ਅਨੁਵਾਦ:ਜੰਗ (ਕਹਾਣੀ)

44267ਜੰਗਚਰਨ ਗਿੱਲਲੁਇਗੀ ਪਿਰਾਂਡੇਲੋ

ਰਾਤ ਵਾਲੀ ਐਕਸਪ੍ਰੈਸ ਟ੍ਰੇਨ ਰਾਹੀਂ ਜੋ ਮੁਸਾਫਰ ਰੋਮ ਲਈ ਚਲੇ ਸਨ ਉਨ੍ਹਾਂ ਨੂੰ ਸਵੇਰ ਤੱਕ ਫੈਬਰਿਆਨੋ ਨਾਮਕ ਇੱਕ ਛੋਟੇ-ਜਿਹੇ ਸਟੇਸ਼ਨ ਉੱਤੇ ਰੁਕਣਾ ਪੈਣਾ ਸੀ। ਉੱਥੋਂ ਉਨ੍ਹਾਂ ਨੇ ਮੇਨ ਲਾਈਨ ਨੂੰ ਸੁਮੋਨਾ ਨਾਲ ਜੋੜਨ ਵਾਲੀ ਇੱਕ ਛੋਟੀ, ਪੁਰਾਣੇ ਫ਼ੈਸ਼ਨ ਦੀ ਲੋਕਲ ਟ੍ਰੇਨ ਰਾਹੀਂ ਅੱਗੇ ਆਪਣੀ ਯਾਤਰਾ ਕਰਨੀ ਸੀ।

ਹੁੰਮਸ ਅਤੇ ਧੂੰਏਂ ਭਰੇ ਸੈਕੰਡ ਕਲਾਸ ਡਿੱਬੇ ਵਿੱਚ ਪੰਜ ਲੋਕਾਂ ਨੇ ਰਾਤ ਕੱਟੀ ਸੀ। ਸਵੇਰੇ ਸੋਗੀ ਕੱਪੜਿਆਂ ਵਿੱਚ ਲਿਪਟੀ ਇੱਕ ਭਾਰੀ—ਭਰਕਮ ਔਰਤ ਤਕਰੀਬਨ ਇੱਕ ਬੇਡੌਲ ਪੰਡ ਦੀ ਤਰ੍ਹਾਂ ਉਸ ਡਿੱਬੇ ਵਿੱਚ ਲੱਦੀ ਗਈ। ਉਸਦੇ ਪਿੱਛੇ ਹਫ਼ਦਾ—ਕਰਾਹੁੰਦਾ ਉਸਦਾ ਪਤੀ ਆਇਆ — ਇੱਕ ਛੋਟਾ, ਦੁਬਲਾ-ਪਤਲਾ ਅਤੇ ਕਮਜ਼ੋਰ ਜਿਹਾ ਆਦਮੀ। ਉਸਦਾ ਚਿਹਰਾ ਮੌਤ ਦੀ ਤਰ੍ਹਾਂ ਬੱਗਾ ਸੀ। ਅੱਖਾਂ ਛੋਟੀਆਂ ਅਤੇ ਚਮਕਦੀਆਂ। ਦੇਖਣ ਵਿੱਚ ਸ਼ਰਮੀਲਾ ਅਤੇ ਬੇਚੈਨ ਜਿਹਾ ਲੱਗਦਾ ਸੀ।

ਇੱਕ ਸੀਟ ਉੱਤੇ ਬੈਠਣ ਦੇ ਬਾਅਦ ਉਸਨੇ ਉਨ੍ਹਾਂ ਮੁਸਾਫਰਾਂ ਦਾ ਨਿਮਰਤਾ ਭਰਪੂਰ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦੀ ਪਤਨੀ ਲਈ ਜਗ੍ਹਾ ਬਣਾਈ ਸੀ ਅਤੇ ਉਸਦੀ ਸਹਾਇਤਾ ਕੀਤੀ ਸੀ। ਫਿਰ ਉਹ ਔਰਤ ਵੱਲ ਮੁੜਿਆ ਅਤੇ ਉਸਦੇ ਕੋਟ ਦੇ ਕਾਲਰ ਨੂੰ ਨੀਵਾਂ ਕਰਦੇ ਹੋਏ ਪੁੱਛਿਆ:

"ਤੁਸੀਂ ਠੀਕ ਤਾਂ ਹੋ, ਡੀਅਰ?"

ਪਤਨੀ ਨੇ ਜਵਾਬ ਦੇਣ ਦੀ ਥਾਂ ਆਪਣਾ ਚਿਹਰਾ ਢਕੀ ਰੱਖਣ ਲਈ ਕੋਟ ਦਾ ਕਾਲਰ ਫੇਰ ਆਪਣੀਆਂ ਅੱਖਾਂ ਤੱਕ ਖਿੱਚ ਲਿਆ।

