ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਰਾਤ ਬਹੁਤ ਬੀਤ ਚੁੱਕੀ ਸੀ। ਤਿੰਨ ਵਜ ਰਹੇ ਸਨ। ਡਾਕੀਆ ਆਪਣੀ ਸਵੇਰ ਦੀ ਡਿਊਟੀ ਤੇ ਜਾਣ ਦੀ ਤਿਆਰੀ ਤਕਰੀਬਨ ਮੁਕੰਮਲ ਕਰ ਚੁੱਕਿਆ ਸੀ। ਹੱਥ ਵਿੱਚ ਜੰਗਾਲੀ ਕਿਰਪਾਨ, ਵਰਦੀ ਦੇ ਉੱਤੇ ਗਰਮ ਓਵਰ ਕੋਟ ਚੜ੍ਹਾਈਂ, ਸਿਰ ਤੇ ਡਾਕਖਾਨੇ ਦੀ ਮੁਹਰ ਲੱਗੀ ਟੋਪੀ ਪਹਿਨ ਉਹ ਉਡੀਕ ਰਿਹਾ ਸੀ ਕਿ ਡਰਾਈਵਰ ਡਾਕ ਦੇ ਸਭ ਥੈਲੇ ਤਿੰਨ ਘੋੜਿਆਂ ਵਾਲੀ ਗੱਡੀ ਵਿੱਚ ਲੱਦ ਲਵੇ, ਜੋ ਹੁਣੇ ਦਰਵਾਜ਼ੇ ਉੱਤੇ ਆਕੇ ਖੜੀ ਹੋਈ ਸੀ।

ਉਨੀਂਦਰੇ ਦਾ ਮਾਰਿਆ ਪੋਸਟ ਮਾਸਟਰ ਆਪਣੀ ਕੁਰਸੀ ਉੱਤੇ ਬੈਠਾ ਊਂਘ ਰਿਹਾ ਸੀ। ਉਸਦੀ ਮੇਜ਼ ਕੁਰਸੀ ਦੇ ਨਾਲ ਇਵੇਂ ਰੱਖੀ ਹੋਈ ਸੀ ਜਿਵੇਂ ਉਹ ਕਾਊਂਟਰ ਦੇ ਸਾਹਮਣੇ ਬੈਠਾ ਹੋਵੇ। ਉਹ ਇੱਕ ਫ਼ਾਰਮ ਭਰ ਰਿਹਾ ਸੀ ਅਤੇ ਫ਼ਾਰਮ ਤੋਂ ਨਜ਼ਰ ਉਠਾਏ ਬਿਨਾਂ ਉਸਨੇ ਡਾਕੀਏ ਨੂੰ ਸੰਬੋਧਨ ਕੀਤਾ:

"ਮੇਰੇ ਵਿਦਿਆਰਥੀ ਭਤੀਜੇ ਨੇ ਬਹੁਤ ਜ਼ਰੂਰੀ ਰੇਲਵੇ ਸਟੇਸ਼ਨ ਤੇ ਪੁੱਜਣਾ ਹੈ। ਆਪਣੀ ਮਾਂ ਦੇ ਕੋਲ ਪਿੰਡ ਜਾ ਰਿਹਾ ਹੈ। ਮੈਨੂੰ ਪਤਾ ਹੈ ਕਿ ਕਨੂੰਨੀ ਤੌਰ ਤੇ ਡਾਕਗੱਡੀ ਵਿੱਚ ਕਿਸੇ ਪ੍ਰਾਈਵੇਟ ਸਵਾਰੀ ਨੂੰ ਬਿਠਾਉਣਾ ਮਨ੍ਹਾ ਹੈ, ਪਰ ਕੀ ਕਰੀਏ। ਇਸ ਮੁੰਡੇ ਵਾਸਤੇ ਵੱਖ ਘੋੜਾ ਗੱਡੀ ਕਰਨ ਨਾਲੋਂ ਤਾਂ ਚੰਗਾ ਹੈ, ਤੇਰੇ ਨਾਲ ਮੁਫ਼ਤ ਵਿੱਚ ਜਾਵੇ, ਇਗਨਾਤਯੇਵ। ਕੋਈ ਗੱਲ ਹੋਈ ਤਾਂ ਦੇਖਾਂਗੇ।"

"ਗੱਡੀ ਤਿਆਰ ਹੈ!" ਵਿਹੜੇ ਵਿੱਚੋਂ ਕੋਚਵਾਨ ਦੀ ਆਵਾਜ਼ ਸੁਣਾਈ ਦਿੱਤੀ।

"ਠੀਕ ਹੈ, ਚੱਲ ਫਿਰ,” ਪੋਸਟ ਮਾਸਟਰ ਨੇ ਕਿਹਾ। 'ਕੌਣ ਹੱਕ ਰਿਹਾ ਹੈ ਗੱਡੀ ਅੱਜ?"

"ਗਲਾਜ਼ੋਵ,” ਡਾਕੀਏ ਨੇ ਜਵਾਬ ਦਿੱਤਾ। "ਚਲ, ਰਸੀਦ ਉੱਤੇ ਘੁੱਗੀ ਮਾਰ ਅਤੇ ਨਿਕਲ।"

ਡਾਕੀਏ ਨੇ ਰਸੀਦ ਉੱਤੇ ਦਸਤਖ਼ਤ ਕੀਤੇ ਅਤੇ ਬਾਹਰ ਚਲਾ ਗਿਆ। ਹਨੇਰੇ ਕਾਰਨ ਚਾਹੇ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਪਰ ਇੱਕ ਘੋੜਾ ਗੱਡੀ ਦਾ ਖ਼ਾਕਾ ਜਿਹਾ ਵਿਖਾਈ ਦੇ ਰਿਹਾ ਸੀ। ਤਿੰਨ ਘੋੜੇ ਅਹਿੱਲ ਖੜੇ ਸਨ, ਸਿਵਾਏ ਤੀਜੇ ਟਰੇਸ ਘੋੜੇ ਦੇ ਜਿਸਦੇ ਸਿਰ ਹਿਲਾਣ ਦੀ ਵਜ੍ਹਾ ਨਾਲ ਕਦੇ ਕਦੇ ਟੱਲੀਆਂ ਦੀ ਟੁਣਕਾਰ ਸੁਣਾਈ ਦਿੰਦੀ ਸੀ। ਥੈਲਿਆਂ ਨਾਲ ਲੱਦੀ ਡਾਕਗੱਡੀ ਹਨੇਰੇ ਦਾ ਢੇਰ ਲੱਗ ਰਹੀ ਸੀ। ਗੱਡੀ ਦੇ ਨਜ਼ਦੀਕ ਦੋ ਪਰਛਾਵੇਂ ਨਜ਼ਰ ਆ ਰਹੇ ਸਨ। ਉਨ੍ਹਾਂ ਵਿੱਚ ਇੱਕ ਸਕੂਲੀ ਮੁੰਡੇ ਦਾ ਸੀ ਜਿਸ ਨੇ ਇੱਕ ਬ੍ਰੀਫਕੇਸ ਫੜਿਆ ਹੋਇਆ ਸੀ ਅਤੇ ਦੂਜਾ ਘੋੜਾ ਗੱਡੀ ਦੇ ਕੋਚਵਾਨ ਦਾ ਜੋ ਪਾਈਪ ਪੀ ਰਿਹਾ ਸੀ। ਮਘਦੇ ਤੰਮਾਕੂ ਦੀ ਚਮਕ ਹਨੇਰੇ ਵਿੱਚ ਏਧਰ ਤੋਂ ਉੱਧਰ ਆਉਂਦੀ ਜਾਂਦੀ ਨਜ਼ਰ ਆ ਰਹੀ ਸੀ। ਕਦੇ ਇਹ ਚਮਕ ਬੁਝ ਜਾਂਦੀ ਪਰ ਜਿਵੇਂ ਹੀ ਕੋਚਵਾਨ ਕਸ਼ ਖਿੱਚਦਾ, ਤੰਮਾਕੂ ਦਾ ਅੰਗਿਆਰਾ ਫਿਰ ਮਘਣਾ ਸ਼ੁਰੂ ਕਰ ਦਿੰਦਾ ਅਤੇ ਹਵਾ ਵਿੱਚ ਏਧਰ ਉੱਧਰ ਚਮਕਦਾ ਨਜ਼ਰ ਆਉਂਦਾ। ਸਿਰਫ ਇੱਕ ਪਲ ਲਈ ਜਲਦੇ ਤੰਮਾਕੂ ਦੀ ਰੋਸ਼ਨੀ ਵਿੱਚ ਕੋਚਵਾਨ ਦੀ ਆਸਤੀਨ, ਭੱਦੀਆਂ ਮੁੱਛਾਂ, ਅੱਖਾਂ ਤੇ ਛਤਰੀ ਦੀ ਤਰ੍ਹਾਂ ਭਰਵੱਟਿਆਂ ਦੀ ਇੱਕ ਹਲਕੀ ਜਿਹੀ ਝਲਕ ਨਜ਼ਰ ਆਈ।

