀ ਦੇਰ ਵਿੱਚ ਗੋਟਲੀਬ ਸ਼ੁਲਜ਼ ਦੀ ਸਾਦਾ ਅਤੇ ਨਿਘੀ ਤਬੀਅਤ ਦੇ ਕਰਕੇ ਦੋਨੋਂ ਘੁਲ ਮਿਲ ਕੇ ਗੱਲਾਂ ਕਰਨ ਲੱਗੇ।
ਆਦਰਿਆਨ ਨੇ ਪੁੱਛਿਆ, “ਸੁਣਾਓ ਤੁਹਾਡੇ ਕੰਮ-ਕਾਜ ਦਾ ਕੀ ਹਾਲ ਹੈ?”
“ਸ਼ੁਕਰ ਹੈ, ਚੱਲ ਰਿਹਾ ਹੈ,” ਸ਼ੁਲਜ਼ ਨੇ ਜਵਾਬ ਦਿੱਤਾ। “ਊਚ ਨੀਚ ਤਾਂ ਸਾਡੇ ਵੀ ਹੁੰਦੀ ਹੈ ਪਰ ਉਸ ਦੀ ਸ਼ਿਕਾਇਤ ਕੀ? ਮੇਰਾ ਕੰਮ ਤੁਹਾਡੀ ਤਰ੍ਹਾਂ ਦਾ ਨਹੀਂ ਕਿਉਂਕਿ ਜ਼ਿੰਦਾ ਆਦਮੀ ਬਿਨਾਂ ਜੁੱਤੀਆਂ ਦੇ ਵੀ ਗੁਜ਼ਾਰਾ ਕਰ ਸਕਦਾ ਹੈ ਪਰ ਮੁਰਦਾ ਬਿਨਾਂ ਤਾਬੂਤ ਦੇ ਨਹੀਂ ਰਹਿ ਸਕਦਾ।’’
“ਬਿਲਕੁਲ ਠੀਕ, ਬਿਲਕੁਲ ਠੀਕ।’’ ਆਦਰਿਆਨ ਨੇ ਹੁੰਗਾਰਾ ਭਰਦੇ ਹੋਏ ਕਿਹਾ। “ਪਰ ਨਾਲ ਨਾਲ ਇਹ ਵੀ ਤਾਂ ਹੈ ਕਿ ਜ਼ਿੰਦਾ ਆਦਮੀ ਦੇ ਕੋਲ ਜੁੱਤੇ ਖ਼ਰੀਦਣ ਨੂੰ ਪੈਸਾ ਨਾ ਹੋਵੇ, ਤਾਂ ਉਹ ਨੰਗੇ ਪੈਰ ਫਿਰ ਲਵੇਗਾ। ਪਰ ਮੁਰਦਾ ਭਿਖਮੰਗੇ ਨੂੰ ਮੁਫ਼ਤ ਤਾਬੂਤ ਦੇਣਾ ਪੈਂਦਾ ਹੈ।”
ਕੁੱਝ ਦੇਰ ਇਵੇਂ ਹੀ ਗੱਲਬਾਤ ਚੱਲਦੀ ਰਹੀ। ਆਖਿਰ ਮੋਚੀ ਉਠਿਆ ਅਤੇ ਜਾਣ ਦੀ ਇਜਾਜ਼ਤ ਮੰਗੀ। ਚਲਦੇ ਚਲਦੇ ਇੱਕ ਵਾਰ ਫਿਰ ਆਪਣੇ ਘਰ ਆਉਣ ਦਾ ਸੱਦਾ ਦੁਹਰਾਇਆ। ਅਗਲੇ ਦਿਨ ਦੁਪਹਿਰ ਦੇ ਵਕਤ ਆਦਰਿਆਨ ਅਤੇ ਉਸ ਦੀਆਂ ਧੀਆਂ ਨਵੇਂ ਮਕਾਨ ਤੋਂ ਨਿਕਲ ਗੁਆਂਢੀਆਂ ਦੇ ਘਰ ਜਾਣ ਨੂੰ ਰਵਾਨਾ ਹੋਈਆਂ। ਮੈਂ ਆਦਰਿਅਨ ਪਰੋਖ਼ੋਰੋਫ਼ ਦੇ ਰੂਸੀ ਕਫ਼ਤਾਨ (ਚੋਗੇ ਦੀ ਇੱਕ ਕਿਸਮ) ਦਾ ਵਰਣਨ ਨਹੀਂ ਕਰਾਂਗਾ, ਨਾ ਹੀ ਅਕੂਲੀਨਾ ਅਤੇ ਦਾਰੀਆ ਦੀਆਂ ਯੂਰਪੀਅਨ ਟਾਇਲਟਾਂ ਦਾ, ਜੋ ਕਿ ਮੌਜੂਦਾ ਆਦਰਸ਼ ਨਾਵਲਕਾਰਾਂ ਦੀ ਆਮ ਸ਼ੈਲੀ ਨਾਲੋਂ ਹੱਟ ਕੇ ਚੱਲਣ ਵਾਲੀ ਗੱਲ ਹੈ, ਪਰ ਮੈਨੂੰ ਨਹੀਂ ਲਗਦਾ ਕਿ ਇਹ ਦੱਸਣਾ ਵਾਧੂ ਹੋਵੇਗਾ ਕਿ ਦੋਨੋਂ ਲੜਕੀਆਂ ਨੇ ਜ਼ਰਦ ਰੰਗ ਦੀਆਂ ਟੋਪੀਆਂ ਅਤੇ ਸੁਰਖ਼ ਸਲੀਪਰ ਪਾਏ ਹੋਏ ਸਨ, ਜੋ ਉਹ ਖ਼ਾਸ ਖ਼ਾਸ ਮੌਕਿਆਂ ਤੇ ਪਹਿਨਦੀਆਂ ਸਨ।