"ਗੰਦੀ ਦੁਨੀਆਂ," ਪਤੀ ਉਦਾਸ ਮੁਸਕਰਾਹਟ ਦੇ ਨਾਲ ਬੁੜਬੁੜਾਇਆ।

ਫਿਰ ਉਸਨੇ ਸ਼ਾਇਦ ਆਪਣਾ ਫ਼ਰਜ਼ ਮਹਿਸੂਸ ਕਰਦੇ ਹੋਏ ਆਪਣੇ ਸਾਥੀ ਮੁਸਾਫ਼ਰਾਂ ਨੂੰ ਦੱਸਿਆ ਕਿ ਉਸ ਦੀ ਪਤਨੀ, ਬੇਚਾਰੀ ਔਰਤ ਹਮਦਰਦੀ ਦੀ ਪਾਤਰ ਸੀ। ਜੰਗ ਉਸਦੇ ਇਕਲੌਤੇ ਬੇਟੇ ਨੂੰ ਉਸਤੋਂ ਦੂਰ ਲੈ ਜਾ ਰਹੀ ਸੀ। ਵੀਹ ਸਾਲ ਦਾ ਮੁੰਡਾ ਜਿਸਦੇ ਲਈ ਉਨ੍ਹਾਂ ਦੋਨਾਂ ਨੇ ਆਪਣੀ ਪੂਰੀ ਜ਼ਿੰਦਗੀ ਝੋਕ ਦਿੱਤੀ ਸੀ। ਇੱਥੇ ਤੱਕ ਕਿ ਉਨ੍ਹਾਂ ਨੇ ਆਪਣਾ ਸੁਲਮੌਨਾ ਵਾਲਾ ਘਰ ਵੀ ਛੱਡ ਦਿੱਤਾ ਸੀ ਤਾਂ ਕਿ ਉਹ ਬੇਟੇ ਦੇ ਨਾਲ ਰੋਮ ਜਾ ਸਕਣ, ਜਿੱਥੇ ਉਹ ਵਿਦਿਆ ਲੈਣ ਜਾਣਾ ਪੈ ਗਿਆ ਸੀ। ਅਤੇ ਫਿਰ ਉਸਨੂੰ ਇਸ ਯਕੀਨਦਹਾਨੀ ਦੇ ਨਾਲ ਜੰਗ ਵਿੱਚ ਸਵੈਸੇਵਕ ਬਨਣ ਦੀ ਆਗਿਆ ਦਿੱਤੀ ਗਈ ਸੀ ਕਿ ਘੱਟ ਤੋਂ ਘੱਟ ਛੇ ਮਹੀਨੇ ਤੱਕ ਉਸਨੂੰ ਮੁਹਾਜ਼ `ਤੇ ਨਹੀਂ ਭੇਜਿਆ ਜਾਵੇਗਾ। ਅਤੇ ਹੁਣ ਅਚਾਨਕ ਤਾਰ ਆ ਗਈ ਹੈ ਕਿ ਉਹ ਆਉਣ ਤੇ ਉਸਨੂੰ ਵਿਦਾ ਕਰਨ, ਕਿ ਉਸਨੇ ਤਿੰਨ ਦਿਨ ਦੇ ਅੰਦਰ ਮੁਹਾਜ਼ ਉੱਤੇ ਜਾਣਾ ਹੈ।

ਲੰਬੇ ਕੋਟ ਦੇ ਅੰਦਰ ਉਹ ਔਰਤ ਛਟਪਟਾ ਰਹੀ ਸੀ ਅਤੇ ਕਦੇ ਕਦੇ ਜੰਗਲੀ ਦਰਿੰਦੇ ਦੀ ਤਰ੍ਹਾਂ ਗੁੱਰਰਾ ਰਹੀ ਸੀ। ਉਸਨੂੰ ਪੱਕਾ ਵਿਸ਼ਵਾਸ ਸੀ ਕਿ ਇਹ ਸਾਰੀਆਂ ਵਿਆਖਿਆਵਾਂ ਇਨ੍ਹਾਂ ਲੋਕਾਂ ਵਿੱਚ ਲੇਸ ਮਾਤਰ ਹਮਦਰਦੀ ਵੀ ਪੈਦਾ ਨਹੀਂ ਕਰ ਸਕਣਗੀਆਂ। ਉਸਨੂੰ ਲੱਗ ਰਿਹਾ ਸੀ ਕਿ ਉਹ ਵੀ ਉਸੇ ਦਰਦ ਭਰੀ ਸਥਿਤੀ ਵਿੱਚ ਸਨ ਜਿਸ ਵਿੱਚ ਉਹ ਆਪ ਸੀ। ਉਨ੍ਹਾਂ ਵਿਚੋਂ ਇੱਕ ਵਿਅਕਤੀ, ਜੋ ਖਾਸ ਧਿਆਨ ਨਾਲ ਸੁਣ ਰਿਹਾ ਸੀ, ਬੋਲਿਆ:

"ਤੁਹਾਨੂੰ ਰੱਬ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ ਕਿ ਤੁਹਾਡਾ ਪੁੱਤਰ ਹੁਣ ਮੁਹਾਜ਼ ਲਈ ਵਿਦਾ ਹੋ ਰਿਹਾ ਹੈ। ਮੇਰਾ ਤਾਂ ਜੰਗ ਦੇ ਪਹਿਲੇ ਹੀ ਦਿਨ ਭੇਜ ਦਿੱਤਾ ਗਿਆ ਸੀ। ਉਹ ਦੋ ਵਾਰ ਜਖ਼ਮੀ ਹਾਲਤ ਵਿੱਚ ਘਰ ਵਾਪਸ ਆ ਚੁੱਕਾ ਹੈ। ਠੀਕ ਹੋਣ ਤੇ ਫਿਰ ਤੋਂ ਉਸਨੂੰ ਮੁਹਾਜ਼ ਉੱਤੇ ਭੇਜ ਦਿੱਤਾ ਗਿਆ ਹੈ।"

