ਅਨੁਵਾਦ:ਚਾਹ ਦੀ ਪਿਆਲੀ

ਚਾਹ ਦੀ ਪਿਆਲੀ (ਕਹਾਣੀ)
 ਕੈਥਰੀਨ ਮੈਂਸਫੀਲਡ, translated by ਚਰਨ ਗਿੱਲ
32808ਚਾਹ ਦੀ ਪਿਆਲੀ (ਕਹਾਣੀ)ਚਰਨ ਗਿੱਲਕੈਥਰੀਨ ਮੈਂਸਫੀਲਡ

ਰੋਜ਼ਮੇਰੀ ਫੈੱਲ ਉਂਜ ਖ਼ੂਬਸੂਰਤੀ ਦੀ ਸ਼੍ਰੇਣੀ ਵਿੱਚ ਤਾਂ ਨਹੀਂ ਆਉਂਦੀ ਸੀ। ਨਹੀਂ, ਉਹ ਖ਼ੂਬਸੂਰਤ ਨਹੀਂ ਸੀ। ਕਿਸੇ ਹੱਦ ਤੱਕ ਦਿਲਕਸ਼ ਕਿਹਾ ਜਾ ਸਕਦਾ ਸੀ ਜੇਕਰ ਇੱਕ ਇੱਕ ਅੰਗ ਅੱਡ ਅੱਡ ਕਰਕੇ ਵੇਖੋ। ਪਰ ਇੰਨਾ ਜਾਲਮ ਵੀ ਕਿਉਂ ਬਣਿਆ ਜਾਵੇ ਕਿ ਕਿਸੇ ਦੀ ਸ਼ਖ਼ਸੀਅਤ ਨੂੰ ਪੁਰਜੇ ਪੁਰਜੇ ਕਰਕੇ ਵੇਖਿਆ ਜਾਵੇ। ਉਹ ਇੱਕ ਜਵਾਨ, ਅਕਲਮੰਦ, ਮਾਡਰਨ, ਨਿਹਾਇਤ ਵਧੀਆ ਅਤੇ ਸ਼ਲੀਕੇ ਨਾਲ ਕੱਪੜੇ ਪਹਿਨਣ ਵਾਲੀ ਸੀ। ਨਵੀਆਂ ਤੋਂ ਨਵੀਆਂ ਕਿਤਾਬਾਂ ਦੀ ਹੈਰਾਨਕੁਨ ਹੱਦ ਤੱਕ ਚੰਗੀ ਪਾਠਕ ਸੀ, ਅਤੇ ਉਸ ਦੀਆਂ ਪਾਰਟੀਆਂ ਸੱਚਮੁੱਚ ਮਹੱਤਵਪੂਰਨ ਲੋਕਾਂ ਦਾ ਸਭ ਤੋਂ ਸੁਆਦੀ ਮਿਸ਼ਰਣ ਹੁੰਦੀਆਂ ਸਨ ... ... ਕਲਾਕਾਰ- ਅਜੀਬ ਅਜੀਬ ਪ੍ਰਾਣੀ, ਉਸ ਦੀਆਂ ਲਭਤਾਂ, ਉਨ੍ਹਾਂ ਵਿਚੋਂ ਕੁਝ ਏਨੇ ਡਰਾਉਣੇ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ, ਪਰ ਦੂਜੇ ਬਹੁਤ ਵਧੀਆ ਦਰਸ਼ਨੀ ਅਤੇ ਮਜ਼ੇਦਾਰ ਸੱਜਣ।

ਰੋਜ਼ਮੇਰੀ ਦੇ ਵਿਆਹ ਨੂੰ ਦੋ ਸਾਲ ਹੋ ਗਏ ਸੀ।

ਉਸਦਾ ਪਤੀ ਪਾਰਟੀਆਂ ਦੀ ਸ਼ਾਨ ਹੁੰਦਾ। ਉਹ ਉਸਦੀਆਂ ਖ਼ਾਹਿਸ਼ਾਂ ਦੀ ਕਦਰ ਕਰਨ ਵਾਲਾ ਸ਼ਖਸ ਸੀ। ਇਹ ਦੋਨੋਂ ਸਿਰਫ ਖ਼ੁਸ਼ਹਾਲ ਹੀ ਨਹੀਂ, ਸਗੋਂ ਬੇਹੱਦ ਅਮੀਰ ਸਨ। ਰੋਜ਼ਮੇਰੀ ਜੇਕਰ ਖ਼ਰੀਦਾਰੀ ਕਰਨਾ ਚਾਹੁੰਦੀ ਤਾਂ ਸਿੱਧੇ ਪੈਰਿਸ ਜਾਂਦੀ ਜਦੋਂ ਕਿ ਅਸੀਂ ਤੁਸੀਂ ਬਾਂਡ ਸਟਰੀਟ ਚਲੇ ਜਾਂਦੇ ਸੀ। ਫੁੱਲ ਖ਼ਰੀਦਣੇ ਹੋਣ ਉਸ ਦੀ ਕਾਰ ਫੁੱਲਾਂ ਦੀ ਐਨ ਸਹੀ ਦੁਕਾਨ ਉੱਤੇ ਰੁਕਦੀ ਅਤੇ ਉਹ ਦੁਕਾਨ ਵਿੱਚ ਦਾਖਿਲ ਹੋ ਕੇ ਆਪਣੀਆਂ ਮੁਹਾਰਤ ਦਾ ਦਮ ਭਰਦੀਆਂ ਅਜਨਬੀ ਨਿਗਾਹਾਂ ਨਾਲ ਚਾਰੇ ਪਾਸੇ ਦੇਖਦੀ ਅਤੇ ਕਹਿੰਦੀ: “ਮੈਨੂੰ ਇਹ ਅਤੇ ਔਹ ਅਤੇ ਔਹ ਪਰਲੇ ਚਾਹੀਦੇ ਨੇ। ਮੈਨੂੰ ਚਾਰ ਗੁੱਛੇ ਇਨ੍ਹਾਂ ਫੁੱਲਾਂ ਦੇ ਦੇ ਦਿਓ। ਅਤੇ ਗੁਲਾਬਾਂ ਦਾ ਭਰਿਆ ਪੂਰਾ ਗੁੱਲਦਸਤਾ ਵੀ। ਹਾਂ ਮੈਨੂੰ ਸਾਰੇ ਗੁਲਾਬ ਚਾਹੀਦੇ ਹਨ। ਲੀਲਾਕ ਨਹੀਂ ਚਾਹੀਦੇ, ਬੜੇ ਭੱਦੇ ਹੁੰਦੇ ਹਨ ਇਹ। ਮੁੰਡੂ ਸਿਰ ਝੁੱਕਾ ਕੇ ਲੀਲਾਕਾਂ ਨੂੰ ਨਜ਼ਰਾਂ ਤੋਂ ਦੂਰ ਕਰਨ ਲੱਗਦਾ ਕਿ ਸ਼ਾਇਦ ਉਨ੍ਹਾਂ ਦੇ ਬਾਰੇ ਕਹੀ ਹੋਈ ਗੱਲ ਪੂਰੀ ਤਰ੍ਹਾਂ ਸਹੀ ਹੋਵੇ, ਲੀਲਾਕ ਸਚਮੁਚ ਖ਼ਤਰਨਾਕ ਹੱਦ ਤੱਕ ਬਦਸੂਰਤ ਹੋਣ। “ਤੇ ਉਹ ਛੋਟੇ ਛੋਟੇ ਟਿਊਲਿਪਸ ਦੇਣਾ। ਔਹ ਲਾਲ ਅਤੇ ਸਫੈਦ ਵਾਲੇ। ਦੁਕਾਨ ਤੇ ਕੰਮ ਕਰਦੀ ਇੱਕ ਪਤਲੀ ਜਿਹੀ ਕੁੜੀ ਸਭਨਾਂ ਫੁੱਲਾਂ ਨੂੰ ਸਫੈਦ ਕਾਗ਼ਜ਼ ਵਿੱਚ ਲਪੇਟ, ਕੱਛੇ ਮਾਰ ਥਿੜਕਦੇ ਕਦਮੀਂ ਇਸਦੇ ਪਿੱਛੇ ਪਿੱਛੇ ਕਾਰ ਤੱਕ ਜਾਂਦੀ।

ਸਿਆਲਾਂ ਦੀ ਇੱਕ ਸ਼ਾਮ ਉਹ ਕਰਜ਼ਨ ਸਟਰੀਟ ਵਿੱਚ ਪ੍ਰਾਚੀਨ ਕਲਾਕ੍ਰਿਤੀਆਂ ਦੀ ਇੱਕ ਛੋਟੀ ਜਿਹੀ ਦੁਕਾਨ ਉੱਤੇ ਕੁੱਝ ਖ਼ਰੀਦਣ ਲਈ ਗਈ। ਇਸ ਦੁਕਾਨ ਨੂੰ ਪਸੰਦ ਕਰਨ ਦੇ ਉਸਦੇ ਕੋਲ ਦੋ ਕਾਰਨ ਸਨ। ਇੱਕ ਤਾਂ ਇਹ ਕਿ ਇਥੇ ਆਪਣੀ ਨਿਜੀ ਮਲਕੀਅਤ ਸਮਝ ਕੇ ਵਿਚਰ ਸਕਦੀ ਸੀ। ਅਤੇ ਦੂਜੇ ਇਸ ਦੁਕਾਨ ਦੇ ਮਾਲਕ ਨੂੰ ਉਸਦੀ ਖਿਦਮਤ ਕਰਨਾ ਹਾਸੋਹੀਣੀ ਹੱਦ ਤੱਕ ਪਸੰਦ ਸੀ। ਜਦੋਂ ਵੀ ਉਹ ਦੁਕਾਨ ਤੇ ਆਉਂਦੀ, ਉਹ ਚਮਕ ਉੱਠਦਾ। ਉਹ ਆਪਣੇ ਦੋਨੋਂ ਹੱਥ ਭੀਚ ਲੈਂਦਾ, ਇੰਨਾ ਅਹਿਸਾਨਮੰਦ ਹੁੰਦਾ ਕਿ ਬੜੀ ਮੁਸ਼ਕਿਲ ਨਾਲ ਹੀ ਕੁੱਝ ਕਹਿ ਸਕਦਾ। ਖੁਸ਼ਾਮਦੀ ਵਰਤੋਂ-ਵਿਹਾਰ ਇੱਕ ਤਰ੍ਹਾਂ। ਕਿਵੇਂ ਵੀ ਹੋਵੇ ਕੁਝ ਸੀ...।

