ਮੈਂ ਸ਼ਿਕਾਰ ਖੇਡਣ ਦੇ ਬਾਅਦ ਘਰ ਦੇ ਬਾਗ ਦੀ ਵੱਟੋ ਵੱਟ ਲੰਘ ਰਿਹਾ ਸੀ। ਮੇਰਾ ਵਫ਼ਾਦਾਰ ਕੁੱਤਾ ਮੇਰੇ ਤੋਂ ਕੁਝ ਗਜ਼ਾਂ ਦੇ ਫ਼ਾਸਲੇ ਉੱਤੇ ਭੱਜਦਾ ਜਾ ਰਿਹਾ ਸੀ। ਇੱਕ ਦਮ ਉਸ ਦੀ ਰਫਤਾਰ ਮੱਧਮ ਪੈ ਗਈ। ਅਗਲੇ ਪੰਜਿਆਂ ਨੂੰ ਇਸ ਤਰ੍ਹਾਂ ਚੁੱਕਣ ਲਗਾ ਜਿਵੇਂ ਕਿਸੇ ਸ਼ਿਕਾਰ ਨੂੰ ਸੁੰਘ ਰਿਹਾ ਹੋਵੇ।

ਜਦੋਂ ਮੈਂ ਪਗਡੰਡੀ ਉੱਤੇ ਨਜ਼ਰ ਦੌੜਾਈ ਤਾਂ ਮੈਨੂੰ ਜ਼ਮੀਨ 'ਤੇ ਚਿੜੀ ਦਾ ਇੱਕ ਬੱਚਾ ਵਿਖਾਈ ਦਿੱਤਾ, ਜਿਸਦੀ ਚੁੰਝ ਜ਼ਰਦ ਅਤੇ ਸਿਰ ਲੁੜਕਿਆ ਹੋਇਆ ਸੀ। ਇਹ ਆਪਣੇ ਆਲ੍ਹਣੇ ਵਿੱਚੋਂ ਡਿੱਗ ਪਿਆ ਸੀ। ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਸੀ ਅਤੇ ਪਗਡੰਡੀ ਦੇ ਆਲੇ-ਦੁਆਲੇ ਲੱਗੇ ਹੋਏ ਦਰਖ਼ਤ ਜ਼ੋਰ ਜ਼ੋਰ ਨਾਲ ਹਿੱਲ ਰਹੇ ਸਨ। ਮਾਸੂਮ ਬੋਟ ਚੁਪ-ਚਾਪ ਜ਼ਮੀਨ ਉੱਤੇ ਪਿਆ ਸੀ। ਉੱਡਣ ਲਈ ਆਪਣੇ ਨੰਨ੍ਹੇ ਨੰਨ੍ਹੇ ਖੰਭ ਫੈਲਾਉਂਦਾ ਪਰ ਇੰਨੀ ਤਾਕ਼ਤ ਨਹੀਂ ਸੀ ਕਿ ਉਡਾਰੀ ਭਰ ਸਕੇ।

ਮੇਰਾ ਕੁੱਤਾ ਉਸ ਦੀ ਤਰਫ਼ ਆਹਿਸਤਾ ਆਹਿਸਤਾ ਜਾ ਰਿਹਾ ਸੀ ਕਿ ਅਚਾਨਕ ਨੇੜੇ ਦੇ ਦਰਖ਼ਤ ਤੋਂ ਇੱਕ ਕਾਲੀ ਛਾਤੀ ਵਾਲੀ ਚਿੜੀ ਹੇਠਾਂ ਕੁੱਤੇ ਦੇ ਬੂਥੇ ਦੇ ਇੱਕਦਮ ਅੱਗੇ ਕਿਸੇ ਪੱਥਰ ਦੀ ਤਰ੍ਹਾਂ ਆ ਡਿੱਗੀ ਅਤੇ ਤਰਸਯੋਗ ਅਤੇ ਦਿਲਟੁੰਬਵੀਂ ਚੀਂ..ਚੀਂ..ਚੂੰ..ਚੂੰ..ਚਾਂ..ਚਾਂ ਦੇ ਨਾਲ ਕੁੱਤੇ ਦੇ ਚਮਕਦੇ ਦੰਦਾਂ ਵਾਲੇ ਖੁੱਲ੍ਹੇ ਜਬਾੜਿਆਂ ਦੀ ਦਿਸ਼ਾ ਵਿੱਚ ਫੜਫੜਾਉਣ ਲੱਗੀ। ਉਸ ਦੀ ਨੰਨ੍ਹੀ ਜਾਨ ਡਰ ਦੇ ਮਾਰੇ ਕੰਬ ਰਹੀ ਸੀ, ਉਸਦੀ ਅਵਾਜ਼ ਭਰੜਾ ਗਈ ਸੀ ਅਤੇ ਓਪਰੀ ਜਿਹੀ ਹੋ ਗਈ ਸੀ। ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਬੋਟ ਲਈ ਆਪਣੀ ਜਾਨ ਦਾਅ 'ਤੇ ਲਾ ਦਿੱਤੀ ਸੀ।