ਡਾਕੀਏ ਨੇ ਖ਼ਤਾਂ ਨਾਲ ਭਰੇ ਹੋਏ ਥੈਲਿਆਂ ਨੂੰ ਧੱਕ ਕੇ ਜਰਾ ਹੇਠਾਂ ਕੀਤਾ ਅਤੇ ਆਪਣੀ ਜੰਗਾਲੀ ਪੁਰਾਣੀ ਜੰਗ ਦੀ ਨਿਸ਼ਾਨੀ, ਤਲਵਾਰ ਉਨ੍ਹਾਂ ਉੱਤੇ ਰੱਖ ਦਿੱਤੀ ਅਤੇ ਇੱਕ ਤਖ਼ਤੇ ਉੱਤੇ ਜੋ ਬੈਂਚ ਦਾ ਕੰਮ ਦੇ ਰਿਹਾ ਸੀ, ਬੈਠ ਗਿਆ। ਮੁੰਡਾ ਵੀ ਉਸ ਦੇ ਮਗਰ ਅੰਦਰ ਵੜਿਆ ਅਤੇ ਅਚਾਨਕ ਉਸ ਦੀ ਕੂਹਣੀ ਉਸ ਨੂੰ ਲੱਗ ਜਾਣ ਕਾਰਨ, ਘਬਰਾਹਟ ਅਤੇ ਨਿਮਰਤਾ ਨਾਲ ਕਿਹਾ: “ਮੈਂ ਤੁਹਾਥੋਂ ਮਾਫ਼ੀ ਮੰਗਦਾ ਹਾਂ।“ ਇੰਨੀ ਦੇਰ ਵਿੱਚ ਪੋਸਟ ਮਾਸਟਰ ਵਰਦੀ ਦੀ ਪਰਵਾਹ ਕੀਤੇ ਬਿਨਾਂ ਰਾਤ ਦੇ ਗਾਊਨ ਅਤੇ ਪੈਰਾਂ ਵਿੱਚ ਸਲੀਪਰ ਪਹਿਨੀਂ ਬਾਹਰ ਨਿਕਲ ਆਇਆ। ਰਾਤ ਦੀ ਨਮੀ ਨਾਲ ਸੁੰਘੜ ਰਿਹਾ ਅਤੇ ਆਪਣੇ ਗਲ਼ੇ ਨੂੰ ਸਾਫ਼ ਕਰਦਾ, ਉਹ ਗੱਡੇ ਦੇ ਨਾਲ ਨਾਲ ਤੁਰ ਪਿਆ ਅਤੇ ਕਿਹਾ: "ਅੱਛਾ ਬੇਟੇ, ਸ਼ੁਭ ਯਾਤਰਾ, ਆਪਣੀ ਅੰਮਾਂ ਨੂੰ ਮੇਰੀ ਵਲੋਂ ਬਹੁਤ ਪਿਆਰ ਦੇਣਾ। ਅਤੇ ਉਨ੍ਹਾਂ ਸਾਰਿਆਂ ਨੂੰ ਮੇਰੀ ਵਲੋਂ ਪਿਆਰ ਦੇਣਾ ਅਤੇ ਤੂੰ, ਇਗਨਾਤਯੇਵ, ਭੁੱਲ ਨਾ ਜਾਈਂ ਕਿ ਤੂੰ ਬਿਸਤਰੇਤਸੋਵ ਨੂੰ ਪਾਰਸਲ ਦੇਣਾ ਹੈ...ਅੱਛਾ ਫਿਰ।" ਪੋਸਟ ਮਾਸਟਰ ਨੇ ਕਿਹਾ ਅਤੇ ਕੋਚਵਾਨ ਨੂੰ ਇਸ਼ਾਰਾ ਕੀਤਾ ਕਿ ਬਸ ਹੁਣ ਉਹ ਚੱਲ ਪਏ।

ਕੋਚਵਾਨ ਨੇ ਹਲਕੇ ਜਿਹੇ ਲਗਾਮ ਨੂੰ ਝਟਕਾ ਦਿੱਤਾ, ਜੀਭ ਨਾਲ ਟਖ ਟਖ ਦੀ ਆਵਾਜ਼ ਕੱਢੀ ਅਤੇ ਗੱਡੀ ਰੁੜ੍ਹ ਪਈ। ਵੱਡੀ ਟੱਲੀ ਇਵੇਂ ਬੱਜੀ ਜਿਵੇਂ ਛੋਟੀਆਂ ਟੱਲੀਆਂ ਨੂੰ ਬੱਜਣ ਦਾ ਹੁਕਮ ਦੇ ਰਹੀ ਹੋਵੇ। ਛੋਟੀਆਂ ਟੱਲੀਆਂ ਵੀ ਤਾਮੀਲ ਵਿੱਚ ਮਿੱਤਰ-ਭਾਵ ਨਾਲ ਇੱਕ ਜ਼ਬਾਨ ਹੋ ਕੇ ਬੱਜਣ ਲੱਗੀਆਂ। ਕੋਚਵਾਨ ਨੇ ਆਪਣੀ ਸੀਟ ਤੇ ਖੜ ਕੇ ਹਲਕੇ ਜਿਹੇ ਚਾਬੁਕ ਟਰੇਸ ਘੋੜੇ ਦੀ ਪਿੱਠ ਉੱਤੇ ਲਗਾਇਆ ਅਤੇ ਗੱਡੀ ਕੱਚੇ ਪਹੇ ਤੇ ਖੋਖਲੀ ਆਵਾਜ਼ ਕਰਦੀ ਆਪਣੀ ਮੰਜ਼ਿਲ ਦੀ ਤਰਫ਼ ਰਵਾਨਾ ਹੋ ਗਈ। ਸ਼ਹਿਰ ਸੁੱਤਾ ਪਿਆ ਸੀ। ਵੱਡੀ ਸੜਕ ਦੇ ਦੋਵਾਂ ਪਾਸਿਆਂ ਤੇ ਮਕਾਨ ਅਤੇ ਦਰੱਖਤ ਕਾਲੇ ਸੀ ਅਤੇ ਇਕ ਵੀ ਰੋਸ਼ਨੀ ਨਹੀਂ ਦਿਖਾਈ ਦਿੰਦੀ ਸੀ। ਅਸਮਾਨ ਤਾਰਿਆਂ ਨਾਲ ਢੱਕਿਆ ਹੋਇਆ ਸੀ, ਕਿਤੇ ਕਿਤੇ ਬੱਦਲੋਟੀਆਂ ਤੈਰ ਰਹੀਆਂ ਸਨ, ਅਤੇ ਪੂਰਬ ਦੀ ਗੁੱਠ ਵਿੱਚ ਜਲਦੀ ਪਹੁ ਫੁੱਟਣ ਵਾਲੀ ਸੀ, ਉਥੇ ਚੰਦ ਦੀ ਫਾੜੀ ਹਨੇਰੇ ਨੂੰ ਚੀਰ ਰਹੀ ਸੀ; ਪਰ ਨਾ ਤਾਂ ਤਾਰਿਆਂ ਨੇ, ਜੋ ਬਹੁਤ ਸਾਰੇ ਸਨ ਅਤੇ ਨਾ ਹੀ ਚੰਦ ਦੀ ਫਾੜੀ ਨੇ, ਜੋ ਕਿ ਚਿੱਟੀ ਜਿਹੀ ਲੱਗਦੀ ਸੀ, ਕਿਸੇ ਨੇ ਰਾਤ ਦੀ ਹਵਾ ਨੂੰ ਸਾਫ਼ ਨਹੀਂ ਕੀਤਾ ਸੀ। ਇਹ ਠੰਡੀ, ਸਿੱਲੀ ਸੀ ਅਤੇ ਇਸ ਵਿੱਚੋਂ ਪਤਝੜ ਦੀ ਮਹਿਕ ਆਉਂਦੀ ਸੀ।