“ਵੇਖੋ ਮੈਡਮ,” ਦੁਕਾਨਦਾਰ ਨੇ ਆਪਣੀ ਬਹੁਤ ਹੀ ਧੀਮੀ ਸਤਿਕਾਰਿਤ ਸ਼ੈਲੀ ਵਿੱਚ ਕਿਹਾ, “ਮੈਂ ਆਪਣੀਆਂ ਚੀਜਾਂ ਨਾਲ ਬੇਹੱਦ ਪਿਆਰ ਕਰਦਾ ਹਾਂ। ਮੈਂ ਇਨ੍ਹਾਂ ਨੂੰ ਅਜਿਹੇ ਲੋਕਾਂ ਲਈ ਆਪਣੇ ਨਾਲੋਂ ਹਰਗਿਜ਼ ਵੀ ਜੁਦਾ ਨਹੀਂ ਕਰਾਂਗਾ ਜੋ ਇਨ੍ਹਾਂ ਦੀ ਕਦਰ ਨਹੀਂ ਕਰ ਸਕਦੇ ਅਤੇ ਜੋ ਉਨ੍ਹਾਂ ਨਫੀਸ ਅਹਿਸਾਸਾਂ ਦੇ ਮਾਲਕ ਨਹੀਂ, ਜਿਹਦੇ ਅੱਜਕੱਲ੍ਹ ਬਹੁਤ ਦੁਰਲਭ ਹਨ।” ਅਤੇ ਇੱਕ ਡੂੰਘਾ ਸਾਹ ਭਰਦੇ ਹੋਏ ਉਸਨੇ ਛੋਟੀ ਜਿਹੀ ਚੌਰਸ ਸ਼ਕਲ ਦੀ ਚੀਜ਼ ਨੂੰ ਨੀਲੀ ਮਖਮਲ ਵਿੱਚੋਂ ਕੱਢ ਕੇ ਆਪਣੇ ਪੀਲੇ ਪੋਟਿਆਂ ਨਾਲ ਕਾਊਂਟਰ ਉੱਤੇ ਰੱਖ ਦਿੱਤਾ।

ਉਂਜ ਦੁਕਾਨਦਾਰ ਨੇ ਉਹ ਡਿੱਬਾ ਰੋਜ਼ਮੇਰੀ ਲਈ ਹੀ ਸਾਂਭ ਰੱਖਿਆ ਸੀ ਕਿਉਂਕਿ ਉਸਨੇ ਕਿਸੇ ਹੋਰ ਗਾਹਕ ਨੂੰ ਵਿਖਾਇਆ ਹੀ ਨਹੀਂ। ਬਹੁਤ ਹੀ ਸ਼ਾਨਦਾਰ ਅਤੇ ਖ਼ੂਬਸੂਰਤ ਮੀਨਾਕਾਰੀ ਨਾਲ ਸਿੰਗਾਰਿਆ ਚਮਕਾਂ ਮਾਰਦਾ ਗਹਿਣੇ ਗੱਟੇ ਵਾਲਾ ਡਿੱਬਾ, ਜਿਵੇਂ ਕਰੀਮ ਵਿੱਚ ਡੁਬੋ ਕੇ ਤੰਦੂਰ ਵਿੱਚ ਪਕਾਇਆ ਹੋਵੇ। ਢੱਕਣ ਉੱਤੇ ਇੱਕ ਛੋਟੀ ਜਿਹੀ ਜ਼ਿੰਦ ਫੁੱਲਾਂ ਨਾਲ ਲੱਦੇ ਦਰਖ਼ਤ ਦੇ ਹੇਠਾਂ ਖੜੀ ਸੀ ਅਤੇ ਉਸ ਨਾਲੋਂ ਵੀ ਨਿੱਕੀ ਇੱਕ ਹੋਰ ਜ਼ਿੰਦ ਨੇ ਉਸਦੀ ਗਰਦਨ ਵਿੱਚ ਆਪਣੀਆਂ ਬਾਂਹਾਂ ਪਾਈਆਂ ਹੋਈਆਂ ਸੀ। ਉਸਦੀ ਛੋਟੀ ਜਿਹੀ ਟੋਪੀ...ਜਿਵੇਂ ਕੋਈ ਮਲੂਕ ਜਿਹੀ ਪੰਖੜੀ ਸ਼ਾਖ਼ ਨਾਲ ਅਟਕੀ ਹੋਵੇ। ਹਰੇ ਰੰਗ ਦੇ ਖ਼ੂਬਸੂਰਤ ਰਿਬਨ ਇਸ ਛੋਟੀ ਜ਼ਿੰਦੜੀ ਦੀ ਖ਼ੂਬਸੂਰਤੀ ਵਿੱਚ ਵਾਧੇ ਦਾ ਸਬੱਬ ਸਨ। ਅਤੇ ਇਕ ਗੁਲਾਬੀ ਬੱਦਲ ਜਿਵੇਂ ਇਕ ਚੌਕੰਨਾ ਫਰਿਸ਼ਤਾ ਉਨ੍ਹਾਂ ਦੇ ਸਿਰਾਂ ਉੱਪਰ ਤੈਰ ਰਿਹਾ ਸੀ। ਰੋਜ਼ਮੇਰੀ ਨੇ ਆਪਣੇ ਲੰਬੇ ਦਸਤਾਨਿਆਂ ਵਿੱਚੋਂ ਆਪਣੇ ਹੱਥ ਬਾਹਰ ਕੱਢੇ। ਇਸ ਤਰ੍ਹਾਂ ਦੀਆਂ ਚੀਜਾਂ ਨੂੰ ਪਰਖਣ ਲਈ ਉਹ ਇਸੇ ਤਰ੍ਹਾਂ ਆਪਣੇ ਦਸਤਾਨੇ ਉਤਾਰ ਲਿਆ ਕਰਦੀ ਸੀ। ਡਿੱਬਾ ਉਸਨੇ ਬਹੁਤ ਪਸੰਦ ਕੀਤਾ ਸਗੋਂ ਉਸਨੂੰ ਤਾਂ ਇਸ ਨਾਲ ਜਿਵੇਂ ਇਸ਼ਕ ਹੋ ਗਿਆ। ਅਤੇ ਬਸ ਉਸਨੇ ਤਾਂ ਇਹ ਲੈਣਾ ਹੀ ਸੀ। ਇਸ ਡਿੱਬੇ ਨੂੰ ਕਦੇ ਖੋਲ੍ਹਦੇ ਅਤੇ ਕਦੇ ਬੰਦ ਕਰਦੇ ਹੋਏ ਉਹ ਇੱਕ ਦਿਲਕਸ਼ ਅਹਿਸਾਸ ਨੂੰ ਅਨਦੇਖਿਆ ਨਹੀਂ ਕਰ ਸਕੀ ਕਿ ਨੀਲੀ ਮਖਮਲ ਤੇ ਟਿਕੇ ਉਸ ਦੇ ਹੱਥ ਕਿੰਨੇ ਸੋਹਣੇ ਸਨ। ਦੁਕਾਨਦਾਰ ਵੀ ਆਪਣੇ ਮਨ ਦੇ ਹਨੇਰੇ ਘੁਰਨੇ ਵਿੱਚ ਸ਼ਾਇਦ ਕੁੱਝ ਇਸੇ ਤਰ੍ਹਾਂ ਸੋਚਣ ਦਾ ਹੌਸਲਾ ਕਰ ਰਿਹਾ ਸੀ। ਉਸਨੇ ਇੱਕ ਪੈਨਸਿਲ ਚੁੱਕੀ, ਕਾਊਂਟਰ ਉੱਤੇ ਅੱਗੇ ਦੀ ਤਰਫ਼ ਝੁੱਕਿਆ ਅਤੇ ਅਤੇ ਆਪਣੀਆਂ ਪੀਲੀਆਂ ਉਂਗਲਾਂ ਨੂੰ ਉਨ੍ਹਾਂ ਗੁਲਾਬੀ, ਲਸ ਲਸ ਕਰਦੀਆਂ ਉਂਗਲਾਂ ਵੱਲ ਡਰਦੇ ਡਰਦੇ ਸਰਕਾਉਂਦਾ ਹੋਇਆ ਬਹੁਤ ਧੀਮੇ ਜਿਹੇ ਫੁਸਫੁਸਾਇਆ, "ਮੈਡਮ ਕੀ ਮੈਂ ਤੁਹਾਡੀ ਨਜ਼ਰ ਇਸ ਨਿੱਕੀ ਜਿਹੀ ਨਾਰੀ ਦੀ ਚੋਲੀ ਉੱਤੇ ਬਣੇ ਫੁੱਲਾਂ ਵੱਲ ਖਿਚਣ ਦੀ ਗੁਸਤਾਖੀ ਕਰ ਸਕਦਾ ਹਾਂ?”

“ਬੇਹੱਦ ਦਿਲਕਸ਼ !” ਰੋਜ਼ਮੇਰੀ ਨੇ ਫੁੱਲਾਂ ਨੂੰ ਸਰਾਹਿਆ। “ਲੇਕਿਨ ਕ਼ੀਮਤ ਕਿੰਨੀ ਹੈ ?” ਇੱਕ ਪਲ ਲਈ ਇਵੇਂ ਲੱਗਿਆ ਕਿ ਸ਼ਾਇਦ ਦੁਕਾਨਦਾਰ ਨੇ ਸੁਣਿਆ ਹੀ ਨਾ ਹੋਵੇ। ਅਤੇ ਫਿਰ ਇੱਕ ਸਰਗੋਸ਼ੀ ਜਿਹੀ ਸੁਣਾਈ ਦਿੱਤੀ, 'ਅਠਾਈ ਗੇਨੀ, ਮੈਡਮ।'

