ਅਨੁਵਾਦ:ਗਧਾ ਅਤੇ ਗੋਦੀ ਕੁੱਤਾ
ਇੱਕ ਕਿਸਾਨ ਇੱਕ ਦਿਨ ਅਸਤਬਲ ਵਿੱਚ ਆਪਣੇ ਭਾਰ ਢੋਣ ਵਾਲੇ ਜਾਨਵਰਾਂ ਨੂੰ ਦੇਖਣ ਆਇਆ। ਉਨ੍ਹਾਂ ਵਿਚੋਂ ਉਸ ਦਾ ਇੱਕ ਪਸੰਦੀਦਾ ਗਧਾ ਸੀ, ਜਿਸ ਨੂੰ ਹਮੇਸ਼ਾ ਚੰਗਾ ਪੁਸ਼ਟ ਖਾਣਾ ਖਿਲਾਇਆ ਜਾਂਦਾ ਸੀ ਅਤੇ ਉਹ ਅਕਸਰ ਆਪਣੇ ਮਾਲਿਕ ਨੂੰ ਲੈ ਕੇ ਜਾਂਦਾ ਹੁੰਦਾ ਸੀ।
ਕਿਸਾਨ ਦੇ ਨਾਲ ਉਸਦਾ ਗੋਦੀ ਕੁੱਤਾ ਵੀ ਸੀ, ਜੋ ਉਸਦੇ ਆਲੇ ਦੁਆਲੇ ਨਾਚ ਕਰਦਾ, ਕਦੇ ਉਸਦੇ ਹੱਥ ਨੂੰ ਚੱਟਦਾ ਅਤੇ ਰੱਜ ਕੇ ਖੁਸ਼ ਸੀ।
ਕਿਸਾਨ ਨੇ ਆਪਣੀ ਜੇਬ ਵਿੱਚੋਂ ਕੱਢ ਕੇ ਗੋਦੀ ਕੁੱਤੇ ਨੂੰ ਇੱਕ ਨਮਕੀਨ ਪਤੌੜ ਦਿੱਤਾ, ਅਤੇ ਬੈਠ ਕੇ ਆਪਣੇ ਨੌਕਰਾਂ ਨੂੰ ਹਦਾਇਤਾਂ ਦੇਣ ਲੱਗ ਪਿਆ।
ਗੋਦੀ ਕੁੱਤਾ ਛਾਲ ਮਾਰ ਕੇ ਆਪਣੇ ਮਾਲਿਕ ਦੀ ਗੋਦ ਵਿੱਚ ਚੜ੍ਹ ਗਿਆ, ਅਤੇ ਲੇਟ ਕੇ ਪਲਕਾਂ ਝਪਕਣ ਲੱਗ ਪਿਆ। ਕਿਸਾਨ ਉਸਦੇ ਕੰਨ ਪਲੋਸਣ ਲੱਗਾ।
ਇਹ ਵੇਖ ਕੇ ਗਧੇ ਨੇ ਆਪਣੀ ਲਗਾਮ ਨੂੰ ਲਾਹ ਦਿੱਤਾ ਅਤੇ ਟੱਪ-ਕੁੱਦ ਕੇ ਗੋਦੀ ਕੁੱਤੇ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ।
ਕਿਸਾਨ ਹੱਸ ਹੱਸ ਦੂਹਰਾ ਹੋ ਰਿਹਾ ਸੀ। ਫਿਰ ਗਧਾ ਉਸਦੇ ਕੋਲ ਗਿਆ ਅਤੇ ਕਿਸਾਨ ਦੇ ਮੋਢਿਆਂ ਉੱਤੇ ਆਪਣੇ ਪੈਰ ਰੱਖਕੇ ਉਸਦੀ ਗੋਦੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਿਆ। ਕਿਸਾਨ ਦੇ ਨੌਕਰ ਲਾਠੀਆਂ ਅਤੇ ਸਲਙਾਂ ਲੈ ਕੇ ਭੱਜੇ ਅਤੇ ਛੇਤੀ ਹੀ ਗਧੇ ਨੂੰ ਪਾਠ ਪੜ੍ਹਾ ਦਿੱਤਾ:
ਬੇਹੂਦਾ ਮਜ਼ਾਕ ਮਜ਼ਾਕ ਨਹੀਂ ਹੁੰਦਾ।