ਮੋਚੀ ਦਾ ਨਿੱਕਾ ਜਿਹਾ ਕਮਰਾ ਮਹਿਮਾਨਾਂ ਨਾਲ ਖਚਾਖਚ ਭਰਿਆ ਸੀ। ਉਨ੍ਹਾਂ ਵਿੱਚ ਜ਼ਿਆਦਾਤਰ ਜਰਮਨ ਕਾਰੀਗਰ, ਉਨ੍ਹਾਂ ਦੀਆਂ ਪਤਨੀਆਂ ਅਤੇ ਸ਼ਾਗਿਰਦ ਸ਼ਾਮਿਲ ਸਨ। ਸਿਰਫ ਇੱਕ ਰੂਸੀ ਅਫ਼ਸਰ ਸੀ, ਚੌਕੀਦਾਰ ਫਿੰਨ ਯੂਰਕੋ, ਜੋ ਆਪਣੇ ਨਿਮਾਣੇ ਕੰਮ ਦੇ ਬਾਵਜੂਦ, ਮੇਜ਼ਬਾਨ ਦੇ ਧਿਆਨ ਦਾ ਵਿਸ਼ੇਸ਼ ਪਾਤਰ ਸੀ। ਪੱਚੀ ਸਾਲ ਉਸਨੇ ਪੋਗੋਰੇਲਸਕੀ ਦੇ ਚੌਕੀਦਾਰ ਵਜੋਂ ਵਫ਼ਾਦਾਰੀ ਨਾਲ ਡਿਊਟੀ ਕੀਤੀ ਸੀ। 1812 ਦੀ ਲੜਾਈ ਨੇ ਪ੍ਰਾਚੀਨ ਰਾਜਧਾਨੀ ਨੂੰ ਤਬਾਹ ਕਰ ਦਿੱਤਾ ਸੀ, ਨਾਲ ਹੀ ਉਸਦੇ ਛੋਟੇ ਜਿਹੇ ਪੀਲੇ ਪਹਿਰਾਘਰ ਨੂੰ ਵੀ ਤਬਾਹ ਕਰ ਦਿੱਤਾ ਗਿਆ ਸੀ। ਪਰ ਦੁਸ਼ਮਣ ਨੂੰ ਬੇਦਖ਼ਲ ਕਰਨ ਤੋਂ ਤੁਰੰਤ ਬਾਅਦ, ਉਸਦੀ ਥਾਂ ਤੇ ਇਕ ਨਵਾਂ ਘਰ ਬਣਾ ਦਿੱਤਾ ਗਿਆ, ਜਿਸਦਾ ਸਲੇਟੀ ਰੰਗ ਅਤੇ ਚਿੱਟੇ ਦਾਰਿਕ ਦੇ ਥੰਮ ਸਨ, ਅਤੇ ਉਸ ਨੇ ਦੁਬਾਰਾ ਆਪਣੀ ਕੁਹਾੜੀ ਲੈ ਕੇ ਅਤੇ ਚਿੱਟਾ ਕੋਟ ਪਹਿਨ ਕੇ ਇਸ ਦੇ ਮੂਹਰੇ ਚੱਕਰ ਮਾਰਨਾ ਸ਼ੁਰੂ ਕਰ ਦਿਤਾ ਸੀ। ਨਿਕਟਸਕਾਏ ਗੇਟ ਦੇ ਨੇੜੇ ਰਹਿਣ ਵਾਲੇ ਜਰਮਨਾਂ ਦਾ ਵੱਡਾ ਹਿੱਸਾ ਉਸ ਦਾ ਵਾਕਫ਼ ਸੀ, ਅਤੇ ਉਨ੍ਹਾਂ ਵਿੱਚੋਂ ਕੁਝ ਨੇ ਤਾਂ ਉਸ ਦੀ ਛੱਤ ਹੇਠਾਂ ਐਤਵਾਰ ਤੋਂ ਸੋਮਵਾਰ ਤੱਕ ਰਾਤਾਂ ਵੀ ਗੁਜ਼ਾਰੀਆਂ ਸੀ।
ਆਦਰਿਆਨ ਉਸ ਨੂੰ ਮਿਲਣ ਲਈ ਤੁਰਤ ਅੱਗੇ ਵਧਿਆ, ਕਿਉਂਕਿ ਉਹ ਜਾਣਦਾ ਸੀ, ਛੇਤੀ ਜਾਂ ਦੇਰ ਨਾਲ ਉਸਨੂੰ ਇਸ ਸ਼ਖਸ ਦੀ ਮਦਦ ਦੀ ਲੋੜ ਪੈ ਸਕਦੀ ਹੈ। ਜਦੋਂ ਮਹਿਮਾਨ ਮੇਜ਼ ਉੱਤੇ ਬੈਠੇ, ਤਾਂ ਦੋਨੋਂ ਇੱਕ ਦੂਜੇ ਦੇ ਨਾਲ ਨਾਲ ਬੈਠ ਗਏ ਸਨ।
ਸ਼ੁਲਜ਼, ਉਸ ਦੀ ਪਤਨੀ ਅਤੇ ਸਤਾਰਾਂ ਸਾਲਾ ਕੁੜੀ ਲੋਟਖੇਨ ਵੀ ਮਹਿਮਾਨਾਂ ਦੇ ਨਾਲ ਸ਼ਾਮਲ ਸਨ ਅਤੇ ਖਾਣਾ ਪੇਸ਼ ਕਰਨ ਵਿੱਚ ਨੌਕਰਾਂ ਦੀ ਮਦਦ ਵੀ ਕਰ ਰਹੇ ਸਨ। ਯੂਰਕੋ ਨੇ ਚਾਰ ਆਦਮੀਆਂ ਦੇ ਬਰਾਬਰ ਖਾਧਾ। ਆਦਰਿਆਨ ਵੀ ਕੁੱਝ ਪਿੱਛੇ ਨਹੀਂ ਸੀ, ਪਰ ਉਸ ਦੀਆਂ ਧੀਆਂ ਬੜੇ ਤਕੱਲੁਫ ਨਾਲ ਖਾ ਰਹੀਆਂ ਸਨ। ਗੱਲਬਾਤ ਜ਼ਿਆਦਾਤਰ ਜਰਮਨ ਜ਼ਬਾਨ ਵਿੱਚ ਹੋ ਰਹੀ ਸੀ। ਆਵਾਜ਼ਾਂ ਬੁਲੰਦ ਹੋਰ ਬੁਲੰਦ ਹੁੰਦੀਆਂ ਜਾ ਰਹੀਆਂ ਸਨ ਕਿ ਇੰਨੇ ਵਿੱਚ ਮੇਜ਼ਬਾਨ ਨੇ ਸਾਰਿਆਂ ਦਾ ਇੱਕ ਮਿੰਟ ਲਈ ਆਪਣੀ ਵੱਲ ਧਿਆਨ ਮੰਗ ਕੇ ਇੱਕ ਬੰਦ ਬੋਤਲ ਖੋਲ੍ਹੀ ਅਤੇ ਫਿਰ ਰੂਸੀ ਜ਼ਬਾਨ ਵਿੱਚ ਉੱਚੀ ਆਵਾਜ਼ ਵਿੱਚ ਕਿਹਾ, “ਮੇਰੀ ਨੇਕ ਜ਼ਿੰਦਗੀ ਦੀ ਸਾਥਣ ਲੂਇਸ਼ ਦੀ ਸਿਹਤ ਦੇ ਨਾਂ!” ਹਲਕੇ ਰੰਗ ਦੀ ਸ਼ੈਂਪੇਨ ਦੀ ਬੋਤਲ ਵਿੱਚੋਂ ਸ਼ਰਾਬ ਉੱਬਲ਼ਣ ਲੱਗੀ। ਮੇਜ਼ਬਾਨ ਨੇ ਪਿਆਰ ਨਾਲ ਆਪਣੀ ਸਾਥਣ ਦੇ ਸੱਜਰੇ ਚਿਹਰੇ ਨੂੰ ਚੁੰਮਿਆ। ਮਹਿਮਾਨ ਖੁਸ਼ੀ ਖੁਸ਼ੀ ਨੇਕ ਲੂਇਸ਼ ਦੀ ਸਿਹਤ ਦਾ ਜਾਮ ਪੀਣ ਲੱਗੇ।