"ਮੈਨੂੰ ਦੇਖੋ? ਮੇਰੇ ਦੋ ਬੇਟੇ ਅਤੇ ਤਿੰਨ ਭਤੀਜੇ ਮੁਹਾਜ਼ ਉੱਤੇ ਹਨ," ਇੱਕ ਹੋਰ ਆਦਮੀ ਨੇ ਕਿਹਾ।

"ਹੋ ਸਕਦਾ ਹੈ,...ਸਾਡੀ ਸਥਿਤੀ ਭਿੰਨ ਹੈ। ਸਾਡਾ ਕੇਵਲ ਇੱਕੋ ਪੁੱਤਰ ਹੈ," ਪਤੀ ਨੇ ਆਪਣੀ ਗੱਲ ਵਿੱਚ ਵਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।

"ਇਸ ਨਾਲ ਕੀ ਫ਼ਰਕ ਪੈਂਦਾ ਹੈ? ਭਲੇ ਹੀ ਤੁਸੀਂ ਆਪਣੇ ਇਕਲੌਤੇ ਬੇਟੇ ਨੂੰ ਜ਼ਿਆਦਾ ਲਾਡ-ਪਿਆਰ ਨਾਲ ਵਿਗਾੜ ਲਉ...ਤੁਸੀਂ ਉਸਨੂੰ ਆਪਣੇ ਬਾਕੀ ਬੇਟਿਆਂ (ਜੇਕਰ ਹੋਣ) ਤੋਂ ਜ਼ਿਆਦਾ ਪਿਆਰ ਤਾਂ ਕਰੋਗੇ ਨਹੀਂ? ਪਿਆਰ ਕੋਈ ਰੋਟੀ ਨਹੀਂ ਜਿਸਨੂੰ ਬੁਰਕੀ ਬੁਰਕੀ ਸਭਨਾਂ ਵਿੱਚ ਬਰਾਬਰ—ਬਰਾਬਰ ਵੰਡਿਆ ਜਾ ਸਕੇ। ਇੱਕ ਪਿਤਾ ਆਪਣਾ ਕੁਲ ਪਿਆਰ ਆਪਣੇ ਹਰੇਕ ਬੱਚੇ ਨੂੰ ਦਿੰਦਾ ਹੈ, ਬਿਨਾਂ ਭੇਦਭਾਵ ਦੇ। ਚਾਹੇ ਇੱਕ ਹੋਵੇ ਜਾਂ ਦਸ। ਤੇ ਅੱਜ ਮੈਂ ਆਪਣੇ ਦੋਨੋਂ ਬੇਟਿਆਂ ਲਈ ਦੁਖੀ ਹਾਂ। ਉਨ੍ਹਾਂ ਲਈ ਅੱਧਾ ਅੱਧਾ ਦੁਖੀ ਨਹੀਂ ਹਾਂ। ਸਗੋਂ ਦੁਗੁਣਾ..."

"ਸੱਚ ਹੈ...ਸੱਚ ਹੈ," ਪਤੀ ਨੇ ਸ਼ਰਮਿੰਦਾ ਹੁੰਦਿਆਂ ਆਹ ਭਰੀ। "ਪਰ ਮੰਨ ਲਉ (ਹਾਲਾਂਕਿ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਤੁਹਾਡੇ ਨਾਲ ਕਦੇ ਨਾ ਹੋਵੇ) ਇੱਕ ਪਿਤਾ ਦੇ ਦੋ ਬੇਟੇ ਮੁਹਾਜ਼ ਉੱਤੇ ਹਨ ਅਤੇ ਉਨ੍ਹਾਂ ਵਿਚੋਂ ਇੱਕ ਮਰ ਜਾਂਦਾ ਹੈ। ਫਿਰ ਵੀ ਇੱਕ ਤਾਂ ਬੱਚ ਗਿਆ, ਉਸਨੂੰ ਦਿਲਾਸਾ ਦੇਣ ਨੂੰ...ਜਦੋਂ ਕਿ..."