“ਅਠਾਈ ਗੇਨੀ? ਰੋਜ਼ਮੇਰੀ ਨੇ ਨਿੱਕਾ ਡਿੱਬਾ ਹੇਠਾਂ ਰੱਖ ਦਿੱਤਾ ਅਤੇ ਆਪਣੇ ਦਸਤਾਨੇ ਪਹਿਨ ਲਏ। ਅਠਾਈ ਗੇਨੀ ਕਿਸੇ ਅਮੀਰ ਸ਼ਖਸ ਲਈ ਵੀ ਮਹਿੰਗੀ ਕ਼ੀਮਤ ਹੈ। ਉਹ ਬੌਂਦਲੀ ਜਿਹੀ ਲੱਗੀ। ਉਸਨੇ ਦੁਕਾਨਦਾਰ ਦੇ ਸਿਰ ਤੋਂ ਉਪਰ ਇੱਕ ਗੋਲ ਮਟੋਲ ਜਿਹੀ ਕੁੱਕੜੀ ਵਰਗੀ ਗੋਲ ਮਟੋਲ ਜਿਹੀ ਚਾਹ ਦੀ ਕੇਤਲੀ ਨੂੰ ਘੂਰਿਆ ਅਤੇ ਦੁਕਾਨਦਾਰ ਨੂੰ ਕਿਹਾ, “ਠੀਕ ਹੈ ਤੁਸੀਂ ਇਸਨੂੰ ਮੇਰੇ ਲਈ ਸਾਂਭ ਰੱਖੋ। ਰੱਖੋਗੇ ਨਾ ? ਮੈਂ ਲੈ ਲਵਾਂਗੀ....।” ਉਸਦੀ ਆਵਾਜ਼ ਸੁਪਨੀਲੀ ਸੀ।

ਦੁਕਾਨਦਾਰ ਨੇ ਪਹਿਲਾਂ ਹੀ ਸਿਰ ਨਿਵਾ ਕੇ ਮੰਨ ਲਿਆ ਸੀ ਕਿ ਇਸ ਡਿੱਬੇ ਨੂੰ ਸਾਂਭ ਕੇ ਰੱਖਣਾ ਜਿਵੇਂ ਉਸਦੀ ਮਨੁੱਖਤਾ ਦਾ ਤਕਾਜ਼ਾ ਹੋਵੇ। ਉਹ ਤਿਆਰ ਸੀ, ਬੇਸ਼ਕ, ਇਹ ਡਿੱਬਾ ਰੋਜ਼ਮੇਰੀ ਲਈ ਹਮੇਸ਼ਾ ਹਮੇਸ਼ਾ ਲਈ ਰਖੀ ਰੱਖਣ ਲਈ।

ਉਹ ਦੁਕਾਨ ਤੋਂ ਬਾਹਰ ਆਈ। ਸਿਆਲਾਂ ਦੀ ਠਰੀ ਹੋਈ ਸ਼ਾਮ ਸੀ। ਬਰਸਾਤ ਹੋ ਰਹੀ ਸੀ। ਬਰਸਾਤ ਦੇ ਨਾਲ ਅੰਧਕਾਰ ਵੀ ਉੱਤਰ ਆਇਆ ਲੱਗਦਾ ਸੀ। ਹਵਾ ਵਿੱਚ ਠੰਡੀ ਕੁੜੱਤਣ ਦੀ ਮਿੱਸ ਸੀ ਅਤੇ ਸੜਕ ਤੇ ਜਗਦੀਆਂ ਬੱਤੀਆਂ ਉਦਾਸ ਜਾਪ ਰਹੀਆਂ ਸਨ। ਸਾਹਮਣੇ ਘਰਾਂ ਵਿਚ ਰੋਸ਼ਨੀਆਂ ਉਦਾਸ ਸਨ। ਉਨ੍ਹਾਂ ਦੀ ਮੱਧਮ ਲੋਅ ਤੋਂ ਲੱਗਦਾ ਸੀ ਜਿਵੇਂ ਇਹ ਕਿਸੇ ਕਾਰਨ ਪਛਤਾ ਰਹੀਆਂ ਹੋਂਣ। ਲੋਕ ਆਪਣੀਆਂ ਘਿਣਾਉਣੀਆਂ ਛਤਰੀਆਂ ਵਿੱਚ ਲੁਕੇ ਘਰਾਂ ਵੱਲ ਤੇਜ਼ ਤੇਜ਼ ਕਦਮੀਂ ਜਾ ਰਹੇ ਸਨ। ਰੋਜ਼ਮੇਰੀ ਨੂੰ ਇੱਕ ਅਲੋਕਾਰ ਦਰਦ ਮਹਿਸੂਸ ਹੋਇਆ। ਉਸ ਨੇ ਆਪਣੇ ਦਸਤਾਨੇ ਨੂੰ ਆਪਣੀ ਹਿੱਕ ਨਾਲ ਘੁੱਟਿਆ ਅਤੇ ਉਸਦੇ ਅੰਦਰੋਂ ਇੱਕ ਖਾਹਿਸ਼ ਉਭਰੀ ਕਿ ਕਾਸ਼ ਉਹ ਨਿੱਕਾ ਡਿੱਬਾ ਵੀ ਇਸ ਵਕਤ ਉਸਦੇ ਹੱਥਾਂ ਵਿੱਚ ਹੁੰਦਾ। ਬੇਸ਼ਕ, ਕਾਰ ਕੋਲ ਸੀ, ਉਸਨੇ ਸਿਰਫ ਫੁੱਟਪਾਥ ਨੂੰ ਪਾਰ ਕਰਨਾ ਸੀ। ਪਰ ਅਜੇ ਵੀ ਉਹ ਖੜੀ ਇੰਤਜਾਰ ਕਰ ਰਹੀ ਸੀ। ਕਦੇ ਕਦੇ ਜ਼ਿੰਦਗੀ ਵਿੱਚ ਅਜਿਹਿਆਂ ਡਰਾਉਣੀਆਂ ਘੜੀਆਂ ਆਉਂਦੀਆਂ ਹਨ ਜਦੋਂ ਇਨਸਾਨ ਕਿਸੇ ਮਹਿਫ਼ੂਜ਼ ਜਗ੍ਹਾ ਵਿੱਚੋਂ ਨਿਕਲ ਕੇ ਬਾਹਰ ਵੇਖਦਾ ਹੈ, ਮਾਹੌਲ ਡਰਾਉਣਾ ਜਾਪਦਾ ਹੈ। ਲੇਕਿਨ ਆਪਣੇ ਦਿਮਾਗ਼ ਵਿੱਚ ਇਸ ਤਰ੍ਹਾਂ ਦੇ ਖ਼ਿਆਲਾਂ ਨੂੰ ਜਗ੍ਹਾ ਦੇਣ ਦੀ ਬਜਾਏ ਘਰ ਜਾ ਕੇ ਚਾਹ ਦਾ ਇੱਕ ਸਪੈਸ਼ਲ ਕੱਪ ਪੀਣਾ ਚਾਹੀਦਾ ਹੈ। ਸੋਚ ਦੀ ਇਸ ਘੜੀ ਦੌਰਾਨ ਇੱਕ ਨੌਜਵਾਨ, ਦੁਬਲੀ ਪਤਲੀ, ਕਾਲ਼ੀ ਮੁਰਝਾਈ ਜਿਹੀ ਕੁੜੀ ਖ਼ਬਰੇ ਕਿਥੋਂ ਉਸਦੀ ਵੱਖੀ ਕੋਲ ਆ ਖੜੀ ਹੋਈ ਅਤੇ ਸਿਸਕਦੀ ਮਰੀਅਲ ਜਿਹੀ ਆਵਾਜ਼ ਵਿੱਚ ਕਹਿਣ ਲੱਗੀ, “ਮੈਡਮ, ਕੀ ਮੈਂ ਤੁਹਾਡੇ ਨਾਲ ਜ਼ਰਾ ਕੁ ਗੱਲ ਕਰ ਸਕਦੀ ਹਾਂ?”

“ਮੇਰੇ ਨਾਲ ਗੱਲ ਕਰਨਾ ਚਾਹੁੰਦੀ ਹੈਂ?” ਰੋਜ਼ਮੇਰੀ ਨੇ ਪਲਟ ਕੇ ਵੇਖਿਆ। ਉਹ ਇੱਕ ਜਵਾਨ, ਵੱਡੀਆਂ ਵੱਡੀਆਂ ਅੱਖਾਂ ਵਾਲੀ ਤਕਰੀਬਨ ਉਸੇ ਦੇ ਹਾਣ ਦੀ, ਥਕੀ ਟੁੱਟੀ ਹੋਈ ਕੁੜੀ ਸੀ ਜਿਸ ਨੇ ਆਪਣੇ ਕੋਟ ਦੇ ਕਾਲਰ ਨੂੰ ਘੁੱਟ ਕੇ ਫੜਿਆ ਹੋਇਆ ਸੀ ਅਤੇ ਉਸਨੂੰ ਕਾਂਬਾ ਛਿੜਿਆ ਹੋਇਆ ਸੀ ਜਿਵੇਂ ਹੁਣੇ ਹੁਣੇ ਪਾਣੀ ਵਿੱਚੋਂ ਨਿੱਕਲ ਕੇ ਆਈ ਹੋਵੇ।

“ਮ .. ਮੈਡਮ।” ਉਹ ਹਕਲਾ ਗਈ। “ਕੀ ਤੁਸੀ ਮੈਨੂੰ ਇੱਕ ਕੱਪ ਚਾਹ ਲਈ ਪੈਸੇ ਦੇ ਦਿਓਗੇ?”

“ਇੱਕ ਕੱਪ ਚਾਹ?” ਸਰਲ ਅਤੇ ਗੰਭੀਰ ਬੋਲ ਸੀ। ਉਹ ਕਿਸੇ ਵੀ ਤਰ੍ਹਾਂ ਭਿਖਾਰੀ ਦੇ ਬੋਲ ਤਾਂ ਬਿਲਕੁਲ ਨਹੀਂ ਸੀ। ਰੋਜ਼ਮੇਰੀ ਨੇ ਪੁੱਛਿਆ, “ਤਾਂ ਕੀ ਤੇਰੇ ਕੋਲ ਬਿਲਕੁਲ ਪੈਸੇ ਨਹੀਂ ਹਨ?”