ਮੇਜ਼ਬਾਨ ਨੇ ਫਿਰ ਦੂਜੀ ਬੋਤਲ ਦਾ ਕਾਰਕ ਉੜਾਂਦੇ ਹੋਏ ਕਿਹਾ, “ਅਤੇ ਇਹ ਹੈ ਮੇਰੇ ਅਜ਼ੀਜ਼ ਮਹਿਮਾਨਾਂ ਦੀ ਸਿਹਤ ਦਾ ਜਾਮ!” ਮਹਿਮਾਨਾਂ ਨੇ ਸ਼ੁਕਰੀਆ ਕਹਿ ਕੇ ਗਲਾਸ ਫਿਰ ਖ਼ਾਲੀ ਕਰ ਦਿੱਤਾ।
ਫੇਰ ਕੀ ਸੀ, ਪੈੱਗ ਦਰ ਪੈੱਗ ਜਾਮ ਪੀਤੇ ਜਾਣ ਲੱਗੇ। ਪਹਿਲਾਂ ਹਰ ਮਹਿਮਾਨ ਦੀ ਸਿਹਤ ਦੇ ਨਾਂ ਪੀਤਾ ਗਿਆ। ਫਿਰ ਮਾਸਕੋ ਸ਼ਹਿਰ, ਫਿਰ ਜਰਮਨੀ ਦੇ ਛੋਟੇ ਛੋਟੇ ਦਰਜਨ ਭਰ ਸ਼ਹਿਰਾਂ ਦੇ ਨਾਂ, ਫਿਰ ਉਹ ਸਾਰੀਆਂ ਕਾਰਪੋਰੇਸ਼ਨਾਂ ਦੇ ਨਾਮ ਆਮ ਰੂਪ ਵਿੱਚ ਅਤੇ ਫਿਰ ਖ਼ਾਸ ਤੌਰ ਤੇ ਹਰੇਕ ਦੇ ਲਈ ਪੀਤੇ ਗਏ; ਕਾਰੀਗਰਾਂ ਅਤੇ ਉਨ੍ਹਾਂ ਦੇ ਸ਼ਾਗਿਰਦਾਂ ਦੇ ਨਾਂ। ਆਦਰਿਆਨ ਨੇ ਨਿਹਾਇਤ ਜੋਸ਼ ਨਾਲ ਹਰ ਜਾਮ ਖ਼ਾਲੀ ਕੀਤਾ। ਉਹ ਨਸ਼ੇ ਵਿੱਚ ਇੰਨਾ ਧੁੱਤ ਹੋ ਚੁੱਕਿਆ ਸੀ ਕਿ ਚੌੜ ਵਿੱਚ ਆਕੇ ਆਪਣੀ ਸਿਹਤ ਦੇ ਨਾਂ ਵੀ ਇੱਕ ਜਾਮ ਤਜਵੀਜ਼ ਕੀਤਾ। ਇੰਨੇ ਵਿੱਚ ਇੱਕ ਮਹਿਮਾਨ, ਮੋਟੇ ਨਾਨਬਾਈ ਨੇ ਆਪਣਾ ਗਲਾਸ ਉਠਾ ਕੇ ਪੁਰਜੋਸ਼ ਲਹਿਜੇ ਵਿੱਚ ਕਿਹਾ:
“ਉਨ੍ਹਾਂ ਸਿਹਤ ਦੇ ਨਾਂ ਜਿਨ੍ਹਾਂ ਦੇ ਲਈ ਅਸੀਂ ਕੰਮ ਕਰਦੇ ਹਾਂ ਯਾਨੀ ਸਾਡੇ ਗਾਹਕਾਂ ਦੇ ਲਈ!”
ਇਹ ਜਾਮ ਵੀ ਹੋਰਾਂ ਦੀ ਤਰ੍ਹਾਂ ਇੱਕਮੱਤ ਅਤੇ ਜੋਸ਼ੋ ਖ਼ਰੋਸ਼ ਦੇ ਨਾਲ ਪੀਤਾ ਗਿਆ। ਹੁਣ ਮਹਿਮਾਨਾਂ ਨੇ ਇੱਕ ਦੂਜੇ ਨੂੰ ਸਲਾਮ ਕਰਨਾ ਸ਼ੁਰੂ ਕਰ ਦਿੱਤਾ। ਦਰਜ਼ੀ ਨੇ ਮੋਚੀ, ਮੋਚੀ ਨੇ ਦਰਜ਼ੀ, ਨਾਨਬਾਈ ਨੇ ਇਨ੍ਹਾਂ ਦੋਨਾਂ ਨੂੰ, ਫਿਰ ਸਭ ਲੋਕਾਂ ਨੇ ਨਾਨਬਾਈ ਨੂੰ ਅਤੇ ਇਹ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਿਹਾ। ਇਨ੍ਹਾਂ ਨੇ ਆਪਸੀ ਮੁਬਾਰਕਾਂ ਦੇ ਦੌਰਾਨ ਯੂਰਕੋ ਨੇ ਆਪਣੇ ਗੁਆਂਢ ਬੈਠੇ ਤਾਬੂਤਸਾਜ਼ ਨੂੰ ਕਿਹਾ, “ਆਓ ਨਿੱਕੇ ਪਿਤਾ ਤੁਸੀਂ ਆਪਣੇ ਮੁਰਦਿਆਂ ਦੀ ਸਿਹਤ ਦੇ ਨਾਂ ਪੀਓ ਨਾ?”
ਇਸ ਗੱਲ ਉੱਤੇ ਸਭ ਹਸ ਪਏ ਸਿਵਾਏ ਤਾਬੂਤਸਾਜ਼ ਦੇ ਜਿਸਨੇ ਆਪਣੀ ਹੇਠੀ ਸਮਝੀ ਅਤੇ ਗੁੱਸੇ ਨਾਲ ਤਿਓੜੀਆਂ ਪਾ ਲਈਆਂ। ਪਰ ਸਭ ਪੀਣ ਪਿਲਾਉਣ ਵਿੱਚ ਇੰਨੇ ਮਗਨ ਸਨ ਕਿ ਕਿਸੇ ਨੇ ਉਸ ਦੀ ਵੱਲ ਧਿਆਨ ਨਾ ਦਿੱਤਾ। ਜਦੋਂ ਸਭ ਵਿਦਾ ਹੋਣ ਲਈ ਉੱਠੇ ਤਾਂ ਗਿਰਜੇ ਵਲੋਂ ਸ਼ਾਮ ਦੀਆਂ ਘੰਟੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮਹਿਮਾਨਾਂ ਦੇ ਤੁਰਦੇ ਤੁਰਦੇ ਕਾਫ਼ੀ ਦੇਰ ਹੋ ਗਈ। ਸਭ ਨਸ਼ੇ ਵਿੱਚ ਧੁੱਤ ਸਨ। ਮੋਟੇ ਨਾਨਬਾਈ ਅਤੇ ਇੱਕ ਜਿਲਦਸਾਜ਼ ਨੇ ਜਿਸਦਾ ਚਿਹਰਾ ਸੁਰਖ਼ ਚਮੜੇ ਵਿੱਚ ਜੜਿਆ ਲੱਗਦਾ ਸੀ, ਚੌਕੀਦਾਰ ਨੂੰ ਬਗ਼ਲਾਂ ਵਿੱਚ ਹੱਥ ਦੇਕੇ ਉਸ ਦੇ ਠਿਕਾਣੇ ਤੱਕ ਲਿਜਾ ਛੱਡ ਦਿੱਤਾ। ਇਵੇਂ ਰੂਸੀ ਕਹਾਵਤ ਕਿ ਨੇਕੀ ਦਾ ਬਦਲਾ ਨੇਕੀ,ਪੂਰੀ ਕਰ ਵਿਖਾਈ।
ਤਾਬੂਤਸਾਜ਼ ਘਰ ਪਹੁੰਚਿਆ, ਤਾਂ ਗੁੱਸੇ ਵਿਚ ਅਤੇ ਝੁੰਝਲਾਇਆ ਹੋਇਆ ਸੀ।
“ਆਖਿਰ ਇਹ ਕੀ ਗੱਲ ਹੈ?” ਉਸਨੇ ਉੱਚੀ ਆਵਾਜ਼ ਵਿੱਚ ਸੋਚਦੇ ਹੋਏ ਕਿਹਾ। “ਹੋਰ ਸਭ ਪੇਸ਼ੇ ਤਾਂ ਇੱਜ਼ਤਦਾਰ ਹਨ, ਮੇਰਾ ਪੇਸ਼ਾ ਕਿਸ ਗੱਲੋਂ ਘੱਟੀਆ ਹੈ? ਕੀ ਤਾਬੂਤਸਾਜ਼ ਜੱਲਾਦ ਦਾ ਭਾਈਬੰਦ ਹੁੰਦਾ ਹੈ? ਆਖਿਰ ਇਹ ਗ਼ੈਰ ਲੋਕ ਜਰਮਨ ਕਿਸ ਗੱਲ ਉੱਤੇ ਹੱਸ ਰਹੇ ਸਨ? ਕੀ ਉਨ੍ਹਾਂ ਦੇ ਖ਼ਿਆਲ ਵਿੱਚ ਤਾਬੂਤਸਾਜ਼ ਅਹਿਮਕ ਜਾਂ ਮਸਖ਼ਰਾ ਹੈ? ਮੈਂ ਸੋਚ ਰਿਹਾ ਸੀ ਕਿ ਆਪਣੇ ਨਵੇਂ ਘਰ ਦੀ ਖੁਸ਼ੀ ਵਿੱਚ ਹੋਣ ਵਾਲੀ ਦਾਅਵਤ ਵਿੱਚ ਸਾਰਿਆਂ ਨੂੰ ਬੁਲਾਵਾਂਗਾ, ਪਰ ਹੁਣ? ਹੁਣ ਨਹੀਂ ਬਸ ਹੁਣ ਤਾਂ ਮੈਂ ਉਨ੍ਹਾਂ ਲੋਕਾਂ ਨੂੰ ਸੱਦਾਂਗਾ ਜਿਨ੍ਹਾਂ ਦੀ ਮੈਂ ਖਿਦਮਤ ਕਰਦਾ ਹਾਂ ਯਾਨੀ ਮੁਰਦਿਆਂ ਨੂੰ।”
“ਜਨਾਬ ਇਹ ਤੁਸੀਂ ਕੀ ਕਹਿ ਰਹੇ ਹੋ?” ਉਸ ਦੀ ਨੌਕਰਾਨੀ ਨੇ ਉਸ ਦੇ ਜੁੱਤੇ ਉਤਾਰਦੇ ਹੋਏ ਕੰਬ ਕੇ ਕਿਹਾ। “ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ? ਸਲੀਬ ਦਾ ਚਿੰਨ੍ਹ ਬਣਾਓ! ਮੁਰਦਿਆਂ ਨੂੰ ਆਪਣੇ ਨਵੇਂ ਘਰ ਵਿਚ ਬੁਲਾਉਣਾ! ਐਨੀ ਮੂਰਖਤਾ!”
“ਹਾਂ, ਤਾਂ ਕੀ ਹੋਇਆ? ਰੱਬ ਦੀ ਸਹੁੰ ਮੈਂ ਅਜਿਹਾ ਹੀ ਕਰਾਂਗਾ!” ਆਦਰਿਆਨ ਨੇ ਕਿਹਾ। “ਅਤੇ ਕੱਲ ਹੀ ਬੁਲਾਵਾਂਗਾ। ਐ ਮੇਰੇ ਖ਼ੈਰਖ਼ਵਾਹ ਸੱਜਣੋ ਕੱਲ੍ਹ ਰਾਤ ਦਾ ਖਾਣਾ ਮੇਰੇ ਨਾਲ ਖਾਓ ਅਤੇ ਜੋ ਕੁੱਝ ਰੁੱਖਾ ਸੁੱਕਾ ਮੇਰੇ ਕੋਲ ਹੈ, ਇਸ ਵਿੱਚ ਸ਼ਰੀਕ ਹੋ ਕੇ ਮੇਰੀ ਇੱਜ਼ਤ ਵਧਾਓ।” ਇਹ ਕਹਿ ਕੇ ਤਾਬੂਤ ਸਾਜ਼ ਆਪਣੇ ਬੈੱਡ ਉੱਤੇ ਲੇਟ ਗਿਆ। ਛੇਤੀ ਹੀ ਉਹ ਘੁਰਾੜੇ ਮਾਰਨ ਲੱਗ ਪਿਆ।
- ~*
