ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/139

ਇਹ ਸਫ਼ਾ ਪ੍ਰਮਾਣਿਤ ਹੈ

ਸਾਈਮਨ ਕਾਰਤਿਨਕਿਨ, ਤੇ ਮਿਸ਼ਾਂਕਾ ਯੋਫੇਮੀਆ ਬੋਚਕੋਵਾ ਤੇ ਮਿਸ਼ਾਂਕਾ ਕਾਤੇਰੀਨਾ ਮਸਲੋਵਾ ਜੋ ਇਸ ਵਕਤ ਇਥੇ ਮੌਜੂਦ ਹਨ ਉਨ੍ਹਾਂ ਤੇ ਇਹ ਮੁਕੱਦਮਾ ਚਲਾਇਆ ਜਾਵੇ ਤੇ ਇੱਥੇ ਜ਼ਿਲੇ ਦੀ ਅਦਾਲਤ ਵਿਚ ਜੂਰੀ ਫੈਸਲਾ ਕਰੇ।"

ਇਓਂ ਸਕੱਤਰ ਸਾਹਿਬ ਨੇ ਫਰਦ ਜੁਰਮ ਪੜ੍ਹਕੇ ਸੁਣਾ ਦਿੱਤਾ ਤੇ ਆਖਰ ਖਤਮ ਵੀ ਕਰ ਹੀ ਦਿੱਤਾ, ਤੇ ਆਪਣੇ ਕਾਗਜ਼ ਲਪੇਟ ਲਪਾਟ ਕੇ, ਠੱਪ ਕੇ ਬਹਿ ਗਇਆ। ਆਪਣੇ ਹੱਥ ਨਾਲ ਆਪਣੀਆਂ ਪੱਟੀਆਂ ਨੂੰ ਸੰਵਾਰਨ ਲੱਗ ਪਇਆ। ਸਭ ਕਿਸੀ ਨੇ ਇਸ ਛੁਟਕਾਰੇ ਦਾ ਸ਼ੁਕਰ ਕੀਤਾ, ਠੰਢਾ ਸਾਹ ਲਇਆ, ਕਿ ਹੁਣ ਅਸਲੀ ਇਨਸਾਫ਼ ਦੀ ਤਹਿਕੀਕਾਤ ਸ਼ੁਰੂ ਹੋਵੇਗੀ, ਤੇ ਸਭ ਵਾਕਿਆਤ ਤੇ ਸਚਾਈਆਂ ਠੀਕ ਠੀਕ ਆਣ ਖੁਲ੍ਹਣਗੀਆਂ। ਮੁਜਰਿਮਾਂ ਨਾਲ ਪੂਰਾ ਇਨਸਾਫ ਤੇ ਚੰਗੀ ਅਦਾਲਤ ਹੋਵੇਗੀ। ਸਿਰਫ ਨਿਖਲੀਊਧਵ ਇਨ੍ਹਾਂ ਉਮੇਦਾਂ ਵਾਲਾ ਨਹੀਂ ਸੀ ਤੇ ਨਾਂਹ ਓਹ ਉਨ੍ਹਾਂ ਦੇ ਖਿਆਲਾਂ ਨਾਲ ਸਹਿਮਤ ਸੀ। ਓਹ ਤਾਂ ਇਸ ਭਿਆਨਕ ਖੌਫ਼ ਜੇਹੇ ਵਿਚ ਗ਼ਲਤਾਨ ਸੀ, ਕਿ ਹਾਇ ਇਸ ਮਸਲੋਵਾ ਨੇ ਕੀ ਕੀਤਾ ਹੋਣਾ ਹੈ? ਓਹ ਮਸਲੋਵਾ ਜਿਹਨੂੰ ਓਹ ਦਸ ਸਾਲ ਹੋਏ ਹਨ ਮਿਲਿਆ ਸੀ, ਤੇ ਤਾਂ ਜੇਹੜੀ ਇਕ ਅਯਾਣੀ, ਮਾਸੂਮ ਦਿਬਯ ਤੇ ਦਿਲ ਖਿੱਚਵੀਂ ਬਾਲਕਾ ਸੀ।

੧੦੫