ਸਕੂਲੀ ਮੁੰਡੇ ਨੇ, ਜੋ ਆਪਣੀ ਮੁਫ਼ਤ ਸਵਾਰੀ ਲਈ ਡਾਕੀਏ ਦਾ ਅਹਿਸਾਨਮੰਦ ਸੀ, ਨਿਹਾਇਤ ਅਦਬ ਨਾਲ ਗੱਲ ਸ਼ੁਰੂ ਕੀਤੀ। "ਜੇਕਰ ਗਰਮੀ ਦਾ ਮੌਸਮ ਹੁੰਦਾ ਤਾਂ ਹੁਣ ਤੱਕ ਖ਼ਾਸੀ ਰੋਸ਼ਨੀ ਹੋ ਚੁੱਕੀ ਹੁੰਦੀ, ਪਰ ਇਸ ਵਕਤ ਤਾਂ ਸਵੇਰ ਦੇ ਕੋਈ ਸੰਕੇਤ ਨਹੀਂ। ਗਰਮੀ ਦਾ ਮੌਸਮ ਤਾਂ ਹੁਣ ਗਿਆ।" ਮੁੰਡੇ ਨੇ ਅਸਮਾਨ ਦੀ ਤਰਫ਼ ਵੇਖਿਆ ਅਤੇ ਗੱਲ ਜਾਰੀ ਰੱਖੀ, "ਅਸਮਾਨ ਨੂੰ ਵੇਖਕੇ ਪਤਾ ਚੱਲ ਜਾਂਦਾ ਹੈ ਕਿ ਪੱਤਝੜ ਆ ਗਈ ਹੈ। ਉੱਧਰ ਵੇਖੋ, ਸੱਜੇ ਵੱਲ। ਔਹ ਇੱਕ ਕਤਾਰ ਵਿੱਚ ਤਿੰਨ ਤਾਰੇ ਨਜ਼ਰ ਆ ਰਹੇ ਹਨ ਨਾ, ਇਸਨੂੰ ਸ਼ਿਕਾਰੀ ਤਾਰਾਮੰਡਲ ਕਹਿੰਦੇ ਹਨ, ਜੋ ਸਾਡੇ ਅਰਧਗੋਲੇ ਵਿੱਚ ਸਤੰਬਰ ਦੇ ਮਹੀਨੇ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ।"

ਡਾਕੀਏ ਨੇ ਆਪਣੇ ਹੱਥ ਆਸਤੀਨਾਂ ਵਿੱਚ ਕਰ ਲਏ ਅਤੇ ਆਪਣਾ ਚਿਹਰਾ ਗਰਮ ਕੋਟ ਦੇ ਕਾਲਰ ਨਾਲ ਹੋਰ ਢਕ ਲਿਆ। ਨਾ ਕੋਈ ਹਰਕਤ ਕੀਤੀ ਨਾ ਅਸਮਾਨ ਵੱਲ ਵੇਖਿਆ। ਜ਼ਾਹਿਰ ਸੀ ਉਸਨੂੰ ਸ਼ਿਕਾਰੀ ਤਾਰਾਮੰਡਲ ਤੇ ਕਿਸੇ ਵੀ ਤਾਰੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਰਾਤ ਦੇ ਇਹ ਤਾਰੇ ਵੇਖਣਾ ਉਸ ਲਈ ਆਮ ਗੱਲ ਸੀ ਜਿਸ ਤੋਂ ਹੁਣ ਉਹ ਅੱਕ ਚੁੱਕਿਆ ਸੀ।

ਮੁੰਡੇ ਨੇ ਕੁੱਝ ਦੇਰ ਤਾਂ ਗੁਰੇਜ਼ ਕੀਤਾ ਪਰ ਫਿਰ ਬੋਲੇ ਬਿਨਾਂ ਨਾ ਰਹਿ ਸਕਿਆ:

"ਬਹੁਤ ਸਰਦੀ ਹੈ। ਹੁਣ ਸਵੇਰ ਹੋ ਜਾਣੀ ਚਾਹੀਦੀ ਹੈ। ਅੰਕਲ ਤੁਹਾਨੂੰ ਪਤਾ ਹੈ ਸੂਰਜ ਕਿਸ ਵਕਤ ਨਿਕਲਦਾ ਹੈ?”

"ਕੀ?" ਡਾਕੀਏ ਨੇ ਪੁੱਛਿਆ

"ਸੂਰਜ ਅੱਜਕੱਲ੍ਹ ਕਿੰਨੇ ਵਜੇ ਨਿਕਲਦਾ ਹੈ?”

ਕੋਚਵਾਨ ਨੇ ਜਵਾਬ ਦਿੱਤਾ, "ਪੰਜ ਅਤੇ ਛੇ ਦੇ ਦਰਮਿਆਨ।"

ਡਾਕਗੱਡੀ ਹੁਣ ਸ਼ਹਿਰ ਬੰਨੇ ਤੋਂ ਬਾਹਰ ਆ ਚੁੱਕੀ ਸੀ। ਸੜਕ ਦੇ ਦੋਨੋਂ ਪਾਸੇ ਜਾਂ ਤਾਂ ਛੋਟੇ ਛੋਟੇ ਘਰਾਂ ਦੇ ਬਾਹਰ ਲੱਗੀਆਂ ਸਬਜੀਆਂ ਦੀਆਂ ਕਿਆਰੀਆਂ ਸਨ ਜਾਂ ਇੱਕ ਅੱਧ ਦਰਖ਼ਤ। ਬਾਕੀ ਹਰ ਚੀਜ਼ ਕਾਲਖ਼ ਦੇ ਲਿਬਾਦੇ ਵਿੱਚ ਲੁਕੀ ਸੀ। ਖੁੱਲੀ ਫ਼ਿਜ਼ਾ ਵਿੱਚ ਚੰਨ ਵੀ ਕੁੱਝ ਵੱਡਾ ਵੱਡਾ ਜਿਹਾ ਲੱਗ ਰਿਹਾ ਸੀ ਅਤੇ ਤਾਰੇ ਵੀ ਥੋੜੇ ਜ਼ਿਆਦਾ ਰੋਸ਼ਨ ਪਰਤੀਤ ਹੋ ਰਹੇ ਸਨ। ਡਾਕੀਏ ਨੇ ਆਪਣਾ ਚਿਹਰਾ ਹੋਰ ਜ਼ਿਆਦਾ ਕਾਲਰ ਵਿੱਚ ਢਕ ਲਿਆ। ਮੁੰਡੇ ਨੂੰ ਵੀ ਹੁਣ ਸਰਦੀ ਦੀ ਇੱਕ ਲਹਿਰ ਨੇ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ, ਪਹਿਲਾਂ ਪੈਰ, ਫਿਰ ਉਸ ਦੇ ਹੱਥ ਅਤੇ ਚਿਹਰਾ ਯਖ਼ ਹੋ ਗਿਆ। ਘੋੜਿਆਂ ਦੀ ਰਫਤਾਰ ਘੱਟ ਹੋ ਗਈ ਅਤੇ ਟੱਲੀਆਂ ਇਵੇਂ ਚੁੱਪ ਹੋ ਗਈਆਂ ਸਨ ਜਿਵੇਂ ਸਰਦੀ ਨਾਲ ਜੰਮ ਗਈਆਂ ਹੋਣ। ਪਾਣੀ ਦੀ ਛੱਪ ਛੱਪ ਹੁੰਦੀ ਤਾਂ ਤਾਰਿਆਂ ਦਾ ਅਕਸ ਇਵੇਂ ਨਜ਼ਰ ਆਉਂਦਾ ਜਿਵੇਂ ਉਹ ਘੋੜਿਆਂ ਦੇ ਸੁੰਮਾਂ ਹੇਠ ਗੱਡੀ ਦੇ ਪਹੀਆਂ ਦੇ ਗਿਰਦ ਨਾਚ ਕਰ ਹੋਣ।