ਸਵੇਰੇ ਦਾ ਅੰਧਕਾਰ ਪੂਰੀ ਤਰ੍ਹਾਂ ਉੜੰਤ ਨਹੀਂ ਹੋਇਆ ਸੀ ਕਿ ਆਦਰਿਆਨ ਨੂੰ ਉੱਠਣਾ ਪਿਆ। ਸੌਦਾਗਰ ਦੀ ਮਾਲਦਾਰ ਵਿਧਵਾ ਤਰੂਖ਼ੀਨਾ ਰਾਤ ਨੂੰ ਚੱਲ ਵੱਸੀ ਸੀ। ਇੱਕ ਆਦਮੀ ਘੋੜੇ ਉੱਤੇ ਸਵਾਰ ਇਹ ਖ਼ਬਰ ਆਦਰਿਆਨ ਨੂੰ ਪਹੁੰਚਾਣ ਆਇਆ। ਤਾਬੂਤਸਾਜ਼ ਨੇ ਉਸਨੂੰ ਬਰਾਂਡੀ ਲੈਣ ਲਈ ਦਸ ਕੌਪਕ ਇਨਾਮ ਵਿੱਚ ਦਿੱਤੇ ਅਤੇ ਖ਼ੁਦ ਜਲਦੀ ਜਲਦੀ ਵਿੱਚ ਕੱਪੜੇ ਬਦਲ ਕੇ ਘੋੜਾ ਗੱਡੀ ਤੇ ਸਵਾਰ ਰਾਜ਼ਗੁਲਿਆਈ ਪਹੁੰਚ ਗਿਆ। ਘਰ ਦੇ ਦਰਵਾਜ਼ੇ ਉੱਤੇ ਪੁਲਿਸ ਦਾ ਪਹਿਰਾ ਸੀ। ਵਪਾਰੀ ਲੋਕ ਮੁਰਦਾ ਸੁੰਘੇ ਕਾਵਾਂ ਦੀ ਤਰ੍ਹਾਂ ਮੰਡਲਾਉਂਦੇ ਹੋਏ ਏਧਰ ਉੱਧਰ ਫਿਰ ਰਹੇ ਸਨ। ਮ੍ਰਿਤਕ ਮੇਜ਼ ਉੱਤੇ ਰੱਖੀ ਸੀ। ਬੇਜਾਨ ਮੋਮੀ ਚਿਹਰਾ ਪਰ ਇਸਦੀ ਸੂਰਤ ਅਜੇ ਤੱਕ ਖਰਾਬ ਨਹੀਂ ਸੀ ਹੋਈ। ਰਿਸ਼ਤੇਦਾਰ, ਗੁਆਂਢੀ ਅਤੇ ਨੌਕਰ-ਚਾਕਰ ਉਸ ਦੇ ਚਾਰੇ ਪਾਸੇ ਖੜੇ ਸਨ। ਸਾਰੀਆਂ ਖਿੜਕੀਆਂ ਖੁੱਲੀਆਂ ਸਨ। ਅੰਦਰ ਮੋਮਬੱਤੀਆਂ ਜਲ ਰਹੀਆਂ ਸਨ ਅਤੇ ਪਾਦਰੀ ਮ੍ਰਿਤਕ ਲਈ ਅਰਦਾਸਾਂ ਪੜ੍ਹ ਰਹੇ ਸਨ।
ਆਦਰਿਆਨ ਤਰੂਖ਼ੀਨਾ ਦੇ ਭਤੀਜੇ ਦੇ ਕੋਲ ਗਿਆ ਜੋ ਨਿਹਾਇਤ ਫ਼ੈਸ਼ਨੇਬਲ ਕੋਟ ਵਿੱਚ ਸਜਿਆ ਇੱਕ ਨੌਜਵਾਨ ਵਪਾਰੀ ਸੀ। ਆਦਰਿਆਨ ਨੇ ਜਾ ਕੇ ਕਿਹਾ ਕਿ ਤਾਬੂਤ, ਮੋਮਬੱਤੀਆਂ, ਤਾਬੂਤ ਦਾ ਝੁੱਲ ਅਤੇ ਜਨਾਜ਼ੇ ਦੇ ਨਾਲ ਲੋੜੀਂਦੀਆਂ ਹੋਰ ਚੀਜ਼ਾਂ ਛੇਤੀ ਚੰਗੀ ਹਾਲਤ ਵਿੱਚ ਮੁਹਈਆ ਕਰ ਦਿੱਤੀਆਂ ਜਾਣਗੀਆਂ। ਵਾਰਿਸ ਨੇ ਬੇਧਿਆਨੀ ਦੇ ਨਾਲ ਉਸਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੀਮਤ ਬਾਰੇ ਸੌਦੇਬਾਜ਼ੀ ਕਰਨਾ ਨਹੀਂ ਚਾਹੁੰਦਾ ਅਤੇ ਹਰ ਗੱਲ ਉਸ ਦੇ ਈਮਾਨ ਉੱਪਰ ਹੈ।
ਤਾਬੂਤ ਸਾਜ਼ ਨੇ ਆਦਤ ਅਨੁਸਾਰ ਸਹੁੰ ਖਾ ਕੇ ਕਿਹਾ ਕਿ ਉਹ ਇੱਕ ਕੌਪਕ ਜ਼ਿਆਦਾ ਲੈਣਾ ਵੀ ਹਰਾਮ ਸਮਝਦਾ ਹੈ। ਉਸਨੇ ਫਿਰ ਕਰਿੰਦੇ ਨਾਲ ਨਜ਼ਰਾਂ ਹੀ ਨਜ਼ਰਾਂ ਵਿੱਚ ਕੁੱਝ ਤੈ ਕੀਤਾ ਅਤੇ ਆਪਣੇ ਘਰ ਆਕੇ ਤਿਆਰੀ ਵਿੱਚ ਲੱਗ ਗਿਆ। ਸਾਰੇ ਦਿਨ ਉਹ ਨਿਕਤਸਕੀ ਦਰਵਾਜ਼ੇ ਤੋਂ ਰਾਜ਼ਗੁਲਿਆਈ ਤੱਕ ਫੇਰੇ ਲਾਉਂਦਾ ਰਿਹਾ। ਸ਼ਾਮ ਤੱਕ ਹਰ ਚੀਜ਼ ਕਾਇਦੇ ਦੇ ਮੁਤਾਬਕ ਉੱਥੇ ਪਹੁੰਚ ਗਈ। ਉਹ ਕੋਚਵਾਨ ਨੂੰ ਛੁੱਟੀ ਦੇਕੇ ਆਪਣੇ ਘਰ ਪੈਦਲ ਰਵਾਨਾ ਹੋਇਆ। ਚਾਂਦਨੀ ਛਿਟਕੀ ਹੋਈ ਸੀ। ਤਾਬੂਤਸਾਜ਼ ਸਹੀ ਸਲਾਮਤ ਨਿਕਤਸਕੀ ਦਰਵਾਜ਼ੇ ਤੱਕ ਪਹੁੰਚ ਗਿਆ। ਜਦੋਂ ਉਹ ਗਿਰਜੇ ਦੇ ਕੋਲੋਂ ਗੁਜਰਿਆ, ਤਾਂ ਯੂਰਕੋ ਨੇ ਪੁੱਛਿਆ ਕੌਣ ਹੈ? ਫਿਰ ਤਾਬੂਤਸਾਜ਼ ਨੂੰ ਪਛਾਣ ਕੇ ਉਸਨੂੰ ਸ਼ੁਭ ਰਾਤ ਕਿਹਾ।