“ਨਹੀਂ, ਮੈਡਮ,” ਜਵਾਬ ਆਇਆ।

“ਕਿੰਨੀ ਅਜੀਬ ਗੱਲ ਹੈ!” ਰੋਜ਼ਮੇਰੀ ਨੇ ਸ਼ਾਮ ਦੇ ਹਨ੍ਹੇਰੇ ਵਿੱਚ ਵੇਖਦੇ ਹੋਏ ਕੁੱਝ ਸੋਚਿਆ। ਕੁੜੀ ਟਿਕਟਿਕੀ ਲਗਾ ਉਸਦੀ ਤਰਫ਼ ਵੇਖ ਰਹੀ ਸੀ। ਅਜੀਬ ਤੋਂ ਵੀ ਅੱਗੇ। ਅਚਾਨਕ ਉਸਦੇ ਜ਼ੇਹਨ ਵਿੱਚ ਕੁਝ ਅਨੋਖਾ ਜਿਹਾ ਆਇਆ। ਇਹ ਤਾਂ ਜਿਵੇਂ ਦਾਸਤੋਵਸਕੀ ਦੇ ਕਿਸੇ ਨਾਵਲ ਵਿੱਚੋਂ ਕੋਈ ਕਿੱਸਾ ਹੋਵੇ .. ਸ਼ਾਮ ਦੇ ਹਨ੍ਹੇਰੇ ਵਿੱਚ ਇਹ ਮਿਲਣੀ। ਕਿਉਂ ਨਾ ਮੈਂ ਇਸ ਕੁੜੀ ਨੂੰ ਆਪਣੇ ਘਰ ਲੈ ਜਾਵਾਂ? ਅਗਰ ਉਹ ਇਕ ਐਸਾ ਕੰਮ ਕਰ ਦੇਵੇ, ਜਿਹੋ ਜਿਹੇ ਉਹ ਅਕਸਰ ਪੜ੍ਹਦੀ ਜਾਂ ਨਾਟਕਾਂ ਵਿੱਚ ਦੇਖਦੀ ਰਹਿੰਦੀ ਸੀ, ਤਾਂ ਕੀ ਹੋਵੇਗਾ? ਕੀ ਇਹ ਸਨਸਨੀਖੇਜ਼ ਨਹੀਂ ਹੋਵੇਗਾ? ਅਤੇ ਉਸਨੇ ਆਪਣੇ ਆਪ ਨੂੰ ਬਾਅਦ ਵਿੱਚ ਆਪਣੇ ਦੋਸਤਾਂ ਨੂੰ ਹੈਰਾਨ ਕਰਦੀ ਆਵਾਜ਼ ਵੀ ਸੁਣੀ: "ਮੈਂ ਬੱਸ ਉਸ ਕੁੜੀ ਨੂੰ ਆਪਣੇ ਨਾਲ ਘਰ ਲੈ ਆਈ," ਅਤੇ ਨਾਲ ਹੀ ਉਸਨੇ ਅੱਗੇ ਕਦਮ ਪੁੱਟਿਆ ਅਤੇ ਉਸ ਰੁਲ਼ੀ ਹਸਤੀ ਨੂੰ ਕਿਹਾ, "ਮੇਰੇ ਨਾਲ ਚਾਹ ਦੇ ਲਈ ਘਰ ਚੱਲ।"

ਕੁੜੀ ਚੌਂਕ ਕੇ ਥੋੜ੍ਹਾ ਜਿਹਾ ਪਿੱਛੇ ਹਟੀ। ਪਲ ਭਰ ਲਈ ਤਾਂ ਉਹ ਕੰਬਣਾ ਵੀ ਭੁੱਲ ਗਈ। ਰੋਜ਼ਮੇਰੀ ਨੇ ਉਸਦੇ ਹੱਥ ਨੂੰ ਆਹਿਸਤਾ ਜਿਹੇ ਛੂਹਿਆ ਅਤੇ ਮੁਸਕੁਰਾਂਦੇ ਹੋਈ ਕਿਹਾ, “ਹਾਂ ਮੇਰੇ ਕਹਿਣ ਦਾ ਮਤਲਬ ਇਹੀ ਹੈ।” ਅਤੇ ਉਸਨੇ ਮਹਿਸੂਸ ਕੀਤਾ ਕਿ ਉਸ ਦੀ ਮੁਸਕਰਾਹਟ ਬਹੁਤ ਸਰਲ ਅਤੇ ਦਿਆਲੂ ਸੀ। “ਕਿਉਂ...ਨਹੀਂ ਚੱਲੇਂਗੀ? ਮੇਰੇ ਨਾਲ ਮੇਰੀ ਕਾਰ ਵਿੱਚ ਬੈਠ ਅਤੇ ਆਪਾਂ ਘਰ ਚੱਲ ਕੇ ਚਾਹ ਪੀਵਾਂਗੇ।”

“ਮਜ਼ਾਕ ਨਾ ਕਰੋ,ਮੈਡਮ ...ਤੁਹਾਡਾ ਇਹ ਮਤਲਬ ਨਹੀਂ ਹੋਣਾ।” ਕੁੜੀ ਦੀ ਆਵਾਜ਼ ਵਿੱਚ ਡੂੰਘਾ ਦੁੱਖ ਸੀ। “ ਲੇਕਿਨ ਮੈਂ ਇਹੀ ਚਾਹੁੰਦੀ ਹਾਂ।” ਰੋਜ਼ਮੇਰੀ ਬੋਲੀ। “ਮੈਂ ਚਾਹੁੰਦੀ ਹਾਂ। ਮੈਨੂੰ ਖੁਸ਼ੀ ਮਿਲੇਗੀ। ਆ ਚੱਲ ਮੇਰੇ ਨਾਲ।”

ਕੁੜੀ ਨੇ ਆਪਣੀ ਉਂਗਲੀਆਂ ਨੂੰ ਆਪਣੇ ਬੁੱਲ੍ਹਾਂ ਤੇ ਰੱਖਿਆ ਅਤੇ ਥਥਲਾਉਂਦੇ ਹੋਏ ਰੋਜ਼ਮੇਰੀ ਨੂੰ ਕਿਹਾ, “ਤੁਸੀਂ ਮੈਨੂੰ ...ਕਿਤੇ ਤੁਸੀਂ ਮੈਨੂੰ ਪੁਲਿਸ ਸਟੇਸ਼ਨ ਤਾਂ ਨਹੀਂ ਲੈ ਜਾਓਗੇ?”

“ਪੁਲਿਸ ਸਟੇਸ਼ਨ!” ਰੋਜ਼ਮੇਰੀ ਹਸ ਪਈ। “ਮੈਂ ਇੰਨੀ ਜਾਲਿਮ ਲੱਗਦੀ ਹਾਂ ਕੀ? ਮੈਂ ਸਿਰਫ ਤੈਨੂੰ ਕੁੱਝ ਨਿਘ ਦੇਣਾ ਚਾਹੁੰਦੀ ਹਾਂ ਅਤੇ ਜੋ ਕੁੱਝ ਮੈਨੂੰ ਕਹਿਣਾ ਚਾਹੇਂ, ਸੁਣਨਾ ਚਾਹੁੰਦੀ ਹਾਂ।”

ਭੁੱਖਾ ਢਿੱਡ ਜਲਦੀ ਪ੍ਰਭਾਵਿਤ ਹੋ ਜਾਂਦਾ ਹੈ। ਨੌਕਰ ਨੇ ਕਾਰ ਦਾ ਦਰਵਾਜਾ ਖੋਲ੍ਹਿਆ ਅਤੇ ਦੂਜੇ ਹੀ ਪਲ ਸ਼ਾਮ ਦੇ ਧੁੰਦਲਕੇ ਨੂੰ ਚੀਰਦੀ ਹੋਈ ਕਾਰ ਵਿੱਚ ਉਹ ਜਾ ਰਹੀਆਂ ਸਨ। ਰੋਜ਼ਮੇਰੀ ਦੇ ਚਿਹਰੇ ਉੱਤੇ ਜੇਤੂ ਖੁਸ਼ੀ ਦੇ ਭਾਵ ਛਲਕਣ ਲੱਗੇ। ਉਸਨੇ ਕੁੜੀ ਦੇ ਵੱਲ , ਜੋ ਹੁਣ ਉਸਦੀ ਕੈਦ ਵਿੱਚ ਸੀ, ਗਹਿਰੀਆਂ ਨਜਰਾਂ ਨਾਲ ਵੇਖਦੇ ਹੋਏ ਉਸਨੇ ਆਪਣੇ ਆਪ ਨੂੰ ਕਿਹਾ, “ਆਖ਼ਿਰ ਮੈਂ ਤੈਨੂੰ ਉਡਾ ਹੀ ਲਿਆ।” ਉਂਜ ਉਸਦਾ ਦਿਲ ਉਸ ਕੁੜੀ ਲਈ ਨਿਰੀ ਹਮਦਰਦੀ ਨਾਲ ਭਿੱਜਿਆ ਸੀ, ਅਤੇ ਹਮਦਰਦੀ ਨਾਲੋਂ ਵੱਧ ਉਹ ਇਸ ਕੁੜੀ ਨੂੰ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਜ਼ਿੰਦਗੀ ਵਿੱਚ ਹੈਰਤ-ਅੰਗੇਜ਼ ਘਟਨਾਵਾਂ ਵੀ ਵਾਪਰਦੀਆਂ ਹਨ ਅਤੇ ਪਰੀਆਂ ਵਾਲੀਆਂ ਗਾਡ ਮਦਰਾਂ ਹਕੀਕਤ ਵਿੱਚ ਵੀ ਹੁੰਦੀਆਂ ਹਨ। ਕਿ ਅਮੀਰ ਲੋਕਾਂ ਦੇ ਵੀ ਦਿਲ ਹੁੰਦੇ ਹਨ। ਅਤੇ ਉਹ ਦੋਨੋਂ ਨਾਰਾਂ ਭੈਣਾਂ ਹਨ। ਅਤੇ ਫਿਰ ਸੁੱਤੇਸਿੱਧ ਕੁੜੀ ਵੱਲ ਮੁੜਦੇ ਹੋਏ ਕਿਹਾ, “ਤੂੰ ਡਰ ਨਾ, ਭਲਾ ਤੂੰ ਕਿਉਂ ਨਾ ਮੇਰੇ ਨਾਲ ਚੱਲੀ ਆਵੇਂ? ਅਸੀ ਦੋਨੋਂ ਔਰਤਾਂ ਹਾਂ। ਜੇਕਰ ਮੈਂ ਜ਼ਿਆਦਾ ਖ਼ੁਸ਼ਨਸੀਬ ਹਾਂ ਤਾਂ ਤੈਨੂੰ ਉਮੀਦ ਕਰਨੀ ਚਾਹੀਦੀ ਹੈ ਕਿ…”

