ਅਨੁਵਾਦ:ਕੁੰਗ ਆਈ-ਚੀ
ਲਿਸੇਨ ਵਿੱਚ ਸ਼ਰਾਬ ਦੀਆਂ ਦੁਕਾਨਾਂ, ਚੀਨ ਦੇ ਹੋਰ ਇਲਾਕਿਆਂ ਵਰਗੀਆਂ ਨਹੀਂ ਹੁੰਦੀਆਂ। ਉਹਨਾਂ ਸਾਰੀਆਂ ਦਾ ਸੜਕ ਵੱਲ ਇੱਕ ਸਮਕੋਣ ਕਾਊਂਟਰ ਹੁੰਦਾ ਹੈ, ਜਿੱਥੇ ਵਾਈਨ ਗਰਮ ਕਰਨ ਲਈ ਗਰਮ ਪਾਣੀ ਤਿਆਰ ਰੱਖਿਆ ਜਾਂਦਾ ਹੈ। ਦੁਪਹਿਰ ਨੂੰ ਕੰਮ ਤੋਂ ਘੜੀ ਆਰਾਮ ਕਰਨ ਸਮੇਂ ਅਤੇ ਸ਼ਾਮ ਨੂੰ ਲੋਕ ਇੱਕ ਪਿਆਲਾ ਸ਼ਰਾਬ ਖ਼ਰੀਦਦੇ ਹਨ। ਵੀਹ ਸਾਲ ਪਹਿਲਾਂ ਇਸਦੇ ਲਈ ਤਾਂਬੇ ਦੇ ਚਾਰ ਸਿੱਕੇ ਦੇਣ ਪੈਂਦੇ ਸਨ, ਲੇਕਿਨ ਹੁਣ ਦਸ। ਗਾਹਕ ਕਾਊਂਟਰ ਦੇ ਕੋਲ ਖੜੇ ਹੋ ਕੇ ਗਰਮ ਸ਼ਰਾਬ ਪੀਂਦੇ ਹਨ ਅਤੇ ਫਿਰ ਉਹ ਆਰਾਮ ਕਰਦੇ ਹਨ। ਇੱਕ ਸਿੱਕੇ ਵਿੱਚ ਬਾਂਸ ਦੀਆਂ ਨਰਮ ਕੋਂਪਲਾਂ ਤੋਂ ਬਣੇ ਪਕਵਾਨ ਜਾਂ ਫਿਰ ਸੌਂਫ਼ ਦੇ ਪਾਣੀ ਵਿੱਚ ਭਿਓਂਤੇ ਅਤੇ ਤਲੇ ਹੋਏ ਮਟਰ ਜਾਂ ਫਿਰ ਬਾਰਾਂ ਸਿੱਕਿਆਂ ਵਿੱਚ ਗੋਸ਼ਤ ਦਾ ਬਣਿਆ ਖਾਣਾ ਸ਼ਰਾਬ ਦੇ ਨਾਲ ਲਿਆ ਜਾ ਸਕਦਾ ਹੈ। ਲੇਕਿਨ ਜ਼ਿਆਦਾਤਰ ਗਾਹਕ ਛੋਟੇ ਕੋਟ ਵਾਲੇ ਮੰਡਲ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੁੱਝ ਹੀ ਉਸਨੂੰ ਖ਼ਰੀਦਣ ਦੀ ਗੁੰਜਾਇਸ਼ ਰੱਖਦੇ ਹਨ। ਸਿਰਫ ਲੰਬੇ ਚੋਗੇ ਵਾਲੇ ਹੀ ਨਾਲ ਵਾਲੇ ਕਮਰੇ ਵਿੱਚ ਜਾਕੇ ਸ਼ਰਾਬ ਅਤੇ ਪਕਵਾਨ ਮੰਗਵਾਕੇ ਆਰਾਮ ਨਾਲ ਬੈਠ ਕੇ ਉਸਦਾ ਲੁਤਫ ਉਠਾ ਸਕਦੇ ਹਨ।
ਬਾਰਾਂ ਸਾਲ ਦੀ ਉਮਰ ਵਿੱਚ, ਮੈਂ ਪ੍ਰੋਸਪੈਰਿਟੀ ਤਾਵਰਨ ਵਿੱਚ, ਸ਼ਹਿਰ ਦੇ ਮੁੱਖ ਦਰਵਾਜ਼ੇ ਦੇ ਕੋਲ ਹੀ ਵੇਟਰ ਦੇ ਰੂਪ ਵਿੱਚ ਕੰਮ ਕਰਨ ਲਗਾ। ਤਾਵਰਨ ਦੇ ਨਿਗਰਾਨ ਨੇ ਦੱਸਿਆ ਕਿ ਮੈਂ ਲੰਬੇ ਚੋਗੇ ਵਾਲੇ ਗਾਹਕਾਂ ਨੂੰ ਭੁਗਤਾਉਂਦਾ ਹੋਇਆ ਖ਼ਾਸਾ ਬੁੱਧੂ ਵਿਖਾਈ ਦਿੰਦਾ ਸੀ, ਇਸ ਲਈ ਮੈਨੂੰ ਬਾਹਰੀ ਕਮਰੇ ਦਾ ਕੰਮ ਸੌਂਪ ਦਿੱਤਾ ਗਿਆ।
ਹਾਲਾਂਕਿ ਛੋਟੇ ਕੋਟ ਵਾਲੇ ਗਾਹਕ ਬੜੀ ਸੌਖ ਨਾਲ ਖ਼ੁਸ਼ ਹੋ ਜਾਂਦੇ ਸਨ, ਲੇਕਿਨ ਉਨ੍ਹਾਂ ਵਿੱਚ ਵੀ ਕੁੱਝ ਮੁਸ਼ਕਲਾਂ ਖੜੀਆਂ ਕਰ ਦੇਣ ਵਾਲੇ ਹੁੰਦੇ ਸਨ। ਬੋਤਲ ਵਿੱਚੋਂ ਗਲਾਸ ਵਿੱਚ ਪਾਉਂਦੇ ਹੋਏ ਉਹ ਆਪਣੀਆਂ ਅੱਖਾਂ ਨਾਲ ਵੇਖਕੇ ਇਹ ਤਸੱਲੀ ਕਰ ਲੈਣਾ ਚਾਹੁੰਦੇ ਕਿ ਗਲਾਸ ਦੇ ਥੱਲੇ ਵਿੱਚ ਕਿਤੇ ਪਹਿਲਾਂ ਤੋਂ ਤਾਂ ਪਾਣੀ ਨਹੀਂ ਭਰਿਆ ਹੋਇਆ।