"ਹਾਂ," ਦੂਜੇ ਨੇ ਥੋੜਾ ਤੈਸ਼ ਵਿੱਚ ਆ ਕੇ ਜਵਾਬ ਦਿੱਤਾ, "ਦਿਲਾਸਾ ਦੇਣ ਨੂੰ ਇੱਕ ਪੁੱਤਰ ਤਾਂ ਹੈ, ਪਰ ਜੋ ਪੁੱਤਰ ਬੱਚ ਗਿਆ ਹੈ, ਉਸਦੇ ਲਈ ਉਸਨੂੰ ਜ਼ਰੂਰ ਜੀਣਾ ਪੈਂਦਾ ਹੈ। ਜਦੋਂ ਕਿ ਇੱਕਲੌਤੇ ਬੇਟੇ ਦੇ ਮਾਮਲੇ ਵਿੱਚ ਜੇਕਰ ਪੁੱਤਰ ਮਰਦਾ ਹੈ ਤਾਂ ਪਿਤਾ ਵੀ ਨਾਲ ਹੀ ਮਰ ਸਕਦਾ ਹੈ। ਆਪਣੀ ਪੀੜ ਨੂੰ ਖ਼ਤਮ ਕਰ ਸਕਦਾ ਹੈ। ਦੋਨਾਂ ਵਿੱਚੋਂ ਕਿਹੜੀ ਸਥਿਤੀ ਵੱਧ ਭੈੜੀ ਹੈ? ਕੀ ਤੁਹਾਨੂੰ ਨਹੀਂ ਦਿਖਦਾ ਮੇਰੀ ਹਾਲਤ ਤੁਹਾਡੇ ਤੋਂ ਵੱਧ ਭੈੜੀ ਹੈ?"

"ਬਕਵਾਸ," ਇੱਕ ਹੋਰ ਮੁਸਾਫ਼ਿਰ ਨੇ ਦਖ਼ਲ ਦਿੱਤਾ। ਇਹ ਇੱਕ ਮੋਟੇ ਲਾਲ ਭੱਬੂ ਮੂੰਹ ਵਾਲਾ ਆਦਮੀ ਸੀ ਜਿਸਦੀਆਂ ਪੀਲੀਆਂ—ਭੂਰੀਆਂ ਅੱਖਾਂ ਖ਼ੂਨ ਦੀ ਤਰ੍ਹਾਂ ਲਾਲ ਸਨ।

ਉਹ ਹੌਂਕ ਰਿਹਾ ਸੀ। ਉਸਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ, ਜੋ ਉਸ ਅੰਦਰ ਖੌਲਦੇ ਭਿਅੰਕਰ ਤੂਫਾਨ ਨੂੰ ਵੇਗ ਨਾਲ ਉੱਗਲ ਦੇਣ ਲਈ ਬੇਚੈਨ ਲੱਗ ਰਹੀਆਂ ਸਨ, ਜਿਸ ਨੂੰ ਉਸਦਾ ਕਮਜ਼ੋਰ ਪੋਪਲਾ ਸਰੀਰ ਮੁਸ਼ਕਲ ਨਾਲ ਸਾਂਭ ਸਕਦਾ ਸੀ।

"ਬਕਵਾਸ," ਉਸਨੇ ਮੂੰਹ ਨੂੰ ਹੱਥ ਨਾਲ ਢਕਦੇ ਹੋਏ ਦੁਹਰਾਇਆ ਤਾਂ ਜੋ ਆਪਣੇ ਮੂਹਰਲੇ ਦੋ ਨਿਕਲੇ ਹੋਏ ਦੰਦਾਂ ਨੂੰ ਲੁਕੋ ਸਕੇ। "ਬਕਵਾਸ। ਕੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਫ਼ਾਇਦੇ ਲਈ ਜੀਵਨ ਦਿੰਦੇ ਹਾਂ?"

ਦੂਜੇ ਮੁਸਾਫਰਾਂ ਨੇ ਉਸ ਵੱਲ ਕਸ਼ਟ ਨਾਲ ਵੇਖਿਆ। ਜਿਸ ਦਾ ਪੁੱਤਰ ਪਹਿਲੇ ਦਿਨ ਤੋਂ ਜੰਗ ਵਿੱਚ ਸੀ, ਉਸ ਨੇ ਲੰਮੀ ਸਾਹ ਲਈ: "ਤੁਸੀਂ ਠੀਕ ਕਹਿੰਦੇ ਹੋ। ਸਾਡੇ ਬੱਚੇ ਸਾਡੇ ਨਹੀਂ; ਉਹ ਦੇਸ਼ ਦੇ ਨੇ...।"