ਰਾਤ ਜ਼ਿਆਦਾ ਬੀਤ ਚੁੱਕੀ ਸੀ। ਆਦਰਿਆਨ ਘਰ ਦੇ ਨੇੜੇ ਪਹੁੰਚਿਆ, ਤਾਂ ਉਸਨੂੰ ਅਜਿਹਾ ਲੱਗਿਆ, ਕੋਈ ਚੁਪਕੇ ਜਿਹੇ ਉਸ ਦੇ ਦਰਵਾਜ਼ੇ ਵਿੱਚ ਗਾਇਬ ਹੋ ਗਿਆ। ਇਸ ਦਾ ਕੀ ਮਤਲਬ? ਆਦਰਿਆਨ ਸਖ਼ਤ ਹੈਰਾਨ ਸੀ। ਇਸ ਵਕਤ ਕਿਸ ਨੂੰ ਮੇਰੀ ਜ਼ਰੂਰਤ ਹੋ ਸਕਦੀ ਹੈ? ਕੀ ਖ਼ਬਰ ਕੋਈ ਚੋਰ ਡਾਕੂ ਹੋਵੇ? ਜਾਂ ਕਿਤੇ ਅਜਿਹਾ ਤਾਂ ਨਹੀਂ ਕਿ ਕੋਈ ਮੇਰੀਆਂ ਅਹਿਮਕ ਲੜਕੀਆਂ ਦੇ ਕੋਲ ਆਇਆ ਹੋਵੇ? ਉਸਨੂੰ ਫ਼ੌਰਨ ਆਪਣੇ ਦੋਸਤ ਯੂਰਕੋ ਨੂੰ ਮਦਦ ਲਈ ਬੁਲਾਣ ਦਾ ਖ਼ਿਆਲ ਆਇਆ। ਇੰਨੇ ਵਿੱਚ ਇੱਕ ਹੋਰ ਆਦਮੀ ਦਰਵਾਜ਼ੇ ਦੇ ਨੇੜੇ ਆਇਆ। ਉਹ ਅੰਦਰ ਦਾਖ਼ਲ ਹੋਣ ਹੀ ਵਾਲਾ ਸੀ ਕਿ ਉਸ ਦੀ ਨਜ਼ਰ ਆਦਰਿਆਨ ਉੱਤੇ ਪਈ ਜੋ ਤੇਜ਼ੀ ਨਾਲ ਘਰ ਦੀ ਵੱਲ ਆ ਰਿਹਾ ਸੀ। ਉਹ ਰੁੱਕ ਗਿਆ ਅਤੇ ਆਪਣੀ ਵਰਦੀ ਦੀ ਟੋਪੀ ਸਲਾਮ ਦੇ ਤੌਰ ਉੱਤੇ ਉਤਾਰੀ ਅਤੇ ਆਦਰਿਆਨ ਨੂੰ ਉਸ ਦਾ ਚਿਹਰਾ ਕੁੱਝ ਵੇਖਿਆ-ਭਾਲਿਆ ਲੱਗਿਆ। ਤੁਸੀਂ ਕੀ ਮੈਨੂੰ ਮਿਲਣਾ ਹੈ?” ਉਸਨੇ ਤਕਰੀਬਨ ਹੱਫ਼ਦੇ ਹੋਏ ਸਵਾਲ ਕੀਤਾ। “ਅੰਦਰ ਆ ਜਾਓ।”
“ਤਕੱਲੁਫ ਦੀ ਜ਼ਰੂਰਤ ਨਹੀਂ ਸਾਹਿਬ,” ਅਜਨਬੀ ਨੇ ਖੋਖਲੀ ਆਵਾਜ਼ ਵਿੱਚ ਜਵਾਬ ਦਿੱਤਾ। ਤੁਸੀਂ ਪਹਿਲਾਂ ਅੰਦਰ ਚੱਲੋ ਅਤੇ ਆਪਣੇ ਮਹਿਮਾਨਾਂ ਨੂੰ ਰਾਹ ਦਿਖਾਓ।” ਆਦਰਿਆਨ ਨੂੰ ਘਰ ਪੁੱਜਣ ਦੀ ਇੰਨੀ ਜਲਦੀ ਸੀ ਕਿ ਉਸਨੂੰ ਖ਼ੁਦ ਹੀ ਤਕੱਲੁਫ ਅਨੁਕੂਲ ਨਹੀਂ ਸੀ। ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਉਹ ਘਰ ਦੀਆਂ ਪੌੜੀਆਂ ਤੱਕ ਪਹੁੰਚ ਗਿਆ ਅਤੇ ਇਸ ਦੇ ਪਿੱਛੇ ਪਿੱਛੇ ਦੂਜਾ ਵੀ। ਆਦਰਿਆਨ ਨੂੰ ਲੱਗਿਆ ਕਿ ਘਰ ਵਿੱਚ ਕੁੱਝ ਲੋਕ ਏਧਰ ਉਧਰ ਚੱਲ ਫਿਰ ਰਹੇ ਹਨ। ਓਹ ਤੇਰੀ ਦੀ, ਆਖ਼ਰ ਗੱਲ ਕੀ ਹੈ? ਉਸਨੇ ਤੇਜ਼ੀ ਨਾਲ ਅੰਦਰ ਦਾਖ਼ਲ ਹੁੰਦੇ ਹੀ ਸੋਚਿਆ ਅਤੇ ਉਸ ਦੇ ਗੋਡੇ ਜਵਾਬ ਦੇ ਗਏ ਜਦੋਂ ਉਸਨੇ ਵੇਖਿਆ ਕਿ ਸਾਰਾ ਕਮਰਾ ਮੁਰਦਿਆਂ ਨਾਲ ਭਰਿਆ ਹੋਇਆ ਸੀ।
ਖੁੱਲੀ ਖਿੜਕੀ ਵਿੱਚੋਂ ਚਾਂਦਨੀ ਉਨ੍ਹਾਂ ਦੇ ਠੰਡੇ ਅਤੇ ਨੀਲੇ ਚੇਹਰਿਆਂ, ਧਸੇ ਹੋਏ ਮੂੰਹਾਂ , ਧੁੰਦਲੀਆਂ ਨਿੰਮੀਆਂ ਅੱਖਾਂ, ਅਤੇ ਉਭਰੇ ਹੋਏ ਨੱਕਾਂ ਉੱਤੇ ਪੈ ਰਹੀਆਂ ਸੀ। ਆਦਰਿਆਨ ਨੇ ਡਰੀਆਂ ਹੋਈਆਂ ਨਿਗਾਹਾਂ ਨਾਲ ਉਨ੍ਹਾਂ ਲੋਕਾਂ ਨੂੰ ਸਿਆਣਿਆ ਜਿਨ੍ਹਾਂ ਦੇ ਦਫ਼ਨ ਵਿੱਚ ਉਸਨੇ ਮਦਦ ਕੀਤੀ ਸੀ। ਪਿੱਛੇ ਆਉਣ ਵਾਲਾ ਉਹੀ ਬ੍ਰਿਗੇਡੀਅਰ ਸੀ ਜੋ ਪਿਛਲੇ ਹਫਤੇ ਮੂਸਲਾਧਾਰ ਮੀਂਹ ਵਿੱਚ ਦਫ਼ਨਾਇਆ ਸੀ। ਸਭ ਮਰਦ ਅਤੇ ਔਰਤਾਂ ਉਸ ਦੇ ਚਾਰੇ ਵੱਲ ਜਮਾਂ ਹੋ ਗਏ ਅਤੇ ਉਸਨੂੰ ਸਲਾਮ ਅਤੇ ਮੁਬਾਰਕਬਾਦ ਪੇਸ਼ ਕਰਨ ਲੱਗੇ। ਸਿਵਾਏ ਇੱਕ ਗ਼ਰੀਬ ਦੇ ਜੋ ਕੁਝ ਹੀ ਦਿਨ ਹੋਏ ਮੁਫ਼ਤ ਦਫਨਾਇਆ ਗਿਆ ਸੀ। ਉਸ ਦੀ ਲਾਗੇ ਆਉਣ ਦੀ ਜੁੱਰਅਤ ਨਾ ਹੋਈ, ਉਹ ਕਮਰੇ ਦੇ ਕੋਨੇ ਵਿੱਚ ਅਜਿਹੀ ਆਜਿਜ਼ੀ ਵਲੋਂ ਖੜਾ ਸੀ ਜਿਵੇਂ ਉਸਨੂੰ ਆਪਣੇ ਚੀਥੜਿਆਂ ਉੱਤੇ ਸ਼ਰਮ ਆਉਂਦੀ ਹੋਵੇ। ਗ਼ਰੀਬ ਦੇ ਸਿਵਾ ਸਾਰਿਆਂ ਨੇ ਸੁਹਣੇ ਕੱਪੜੇ ਪਹਿਨੇ ਹੋਏ ਸਨ।
ਔਰਤਾਂ ਨੇ ਰਿਬਨ ਵਾਲੀਆਂ ਟੋਪੀਆਂ ਲਈਆਂ ਸਨ। ਫ਼ੌਜੀ ਅਫ਼ਸਰ ਆਪਣੀਆਂ ਵਰਦੀਆਂ ਵਿੱਚ ਸਨ। ਸਭ ਦੀਆਂ ਦਾੜ੍ਹੀਆਂ ਬਿਨਾਂ ਸ਼ੇਵ ਕੀਤੀਆਂ ਸਨ। ਵਪਾਰੀਆਂ ਨੇ ਛੁਟੀਆਂ ਵਾਲੇ ਵਧੀਆ ਕਫ਼ਤਾਨਾਂ ਵਿੱਚ ਸਨ।
ਬ੍ਰਿਗੇਡੀਅਰ ਨੇ ਸਭ ਦੀ ਨੁਮਾਇੰਦਗੀ ਕਰਦੇ ਹੋਏ ਕਿਹਾ, “ਪਰੋਖ਼ੋਰੋਫ਼ ਅਸੀਂ ਸਭ ਲੋਕ ਤੁਹਾਡੇ ਬੁਲਾਵੇ ਤੇ ਉੱਠਕੇ ਆਏ ਹਾਂ। ਸਿਰਫ ਉਹ ਜੋ ਬਿਲਕੁਲ ਮਿੱਟੀ ਵਿੱਚ ਮਿਲ ਚੁੱਕੇ ਹਨ ਜਾਂ ਮਹਿਜ਼ ਹੱਡੀਆਂ ਦਾ ਢਾਂਚਾ ਸਨ ਅਤੇ ਉੱਠਣ ਤੋਂ ਆਤੁਰ ਸਨ, ਨਹੀਂ ਆ ਸਕੇ। ਪ੍ਰੰਤੂ ਉਨ੍ਹਾਂ ਵਿਚੋਂ ਵੀ ਇੱਕ ਆਉਣ ਦਾ ਇੰਨਾ ਖ਼ਾਹਿਸ਼ਮੰਦ ਸੀ ਕਿ ਨਾ ਰੁਕ ਸਕਿਆ …”
ਅਤੇ ਇਸ ਦੌਰਾਨ ਇੱਕ ਛੋਟਾ ਜਿਹਾ ਪਿੰਜਰ ਭੀੜ ਵਿੱਚ ਵੜ ਕੇ ਰਸਤਾ ਬਣਾਉਂਦਾ ਹੋਇਆ ਆਦਰਿਆਨ ਦੀ ਵੱਲ ਆਇਆ। ਉਸਦੇ ਮਾਸ ਤੋਂ ਰਹਿਤ ਚਿਹਰੇ ਨੇ ਤਾਬੂਤਸਾਜ਼ ਦੀ ਵੱਲ ਮੁਹੱਬਤ ਭਰੀ ਮੁਸਕਰਾਹਟ ਲਿਸ਼੍ਕਾਈ। ਸ਼ੋਖ ਹਰੇ ਅਤੇ ਸੁਰਖ਼ ਰੰਗ ਦੇ ਕਪੜੇ ਦੀਆਂ ਅਤੇ ਬੋਦੀ ਹੋ ਗਈ ਲਿਨਨ ਦੀਆਂ ਲੀਰਾਂ ਉਸ ਦੇ ਆਲੇ ਦੁਆਲੇ ਇਸ ਤਰ੍ਹਾਂ ਲਮਕ ਰਹੀਆਂ ਸਨ ਜਿਵੇਂ ਉਹ ਕੋਈ ਖੰਭਾ ਹੋਵੇ। ਉਸਦੇ ਪੈਰਾਂ ਦੀਆਂ ਹੱਡੀਆਂ ਉਸਦੇ ਜੈਕਬੂਟਾਂ ਵਿੱਚ ਇਸ ਤਰ੍ਹਾਂ ਖੜ ਖੜ ਖੜਕ ਰਹੀਆਂ ਸਨ ਜਿਵੇਂ ਕੂੰਡੀ ਵਿੱਚ ਸੋਟਾ।
“ਓ, ਪਰੋਖ਼ੋਰੋਫ਼ ਕੀ ਤੂੰ ਮੈਨੂੰ ਨਹੀਂ ਪਛਾਣਦਾ?” ਪਿੰਜਰ ਨੇ ਕਿਹਾ। “ਕੀ ਤੂੰ ਰਿਟਾਇਰਡ ਸਾਰਜੈਂਟ ਪਿਓਤਰ ਪਿਓਤਰੋਵਿਚ ਕੌਰੀਲਕਿਨ ਨੂੰ ਭੁੱਲ ਗਿਆ ਜਿਸ ਲਈ ਤੂੰ 1799 ਪਹਿਲਾ ਤਾਬੂਤ ਵੇਚਿਆ ਸੀ, ਜੋ ਸੀ ਤਾਂ ਸਨੋਬਰ ਦੀ ਲੱਕੜੀ ਦਾ ਪਰ ਤੂੰ ਬਲੂਤ ਦਾ ਕਹਿ ਕੇ ਦਿੱਤਾ ਸੀ।”
ਅਤੇ ਇਨ੍ਹਾਂ ਸ਼ਬਦਾਂ ਦੇ ਨਾਲ ਪਿੰਜਰ ਨੇ ਆਪਣੀਆਂ ਬਾਹਾਂ ਜੱਫੀ ਪਾਉਣ ਲਈ ਅੱਗੇ ਵ੍ਧਾਈਆਂ। ਆਦਰਿਆਨ ਨੇ ਪੂਰੀ ਤਾਕਤ ਨਾਲ ਚੀਖ਼ ਮਾਰੀ ਅਤੇ ਉਸਨੂੰ ਧੱਕਾ ਦੇ ਕੇ ਪਾਸੇ ਕਰ ਦਿੱਤਾ। ਪਿਓਤਰ ਪਿਓਤਰੋਵਿਚ ਝੂਮਿਆ ਅਤੇ ਹੱਡੀਆਂ ਦਾ ਢੇਰ ਬਣ ਕੇ ਜ਼ਮੀਨ ਤੇ ਗਿਰ ਪਿਆ। ਮੁਰਦਿਆਂ ਵਿੱਚ ਗ਼ਮ ਅਤੇ ਗੁੱਸੇ ਦੀ ਲਹਿਰ ਦੌੜ ਗਈ। ਸਭ ਆਪਣੇ ਸਾਥੀ ਦੀ ਹਤਕ ਦਾ ਬਦਲਾ ਲੈਣ, ਕੋਸਣ ਅਤੇ ਧਮਕੀਆਂ ਦਿੰਦੇ ਆਦਰਿਆਨ ਦੀ ਵੱਲ ਵਧੇ। ਬਦਕਿਸਮਤ ਮੇਜ਼ਬਾਨ ਉਨ੍ਹਾਂ ਦੀਆਂ ਚੀਖ਼ਾਂ ਨਾਲ ਤਕਰੀਬਨ ਬੋਲਾ ਹੋ ਗਿਆ ਅਤੇ ਉਨ੍ਹਾਂ ਦੇ ਹਮਲੇ ਨਾਲ ਇੰਨਾ ਬਦਹਵਾਸ ਹੋਇਆ ਕਿ ਬੇਹੋਸ਼ ਹੋ ਕੇ ਮਰਹੂਮ ਸਾਰਜੈਂਟ ਦੀਆਂ ਹੱਡੀਆਂ ਦੇ ਢੇਰ ਉੱਤੇ ਡਿਗ ਪਿਆ।