ਸਿਰਫ ਦਸ ਮਿੰਟ ਬਾਅਦ ਫਿਰ ਕਾਲਖ ਇਸ ਕਦਰ ਵੱਧ ਗਈ ਸੀ ਕਿ ਨਾ ਤਾਂ ਚੰਨ ਦੀ ਚਾਨਣੀ, ਨਾ ਸਿਤਾਰਿਆਂ ਦੀ ਚਮਕ ਵਿਖਾਈ ਪੈਂਦੀ। ਡਾਕਗੱਡੀ ਹੁਣ ਜੰਗਲ ਵਿੱਚ ਦਾਖ਼ਲ ਹੋ ਚੁੱਕੀ ਸੀ। ਦੇਵਦਾਰ ਦੇ ਦਰਖਤਾਂ ਦੀਆਂ ਨੋਕੀਲੀਆਂ ਟਹਿਣੀਆਂ ਮੁੰਡੇ ਦੀ ਟੋਪੀ ਨਾਲ ਉਲਝ ਰਹੀਆਂ ਸਨ। ਉਹ ਵਾਰ ਵਾਰ ਮੱਕੜੀ ਦੇ ਜਾਲੇ ਆਪਣੇ ਚਿਹਰੇ ਤੋਂ ਹਟਾ ਰਿਹਾ ਸੀ। ਗੱਡੀ ਦੇ ਪਹੀਏ ਅਤੇ ਘੋੜਿਆਂ ਦੇ ਸੁੰਮ ਦਰਖਤਾਂ ਦੀਆਂ ਮੋਟੀਆਂ ਮੋਟੀਆਂ ਜੜ੍ਹਾਂ ਨਾਲ ਟਕਰਾ ਰਹੇ ਸੀ ਅਤੇ ਘੋੜਾਗੱਡੀ ਇੱਕ ਮਖ਼ਮੂਰ ਪਿਅੱਕੜ ਦੀ ਤਰ੍ਹਾਂ ਡਿੱਕਡੋਲੇ ਖਾਂਦੀ ਬਹਿਕਦੀ ਬਹਿਕਦੀ ਜਿਹੀ ਚੱਲ ਰਹੀ ਸੀ।

"ਵੇਖਕੇ ਕਿਉਂ ਨਹੀਂ ਚਲਾਂਦਾ ਗੱਡੀ, ਸੜਕ ਤੇ ਰਹਿ। ਬਿਲਕੁਲ ਕਿਨਾਰੇ ਤੇ ਕਿਉਂ ਚੱਲ ਰਿਹਾ ਹੈਂ।"

ਡਾਕੀਏ ਨੇ ਨਿਹਾਇਤ ਕਰੋਧ ਭਰੀ ਆਵਾਜ਼ ਵਿੱਚ ਕੋਚਵਾਨ ਨੂੰ ਡਾਂਟਿਆ।

"ਮੇਰਾ ਚਿਹਰਾ ਇਨ੍ਹਾਂ ਟਾਹਣੀਆਂ ਨਾਲ ਵਲੂੰਧਰਿਆ ਗਿਆ ਹੈ। ਗੱਡੀ ਨੂੰ ਸੱਜੇ ਰੱਖ।"

ਅਜੇ ਡਾਕੀਏ ਦਾ ਫ਼ਿਕਰਾ ਮੁਕੰਮਲ ਵੀ ਨਹੀਂ ਹੋਇਆ ਸੀ ਕਿ ਗੱਡੀ ਨੂੰ ਅਚਾਨਕ ਅਜਿਹਾ ਝਟਕਾ ਲੱਗਿਆ ਜਿਵੇਂ ਕਿਸੇ ਮਰੀਜ਼ ਨੂੰ ਮਿਰਗੀ ਦਾ ਦੌਰਾ ਪੈ ਗਿਆ ਹੋਵੇ। ਗੱਡੀ ਤੇ ਇੱਕ ਕੰਬਣੀ ਜਿਹੀ ਤਾਰੀ ਹੋਈ ਅਤੇ ਉਹ ਪਹਿਲਾਂ ਇੱਕ ਤਰਫ਼ ਅਤੇ ਫਿਰ ਦੂਜੀ ਤਰਫ਼ ਝੁਕੀ ਜਿਵੇਂ ਡਿੱਗਣ ਲੱਗੀ ਹੋਵੇ ਲੇਕਿਨ ਅਚਾਨਕ ਬੇਹੱਦ ਤੇਜ਼ੀ ਨਾਲ ਜੰਗਲ ਦੇ ਕੱਚੇ ਰਸਤੇ ਤੇ ਅੱਗੇ ਵਧੀ। ਲੱਗਦਾ ਸੀ ਜਿਵੇਂ ਘੋੜਿਆਂ ਨੇ ਕਿਸੇ ਡਰਾਉਣੀ ਚੀਜ਼ ਨੂੰ ਵੇਖ ਲਿਆ ਹੋਵੇ ਅਤੇ ਉਸ ਦੇ ਡਰ ਤੋਂ ਫ਼ਰਾਰ ਹੋਣਾ ਚਾਹੁੰਦੇ ਹੋਣ।

"ਵਏ ਵਏ,” ਕੋਚਵਾਨ ਚੀਕਿਆ, "ਸ਼ੈਤਾਨ ਦੀ ਔਲਾਦ,” ਉਸਨੇ ਘੋੜਿਆਂ ਨੂੰ ਗਾਲਾਂ ਦੇਣਾ ਸ਼ੁਰੂ ਕਰ ਦਿੱਤਾ।

ਮੁੰਡਾ ਬੁਰੀ ਤਰ੍ਹਾਂ ਡਰ ਗਿਆ ਸੀ। ਉਸਨੇ ਅੱਗੇ ਝੁਕ ਕੇ ਕੋਈ ਸਹਾਰਾ ਢੂੰਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਚਮੜੇ ਦੇ ਗਿੱਲੇ ਥੈਲਿਆਂ ਤੋਂ ਉਸ ਦੇ ਹੱਥ ਤਿਲਕ ਰਹੇ ਸਨ। ਉਸਨੇ ਕੋਚਵਾਨ ਦੇ ਕੋਟ ਦੀ ਪੇਟੀ ਫੜਨੀ ਚਾਹੀ ਮਗਰ ਕੋਚਵਾਨ ਖ਼ੁਦ ਇਸ ਤਰ੍ਹਾਂ ਹਿਚਕੋਲੇ ਖਾ ਰਿਹਾ ਸੀ ਕਿ ਲੱਗਦਾ ਸੀ ਹੁਣੇ ਗੱਡੀ ਤੋਂ ਹੇਠਾਂ ਡਿੱਗ ਪਵੇਗਾ। ਪਹੀਆਂ ਦੀ ਗੜਗੜ ਅਤੇ ਗੱਡੀ ਦੀ ਕੜਕੜ ਦੇ ਰੌਲੇ ਵਿੱਚ ਦੋਨਾਂ ਨੇ ਤਲਵਾਰ ਦੇ ਡਿੱਗਣ ਦੀ ਆਵਾਜ਼ ਸੁਣੀ ਅਤੇ ਇਸ ਦੇ ਤੁਰਤ ਬਾਅਦ ਕਿਸੇ ਭਾਰੀ ਜਿਹੀ ਚੀਜ਼ ਦੇ ਜ਼ੋਰ ਨਾਲ ਡਿੱਗਣ ਦੀ ਆਵਾਜ਼ ਆਈ।

"ਰੁਕੋ, ਰੁਕੋ, ਰੁਕੋ।"