ਉਸਨੂੰ ਕੁੱਤਾ ਕਿੰਨਾ ਭਿਆਨਕ ਦਰਿੰਦਾ ਨਜ਼ਰ ਆਇਆ ਹੋਵੇਗਾ! ਫਿਰ ਵੀ ਇਹ ਚਿੜੀ ਆਪਣੀ ਉੱਚੀ ਸੁਰੱਖਿਅਤ ਜਗ੍ਹਾ ਤੇ ਬੈਠੀ ਨਾ ਰਹਿ ਸਕੀ। ਆਪਣੇ ਆਪ ਨੂੰ ਬਚਾਏ ਰੱਖਣ ਦੀ ਇੱਛਾ ਤੋਂ ਵੱਡੀ ਕਿਸੇ ਤਾਕਤ ਨੇ ਉਸਨੂੰ ਉਥੋਂ ਉੱਤਰਨ ਲਈ ਮਜਬੂਰ ਕਰ ਦਿੱਤਾ ਸੀ।

ਮੇਰੇ ਕੁੱਤੇ ਨੇ ਇਸ ਤਾਕਤ ਨੂੰ ਪਛਾਣ ਲਿਆ ਸੀ। ਚਿੜੀ ਨੂੰ ਇਸ ਤਰ੍ਹਾਂ ਕੁਰਬਾਨ ਹੁੰਦੇ ਵੇਖਕੇ ਉਹ ਠਿਠਕਿਆ ਅਤੇ ਇੱਕ ਪਾਸੇ ਹੱਟ ਗਿਆ।

ਮੈਂ ਉਸਨੂੰ ਆਪਣੀ ਤਰਫ਼ ਇਸ਼ਾਰੇ ਨਾਲ ਸੱਦ ਲਿਆ ਅਤੇ ਅਸੀਂ ਅਤੇ ਸਨਮਾਨਪੂਰਵਕ ਅੱਗੇ ਟੁਰ ਗਿਆ।

ਹਾਂ, ਹੱਸੋ ਨਾ। ਮੇਰੇ ਵਿਚ ਉਸ ਨੰਨ੍ਹੀ ਬਹਾਦਰ ਚਿੜੀ ਪ੍ਰਤੀ, ਉਸਦੇ ਪਿਆਰ ਦੇ ਵੇਗ ਪ੍ਰਤੀ ਸ਼ਰਧਾ ਉਤਪੰਨ ਹੋਈ।

ਮੈਂ ਸੋਚ ਰਿਹਾ ਸੀ, ਪਿਆਰ ਮੌਤ ਅਤੇ ਮੌਤ ਦੇ ਡਰ ਤੋਂ ਕਿਤੇ ਵੱਧ ਤਾਕਤਵਰ ਹੈ। ਅਤੇ ਸਿਰਫ ਪਿਆਰ ਹੀ ਅਜਿਹੀ ਚੀਜ਼ ਹੈ ਜਿਸ ਤੇ ਜੀਵਨ ਟਿਕਿਆ ਹੋਇਆ ਹੈ ਅਤੇ ਜੋ ਇਸ ਨੂੰ ਅੱਗੇ ਤੋਰ ਰਹੀ ਹੈ।