ਇਹੀ ਗੱਲ ਸ਼ਰਾਬ ਨਾਲ ਭਰੇ ਗਲਾਸ ਨੂੰ ਗਰਮ ਪਾਣੀ ਵਿੱਚ ਰੱਖਦੇ ਸਮੇਂ ਵੀ ਹੁੰਦੀ ਸੀ। ਅਜਿਹੀ ਕਰੜੀ ਜਾਂਚ ਦੀ ਸੂਰਤ ਵਿੱਚ ਸ਼ਰਾਬ ਵਿੱਚ ਪਾਣੀ ਮਿਲਾਣਾ ਬਹੁਤ ਹੀ ਦੁਸ਼ਵਾਰ ਸੀ। ਇਸ ਲਈ ਕੁਝ ਦਿਨਾਂ ਦੇ ਬਾਅਦ ਮੇਰੇ ਮਾਲਿਕ ਨੇ ਨਿਰਣਾ ਕੀਤਾ ਕਿ ਮੈਂ ਇਸ ਕੰਮ ਲਈ ਲਾਇਕ ਨਹੀਂ ਸੀ। ਖ਼ੁਸ਼ਨਸੀਬੀ ਨੂੰ ਇਸ ਨੌਕਰੀ ਲਈ ਕਿਸੇ ਵੱਡੇ ਆਦਮੀ ਨੇ ਮੇਰੀ ਸਿਫਾਰਿਸ਼ ਕੀਤੀ ਸੀ, ਇਸ ਲਈ ਮੈਨੂੰ ਕੱਢਿਆ ਤਾਂ ਨਹੀਂ ਗਿਆ, ਪ੍ਰੰਤੂ ਸ਼ਰਾਬ ਗਰਮ ਕਰਨ ਦੇ ਇਸ ਬੇਹੱਦ ਰੁੱਖੇ ਜਹੇ ਕੰਮ ਵਿੱਚ ਲਗਾ ਦਿੱਤਾ ਗਿਆ।
ਇਸਦੇ ਬਾਅਦ ਮੈਂ ਦਿਨ-ਭਰ ਕਾਊਂਟਰ ਦੇ ਪਿੱਛੇ ਖੜਾ ਆਪਣੀ ਡਿਊਟੀ ਵਜਾਉਂਦਾ ਰਹਿੰਦਾ ਸੀ। ਹਾਲਾਂਕਿ ਮੈਂ ਇਹ ਕੰਮ ਪੂਰਾ ਤਸੱਲੀਬਖ਼ਸ਼ ਕਰਦਾ ਰਿਹਾ, ਪਰ ਮੈਨੂੰ ਇਹ ਇੱਕ ਬੇਹੱਦ ਨੀਰਸ ਅਤੇ ਫ਼ਜ਼ੂਲ ਲੱਗਦਾ ਸੀ। ਮੇਰਾ ਮਾਲਿਕ ਤਾਂ ਤੇਜ਼ ਤਰਾਰ ਸੀ ਹੀ, ਨਾਲ ਉਸਦੇ ਗਾਹਕ ਵੀ ਜ਼ਿਆਦਾ ਹੀ ਡੌਰੂ ਜਿਹੇ ਹੁੰਦੇ ਸਨ। ਇਹੀ ਕਾਰਨ ਸੀ ਕਿ ਮੈਂ ਕਦੇ ਹੱਸਦਾ ਨਹੀਂ ਸੀ। ਬਸ ਜਦੋਂ ਕੁੰਗ ਆਈ-ਚੀ, ਤਾਵਰਨ ਆਉਂਦਾ ਉਦੋਂ ਮੈਂ ਥੋੜ੍ਹਾ ਬਹੁਤ ਹੱਸ ਖੇਲ ਲੈਂਦਾ ਸੀ। ਇਹੀ ਇੱਕ ਸਬੱਬ ਸੀ ਕਿ ਉਹ ਅੱਜ ਵੀ ਮੈਨੂੰ ਯਾਦ ਸੀ।
ਲੰਬੇ ਚੋਗੇ ਵਾਲੇ ਗਾਹਕਾਂ ਵਿੱਚ ਕੁੰਗ ਹੀ ਇਕਲੌਤਾ ਅਜਿਹਾ ਸੀ, ਜੋ ਸ਼ਰਾਬ ਖੜੇ ਖੜੇ ਪੀਂਦਾ ਸੀ। ਉਹਦਾ ਸਰੀਰ ਵੱਡਾ ਸੀ, ਅਜੀਬ ਜ਼ਰਦ ਰੰਗ ਦੇ ਚਿਹਰੇ ਉੱਤੇ ਜ਼ਖਮਾਂ ਦੇ ਨਿਸ਼ਾਨ ਸਨ, ਜੋ ਉਸਦੀਆਂ ਝੁੱਰੜੀਆਂ ਦੇ ਵਿੱਚੋਂ ਝਾਤੀਆਂ ਮਾਰਦੇ ਸਨ। ਉਸਦੀ ਲੰਮੀ ਅਣਵਾਹੀ ਦਾੜ੍ਹੀ ਵਿੱਚ ਕੋਈ ਕੋਈ ਧੌਲਾ ਵੀ ਦਿੱਸਦਾ ਸੀ। ਭਾਵੇਂ ਉਹ ਲੰਮਾ ਚੋਗਾ ਪਹਿਨਦਾ ਸੀ, ਪਰ ਉਹ ਬੇਹੱਦ ਗੰਦਾ ਅਤੇ ਪਾਟਿਆ ਹੋਇਆ ਸੀ, ਇਵੇਂ ਲੱਗਦਾ ਸੀ ਜਿਵੇਂ ਉਸਨੂੰ ਧੋਤੇ ਜਾਂ ਮੁਰੰਮਤ ਕਰਵਾਏ ਦਸ ਸਾਲਾਂ ਤੋਂ ਵੀ ਵੱਧ ਸਮਾਂ ਹੋ ਗਿਆ ਹੋਵੇ। ਆਪਣੀਆਂ ਗੱਲਾਂ ਵਿੱਚ ਉਹ ਢੇਰ ਸਾਰੇ ਕਨਫ਼ਿਊਸ਼ੀਅਸ ਦੇ ਅਜਿਹੇ ਕਥਨ ਬੋਲਦਾ, ਜਿਨ੍ਹਾਂ ਨੂੰ ਅੱਧ ਪਚੱਧਾ ਸਮਝ ਲੈਣਾ ਵੀ ਔਖਾ ਹੀ ਹੋ ਜਾਂਦਾ ਸੀ। ਉਸਦਾ ਖ਼ਾਨਦਾਨੀ ਨਾਮ ਕੁੰਗ ਸੀ, ਇਸ ਲਈ ਉਸਨੂੰ ਕੁੰਗ ਆਈ-ਚੀ ਦਾ ਨਾਮ ਦਿੱਤਾ ਗਿਆ ਸੀ। ਯਾਨੀ ਬੱਚਿਆਂ ਦੀ ਕਾਪੀ ਵਿੱਚ ਮੌਜੂਦ ਸ਼ੁਰੁਆਤੀ ਤਿੰਨ ਅੱਖਰ। ਜਦੋਂ ਵੀ ਉਹ ਦੁਕਾਨ ਵਿੱਚ ਆਉਂਦਾ , ਸਭ ਉਸ ਵੱਲ ਵੇਖਣ ਲੱਗਦੇ ਅਤੇ ਮੂੰਹ ਮੀਚ ਕੇ ਹੱਸਦੇ ਸਨ। ਕੁੱਝ ਉਸ ਕੋਲੋਂ ਪੁਛ ਵੀ ਲੈਂਦੇ:
“ਕੁੰਗ ਆਈ-ਚੀ, ਤੇਰੇ ਚਿਹਰੇ ਉੱਤੇ ਜਖ਼ਮਾਂ ਦੇ ਕੁੱਝ ਨਵੇਂ ਨਿਸ਼ਾਨ ਵਿਖਾਈ ਦੇ ਰਹੇ ਹਨ, ਕੀ ਹੋਇਆ!”