"ਬਕਵਾਸ," ਮੋਟੇ ਮੁਸਾਫਰ ਨੇ ਮੋੜਵਾਂ ਜਵਾਬ ਦਿੱਤਾ। "ਕੀ ਅਸੀਂ ਦੇਸ਼ ਦੇ ਵਿਸ਼ੇ ਵਿੱਚ ਸੋਚ ਰਹੇ ਹੁੰਦੇ ਹਾਂ ਜਦੋਂ ਅਸੀਂ ਬੱਚਿਆਂ ਨੂੰ ਜੀਵਨ ਦਿੰਦੇ ਹਾਂ? ਸਾਡੇ ਬੇਟੇ ਪੈਦਾ ਹੁੰਦੇ ਹਨ...ਕਿਉਂਕਿ...ਕਿਉਂਕਿ...ਖੈਰ। ਉਹ ਜ਼ਰੂਰ ਪੈਦਾ ਹੋਣੇ ਚਾਹੀਦੇ ਹਨ। ਜਦੋਂ ਉਹ ਦੁਨੀਆਂ ਵਿੱਚ ਆਉਂਦੇ ਹਨ ਸਾਡੀ ਜ਼ਿੰਦਗੀ ਵੀ ਉਨ੍ਹਾਂ ਦੀ ਹੋ ਜਾਂਦੀ ਹੈ। ਇਹੀ ਸੱਚ ਹੈ। ਅਸੀਂ ਉਨ੍ਹਾਂ ਦੇ ਹੁੰਦੇ ਹਾਂ...ਉਹ ਕਦੇ ਸਾਡੇ ਨਹੀਂ ਹੁੰਦੇ। ਅਤੇ ਜਦੋਂ ਉਹ ਵੀਹ ਦੇ ਹੁੰਦੇ ਹਨ ਫਿਰ ਉਹ ਠੀਕ ਉਹੋ ਜਿਹੇ ਹੀ ਹੁੰਦੇ ਨੇ ਜਿਹੋ ਜਿਹੇ ਅਸੀਂ ਸੀ ਉਸ ਉਮਰ ਵਿੱਚ। ਸਾਡੇ ਵੀ ਮਾਂ ਬਾਪ ਹੁੰਦੇ ਸਨ। ਪਰ ਉਸਦੇ ਨਾਲ ਹੀ ਬਹੁਤ ਹੋਰ ਚੀਜ਼ਾਂ ਵੀ ਸਨ ਜਿਵੇਂ - ਕੁੜੀਆਂ, ਸਿਗਰਟ, ਭਰਮ ਭੁਲੇਖੇ, ਨਵੇਂ ਰਿਸ਼ਤੇ...ਅਤੇ ਹਾਂ, ਦੇਸ਼, ਜਿਸਦੇ ਸੱਦੇ ਦਾ ਅਸੀਂ ਹੁੰਗਾਰਾ ਭਰਿਆ ਹੁੰਦਾ - ਜਦੋਂ ਅਸੀਂ ਵੀਹ ਦੇ ਸਾਂ - ਜੇਕਰ ਮਾਤਾ—ਪਿਤਾ ਨੇ ਮਨਾ ਕੀਤਾ ਹੁੰਦਾ, ਫਿਰ ਵੀ। ਹੁਣ ਸਾਡੀ ਉਮਰ ਵਿੱਚ, ਹਾਲਾਂਕਿ ਦੇਸ਼ ਪ੍ਰੇਮ ਅਜੇ ਵੀ ਬਹੁਤ ਹੈ, ਪਰ ਉਸ ਤੋਂ ਵੀ ਜ਼ਿਆਦਾ ਤਕੜਾ ਹੈ ਸਾਡਾ ਆਪਣੇ ਬੱਚਿਆਂ ਨਾਲ ਪਿਆਰ। ਕੀ ਇੱਥੇ ਕੋਈ ਅਜਿਹਾ ਹੈ ਜੋ ਮੁਹਾਜ਼ ਉੱਤੇ ਖੁਸ਼ੀ ਨਾਲ ਆਪਣੇ ਬੇਟੇ ਦੀ ਜਗ੍ਹਾ ਨਹੀਂ ਲੈਣਾ ਚਾਹੇਗਾ?"