ਕੋਚਵਾਨ ਦੀ ਆਵਾਜ਼ ਵਿੱਚ ਖੌਫ਼ ਅਤੇ ਬੇਚੈਨੀ ਦੋਨੋਂ ਸ਼ਾਮਿਲ ਸਨ।

ਗੱਡੀ ਬੁਰੀ ਤਰ੍ਹਾਂ ਹਿਚਕੋਲੇ ਖਾ ਰਹੀ ਸੀ। ਮੁੰਡੇ ਦਾ ਸਿਰ ਕੋਚਵਾਨ ਦੀ ਸੀਟ ਨਾਲ ਟਕਰਾਇਆ ਅਤੇ ਫਿਰ ਦੂਜੇ ਪਲ ਉਸ ਦੀ ਕਮਰ ਗੱਡੀ ਦੇ ਹਿਫ਼ਾਜ਼ਤੀ ਤਖ਼ਤੇ ਉੱਤੇ ਇੰਨੀ ਜ਼ੋਰ ਨਾਲ ਲੱਗੀ ਕਿ ਉਸ ਦੀਆਂ ਚੀਕਾਂ ਨਿਕਲ ਗਈਆਂ। ਮੁੰਡੇ ਨੇ ਦੋਨਾਂ ਹੱਥਾਂ ਨਾਲ ਤਖ਼ਤੇ ਨੂੰ ਫੜਿਆ ਤਾਂਕਿ ਉਹ ਡਿੱਗਣ ਤੋਂ ਬਚਿਆ ਰਹੇ। “ਮੈਂ ਡਿੱਗ ਰਿਹਾ ਹਾਂ!“ ਇਹ ਸੋਚ ਸੀ ਜੋ ਉਸ ਦੇ ਦਿਮਾਗ ਵਿਚ ਜਗ ਰਹੀ ਸੀ, ਪਰ ਇਸੇ ਸਮੇਂ ਘੋੜੇ ਇੱਕ ਹੰਭਲੇ ਨਾਲ ਜੰਗਲ ਵਿਚੋਂ ਬਾਹਰ ਨਿਕਲ ਕੇ ਖੁੱਲ੍ਹੀ ਜਗ੍ਹਾ ਵਿੱਚ ਆ ਗਏ, ਸੱਜੇ ਪਾਸੇ ਤਿੱਖਾ ਮੋੜ ਮੁੜ ਗਏ ਅਤੇ ਲੱਕੜ ਦੇ ਇਕ ਪੁਲ ਤੇ ਖੜਖੜ ਕਰਦੇ, ਅਚਾਨਕ ਖਾਮੋਸ਼ ਹੋ ਗਏ, ਅਤੇ ਗੱਡੀ ਦੇ ਅਚਨਚੇਤ ਰੁਕ ਜਾਣ ਨੇ ਵਿਦਿਆਰਥੀ ਨੂੰ ਦੁਬਾਰਾ ਅੱਗੇ ਨੂੰ ਸੁੱਟ ਦਿੱਤਾ।

ਕੋਚਵਾਨ ਅਤੇ ਮੁੰਡੇ ਦੇ ਸਾਹ ਬੁਰੀ ਤਰ੍ਹਾਂ ਫੁੱਲੇ ਹੋਏ ਸਨ। ਡਾਕੀਆ ਗੱਡੀ ਵਿੱਚ ਨਹੀਂ ਸੀ। ਉਹ ਆਪਣੀ ਤਲਵਾਰ ਅਤੇ ਇੱਕ ਡਾਕ ਦੇ ਥੈਲੇ ਸਮੇਤ ਗੱਡੀ ਤੋਂ ਹੇਠਾਂ ਡਿੱਗ ਗਿਆ ਸੀ। ਮੁੰਡੇ ਦੇ ਬ੍ਰੀਫਕੇਸ ਦਾ ਵੀ ਕੁੱਝ ਪਤਾ ਨਹੀਂ ਸੀ।

"ਰੁੱਕ ਜਾ ਬਦਮਾਸ਼, ਤੇਰਾ ਬੇੜਾ ਗਰਕ ਹੋਵੇ, ਰੁੱਕ ਜਾ।" ਆਵਾਜ਼ ਜੰਗਲ ਵਲੋਂ ਆ ਰਹੀ ਸੀ।

"ਤੈਨੂੰ ਰੱਬ ਦੀ ਮਾਰ, ਤੈਨੂੰ ਮੈਂ ਹੁਣੇ ਪਤਾ ਦਿੰਦਾ ਹਾਂ।"

ਡਾਕੀਆ ਹੁਣ ਜੰਗਲ ਤੋਂ ਬਾਹਰ ਨਿਕਲ ਚੁੱਕਿਆ ਸੀ। ਗੁੱਸੇ ਨਾਲ ਭਖਿਆ ਹੋਇਆ ਸੀ, ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਹਵਾ ਵਿੱਚ ਮੁੱਕਾ ਲਹਿਰਾਉਂਦੇ ਹੋਏ ਉਹ ਕੋਚਵਾਨ ਨੂੰ ਗਾਲਾਂ ਕਢ ਰਿਹਾ ਸੀ।

"ਇਹ ਟਰੇਸ ਘੋੜੀ ਨਹੀਂ ਹਜ਼ੂਰ, ਇਹ ਤਾਂ ਸ਼ੈਤਾਨ ਘੋੜੇ ਦੀ ਸ਼ਕਲ ਵਿੱਚ ਆ ਗਿਆ ਹੈ। ਮੈਂ ਕਰ ਵੀ ਕੀ ਸਕਦਾ ਹਾਂ,” ਕੋਚਵਾਨ ਨੇ ਕਿਹਾ। ਉਂਜ ਇਸ ਨੂੰ ਤਾਂ ਅਜੇ ਜੋੜਨ ਲੱਗਿਆਂ ਹਫਤਾ ਵੀ ਨਹੀਂ ਹੋਇਆ, ਇਸ ਲਈ ਬਹੁਤ ਜਲਦੀ ਬਿਦਕ ਜਾਂਦੀ ਹੈ। ਖਾਸ ਕਰ, ਜੇਕਰ ਢਲਾਨ ਉੱਤਰ ਰਹੀ ਹੋਵੇ ਤਾਂ ਬਿਲਕੁਲ ਕਾਬੂ ਵਿੱਚ ਨਹੀਂ ਰਹਿੰਦੀ। ਹੁਣੇ ਇਸ ਦੀ ਥੂਥਨੀ ਉੱਤੇ ਇੱਕ ਲਗਾਵਾਂਗਾ ਤਾਂ ਠੀਕ ਹੋ ਜਾਵੇਗੀ।"

"ਦਰਰਰ ਦਰਰਰ। ਧੀਰਜ, ਧੀਰਜ,” ਉਸ ਨੇ ਟਰੇਸ ਘੋੜੀ ਨੂੰ ਕਿਹਾ ਜਿਸਨੇ ਫੇਰ ਬਿਦਕਣਾ ਸ਼ੁਰੂ ਕਰ ਦਿੱਤਾ ਸੀ।

ਜਿੰਨੀ ਦੇਰ ਕੋਚਵਾਨ ਘੋੜਿਆਂ ਨੂੰ ਸੰਭਾਲ ਰਿਹਾ ਸੀ, ਸੜਕ ਤੋਂ ਤਲਵਾਰ, ਮੁੰਡੇ ਦਾ ਬ੍ਰੀਫਕੇਸ ਅਤੇ ਖ਼ਤਾਂ ਦਾ ਥੈਲਾ ਲਭ ਕੇ ਦੁਬਾਰਾ ਘੋੜਾ ਗੱਡੀ ਵਿੱਚ ਰੱਖ ਰਿਹਾ ਸੀ, ਡਾਕੀਆ ਗੁੱਸੇ ਨਾਲ ਚੀਕਦੀ ਆਵਾਜ਼ ਵਿਚ ਗਾਲਾਂ ਕਢੀ ਜਾ ਰਿਹਾ ਸੀ। ਕੋਚਵਾਨ ਨੇ ਗੱਡੀ ਤੋਰ ਲਈ ਅਤੇ ਪਤਾ ਨਹੀਂ ਕਿਉਂ ਤਕਰੀਬਨ ਸੌ ਕਦਮ ਪੈਦਲ ਚੱਲਿਆ, ਘੋੜੀ ਨੂੰ ਬੁਰਾ ਭਲਾ ਬੋਲਦਾ ਰਿਹਾ। ਫਿਰ ਉਚਕ ਕੇ ਗੱਡੀ ਤੇ ਚੜ੍ਹ ਕੇ ਬੈਠ ਗਿਆ।