ਉਸ ਨੂੰ ਪਤਾ ਨਹੀਂ ਸੀ ਵਾਕ ਕਿਸ ਅੰਦਾਜ਼ ਵਿੱਚ ਖ਼ਤਮ ਕਰੇ ਕਿ ਖੁਸ਼ਕਿਸਮਤੀ ਨੂੰ ਉਸੇ ਪਲ ਕਾਰ ਇੱਕ ਆਲੀਸ਼ਾਨ ਮਕਾਨ ਦੇ ਸਾਹਮਣੇ ਰੁਕ ਗਈ। ਘੰਟੀ ਵਜਾਈ, ਦਰਵਾਜਾ ਖੁੱਲ੍ਹਿਆ, ਰੋਜ਼ਮੇਰੀ ਬਹੁਤ ਹੀ ਚੰਗੇ ਅਤੇ ਰਖਵਾਲੇ ਅੰਦਾਜ਼ ਵਿੱਚ, ਕੁੜੀ ਨੂੰ ਲੱਗਪੱਗ ਬੁੱਕਲ ਵਿੱਚ ਲਈਂ ਹਾਲ ਵਿੱਚ ਲੈ ਆਈ। ਇੱਥੇ ਦੇ ਨਿਘ, ਕੋਮਲਤਾ, ਰੋਸ਼ਨੀ, ਖੁਸ਼ਬੂ ਇਹ ਸਭ ਜੇ ਇੱਕ ਲਈ ਜਾਣੀ-ਪਛਾਣੀ ਸੀ ਤਾਂ ਦੂਜੀ ਨੇ ਇਨ੍ਹਾਂ ਬਾਰੇ ਕਦੇ ਸੋਚਿਆ ਤੱਕ ਨਹੀਂ ਸੀ। ਇੱਕ ਨੇ ਦੂਜੀ ਨੂੰ ਮੁਗਧ ਹੁੰਦੀ ਨੂੰ ਦੇਖਿਆ। ਬਹੁਤ ਦਿਲਕਸ਼ ਅਤੇ ਮੋਹ ਲੈਣ ਵਾਲਾ ਦ੍ਰਿਸ਼ ਸੀ। ਉਹ ਮਹਿਸੂਸ ਕਰਨ ਲੱਗੀ ਜਿਵੇਂ ਉਹ ਇੱਕ ਛੋਟੀ ਜਿਹੀ ਅਮੀਰ ਬਚੀ, ਜੋ ਆਪਣੀ ਨਰਸਰੀ ਵਿੱਚ ਹੋਵੇ ਜਿੱਥੇ ਸਾਰੀਆਂ ਅਲਮਾਰੀਆਂ ਅਤੇ ਡਿੱਬੇ ਖੋਲ੍ਹ ਦਿੱਤੇ ਹੋਣ। “ਆਓ, ਉੱਪਰ ਚੱਲੀਏ... ਆਓ,” ਰੋਜ਼ਮੇਰੀ ਨੇ ਦਰਿਆਦਿਲੀ ਦਿਖਾਉਣ ਦੀ ਤਾਂਘ ਨਾਲ ਕਿਹਾ। “ਉੱਪਰ ਮੇਰੇ ਕਮਰੇ ਵਿੱਚ ਚੱਲ।” ਉਂਜ ਵੀ ਉਹ ਨਹੀਂ ਚਾਹੁੰਦੀ ਸੀ ਕਿ ਘਰ ਦੇ ਨੌਕਰ ਚਾਕਰ ਉਸ ਵੱਲ ਸਵਾਲੀਆ ਨਜਰਾਂ ਨਾਲ ਵੇਖਣ। ਇੱਥੋਂ ਤੱਕ ਕਿ ਉਸਨੇ ਪੌੜੀਆਂ ਚੜ੍ਹਦੇ ਹੋਏ ਫੈਸਲਾ ਕੀਤਾ ਕਿ ਉਹ ਜੀਨਾ ਨੂੰ ਵੀ ਨਹੀਂ ਬੁਲਾਏਗੀ, ਸਗੋਂ ਉਹ ਖ਼ੁਦ ਹੀ ਉਸਦੀ ਮਦਦ ਕਰੇਗੀ। ਇਹ ਮਹਾਨ ਚੀਜ਼ ਸੁਭਾਵਕ ਲੱਗਣੀ ਚਾਹੀਦੀ ਹੈ।

“ਓਥੇ।” ਰੋਜ਼ਮੇਰੀ ਨੇ ਕਿਹਾ ਜਿਵੇਂ ਹੀ ਉਹ ਬਹੁਤ ਵੱਡੇ ਵੱਡੇ ਬੈੱਡਰੂਮ, ਜੋ ਖ਼ੂਬਸੂਰਤ ਪਰਦਿਆਂ, ਸੁਨਹਿਰੇ ਫਰਨੀਚਰ ਅਤੇ ਗਦੈਲਿਆਂ, ਹਲਕੇ ਪੀਲੇ ਅਤੇ ਨੀਲੇ ਰੰਗਾਂ ਦੇ ਕੰਬਲਾਂ ਨਾਲ ਚੁੰਧਿਆ ਰਿਹਾ ਸੀ, ਦਾਖਿਲ ਹੋਈ। ਕੁੜੀ ਕੁੱਝ ਘਬਰਾਈ ਜਿਹੀ ਬਸ ਬੂਹੇ ਦੇ ਵਿੱਚ ਖੜੀ ਹੋ ਗਈ। ਲੇਕਿਨ ਰੋਜ਼ਮੇਰੀ ਨੇ ਕੋਈ ਖਾਸ ਧਿਆਨ ਨਾ ਦਿੰਦੇ ਹੋਏ ਕਿਹਾ, “ਆ ਜਾ ਬਹਿ ਜਾ।” ਫਿਰ ਉਸਦੀ ਕੁਰਸੀ ਨੂੰ ਖਿੱਚ ਕੇ ਅੰਗੀਠੇ ਦੇ ਕਰੀਬ ਲੈ ਆਈ, “ਇਸ ਕੁਰਸੀ ਤੇ ਤੈਨੂੰ ਆਰਾਮ ਮਿਲੇਗਾ, ਥੋੜ੍ਹੀ ਨਿਘੀ ਹੋ ਲੈ, ਤੂੰ ਸਰਦੀ ਨਾਲ ਕੁੰਗੜੀ ਪਈਂ ਹੈਂ।”

“ਮੈਂ ਇੰਨੀ ਹਿੰਮਤ ਨਹੀਂ ਕਰ ਸਕਦੀ, ਮੈਡਮ।” ਕੁੜੀ ਨੇ ਕਿਹਾ ਅਤੇ ਥੋੜ੍ਹੀ ਜਿਹੀ ਪਿੱਛੇ ਹੱਟ ਗਈ।

“ਓਹ, ਪਲੀਜ,”- ਰੋਜ਼ਮੇਰੀ ਅੱਗੇ ਵਧੀ-”ਤੈਨੂੰ ਇਸ ਤਰ੍ਹਾਂ ਡਰਨ ਦੀ ਕੋਈ ਜ਼ਰੂਰਤ ਨਹੀਂ । ਬਹਿ ਜਾ। ਮੈਂ ਚੀਜ਼ਾਂ ਰੱਖ ਦੇਵਾਂ ਫਿਰ ਅਸੀਂ ਦੂਜੇ ਕਮਰੇ ਵਿੱਚ ਚੱਲ ਕੇ ਚਾਹ ਪੀਂਦੇ ਹਾਂ। ਤੂੰ ਇੰਨੀ ਡਰੀ ਹੋਈ ਕਿਉਂ ਹੈਂ?” ਉਸਨੇ ਹਲਕੇ ਜਿਹਾ ਧੱਕ ਕੇ ਇਸ ਸੁੱਕੜ ਜਿਹੀ ਸ਼ਕਲ ਨੂੰ ਝੂਲੇ ਵਿੱਚ ਬਿਠਾਣ ਦੀ ਕੋਸ਼ਿਸ਼ ਕੀਤੀ, ਪਰ ਕੁੜੀ ਨੇ ਕੋਈ ਜਵਾਬ ਨਾ ਦਿੱਤਾ। ਉਹ ਬਿਲਕੁਲ ਪਹਿਲਾਂ ਦੀ ਤਰ੍ਹਾਂ ਹੀ ਖੜੀ ਰਹੀ। ਦੋਨੋਂ ਹੱਥ ਵੱਖੀਆਂ ਤੇ ਰੱਖੇ ਹੋਏ ਅਤੇ ਮੂੰਹ ਥੋੜ੍ਹਾ ਜਿਹਾ ਖੁੱਲ੍ਹਾ ਹੋਇਆ। ਸੱਚ ਕਿਹਾ ਜਾਵੇ ਤਾਂ ਉਹ ਇੱਕ ਤਰ੍ਹਾਂ ਬੇਵਕੂਫ ਲੱਗ ਰਹੀ ਸੀ। ਰੋਜ਼ਮੇਰੀ ਨੇ ਕਿਸੇ ਕਿਸਮ ਦੀ ਰੁਚੀ ਦਿਖਾਏ ਬਿਨਾਂ ਕਿਹਾ, ਕੀ ਤੂੰ ਆਪਣਾ ਹੈਟ ਉਤਾਰੇਗੀ ਨਹੀਂ? ਤੇਰੇ ਖ਼ੂਬਸੂਰਤ ਵਾਲ ਸਭ ਭਿੱਜੇ ਹੋਏ ਹਨ। ਅਤੇ ਬਿਨਾਂ ਹੈਟ ਦੇ ਇਨਸਾਨ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦਾ ਹੈ, ਹੈ ਨਾ?”