٭٭
ਸੂਰਜ ਦੀਆਂ ਕਿਰਨਾਂ ਤਾਬੂਤਸਾਜ਼ ਦੇ ਬੈੱਡ ਉੱਤੇ ਪੈ ਰਹੀਆਂ ਸਨ। ਗਰਮੀ ਨਾਲ ਘਬਰਾ ਕੇ ਉਸਨੇ ਅੱਖਾਂ ਖੋਲ੍ਹੀਆਂ, ਤਾਂ ਨੌਕਰਾਣੀ ਸਮਾਵਰ ਵਿੱਚ ਅੱਗ ਸੁਲਗਾਉਣ ਲੱਗੀ ਹੋਈ ਸੀ। ਆਦਰਿਆਨ ਨੂੰ ਬੀਤੀ ਰਾਤ ਦੇ ਭਿਅੰਕਰ ਵਾਕੇ ਆਏ ਅਤੇ ਤਰੂਖ਼ੀਨਾ, ਬ੍ਰਿਗੇਡੀਅਰ ਅਤੇ ਸਾਰਜੈਂਟ, ਕੌਰੀਲਕਿਨ ਅਜੇ ਤੱਕ ਉਸ ਦੀ ਕਲਪਨਾ ਵਿੱਚ ਧੁੰਦਲੇ ਧੁੰਦਲੇ ਸਾਇਆਂ ਦੀ ਤਰ੍ਹਾਂ ਮੰਡਲਾ ਰਹੇ ਸਨ। ਪਹਿਲਾਂ ਤਾਂ ਚੁਪ ਚਾਪ ਇੰਤਜ਼ਾਰ ਕਰਦਾ ਰਿਹਾ ਕਿ ਸ਼ਾਇਦ ਨੌਕਰਾਣੀ ਖ਼ੁਦ ਹੀ ਗੱਲ ਛੇੜੇ ਅਤੇ ਰਾਤ ਵਾਲੇ ਵਾਕੇ ਦੇ ਅੰਤ ਬਾਰੇ ਦੱਸੇ।
’’ਆਦਰਿਆਨ ਪਰੋਖ਼ੋਰੋਫ਼ ਜੀ, ਅੱਜ ਤੁਸੀਂ ਬਹੁਤ ਦੇਰ ਤੱਕ ਘੂਕ ਸੁੱਤੇ ਰਹੇ।” ਅਕਸੀਨਿਆ ਨੇ ਉਸਨੂੰ ਡ੍ਰੈਸਿੰਗ ਗਾਊਨ ਦਿੰਦੇ ਹੋਏ ਕਿਹਾ। ਸਾਡਾ ਗੁਆਂਢੀ ਦਰਜ਼ੀ ਤੁਹਾਨੂੰ ਮਿਲਣ ਆਇਆ ਸੀ ਅਤੇ ਚੌਕੀਦਾਰ ਇਹ ਦੱਸਣ ਕਿ ਅੱਜ ਉਸ ਦੇ ਨਾਮਕਰਣ ਦੀ ਸਾਲਗਿਰਾ ਹੈ। ਪਰ ਤੁਸੀਂ ਤਾਂ ਐਨਾ ਬੇਖ਼ਬਰੀ ਦੀ ਨੀਂਦ ਸੌਂ ਰਹੇ ਸੀ ਕਿ ਸਾਡਾ ਜੀ ਨਾ ਚਾਹਿਆ, ਤੁਹਾਡੀ ਨੀਂਦ ਖਰਾਬ ਕਰੀਏ।’’
“ਮਰਹੂਮਾ ਤਰੂਖ਼ੀਨਾ ਦੇ ਵਲੋਂ ਤਾਂ ਕੋਈ ਨਹੀਂ ਆਇਆ?”
“ਮਰਹੂਮਾ? ਯਾਨੀ ਕਿ ਕੀ ਉਹ ਮਰ ਗਈ?’’
“ਤੂੰ ਵੀ ਕਿੰਨੀ ਬੁੱਧੂ ਹੈਂ। ਕੀ ਕੱਲ ਤੂੰ ਉਸ ਦੇ ਦਫ਼ਨ ਦਾ ਸਾਮਾਨ ਤਿਆਰ ਕਰਨ ਵਿੱਚ ਮੇਰਾ ਹੱਥ ਨਹੀਂ ਵਟਾਇਆ ਸੀ?”
’’ਤੁਹਾਡਾ ਦਿਮਾਗ਼ ਦਰੁਸਤ ਹੈ ਜਨਾਬ? ਜਾਂ ਅਜੇ ਤੱਕ ਰਾਤ ਦੇ ਨਸ਼ੇ ਦਾ ਖ਼ੁਮਾਰ ਬਾਕੀ ਹੈ? ਕੱਲ ਕਿਸ ਨੂੰ ਦਫ਼ਨਾਇਆ ਸੀ? ਸਾਰਾ ਦਿਨ ਤਾਂ ਤੁਸੀਂ ਜਰਮਨ ਦੇ ਘਰ ਦਾਅਵਤ ਵਿੱਚ ਰਹੇ। ਰਾਤ ਨੂੰ ਬਿਲਕੁਲ ਟੱਲੀ ਹੋਏ ਵਾਪਸ ਆਏ। ਆਉਂਦੇ ਹੀ ਐਨੇ ਬੇਸੁੱਧ ਬੈੱਡ ਤੇ ਡਿਗ ਪਏ ਕਿ ਹੁਣ ਤੱਕ ਸੁੱਤੇ ਰਹੇ, ਕਿ ਗਿਰਜੇ ਦੀਆਂ ਘੰਟੀਆਂ ਵੀ ਵਜ ਵਜ ਕੇ ਖ਼ਾਮੋਸ਼ ਹੋ ਚੁੱਕੀਆਂ ਹਨ।
“ਅੱਛਾ? ਸੱਚਮੁਚ,” ਤਾਬੂਤਸਾਜ਼ ਨੇ ਸੁਖ ਦਾ ਸਾਹ ਲੈ ਕੇ ਕਿਹਾ।
“ਸੱਚਮੁਚ ਨਹੀਂ ਤਾਂ ਕੀ?” ਨੌਕਰਾਣੀ ਨੇ ਜਵਾਬ ਦਿੱਤਾ।
“ਜੇਕਰ ਇਹ ਗੱਲ ਹੈ ਤਾਂ ਲਿਆਓ ਚਾਹ ਜਲਦੀ, ਅਤੇ ਮੇਰੀ ਧੀਆਂ ਨੂੰ ਵੀ ਸੱਦ ਲਿਆਓ।” ਅਨੁਵਾਦ: ਚਰਨ ਗਿੱਲ