ਪੰਨਾ:ਜ਼ਫ਼ਰਨਾਮਾ ਸਟੀਕ.pdf/165

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)

ਇਸ ਸਰਹੰਦ ਦੇ ਕਤਲ ਦੇ ਦ੍ਰਿਯ ਨੂੰ ਦੇਖ ਬਾਜੀਦ ਖਾਂ ਰੋਂਦਾ ਤੇ ਪਸਚਾਤਾਪ ਕਰਦਾ ਅਰੁ ਤੋਬਾ ਤੋਬਾ ਪੁਕਾਰਦਾ, ਪਰ ਹੁਣ ਇਸਤੋਂ ਕੀ ਲਾਭ ਸੀ ਓਹ ਸਮਾਂ ਬੀਤ ਚੁਕਿਆ ਸੀ। ਅੱਜ ਉਸਦੇ ਖੋਟੇ ਭਾਗਾਂ ਨੂੰ ਔਰੰਗਜ਼ੇਬ ਭੀ ਕਿ ਜਿਸਦੇ ਖੁਸ਼ ਕਰਨ ਲਈ ਉਸਨੇ ਇਹ ਪਾਪ ਕੀਤੇ ਸਨ, ਇਸ ਅਸਾਰ ਸੰਸਾਰ ਪਰ ਮੌਜੂਦ ਨਹੀਂ ਸੀ, ਕਿ ਉਸਦੀ ਕੁਝ ਸਹਾਇਤਾ ਕਰਦਾ। ਸੱਚ ਹੈ ਹਕੂਮਤ ਦੇ ਨਸ਼ੇ ਵਿਖੇ ਅੰਨ੍ਹੇ ਹੋਏ ਹੋਏ ਹਾਕਮ ਕੇਹੋ ਜੇਹੇ ਅਪਰਾਧ ਤੇ ਪਾਪ ਕਰਦੇ ਹਨ ਕਿ ਉਨਾਂ ਦੇ ਪਾਪ ਦਾ ਫਲ ਨਿਰਦੋਸ਼ ਪਰਜਾ ਨੂੰ ਭੀ ਭੋਗਣਾਂ ਪੈਂਦਾ ਹੈ। ਗੁਰੂ ਜੀ ਨੇ ਸੱਚ ਫੁਰਮਾਇਆ ਹੈ:–

"ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮਰਾਇ।"

ਕਿਆ ਇਸਤੋਂ ਪਹਿਲਾਂ ਬਾਜੀਦ ਖਾਂ ਸੂਬੇਦਾਰ ਸਰਹੰਦ ਨੂੰ ਪਿਛਲੇ ਸਾਲ ਇਹ ਮਾਲੂਮ ਸੀ ਕਿ ਅਜ ਜੋ ਮੈਂ ਹਕੂਮਤ ਦੇ ਨਸ਼ੇ ਤੇ ਮਜ਼ਹਬੀ ਤਅਸਬ ਨਾਲ ਅੰਨ੍ਹਾ ਹੋਇਆ ਹੋਇਆ ਅਪਣੇ ਸਚੇ ਤੇ ਨੇਕ ਸਲਾਹਕਾਰ ਨਵਾਬ ਸ਼ੇਰ ਮੁਹੰਮਦ ਖਾਂ ਜੇਹੇ ਦੀ ਰਾਇ ਨੂੰ ਨਾ ਮੰਨਦਾ ਹੋਇਆ ਇਨਾਂ ਛੋਟੇ ੨ ਮਾਸੂਮ ਨਿਰਅਪ੍ਰਾਧ ਬਚਿਆਂ ਦੇ ਕੰਧ ਵਿਖੇ ਚਿਣਨ ਦਾ ਹੁਕਮ ਦਿੰਦਾ ਹਾਂ, ਕਲ ਨੂੰ ਇਸਦਾ ਉੱਤਰ ਭੀ ਮੈਥੋਂ ਮੰਗਿਆ ਜਾਵੇਗਾ। ਉਸਨੂੰ ਮਾਲੂਮ ਤਾਂ ਕੀ,ਸੁਪਨੇ ਵਿਖੇ ਭੀ ਇਹ ਖਿਆਲ ਨਹੀਂ ਆਇਆ ਹੋਣਾ ਹੈ।

ਅਠਵੇਂ ਦਿਨ ਖਾਸ ਆਪਣੇ ਕਰਮਾਂ ਦਾ ਫਲ ਭੋਗਣ ਲਈ ਬਾਜੀਦ ਖਾਂ ਬਾਬੇ ਬੰਦੇ ਦੇ ਸਾਹਮਣੇ ਖਾਲਸਾ ਦਰਬਾਰ ਵਿਖੇ ਪੇਸ਼ ਕੀਤਾ ਗਿਆ। ਉਸਤੋਂ ਸਾਹਿਬ ਜੋਰਾਵਰ ਸਿੰਘ ਤੇ ਫਤੇਸਿੰਘ ਜੀ ਮਾਸੂਮ ਬਚਿਆਂ ਦੇ ਕੰਧ ਵਿਖੇ ਚਿਣਨ ਦੀ ਬਾਬਤ ਉਤਰ ਮੰਗਿਆ ਗਿਆ। ਹੁਣ ਸਿਵਾਏ ਰਹਿਮ ਦੇ ਓਹ ਹੋਰ ਕੀ ਆਖ ਸਕਦਾ ਸੀ। ਖਾਲਸੇ ਨੇ ਆਖਿਆ ਰਹਿਮ ਦਾ ਸਮਾਂ ਬੀਤ ਗਿਆ ਹੈ ਅੱਜ ਆਪਣੇ ਕਰਮਾਂ ਦਾ ਫਲ ਭੋਗ ਤੇ ਔਰੰਗਜ਼ੇਬ ਨੂੰ ਆਪਣੀ ਅਖੀਂ ਦੇਖਿਆ ਹਾਲ ਜਾ ਸੁਣਾ ਕਿ ਜ਼ਾਲਮਾਂ ਤੋਂ ਜ਼ੁਲਮਾਂ ਅਤੇ ਪਾਪਾਂ ਦੇ ਬਦਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੰਜਵਾਂ ਪੁਤ੍ਰ ਖਾਲਸਾ ਲੈ ਰਿਹਾ ਹੈ।