ਇਨ੍ਹਾਂ ਸਭ ਗੱਲਾਂ ਨੂੰ ਨਜ਼ਰਅੰਦਾਜ ਕਰਦੇ ਹੋਏ, ਉਹ ਕਾਊਂਟਰ ਉੱਤੇ ਆਉਂਦਾ, ਦੋ ਗਰਮ ਸ਼ਰਾਬ ਦੇ ਪਿਆਲੇ ਅਤੇ ਸੌਂਫ਼ ਦੇ ਪਾਣੀ ਵਿੱਚ ਭੁੰਨੇ ਹੋਏ ਮਟਰ ਲਿਆਉਣ ਦਾ ਹੁਕਮ ਦਿੰਦਾ। ਇਸਦੇ ਲਈ ਉਹ ਤਾਂਬੇ ਦੇ ਨੌਂ ਸਿੱਕਿਆਂ ਦਾ ਭੁਗਤਾਨ ਕਰਦਾ। ਪਿੱਛੇ ਵਲੋਂ ਕੋਈ ਹੋਰ ਜਾਣ ਕੇ ਉੱਚੀ ਆਵਾਜ਼ ਵਿੱਚ ਕਹਿੰਦਾ:
“ਤੂੰ ਫਿਰ ਚੋਰੀ ਕਰ ਰਿਹਾ ਹੋਵੇਂਗਾ।”
“ਕਿਉਂ ਖ਼ਾਮਖਾਹ ਭਲੇ ਆਦਮੀ ਨੂੰ ਬਦਨਾਮ ਕਰਦੇ ਹੋ?” ਆਪਣੀਆਂ ਅੱਖਾਂ ਚੌੜੀਆਂ ਕਰਦੇ ਹੋਏ ਉਹ ਬੋਲ ਉੱਠਦਾ।
“ਹਾਂ ਹਾਂ...ਭਲਾ ਆਦਮੀ..! ਅਜੇ ਪਰਸੋਂ ਹੀ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਕਿ ਹੋ ਪਰਿਵਾਰ ਦੀਆਂ ਕਿਤਾਬਾਂ ਚੋਰੀ ਕਰਨ ਕਰਕੇ ਤੈਨੂੰ ਉਲਟਾ ਲਮਕਾ ਕੇ ਕੁੱਟਿਆ ਜਾ ਰਿਹਾ ਸੀ।!" ਕੁੰਗ ਆਪਣੀਆਂ ਭਵਾਂ ਚੜ੍ਹਾਉਂਦੇ ਹੋਏ ਕਹਿੰਦਾ, “ਕਿਤਾਬ ਲੈ ਲੈਣਾ ਚੋਰੀ ਨਹੀਂ ਕਹੀ ਜਾ ਸਕਦੀ, ... ਕਿਤਾਬ ਲੈ ਲੈਣਾ, ਵਿਦਵਾਨ ਲੋਕਾਂ ਦਾ ਕੰਮ ਹੈ, ਇਹ ਚੋਰੀ ਹੋ ਹੀ ਨਹੀਂ ਸਕਦੀ !” ਇਸਦੇ ਨਾਲ ਹੀ ਕੋਈ ਫ਼ਲਸਫ਼ਈ ਟੂਕ ਜੋੜ ਦਿੰਦਾ, “ਗ਼ਰੀਬੀ ਵਿੱਚ ਵੀ ਇੱਕ ਭਲਾ ਇਨਸਾਨ ਆਪਣੀ ਈਮਾਨਦਾਰੀ ਤੇ ਪੱਕਾ ਰਹਿੰਦਾ ਹੈ।” ਅਤੇ ਉਘੜ ਦੁਘੜੇ ਪ੍ਰਾਚੀਨ ਕਥਨ ਉਚਾਰਦਾ ਕਿ ਠਹਾਕਿਆਂ ਦੀ ਝੜੀ ਲੱਗ ਜਾਂਦੀ। ਪੂਰਾ ਤਾਵਰਨ ਹਾਸੇ ਨਾਲ ਖਿੜ ਉੱਠਦਾ।
ਅਜਿਹੀ ਗੱਪਸ਼ੱਪ ਦੇ ਦੌਰਾਨ ਹੀ ਮੈਂ ਸੁਣਿਆ ਸੀ ਕਿ ਕੁੰਗ ਆਈ-ਚੀ ਨੇ ਕਲਾਸਕੀ ਲਿਖਤਾਂ ਦਾ ਅਧਿਅਨ ਤਾਂ ਖ਼ੂਬ ਕੀਤਾ ਸੀ, ਲੇਕਿਨ ਰਸਮੀ ਤੌਰ ਉੱਤੇ ਕੋਈ ਵੀ ਇਮਤਿਹਾਨ ਪਾਸ ਨਹੀਂ ਸੀ ਕੀਤਾ। ਰੋਟੀ ਰੋਜ਼ੀ ਦਾ ਕੋਈ ਮੁਨਾਸਿਬ ਜ਼ਰੀਆ ਨਾ ਹੋਣ ਦੇ ਕਾਰਨ ਉਹ ਗ਼ਰੀਬ ਹੋਰ ਗ਼ਰੀਬ ਹੁੰਦਾ ਗਿਆ ਅਤੇ ਫਿਰ ਅਜਿਹਾ ਵੀ ਵਕਤ ਆਇਆ, ਜਦੋਂ ਉਸਨੂੰ ਮੰਗਤਾ ਬਣਨਾ ਪਿਆ। ਚੰਗੇ ਭਾਗੀਂ ਉਸਦੀ ਲਿਖਾਵਟ ਬਹੁਤ ਹੀ ਸ਼ਾਨਦਾਰ ਸੀ, ਜਿਸ ਕਾਰਨ ਲਿਖਣ ਦਾ ਢੇਰ ਸਾਰਾ ਕੰਮ ਉਸਨੂੰ ਮਿਲ ਸਕਦਾ ਸੀ ਅਤੇ ਉਹ ਆਪਣੀ ਜਿੰਦਗੀ ਬੜੇ ਹੀ ਆਰਾਮ ਨਾਲ ਗੁਜ਼ਾਰ ਸਕਦਾ ਸੀ। ਪਰ ਸ਼ਰਾਬ ਅਤੇ ਸੁਸਤੀ ਇਹ ਉਸਦੀਆਂ ਕੁੱਝ ਬਹੁਤ ਵੱਡੀਆਂ ਕਮੀਆਂ ਸਨ, ਜੋ ਉਸਨੂੰ ਕੁੱਝ ਕਰਨ ਦੇ ਲਾਇਕ ਨਹੀਂ ਛੱਡਦੀਆਂ ਸਨ। ਥੋੜ੍ਹੇ ਥੋੜ੍ਹੇ ਦਿਨਾਂ ਦੇ ਬਾਅਦ ਉਹ ਹੱਥ ਵਿੱਚ ਕੁੱਝ ਕਿਤਾਬਾਂ, ਦਵਾਤਾਂ, ਬੁਰਸ਼ ਲੈ ਕੇ ਕਿਤੇ ਚਲਾ ਜਾਂਦਾ ਸੀ। ਅਜਿਹਾ ਅਕਸਰ ਹੁੰਦਾ ਰਹਿੰਦਾ ਸੀ। ਉਸਦੀ ਇਸ ਆਦਤ ਦੇ ਕਾਰਨ ਕੋਈ ਵੀ ਉਸਨੂੰ ਕੰਮ ਨਹੀਂ ਦੇਣਾ ਚਾਹੁੰਦਾ ਸੀ। ਆਮਦਨੀ ਦਾ ਕੋਈ ਪੱਕਾ ਜ਼ਰੀਆ ਨਾ ਹੋਣ ਦੇ ਕਾਰਨ ਛੋਟੀ ਮੋਟੀ ਚੋਰੀ ਚਕਾਰੀ ਬਿਨਾਂ ਉਸ ਦਾ ਝੱਟ ਨਹੀਂ ਸੀ ਲੰਘਦਾ, ਪਰ ਸਾਡੇ ਤਾਵਰਨ ਵਾਲੇ ਸ਼ਹਿਰ ਵਿੱਚ ਉਸਦਾ ਵਤੀਰਾ ਬੇਹੱਦ ਮਿਸਾਲੀ ਸੀ। ਉਹ ਨਕਦ ਭੁਗਤਾਨ ਕਰ ਦਿੰਦਾ ਸੀ, ਪਰ ਕਈ ਵਾਰ ਜੇਬ ਖ਼ਾਲੀ ਹੋਣ ਦੀ ਸੂਰਤ ਵਿੱਚ ਸਾਡੇ ਇੱਥੇ ਰੱਖੇ ਬੋਰਡ ਉੱਤੇ ਉਧਾਰ ਲੈਣ ਵਾਲੇ ਲੋਕਾਂ ਦੀ ਸੂਚੀ ਵਿੱਚ ਉਸਦਾ ਨਾਮ ਆ ਜਾਂਦਾ ਸੀ। ਪਰ ਮਹੀਨਾ ਖੰਡ ਦੇ ਅੰਦਰ ਉਹ ਉਧਾਰ ਚੁੱਕਾ ਦਿੰਦਾ ਸੀ ਅਤੇ ਉਸਦਾ ਨਾਮ ਇਸ ਬੋਰਡ ਤੋਂ ਮਿਟਾ ਦਿੱਤਾ ਜਾਂਦਾ ਸੀ।
ਅੱਧਾ ਕੁ ਪਿਆਲਾ ਅੰਦਰ ਜਾਣ ਦੇ ਨਾਲ ਹੀ ਉਹ ਤਰਾਰੇ ਵਿੱਚ ਆ ਜਾਂਦਾ। ਤਾਂ ਫਿਰ ਕੋਈ ਉਸ ਨੂੰ ਪੁਛ ਬੈਠਦਾ:
“ਕੁੰਗ ਆਈ-ਚੀ ਤੈਨੂੰ ਪੜ੍ਹਨਾ ਆਉਂਦਾ ਵੀ ਹੈ?”
ਕੁੰਗ ਉਨ੍ਹਾਂ ਦੇ ਸਵਾਲ ਨੂੰ ਆਪਣੀ ਹੈਸੀਅਤ ਦੀ ਹੇਠੀ ਸਮਝਦੇ ਹੋਏ ਹਕਾਰਤ ਭਰੀ ਨਜ਼ਰ ਸੁੱਟਦਾ, ਉਦੋਂ ਫਿਰ ਕੋਈ ਦੂਜਾ ਸਵਾਲ ਦਾਗ ਦਿੰਦਾ: “ਜੇ ਪੜ੍ਹਨਾ ਆਉਂਦਾ ਹੈ ਤਾਂ ਹੁਣ ਤੱਕ ਕੋਈ ਮੁਢਲਾ ਇਮਤਿਹਾਨ ਪਾਸ ਕਿਉਂ ਨਹੀਂ ਕੀਤਾ?”