ਘੁਸਰ ਮੁਸਰ ਜਿਹੀ ਸੁਣਾਈ ਦਿੱਤੀ ਜਿਵੇਂ ਕਹਿ ਰਹੀ ਹੋਵੇ, “ਬਹੁਤ ਅੱਛਾ, ਮੈਡਮ।” ਅਤੇ ਤੁਥਮੁਥ ਹੈਟ ਉਤਾਰ ਦਿੱਤਾ ਗਿਆ।

“ਤੇ ਤੇਰਾ ਕੋਟ ਉਤਾਰਨ ਵਿੱਚ ਮੈਨੂੰ ਤੇਰੀ ਮਦਦ ਕਰਨ ਦੇ,” ਰੋਜ਼ਮੇਰੀ ਨੇ ਕਿਹਾ। ਕੁੜੀ ਕੁਰਸੀ ਦਾ ਸਹਾਰਾ ਲੈ ਕੇ ਖੜੀ ਹੋ ਗਈ। ਰੋਜ਼ਮੇਰੀ ਨੂੰ ਉਸਦਾ ਕੋਟ ਉਤਾਰਨ ਵਿੱਚ ਬੜੀ ਮਿਹਨਤ ਕਰਨੀ ਪੈ ਰਹੀ ਸੀ, ਲੇਕਿਨ ਕੁੜੀ ਵਲੋਂ ਕੋਈ ਮਦਦ ਨਹੀਂ ਸੀ। ਉਹ ਇੱਕ ਬੱਚੇ ਦੀ ਤਰ੍ਹਾਂ ਲੜਖੜਾ ਰਹੀ ਲੱਗਦੀ ਸੀ। ਰੋਜ਼ਮੇਰੀ ਦੇ ਮਨ ਵਿੱਚ ਇੱਕ ਖਿਆਲ ਆਕੇ ਚਲਾ ਗਿਆ ਕਿ ਕੋਈ ਸ਼ਖਸ ਜੇਕਰ ਕਿਸੇ ਦੀ ਮਦਦ ਕਰ ਰਿਹਾ ਹੋਵੇ ਤਾਂ ਉਸ ਮਦਦ ਲੈਣ ਵਾਲੇ ਦੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਆਪ ਵੀ ਥੋੜਾ ਜਿੰਨਾ ਸਹਿਯੋਗ ਕਰੇ ਵਰਨਾ ਤਾਂ ਇਹ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਤੇ ਹੁਣ ਉਹ ਕੋਟ ਦਾ ਕੀ ਕਰੇ? ਉਸ ਨੇ ਇਹ ਅਤੇ ਟੋਪੀ ਵੀ ਭੁੰਜੇ ਰੱਖ ਦਿੱਤੇ। ਰੋਜ਼ਮੇਰੀ ਆਪਣੇ ਲਈ ਟਾਂਡ ਤੋਂ ਸਿਗਰਟ ਲੈਣ ਜਾ ਹੀ ਰਹੀ ਸੀ ਕਿ ਕੁੜੀ ਬਹੁਤ ਹਲਕੀ ਤੇ ਅਜੀਬ ਜਿਹੀ ਆਵਾਜ਼ ਵਿੱਚ ਕਾਹਲੀ ਨਾਲ ਬੋਲੀ, ‘ਮੁਆਫ਼ੀ ਚਾਹੁੰਦੀ ਹਾਂ, ਮੈਡਮ। ਮੈਨੂੰ ਤਾਂ ਚੱਕਰ ਆ ਰਿਹਾ ਹੈ। ਮੈਂ ਬੇਹੋਸ਼ ਹੋ ਜਾਵਾਂਗੀ ਜੇਕਰ ਹੁਣੇ ਮੈਨੂੰ ਖਾਣ ਲਈ ਕੁੱਝ ਨਾ ਮਿਲਿਆ।”

“ਹਾਏ ਰੱਬਾ!!!” ਮੈਂ ਵੀ ਕਿੰਨੀ ਭੁਲੱਕੜ ਹਾਂ। ਰੋਜ਼ਮੇਰੀ ਨੇ ਘੰਟੀ ਵਜਾਈ ਅਤੇ ਕਿਹਾ, “ਚਾਹ, ਚਾਹ ਹੁਣੇ ਅਤੇ ਕੁੱਝ ਬਰਾਂਡੀ ਵੀ, ਫ਼ੌਰਨ।”

ਨੌਕਰਾਣੀ ਰੋਜ਼ਮੇਰੀ ਦੇ ਹੁਕਮਾਂ ਦੇ ਮੁਤਾਬਕ ਇਹ ਲਿਆਉਣ ਲਈ ਚਲੀ ਗਈ। ਉਦੋਂ ਕੁੜੀ ਬੋਲੀ, “ਮੈਨੂੰ ਬਰਾਂਡੀ ਨਹੀਂ ਚਾਹੀਦੀ। ਮੈਂ ਕਦੇ ਬਰਾਂਡੀ ਨਹੀਂ ਪੀਤੀ। ਸਿਰਫ ਇੱਕ ਕਪ ਚਾਹ ਚਾਹੀਦਾ ਹੈ, ਮੈਡਮ,” ਅਤੇ ਫੁੱਟ ਫੁੱਟ ਕੇ ਰੋਣ ਲੱਗੀ।

ਬਹੁਤ ਭਿਅੰਕਰ ਅਤੇ ਸ਼ਦੀਦ ਦਿਲਚਸਪੀ ਦੇ ਪਲ ਸਨ। ਰੋਜ਼ਮੇਰੀ ਕੁਰਸੀ ਦੇ ਕੋਲ ਨੂੰ ਝੁਕ ਕੇ ਬੈਠ ਗਈ। “ਰੋ ਨਾ, ਮੇਰੀ ਆਲੀ ਭੋਲੀ,” ਰੋਜ਼ਮੇਰੀ ਨੇ ਕਿਹਾ, “ਰੋਣਾ ਨਹੀਂ।” ਆਪਣਾ ਖ਼ੂਬਸੂਰਤ ਕਢਾਈ ਕੀਤਾ ਰੇਸ਼ਮੀ ਰੂਮਾਲ ਉਹਨੂੰ ਦੇ ਦਿੱਤਾ। ਉਹ ਇੰਨੀ ਪੰਘਰ ਗਈ ਸੀ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਮੁਮਕਿਨ ਨਹੀਂ। ਉਸਨੇ ਉਸ ਜਨੌਰਾਂ ਵਰਗੇ ਢਿਲਕੇ ਮੋਢਿਆਂ ਵਾਲੀ ਪਤਲੀ ਕੁੜੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਆਖ਼ਿਰ ਉਸ ਕੁੜੀ ਦੀ ਝਿਜਕ ਖ਼ਤਮ ਹੋਈ। ਉਹ ਹਰ ਚੀਜ਼ ਭੁੱਲ ਗਈ, ਬਸ ਇੰਨਾ ਯਾਦ ਰਿਹਾ ਕਿ ਉਹ ਦੋਨੋਂ ਔਰਤਾਂ ਹਨ ਅਤੇ ਫੁੱਟ ਪਈ: "ਮੈਂ ਇਸ ਤਰ੍ਹਾਂ ਹੋਰ ਨਹੀਂ ਰਹਿ ਸਕਦੀ, ਮੇਰੀ ਬਰਦਾਸ਼ਤ ਤੋਂ ਬਾਹਰ ਹੈ ਇਹ ਜ਼ਿੰਦਗੀ। ਮੈਂ ਇਸ ਤੋਂ ਛੁਟਕਾਰਾ ਪਾ ਲਵਾਂਗੀ।"

“ਤੈਨੂੰ ਕੁੱਝ ਕਰਨ ਦੀ ਜ਼ਰੂਰਤ ਨਹੀਂ। ਮੈਂ ਤੇਰੀ ਵੇਖ-ਭਾਲ ਕਰਾਂਗੀ। ਹੁਣ ਰੋਣਾ ਬੰਦ ਕਰ। ਵੇਖ ਨਾ ਇਹ ਕਿੰਨੀ ਚੰਗੀ ਗੱਲ ਹੋਈ ਕਿ ਅਸੀਂ ਮਿਲ ਪਈਆਂ। ਹੁਣ ਆਪਾਂ ਚਾਹ ਪੀਵਾਂਗੀਆਂ ਅਤੇ ਤੂੰ ਆਪਣੇ ਬਾਰੇ ਵਿੱਚ ਸਭ ਕੁੱਝ ਮੈਨੂੰ ਦੱਸੇਂਗੀ। ਮੈਂ ਕੋਈ ਪ੍ਰਬੰਧ ਕਰ ਦੇਵਾਂਗੀ। ਵਾਅਦਾ ਕਰਦੀ ਹਾਂ। ਬਸ ਹੁਣ ਰੋਣਾ ਬੰਦ ਕਰ ਦੇ। ਵੇਖ ਕਿੰਨਾ ਬੁਰਾ ਹਾਲ ਕਰ ਲਿਆ। ਬੱਸ ਕਰ ਹੁਣ !"

ਕੁੜੀ ਨੇ ਰੋਣਾ ਬੰਦ ਕੀਤਾ ਹੀ ਸੀ ਕਿ ਰੋਜ਼ਮੇਰੀ ਖੜੀ ਹੋ ਗਈ ਤੇ ਉਸ ਨੇ ਮੇਜ਼ ਵਿਚਕਾਰ ਰੱਖੀ ਅਤੇ ਢੇਰ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਟਿਕਾਉਣ ਲੱਗੀ। ਸਭ ਕੁਝ ਤਰ੍ਹਾਂ ਤਰ੍ਹਾਂ ਦੇ ਸੈਂਡਵਿਚ, ਬਰੈੱਡ ਅਤੇ ਬਟਰ ਅਤੇ ਜਿਵੇਂ ਹੀ ਕੁੜੀ ਦਾ ਕੱਪ ਖ਼ਾਲੀ ਹੁੰਦਾ ਰੋਜ਼ਮੇਰੀ ਫਿਰ ਉਸਨੂੰ ਚਾਹ, ਕਰੀਮ ਅਤੇ ਸ਼ੱਕਰ ਨਾਲ ਭਰ ਦਿੰਦੀ। ਲੋਕ ਹਮੇਸ਼ਾ ਕਹਿੰਦੇ ਹਨ ਸ਼ੱਕਰ ਬੜੀ ਪੋਸ਼ਕ ਖੁਰਾਕ ਹੁੰਦੀ ਹੈ। ਰੋਜ਼ਮੇਰੀ ਨੇ ਆਪ ਕੁੱਝ ਨਹੀਂ ਖਾਧਾ। ਸਿਗਰਟ ਪੀਂਦੇ ਹੋਏ ਹੋਸ਼ਿਆਰੀ ਦੇ ਨਾਲ ਉਰ੍ਹਾਂ ਪਰ੍ਹਾਂ ਵੇਖਦੀ ਰਹੀ, ਕਿਤੇ ਉਹ ਖਾਂਦੇ ਹੋਏ ਝਿਜਕ ਮਹਿਸੂਸ ਨਾ ਕਰੇ।

ਹਲਕੇ ਜਿਹੇ ਖਾਣੇ ਨੇ ਕਮਾਲ ਦਾ ਅਸਰ ਵਖਾਇਆ। ਚਾਹ ਦੀ ਮੇਜ਼ ਹਟਾ ਲੈਣ ਦੇ ਬਾਅਦ ਇੱਕ ਨਵੀਂ ਹਸਤੀ, ਇੱਕ ਹਲਕੀ, ਉਲਝੇ ਵਾਲਾਂ ਵਾਲੀ ਕਮਜ਼ੋਰ ਜਿਹੀ ਜ਼ਿੰਦ, ਸਿਆਹ ਹੋਂਠ, ਡੂੰਘੀਆਂ, ਰੋਸ਼ਨ ਅੱਖਾਂ ਦੇ ਨਾਲ ਅੱਗ ਦੀ ਲਾਟ ਵੱਲ ਵੇਖਦੀ, ਵੱਡੀ ਸਾਰੀ ਕੁਰਸੀ ਉੱਤੇ ਪਸਰ ਗਈ ਜਿਵੇਂ ਮਿੱਠੀ ਮਿੱਠੀ ਥਕਾਵਟ ਮਹਿਸੂਸ ਕਰ ਰਹੀ ਹੋਵੇ। ਰੋਜ਼ਮੇਰੀ ਨੇ ਨਵੀਂ ਸਿਗਰਟ ਬਾਲ਼ ਲਈ ਅਤੇ ਇਸ ਕੁੜੀ ਦੇ ਬਾਰੇ ਵਿੱਚ ਜਾਣਨ ਲਈ ਆਪਣੇ ਆਪ ਨੂੰ ਤਿਆਰ ਕੀਤਾ।

“ਤੇ ਇਸ ਤੋਂ ਪਹਿਲਾਂ ਤੂੰ ਕਦੋਂ ਖਾਣਾ ਖਾਧਾ ਸੀ?” ਬਹੁਤ ਹੀ ਮੁਲਾਇਮ ਲਹਿਜੇ ਵਿੱਚ ਉਸਨੇ ਪੁੱਛਿਆ।

ਐਨ ਇਸ ਵਕਤ ਬੂਹੇ ਦਾ ਹੈਂਡਲ ਘੁੰਮਣ ਦੀ ਆਵਾਜ ਆਈ।

“ਰੋਜ਼ਮੇਰੀ, ਕੀ ਮੈਂ ਅੰਦਰ ਆ ਸਕਦਾ ਹਾਂ?” ਇਹ ਫਿਲਿਪ ਦੀ ਆਵਾਜ਼ ਸੀ।

“ਹਾਂ ਬਿਲਕੁਲ।”

ਉਹ ਅੰਦਰ ਆ ਗਿਆ। “ਓ ਮਾਫ਼ੀ ਚਾਹੁੰਦਾ ਹਾਂ,” ਉਹ ਰੁਕ ਗਿਆ ਅਤੇ ਦੇਖਣ ਲਗਾ। “ਕੋਈ ਗੱਲ ਨਹੀਂ।” ਰੋਜ਼ਮੇਰੀ ਨੇ ਮੁਸਕੁਰਾਂਦੇ ਹੋਈ ਕਿਹਾ, “ਇਹ ਮੇਰੀ ਦੋਸਤ ਮਿਸ ——" “ਸਮਿਥ ਮੈਡਮ,” ਇਸ ਕਮਜ਼ੋਰ ਕੁੜੀ ਨੇ ਸ਼ਾਂਤ ਤੇ ਨਿਡਰ ਲਹਿਜੇ ਵਿੱਚ ਜਵਾਬ ਦਿੱਤਾ।

“ਸਮਿਥ,” ਰੋਜ਼ਮੇਰੀ ਨੇ ਕਿਹਾ। ਅਸੀ ਵੈਸੇ ਹੀ ਗੱਲਾਂ ਕਰਨ ਲੱਗੀਆਂ ਸਾਂ।

“ਓਹ, ਹਾਂ,” ਫਿਲਿਪ ਨੇ ਕਿਹਾ। ‘ਬਿਲਕੁਲ,’ ਅਤੇ ਉਸਦੀ ਨਿਗਾਹ ਉਸ ਕੋਟ ਅਤੇ ਹੈਟ ਤੇ ਪਈ ਜੋ ਹਾਲੇ ਤੱਕ ਫ਼ਰਸ਼ ਤੇ ਪਏ ਸਨ। ਉਹ ਅੰਗੀਠੀ ਦੇ ਕੋਲ ਆਇਆ ਅਤੇ ਇਸ ਵੱਲ ਪਿਠ ਕਰ ਲਈ। “ਬੜਾ ਖ਼ਤਰਨਾਕ ਤੀਜਾ ਪਹਿਰ ਹੈ,” ਉਸ ਨੇ ਉਤਸੁਕਤਾ ਨਾਲ ਕਿਹਾ। ਉਹ ਅਜੇ ਵੀ ਅਲਸਾ ਰਹੀ ਕੁੜੀ ਵੱਲ, ਉਸਦੇ ਹੱਥਾਂ ਅਤੇ ਬੂਟਾਂ ਵੱਲ ਵੇਖ ਰਿਹਾ ਸੀ, ਅਤੇ ਫਿਰ ਰੋਜ਼ਮੇਰੀ ਵੱਲ ਰੁਖ਼ ਕੀਤਾ।

“ਹੈ ਤਾਂ ਸਹੀ, ਹੈ ਨਾ?” ਰੋਜ਼ਮੇਰੀ ਨੇ ਜੋਸ਼ ਨਾਲ ਜਵਾਬ ਦਿੱਤਾ। “ਬਹੁਤ ਹੀ ਨਾਖ਼ੁਸ਼ਗਵਾਰ।”

ਫਿਲਿਪ ਨੇ ਮੁਸਕੁਰਾਂਦੇ ਹੋਏ ਕਿਹਾ, "ਦਰਅਸਲ ਮੈਂ ਚਾਹੁੰਦਾ ਹਾਂ ਕਿ ਤੂੰ ਕੁੱਝ ਦੇਰ ਲਈ ਲਾਇਬਰੇਰੀ ਵਿੱਚ ਆ ਜਾ। ਆਓਗੀ? ਮਾਫ਼ ਕਰੋਗੀ ਮਿਸ ਸਮਿਥ?”

ਮਿਸ ਸਮਿਥ ਨੇ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਨਾਲ ਫਿਲਿਪ ਦੀ ਤਰਫ਼ ਵੇਖਿਆ। ਪ੍ਰੰਤੂ ਉਸਦੀ ਬਜਾਏ ਰੋਜ਼ਮੇਰੀ ਨੇ ਜਵਾਬ ਦਿੱਤਾ, “ਬੇ ਸ਼ੱਕ। ਇਸਨੂੰ ਕੀ ਇਤਰਾਜ਼ ਹੋ ਸਕਦਾ।” ਅਤੇ ਦੋਨੋਂ ਕਮਰੇ ਵਿੱਚੋਂ ਚਲੇ ਗਏ।

“ਮੈਂ ਕਹਿੰਦਾ ਹਾਂ,” ਫਿਲਿਪ ਨੇ ਕਿਹਾ ਜਦੋਂ ਉਹ ਇਕੱਲੇ ਹੋਏ। “ਦੱਸੋ ਇਹ ਕੌਣ ਹੈ? ਅਤੇ ਇਸ ਸਭ ਦਾ ਮਤਲਬ ਹੈ?”

ਰੋਜ਼ਮੇਰੀ ਹਸਣ ਲੱਗੀ ਅਤੇ ਕਿਹਾ: “ਮੈਂ ਇਸਨੂੰ ਕਰਜ਼ਨ ਸਟਰੀਟ ਤੋਂ ਚੁੱਕਿਆ। ਸੱਚੀ ਗੱਲ। ਇਸਨ੍ਹੂੰ ਚੁੱਕਿਆ ਹੀ ਹੈ। ਇਹ ਮੇਰੇ ਤੋਂ ਇੱਕ ਕੱਪ ਚਾਹ ਲਈ ਪੈਸੇ ਮੰਗ ਰਹੀ ਸੀ ਅਤੇ ਮੈਂ ਇਸਨੂੰ ਘਰ ਲੈ ਆਈ।”

“ਆਖਿਰ ਤੂੰ ਇਸਦਾ ਕਿ ਕਰਨ ਵਾਲੀ ਹੈਂ?” ਫਿਲਿਪ ਇੱਕ ਤਰ੍ਹਾਂ ਚੀਖ਼ ਪਿਆ।

“ਇਸ ਨਾਲ ਚੰਗਾ ਸਲੂਕ ਕਰਾਂਗੀ,” ਰੋਜ਼ਮੇਰੀ ਨੇ ਜਲਦੀ ਨਾਲ ਕਿਹਾ। “ਇਸਦੀ ਵੇਖ ਭਾਲ ਕਰਾਂਗੀ। ਪਤਾ ਨਹੀਂ ਕਿਵੇਂ। ਅਜੇ ਤੱਕ ਅਸੀਂ ਇਸ ਸਿਲਸਿਲੇ ਵਿੱਚ ਕੋਈ ਗੱਲ ਨਹੀਂ ਕੀਤੀ। ਪਰ ਆਪਣੇ ਚੰਗੇ ਸਲੂਕ ਨਾਲ ਮੈਂ ਉਸਨੂੰ ਇਹ ਅਹਿਸਾਸ ਕਰਵਾ ਦਿਆਂਗੀ ਕਿ ਉਸਦਾ ਵੀ ਕੋਈ ਹੈ।”

“ਮੇਰੀ ਪਿਆਰੀ ਲਾਡੋ,” ਫਿਲਿਪ ਨੇ ਕਿਹਾ, “ਤੂੰ ਬਿਲਕੁਲ ਪਾਗਲ ਹੈਂ। ਅਜਿਹਾ ਕੁਝ ਉੱਕਾ ਹੋਣ ਵਾਲਾ ਨਹੀਂ ।”

“ਮੈਨੂੰ ਪਤਾ ਸੀ ਤੁਸੀਂ ਇਹੀ ਕਹੋਗੇ,” ਰੋਜ਼ਮੇਰੀ ਨੇ ਜਵਾਬ ਦਿੱਤਾ। “ਕਿਉਂ ਨਹੀਂ ਹੋ ਸਕਦਾ? ਮੈਂ ਚਾਹੁੰਦੀ ਹਾਂ ਅਤੇ ਇਹ ਵਜ੍ਹਾ ਕਾਫ਼ੀ ਹੈ। ਉਂਜ ਵੀ ਅਜਿਹਿਆਂ ਗੱਲਾਂ ਤਾਂ ਅਕਸਰ ਸਾਡੇ ਪੜ੍ਹਨ ਵਿੱਚ ਵੀ ਆਉਂਦੀਆਂ ਹਨ। ਬਸ ਮੈਂ ਤਹਈਆ ਕਰ ਲਿਆ ਹੈ….” "ਪਰ," ਫ਼ਿਲਿਪ ਨੇ ਹੌਲੀ ਜਿਹੇ ਕਿਹਾ, ਅਤੇ ਉਸ ਨੇ ਸਿਗਾਰ ਦਾ ਸਿਰਾ ਕੱਟਿਆ, “ਉਹ ਹੱਦੋਂ ਵੱਧ ਖ਼ੂਬਸੂਰਤ ਹੈ।”