ਹਾਲਾਂ ਕਿ ਅਜੇ ਤੱਕ ਮੁੰਡਾ ਖੌਫ਼ ਨਾਲ ਕੰਬ ਰਿਹਾ ਸੀ ਲੇਕਿਨ ਜਿਵੇਂ ਹੀ ਉਸਨੂੰ ਮਹਿਸੂਸ ਹੋਇਆ ਕਿ ਖ਼ਤਰਾ ਟਲ ਗਿਆ ਹੈ ਤਾਂ ਉਸਨੂੰ ਇਹ ਸਾਰੀ ਘਟਨਾ ਏਨੀ ਰੌਚਿਕ ਲੱਗਣ ਲੱਗੀ ਕਿ ਉਸਨੇ ਜ਼ੋਰ ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਜ਼ਿੰਦਗੀ ਵਿੱਚ ਪਹਿਲੀ ਵਾਰ ਉਸਨੇ ਇੰਨੀ ਰਾਤ ਗਏ ਸਫ਼ਰ ਕੀਤਾ ਸੀ, ਅਤੇ ਉਹ ਵੀ ਇੱਕ ਡਾਕਗੱਡੀ ਵਿੱਚ। ਜਿਨ੍ਹਾਂ ਖ਼ਤਰਿਆਂ ਨਾਲ ਉਹ ਦੋ ਚਾਰ ਹੋਇਆ ਉਸ ਦੇ ਨਤੀਜੇ ਵਜੋਂ ਸਿਵਾਏ ਜਖ਼ਮੀ ਲੱਕ ਅਤੇ ਮੱਥੇ ਉੱਤੇ ਇੱਕ ਛੋਟੇ ਜਿਹੇ ਗੁੰਮੜ ਦੇ ਹੋਰ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ ਸੀ। ਉਸਨੇ ਸਿਗਰਟ ਸੁਲਗਾਈ ਅਤੇ ਹੱਸਦੇ ਹੱਸਦੇ ਕਹਿਣ ਲਗਾ।

"ਜਿਵੇਂ ਤੁਸੀ ਗਿਰੇ ਸੀ, ਸ਼ੁਕਰ ਕਰੋ ਧੌਣ ਨਹੀਂ ਟੁੱਟੀ! ਮੈਂ ਬੱਸ ਡਿੱਗਣ ਹੀ ਵਾਲਾ ਸੀ, ਅਤੇ ਮੈਂਨੂੰ ਪਤਾ ਵੀ ਨਹੀਂ ਲੱਗਿਆ ਕਿ ਤੁਸੀਂ ਬਾਹਰ ਡਿੱਗ ਪਏ ਹੋ। ਮੈਂ ਇਹ ਅੰਦਾਜ਼ਾ ਲਗਾ ਸਕਦਾ ਹਾਂ ਕਿ ਇਹ ਪਤਝੜ ਵਿੱਚ ਗੱਡੀ ਚਲਾਉਣਾ ਕਿਵੇਂ ਦਾ ਹੁੰਦਾ ਹੈ!“

ਡਾਕੀਏ ਨੇ ਉਸ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਅਤੇ ਰੁੱਸਿਆ ਜਿਹਾ ਬੈਠਾ ਰਿਹਾ।

ਮੁੰਡੇ ਨੇ ਫਿਰ ਪੁੱਛਿਆ, "ਤੁਸੀ ਕਦੋਂ ਤੋਂ ਇਸ ਡਾਕਗੱਡੀ ਦੀ ਡਿਊਟੀ ਦੇ ਰਹੇ ਹੋ?”

"ਗਿਆਰਾਂ ਸਾਲ ਤੋਂ।"

"ਅੱਛਾ..ਹਰ-ਰੋਜ਼!!"

"ਹਾਂ, ਹਰ-ਰੋਜ਼। ਜਿਵੇਂ ਹੀ ਇਹ ਡਾਕ ਪਹੁੰਚ ਜਾਂਦੀ ਹੈ ਮੈਂ ਇਸ ਗੱਡੀ ਤੇ ਡਾਕ ਲੈ ਕੇ ਵਾਪਸ ਚੱਲ ਪੈਂਦਾ ਹਾਂ ਅਤੇ ਫਿਰ ਰਾਤ ਨੂੰ ਦੁਬਾਰਾ ਇਹੀ ਡਿਊਟੀ ਦਿੰਦਾ ਹਾਂ। ਕਿਉਂ, ਕਿਸ ਲਈ ਪੁੱਛ ਰਿਹਾ ਹੈਂ?”

ਮੁੰਡਾ ਸੋਚਾਂ ਵਿੱਚ ਪੈ ਗਿਆ ਸੀ। ਜੇਕਰ ਇਹ ਡਾਕੀਆ ਰੋਜ਼ ਇਹ ਸਫ਼ਰ ਕਰਦਾ ਹੈ ਤਾਂ ਇਸ ਦਾ ਤਾਂ ਹਰ ਦਿਨ ਇੰਜ ਹੀ ਅੱਜ ਦੀ ਤਰ੍ਹਾਂ ਦੀ ਦਿਲਚਸਪ ਅਤੇ ਖ਼ਤਰਨਾਕ ਸਾਹਸਬਾਜ਼ੀ ਵਿੱਚ ਗੁਜਰਦਾ ਹੋਵੇਗਾ? ਕਦੇ ਇਹ ਬਰਫ ਦੇ ਤੂਫ਼ਾਨਾਂ ਵਿੱਚ ਘਿਰ ਜਾਂਦਾ ਹੋਵੇਗਾ? ਕਦੇ ਘੋੜੇ ਬਿਦਕ ਜਾਂਦੇ ਹੋਣਗੇ ਤੇ ਕਦੇ ਡਾਕੂ ਇਸ ਦੀ ਗੱਡੀ ਉੱਤੇ ਹਮਲਾ ਕਰ ਦਿੰਦੇ ਹੋਣਗੇ? ਇਸ ਦੇ ਕੋਲ ਤਾਂ ਅਮੁੱਕ ਕਹਾਣੀਆਂ ਜਮ੍ਹਾਂ ਹੋ ਗਈ ਹੋਣਗੀਆਂ।


"ਤਾਂ ਕੀ ਤੁਹਾਡੇ ਨਾਲ ਅਕਸਰ ਇਸ ਤਰ੍ਹਾਂ ਦੇ ਵਾਕੇ ਵਾਪਰਦੇ ਰਹਿੰਦੇ ਹਨ?”

ਉਸ ਦਾ ਖਿਆਲ ਸੀ ਕਿ ਡਾਕੀਆ ਹੁਣ ਆਪਣੇ ਬਾਰੇ ਉਸ ਦੀ ਦਿਲਚਸਪੀ ਵੇਖਕੇ ਹੱਡਬੀਤੀਆਂ ਸੁਣਾਉਣੀਆਂ ਸ਼ੁਰੂ ਕਰ ਦੇਵੇਗਾ। ਪਰ ਡਾਕੀਏ ਨੇ ਮੁਕੰਮਲ ਖ਼ਾਮੋਸ਼ੀ ਧਾਰੀ ਰੱਖੀ। ਇੰਨੀ ਦੇਰ ਵਿੱਚ ਸਵੇਰ ਦੇ ਸੰਕੇਤ ਉਘੜਨੇ ਸ਼ੁਰੂ ਹੋ ਗਏ ਸਨ, ਚੰਨ ਦੀ ਫਾੜੀ ਬੱਦਲਾਂ ਵਿੱਚ ਘਿਰੀ ਹੋਈ ਸੀ, ਹਲਕੇ ਹਲਕੇ ਚਾਨਣ ਵਿੱਚ ਹੁਣ ਡਾਕੀਏ ਦਾ ਥੱਕਿਆ ਹੋਇਆ ਅਤੇ ਗੁੱਸੇ ਨਾਲ ਆਕੜਿਆ ਚਿਹਰਾ ਨਜ਼ਰ ਆਉਣ ਲਗਾ ਸੀ। ਲੱਗਦਾ ਸੀ ਜਿਵੇਂ ਉਹ ਅਜੇ ਤੱਕ ਕੋਚਵਾਨ ਨਾਲ ਖਫ਼ਾ ਹੋਵੇ।