ਇਸ ਸਵਾਲ ਨਾਲ ਉਹ ਦਿਲਗੀਰ ਨਜ਼ਰ ਆਉਣ ਲੱਗਦਾ। ਉਸਦਾ ਚਿਹਰਾ ਪੀਲਾ ਪੈ ਜਾਂਦਾ, ਬੁੱਲ੍ਹ ਫਰਕਣ ਲੱਗ ਜਾਂਦੇ। ਬੱਸ ਉਹੀ ਅਜੀਬ ਜਿਹੀਆਂ ਟਿੱਪਣੀਆਂ ਨਾ ਸਮਝ ਆਉਣ ਵਾਲੀਆਂ। ਤੇ ਫਿਰ ਠਹਾਕਿਆਂ ਦੀ ਝੜੀ ਲੱਗ ਜਾਂਦੀ। ਪੂਰਾ ਤਾਵਰਨ ਹਾਸੇ ਨਾਲ ਗੂੰਜ ਉੱਠਦਾ।
ਇਨ੍ਹਾਂ ਠਹਾਕਿਆਂ ਵਿੱਚ ਸ਼ਾਮਿਲ ਹੋ ਕੇ ਮੈਂ ਵੀ ਹੱਸ ਲਿਆ ਕਰਦਾ ਸੀ। ਅਜਿਹੇ ਮਾਹੌਲ ਵਿੱਚ ਮਾਲਿਕ ਦੇ ਡਾਂਟਣ ਦਾ ਵੀ ਡਰ ਨਹੀਂ ਹੁੰਦਾ ਸੀ। ਕਦੇ ਕਦੇ ਤਾਂ ਹੱਸਣ ਲਈ ਮਾਲਿਕ ਖ਼ੁਦ ਹੀ ਕੁੰਗ ਨੂੰ ਛੇੜ ਦਿਆ ਕਰਦਾ ਸੀ। ਜਾਣਦੇ ਹੋਏ ਕਿ ਉਨ੍ਹਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਤਾਂ ਸੀ ਨਹੀਂ, ਇਸ ਲਈ ਸਾਡੇ ਵਰਗੇ ਬੱਚਿਆਂ ਨਾਲ ਗੱਲਾਂ ਕਰਦਾ ਸੀ। ਇੱਕਵਾਰ ਉਸਨੇ ਮੈਥੋਂ ਪੁੱਛਿਆ, “ਕਦੇ ਸਕੂਲ ਦਾ ਮੂੰਹ ਵੀ ਵੇਖਿਆ ਹੈ ਕਿ?”
ਜਦੋਂ ਮੈਂ ਹਾਂ ਵਿੱਚ ਸਿਰ ਹਿਲਾਇਆ ਤਾਂ ਉਸਨੇ ਮੈਨੂੰ ਕਿਹਾ, “ਚਲ, ਤੇਰਾ ਟੈਸਟ ਲੈਂਦੇ ਹਾਂ। ਤੂੰ ਭਲਾ ‘ਹੂਈ-ਜ਼ਿਆਗ ਪੀਜ਼’ ਵਿੱਚ ਹੂਈ ਅੱਖਰ ਕਿਸ ਤਰ੍ਹਾਂ ਲਿਖੇਂਗਾ?” ਮੈਨੂੰ ਲੱਗਿਆ ਕਿ ਇੱਕ ਭਿਖਾਰੀ ਮੇਰਾ ਟੈਸਟ ਲੈ ਰਿਹਾ ਹੈ ਅਤੇ ਮੈਂ ਉਸ ਵਲੋਂ ਧਿਆਨ ਹਟਾ ਲਿਆ - ਉਸ ਨੂੰ ਅਣਗੌਲਿਆ ਕਰ ਦਿੱਤਾ। ਕੁੱਝ ਦੇਰ ਉਡੀਕ ਦੇ ਬਾਅਦ ਉਸਨੇ ਮੈਨੂੰ ਕਿਹਾ, “ਤੂੰ ਲਿਖ ਨਹੀਂ ਸਕਦਾ ਨਾ! ਪਰ ਤੈਨੂੰ ਲਿਖਣਾ ਸਿੱਖ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਕੱਲ ਤੇਰੀ ਆਪਣੀ ਦੁਕਾਨ ਹੋਵੇਂਗੀ ਤਾਂ ਹਿਸਾਬ ਕਿਤਾਬ ਕਿਵੇਂ ਰੱਖੇਂਗਾ। ਚਲ ਮੈਂ ਤੈਨੂੰ ਲਿਖਣਾ ਸਿਖਾ ਦੇਵਾਂਗਾ।” ਮੇਰੇ ਲਈ ਦੁਕਾਨ ਦੀ ਗੱਲ ਤਾਂ ਜਿਵੇਂ ਇੱਕ ਅਧੂਰਾ ਸੁਪਨਾ ਸੀ ਅਤੇ ਫਿਰ ਮੇਰੇ ਮਾਲਿਕ ਨੇ ਖਾਤੇ ਵਿੱਚ ਕਦੇ ਹੂਈ ਜਿਆਂਗ ਪੀਜ਼ ਨਹੀਂ ਸੀ ਲਿਖਿਆ। ਮੈਂ ਖ਼ੁਸ਼ ਪਰ ਫਿਰ ਵੀ ਹਤਾਸ਼ ਹੋਏ ਨੇ ਉਸ ਨੂੰ ਬੇਪਰਵਾਹੀ ਨਾਲ ਜਵਾਬ ਦਿੱਤਾ, “ਤੈਨੂੰ ਆਪਣਾ ਅਧਿਆਪਕ ਭਲਾ ਕੌਣ ਬਣਾਉਣਾ ਚਾਹੇਗਾ? ਕੀ ਇਹ ਗਰਾਸ ਰੈਡੀਕਲ ਵਾਲਾ ਹੂਈ ਨਹੀਂ ਹੈ?” ਕੁੰਗ ਸੁਣ ਕੇ ਖ਼ੁਸ਼ ਹੋ ਗਿਆ। ਮੇਜ਼ ਨੂੰ ਆਪਣੀਆਂ ਵਿੱਚਕਾਰਲੀਆਂ ਉਂਗਲੀਆਂ ਨਾਲ ਠਕੋਰਦੇ ਅਤੇ ਹਾਂ ਵਿੱਚ ਸਿਰ ਹਿਲਾਂਦੇ ਹੋਏ ਬੋਲਿਆ, “ਸਹੀ ਇੱਕਦਮ ਸਹੀ! ਤੈਨੂੰ ਪਤਾ ਹੈ ਨਾ ਹੂਈ ਨੂੰ ਲਿਖਣ ਦੇ ਚਾਰ ਤਰੀਕੇ ਹਨ।”