“ਖ਼ੂਬਸੂਰਤ?" ਰੋਜ਼ਮੇਰੀ ਦਾ ਚਿਹਰਾ ਹੈਰਤ ਅਤੇ ਗੁੱਸੇ ਨਾਲ ਤਮਤਮਾ ਉੱਠਿਆ, “ਕੀ ਤੁਹਾਡੇ ਖ਼ਿਆਲ ਵਿੱਚ ਇਹ ਗੱਲ ਹੈ? ਮੈਂ ਇਸ ਬਾਰੇ ਤਾਂ ਸੋਚਿਆ ਹੀ ਨਹੀਂ।” “ਹਾਏ ਓਏ ਰੱਬਾ!” ਫਿਲਿਪ ਨੇ ਮਾਚਿਸ ਦੀ ਤੀਲੀ ਸੁਲਗਾਈ। “ਬੇਹੱਦ ਖ਼ੂਬਸੂਰਤ ਹੈ ਬੜੀ ਪਿਆਰੀ, ਦੁਬਾਰਾ ਵੇਖ, ਮੇਰੀ ਨਿੱਕੀ। ਮੈਂ ਤਾਂ ਜਦੋਂ ਕਮਰੇ ਵਿੱਚ ਦਾਖਿਲ ਹੋਇਆ, ਹੱਕਾਬੱਕਾ ਹੀ ਰਹਿ ਗਿਆ। ਖੈਰ ਮੇਰੇ ਖਿਆਲ ਵਿੱਚ ਤੂੰ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਹੈਂ। ਮਾਫ਼ ਕਰਨਾ, ਡਾਰਲਿੰਗ, ਜੇਕਰ ਮੈਂ ਕੁੱਝ ਕੁਰੱਖ਼ਤ ਹੋ ਰਿਹਾ ਹਾਂ। ਪਰ ਮੈਂ ਜਾਨਣਾ ਚਾਹੁੰਦਾ ਹਾਂ ਕਿ ਕੀ ਮਿਸ ਸਮਿਥ ਸਾਡੇ ਨਾਲ ਰਾਤ ਦਾ ਖਾਣਾ ਖਾਏਗੀ? ਤਾਂ ਮੈਂ ਕੁੱਝ ਦੇਰ ‘ਮਿੱਲੀਨਰ`ਜ਼ ਗਜ਼ਟ’ ਤੇ ਨਿਗਾਹ ਮਾਰ ਲਵਾਂ।

“ਬੇਹੂਦਾ ਜੰਤੂ!” ਰੋਜ਼ਮੇਰੀ ਨੇ ਕਿਹਾ ਅਤੇ ਤੇਜ਼ੀ ਨਾਲ ਲਾਇਬਰੇਰੀ ਵਿੱਚੋਂ ਬਾਹਰ ਚੱਲੀ ਗਈ। ਆਪਣੇ ਬੇਡਰੂਮ ਵਿੱਚ ਨਹੀਂ ਗਈ, ਸਗੋਂ ਸਟਡੀ ਵਿੱਚ ਜਾ ਕੇ ਮੇਜ਼ ਦੇ ਸਾਹਮਣੇ ਬੈਠ ਗਈ। ਬੇਹੱਦ ਖ਼ੂਬਸੂਰਤ, ਬੜੀ ਪਿਆਰੀ, ਹੱਕਾਬੱਕਾ ! ਉਸਦਾ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗ ਪਿਆ। ਖ਼ੂਬਸੂਰਤ! ਪਿਆਰੀ! ਉਸਨੇ ਚੈੱਕਬੁੱਕ ਖਿੱਚੀ। ਫਿਰ ਸੋਚਿਆ ਕਿ ਚੈੱਕ ਦੇਣ ਦਾ ਸ਼ਾਇਦ ਕੋਈ ਮਤਲਬ ਨਾ ਹੋਵੇ। ਫਿਰ ਉਸਨੇ ਮੇਜ਼ ਦੀ ਦਰਾਜ਼ ਖੋਲੀ, ਪੌਂਡ ਦੇ ਪੰਜ ਨੋਟ ਕੱਢੇ , ਦੋ ਵਾਪਸ ਰੱਖ ਦਿੱਤੇ। ਅਤੇ ਤਿੰਨ ਨੋਟ ਹੱਥ ਵਿੱਚ ਮਸਲਦੇ ਹੋਈ ਬੈੱਡਰੂਮ ਵਿੱਚ ਚੱਲੀ ਆਈ।

ਅੱਧੇ ਘੰਟੇ ਦੇ ਬਾਅਦ ਰੋਜ਼ਮੇਰੀ ਦੁਬਾਰਾ ਲਾਇਬਰੇਰੀ ਵਿੱਚ ਦਾਖਿਲ ਹੋਈ। ਫਿਲਿਪ ਅਜੇ ਵੀ ਉਥੇ ਸੀ।

“ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਸੀ,” ਰੋਜ਼ਮੇਰੀ ਬੂਹੇ ਨਾਲ ਟੇਕ ਲਗਾ ਕੇ ਖੜ ਗਈ, ਫਿਲਿਪ ਨੂੰ ਆਪਣੀ ਅਨੋਖੀ ਮਨਮੋਹਕ ਅਦਾ ਨਾਲ ਤੱਕਦੇ ਹੋਏ ਕਹਿਣ ਲੱਗੀ, “ਮਿਸ ਸਮਿਥ ਸਾਡੇ ਨਾਲ ਰਾਤ ਦਾ ਖਾਣਾ ਨਹੀਂ ਖਾਏਗੀ।”

ਫਿਲਿਪ ਨੇ ਪੇਪਰ ਹੇਠਾਂ ਰੱਖਿਆ “ਓ, ਕੀ ਹੋਇਆ? ਪਹਿਲਾਂ ਕੀਤੇ ਫੈਸਲੇ ਦਾ ਕੀ ਬਣਿਆ?”

ਰੋਜ਼ਮੇਰੀ ਫਿਲਿਪ ਦੇ ਨੇੜੇ ਆਕੇ ਉਸਦੇ ਪੱਟਾਂ ਉੱਤੇ ਬੈਠ ਗਈ ਅਤੇ ਕਿਹਾ, “ਉਹ ਜਾਣ ਦੀ ਜਿੱਦ ਕਰੀ ਜਾਂਦੀ ਸੀ, ਇਸਲਈ ਮੈਂ ਨਿਮਾਣੀ ਗ਼ਰੀਬੜੀ ਕੁੜੀ ਨੂੰ ਕੁੱਝ ਪੈਸੇ ਦੇ ਦਿੱਤੇ। ਉਸਦੀ ਮਰਜ਼ੀ ਦੇ ਖਿਲਾਫ ਤਾਂ ਮੈਂ ਉਸਨੂੰ ਨਹੀਂ ਰੋਕ ਸਕਦੀ ਸੀ ਨਾ?”

ਰੋਜ਼ਮੇਰੀ ਨੇ ਆਪਣੇ ਕੇਸ ਸੰਵਾਰੇ, ਨੈਣਾਂ ਵਿੱਚ ਸੁਰਮਾ ਪਾਇਆ ਅਤੇ ਮੋਤੀਆਂ ਦਾ ਹਾਰ ਪਹਿਨਿਆ ਹੋਇਆ ਸੀ। ਉਸਨੇ ਹਥ ਉਠਾ ਫਿਲਿਪ ਦੀਆਂ ਗੱਲਾਂ ਨੂੰ ਪੋਲਾ ਜਿਹਾ ਛੁਹਿਆ ਅਤੇ ਕਿਹਾ, “ਕੀ ਮੈਂ ਤੁਹਾਨੂੰ ਚੰਗੀ ਲੱਗਦੀ ਹਾਂ? ਹੈ ਨਾ!” ਉਸਦੀ ਮਿੱਠੀ ਪਰ ਭਰੜਾਈ ਤਰਲੇ ਭਰੀ ਆਵਾਜ਼ ਨੇ ਫਿਲਿਪ ਨੂੰ ਪਰੇਸ਼ਾਨ ਕਰ ਦਿੱਤਾ।

“ਹਾਂ, ਬਹੁਤ,” ਉਸਨੇ ਕਿਹਾ ਅਤੇ ਰੋਜ਼ਮੇਰੀ ਨੂੰ ਬਾਂਹਾਂ ਵਿੱਚ ਘੁੱਟ ਲਿਆ, "ਮੈਨੂੰ ਚੁੰਮ”। ਥੋੜ੍ਹੀ ਜਿਹੀ ਖ਼ਾਮੋਸ਼ੀ ਰਹੀ। ਫਿਰ ਰੋਜ਼ਮੇਰੀ ਨੇ ਸੁਪਨੀਲੀ ਸੁਰ ਵਿੱਚ ਕਿਹਾ, “ਮੈਂ ਅੱਜ ਇੱਕ ਬਹੁਤ ਦਿਲਫ਼ਰੇਬ ਛੋਟਾ ਜਿਹਾ ਜੇਵਰਾਂ ਵਾਲਾ ਡਿੱਬਾ ਵੇਖਿਆ ਸੀ। ਉਸਦੀ ਕੀਮਤ ਅਠਾਈ ਗੇਨੀ ਹੈ। ਕੀ ਮੈਂ ਲੈ ਸਕਦੀ ਹਾਂ?”

ਫਿਲਿਪ ਨੇ ਜਵਾਬ ਦਿੱਤਾ, “ਹਾਂ ਬਿਲਕੁਲ, ਮੇਰੀ ਫ਼ੁਜ਼ੂਲਖਰਚ ਜ਼ਿੰਦੜੀ!”

ਦਰਅਸਲ ਰੋਜ਼ਮੇਰੀ ਕੁੱਝ ਹੋਰ ਕਹਿਣਾ ਚਾਹੁੰਦੀ ਸੀ।

“ਫਿਲਿਪ,” ਉਸਨੇ ਸਰਗੋਸ਼ੀ ਕਰਦੇ ਹੋਏ ਉਸਦੀ ਹਿੱਕ ਤੇ ਆਪਣਾ ਸਿਰ ਦੱਬਕੇ ਜੋੜ ਦਿੱਤਾ, “ਕੀ ਮੈਂ ਖ਼ੂਬਸੂਰਤ ਹਾਂ?”