"ਸ਼ੁਕਰ ਹੈ ਰੋਸ਼ਨੀ ਤਾਂ ਹੋਈ।" ਮੁੰਡੇ ਨੇ ਕੋਚਵਾਨ ਨੂੰ ਅਤੇ ਡਾਕੀਏ ਦੇ ਗੁੱਸੇ ਅਤੇ ਸਰਦੀ ਨਾਲ ਠਰਦੇ ਚਿਹਰੇ ਨੂੰ ਵੇਖਦੇ ਹੋਏ ਕਿਹਾ:

"ਮੈਨੂੰ ਖ਼ੁਦ ਨੂੰ ਬਹੁਤ ਸਰਦੀ ਲੱਗ ਰਹੀ ਹੈ। ਸਤੰਬਰ ਵਿੱਚ ਰਾਤਾਂ ਕਾਫ਼ੀ ਠੰਡੀਆਂ ਹੋ ਜਾਂਦੀਆਂ ਹਨ, ਲੇਕਿਨ ਸੂਰਜ ਨਿਕਲਣ ਦੇ ਬਾਅਦ ਜਰਾ ਗਰਮੀ ਪੈਣ ਲੱਗਦੀ ਹੈ। ਕੀ ਖਿਆਲ ਹੈ, ਅਸੀ ਕਿੰਨੀ ਦੇਰ ਤੱਕ ਸਟੇਸ਼ਨ ਪਹੁੰਚ ਜਾਵਾਂਗੇ?”

ਡਾਕੀਏ ਦੇ ਮੱਥੇ ਤੇ ਤਿਊੜੀਆਂ ਉਭਰ ਆਈਆਂ ਅਤੇ ਉਸ ਨੇ ਉਕਤਾਹਟ ਨਾਲ ਮੁੰਡੇ ਵੱਲ ਵੇਖਿਆ ਅਤੇ ਡਾਂਟਦੇ ਹੋਏ ਉਸਨੂੰ ਕਿਹਾ, “ਯਾਤਰਾ ਕਰਦੇ ਹੋਏ ਕੀ ਤੂੰ ਚੁੱਪ ਨਹੀਂ ਰਹਿ ਸਕਦਾ? ਤੂੰ ਕੁੱਝ ਜ਼ਿਆਦਾ ਹੀ ਬੋਲਦਾ ਹੈਂ।"

ਮੁੰਡਾ ਮਾਯੂਸ ਹੋ ਕੇ ਚੁੱਪ ਹੋ ਗਿਆ ਅਤੇ ਬਾਕੀ ਯਾਤਰਾ ਦੇ ਦੌਰਾਨ ਉਸਨੇ ਹੋਰ ਕੋਈ ਗੱਲ ਨਾ ਕੀਤੀ।

ਹੁਣ ਹੋਰ ਰੋਸ਼ਨੀ ਹੋ ਚੁੱਕੀ ਸੀ। ਚੰਨ ਮੱਧਮ ਹੁੰਦੇ ਹੁੰਦੇ ਸੁਰਮਈ ਅਸਮਾਨ ਵਿੱਚ ਲੁੱਕ ਗਿਆ ਸੀ। ਬੱਦਲ ਪੀਲਾ ਪੈ ਗਿਆ, ਤਾਰੇ ਧੁੰਦਲੇ ਹੋ ਗਏ, ਪਰ ਪੂਰਬ ਅਜੇ ਵੀ ਠੰਢਾ ਨਜ਼ਰ ਆ ਰਿਹਾ ਸੀ ਅਤੇ ਰੰਗ ਬਾਕੀ ਦੇ ਆਕਾਸ਼ ਵਰਗਾ, ਤਾਂ ਜੋ ਕੋਈ ਇਹ ਵਿਸ਼ਵਾਸ ਨਾ ਕਰ ਸਕੇ ਕਿ ਇਸ ਵਿੱਚ ਸੂਰਜ ਛੁਪਿਆ ਹੋਇਆ ਸੀ। ਪਰ ਸਰਦੀ ਹੁਣ ਵੀ ਬਰਦਾਸ਼ਤ ਤੋਂ ਬਾਹਰ ਸੀ, ਉੱਤੋਂ ਡਾਕੀਏ ਦੇ ਰਵਈਏ ਨੇ ਮੁੰਡੇ ਦੀ ਤਬੀਅਤ ਨੂੰ ਦਬੋਚ ਲਿਆ ਸੀ। ਹੁਣ ਉਹ ਪਹਿਲਾਂ ਦੀ ਤਰ੍ਹਾਂ ਚੁਲਬੁਲਾ ਨਹੀਂ ਸੀ ਸਗੋਂ ਖ਼ਾਸਾ ਉਦਾਸ ਹੋ ਗਿਆ ਸੀ। ਇਸ ਉਦਾਸੀ ਦੇ ਆਲਮ ਵਿੱਚ ਉਸਨੇ ਆਪਣੇ ਇਰਦ-ਗਿਰਦ ਵੇਖਿਆ ਤਾਂ ਸੋਚਿਆ ਕਿ ਇਨਸਾਨ ਤਾਂ ਇਨਸਾਨ ਇਹ ਦਰਖ਼ਤ ਅਤੇ ਘਾਹ ਤੱਕ ਵੀ ਇਸ ਸ਼ਦੀਦ ਸਰਦੀ ਦੀਆਂ ਰਾਤਾਂ ਤੋਂ ਤੰਗ ਆ ਗਏ ਹੋਣਗੇ। ਭਾਵੇਂ ਸੂਰਜ ਨਿਕਲ ਆਇਆ ਸੀ ਪਰ ਨਿਘ ਦੀ ਬਜਾਏ ਉਸ ਦੀ ਸੁਸਤੀ ਠੰਡ ਦਾ ਅਹਿਸਾਸ ਵਧੇਰੇ ਕਰਵਾ ਰਹੀ ਸੀ। ਕਹਾਣੀਆਂ ਵਿੱਚ ਪੜ੍ਹੇ ਹੋਏ ਸੂਰਜ ਉਦੇ ਹੋਣ ਦੇ ਮੰਜ਼ਰ ਦੇ ਉਲਟ ਦਰਖਤਾਂ ਦੀਆਂ ਚੋਟੀਆਂ ਕਿਰਨਾਂ ਨਾਲ ਲਿਸ਼ਕਦੀਆਂ ਨਹੀਂ ਸਨ, ਧਰਤੀ ਤੇ ਧੁੱਪ ਨਹੀਂ ਵਿਛੀ ਸੀ ਅਤੇ ਉਨੀਂਦੇ ਪਰਿੰਦਿਆਂ ਦੀ ਪਰਵਾਜ਼ ਵਿੱਚ ਕੋਈ ਖੁਸ਼ੀ ਨਹੀਂ ਵਿਖਾਈ ਦੇ ਰਹੀ ਸੀ। ਰੋਸ਼ਨੀ ਦੇ ਬਾਵਜੂਦ ਸਰਦੀ ਰਾਤ ਵਾਂਗ ਹੀ ਕਾਇਮ ਸੀ।