ਮੇਰਾ ਸਬਰ ਜਵਾਬ ਦੇ ਰਿਹਾ ਸੀ। ਮੈਂ ਤਿਓੜੀਆਂ ਚੜ੍ਹਾਈਆਂ ਅਤੇ ਉੱਥੋਂ ਹੱਟ ਗਿਆ। ਕੁੰਗ ਆਈ-ਚੀ ਨੇ ਕਾਊਂਟਰ ਤੇ ਅੱਖਰ ਪਾਉਣ ਲਈ ਆਪਣੀ ਉਂਗਲ ਸ਼ਰਾਬ ਵਿੱਚ ਡੁਬੋਈ ਅਤੇ ਜਦ ਉਸ ਨੇ ਵੇਖਿਆ ਕਿ ਮੇਰੀ ਵਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ, ਉਸਨੇ ਇੱਕ ਡੂੰਘਾ ਸਾਹ ਭਰਿਆ ਅਤੇ ਨਿਰਾਸ ਹੋ ਗਿਆ।
ਹਾਸੇ ਦੀ ਆਵਾਜ਼ ਸੁਣ ਕੇ, ਕਦੇ ਕਦੇ ਗੁਆਂਢ ਦੇ ਬੱਚੇ ਆ ਜਾਂਦੇ ਸਨ ਅਤੇ ਕੁੰਗ ਦੇ ਚਾਰੇ ਪਾਸੇ ਘੇਰਾ ਬਣਾਕੇ ਖੜੇ ਹੋ ਜਾਂਦੇ। ਉਹ ਵੀ ਹਰ ਬੱਚੇ ਨੂੰ ਸੌਂਫ਼ ਦੇ ਪਾਣੀ ਵਿੱਚ ਬਣੇ ਮਟਰ ਖਾਣ ਨੂੰ ਦਿੰਦਾ। ਇਹ ਮਟਰ ਖਾਣ ਦੇ ਬਾਅਦ ਵੀ ਬੱਚੇ ਬਾਕੀ ਬਚੇ ਮਟਰਾਂ ਦੀ ਤਰਫ਼ ਵੇਖਦੇ ਰਹਿੰਦੇ ਸਨ। ਉਨ੍ਹਾਂ ਨੂੰ ਅਜਿਹਾ ਕਰਦੇ ਵੇਖਕੇ ਉਹ ਪਲੇਟ ਨੂੰ ਹੱਥਾਂ ਨਾਲ ਢਕ ਲੈਂਦਾ ਅਤੇ ਇਸ ਉੱਤੇ ਅੱਧਾ ਝੁਕਦੇ ਹੋਏ ਕਹਿੰਦਾ, ਇਸ ਵਿੱਚ ਬਹੁਤੇ ਨਹੀਂ ਅਤੇ ਮੈਂ ਵੀ ਅਜੇ ਖਾਧੇ ਨਹੀਂ। ਫਿਰ ਮਟਰ ਦੁਬਾਰਾ ਵੇਖਣ ਲਈ ਥੋੜਾ ਸਿਧਾ ਹੁੰਦਾ ਅਤੇ ਆਪਣਾ ਸਿਰ ਹਿਲਾਉਂਦਾ। "ਬਹੁਤੇ ਨਹੀਂ! ਸੱਚਮੁੱਚ, ਬਹੁਤੇ ਨਹੀਂ ਚਲੋ।” ਬੱਚੇ ਰੌਲਾ ਮਚਾਉਂਦੇ ਹੋਏ ਭੱਜ ਜਾਂਦੇ।
ਕੁੰਗ ਆਈ-ਚੀ ਦੇ ਨਾਲ ਵਕਤ ਗੁਜ਼ਾਰਨਾ ਸਾਰਿਆਂ ਨੂੰ ਬਹੁਤ ਅੱਛਾ ਲੱਗਦਾ ਸੀ। ਪਰ ਅਸੀਂ ਉਸਦੇ ਬਿਨਾਂ ਵੀ ਵਧੀਆ ਸਾਰ ਲੈਂਦੇ ਸੀ।
ਇੱਕ ਦਿਨ ਪੱਤਝੜ ਦੇ ਅੱਧ ਵਾਲੇ ਮੇਲੇ ਤੋਂ ਕੁਝ ਦਿਨ ਪਹਿਲਾਂ ਤਾਵਰਨ ਦਾ ਨਿਗਰਾਨ ਹਿਸਾਬ ਕਿਤਾਬ ਵਿੱਚ ਜੁੱਟਿਆ ਹੋਇਆ ਸੀ। ਦੀਵਾਰ ਉੱਤੇ ਲੱਗੇ ਬੋਰਡ ਨੂੰ ਉਤਾਰਦੇ ਹੋਏ ਅਚਾਨਕ ਉਸਨੇ ਕਿਹਾ, ਕੁੰਗ ਆਈ-ਚੀ ਕਾਫ਼ੀ ਦਿਨਾਂ ਤੋਂ ਆਇਆ ਨਹੀਂ। ਉਸ ਵੱਲ ਉਨੀ ਸਿੱਕੇ ਖੜੇ ਹਨ! ਉਸਦੀ ਇਸ ਗੱਲ ਤੋਂ ਮੈਨੂੰ ਮਹਿਸੂਸ ਹੋਇਆ ਕਿ ਕੁੰਗ ਨੂੰ ਵੇਖੇ ਕਾਫ਼ੀ ਅਰਸਾ ਗੁਜ਼ਰ ਚੁੱਕਿਆ ਸੀ।
“ਉਹ ਆ ਵੀ ਕਿਵੇਂ ਸਕਦਾ ਹੈ।” ਇੱਕ ਗਾਹਕ ਨੇ ਜਵਾਬ ਦਿੱਤਾ, “ਪਿੱਛਲੀ ਵਾਰ ਦੀ ਮਾਰ ਕੁਟਾਈ ਵਿੱਚ ਉਸਦੀਆਂ ਲੱਤਾਂ ਟੁੱਟ ਗਈਆਂ ਸਨ।”
“ਓਹ!"