ਚਾਰੇ ਪਾਸੇ ਸੱਨਾਟਾ ਛਾ ਗਿਆ। ਸਭ ਨੇ ਸਹਿਮਤੀ ਵਿੱਚ ਸਿਰ ਹਿਲਾਇਆ।

"ਕਿਉਂ..." ਮੋਟੇ ਆਦਮੀ ਨੇ ਕਹਿਣਾ ਜਾਰੀ ਰੱਖਿਆ। "ਸਾਨੂੰ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਕਿਉਂ ਰੱਖਣਾ ਚਾਹੀਦਾ ਹੈ ਜਦੋਂ ਉਹ ਵੀਹ ਸਾਲ ਦੇ ਹੁੰਦੇ ਹਨ? ਕੀ ਇਹ ਕੁਦਰਤੀ ਨਹੀਂ ਹੈ ਕਿ ਉਹ ਹਮੇਸ਼ਾ ਦੇਸ਼ ਲਈ ਜ਼ਿਆਦਾ ਪ੍ਰੇਮ ਰੱਖਣ, ਸਾਡੇ ਲਈ ਪ੍ਰੇਮ ਤੋਂ ਵੀ ਜ਼ਿਆਦਾ (ਹਾਲਾਂਕਿ, ਮੈਂ ਅੱਛੇ ਮੁੰਡਿਆਂ ਦੀ ਗੱਲ ਕਰ ਰਿਹਾ ਹਾਂ)? ਕੀ ਇਹ ਸੁਭਾਵਕ ਨਹੀਂ ਕਿ ਅਜਿਹਾ ਹੀ ਹੋਵੇ? ਕੀ ਉਨ੍ਹਾਂ ਨੂੰ ਸਾਨੂੰ ਬੁੱਢਿਆਂ ਦੇ ਰੂਪ ਵਿੱਚ ਵੇਖਣਾ ਚਾਹੀਦਾ ਹੈ ਜਿਹੜੇ ਹੁਣ ਚੱਲ—ਫਿਰ ਨਹੀਂ ਸਕਦੇ ਅਤੇ ਜਿਨ੍ਹਾਂ ਨੂੰ ਘਰ ਹੀ ਰਹਿਣਾ ਚਾਹੀਦਾ ਹੈ? ਜੇਕਰ ਦੇਸ਼, ਜੇਕਰ ਦੇਸ਼ ਇੱਕ ਕੁਦਰਤੀ ਲੋੜ ਹੈ, ਜਿਵੇਂ ਰੋਟੀ, ਜਿਸ ਨੂੰ ਅਸੀਂ ਸਾਰਿਆਂ ਨੇ ਭੁੱਖ ਨਾਲ ਨਾ ਮਰਨ ਲਈ ਜ਼ਰੂਰ ਖਾਣਾ ਹੁੰਦਾ ਹੈ, ਤਾਂ ਕਿਸੇ ਨੂੰ ਦੇਸ਼ ਦੀ ਸੁਰੱਖਿਆ ਜ਼ਰੂਰ ਕਰਨੀ ਚਾਹੀਦੀ ਹੈ। ਤੇ ਸਾਡੇ ਬੇਟੇ ਜਾਂਦੇ ਹਨ ਜਦੋਂ ਉਹ ਵੀਹ ਸਾਲ ਦੇ ਹੁੰਦੇ ਹਨ। ਅਤੇ ਉਹ ਨਹੀਂ ਚਾਹੁੰਦੇ ਹੁੰ ਦੇ ਕਿ ਅੱਥਰੂ ਕੇਰੇ ਜਾਣਾ। ਕਿਉਂਕਿ ਜੇਕਰ ਉਹ ਮਰ ਗਏ ਤਾਂ ਉਹ ਮਾਣ ਨਾਲ ਅਤੇ ਖੁਸ਼ੀ ਖੁਸ਼ੀ ਮਰਨ (ਮੈਂ ਚੰਗੇ ਮੁੰਡਿਆਂ ਦੀ ਗੱਲ ਕਰ ਰਿਹਾ ਹਾਂ)। ਹੁਣ ਜੇਕਰ ਕੋਈ ਜਵਾਨ ਅਤੇ ਖੁਸ਼ੀ ਖੁਸ਼ੀ ਮਰਦਾ ਹੈ, ਬਿਨਾਂ ਜ਼ਿੰਦਗੀ ਦੇ ਕੁਰੂਪ ਪਹਿਲੂ ਵੇਖੇ, ਅਕੇਵੇਂ, ਨੀਚਤਾ ਅਤੇ ਘਬਰਾਹਟ ਦੀ ਕੁੜੱਤਣ ਦੇ ਬਿਨਾਂ...ਇਸ ਤੋਂ ਜ਼ਿਆਦਾ ਅਸੀਂ ਉਨ੍ਹਾਂ ਦੇ ਲਈ ਕੀ ਕਾਮਨਾ ਕਰ ਸਕਦੇ ਹਾਂ? ਸਾਰਿਆ ਨੂੰ ਰੋਣਾ ਬੰਦ ਕਰਨਾ ਚਾਹੀਦਾ ਹੈ। ਸਾਰਿਆ ਨੂੰ ਹੱਸਣਾ ਚਾਹੀਦਾ ਹੈ, ਜਿਵੇਂ ਕਿ ਮੈਂ ਕਰਦਾ ਹਾਂ...ਜਾਂ ਘੱਟੋ ਘੱਟ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ...ਜਿਵੇਂ ਕਿ ਮੈਂ ਕਰਦਾ ਹਾਂ, ਕਿਉਂਕਿ ਮੇਰਾ ਪੁੱਤਰ, ਮਰਨ ਦੇ ਪਹਿਲਾਂ ਉਸਨੇ ਮੈਨੂੰ ਸੁਨੇਹਾ ਭੇਜਿਆ ਸੀ ਕਿ ਸਰਵੋਤਮ ਤਰੀਕੇ ਨਾਲ ਉਸਦੇ ਜੀਵਨ ਦਾ ਅੰਤ ਹੋ ਰਿਹਾ ਹੈ। ਉਸਨੇ ਸੁਨੇਹਾ ਭੇਜਿਆ ਸੀ ਕਿ ਇਸ ਤੋਂ ਚੰਗੀ ਮੌਤ ਉਸਨੂੰ ਨਹੀਂ ਮਿਲ ਸਕਦੀ। ਇਸ ਲਈ ਤੁਸੀਂ ਵੇਖੋ, ਮੈਂ ਸੋਗੀ ਕੱਪੜੇ ਵੀ ਨਹੀਂ ਪਹਿਨਦਾ ਹਾਂ..."