ਆਬਾਦੀ ਸ਼ੁਰੂ ਹੋ ਚੁੱਕੀ ਸੀ। ਨਿਢਾਲ ਜਿਹੇ ਹੋਏ ਮੁੰਡੇ ਨੇ ਇੱਕ ਮਕਾਨ ਦੀਆਂ ਪਰਦੇਦਾਰ ਖਿੜਕੀਆਂ ਨੂੰ ਵੇਖਕੇ ਸੋਚਿਆ ਕਿ ਇਨ੍ਹਾਂ ਪਰਦਿਆਂ ਦੇ ਪਿੱਛੇ ਲੋਕ ਜ਼ਰੂਰ ਟੱਲੀਆਂ ਦੀ ਟੁਣਕਾਰ ਤੋਂ ਬੇਖ਼ਬਰ, ਗੂੜ੍ਹੀ ਨੀਂਦ ਦੇ ਮਜ਼ੇ ਲੈ ਰਹੇ ਹੋਣਗੇ। ਉਹ ਨਾ ਤਾਂ ਸਰਦੀ ਨਾਲ ਠਰ ਰਹੇ ਹੋਣਗੇ ਅਤੇ ਨਾ ਹੀ ਉਹ ਇਸ ਡਾਕੀਏ ਦੇ ਗੁੱਸੇ ਤੇ ਤਪਾਏ, ਮਨਹੂਸ ਚਿਹਰੇ ਨੂੰ ਵੇਖ ਰਹੇ ਹੋਣਗੇ। ਅਤੇ ਜੇਕਰ ਕੋਈ ਕੁੜੀ ਗੱਡੀ ਦੀਆਂ ਟੱਲੀਆਂ ਦੀ ਆਵਾਜ਼ ਸੁਣਕੇ ਜਾਗ ਵੀ ਗਈ ਤਾਂ ਤੁਰਤ ਇੱਕ ਨੀਂਦ ਭਰੀ ਮੁਸਕਰਾਹਟ ਦੇ ਨਾਲ ਕਰਵਟ ਬਦਲ ਕੇ, ਪੈਰ ਸਮੇਟ, ਗੱਲ੍ਹ ਹੇਠ ਹਥ ਰੱਖ ਕੇ ਮੁੜ ਹੁਸੀਨ ਸੁਪਨਿਆਂ ਦੀਆਂ ਵਾਦੀਆਂ ਵਿੱਚ ਗੁੰਮ ਗਈ ਹੋਵੇਗੀ। ਵਿਦਿਆਰਥੀ ਨੇ ਤਲਾਅ ਵੱਲ ਦੇਖਿਆ ਜੋ ਘਰ ਦੇ ਨੇੜੇ ਚਮਕ ਰਿਹਾ ਸੀ ਅਤੇ ਉਸਨੂੰ ਕਾਰਪ ਅਤੇ ਪਾਈਕ ਦਾ ਖ਼ਿਆਲ ਆਇਆ ਜਿਨ੍ਹਾਂ ਦਾ ਠੰਡੇ ਪਾਣੀ ਵਿਚ ਰਹਿਣਾ ਸੰਭਵ ਹੁੰਦਾ ਹੈ ....।

ਅਜੇ ਉਹ ਇਨ੍ਹਾਂ ਖ਼ਿਆਲਾਂ ਵਿੱਚ ਗੁੰਮ ਸੀ ਕਿ ਡਾਕੀਏ ਦੀ ਆਵਾਜ਼ ਨੇ ਉਸਨੂੰ ਚੌਂਕਾ ਦਿੱਤਾ।

"ਪਤਾ ਹੈ ਕਿ ਡਾਕਗੱਡੀ ਵਿੱਚ ਕਿਸੇ ਦੂਸਰੀ ਸਵਾਰੀ ਨੂੰ ਬੈਠਣ ਦੇਣਾ ਕਾਨੂੰਨੀ ਨਹੀਂ। ਅਤੇ ਕਿਉਂਕਿ ਇਸ ਦੀ ਇਜਾਜ਼ਤ ਨਹੀਂ ਹੈ, ਲੋਕਾਂ ਦਾ ਕੋਈ ਕੰਮ ਨਹੀਂ ... ਵਿੱਚ ਵੜਨ ਦਾ .... ਹਾਂ, ਇਹਦਾ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ, ਇਹ ਸੱਚ ਹੈ, ਬੱਸ ਮੈਨੂੰ ਇਹ ਪਸੰਦ ਨਹੀਂ ਹੈ, ਅਤੇ ਮੈਂ ਇਹ ਨਹੀਂ ਚਾਹੁੰਦਾ।“


"ਪਸੰਦ ਨਹੀਂ, ਤਾਂ ਫਿਰ ਪਹਿਲਾਂ ਕਿਉਂ ਨਹੀਂ ਕਿਹਾ?" ਮੁੰਡੇ ਨੂੰ ਵੀ ਹੁਣ ਗੁੱਸਾ ਆ ਗਿਆ ਸੀ।

ਡਾਕੀਏ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਪਹਿਲਾਂ ਵਾਂਗ ਮੁੰਡੇ ਨੂੰ ਘੂਰਦਾ ਰਿਹਾ। ਜਦੋਂ ਥੋੜ੍ਹੀ ਦੇਰ ਬਾਅਦ ਗੱਡੀ ਰੇਲਵੇ ਸਟੇਸ਼ਨ ਦੇ ਗੇਟ ਉੱਤੇ ਪਹੁੰਚੀ ਤਾਂ ਮੁੰਡੇ ਨੇ ਤਕੱਲੁਫ ਨਾਲ ਡਾਕੀਏ ਦਾ ਸ਼ੁਕਰੀਆ ਕੀਤਾ ਅਤੇ ਗੱਡੀ ਤੋਂ ਉੱਤਰ ਗਿਆ। ਅਜੇ ਡਾਕ ਵਾਲੀ ਟ੍ਰੇਨ ਨਹੀਂ ਆਈ ਸੀ। ਸਿਰਫ ਇੱਕ ਲੰਮੀ ਮਾਲ-ਗੱਡੀ ਪਟੜੀ ਤੇ ਖੜੀ ਸੀ। ਇੰਜਨ ਵਿੱਚ ਰੇਲ ਦਾ ਡਰਾਈਵਰ ਅਤੇ ਉਸ ਦਾ ਸਹਾਇਕ ਟੀਨ ਦੀ ਗੰਦੀ ਜਿਹੀ ਕੇਤਲੀ ਵਿੱਚੋਂ ਚਾਹ ਪੀ ਰਹੇ ਸਨ। ਉਨ੍ਹਾਂ ਦੇ ਚਿਹਰੇ ਤ੍ਰੇਲ ਨਾਲ ਭਿੱਜੇ ਹੋਏ ਸਨ। ਰੇਲ ਦੀਆਂ ਬੋਗੀਆਂ, ਪਲੇਟਫਾਰਮ ਤੇ ਸੀਟਾਂ ਸਭ ਗਿੱਲੀਆਂ ਅਤੇ ਠੰਡੀਆਂ ਸਨ। ਡਾਕਗੱਡੀ ਦੇ ਆਉਣ ਤੱਕ ਮੁੰਡਾ ਪਲੇਟਫਾਰਮ ਦੇ ਇਕਲੌਤੇ ਸਟਾਲ ਤੋਂ ਚਾਹ ਪੀ ਰਿਹਾ ਸੀ। ਡਾਕੀਆ ਆਸਤੀਨਾਂ ਵਿੱਚ ਹੱਥ ਪਾਈਂ, ਪਲੇਟਫਾਰਮ ਦੇ ਇੱਕ ਸਿਰੇ ਤੋਂ ਦੂਜੇ ਤੱਕ ਜਾਂਦਾ ਅਤੇ ਫਿਰ ਵਾਪਸ ਮੁੜ ਆਉਂਦਾ। ਰੱਬ ਜਾਣੇ ਉਹ ਕਿਨ੍ਹਾਂ ਖ਼ਿਆਲਾਂ ਵਿੱਚ ਖੋਇਆ ਹੋਇਆ ਸੀ, ਪਰ ਉਸ ਦੇ ਚਿਹਰੇ ਉੱਤੇ ਗੁੱਸੇ ਦਾ ਮੁਲੰਮਾ ਉਵੇਂ ਦਾ ਉਵੇਂ ਟਿਕਿਆ ਚੜ੍ਹਿਆ ਹੋਇਆ ਸੀ। ਉਹ ਆਪਣੇ ਪੈਰਾਂ ਥੱਲੇ ਜ਼ਮੀਨ ਨੂੰ ਅਜਿਹੇ ਅੰਦਾਜ਼ ਵਿੱਚ ਘੂਰ ਰਿਹਾ ਸੀ ਜਿਵੇਂ ਉਹ ਦੁਨੀਆ ਵਿੱਚ ਤਨਹਾ ਹੋਵੇ।

ਉਹ ਕਿਸ ਨਾਲ ਗੁੱਸੇ ਸੀ? ਆਪਣੀ ਗ਼ੁਰਬਤ ਨਾਲ? ਲੋਕਾਂ ਨਾਲ? ਜਾਂ ਪੱਤਝੜ ਦੀਆਂ ਰਾਤਾਂ ਨਾਲ?