“ਫਿਰ ਚੋਰੀ ਕਰ ਰਿਹਾ ਸੀ ਤੇ ਇਸ ਵਾਰ ਸੂਬੇ ਦੇ ਵੱਡੇ ਵਿਦਵਾਨ ਮਿਸਟਰ ਟਿੰਗ ਦੇ ਘਰ ਚੋਰੀ ਕੀਤੀ। ਹੁਣ ਦੱਸੋ ਭਲਾ, ਉਨ੍ਹਾਂ ਦੇ ਉਥੋਂ ਕੌਣ ਬੱਚ ਸਕਦਾ ਹੈ।”
“ਫਿਰ ਕੀ ਹੋਇਆ।”
“ਹੋਣਾ ਕੀ ਸੀ, ਪਹਿਲਾਂ ਤਾਂ ਉਨ੍ਹਾਂ ਲੋਕਾਂ ਨੇ ਉਸ ਕੋਲੋਂ ਮੁਆਫ਼ੀਨਾਮਾ ਲਿਖਵਾਇਆ, ਉਸਦੇ ਬਾਅਦ ਪੂਰੀ ਰਾਤ ਉਸਨੂੰ ਦੱਬ ਕੇ ਕੁਟਾਪਾ ਚੜ੍ਹਿਆ..ਜਦੋਂ ਤੱਕ ਉਸਦੀਆਂ ਲੱਤਾਂ ਨਹੀਂ ਟੁੱਟ ਨਹੀਂ ਗਈਆਂ।”
“ਤੇ ਫਿਰ?”
“ਫਿਰ ਕੀ? ਉਸਦੀਆਂ ਲੱਤਾਂ ਟੁੱਟ ਗਈਆਂ।”
“ਹਾਂ ਪਰ ਉਸਦੇ ਬਾਅਦ ਕੀ ਹੋਇਆ?”
"ਉਸਦੇ ਬਾਅਦ? ….ਕੀ ਪਤਾ ਮਰ ਗਿਆ ਹੋਵੇ!”
ਇਸਦੇ ਬਾਅਦ ਤਾਵਰਨ ਦੇ ਨਿਗਰਾਨ ਨੇ ਹੋਰ ਕੁੱਝ ਨਹੀਂ ਪੁੱਛਿਆ। ਬਸ ਆਪਣੇ ਕੰਮ ਵਿੱਚ ਮਸਤ ਹੋ ਗਿਆ। ਪੱਤਝੜ ਦੇ ਅੱਧ ਵਾਲੇ ਮੇਲੇ ਤੋਂ ਬਾਅਦ ਹਰ ਦਿਨ ਹਵਾਵਾਂ ਵਿੱਚ ਠੰਢਕ ਵਧਣ ਲੱਗੀ। ਸਿਆਲ ਆ ਗਿਆ। ਹਾਲਾਂਕਿ ਮੈਂ ਸਾਰਾ ਦਿਨ ਅੰਗੀਠੀ ਦੇ ਕੋਲ ਹੀ ਰਹਿੰਦਾ ਸੀ, ਫਿਰ ਵੀ ਸਰਦੀ ਤੋਂ ਬਚਾ ਲਈ ਮੈਨੂੰ ਗੱਦੇਦਾਰ ਜੈਕਟ ਪਹਿਨਣੀ ਪੈਂਦੀ ਸੀ। ਇੱਕ ਦਿਨ ਦੁਪਹਿਰ ਦੇ ਵਕਤ ਦੁਕਾਨ ਖ਼ਾਲੀ ਸੀ, ਮੈਂ ਅੱਖਾਂ ਮੁੰਦੀ ਬੈਠਾ ਸੀ, ਉਦੋਂ ਇੱਕ ਆਵਾਜ਼ ਆਈ:
“ਇੱਕ ਪਿਆਲਾ ਸ਼ਰਾਬ ਗਰਮ ਕਰੋ।”
ਆਵਾਜ਼ ਬਹੁਤ ਹੌਲੀ ਸੀ, ਪਰ ਓਪਰੀ ਨਹੀਂ ਸੀ। ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵਿਖਾਈ ਨਹੀਂ ਦਿੱਤਾ। ਮੈਂ ਖੜਾ ਹੋ ਕੇ ਦਰਵਾਜ਼ੇ ਵੱਲ ਦੇਖਣ ਲਗਾ, ਸਾਹਮਣੇ ਕਾਊਂਟਰ ਦੇ ਹੇਠਾਂ ਕੁੰਗ ਆਈ-ਚੀ ਬੈਠਾ ਨਜ਼ਰ ਆਇਆ। ਉਸਦਾ ਚਿਹਰਾ ਬਹੁਤ ਲਮਕਿਆ ਹੋਇਆ, ਚਿਪਕਿਆ ਚਿਪਕਿਆ ਸੀ ਅਤੇ ਉਹ ਬਹੁਤ ਮੰਦੇ-ਹਾਲ ਲੱਗ ਰਿਹਾ ਸੀ। ਉਸਨੇ ਇਕ ਫਟੀ ਪੁਰਾਣੀ ਫਾਂਟਦਾਰ ਜੈਕਟ ਪਾਈ ਹੋਈ ਸੀ ਅਤੇ ਇਕ ਚਟਾਈ ਤੇ ਚੱਪ ਮਾਰੀ ਬੈਠਾ ਸੀ। ਚਟਾਈ ਇਕ ਰੱਸੀ ਦੇ ਨਾਲ ਉਸਦੇ ਮੋਢਿਆਂ ਦੇ ਨਾਲ ਬੰਨ੍ਹੀ ਹੋਈ ਸੀ। ਜਦੋਂ ਉਸਨੇ ਮੈਨੂੰ ਦੇਖਿਆ ਤਾਂ ਉਸਨੇ ਦੁਹਰਾਇਆ:, “ਇੱਕ ਪਿਆਲਾ ਸ਼ਰਾਬ ਗਰਮ ਕਰੋ।”
ਮੇਰਾ ਮਾਲਕ ਕਾਊਂਟਰ ਤੋਂ ਹੇਠਾਂ ਦੇਖਦੇ ਹੋਏ ਬੋਲਿਆ, “ਕੀ ਇਹ ਕੁੰਗ ਆਈ-ਚੀ ਹੈ? ਉਨੀ ਸਿੱਕੇ ਤੇਰੇ ਵੱਲ ਖੜੇ ਹਨ।”
“ਹਾਂ...ਪਤਾ ਹੈ। ਅਗਲੀ ਵਾਰ ਚੁੱਕਾ ਦੇਵਾਂਗਾ।” ਕੁੰਗ ਨੇ ਉਦਾਸ ਅੰਦਾਜ਼ ਵਿੱਚ ਕਿਹਾ। “ਅੱਜ ਨਕਦ ਪੈਸੇ ਲਿਆਇਆ ਹਾਂ, ਸ਼ਰਾਬ ਚੰਗੀ ਹੋਣੀ ਚਾਹੀਦੀ ਐ।”
ਬੀਤੇ ਦੀ ਤਰ੍ਹਾਂ ਹੀ ਤਾਵਰਨ ਦਾ ਨਿਗਰਾਨ ਉਸ ਨੂੰ ਪੁਛ ਬੈਠਾ, “ਕੁੰਗ ਆਈ-ਚੀ , ਤੂੰ ਫਿਰ ਚੋਰੀ ਕੀਤੀ !”