ਉਸਨੇ ਭੂਰੇ ਕੋਟ ਨੂੰ ਵਿਖਾਉਣ ਲਈ ਝਾੜਿਆ। ਉਸਦੇ ਟੁੱਟੇ ਦੰਦਾਂ ਦੇ ਉੱਤੇ ਉਸਦਾ ਨੀਲਾ ਬੁਲ੍ਹ ਕੰਬ ਰਿਹਾ ਸੀ। ਉਸਦੀਆਂ ਅੱਖਾਂ ਸੇਜਲ ਅਤੇ ਅਹਿੱਲ ਸਨ। ਉਸਨੇ ਇੱਕ ਤਿੱਖੀ ਹਾਸੀ ਨਾਲ ਗੱਲ ਖ਼ਤਮ ਕੀਤੀ ਜੋ ਇੱਕ ਸਿਸਕੀ ਵੀ ਹੋ ਸਕਦੀ ਸੀ।

"ਸਹੀ ਹੈ...ਸਹੀ ਹੈ..." ਦੂਜੇ ਉਸ ਨਾਲ ਸਹਿਮਤ ਹੋਏ।

ਕੋਨੇ ਵਿੱਚ ਆਪਣੇ ਕੋਟ ਦੇ ਹੇਠਾਂ ਗੱਠੜੀ ਜਿਹੀ ਬਣੀ ਬੈਠੀ ਔਰਤ ਸੁਣ ਰਹੀ ਸੀ - ਪਿਛਲੇ ਤਿੰਨ ਮਹੀਨਿਆਂ ਤੋਂ - ਆਪਣੇ ਪਤੀ ਅਤੇ ਦੋਸਤਾਂ ਦੇ ਸ਼ਬਦਾਂ ਤੋਂ ਆਪਣੇ ਡੂੰਘੇ ਦੁਖ ਲਈ ਹਮਦਰਦੀ ਭਾਲ ਰਹੀ ਸੀ। ਅਜਿਹਾ ਕੁੱਝ ਜੋ ਉਸਨੂੰ ਦਿਖਾਏ ਕਿ ਇੱਕ ਮਾਂ ਕਿਵੇਂ ਢਾਰਸ ਰੱਖੇ ਜੋ ਆਪਣੇ ਬੇਟੇ ਨੂੰ ਮੌਤ ਲਈ ਨਹੀਂ, ਇੱਕ ਖ਼ਤਰਨਾਕ ਜ਼ਿੰਦਗੀ ਲਈ ਭੇਜ ਰਹੀ ਹੈ। ਬਹੁਤ ਸਾਰੇ ਸ਼ਬਦ ਉਸ ਨੂੰ ਕਹੇ ਗਏ, ਪਰ ਉਨ੍ਹਾਂ ਵਿਚੋਂ ਉਸਨੂੰ ਇੱਕ ਵੀ ਅਜਿਹਾ ਨਹੀਂ ਮਿਲਿਆ ਸੀ...ਅਤੇ ਇਹ ਵੇਖ ਕੇ ਕਿ ਕੋਈ - ਜਿਵੇਂ ਕਿ ਉਹ ਸੋਚਦੀ ਸੀ - ਉਸਦਾ ਦੁਖ ਵੰਡ ਨਹੀਂ ਸਕਦਾ...ਉਸਦਾ ਕਸ਼ਟ ਵੱਧ ਗਿਆ ਸੀ।

ਪਰ ਹੁਣ ਇਸ ਮੁਸਾਫਰ ਦੇ ਸ਼ਬਦਾਂ ਨੇ ਉਸਨੂੰ ਝੰਜੋੜ ਦਿੱਤਾ ਸੀ। ਉਸਨੂੰ ਅਚਾਨਕ ਪਤਾ ਚਲਿਆ ਕਿ ਦੂਜੇ ਗ਼ਲਤ ਨਹੀਂ ਸਨ ਅਤੇ ਇਹ ਗੱਲ ਨਹੀਂ ਸੀ ਕਿ ਉਸਨੂੰ ਨਹੀਂ ਸਮਝ ਸਕੇ ਸਨ। ਸਗੋਂ ਉਹ ਆਪ ਹੀ ਉਨ੍ਹਾਂ ਮਾਪਿਆਂ ਨੂੰ ਜੋ ਬਿਨਾਂ ਰੋਏ ਨਾ ਕੇਵਲ ਆਪਣੇ ਬੇਟਿਆਂ ਨੂੰ ਵਿਦਾ ਕਰਦੇ ਹਨ ਸਗੋਂ ਉਨ੍ਹਾਂ ਦੀ ਮੌਤ ਨੂੰ ਵੀ ਬਿਨਾਂ ਰੋਏ ਸਹਿਣ ਕਰਦੇ ਹਨ, ਨਹੀਂ ਸਮਝ ਸਕੀ ਸੀ, ਉਨ੍ਹਾਂ ਵਾਲੀ ਬੁਲੰਦ ਚੋਟੀ ਤੇ ਨਹੀਂ ਪਹੁੰਚ ਸਕੀ ਸੀ।