ਇਸ ਗੱਲ ਦੀ ਪੁਰਜ਼ੋਰ ਨਿਖੇਧੀ ਕਰਨ ਦੀ ਬਜਾਏ ਉਸਨੇ ਬੱਸ ਏਨਾ ਕਿਹਾ, “ਇਸ ਤਰ੍ਹਾਂ ਦੇ ਮਜ਼ਾਕ ਤੁਹਾਨੂੰ ਮੁਬਾਰਕ!”
"ਮਜ਼ਾਕ? ਜੇਕਰ ਤੂੰ ਚੋਰੀ ਨਹੀਂ ਕੀਤੀ ਤਾਂ ਉਨ੍ਹਾਂ ਨੇ ਤੇਰੀਆਂ ਲੱਤਾਂ ਕਿਉਂ ਤੋੜ ਦਿੱਤੀਆਂ?”
“ਮੈਂ ਡਿੱਗ ਗਿਆ ਸੀ।” ਬੁਝੇ ਜਿਹੇ ਲਹਿਜੇ ਵਿੱਚ ਕੁੰਗ ਨੇ ਕਿਹਾ। “ਮੈਂ ਡਿੱਗ ਗਿਆ ਸੀ, ਜਿਸ ਕਾਰਨ ਮੇਰੀ ਲੱਤ ਟੁੱਟ ਗਈ।” ਉਸਦੀਆਂ ਅੱਖਾਂ ਤਾਵਰਨ ਦੇ ਨਿਗਰਾਨ ਨੂੰ ਆਖ ਰਹੀਆਂ ਸਨ ਕਿ ਗੱਲ ਨੂੰ ਇੱਥੇ ਖ਼ਤਮ ਕਰ ਦੇਵੇ।
ਹੁਣ ਤੱਕ ਕਾਫ਼ੀ ਸਾਰੇ ਲੋਕ ਇਕੱਠੇ ਹੋ ਗਏ ਸਨ ਅਤੇ ਉਹ ਹੱਸ ਰਹੇ ਸਨ। ਮੈਂ ਸ਼ਰਾਬ ਗਰਮ ਕੀਤੀ ਅਤੇ ਲੈਜਾ ਕੇ ਉਸਦੇ ਕੋਲ ਰੱਖ ਦਿੱਤੀ। ਉਸਨੇ ਆਪਣੇ ਫਟੇ ਕੋਟ ਦੀ ਜੇਬ ਵਿੱਚੋਂ ਚਾਰ ਸਿੱਕੇ ਕੱਢ ਕੇ ਮੇਰੇ ਹੱਥ ਉੱਤੇ ਰੱਖ ਦਿੱਤੇ। ਮੈਂ ਵੇਖਿਆ ਕਿ ਉਸਦੇ ਹੱਥ ਚਿੱਕੜ ਨਾਲ ਲਿਬੜੇ ਹੋਏ ਸਨ। ਸ਼ਾਇਦ ਇੱਥੇ ਤੱਕ ਉਹ ਹੱਥਾਂ ਪਰਨੇ ਘਿਸਰਦਾ ਹੋਇਆ ਆਇਆ ਸੀ। ਉਸਨੇ ਆਪਣਾ ਪਿਆਲਾ ਖ਼ਤਮ ਕੀਤਾ ਅਤੇ ਲੋਕਾਂ ਦੇ ਠਹਾਕਿਆਂ ਅਤੇ ਹਾਸੇ ਦੇ ਦਰਮਿਆਨ ਹੌਲੀ ਹੌਲੀ ਹੱਥਾਂ ਪਰਨੇ ਘਿਸਰਦਾ ਹੋਇਆ ਚਲਾ ਗਿਆ। ਇਸ ਗੱਲ ਨੂੰ ਕਾਫ਼ੀ ਵਕਤ ਬੀਤ ਗਿਆ, ਪਰ ਕੁੰਗ ਮੁੜ ਵਿਖਾਈ ਨਹੀਂ ਦਿੱਤਾ। ਸਾਲ ਦੇ ਅੰਤ ਉੱਤੇ ਬੋਰਡ ਹੇਠਾਂ ਉਤਾਰਦੇ ਹੋਏ ਨਿਗਰਾਨ ਨੇ ਕਿਹਾ, “ਕੁੰਗ ਆਈ-ਚੀ ਸਿਰ ਅਜੇ ਵੀ ਉਨੀ ਸਿੱਕੇ ਖੜੇ ਹਨ!” ਅਗਲੇ ਸਾਲ ਡਰੈਗਨ ਬੋਟ ਫੈਸਟੀਵਲ ਦੇ ਵਕਤ ਵੀ ਉਸਨੇ ਇਹੀ ਗੱਲ ਦੋਹਰਾਈ।
ਪਰ ਜਦੋਂ ਪੱਤਝੜ ਦੇ ਅੱਧ ਵਾਲਾ ਮੇਲਾ ਆਇਆ, ਉਦੋਂ ਉਸਨੇ ਕੁੱਝ ਵੀ ਨਹੀਂ ਕਿਹਾ। ਇਸੇ ਤਰ੍ਹਾਂ ਅਗਲਾ ਨਵਾਂ ਸਾਲ ਵੀ ਆ ਗਿਆ ਪਰ ਉਸਨੂੰ ਮੈਂ ਕਦੇ ਨਹੀਂ ਵੇਖਿਆ। ਹੋ ਸਕਦਾ ਹੈ ਕਿ ਉਹ ਹੁਣ ਇਸ ਦੁਨੀਆ ਵਿੱਚ ਨਾ ਰਿਹਾ ਹੋਵੇ!