ਉਸਨੇ ਆਪਣਾ ਸਿਰ ਉੱਪਰ ਚੁੱਕਿਆ। ਉਹ ਥੋੜ੍ਹਾ ਅੱਗੇ ਝੁਕ ਗਈ ਤਾਂਕਿ ਮੋਟੇ ਮੁਸਾਫਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਸਕੇ, ਜੋ ਆਪਣੇ ਬਾਦਸ਼ਾਹ ਅਤੇ ਆਪਣੇ ਦੇਸ਼ ਲਈ ਖ਼ੁਸ਼ੀ ਖ਼ੁਸ਼ੀ ਆਪਣੇ ਬੇਟੇ ਦੇ, ਬਿਨਾਂ ਪਛਤਾਵੇ ਦੇ ਵੀਰਗਤੀ ਪਾਉਣ ਦੀ ਵਾਰਤਾ ਆਪਣੇ ਸਾਥੀਆਂ ਅੱਗੇ ਵਿਸਥਾਰ ਨਾਲ ਵਰਣਨ ਕਰ ਰਿਹਾ ਸੀ। ਉਸਨੂੰ ਲੱਗ ਰਿਹਾ ਸੀ ਜਿਵੇਂ ਉਹ ਇੱਕ ਅਜਿਹੀ ਦੁਨੀਆਂ ਵਿੱਚ ਪਹੁੰਚ ਗਈ ਹੈ ਜਿਸਦਾ ਉਸਨੇ ਸੁਪਨਾ ਵੀ ਨਹੀਂ ਵੇਖਿਆ ਸੀ - ਉਸਦੇ ਲਈ ਇੱਕ ਅਣਜਾਣੀ ਦੁਨੀਆਂ ਅਤੇ ਉਹ ਇਹ ਸੁਣ ਕੇ ਖ਼ੁਸ਼ ਸੀ ਕਿ ਉਸ ਬਹਾਦੁਰ ਪਿਤਾ ਨੂੰ ਸਭ ਲੋਕ ਵਧਾਈ ਦੇ ਰਹੇ ਸਨ। ਉਹ ਇੰਨੇ ਉਦਾਸੀਨ ਠਹਿਰਾਓ ਨਾਲ ਆਪਣੇ ਬੱਚੇ ਦੀ ਮੌਤ ਦੀ ਦਾਸਤਾਨ ਸੁਣਾ ਰਿਹਾ ਸੀ।

ਅਤੇ ਫਿਰ ਅਚਾਨਕ ਜਿਵੇਂ ਜੋ ਕਿਹਾ ਗਿਆ ਸੀ ਉਸਦਾ ਇੱਕ ਸ਼ਬਦ ਵੀ ਉਸਨੇ ਨਾ ਸੁਣਿਆ ਹੋਵੇ, ਜਿਵੇਂ ਉਹ ਉਹ ਕਿਸੇ ਸੁਪਨੇ ਤੋਂ ਜਾਗੀ ਹੋਵੇ - ਉਹ ਉਸ ਬੁਢੇ ਆਦਮੀ ਵੱਲ ਮੁੜੀ ਅਤੇ ਉਸਨੇ ਪੁੱਛਿਆ, "ਤਾਂ ਫਿਰ...ਕੀ ਤੁਹਾਡਾ ਪੁੱਤਰ ਸੱਚਮੁਚ ਮਰ ਗਿਆ ਹੈ?"

ਸਭ ਨੇ ਉਸਨੂੰ ਘੂਰਿਆ। ਬੁੱਢਾ ਵੀ ਘੁੰਮ ਕੇ ਆਪਣੀਆਂ ਬਾਹਰ ਨੂੰ ਨਿਕਲੀਆਂ, ਭਿਆਨਕ ਸੇਜਲ, ਹਲਕੀਆਂ—ਭੂਰੀਆਂ ਅੱਖਾਂ ਉਸਦੇ ਚਿਹਰੇ ਉੱਤੇ ਗੱਡਦੇ ਹੋਏ ਉਸ ਵੱਲ ਦੇਖਣ ਲਗਾ। ਥੋੜ੍ਹੀ ਦੇਰ ਉਸਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਪਰ ਸ਼ਬਦਾਂ ਨੇ ਉਸਦਾ ਸਾਥ ਨਹੀਂ ਦਿੱਤਾ। ਉਹ ਉਸਨੂੰ ਵੇਖਦਾ ਗਿਆ। ਵੇਖਦਾ ਗਿਆ। ਜਿਵੇਂ ਕੇਵਲ ਹੁਣੇ - ਉਸ ਮੂਰਖ, ਬੇਤੁਕੇ ਪ੍ਰਸ਼ਨ ਨਾਲ ਉਸਨੂੰ ਅਚਾਨਕ ਖ਼ਬਰ ਮਿਲੀ ਹੋਵੇ ਕਿ ਉਸਦਾ ਪੁੱਤਰ ਸੱਚਮੁਚ ਮਰ ਚੁੱਕਿਆ ਹੈ - ਹਮੇਸ਼ਾ ਲਈ ਜਾ ਚੁੱਕਿਆ ਹੈ - ਹਮੇਸ਼ਾ ਲਈ...ਉਸਦਾ ਚਿਹਰਾ ਪਿਚਕ ਗਿਆ, ਬੁਰੀ ਤਰ੍ਹਾਂ ਨਾਲ ਬੇਢੰਗਾ ਹੋ ਗਿਆ। ਫਿਰ ਉਸਨੇ ਤੇਜ਼ੀ ਨਾਲ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਅਤੇ ਸਭ ਲਈ ਅਚਰਜਜਨਕ, ਹਿਰਦਾ ਦਹਿਲਾਉਣ ਵਾਲੀ ਚੀਖ਼ ਦੇ ਨਾਲ ਫੁੱਟ ਫੁੱਟ ਕੇ ਰੋਣ ਲੱਗ ਪਿਆ।